ਵਲਵਲੇ ਰੰਗ-ਰਲ਼ੇ। ਵਲਵਲੇ ਦਿਨ-ਚੜ੍ਹੇ, ਵਲਵਲੇ ਦਿਨ-ਢਲੇ। ਵਲਵਲੇ ਮੋਹ-ਪਲੇ, ਵਲਵਲੇ
ਦਿਲ-ਜਲੇ। ਵਲਵਲਿਆਂ ਦੇ ਬਾਗ ’ਚ ਤਰ੍ਹਾਂ ਤਰ੍ਹਾਂ ਦੇ ਫੁੱਲ। ਵਲਵਲਿਆਂ ਦੇ ਜੰਗਲ
ਵਿਚੋਂ ਲੰਘਣਾਂ ਬੜਾ ਮੁਸ਼ਕਲ। ਹਰ ਇਕ ’ਤੇ ਵਲਵਲਿਆਂ ਦੀ ਕਾਠੀ, ਹਰ ਕੋਈ ਵਲਵਲਿਆਂ
ਦਾ ਸਾਥੀ। ਵਲਵਲਿਆਂ ਦਾ ਸੰਸਾਰ ਵਚਿੱਤਰ, ਕਿਸੇ ਦਾ ਦੁਸ਼ਮਣ ਕਿਸੇ ਦਾ ਮਿੱਤਰ।
ਦਿਲ ’ਚੋਂ ਉਠਦੀਆਂ ਤਰੰਗਾਂ। ਤਰੰਗਾਂ ’ਚੋਂ ਉਗਮਣ ਵਲਵਲੇ। ਕੋਮਲ, ਨਾਜ਼ਕ ਤੇ
ਮਨਚਲੇ। ਦਿਲ ’ਚ ਹੋਣ ਪੈਦਾ, ਦਿਲ ’ਚ ਹੀ ਮਚਲਦੇ। ਦਿਲ ਹੀ ਇਨ੍ਹਾਂ ਦਾ ਸੋਮਾ ਦਿਲ
ਹੀ ਇਨ੍ਹਾਂ ਦਾ ਪਾਲਕ। ਦਿਲ ਹੀ ਇਨ੍ਹਾਂ ਦਾ ਮਾਲਕ , ਦਿਲ ਹੀ ਇਨ੍ਹਾਂ ਦਾ ਚਾਲਕ।
ਜਦੋਂ ਪਲ ਵਲਵਲਿਆਂ ਵਿਚ ਘਿਰੇ ਹੋਣ ਤਾਂ ਫੁੱਲੇ ਨਾ ਸਮਾਉਂਦੇ। ਦਿਲ ਦੇ ਰੰਗ ਹਜ਼ਾਰ
ਤੇ ਵਲਵਲਿਆਂ ਦੇ ਦੱਸੇ ਕੌਣ?
ਵਲਵਲਿਆਂ ਬਿਨ ਦਿਲ ਕਾਹਦਾ? ਜਦੋਂ ਵਲਵਲਿਆਂ ਨੇ ਟਿਕਾਣੇ ਦੀ ਤਲਾਸ਼ ਕੀਤੀ ਤਾਂ ਦਿਲ
ਬਿਨਾਂ ਕੋਈ ਟਿਕਾਣਾ ਨਾ ਮਿਲਿਆ। ਅਜਿਹਾ ਟਿਕਾਣਾ ਜਿਹੜਾ ਮੁੜ ਕਦੇ ਨਾ ਛੱਡਿਆ। ਦਿਲ
ਤੇ ਵਲਵਲੇ ਇਕ ਮਿਕ ਹੋ ਗਏ ਪਰ ਫੇਰ ਵੀ ਵਲਵਲੇ ਦਿਲ ਨੂੰ ਟਿਕਣ ਨਾ ਦਿੰਦੇ। ਕਈ ਵਾਰ
ਟੇਢੇ ਪ੍ਰਸ਼ਨ ਵੀ ਕਰਦੇ ਕਿ ਕਿੱਥੇ ਜਾਏਂਗੀ ਹੁਣ ਏਡੀ ਭੋਲ਼ੀਏ ਜਿੰਦੇ?
