ਮਨ ਕਦੇ ਵਿਹਲਾ ਨਹੀਂ
ਹੁੰਦਾ, ਵਿਹਲਾ
ਬੈਠਦਾ ਹੀ ਨਹੀਂ।
ਹਲਚਲ ਇਸ ਦਾ
ਸੁਭਾਅ ਹੈ ਤੇ ਟਿਕਾਅ ਇਸਦੀ ਪਸੰਦ ਨਹੀਂ।
ਇਸਦੀ ਫਿਤਰਤ ਹੈ
ਤੁਰਿਆ ਹੀ ਰਹਿਣਾ,
ਉਡਾਰੀਆਂ ਭਰਨੀਆਂ
ਤੇ ਕਿਤੇ ਦਾ ਕਿਤੇ ਜਾ ਪਹੁੰਚਣਾ।
ਇਕੋ ਸਮੇਂ ਇੰਨੇ
ਪਾਸਿਆਂ ਨੂੰ ਦੌੜੀ ਫਿਰਨਾ ਕਿ ਖੈਰ-ਖਬਰ ਹੀ ਨਹੀਂ ਹੁੰਦੀ।
ਫੁਰਨਾਕਾਰ ਹੈ ਮਨ,
ਫੁਰਨਿਆਂ ਦਾ ਅਮੁੱਕ
ਖਜਾਨਾ।
ਹਰ ਘੜੀ ਨਵਾਂ ਫੁਰਨਾ।
ਘੜੀ ਘੜੀ ਨਵਾਂ
ਫੁਰਨਾ।
ਫੁਰਨਿਆਂ ਨੂੰ ਜਨਮ ਦੇਵੇ
ਤੇ ਫੁਰਨਿਆਂ ਮਗਰ ਹੀ ਤੁਰਿਆ ਫਿਰੇ।
ਫੁਰਨਿਆਂ
’ਚੋਂ ਬੋਲੇ ਤੇ
ਫੁਰਨਿਆਂ ’ਚੋਂ
ਗੱਲਾਂ ਕਰੇ।
ਅਜਿਹੀਆਂ ਪਰਤਾਂ
ਵਿਚ ਜਾ ਵਿਚਰੇ ਜਿਹੜੀਆਂ ਚਿੱਤ-ਚੇਤੇ ਵੀ ਨਹੀਂ ਹੁੰਦੀਆਂ।
ਮਨ ਹਰ ਸਮੇਂ ਬੋਲਦਾ ਕਦੇ
ਸੱਚ, ਕਦੇ ਝੂਠ,
ਕਦੇ ਵਿਚ-ਵਿਚਾਲੇ।
ਸੱਚ ਸਮੇਂ ਨੂੰ
ਪਚਦਾ ਨਹੀਂ,
ਝੂਠ ਬੋਲਿਆਂ ਬਚਦਾ ਨਹੀਂ ਤੇ ਵਿਚ-ਵਿਚਾਲੇ ਰਹਿਣਾ ਜਚਦਾ ਨਹੀਂ।
ਉਹ ਫੇਰ ਵੀ
ਬੋਲਦਾ ਹੈ ਪਰ ਸਮਾਂ ਉਸਨੂੰ ਸੁਣਦਾ ਨਹੀਂ।
ਸਮਾਂ ਉਸ ਮੱਝ
ਦਾ ਰੂਪ ਧਾਰ ਲੈਂਦਾ ਹੈ ਜਿਸ ਅੱਗੇ ਬੋਲਾਂ ਦੀ ਬੀਨ ਵਜਾਉਣ ਦਾ ਕੋਈ ਅਸਰ ਨਹੀਂ
ਹੁੰਦਾ।
ਜੁਅੱਰਤ ਕਰਕੇ ਜਦ ਮਨ
ਦਲੇਰੀ ਨਾਲ ਉਹ ਗੱਲਾਂ ਕਰਦਾ ਹੈ ਜਿਹੜੀਆਂ ਸਮੇਂ ਲਈ ਚਣੌਤੀ ਹੋਣ ਤਾਂ ਸਮਾਂ ਉਸ ਵਲ
