ਮੁੱਖ ਪੰਨਾ

ਸ਼ੋਕ ਸਮਾਚਰ

ਲਿਖਾਰੀ

ਕਵੀ ਲਾਲ ਸਿੰਘ ਦਿਲ ਦਾ ਦਿਹਾਂਤ/ਅੰਤਮ ਸੰਸਕਾਰ 15 ਅਗਸਤ 2007 ਨੂੰ

 

 


14 ਅਗਸਤ -ਪਿਛਲੇ ਕੁਝ ਮਹੀਨਿਆਂ ਤੋਂ ਕਈ ਬਿਮਾਰੀਆਂ ਨਾਲ ਜੂਝਦੇ ਆ ਰਹੇ ਜੁਝਾਰਵਾਦੀ ਪੰਜਾਬੀ ਕਵਿਤਾ ਦੇ ਨਾਮਵਰ ਹਸਤਾਖਰ ਲਾਲ ਸਿੰਘ ਦਿਲ ਅੱਜ ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ ਵਿਖੇ ਚਲਾਣਾ ਕਰ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਅੱਜ ਰਾਤ ਡੀ. ਐਮ. ਸੀ. ਵਿਖੇ ਹੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਭਲਕੇ 15 ਅਗਸਤ ਨੂੰ ਸਵੇਰੇ ਉਨ੍ਹਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਘਰ ਸਮਰਾਲਾ ਵਿਖੇ ਲਿਜਾਈ ਜਾਵੇਗੀ, ਜਿੱਥੇ ਸਵੇਰੇ 11 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਹ ਪਿਛਲੇ ਤਿੰਨ ਦਿਨਾਂ ਤੋਂ ਡੀ. ਐਮ. ਸੀ. ਹਸਪਤਾਲ ਵਿਖੇ ਦਾਖ਼ਲ ਸਨ। ਉਨ੍ਹਾਂ ਨੇ ਅੱਜ ਸ਼ਾਮ ਲਗਭਗ 8.10 ਵਜੇ ਅੰਤਿਮ ਸਾਹ ਲਿਆ। ਆਰਥਿਕ ਤੰਗੀਆਂ ਦੇ ਚੱਲਦਿਆਂ ਢੁੱਕਵਾਂ ਇਲਾਜ ਕਰਵਾਉਣ ਤੋਂ ਵੀ ਅਸਮਰੱਥ ਅਤੇ ਪੇਟ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਲਾਲ ਸਿੰਘ ਦਿਲ ਕੁਝ ਸਮਾਂ ਸਮਰਾਲਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਰਹੇ। ਲਾਲ ਸਿੰਘ ਦਿਲ ਨਕਸਲਵਾਦ ਲਹਿਰ ਤੋਂ ਪ੍ਰਭਾਵਿਤ ਹੋ ਕੇ ਕਾਵਿ ਜਗਤ 'ਚ ਨਵੀਂਆਂ ਪੈੜਾਂ ਪਾਉਣ ਵਾਲੇ ਕਵੀਆਂ ਦੇ ਉਸ ਪੋਚ ਦਾ ਹਿੱਸਾ ਸਨ, ਜਿਸ ਵਿਚ ਪਾਸ਼, ਅਮਰਜੀਤ ਚੰਦਨ, ਸੰਤ ਰਾਮ ਉਦਾਸੀ, ਹਰਭਜਨ ਹਲਵਾਰਵੀ, ਦਰਸ਼ਨ ਖਟਕੜ ਅਤੇ ਸੰਤ ਸੰਧੂ ਆਦਿ ਸ਼ਾਮਿਲ ਹਨ। ਦਲਿਤ ਪਰਿਵਾਰ ਨਾਲ ਸੰਬੰਧਿਤ ਅਤੇ ਮਾਮੂਲੀ ਪੜ੍ਹਾਈ ਕਰਨ ਉਪਰੰਤ ਜੁਝਾਰੂ ਅਤੇ ਇਨਕਲਾਬੀ ਕਵਿਤਾ ਦੇ ਖੇਤਰ ਵਿਚ ਨਵੇਂ ਦਿਸਹੱਦੇ ਕਾਇਮ ਕਰਨ ਵਾਲੇ ਲਾਲ ਸਿੰਘ ਦਿਲ ਨੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਹਾਲਤ ਬਿਆਨਦੇ ਤਿੰਨ ਕਾਵਿ ਸੰਗ੍ਰਹਿ ਰਚੇ ਅਤੇ ਪੰਜਾਬੀ ਸਾਹਿਤ ਵਿਚ ਜ਼ਿਕਰਯੋਗ ਯੋਗਦਾਨ ਪਾਇਆ। ਦਿਲ ਨੂੰ ਟੁੰਬਣ ਵਾਲੀ ਅਤਿ ਪ੍ਰਭਾਵਸ਼ਾਲੀ ਕਵਿਤਾ ਦੇ ਰਚੇਤਾ ਦਿਲ ਦੀਆਂ ਕਾਵਿ-ਪੁਸਤਕਾਂ ਐਮ. ਏ. ਤਕ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਦੇ ਪਾਠਕ੍ਰਮ ਵਿਚ ਰਹੀਆਂ। ਪਲਸ ਮੰਚ ਵੱਲੋਂ ਅਮੋਲਕ ਸਿੰਘ ਹੁਰਾਂ ਲਾਲ ਸਿੰਘ ਦਿਲ ਦੇ ਇਸ ਜਹਾਨੋਂ ਰੁਖ਼ਸਤ ਹੋ ਜਾਣ ਦੀ ਖ਼ਬਰ ਦਿੰਦਿਆਂ ਦੱਸਿਆ ਕਿ ਅੰਤਿਮ ਸਮੇਂ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ, ਮਾਸਟਰ ਤਰਲੋਚਨ ਸਿੰਘ, ਪਲਸ ਮੰਚ ਦੇ ਜਨਰਲ ਸਕੱਤਰ ਸ੍ਰੀ ਕਮਲਜੀਤ ਖੰਨਾ, ਪ੍ਰੋ: ਜਗਮੋਹਨ ਸਿੰਘ, ਸ੍ਰੀ ਆਤਮਜੀਤ ਅਤੇ ਕਹਾਣੀਕਾਰ ਗੁਲਜ਼ਾਰ ਮੁਹੰਮਦ ਗੌਰੀਆ ਬਹੁਤ ਸਾਰੇ ਲੋਕ ਉਨ੍ਹਾਂ ਦੇ ਨੇੜੇ ਹਾਜ਼ਰ ਸਨ। ਉਨ੍ਹਾਂ ਦੀ ਮੌਤ 'ਤੇ ਡਾ: ਜਗਤਾਰ, ਸ਼ਾਇਰ ਪ੍ਰਮਿੰਦਰਜੀਤ, ਪ੍ਰੋ: ਅਵਤਾਰ ਜੌੜਾ, ਉਲਫ਼ਤ ਬਾਜਵਾ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪ੍ਰੋ: ਅਜਮੇਰ ਸਿੰਘ ਔਲਖ, ਮੀਤ ਪ੍ਰਧਾਨ ਕਰਨੈਲ ਸਿੰਘ ਨਿੱਝਰ, ਜਨਰਲ ਸਕੱਤਰ ਹਰਮੀਤ ਵਿਦਿਆਰਥੀ ਤੇ ਪ੍ਰੋ: ਅਵਤਾਰ ਜੌੜਾ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲਾਲ ਸਿੰਘ ਦਿਲ ਦੀ ਮੌਤ ਨੂੰ ਪੰਜਾਬੀ ਕਾਵਿ ਜਗਤ 'ਚ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਹੈ।

