ਲਿਖਣ ਵਾਲੇ ਨੇ ਲਿਖਣਾ
ਹੁੰਦਾ।
ਲਿਖੇ ਬਗੈਰ ਰਹਿ ਨਹੀਂ
ਸਕਦਾ।
ਲਿਖ ਕੇ ਉਹ ਖੁਦ
ਸੰਤੁਸ਼ਟ ਹੁੰਦਾ ਹੈ ਤੇ ਦੂਜਿਆਂ ਨੂੰ ਕਰਨਾ ਚਾਹੁੰਦਾ।
ਕਈ ਵਾਰ ਉਹ ਇਸ
ਵਿਚ ਸਫਲ ਹੁੰਦਾ ਕਈ ਵਾਰ ਨਹੀਂ।
ਫੇਰ ਵੀ ਉਹ ਯਤਨ
ਕਰਨਾ ਨਹੀਂ ਛੱਡਦਾ।
ਕੋਈ ਔਖਾ ਹੋ ਕੇ
ਲਿਖਦਾ ਕੋਈ ਸੌਖਾ ਹੋ ਕੇ,
ਕੋਈ ਮਾੜਾ ਲਿਖਦਾ ਕੋਈ ਮਿਆਰੀ।
ਰਚਨਾ ਓਹੀ ਸਦਾ
ਟਿਕੀ ਰਹਿੰਦੀ ਹੈ ਜਿਸ ਵਿਚ ਸਦੀਵੀ ਤੱਤ ਹੋਣ ਤੇ ਲੋਕ ਹਿਤਾਂ ਦੀ ਗਾਥਾ।
ਅਜਿਹਾ ਕੁੱਝ
ਵਰਕਿਆਂ ’ਤੇ
ਲਿਖਿਆ ਜਾਂਦਾ ਹੈ ਤੇ ਹਰ ਲਿਖਣ ਵਾਲਾ ਵਰਕਿਆਂ ’ਤੇ
ਲਿਖਿਆ ਜਾਂਦਾ ਕਿੱਸਾ ਤਾਜ਼ਗੀ ਨਾਲ ਭਰਪੂਰ ਕਰਨ ਦਾ ਯਤਨ ਵੀ ਕਰਦਾ ਹੈ ਤੇ ਸਜੀਵ ਕਰਨ
ਦਾ ਵੀ।
ਲਿਖਣ ਵਾਲੇ
ਕੁੱਝ ਇਕ ਤਾਂ ਲੋਕ-ਹਿਤਾਂ ਖਾਤਰ ਲਿਖਦੇ ਹਨ ਤੇ ਕੁੱਝ ਇਕ ਆਪਣੇ ਮਨ ਦੀ ਮੌਜ ਖਾਤਰ।
ਕਿਸੇ ਤਰ੍ਹਾਂ ਦਾ ਵੀ
ਲਿਖੇ ਵਰਕਿਆਂ ’ਤੇ
ਹਰ ਕੋਈ ਲਿਖ ਸਕਦਾ।
ਬਹੁਤ ਕਠਨ ਹੈ
ਹਵਾ ਪਾਣੀ ਤੇ ਵਕਤ ਦੇ ਸਫਿਆਂ
’ਤੇ ਲਿਖਣਾ।
ਪਾਣੀਆਂ ਦੇ ਸਫੇ
’ਤੇ ਤਾਂ
ਸ਼ਾਇਦ ਹੀ ਕੋਈ ਲਿਖ ਸਕਦਾ ਹੋਵੇ ਪਰ ਵਕਤ ਦੇ ਸਫੇ ’ਤੇ
ਲਿਖਣ ਵਾਲੇ ਵੀ ਹੈਗੇ ਤੇ ਹਵਾ ਦੇ ਖੁੱਲ੍ਹੇ ਤੇ ਵਿਸ਼ਾਲ ਸਫੇ ’ਤੇ
ਵੀ।
ਵਕਤ ਦੇ ਸਫੇ
’ਤੇ
ਲਿਖਣ ਵਾਲੇ ਬਹੁਤੇ ਨਹੀਂ।
ਕੋਈ ਵਿਰਲਾ ਹੀ
ਲਿਖ ਸਕਦਾ ਹੈ ਵਕਤ ਦੇ ਸਫਿਆਂ ਦੇ ਹਾਣ ਦੀ ਗੱਲ।
ਹਵਾ ਦੇ ਸਫੇ
’ਤੇ ਓਹੀ
ਲਿਖ ਸਕਦੇ ਹਨ ਜਿਨ੍ਹਾਂ ਕੋਲ ਹਵਾ ’ਤੇ ਸਵਾਰ ਹੋਣ ਦੀ
ਤਾਕਤ ਹੋਵੇ, ਤਾਕਤ ਓਹੀ ਰੱਖਦੇ ਹਨ ਜਿਨ੍ਹਾਂ ਕੋਲ ਸਵਾਰ
ਹੋਣ ਦੀ ਤਰਕੀਬ ਹੋਵੇ।
ਹਵਾ
’ਤੇ ਉਡਾਰੀਆਂ
ਓਹੀ ਭਰ ਸਕਦੇ ਹਨ ਜਿਹੜੇ ਲਹੂ-ਭਿੱਜੇ ਪੈਂਡਿਆਂ ਦਾ ਸਫਰ ਕਰ ਸਕਦੇ ਹੋਣ।
ਇਨ੍ਹਾਂ ਬਿਨਾਂ
ਹੋਰ ਭਲਾਂ ਹੋਰ ਕੌਣ ਹੋ ਸਕਦੈ?