ਜਿਹੜੇ ਲੋਕ ਵੀ ਵਲਵਲਿਆਂ ਦੀ ਸਵਾਰੀ ਕਰਦੇ ਹਨ ਉਹ ਇਨ੍ਹਾਂ ਦੀਆਂ ਪਰਤਾਂ ਵਿਚ
ਵਿਚਰਨਾਂ ਨਹੀਂ ਭੁੱਲਦੇ। ਉਹ ਇਹ ਵੀ ਜਾਨਣ ਦਾ ਯਤਨ ਕਰਦੇ ਹਨ ਕਿ ਇਨ੍ਹਾਂ ਦਾ ਸਰੂਪ
ਕੀ ਹੈ ਤੇ ਸੁਭਾਅ ਕੀ, ਇਨ੍ਹਾਂ ਦੀ ਉਡਾਣ ਕੀ ਹੈ ਤੇ ਵਹਿਣ ਕੀ? ਉਹ ਇਨ੍ਹਾਂ ’ਚੋਂ
ਨਿਰਮਲਤਾ ਵੀ ਲੱਭ ਲੈਂਦੇ ਹਨ ਅਤੇ ਨਿਰਛਲਤਾ ਵੀ, ਇਨ੍ਹਾਂ ਦੀ ਪਾਰਦਰਸ਼ਤਾ ਵੀ ਤੇ
ਸੀਮਾਂ ਵੀ।
ਵਲਵਲਿਆਂ ’ਚੋਂ ਹੁਨਰ ਭਾਲਣਾਂ ਹਰ ਕਿਸੇ ਦਾ ਕੰਮ ਨਹੀਂ। ਕਿਸੇ ਕਿਸੇ ਦਾ ਨਸੀਬ
ਹੁੰਦਾ ਹੈ ਹੁਨਰ। ਜਿਸ ਦੇ ਹੱਥ ਹੁਨਰ ਆ ਜਾਵੇ ਉਹ ਕਦੇ ਮਾਰ ਨਹੀਂ ਖਾਂਦਾ। ਉਸ ਦੀ
ਕਾਰਗੁਜ਼ਾਰੀ ਵੱਖਰੀ ਉਸ ਦਾ ਵੱਖਰਾ ਹੀ ਵਰਤਾਰਾ। ਵਲਵਲਿਆਂ ਬਿਨਾਂ ਹੁਨਰ ਉਗਮ ਨਹੀਂ
ਸਕਦਾ। ਸ਼ਬਦ ਹੋਣ ਜਾਂ ਸੁਰਾਂ, ਅਦਾਵਾਂ ਹੋਣ ਜਾਂ ਛੋਹਾਂ ਵਲਵਲਿਆਂ ਦੇ ਰੰਗਾਂ ’ਚੋਂ
ਜਨਮ ਧਾਰਦੇ।
ਵਲਵਲਿਆਂ ਨਾਲ ਵਾਹ ਹਰ ਕਿਸੇ ਦਾ ਪੈਂਦਾ। ਪਰ ਹਰ ਇਕ ਦੇ ਵਲਵਲਿਆਂ ਦੀ ਆਪਣੀ ਤੋਰ,
ਆਪਣੀ ਚਾਲ। ਕਦੇ ਕਦੇ ਹੀ ਬੰਦਾ ਤੁਰਦਾ ਗਹਿਰਾਈ ’ਚ ਇਨ੍ਹਾਂ ਦੇ ਨਾਲ। ਹਰੇਕ ਦੀ ਗੱਲ
ਕਰਨੀ ਸੌਖੀ ਨਹੀਂ। ਆਸਾਨੀ ਨਾਲ ਜਿੰਨਿਆਂ ਦੀ ਵੀ ਹੋ ਸਕਦੀ ਹੈ, ਕਰ ਲੈਣੀ ਕੋਈ ਮਾੜੀ
ਗੱਲ ਨਹੀਂ।
ਧਾਰਮਿਕ-ਸੰਸਾਰ ਵਲਵਲਿਆਂ ਵਿਚ ਉਡਦਾ ਫਿਰਦਾ ਰੂਹਾਂ ਦੀ ਗੱਲ ਕਰਦਾ, ਰੂਹਾਨੀਅਤ ਦੇ
