ਤਾਨਾਸ਼ਾਹ ਉਹ ਜਿਹੜਾ
ਸਦਾ ਹੀ ਆਪਣੀ ਚਲਾਵੇ,
ਕਦੇ ਵੀ ਹੋਰ ਕਿਸੇ ਦੀ ਨਾ ਮੰਨੇ।
ਭਾਵੇਂ ਸਾਰੇ ਦਾ
ਸਾਰਾ ਗ਼ਲਤ ਹੋਵੇ ਤਾਂ ਵੀ ਉਹ ਆਪਣੇ ਉਠਾਏ ਕਦਮਾਂ ਨੂੰ ਪਿੱਛੇ ਮੋੜਨ ਲਈ ਤਿਆਰ ਨਹੀਂ
ਹੁੰਦਾ।
ਉਸ ਦਾ ਸਦਾ ਹੀ ਇਰਾਦਾ
ਹੁੰਦਾ ਹੈ ਆਪਣੀ ਮਰਜ਼ੀ ਨੂੰ ਲਾਗੂ ਕਰਨ ਦਾ ਅਤੇ ਹਉਮੈ ਨੂੰ ਫੈਲਾਉਣ ਦਾ।
ਉਹ ਆਪਣੀ ਹਸਤੀ
ਤੋਂ ਵੱਡੀ ਹਸਤੀ ਹੋਰ ਕਿਸੇ ਦੀ ਵੀ ਨਹੀਂ ਸਮਝਦਾ।
ਏਨਾ ਹੀ ਨਹੀਂ
ਉਹ ਹੋਰ ਕਿਸੇ ਨੂੰ ਵੀ ਕੀੜੇ-ਮਕੌੜੇ ਤੋਂ ਵੱਧ ਮੰਨਣ ਵਾਸਤੇ ਤਿਆਰ ਹੀ ਨਹੀਂ ਹੁੰਦਾ।
ਏਦਾਂ ਕਰਨ ਨਾਲ
ਹੀ ਉਸਦੀ ਪਰਜਾ ਵਿਚ ਦਹਿਸ਼ਤ ਛਾਈ ਰਹਿੰਦੀ ਹੈ ਤੇ ਭਰਮ ਵਸ ਉਸ ਦਾ ਉੱਚਾ ਰੁਤਬਾ
ਬਣਿਆ ਰਹਿੰਦਾ।
ਉਸ ਦੇ ਸ਼ਬਦ ਹਰ ਕਿਸੇ
ਲਈ ਆਦੇਸ਼ ਹੁੰਦੇ ਹਨ ਅਤੇ ਬੋਲ ਹੁਕਮ ਜਿਨ੍ਹਾਂ ਦੀ ਕੋਈ ਹੁਕਮ-ਅਦੂਲੀ ਨਹੀਂ ਕਰ
ਸਕਦਾ।
ਜਿਹੜਾ ਹੁਕਮਾਂ ਤੇ
ਆਦੇਸ਼ਾਂ ਨੂੰ ਨਹੀਂ ਮੰਨਦਾ ਉਸਨੂੰ ਟੇਢੇ-ਮੇਢੇ ਰਾਹਾਂ ਉੱਤੇ ਤੁਰਦਿਆਂ ਸਖਤ
ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ।
ਉਲਟੀ ਅਵਾਜ਼ ਤੇ
ਵਿਰੋਧੀ ਸੁਰ ਸੁਣਨੀ ਤਾਨਾਸ਼ਾਹ ਦੇ ਸੁਭਾਅ ਵਿਚ ਨਹੀਂ ਹੁੰਦੀ।
ਸੁਣਨੀ ਪੈ ਜਾਵੇ
ਤਾਂ ਉਸਦਾ ਚੈਨ ਕਾਇਮ ਨਹੀਂ ਰਹਿੰਦਾ।
ਉਸਨੂੰ ਅਮਨ-ਚੈਨ