ਸ: ਦਿਲ ਦੇ ਭਤੀਜੇ ਸ: ਮਨਜੀਤ ਸਿੰਘ ਨੇ ਦੱਸਿਆ ਕਿ ਸ: ਦਿਲ ਦਾ ਅੰਤਿਮ ਸੰਸਕਾਰ ਭਲਕੇ 15 ਅਗਸਤ ਨੂੰ ਸਵੇਰੇ 11 ਵਜੇ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਕੀਤਾ ਜਾਵੇਗਾ। ਅੱਜ ਹੀ ਉਘੇ ਆਲੋਚਕ ਸੁਖਦੇਵ ਸਿੰਘ ਸਿਰਸਾ ਤੇ ਕਹਾਣੀਕਾਰ ਗੁਲਜ਼ਾਰ ਮੁਹੰਮਦ ਗੌਰੀਆ ਵੱਲੋਂ ਲੋਕ ਕਵੀ ਦੀ ਤੰਦਰੁਸਤੀ ਲਈ ਭਰਪੂਰ ਯਤਨ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਤਹਿਤ ਉਨ੍ਹਾਂ ਵੱਲੋਂ ਜੁਟਾਏ ਯਤਨਾਂ ਨੂੰ ਭਰਪੂਰ ਹੁੰਗਾਰਾ ਦਿੰਦੇ ਹੋਏ ਸ਼੍ਰੋਮਣੀ ਨਾਟਕਕਾਰ ਸ੍ਰੀ ਗੁਰਸ਼ਰਨ ਸਿੰਘ, (ਪ੍ਰਧਾਨ ਪਲਸ ਮੰਚ), ਕੰਵਲਜੀਤ ਖੰਨਾ (ਜਨਰਲ ਸਕੱਤਰ ਪਲਸ ਮੰਚ), ਸੂਬਾ ਕਮੇਟੀ ਮੈਂਬਰ ਮਾਸਟਰ ਤਰਲੋਚਨ ਸਿੰਘ ਸਮਰਾਲਾ, ਅਮੋਲਕ ਸਿੰਘ, ਅਤਰਜੀਤ (ਕਹਾਣੀਕਾਰ), ਉਘੇ ਰੰਗ ਕਰਮੀ ਕੇਵਲ ਧਾਲੀਵਾਲ, ਹੰਸਾ ਸਿੰਘ ਬਿਆਸ, ਪ੍ਰੋ: ਬਲਦੀਪ ਸਿੰਘ ਅਤੇ ਨਰੰਜਣ ਸੂਖਮ ਨੇ ਅੱਜ ਦਇਆ ਨੰਦ ਹਸਪਤਾਲ ਲੁਧਿਆਣਾ ਵਿਖੇ ਆਪਸੀ ਸਲਾਹ ਮਸ਼ਵਰੇ ਉਪਰੰਤ ਫੈਸਲਾ ਕੀਤਾ ਸੀ ਕਿ ਕਵੀ ਲਾਲ ਸਿੰਘ ਦਿਲ ਦੇ ਇਲਾਜ ਦੀ ਸਾਰੀ ਜਿੰਮੇਵਾਰੀ, ਲੋਕ ਹਿਤੈਸ਼ੀ ਕਲਮਕਾਰ ਅਤੇ ਬੁੱਧੀਜੀਵੀ ਮਿਲ ਕੇ ਉਠਾਉਣਗੇ, ਪਰ ਇਸ ਤੋਂ ਪਹਿਲਾਂ ਹੀ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ‘ਸਤਲੁਜ ਦੀ ਹਵਾ', ‘ਨਾਗ-ਲੋਕ' ਅਤੇ ਸੱਥਰ ਆਦਿ ਕਿਤਾਬਾਂ ਦੇ ਸਿਰਜਕ ਲਾਲ ਸਿੰਘ ਦਿਲ ਦੇ ਅਕਾਲ ਚਲਾਣੇ 'ਤੇ ਵੱਖ ਵੱਖ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਨ੍ਹਾਂ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਹੈ।

