15
ਅਗਸਤ 2007
ਨੂੰ ਆਜ਼ਦੀ ਦਿਹਾੜੇ ਲਾਲ ਸਿੰਘ ਦਿਲ ਨੂੰ ਆਪਣੇ ਭੌਤਕ ਸਰੀਰ ਤੋਂ ਅਜਾਦ ਕਰ
ਦਿੱਤਾ ਗਿਆ।
ਪਤਾ ਲੱਗਿਆ
ਹੈ ਉਹ ਪਿਛਲੇ ਕਾਫੀ ਸਮੇਂ ਤੋਂ ਆਪਣੇ ਸਰੀਰ ਨਾਲ ਜਿਉਂਦਾ ਰਹਿਣ ਲਈ ਸੰਘਰਸ਼ ਕਰ
ਰਿਹਾ ਸੀ।
ਲਾਲ ਸਿੰਘ
ਦਿਲ ਮੇਰਾ ਮਿੱਤਰ ਨਹੀਂ ਸੀ,
ਮੈਂ ਉਸ ਨੂੰ ਜਾਣਦਾ
ਸਾਂ।
ਉਹ ਸ਼ਾਇਦ
ਮੈਨੂੰ ਨਹੀਂ ਸੀ ਜਾਣਦਾ।
ਇਕ-ਦੋ ਵਾਰ
ਉਸਨੂੰ ਚੇਤਨਾ ਪ੍ਰਕਾਸ਼ਨ ਦੀ ਦੁਕਾਨ ਉਪਰ ਸਤੀਸ਼ ਗੁਲਾਟੀ ਕੋਲ ਬੈਠਿਆਂ ਦੇਖਿਆ
ਸੀ।
ਉਸ ਦੀ ਸਵੈ
ਜੀਵਨੀ ਮੈਂ ਪੜ੍ਹੀ ਹੈ।
ਨਕਸਲਵਾੜੀ
ਲਹਿਰ ਦਾ ਉਹ ਜੁਝਾਰੂ ਕਾਰਕੁਨ ਸੀ।
ਜਿੰਨਾ ਤਸ਼ੱਦਦ ਸੰਤ ਰਾਮ ਉਦਾਸੀ ਨੇ ਇਸ ਲਹਿਰ ਵੇਲੇ ਭੋਗਿਆ ਹੈ ਉੱਨਾ ਹੀ ਲਾਲ
ਸਿੰਘ ਦਿਲ ਨੇ ਵੀ ਭੋਗਿਆ ਹੈ।
ਚੰਗੀ ਜ਼ਿੰਦਗੀ
ਜਿਉਣ ਲਈ ਉਹ ਥਾਂ ਥਾਂ ਭਟਕਦਾ ਰਿਹਾ।
ਧਰਮਾਂ ਦਾ
ਆਸਰਾ ਵੀ ਲਿਆ ਉਸਨੂੰ ਕਿਧਰੇ ਢੋਈ ਨਹੀਂ ਮਿਲੀ।
ਵੱਡੇ
ਸਮਾਗਮਾਂ ਵਿਚ ਲਾਲ ਸਿੰਘ ਦਿਲ ਦੀ ਕਵਿਤਾ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ
ਰਹੀਆਂ ਤੇ ਜਦੋਂ ਸਮਾਗਮ ਦਾ ਥਕੇਵਾਂ ਲਾਹੁਣ ਲਈ ਪ੍ਰਬੰਧਕ ਰਾਤ ਸੁਰਮਈ ਬਣਾ ਰਹੇ
ਹੁੰਦੇ ਉਦੋਂ ਢਿੱਡੋਂ ਭੁੱਖਾ ਦਿਲ ਕਿਸੇ ਤੋਂ ਮੰਗਵੀਂ ਬੀੜੀ ਦੇ ਕਸ਼ ਲਗਾ ਰਿਹਾ
ਹੁੰਦਾ।
ਹੁਣ ਉਸ ਦੇ ਸਸਕਾਰ
’ਤੇ
ਅਕਾਦਮੀਆਂ,
ਸਭਾਵਾਂ ਦੇ ਪ੍ਰਧਾਨ-ਸਕੱਤਰ ਤੇ ਮੈਬਰ ਵੱਡੀ ਗਿਣਤੀ ਵਿਚ ਪੁੱਜੇ ਹੋਣਗੇ।
ਉਸ ਦੀ
ਮਿਤ੍ਰਕ ਦੇਹ ਉੱਪਰ ਲੋਈਆਂ ਦਰ ਲੋਈਆਂ ਚੜ੍ਹਾਈਆਂ ਹੋਣਗੀਆਂ।
ਆਪ ਭਾਵੇਂ
ਉਸ ਨੂੰ ਸਰਦੀਆਂ ਦੇ ਦਿਨਾਂ ਵਿਚ ਵੀ ਲੋਈ ਨਸੀਬ ਨਾ ਹੋਈ ਹੋਵੇ।
ਇਹ ਤਾਂ
ਡਾ: ਸੁਖਦੇਵ ਸਿੰਘ ਸਰਸਾ ਨੂੰ ਉਹਦੇ ਤਾਈਂ ਕੋਈ ਲੋੜ ਪੈ ਗਈ ਤਾਂ ਪਤਾ ਲੱਗਿਆ
ਤੇ ਉਹ ਲਾਲ ਸਿੰਘ ਨੂੰ ਲੁਧਿਆਣੇ ਚੁੱਕ ਲਿਆਇਆ,
ਨਹੀਂ ਤਾਂ ਉਸ ਨੇ
ਸਮਰਾਲੇ ਦੇ ਹਸਪਤਾਲ ਵਿਚ ਹੀ ਇਕ ਅੱਧ ਦਿਨ ਪਹਿਲਾਂ ਇਸ ਸੰਸਾਰ ਤੋਂ ਕੂਚ ਕਰ
ਜਾਣਾ ਸੀ।
ਸਾਨੂੰ ਆਪਣੇ ਲੇਖਕਾਂ ਦਾ ਹੇਜ ਮਰਨ ਤੋਂ ਬਾਅਦ ਹੀ ਕਿਉਂ ਆਉਂਦਾ ਹੈ?