ਉਦੋਂ ਹੀ ਹੁੰਦਾ ਹੈ ਜਦੋਂ ਉਹ ਵਿਰੋਧੀਆਂ ਦੀ ਬੋਲਤੀ ਬੰਦ ਕਰਕੇ ਰੱਖ ਦੇਵੇ।
ਮਨੁੱਖ ਹੁੰਦਿਆਂ
ਹੋਇਆਂ ਵੀ ਉਸ ਕੋਲ ਮਨੁੱਖਤਾ ਨਹੀਂ ਹੁੰਦੀ।
ਅਜਿਹਾ ਹੁੰਦਾ
ਹੈ ਤਾਨਾਸ਼ਾਹ ਜਿਹੜਾ ਮਨੁੱਖੀ ਲਬਾਦੇ ਵਿਚ ਵੀ ਮਨੁੱਖਤਾ ਦੇ ਹੱਕ ਵਿਚ ਨਹੀਂ ਹੁੰਦਾ।
ਉਸ ਨੂੰ ਕੇਵਲ
ਉਹੀ ਮਨੁੱਖ ਚੰਗੇ ਲਗਦੇ ਹਨ ਜਿਹੜੇ ਉਸਦੇ ਆਖੇ ਵਿਚ ਹੋਣ ਅਤੇ ਜਿਹੜੇ ਉਸਦੇ ਹਰ ਸ਼ਬਦ
ਤੇ ਬੋਲ ਨੂੰ ਲੇਲਿਆਂ ਵਾਂਗ ਪੂਰੀ ਤਰ੍ਹਾਂ ਸਵੀਕਾਰ ਕਰ ਲੈਣ।
ਜੀ-ਹਜ਼ੂਰੀਏ ਵੀ
ਇਸ ਤਰ੍ਹਾਂ ਦੇ ਹੋਣ ਕਿ ਜ਼ਰਾ-ਮਾਤਰ ਵੀ ਹੀਲ-ਹੁੱਜਤ ਨਾ ਕਰਨ ਸਗੋਂ ਦਿਨ ਨੂੰ ਰਾਤ
ਕਹਿਣ ਲਈ ਤਿਆਰ ਹੋਣ ਤੇ ਰਾਤ ਨੂੰ ਦਿਨ।
ਕੇਵਲ ਇਸ ਲਈ ਕਿ
ਉਨ੍ਹਾਂ ਦਾ ਆਕਾ ਇਹੀ ਕੁੱਝ ਚਾਹੁੰਦਾ ਹੈ ਉਸਤੋਂ ਏਧਰ-ਓਧਰ ਨਹੀਂ,
ਜ਼ਰਾ ਮਾਤਰ ਵੀ ਘੱਟ ਵੱਧ ਨਹੀਂ।
ਤਾਨਾਸ਼ਾਹ ਕੇਵਲ
ਰਾਜਨੀਤੀ ਵਿਚ ਹੀ ਨਹੀਂ ਹੁੰਦੇ,
ਸਮਾਜ ਦੇ ਹਰ ਖੇਤਰ ਵਿਚ ਹੀ ਛਾਏ ਰਹਿੰਦੇ ਹਨ।
ਜਿਨ੍ਹਾਂ ਦੇ
ਕੰਮ ਕਰਨ ਦਾ ਆਪਣਾ ਆਪਣਾ ਦਾਇਰਾ ਹੁੰਦਾ ਹੈ।
ਖੇਤਰ ਭਾਵੇਂ
ਸਮਾਜਿਕ ਵਰਤਾਰਿਆਂ ਦਾ ਹੋਵੇ ਭਾਵੇਂ ਸਿੱਖਿਆ ਦਾ,
ਪੱਤਰਕਾਰੀ ਦਾ ਹੋਵੇ ਚਾਹੇ ਖੇਡਾਂ ਦਾ,
ਧਰਮ ਦਾ ਹੋਵੇ ਭਾਵੇਂ ਦਫਤਰ ਦਾ।
ਜਿਹੜਾ ਵੀ ਜਿਸ
ਖੇਤਰ ਵਿਚ ਚੌਕੜਾ ਮਾਰ ਕੇ ਬੈਠ ਗਿਆ ਉਹ ਆਪਣੇ ਜਲਵੇ ਦਿਖਾਉਣੇ ਸ਼ੁਰੂ ਕਰ ਦਿੰਦਾ ਹੈ,