ਪਿੱਠ ਹੀ ਕਰ ਲੈਂਦਾ।
ਸਮੇਂ ਲਈ ਸੁਣਨਾ
ਔਖਾ ਹੋ ਜਾਂਦਾ।
ਕਈ ਵਾਰ ਤਾਂ ਉਹ
ਅਣਸੁਣੇ ਹੋਣ ਦਾ ਬਹਾਨਾ ਕਰਦਾ ਹੋਇਆ ਵੀ ਮਿਰਚ ਖਾ ਜਾਂਦਾ।
ਸਮੇਂ ਦਾ
ਵਿਵਹਾਰ ਹੀ ਪਹਿਲਾਂ ਵਾਲਾ ਨਹੀਂ ਰਹਿੰਦਾ।
ਬਦਲ ਲੈਂਦਾ ਹੈ
ਸਭ ਤੌਰ ਤਰੀਕੇ।
ਮਨ ਆਪਣੇ ਆਪ
ਨੂੰ ਬਦਲਣ ਲਈ ਬੋਲੇ ਤਾਂ ਖੁਦ ਹੀ ਨਹੀਂ ਸੁਣਦਾ।
ਸਮਾਜ ਨੂੰ ਬਦਲਣ
ਲਈ ਤੁਰੇ ਤਾਂ ਕੋਈ ਤਿਆਰ ਨਹੀਂ ਹੁੰਦਾ।
ਗਲੀਆਂ ਸੜੀਆਂ
ਰਸਮਾਂ-ਰੀਤਾਂ,
ਫੋਕੇ ਵਹਿਮਾਂ-ਭਰਮਾਂ ਵਿਰੁੱਧ ਅਵਾਜ਼ ਉਠਾਵੇ ਤਾਂ ਕੋਈ ਗੌਲ਼ਦਾ ਨਹੀਂ।
ਦੁਆਵਾਂ ਕਰੇ
ਤਾਂ ਦੁਆਵਾਂ ਕਰਾਉਣ ਵਾਲਾ ਨੇੜੇ ਨਹੀਂ ਢੁੱਕਦਾ।
ਮਨ ਪਖੰਡਾਂ ਅੱਗੇ ਬੋਲਦਾ।
ਪੜਛੇ ਉਧੇੜਦਾ।
ਪਖੰਡੀਆਂ ਦੀ
ਸਿਹਤ ’ਤੇ ਜ਼ਰਾ
ਮਾਤਰ ਅਸਰ ਨਹੀਂ।
ਅਗਿਆਨ ਅੱਗੇ ਵੀ
ਬੋਲਦਾ ਤੇ ਧਿਆਨ ਅੱਗੇ ਵੀ ਬੋਲਦਾ ਪਰ ਦੋਵਾਂ ’ਚੋਂ
ਹੀ ਉਸਨੂੰ ਸੁਣਦਾ ਕੋਈ ਨਹੀਂ।
ਇਹ ਉਨ੍ਹਾਂ ਧਰਮ
ਮੰਦਰਾਂ ਅੱਗੇ ਵੀ ਖੜ੍ਹ ਕੇ ਉੱਚੀ-ਉੱਚੀ ਕੂਕਦਾ ਹੈ ਜਿੱਥੇ ਵਰਗਾਂ ਦੀ ਵੰਡ ਦੇ ਪਖੰਡ
ਕਾਰਨ ਧਰਤੀ ਤੇ ਵਸਦੇ ਰੱਬ ਦੇ ਸਰੂਪਾਂ ਨੂੰ ਦਾਖਲ ਹੋਣ ਤੋਂ ਰੋਕਿਆ ਜਾਂਦਾ।
ਇਹ ਕਾਲ਼ੇ ਸਮਿਆਂ
’ਚ ਵੀ ਬੋਲਣ ਤੋਂ ਨਹੀਂ
ਰੁਕਦਾ।
ਗਲਤ ਵਰਤਾਰਿਆਂ ਨੂੰ