ਕਿੱਸੇ ਛੇੜਦਾ। ਕਈ ਗੁਣਾਂ ਦੀ ਸੂਚੀ ਮਨੁੱਖਤਾ ਦੇ ਹੱਥ ਫੜਾਉਂਦਾ ਪਰ ਅਡੰਬਰਾਂ ਦੇ
ਜੰਗਲ ਵਿਚ ਹੀ ਗੁਆਚ ਕੇ ਰਹਿ ਜਾਂਦਾ। ਇਸ ਦੇ ਰਹਿਬਰ ਲੋਕਾਂ ਨੂੰ ਹੀ ਮੱਤਾਂ ਦਿੰਦੇ,
ਸਮੇਂ ਦੇ ਸਿਰ ’ਤੇ ਪਾਖੰਡਾ ਦੀ ਛਾਂ ਕਰਦੇ। ਉਨ੍ਹਾਂ ਦੇ ਵਲਵਲਿਆਂ ’ਚ ਹੰਕਾਰ ਸਦਾ
ਹੀ ਹੋਂਦ ਬਣਾਈ ਰੱਖਦਾ। ਆਪਣੇ ਆਪ ਲਈ ਮੱਤ ਨਹੀਂ ਲੈਂਦੇ। ਦੂਜਿਆਂ ਵਾਸਤੇ ਪ੍ਰਵਚਨ
ਸਦਾ ਘੜੇ ਘੜਾਏ ਰਖਦੇ। ਅਜਿਹੇ ਬੋਲਾਂ ਦੀ ਜਾਦੂਗਰੀ ਕਰਦੇ ਕਿ ਆਦਮ ਦੇ ਜਾਏ ਉਨ੍ਹਾਂ
ਦੀਆਂ ਗੱਲਾਂ ਦੀ ਚੁੰਬਕ ਵਿਚ ਲਿਪਟ ਕੇ ਰਹਿ ਜਾਂਦੇ।
ਸਿਆਸਤ ਦੇ ਖੇਤਰ ਦਾ ਆਪਣਾ ਰੰਗ। ਸਿਆਸੀ ਆਦਮੀ ਦੇ ਵਲਵਲਿਆਂ ਵਿਚ ਪੈਰੋਕਾਰਾਂ ਤੇ
ਵੋਟਾਂ ਦਾ ਪੂਰਾ ਸ਼ੋਰ-ਸ਼ਰਾਬਾ। ਉਹ ਵਲਵਲਿਆਂ ਵਿਚ ਤੁਰਦਾ ਨਹੀਂ ਹਮੇਸ਼ਾ ਭੱਜਦਾ।
ਸੋਚ ਸਮਝ ਕੇ ਸਮੇਂ ’ਚ ਵੱਜਦਾ। ਧੀਮੇ ਬੋਲ ਪਸੰਦ ਨਾ ਉਸਨੂੰ ਸਦਾ ਹੀ ਗੱਜਦਾ। ਜਿੰਨੇ
ਮਰਜ਼ੀ ਵੋਟ ਮਿਲ ਜਾਣ, ਸੁਖ ਹੋ ਜਾਣ, ਕਦੇ ਨਾ ਰੱਜਦਾ। ਉਸ ਦੇ ਵਲਵਲਿਆਂ ਵਿਚ ਹੁੰਦੇ
ਗਰੀਬਾਂ ਲਈ ਲਾਰੇ, ਦੂਰ ਦੇ ਵੋਟਰਾਂ ਲਈ ਤਾਰੇ, ਨਸ਼ੱਈਆਂ ਵਾਸਤੇ ਖਾਰੇ, ਭਾਵੁਕ
ਲੋਕਾਂ ਲਈ ਭਾਵੁਕ ਨਾਅਰੇ ਤੇ ਬੇਸਹਾਰਿਆਂ ਲਈ ਢਾਰੇ। ਪਰ ਆਮ ਤੌਰ ਤੇ ਇਹ ਸਾਰਾ
ਕਲਪਿਆ ਅਸਮਾਨ ਸੁਪਨਈ ਸੰਸਾਰ ਹੋ ਕੇ ਰਹਿ ਜਾਂਦਾ।
ਸ਼ੁੱਧ ਵਲਵਲੇ ਉਨ੍ਹਾਂ ਦੇ ਜਿਹੜੇ ਮਕਤਲ ਵਲ ਜਾਂਦੇ। ਆਨ ਸ਼ਾਨ ਦੇਖ ਅੰਬਰ ਧਰਤੀ ਵਲ