(15 August 2007) 

ਸ਼ੋਕ ਪ੍ਰਗਟਾਵਾ

ਸਤਿਕਾਰ ਯੋਗ ਰਾਏ ਸਾਹਿਬ,

ਮੈਨੂੰ ਲਗਦੈ ਕਿ ਸਾਡੀਆਂ ਈ.ਮੇਲਾਂ ਮਿਲਣ-ਪਹੁੰਚਣ ਵਿਚ ਕੋਈ ਗੜਬੜ ਜ਼ਰੂਰ ਰਹੀ ਹੈ ਤੇ ਹੈ ਵੀ ਜੇ ਕਰ ਇਹ ਈ.ਮੇਲ ਮਿਲ ਜਾਵੇ ਤਾਂ ਇਤਲਾਹ ਦੇ ਦੇਣੀ ਤਿੰਨ ਈ. ਮੇਲ ਦਲਬੀਰ ਜੀ ਬਾਰੇ ਭੇਜਣ ਤੇ ਵੀ ਮੈਨੂੰ ਲੱਗੈ ਕਿ ਉਹ ਤੁਹਾਨੂੰ ਮਿਲੀਆਂ ਹੀ ਨਹੀਂ

ਦਲਬੀਰ ਜੀ ਦੀ ਬੇਵਕਤੀ ਮੌਤ ਨਾਲ ਅਸੀਂ ਸਭ ਹਾਲੀਂ ਜੂਝ ਰਹੇ ਸਾਂ ਕਿ ਇਕ ਹੋਰ ਦੁਖਦੀ ਖਬਰ ਪੜ੍ਹਨ ਨੂੰ ਮਿਲ ਗਈ ਜੁਝਾਰਵਾਦੀ ਕਵੀ ਲਾਲ ਸਿੰਘ ਦਿਲ ਵੀ ਸਾਨੂੰ ਵਿਛੋੜਾ ਦੇ ਗਏ ਉਂਨ੍ਹਾ ਦੇ ਤੁਰ ਜਾਣ ਤੋਂ ਪਹਿਲਾਂ ਛਪੀ ਅਪੀਲ ਪੜ੍ਹ ਕੇ ਮਨ ਨੂੰ ਬਹੁਤ ਦੁੱਖ ਹੋਇਆ ਸੀ ਕਿ ਚੰਗੇ ਸਾਹਿਤਕਾਰਾਂ ਦਾ ਅਖੀਰਲਾ ਪਹਿਰ ਐਨਾ ਨਿਮਾਣਾ ਤੇ ਨਿਤਾਣਾ ਹੋ ਸਕਦੈ? ਸਾਡੀਆਂ ਸਰਕਾਰਾਂ ਨੇ ਕਦੀ ਇਸ ਬਾਰੇ ਸੋਚਿਆ ਹੀ ਨਹੀਂ ਕਿ ਲੇਖਕ ਦੀ ਮਿਹਨਤ ਦਾ ਕੀ ਮੁੱਲ ਹੋਣਾ ਚਾਹੀਦਾ ਹੈ ਉਨ੍ਹਾਂ ਦੀ ਰੋਟੀ ਕੱਪੜੇ ਮਕਾਨ ਲਈ ਅਤੇ ਸਿਹਤ ਸੰਭਾਲ ਵਾਸਤੇ ਵੀ ਕੋਈ ਯੋਗ ਸੁਵਿਧਾ ਹੋਣੀ ਚਾਹੀਦੀ ਹੈ ਕਿੰਨਾ ਚੰਗਾ ਹੋਵੇ ਕਿ ਵੇਲੇ ਦੀ ਸਰਕਾਰ ਦੇ ਕੰਨਾ ਤੇ ਕੋਈ ਜੂੰ ਸਰਕੇ ਤੇ ਉਸਨੂੰ ਸ਼ਰਮ ਆਵੇ ਕਿ ਦੇਸ਼ ਦੇ ਸਰਮਾਏ ਉਨ੍ਹਾਂ ਨੇ ਕਿਵੇਂ ਸਾਂਭਣੇ ਹਨ ਦਿਲ ਹੋਰਾਂ ਦੀ ਸ਼ਾਇਰੀ ਸਦਾ ਸਾਡੇ ਕੰਨਾ ਵਿਚ ਗੂੰਜਦੀ ਰਹੇਗੀ ਉਨ੍ਹਾਂ ਨੇ ਜਿੰਨਾ ਵੀ ਲਿਖਿਆ ਚੰਗਾ ਲਿਖਿਆ ਕੀ ਕੀਤਾ ਜਾਵੇ, ਜੋ ਘੜਿਆ ਸੋ ਭੱਜਸੀ ਦੁਨੀਆਂ ਆਉਣੀ ਜਾਣੀ ਹੈ

ਸਾਰੇ ਸਾਹਿਤਕ ਭਾਈਚਾਰੇ ਦੇ ਦੁੱਖ ਵਿੱਚ ਸ਼ਰੀਕ ਹੁੰਦਿਆਂ ਹੋਇਆਂ,
ਬਲਬੀਰ ਸੰਘੇੜਾ (17 ਅਗਸਤ 2007)

 

e-mail:
ilKfrI
Likhari



© likhari: Punjabi Likhari Forum-2001-2007