ਉਹ
ਵੀ ਲਾਲ ਸਿੰਘ ਵਰਗੇ ਲੇਖਕਾਂ ਦਾ ਜਿਨ੍ਹਾਂ ਨੇ ਸਾਰੀ ਉਮਰ ਹੀ ਤੱਤੀ ਤਵੀ ਉੱਪਰ
ਬੈਠਣ ਵਾਂਗ ਗੁਜ਼ਾਰ ਦਿੱਤੀ।
ਜਦੋਂ ਲਾਲ ਸਿੰਘ
ਨੂੰ ਮੱਦਦ ਦੀ ਲੋੜ ਸੀ,
ਜਦੋਂ ਲਾਲ ਸਿੰਘ
ਨੂੰ ਚੰਗੇ ਢੰਗ ਦੇ ਸਾਫ ਸੁਥਰੇ ਕੱਪੜਿਆਂ ਦੀ ਲੋੜ ਸੀ,
ਜਦੋਂ ਲਾਲ ਸਿੰਘ
ਨੂੰ ਜੀਣ ਲਈ ਦੋ ਵਕਤ ਦੀ ਰੋਟੀ ਦੀ ਲੋੜ ਸੀ,
ਉਦੋਂ ਲਾਲ ਸਿੰਘ ਨਾ
ਸੰਸਥਾਵਾਂ ਨੂੰ ਦਿਸਿਆ ਨਾ ਸਰਕਾਰਾਂ ਨੂੰ।
ਹੁਣ ਤਾਂ
ਸਮਾਰਲੇ ਦਾ ਐਸ.ਡੀ.ਐਮ. ਵੀ ਉਸ ਉੱਪਰ ਲੋਈ ਪਾ ਆਇਆ ਹੈ।
ਥੋੜਾ ਪਿੱਛੇ ਜਾਈਏ ਤਾਂ
ਸਾਡਾ ਨੰਦ ਲਾਲ ਨੂਰਪੁਰੀ ਏਵੇਂ ਰੁਲ਼ ਕੇ ਭੁੱਖ
ਦਾ ਸਤਾਇਆ ਖੂਹ ਵਿਚ ਡਿਗ ਕੇ ਮਰ ਗਿਆ।
ਬਾਵਾ
ਬਲਵੰਤ ਨੂੰ ਦਿੱਲੀ ਦੀਆਂ ਸੜਕਾਂ ਉੱਪਰ ਪਏ ਨੂੰ ਕਿਸੇ ਨਹੀਂ ਪਹਿਚਾਣਿਆਂ।
ਸੰਤ
ਰਾਮ ਉਦਾਸੀ ਦਾ ਵੀ ਇਹੀ ਹਸ਼ਰ ਹੋਇਆ।
...
ਹੁਣ ਉਸ ਦੀ ਅੰਤਿਮ
ਅਰਦਾਸ ਸਮੇਂ ਸ਼ਰਧਾਜਲੀਆਂ ਭੇਟ ਕਰਨ ਵਾਲਿਆਂ ਦੀ ਲੰਮੀ ਕਤਾਰ ਹੋਵੇਗੀ।
ਸ਼ਾਇਦ ਕੋਈ
ਮੰਤਰੀ ਵੀ ਪਹੁੰਚੇ
।
ਹੁਣ ਉਹ ਸਭ ਨੂੰ
ਦਿਸੇਗਾ।
ਅਨੇਕਾਂ
ਸਰਕਾਰੀ ਇਨਾਮ ਐਲਾਨੇ ਜਾਂਦੇ ਹਨ।
ਇਕ-ਅੱਧ
ਪੁਸਤਕ ਲਿਖਣ ਵਾਲਾ ਵੀ ਸ਼੍ਰੋਮਣੀ ਕਵੀ ਜਾਂ ਲੇਖਕ ਬਣ ਬਹਿੰਦਾ ਹੈ ਤੇ ਪਾਠਕ
ਪੁੱਛਦੇ ਹਨ,
ਇਹ ਕੌਣ ਹੈ?......
