ਪੰਧ ਤਾਂ ਪੰਧ ਹੈ ਜਿਹੜਾ ਕਦੇ ਨਹੀਂ ਮੁੱਕਦਾ। ਰਾਹੀ ਮੁੱਕ ਜਾਂਦਾ ਹੈ ਪਰ ਪੰਧ ਦੇ
ਅੰਤ ਦੀ ਥਾਹ ਨਹੀਂ ਲਗਦੀ। ਰਾਹੀ ਕੋਲ ਸਫਰ ਦੀ ਇੱਛਾ ਹੁੰਦੀ ਹੈ ਜਾਂ ਫੇਰ ਪੈਰਾਂ
ਅੱਗੇ ਰਾਹ। ਆਪਣੀ ਸੂਝ-ਬੂਝ ਤੇ ਆਪਣੇ ਵਿਵੇਕ ਨਾਲ ਉਹ ਰਾਹਾਂ ’ਚੋਂ ਰਾਹ ਦੀ ਚੋਣ
ਕਰਦਾ ਹੈ ਤਾਂ ਕਿ ਮਿੱਥੀ ਮੰਜਿ਼ਲ ’ਤੇ ਪਹੁੰਚ ਸਕੇ। ਰਾਹ ਸਾਫ ਸੁਥਰਾ ਹੋਵੇ ਤਾਂ ਔਖ
ਨਹੀਂ ਹੁੰਦੀ। ਰਾਹ ਸਾਫ ਨਾ ਹੋਵੇ ਤਾ ਪਾਂਧੀ ਨੂੰ ਦੁੱਖ-ਦਰਦ ’ਚੋਂ ਵੀ ਲੰਘਣਾ
ਪੈਂਦਾ ਹੈ ਅਤੇ ਟੇਢੇ-ਮੇਡਿਆਂ ਰਾਹਾਂ ਵਿਚੋਂ ਵੀ। ਫੇਰ ਵੀ ਇਹ ਪੱਕਾ ਨਹੀਂ ਹੁੰਦਾ
ਕਿ ਪਾਂਧੀ ਧੁਰ ਪਹੁੰਚੇ ਜਾਂ ਪਾਰ ਲੰਘ ਜਾਵੇ।
ਸਮਾਜ ਵਿਚ ਰਹਿੰਦਿਆਂ ਰਸਤਿਆਂ ਦੀ ਘਾਟ ਨਹੀਂ। ਰਾਹਾਂ ਦੀ ਬਹੁਤਾਤ ਹੋਣ ਕਰਕੇ ਅਕਸਰ
ਹੀ ਇਹ ਪਤਾ ਨਹੀਂ ਲਗਦਾ ਕਿ ਕਿਹੜੇ ਰਾਹ ’ਤੇ ਤੁਰਿਆ ਜਾਵੇ। ਰਾਹ ਲੱਭਣ ਲਈ ਆਪਣੇ ਆਪ
ਨੂੰ ਯਤਨ ਕਰਨੇ ਪੈਂਦੇ ਹਨ ਤੇ ਰਹਿਬਰਾਂ ਨੂੰ ਵੀ। ਆਪਣੀ ਸੂਝ-ਬੂਝ, ਆਪਣਾ ਅਨੁਭਵ
ਪ੍ਰਪੱਕ ਹੋਣ ਤਾਂ ਰਾਹ ਦੀ ਚੋਣ ਕਰਨੀ ਮੁਸ਼ਕਲ ਨਹੀਂ ਹੁੰਦੀ। ਵੱਖ ਵੱਖ ਖੇਤਰਾਂ ਦੇ
ਆਗੂ ਸਹੀ ਅਗਵਾਈ ਕਰਨ ਤਾਂ ਅਗਿਆਨੀ ਵੀ ਅਗਿਆਨੀ ਨਹੀਂ ਰਹਿੰਦਾ। ਸੁਹਿਰਦਤਾ ਨਾਲ