ਭਾਵੇਂ ਉਸਦੇ ਖੇਤਰ ਦਾ ਕੰਮ ਚੌਪਟ ਹੋ ਕੇ ਰਹਿ ਜਾਵੇ
।
ਕਾਰਨ ਇਹ ਹੁੰਦਾ ਹੈ ਕਿ
ਉਹ ਆਪਣੇ ਆਪ ਨੂੰ ਸਭ ਤੋਂ ਸਿਆਣਾ ਵੀ ਸਮਝਣ ਲੱਗ ਪੈਂਦਾ ਹੈ ਅਤੇ ਮੌਲਿਕਤਾ ਦਾ ਉੱਚ–ਮੁਨਾਰਾ
ਵੀ।
ਉਸ ਦੀ ਪੂਰੀ
ਕੋਸਿ਼ਸ਼ ਕਿਸੇ ਦੀ ਖਿੱਚੀ ਹੋਈ ਵੱਡੀ ਲਕੀਰ ਨੂੰ ਛੋਟੀ ਕਰਨਾ ਹੁੰਦਾ ਹੈ,
ਆਪਣੀ ਨੂੰ ਵੱਡੀ ਕਰਨਾ ਨਹੀਂ।
ਸਮਾਜ ਦੇ ਵਰਤਾਰੇ ਅਜੇ
ਤੱਕ ਨਹੀਂ ਬਦਲ ਸਕੇ ਜਿਨ੍ਹਾਂ ਵਿਚੋਂ ਪਿਛਲੀਆਂ ਸਦੀਆਂ ਦੀ ਰਹਿੰਦ-ਖੂੰਹਦ ਕਿਰਨ ਲਈ
ਤਿਆਰ ਨਹੀਂ ਕਿਉਂਕਿ ਕੇਰਨ ਵਾਲਿਆਂ ਦੇ ਜਿ਼ਹਨ ਨੂੰ ਨਵੀਂ ਸੋਚ ਦੇ ਰੌਸ਼ਨਦਾਨ ਨਹੀਂ
ਲੱਗ ਸਕੇ।
ਅਕਸਰ ਜਾਤਾਂ ਦੀ
ਵੰਡ ਦਾ ਸ਼ੋਰ ਪਿਆ ਰਹਿੰਦਾ,
ਗੋਤਾਂ ਦੀ ਚਰਚਾ ਹੁੰਦੀ ਰਹਿੰਦੀ ਹੈ ਤੇ ਬਰਾਦਰੀਆਂ ਦੀ ਵੀ।
ਵਿਸ਼ਵ ਭਰ ਦੇ
ਲੋਕ ਅੱਗੇ ਵਲ ਵਧਣ ਨੂੰ ਫਖ਼ਰ ਸਮਝਦੇ ਹੋਏ ਨਵੀਆਂ ਨਵੇਲੀਆਂ ਪ੍ਰਾਪਤੀਆਂ ਕਰਨੀਆਂ
ਨਹੀਂ ਭੁੱਲਦੇ ਪਰ ਭਾਰਤ ਦੇ ਲੋਕ ਅਜੇ ਵੀ ਪਿਛਲ ਪੈਰ ਤੁਰਨ ਤੋਂ ਗੁਰੇਜ਼ ਨਾ ਕਰਦੇ
ਹੋਏ ਅਤੀਤ ਦੀਆਂ ਬੁਰਾਈਆਂ ਨੂੰ ਸਮਾਜ ਦੇ ਮੱਥੇ ਦਾ ਤਾਜ ਸਮਝਣ ਤੋਂ ਬਾਜ਼ ਨਹੀਂ
ਆਉਂਦੇ।
ਵਿਦਿਆ ਦਾ ਖੇਤਰ ਅਜੇ ਵੀ
ਅਗਿਆਨ ਨਾਲ ਭਰਿਆ ਪਿਆ ਹੈ।
ਅਧਿਆਪਕ ਅੱਜ ਦੇ
ਹਾਣ ਦਾ ਨਹੀਂ ਹੋ ਰਿਹਾ।
ਅਜੇ ਵੀ ਅੱਜ ਦਾ