ਟੋਕਦਾ।
ਬਹੁਤੀ ਵਾਰ ਅਜਿਹਾ ਕਰਨ
ਦਾ ਖਮਿਆਜ਼ਾ ਵੀ ਭੁਗਤਣਾਂ ਪੈ ਜਾਂਦਾ।
ਪਰ ਇਹ ਮਨ ਇਸ
ਲਈ ਪਰਵਾਹ ਨਹੀਂ ਕਰਦਾ ਕਿਉਂਕਿ ਇਸ ਤੋਂ ਉਹ ਸੱਚ ਛੁਪਾਇਆ ਨਹੀਂ ਜਾਂਦਾ ਜਿਸ ਨੇ
ਬਾਹਰ ਆਉਣਾ ਹੀ ਹੁੰਦਾ।
ਬਸ ਏਹੀ ਦੀਵਾਨਾ
ਤੇ ਮਸਤਾਨਾ ਆਲਮ ਹੈ ਜਿਹੜਾ ਉਸਨੂੰ ਟਿਕਣ ਨਹੀਂ ਦਿੰਦਾ।
ਜਿਸਮ ਚੁੱਪ ਹੋਣ ਬਾਅਦ
ਵੀ ਮਨ ਚੁੱਪ ਨਹੀਂ ਹੁੰਦਾ।
ਇਹ ਫੁਰਨਿਆਂ ਦਾ
ਗੁਬਾਰਾ ਬਣਕੇ ਕਦੇ ਉਡਣਾ ਨਹੀਂ ਭੁੱਲਦਾ।
ਵੱਖ ਵੱਖ ਭੇਸ
’ਤੇ ਰੂਪ ਧਾਰ
ਕੇ ਕਦੇ ਤਪਸ਼ਾਂ ’ਚੋਂ
ਲੰਘਦਾ ਤੇ ਕਦੇ ਸੀਤ ਹਵਾਵਾਂ ’ਚੋਂ,
ਕਦੇ ਰਾਗਾਂ ’ਚੋਂ,
ਕਦੇ ਰੰਗਾਂ ’ਚੋਂ,
ਕਦੇ ਸਾਜ਼ਾਂ ’ਚੋਂ,
ਕਦੇ ਸੁਰਾਂ ’ਚੋਂ,
ਕਦੇ ਰਾਵਣਾਂ ’ਚੋਂ,
ਕਦੇ ਸਾਵਣਾਂ ’ਚੋਂ।
ਜ਼ਰਾ ਕਵਿਤਾ
’ਚ ਮਨ ਦਾ ਹਾਲ
ਦੇਖੀਏ :
ਸਾਡੇ ਮਨ ਦਾ ਸਾਵਣ
ਮਿੱਤਰੋ
ਵਰ੍ਹ ਗਿਆ ਕਿਧਰੇ ਹੋਰ
ਪੈਲਾਂ ਵੀ ਤਾਂ ਕੋਲ ਨਾ ਰਹੀਆਂ
ਉਹ ਵੀ ਲੈ ਗਏ ਮੋਰ।
ਸਾਡੇ ਮਨ ਦਾ
ਰਾਵਣ ਮਿੱਤਰੋ
ਸੜ ਗਿਆ ਕਿਧਰੇ ਹੋਰ
ਦਸਾਂ ਸਿਰਾਂ ’ਚੋਂ
ਕੋਈ ਨਾ ਲੱਭੇ
ਉਹ ਵੀ ਲੈ ਗਏ ਚੋਰ
ਮਨ ਤਾਂ ਬੋਲਦਾ,
ਬੋਲੇਗਾ ਤੇ ਬੋਲਦਾ ਹੀ
ਰਹੇਗਾ ਕਿਉਂਕਿ ਇਹ ਉਸਦਾ ਸੁਭਾਅ ਵੀ ਹੇ ਤੇ ਵਰਤਾਰਾ ਵੀ।
ਅਜਿਹਾ ਕਰਨ
ਬਿਨਾ ਉਸ ਦੀ ਗਤੀ ਨਹੀਂ।