ਨਿੱਠ ਕੇ ਤੁਰਿਆ ਪਾਂਧੀ ਉੱਥੇ ਪਹੁੰਚ ਜਾਂਦਾ ਜਿੱਥੇ ਦਾ ਉਸ ਨੇ ਕਿਆਸ ਕੀਤਾ ਹੁੰਦਾ
ਜਾਂ ਜਿੱਥੇ ਪਹੁੰਚਣ ਦਾ ਇਰਾਦਾ ਧਾਰਿਆ ਹੁੰਦਾ ਹੈ।
ਕਿੰਨੇ ਰਾਹ ਤੇ ਕਿੰਨੇ ਰਾਹੀ ਕੁੱਝ ਵੀ ਪਤਾ ਨਹੀਂ ਲਗਦਾ। ਹਰ ਰਾਹੀ ਆਪਣਾ ਸੁਪਨਾ,
ਆਪਣਾ ਚਿਤਵਣ ਅਤੇ ਆਪਣਾ ਸਾਫ ਸਪੱਸ਼ਟ ਮਿੱਥਿਆ ਨਿਸ਼ਾਨਾ। ਜਿਨ੍ਹਾਂ ਨੂੰ ਨਿਸ਼ਾਨੇ
ਦੀ ਸਾਰ ਹੋਵੇ, ਮੰਜਿ਼ਲ ਦੀ ਸਾਰ ਹੋਵੇ, ਮੰਜਿ਼ਲ ਦੇ ਸਿਰਨਾਵੇਂ ਦਾ ਪਤਾ ਹੋਵੇ ਉਹ
ਰਾਹ ’ਚ ਨਹੀਂ ਭਟਕਦੇ ਪਰ ਜਿਹੜੇ ਆਪਣੇ ਆਪ ਵਿਚ ਉਲਝ ਕੇ ਰਾਹ ਦਾ ਸਿਰਨਾਵਾਂ ਭੁੱਲ
ਕੇ ਦੋਚਿੱਤੇ ਹੋ ਜਾਣ ਉਨ੍ਹਾਂ ਦੀ ਦੁਬਿਧਾ ਦਾ ਇਲਾਜ ਲੱਭਣਾਂ ਆਸਾਨ ਨਹੀਂ ਹੁੰਦਾ।
ਇਕੋ ਮਸਲੇ ਬਾਰੇ ਦੋਗਲੀ ਪਹੁੰਚ ਅਪਨਾਉਣ ਵਾਲਿਆਂ ਨੂੰ ਕਿਧਰੇ ਢੋਈ ਨਹੀਂ ਮਿਲਦੀ।
ਉਂਜ ਅਜਿਹੇ ਲੋਕ ਚਤੁਰਾਈ ਦੇ ਦਾਇਰਿਆਂ ਵਿਚ ਵਿਚਰਦੇ ਅਕਸਰ ਇਹ ਭੁਲੇਖਾ ਪਾਲ ਰੱਖਦੇ
ਹਨ ਕਿ ਉਨ੍ਹਾਂ ਦੇ ਦੋਗਲੇਪਨ ਦਾ ਕਿਸੇ ਨੁੰ ਪਤਾ ਨਹੀਂ ਜਦ ਕਿ ਉਸ ਦਾ ਸਭ ਨੂੰ ਪਤਾ
ਹੁੰਦਾ। ਅਜਿਹੇ ਮਨੁੱਖ ਜਿ਼ੰਦਗੀ ਦੇ ਮਸਲੇ ਤੇ ਮੁੱਦਿਆਂ ਦੀਆਂ ਭੁੱਲ-ਭੁਲੱਈਆਂ ਵਿਚ
ਐਸੇ ਗਵਾਚਦੇ ਹਨ ਕਿ ਉਨ੍ਹਾਂ ਦੇ ਪੈਰਾਂ ਨੂੰ ਕੋਈ ਸਿੱਧਾ ਰਾਹ ਨਸੀਬ ਨਹੀਂ ਹੁੰਦਾ।
ਦੁਚਿੱਤੇ ਤੇ ਦੋਗਲਿਆਂ ਦਾ ਮੁਸ਼ਕਲਾਂ ਦੇ ਸਾਗਰ ਵਿਚੋਂ ਪਾਰ ਲੰਘਣਾ ਉੱਨਾ ਹੀ ਔਖਾ