ਚਾਨਣ ਵੰਡਣ ਦੇ ਕਾਬਲ ਨਾ ਹੋ ਕੇ ਹਨੇਰ ਢੋਅ ਰਿਹਾ ਹੈ।
ਅੱਜ ਵੀ ਉਹ
ਵਿਦਿਆ ਦੇਣ ਲਈ ਨਵੀਆਂ ਜੁਗਤਾਂ ਤੋਂ ਦੂਰ ਤੁਰਿਆ ਫਿਰਦਾ,
ਥਾਣੇਦਾਰੀ ਨਾਲ ਹੀ ਕੰਮ ਚਲਾਉਣ ਦਾ ਯਤਨ ਕਰ ਰਿਹਾ।
ਨਿੱਤ ਦੀਆਂ
ਖਬਰਾਂ ’ਚ
ਅਧਿਆਪਕ ਦਾ ਜਿ਼ਕਰ ਹੁੰਦਾ ਹੈ ਪਰ ਅਫਸੋਸ ਨਾਲ ਪੜ੍ਹਨਾ ਪੈਂਦਾ ਹੈ ਅੱਜ ਦੇ ਸਮੇਂ
ਵਿਚ ਰਹਿੰਦਿਆ ਸਮਾਜ ਤੋਂ ਉੱਪਰ ਨਹੀਂ ਉੱਠ ਸਕਿਆ।
ਪੱਤਰਕਾਰੀ ਦੇ ਖੇਤਰ ਦਾ
ਸਬੰਧ ਬਹੁਤਾ ਕਰਕੇ ਲੋਕਾਂ ਨਾਲ ਹੈ ਜਾਂ ਫੇਰ ਸਮਾਜ ਦੀ ਬੇਹਤਰੀ ਨਾਲ।
ਜੇ ਪੱਤਰਕਾਰੀ
ਦਾ ਖੇਤਰ ਆਪ ਹੀ ਹਨੇਰੇ ਵਿਚ ਡੁੱਬਿਆ ਹੋਇਆ ਹੋਵੇ ਤਾਂ ਸਮਾਜ ਵਿਚ ਚਾਨਣ ਕਿਵੇਂ ਕਰ
ਸਕਦਾ?
ਪੱਤਰਕਾਰੀ ਦਾ ਖੇਤਰ ਫੈਲਿਆ ਤਾਂ ਬਹੁਤ ਹੈ ਪਰ ਇਸ ਦੀਆਂ ਸੋਚਾਂ ਵਿਚ ਏਨਾ ਵਖਰੇਵਾਂ
ਆ ਗਿਆ ਕਿ ਪਤਾ ਹੀ ਨਹੀਂ ਲਗਦਾ ਕਿ ਤੱਥ ਕੀ ਹਨ ਤੇ ਸੱਚ ਕੀ,
ਗਲਤ ਕੌਣ ਤੇ ਠੀਕ ਕਿਹੜਾ? ਰੇਡੀਉ,
ਟੈਲੀਵੀਜ਼ਨ, ਰਸਾਲੇ ਤੇ ਅਖਬਾਰਾਂ
ਆਪੋ ਆਪਣੀ ਤੂਤੀ ਵਜਾ ਕੇ ਅਜਿਹੀ ਕਿਸਮ ਦਾ ਭੰਬਲਭੁਸਾ ਪੈਦਾ ਕਰਦੇ ਹਨ ਜਿਸ ਵਿਚੋਂ
ਪਾਠਕ/ਸਰੋਤੇ ਦੇ ਪਿੜ-ਪੱਲੇ ਕੁੱਝ ਵੀ ਨਹੀਂ ਪੈਂਦਾ।
ਹਰ
ਮਾਲਕ/ਸੰਪਾਦਕ ਆਪੋ-ਆਪਣੀ ਤਾਨਾਸ਼ਾਹੀ ਚਲਾ ਰਿਹਾ ਜੋ ਉਸਨੂੰ ਪਸੰਦ ਹੈ ਉਹੀ ਕੁੱਝ ਛਪ
ਰਿਹਾ।
ਲੋਕਾਂ ਦੀ ਪਸੰਦ ਦਾ ਕੋਈ