ਹਰਫਾਂ
’ਚ ਦਿਲ ਦਾ ਦਰਦ
ਪਾਉਣ ਵਾਲੇ ਵੀ ਹਵਾ ’ਤੇ ਸਵਾਰ ਹੋਣ ਬਿਨਾ ਨਹੀਂ
ਰਹਿੰਦੇ।
ਉਨ੍ਹਾਂ ਦੇ ਹਰਫ
ਦਰਦ ਨਾਲ ਏਨਾ ਘੁਲ਼-ਮਿਲ ਜਾਂਦੇ ਹਨ ਕਿ ਦੋਹਾਂ ਨੂੰ ਵੱਖ ਵੱਖ ਕੀਤੇ ਜਾਣ ਦੇ ਯਤਨ
ਸਫਲ ਨਹੀਂ ਹੋ ਸਕਦੇ।
ਘੁਲ਼ੇ-ਮਿਲੇ ਹੋਣ
ਕਾਰਨ ਪੜ੍ਹਨ-ਸੁਣਨ ਵਾਲੇ ’ਤੇ
ਵੀ ਏਨਾ ਅਸਰ ਕਰਦੇ ਹਨ ਕਿ ਉਹ ਇਨ੍ਹਾਂ ਦੀ ਪਕੜ ਤੋਂ ਬਾਹਰ ਨਹੀਂ ਰਹਿ ਸਕਦਾ।
ਅਜਿਹੀ ਹਾਲਤ
ਬਾਰੇ ਸਹਿਜ ਜਹੀ ਟਿੱਪਣੀ ਇਹੀ ਕੀਤੀ ਜਾ ਸਕਦੀ ਹੈ ਕਿ ਦਰਦ ਦੀ ਦਰਦ ਨਾਲ ਗਹਿਰੀ
ਗਲਵੱਕੜੀ।
ਦਿਲਾਂ ਦੇ ਦਰਦ
ਤਾਂ ਦਰਿਆਵਾਂ ਤੇ ਸਮੁੰਦਰਾਂ ਤੋਂ ਵੀ ਡੂੰਘੇ ਹਨ ਜਿਨ੍ਹਾਂ ਦੀ ਥਾਹ ਨਹੀਂ ਪਾਈ ਜਾ
ਸਕਦੀ।
ਇਨ੍ਹਾਂ ਦਰਦਾਂ ਦੀਆਂ
ਪਰਤਾਂ ਦੀ ਗਹਿਰਾਈ ਨੂੰ ਸਮਝ ਸਕਦੀ ਹੈ ਤਾਂ ਕੇਵਲ ਦੀਵਾਨਿਆਂ ਦੀ ਦੀਵਾਨਗੀ,
ਫਕੀਰਾਂ ਦੀ ਫਕੀਰੀ ਅਤੇ ਦਰਵੇਸ਼ਾਂ ਦੀ ਦਰਵੇਸ਼ੀ।
ਉਹ ਹੀ ਇਨ੍ਹਾਂ
ਦਰਦਾਂ ’ਚੋਂ
ਬਿਰਹਾ ਦੀਆਂ ਪਰਤਾਂ ਫੋਲਦੇ ਹਨ, ਤੇ ਕਦੇ ਪੈਰਾਂ ਦੇ
ਛਾਲੇ ਬਣਕੇ ਬੋਲਦੇ ਹਨ, ਉਹ ਹੀ ਮਿੱਠੇ ਬਚਨਾਂ ਦਾ ਰਸ
ਘੋਲਦੇ ਹਨ ਤੇ ਦਿਸਹੱਦਿਆਂ ਦੇ ਭੇਤ ਖੋਲ੍ਹਦੇ ਹਨ, ਉਹ
ਹੀ ਰੂਹਾਨੀ ਦਰ ਟੋਲ਼ਦੇ ਹਨ ਤੇ ਮੁਹੱਬਤਾਂ ਦੇ ਰੰਗ ਡੋਲ੍ਹਦੇ ਹਨ।
ਅੱਜ ਦੇ ਤੇਜ ਰਫਤਾਰੇ
ਸਮੇਂ ਵਿਚ ਹਰ ਕੋਈ ਗੁਆਚਾ ਫਿਰ ਰਿਹਾ।
ਕੋਈ ਆਪਣੇ ਆਪ
’ਚ ਤੇ
ਕੋਈ ਕਾਰੋਬਾਰ ’ਚ।
ਹਰ ਇਕ
’ਤੇ ਮੱਥੇ ਦਾ ਉਸ
ਦਾ ਸਿਰਨਾਵਾਂ ਵਾਰ ਵਾਰ ਏਹੀ ਲਿਖਣ ਨੂੰ ਜੀਅ ਕਰਦਾ ਕਿ:
ਰਹੀ
ਨਾ ਸੁਧ-ਬੁਧ ਸਾਰ
ਇਹ ਬੰਦੇ ਦੀ ਹਾਰ ਪਿਆਰੇ
ਇਹ ਬੰਦੇ ਦੀ ਹਾਰ
ਫੇਰ ਵੀ ਮਾਨਵ ਆਪਣੇ ਆਪ
ਨੂੰ ਲੱਭਣ ਦੀ ਕੋਸਿ਼ਸ਼ ਨਹੀਂ ਕਰ ਰਿਹਾ।
ਆਪਣੇ ਹੀ ਦਰਦ
ਤੋਂ ਬੇਖਬਰ ਗੁਆਚਾ ਆਪਣੀ ਜੀਵਨ ਯਾਤਰਾ ਕਰਦਾ ਜਾ ਰਿਹਾ ਜਿਸ ਨੂੰ ਕਿਸੇ ਦੂਜੇ ਦੀ
ਖੈ਼ਰ-ਖਬਰ ਲੈਣ ਦੀ ਬਿਲਕੁੱਲ ਵਿਹਲ ਨਹੀਂ।
ਦਿਲ ਦੇ ਦਰਦਾਂ ਦਾ
ਇਤਿਹਾਸ ਏਡਾ ਲੰਮਾ ਤੇ ਦਰਦਾਂ ਭਰਪੂਰ ਹੈ ਕਿ ਇਸ ਨੂੰ ਛੇੜਿਆਂ ਕਾਂਬਾ ਛਿੜ ਪੈਂਦਾ।
ਮਾਸੂਮ ਜਿੰਦਾਂ
ਕੰਧਾਂ ’ਚ
ਚਿਣੀਆਂ ਜਾ ਰਹੀਆਂ ਹੋਣ, ਤੱਤੀ ਤਵੀ ’ਤੇ
ਇਮਤਿਹਾਨ ਲਿਆ ਜਾ ਰਿਹਾ ਹੋਵੇ, ਵਹਿਸ਼ੀ ਰੰਗ ’ਚ
ਸਿਰ ਤੇ ਧੜ ਅਲੱਗ ਅਲੱਗ ਕੀਤੇ ਜਾ ਰਹੇ ਹੋਣ, ਸਰੀਰ ਦੀ
ਚੰਮੜੀ ਉਤਾਰੀ ਜਾ ਰਹੀ ਹੋਵੇ, ਜਿੰਦ ਨੂੰ ਸਲੀਬ
’ਤੇ ਟੰਗਿਆ ਜਾ ਰਿਹਾ ਹੋਵੇ ਜਾਂ ਫੇਰ ਆਪਣੇ ਹੀ ਲਾਲ ਨੂੰ ਨੇਜ਼ੇ
ਤੇ ਟੰਗਿਆ ਦੇਖਣਾ ਪਵੇ ਤਾਂ ਲਾਜ਼ਮੀ ਹੀ ਹੈ ਕਿ ਮਾਨਵ ਆਪਣੇ ਹੀ ਸਾਹਮਣੇ ਦਹਿਲ ਕੇ
ਰਹਿ ਜਾਵੇ।
ਅੱਜ ਦੇ ਸਮੇਂ
’ਚ
ਸਵਾਰਥ ਏਨਾ ਵਧ ਗਿਆ ਕਿ ਦਿਲ ਦੇ ਦਰਦਾਂ ਦੀ ਗਾਥਾ ਛੇੜਨ ਵਾਲਾ ਕੋਈ ਨਹੀਂ,
ਜਿਨ੍ਹਾਂ ਦਾ ਇਤਿਹਾਸ ਫਰੋਲਣ ਦੀ ਕਿਸੇ ਕੋਲ ਵਿਹਲ ਨਹੀਂ,
ਕੋਈ ਵੀ ਇਨ੍ਹਾਂ ਦਾ ਇਤਿਹਾਸ ਹਵਾ ’ਤੇ
ਲਿਖਣ ਵਾਲਾ ਨਹੀਂ।
ਮਾਇਆ ਹਾਸਲ
ਕਰਕੇ ਇਤਿਹਾਸ ਲਿਖਣ ਵਾਲੇ ਬਹੁਤ ਨੇ ਪਰ ਦਿਲ ਦੇ ਦਰਦਾਂ ਦਾ ਇਤਿਹਾਸ ਪੈਸੇ ਲੈ ਕੇ
ਲਿਖਿਆ ਹੀ ਨਹੀ ਜਾ ਸਕਦਾ।