ਆਂਦੇ। ਸੱਚ ਕਰਦੇ ਸੱਚ ਹੀ ਫਰਮਾਂਦੇ। ਇਹ ਉਹ ਜੁਝਾਰੂ ਵਲਵਲੇ ਜਿਨ੍ਹਾਂ ਦਾ ਸਿਰ ਸਦਾ
ਹੀ ਉੱਚਾ ਰਹਿੰਦਾ। ਸਮੇਂ ਦੇ ਸਿਰ ਝੰਡਾ ਜਾ ਬਹਿੰਦਾ। ਅਜਿਹੀ ਉੱਚੀ ਕਰਨੀ ਦੇ ਲਈ,
ਜਾਨ ਤੱਕ ਵਾਰਨ ਦੇ ਲਈ ਹਰ ਕੋਈ ਜੈ ਜੈ ਕਾਰ ਹੀ ਕਹਿੰਦਾ।
ਕਲਮਕਾਰ ਦੇ ਵਲਵਲੇ ਕਿਤਾਬ ਵਿਚ ਅਜਿਹੇ ਜਾ ਟਿਕਦੇ ਹਨ ਕਿ ਆਉਣ ਵਾਲੇ ਸਮਿਆਂ ’ਚ ਵੀ
ਪਲਾਂ ਨੂੰ ਟਿਕ ਕੇ ਬਹਿਣ ਨਹੀਂ ਦਿੰਦੇ। ਅਨੁਭਵ ਦੇ ਖੁੱਲ੍ਹੇ ਦਰਵਾਜਿਆਂ ’ਚੋਂ ਉਹ
ਕੁੱਝ ਬਾਹਰ ਨਿਕਲਦਾ ਜਿਸ ਵਿਚ ਹੁੰਦਾ ਸਾਰਿਆਂ ਲਈ ਉਜਾਲਾ। ਬੁਰਸ਼ਾਂ ਵਾਲਿਆਂ ਦੇ
ਵਲਵਲੇ ਕਲਪਨਾਂ ਦੇ ਅੰਬਰ ਨੂੰ ਛੋਂਹਦੇ, ਪ੍ਰਕਿਰਤੀ ਚਿਤਰ ਸਭ ਨੂੂੰ ਮੋਂਹਦੇ। ਛੋਹਾਂ
ਦੇ ਆਕਾਰ ਵਿਚ ਆਪਣੀ ਗੱਲ ਕਹਿੰਦੇ। ਸੁਰ ਦੇ ਵਲਵਲੇ ਜਾਂ ਫੇਰ ਵਲਵਲੇ ਦੀ ਸੁਰ ਰੂਹ
ਤੱਕ ਨੂੰ ਸੁਰ ਕਰ ਜਾਂਦੀ। ਸੁਰ ਦਾ ਸ਼ੋਰ ਸਦਾ ਹੀ ਮਾਰੂ ਹੁੰਦਾ, ਪਰ ਇਸ ਦਾ ਟਿਕਾਅ
ਸਦਾ ਹੀ ਤਾਰੂ ਹੁੰਦਾ। ਨ੍ਰਿਤ ਦੀਆਂ ਅਦਾਵਾਂ ਤਾਂ ਮਨ ਨੂੰ ਕੀਲ ਲੈਂਦੀਆਂ ਤੇ ਮਨ
ਅੰਦਰ ਵੀ ਨ੍ਰਿਤ ਸ਼ੁਰੂ ਹੋ ਜਾਂਦਾ।
ਯੋਧੇ ਦਾ ਵਲਵਲਾ ਸਦਾ ਹੀ ਜਿੱਤਾਂ ਮੰਗਦਾ ਪਰ ਜਦੋਂ ਇਸ ਦੇ ਉਲਟ ਹੋ ਜਾਏ ਤਾਂ ਉਸ ਦਾ
ਮਨ ਦਿਲ-ਢਲੇ ਜਿਹਾ ਹੋ ਜਾਂਦਾ। ਯੋਧੇ ਦਾ ਇਹ ਧਰਮ ਹੈ ਕਿ ਉਹ ਜਿਹੜੀ ਮਰਜ਼ੀ ਅਵਸਥਾ
ਵਿਚ ਹੋਵੇ ਆਪਣੇ ਜਜ਼ਬੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।