ਖਿਆਲ ਨਹੀਂ ਕੀਤਾ ਜਾਂਦਾ ਅਤੇ ਪਾਠਕਾਂ/ਸਰੋਤਿਆਂ ਦੀਆਂ ਇਛਾਵਾਂ ਦਾ ਕੋਈ ਖਿਆਲ ਨਹੀਂ
ਰੱਖਿਆ ਜਾ ਰਿਹਾ।
ਖੇਡਾਂ ਜੋ ਇਕ ਦਮ
ਪਾਰਦਰਸ਼ੀ ਹੁੰਦੀਆਂ ਹਨ,
ਦੇ ਖੇਤਰ ਵਿਚ ਵੀ ਸਿਆਸਤ ਦੀ ਤਾਨਾਸ਼ਾਹੀ ਨਹੀਂ ਛੱਡੀ ਜਾ ਰਹੀ।
ਮੈਰਿਟ ਛੱਡ ਕੇ
ਮਰਜ਼ੀ ਮੁਤਾਬਿਕ ਚੁਣੇ ਜਾਂਦੇ ਹਨ ਖਿਡਾਰੀ।
ਕੋਈ ਤਾਨਾਸ਼ਾਹ
ਸੋਚ ਇਹ ਨਹੀਂ ਸੋਚਦੀ ਕਿ ਇਸਦੇ ਨਤੀਜੇ ਕੀ ਹੋਣਗੇ?
ਇਹੀ ਕਾਰਨ ਹੈ ਕਿ ਚੰਗੇ ਖਿਡਾਰੀਆਂ ਦੇ ਹੁੰਦਿਆਂ-ਸੁੰਦਿਆਂ ਵੀ
ਉਹ ਉੱਚ ਪ੍ਰਾਪਤੀਆਂ ਨਹੀਂ ਹੋ ਸਕੀਆਂ ਜਿਹੜੀਆਂ ਜੇ ਧਿਆਨ ਨਾਲ ਤੁਰਿਆ ਜਾਂਦਾ ਤਾਂ
ਹੁਣ ਤੱਕ ਜ਼ਰੂਰ ਹੋ ਜਾਂਦੀਆਂ।
ਧਰਮ ਦੇ ਖੇਤਰ
ਵਿਚ ਵਿਸ਼ਵਾਸ ਦਾ ਬੋਲਬਾਲਾ ਹੁੰਦਾ ਅਤੇ ਰੂਹ ਦੀ ਯਾਤਰਾ,
ਰੂਹਾਨੀ ਅਨੁਭਵ ਦੀ ਕਮਾਈ ਹੀ ਇਸ ਰਾਹ ਦਾ ਮਨੋਰਥ ਹੁੰਦਾ ਪਰ ਧਰਮ
ਦੇ ਰਹਿਬਰ ਆਪੋ/ਆਪਣੇ ਫਿਰਕਿਆਂ ਦੀ ਗਿਣਤੀ ਵਧਾਉਣ ਵਾਸਤੇ ਉਹ ਉਪੱਦਰ ਕਰਦੇ ਹਨ
ਜਿਹੜੇ ਤਾਨਾਸ਼ਾਹੀ ਦੀ ਕ੍ਰਿਆ ਤੋਂ ਘੱਟ ਨਹੀਂ ਹੁੰਦੇ।
ਜਬਰੀ ਧਰਮ ਬਦਲੀ
ਕਰਵਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਪਰ ਸਾਰੇ ਹੀ ਧਰਮਾਂ ਵਾਲੇ ਕਰਵਾਉਂਦੇ ਹਨ
ਪਰ ਪੂਰੇ ਯਤਨ ਕਰਦੇ ਹਨ ਕਿ ਉਨ੍ਹਾਂ ਦੇ ਅਜਿਹਾ ਕਰਨ ਦਾ ਕਿਸੇ ਨੂੰ ਪਤਾ ਨਾ ਲੱਗੇ।