ਮੁੱਖ ਪੰਨਾ

ਸ਼ੋਕ ਸਮਾਚਰ

ਲਿਖਾਰੀ

ਪ੍ਰਸਿੱਧ ਪੰਜਾਬੀ ਸ਼ਾਇਰ ਪ੍ਰੋ. ਨਰਜੀਤ ਖਹਿਰਾ ਨਹੀਂ ਰਹੇ!

-ਰੀਪੋਰਟ: ਐੱਚ.ਐੱਸ. ਰੰਧਾਵਾ, ਆਰਟ ਮੀਡੀਆ-


ਟੋਰਾਂਟੋ/ਸਤੰਬਰ 20,2007/-ਇਹ ਖ਼ਬਰ ਸਾਹਿਤਕ ਹਲਕਿਆਂ ਵਿੱਚ ਬੜੇ ਹੀ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪ੍ਰਸਿੱਧ ਪੰਜਾਬੀ ਸ਼ਾਇਰ ਪ੍ਰੋ. ਨਰਜੀਤ ਖਹਿਰਾ ਕੱਲ੍ਹ ਸ਼ਾਮੀਂ ਜਲੰਧਰ ਵਿੱਚ ਆਪਣੇ ਨਿਵਾਸ ਸਥਾਨ ਵਿਖੇ ਅਕਾਲ ਚਲਾਨਾ ਕਰ ਗਏ ਹਨ। ਉਹ 66 ਸਾਲਾਂ ਦੇ ਸਨ ਅਤੇ ਪਿਛਲੇ 6-7 ਸਾਲ ਤੋਂ ਉਹ ਐਲਜ਼ਾਇਮਰ ਦਾ ਸ਼ਿਕਾਰ ਹੋ ਚੁੱਕੇ ਸਨ ਅਤੇ ਇਹ ਭਿਆਨਕ ਬੀਮਾਰੀ ਹੌਲ਼ੀ ਹੌਲ਼ੀ ਉਹਨਾਂ ਦੇ ਦਿਮਾਗ਼ ਨੂੰ ਖਾ ਗਈ ਸੀ। ਉਹ ਆਪਣੇ ਪਿੱਛੇ ਦੋ ਬੇਟੀਆਂ ਅਤੇ ਇੱਕ ਬੇਟਾ ਛੱਡ ਗਏ ਹਨ। ਉਹ ਇੱਕ ਪੜ੍ਹੇ-ਲਿਖੇ ਅਤੇ ਪ੍ਰਗਤੀਵਾਦੀ ਸੋਚ ਨੂੰ ਪਰਨਾਏ ਹੋਏ ਸ਼ਾਇਰ ਸਨ। ਨਕਸਲਬਾੜੀ ਲਹਿਰ ਦੇ ਦੌਰ ਵਿੱਚ ਉਹ ਲਹਿਰ ਨਾਲ਼ ਵੀ ਜੁੜੇ ਰਹੇ ਅਤੇ ਇੱਕ ਰਸਾਲਾ ਵੀ ਕੱਢਦੇ ਰਹੇ। ਸੰਨ 1971 ਵਿੱਚ ਉਹਨਾਂ ਦੀ ਕਵਿਤਾ ਦੀ ਇੱਕ ਕਿਤਾਬ, ‘ਪਰਿਵਰਤਨ’ ਛਪੀ ਸੀ। ਇਸ ਕਿਤਾਬ ਵਿੱਚ ਔਰਤ-ਮਰਦ ਦੇ ਸਬੰਧਾਂ ਦੀਆਂ ਕਵਿਤਾਵਾਂ ਦੇ ਨਾਲ਼ ਨਾਲ਼ ਸਮਾਜਿਕ ਗਿਰਾਵਟ ‘ਤੇ ਚੋਟਾਂ ਕਰਦੀਆਂ ਅਤੇ ਥੁੜਾਂ-ਮਾਰੇ ਲੋਕਾਂ ਦੀ ਬਾਤ ਪਾਉਂਦੀਆਂ ਕਵਿਤਾਵਾਂ ਹਨ। ਉਹ ਸ਼ਿਵ ਦਾ ਬਹੁਤ ਤਕੜੇ ਫੈਨ ਸਨ। ਸ਼ਿਵ ਦੀ ਸ਼ਾਇਰੀ ਉਹਨਾਂ ਦੀ ਰੂਹ ਵਿੱਚ ਵਸੀ ਹੋਈ ਸੀ ਅਤੇ ਉਹਨਾਂ ਦੀ ਯਾਦਦਾਸ਼ਤ ਦੇ ਆਖਰੀ ਪਲਾਂ ਤੱਕ ਉਹਨਾਂ ਦੇ ਬੁੱਲ੍ਹਾਂ ‘ਤੇ ਰਹੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸ਼ਿਵ ਦੀ ਸੰਪਾਦਤ ਕਰਵਾਈ ਗਈ ਕਿਤਾਬ ‘ਅਲਵਿਦਾ’ ਲਈ ਉਹਨਾਂ ਨੇ ਸਿਰ-ਤੋੜ ਮਿਹਨਤ ਕੀਤੀ, ਬੜੀ ਮੁਸ਼ਕਲ ਨਾਲ਼ ਫਿਰ ਫਿਰਾ ਕੇ ਕਵਿਤਾਵਾਂ ਇਕੱਠੀਆਂ ਕਰਕੇ ਡਾ.ਪਿਆਰ ਸਿੰਘ ਨਾਲ ਕਿਤਾਬ ਸੰਪਾਦਤ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਸੀ। ਉਨ੍ਹਾਂ ਦੀ ਅਣਛੱਪੀ ਸ਼ਾਇਰੀ ਦੀ ਸਮੱਗਰੀ ਇੱਕ ਵੱਡੀ ਕਿਤਾਬ ਜੋਗੀ ਹੈ ਜਿਸ ਨੂੰ ਛੇਤੀ ਹੀ ਉਹਦੇ ਦੋਸਤਾਂ ਅਤੇ ਸਹਿਯੋਗੀਆਂ ਵੱਲੋਂ ਕਿਤਾਬੀ ਰੂਪ ਵਿੱਚ ਪੇਸ਼ ਕੀਤਾ ਜਾਵੇਗਾ। ਉਹ ਟੋਰਾਂਟੋ ਦੇ ਨਾਮਵਰ ਲੇਖਕ ਕੁਲਵਿੰਦਰ ਖਹਿਰਾ ਦੇ ਚਾਚਾ ਜੀ ਸਨ। ਇਸ ਸੰਬੰਧੀ ਉਹਨਾਂ ਨਾਲ ਫੋਨ ਨੰਬਰ 647-407-1955 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
(22 ਸਤੰਬਰ 2007)

 

 

 

e-mail:
ilKfrI
Likhari



© likhari: Punjabi Likhari Forum-2001-2007