ਪਰ ਸਮਾਂ ਇਸ ਦੇ
ਸੱਚ, ਇਸ ਦੀ
ਅਗਨ ਭਾਸ਼ਾ ਤੇ ਇਸ ਦੇ ਕੌਤਕੀ ਬੋਲਾਂ ਨੂੰ ਸੁਣਨ ਲਈ ਤਿਆਰ ਨਹੀਂ ਹੁੰਦਾ।
ਏਹੀ ਕਾਰਨ ਹੈ
ਕਿ ਏਨੇ ਮਨਾਂ ਤੇ ਏਨੇ ਬੋਲਾਂ ਦੇ ਤੇਜ਼-ਪ੍ਰਤਾਪ ਤੇ ਇਮਾਨਦਾਰੀ ਦੇ
ਹੁੰਦਿਆਂ-ਸੁੰਦਿਆਂ ਤਬਦੀਲੀ ਦੀ ਰਫ਼ਤਾਰ ਤੇਜ਼ ਨਹੀਂ।
ਕਦਰਾਂ-ਕੀਮਤਾਂ
’ਚ ਵਿਕਾਸ ਹੋ
ਹੀ ਨਹੀਂ ਰਿਹਾ।
ਘਸੀਆ-ਪਿਟੀਆਂ
ਜੰਜ਼ੀਰਾਂ ਨੂੰ ਤੋੜਿਆ ਨਹੀਂ ਜਾ ਰਿਹਾ।
ਉਨ੍ਹਾਂ ਹਨੇਰੀਆਂ ਗਲੀਆਂ
ਵਲ ਫੇਰਾ ਮਾਰਨ ਦੀ ਜ਼ਰੂਰਤ ਹੈ ਜਿੱਥੇ ਅਜੇ ਵੀ ਚੌਧਵੀਂ ਸਦੀ ਦਾ ਵਾਜਾ ਵੱਜ ਰਿਹਾ,
ਘਟੀਆ ਤੇ ਘਿਨਾਉਣੇ
ਵਰਤਾਰਿਆਂ ਨੂੰ ਸਜਾ ਕੇ ਰੱਖਿਆ ਜਾ ਰਿਹਾ।
ਮਨ ਅਜਿਹੀਆਂ
ਦਿਸ਼ਾਵਾਂ ਦੀ ਦਸ਼ਾ ਦੇਖ ਕੇ ਜਦ ਕੁੱਝ ਤੱਤਾ-ਠੰਢਾ ਬੋਲਦਾ ਹੈ ਤਾਂ ਸਮਾਂ ਤੇ ਸਮੇਂ
ਦੇ ਰਹਿਬਰ ਉੱਕਾ ਸੁਣਦੇ ਹੀ ਨਹੀਂ।
ਸਮਾਂ ਸੁਣੇ,
ਨਾ ਸੁਣੇ ਮਨ ਤਾਂ ਉਹ
ਚਾਨਣੀਆਂ ਕਿਰਨਾਂ ਬਿਖੇਰਦਾ ਹੀ ਰਹੇਗਾ ਜਿਨ੍ਹਾਂ ਸਮਾਜ ਦੀਆਂ ਅੰਨੀਆਂ ਖੂਹੀਆਂ ਤੇ
ਕਾਲੀਆਂ ਨੁੱਕਰਾਂ ਵਿਚ ਰੌਸ਼ਨੀ ਕੀਤੇ ਬਿਨਾਂ ਨਹੀਂ ਰਹਿ ਸਕਣਾ ਹੁੰਦਾ।
ਕੋਈ ਸੁਣੇ ਨਾ
ਸੁਣੇ ਮਨ ਨੂੰ ਠੋਸ,
ਢੁਕਵਾਂ ਤੇ ਬਾਦਲੀਲ ਸੱਚ
ਬੋਲਦੇ ਹੀ ਰਹਿਣਾ ਚਾਹੀਦਾ ਤਾਂ ਕਿ ਹਰਕਤ ਤੇ ਹਲਚਲ ਬਣੀ ਰਹੇ।