ਉਦੋਂ ਸਲਾਹਕਾਰ
ਕਮੇਟੀਆਂ ਨੂੰ ਲਾਲ ਸਿੰਘ ਕਿਧਰੇ ਨਹੀਂ ਦਿਸਦਾ।
ਉਸ ਦੀ
ਪੁਸਤਕ ਨਾਗ ਲੋਕ ਅਤੇ ਸਵੈ ਜੀਵਨੀ ਦੇ ਹਜਾਰਾਂ ਨਹੀਂ ਲੱਖਾਂ ਪਾਠਕ ਹੋਣਗੇ ਤੇ
ਸ਼੍ਰੋਮਣੀ ਕਵੀ ਬਣੇ ਲੇਖਕ ਨੂੰ ਆਪਣੇ ਚਹੇਤਿਆਂ ਤੋਂ ਬਿਨਾਂ ਕੋਈ ਨਹੀਂ ਜਾਣਦਾ
ਹੁੰਦਾ।
ਇਨਾਮ ਦੀ
ਰਕਮ ਨਾਲ ਲਾਲ ਸਿੰਘ ਜਹੇ ਕਵੀਆਂ ਦਾ ਜੀਣਾਂ ਕੁੱਝ ਢੰਗ ਦਾ ਹੋ ਸਕਦਾ ਸੀ।
ਜਿੱਥੇ
ਜੁਗਾੜ ਕਰਕੇ ਹਥਿਆਏ ਇਨਾਮ,
ਪਾਰਟੀਆਂ ਅਤੇ
ਦਾਅਵਤਾਂ ਵਿਚ ਹੀ ਉੱਡ ਜਾਂਦੇ ਹਨ।
ਯੂਨੀਵਰਸਿਟੀਆਂ ਲਾਲ ਸਿੰਘ ਦਿਲ ਉੱਪਰ ਐਮ.ਫਿਲ,
ਪੀ.ਐਚ.ਡੀਆਂ ਵੀ ਕਰਵਾਉਣਗੀਆਂ।.....ਤੇ
ਹੋ ਸਕਦਾ ਹੈ ਕੁੱਝ ਸੰਸਥਾਵਾਂ ਉਸ ਦੇ ਨਾਮ ਦਾ ਪੁਰਸਕਾਰ ਵੀ ਜਾਰੀ ਕਰਨ।
ਤੰਗੀਆਂ ਤੁਰਸ਼ੀਆਂ
ਵਿਚ ਜੀਵੇ ਇਸ ਦਰਵੇਸ਼ ਸ਼ਾਇਰ ਦਾ ਸ਼ਰਧਾਂਜਲੀ ਸਮਾਰੋਹ ਬੜਾ ਪ੍ਰਭਾਵਸ਼ਾਲੀ
ਹੋਵੇਗਾ,
ਇਸ ਬਾਰੇ ਸ਼ੱਕ ਨਹੀਂ ਹੈ।
ਪਰ ਮੈਨੂੰ
ਅਜੇ ਵੀ ਪੰਜਾਬੀ ਭਵਨ ਦੇ ਬਾਹਰ ਪਾਰਕ ਦੇ ਇਕ ਕੋਨੇ ਵਿਚ ਬੈਠਾ ਦਿਲ,
ਚੁੱਪ-ਚਾਪ ਬੀੜੀ
ਪੀਈ ਜਾ ਰਿਹਾ ਉਵੇਂ ਦਿਸ ਰਿਹਾ ਹੈ,
ਜਦੋਂ ਕਿ ਅੰਦਰ ਚੱਲ
ਰਿਹਾ ਸਮਾਗਮ ਪੂਰੇ ਜਲੌਅ ਵਿਚ ਸੀ।
ਸ਼ਰਧਾਂਜਲੀ
ਸਮਾਗਮ ਵੇਲੇ ਵੀ ਉਸ ਦੀ ਆਤਮਾ ਇਵੇਂ ਕਿਸੇ ਕੋਨੇ ਲੱਗੀ ਝਾਕ ਰਹੀ ਹੋਵੇਗੀ ਤੇ
ਹਰ ਵਾਰ ਇਵੇਂ ਹੀ ਹੁੰਦਾ ਰਹੇਗਾ।
*****
(6
ਸਤੰਬਰ 2007)