ਪੱਤਰਕਾਰ ਵੀ ਵਲਵਲਿਆਂ ਵਿਚ ਤੁਰਦਾ ਰਹਿੰਦਾ। ਘਟਨਾਵਾਂ ਦੇਖੇ, ਬੋਲਾਂ ਅਤੇ ਬਿਆਨਾਂ
ਦੀਆਂ ਰਾਹਵਾਂ ਦੇਖੇ। ਉਸ ਦੀ ਰਿਪੋਰਤਾਜ਼ ਤੋਂ ਏਹੀ ਆਸ ਕਿ ਪਾਠਕ ਨਾ ਹੋਏ ਨਿਰਾਸ।
ਪਰ ਜਦ ਉਹ ਇਕ ਧਿਰ ਨਾਲ ਰਲ਼ਦਾ, ਮਸਲਾ ਗਲਦਾ, ਸੱਚ ਹੈ ਬਲਦਾ ਤੇ ਕੇਵਲ ਇਕ ਧੜਾ ਹੈ
ਪਲਦਾ। ਪੱਤਰਕਾਰ ਦਾ ਧਰਮ ਹੈ ਕਿ ਸੱਚ ਬਿਆਨ ਕਰੇ ਨਾ ਕਿ ਬਿਆਨ ਸਰਕਾਰੀ। ਦੇਖੇ ਹਰ
ਦਮ ਮਸਲਾ ਨਾ ਕਿ ਤਰਕਾਰੀ।
ਆਸ਼ਕਾਂ ਦੇ ਵਲਵਲੇ ਅੰਬਰਾਂ ਜਿੱਡੇ। ਡੂੰਘੇ ਸਾਗਰਾਂ ਵਿਚ ਤਾਰੀਆਂ ਲਾਉਂਦੇ ਤੇ
ਪਹਾੜਾਂ ਉੱਤੇ ਉਡਦੇ ਫਿਰਦੇ। ਆਜ਼ਾਦੀ ਦਾ ਆਲਮ ਲਈ, ਸੁੰਦਰ ਸੁਪਨੇ ਘੜੀ ਅਤ ਸੋਚਾਂ
ਦੀ ਤਾਜ਼ਗੀ ਲਈ ਉਡਾਰੀਆਂ ਭਰਦੇ ਇਹ ਲੋਕ ਕਿਸੇ ਨੂੰ ਆਪਣੇ ਤੁਲ ਨਹੀਂ ਸਮਝਦੇ।
ਹੋਰ ਵੀ ਅਨੇਕਾਂ ਕਿਸਮ ਦੇ ਵਲਵਲਿਆਂ ਦੀ ਗੱਲ ਛੇੜੀ ਜਾ ਸਕਦੀ ਹੈ ਪਰ ਅਜਿਹਾ ਕੀਤਾ
ਤਾਂ ਗੱਲ ਮੁੱਕਣ ਨਹੀਂ ਲੱਗੀ। ਜੇ ਸਾਰੇ ਕਿਸਮ ਦੇ ਵਲਵਲਿਆਂ ਦੀ ਕਿਸੇ ਇਕ ਥਾਂ ਰੈਲੀ
ਕੀਤੀ ਜਾ ਸਕਦੀ ਹੋਵੇ ਉਹ ਕਿਹੋ ਜਹੀ ਹੋਵੇਗੀ, ਉਸ ਦਾ ਸਰੂਪ ਕੀ ਹੋਵੇਗਾ? ਬਸ ਅਜਿਹੇ
ਪ੍ਰਸ਼ਨ ਲੈ ਕੇ ਹੀ ਇਕ ਵਲਵਲਾ ਤੁਰਿਆ ਸੀ ਜਿਸ ਵਿਚੋਂ ਹੀ ਏਨੇ ਸ਼ਬਦਾਂ ਨੇ ਜਨਮ ਧਾਰ
ਲਿਆ, ਗੱਲ ਇਥੇ ਤੱਕ ਆ ਪਹੁੰਚੀ ਕਿ ‘ਆਉ ਸੋਚੀਏ ਕਿੱਦਾਂ ਦੀ ਹੋਊ ਵਲਵਲਿਆਂ ਦੀ
ਰੈਲੀ’।