ਹੁੰਦਾ ਹੈ ਜਿੰਨਾ ਸੂਈ ਦੇ ਨੱਕੇ ’ਚੋਂ ਬੰਦੇ ਦਾ ਲੰਘਣਾ, ਕਿਸੇ ਅਨਜਾਣ ਦਾ ਸਾਗਰ ’ਚ
ਤਰਨਾ, ਮਨੁੱਖ ਦਾ ਕਿਸੇ ਸਹਾਰੇ ਬਗੈਰ ਹਵਾ ਵਿਚ ਉਡਣਾ ਜਾਂ ਫੇਰ ਮਨ ਦੇ
ਵਿੰਗ-ਵਲ਼ੇਵਿਆਂ ’ਚੋਂ ਪਾਰ ਹੋਣਾ। ਮਾਅਨਾ ਇਹ ਨਿਕਲਦਾ ਹੈ ਕਿ ਖੰਡਿਤ ਬਿਰਤੀ ਨਾਲ
ਬਿਖਰਿਆ ਹੋਣ ਕਾਰਨ ਇਕਾਗਰਤਾ ਗੁਆ ਕੇ ਦੋਗਲਿਆਂ ਰਾਹਾਂ ਦਾ ਪਾਂਧੀ ਪਾਰ ਕਦੇ ਨਾ
ਲੰਘਦਾ। ਇਕ ਤੋਂ ਬਾਅਦ ਦੂਜਾ ਅੜਿੱਕਾ, ਦੂਜੇ ਬਾਅਦ ਤੀਜਾ ਉਸ ਦੀ ਪੇਸ਼ ਨਹੀਂ ਜਾਣ
ਦਿੰਦੇ। ਰਾਹ ’ਚ ਫਸੇ ਅਜਿਹੇ ਦੋਗਲੇ ਲਈ ਇਹੀ ਤਰਸ ਦੇ ਬੋਲ ਮੂੰਹੋਂ ਨਿਕਲਦੇ ਹਨ,
ਵਿਚਾਰਾ ਦੋਗਲਾ। ਹਾਂ, ਸਾਰੇ ਇਕ ਮਨ, ਇਕ ਚਿੱਤ ਹੋ ਕੇ ਆਪਣੇ ਆਪ ਅੱਗੇ ਇਕ ਪ੍ਰਸ਼ਨ
ਚਿੰਨ੍ਹ ਲਾਉਣ ਤਾਂ ਕਿ ਦੋ-ਚਿੱਤੇ ਹੋਣ ਦਾ ਪਤਾ ਲੱਗ ਸਕੇ:
ਕਿੰਨੇ ਛਿਣ
ਤੇ ਕਿੰਨੇ ਹਉਕੇ
ਸਮਾਂ ਹੈ ਕਿੰਜ ਪਰੋਇਆ
ਇਸ ਨੇ ਢੋਏ ਵਿੰਗ ਵਲੇਵੇਂ
ਭਰਮ-ਭੁਲੇਖਾ ਢੋਇਆ
ਰੌਸ਼ਨੀਆਂ ਦੀ ਸਾਰ ਲਈ ਨਾ
ਨੇਰ੍ਹਿਆਂ ਅੰਦਰ ਮੋਇਆ
ਕਿਹੜੇ ਖਿੱਤੇ ਲੰਘ ਕੇ ਆਇਆ
ਕਿਉਂ ਮਨ ਦੋ-ਚਿੱਤਾ ਹੋਇਆ?
ਜਾਂ ਫੇਰ
ਦੋਗਲਿਆਂ ਰਾਹਾਂ ਦਾ ਪਾਂਧੀ
ਪਾਰ ਕਦੇ ਨਾ ਲੰਘੇ
ਆਪਣੀ ਇਕ ਇਕਹਿਰੀ ਰੂਹ ਨੂੰ
ਦੋਸਾਂਗੜ ’ਤੇ ਟੰਗੇ
______
(8
ਜਨਵਰੀ
2007)
ਯੂਨੀਕੋਡ