-khfxIaF-

 

ਕਰਵਾ-ਚੌਥ: ਤੂ ਹੀ ਮੇਰਾ ਚੰਦਾ

-ਸੁਰਜੀਤ ਕਲਸੀ,ਬਰਨਬੀ-

 

 

ਰੁੱਤ ਸੰਧੂਰੀ ਪੱਤਝੜ ਦੀ ਸੀ ਤੇ ਅਕਤੂਬਰ-ਨਵੰਬਰ ਦੀ ਠੰਢ ਉੱਤਰਦੀ ਆ ਰਹੀ ਸੀ। ਕੁਝ ਦਿਨਾਂ ਦੇ ਮੀਂਹ ਤੋਂ ਬਾਅਦ ਹਵਾ ਵਿਚ ਕੁਝ ਨਮੀ ਅਜੇ ਵੀ ਬਾਕੀ ਸੀ। ਅੱਜ ਕਰਵਾ-ਚੌਥ ਹੈ। ਸ਼ਿਆਮਲ ਅਮਾਵਸ ਪੱਖ ਦਾ ਚੰਦਰਮਾ ਚਾਰ ਦਿਨ ਦਾ ਸੀ – ਕਰਵਾ-ਚੌਥ। ਕਰਵਾ ਜਿਵੇਂ ਕੋਰਾ ਕੁੱਜਾ – ਔਰਤ ਦੀ ਦੇਹੀ ਦਾ ਪ੍ਰਤਿਰੂਪ, ਜਿਸ ਵਿਚ ਸਾਰਾ ਆਪਾ ਪਾ ਕੇ ਔਰਤ ਉਸ ਆਪਣੇ ਪੁਰਸ਼ ਨੂੰ ਜਿਸ ਨੂੰ ਉਹ ਆਪਣੀ ਰੂਹ-ਮਨ-ਦੇਹੀ ਦੀ ਤ੍ਰੈਵੇਣੀ ਦਾ ਸਾਰਥੀ ਮੰਨਦੀ ਹੈ, ਉਸ ਦੀ ਲੰਮੀ ਉਮਰ, ਖ਼ੁਸ਼ਹਾਲੀ ਅਤੇ ਪੁਰਸ਼ਤੱਵ ਦੀ ਸਲਾਮਤੀ ਲਈ ਅਰਘ ਚੜ੍ਹਾਉਂਦੀ ਹੈ!

ਅੱਜ ਸਵੇਰੇ ਸਰਘੀ ਵੇਲੇ, ਵੱਡੀ ਅੰਮੀ, ਮਾਂ ਤੇ ਮੇਰੀ ਪਤਨੀ ਮੀਨਾ ਨੇ ਪੂਜਾ ਕਰ ਕੇ ਕਰਵੇ ਦੀ ਸਮੱਗਰੀ ਖਾ ਕੇ ਕਰਵਾ-ਚੌਥ ਦਾ ਵਰਤ ਰੱਖ ਲਿਆ ਸੀ। ਕਰਵਾ-ਚੌਥ ਵਾਲੇ ਦਿਨ ਹਰ ਸਾਲ ਉਹ ਬਹੁਤ ਸੁਵਖਤੇ ਮੂੰਹ ਝਾਖਰੇ ਹੀ ਉੱਠ ਕੇ ਸਬਜ਼ੀਆਂ ਛੌਂਕਣ ਲੱਗ ਪੈਂਦੀਆਂ ਸਨ, ਨਾਲ ਹੀ ਰਸੋਈ ਵਲੋਂ ਆਉਂਦੀ ਕੜਾਹ ਪੂੜੀਆਂ ਦੀ ਸੁਗੰਧ ਨਾਲ ਸਾਰਾ ਘਰ ਮਹਿਕ ਉੱਠਦਾ ਸੀ। ਮੈਂ ਉਦੋਂ ਸਿਰਫ ਦਸ ਕੁ ਸਾਲ ਦਾ ਸਾਂ ਜਦੋਂ ਮੈਨੂੰ ਲੱਗਾ ਕਿ ਇਹ ਕਰਵੇ ਦਾ ਤਿਓਹਾਰ ਸਿਰਫ ਔਰਤਾਂ ਲਈ ਹੀ ਹੁੰਦਾ ਹੈ ਉਹਨਾਂ ਨੂੰ ਚੰਗੇ ਚੰਗੇ ਪਕਵਾਨ ਖਾਣ ਨੂੰ ਮਿਲਦੇ ਹਨ। ਮੈਂਨੂੰ ਆਪਣੀ ਮੇਰੇ ਤੋਂ ਚਾਰ ਸਾਲ ਵੱਡੀ ਭੈਣ, ਸੁਮਿੱਤਰਾਂ ਜਿਸ ਨੂੰ ਸਾਰੇ ਸੰਮੀ ਸੱਦਦੇ ਸਨ, ਉੱਤੇ ਈਰਖਾ ਹੋ ਆਉਂਦੀ ਕਿ ਉਸ ਨੂੰ ਵੀ ਹਰ ਸਾਲ ਇਸੇ ਤਰ੍ਹਾਂ ਬਹੁਤ ਉਮਦਾ ਖਾਣ ਨੂੰ ਮਿਲਿਆ ਕਰੇਗਾ ਜਦੋਂ ਉਹ ਆਪਣੇ ਸਹੁਰੇ ਚਲੀ ਜਾਵੇਗੀ। ਮੇਰੇ ਦਿਲ ਵਿਚ ਖੋਹ ਪੈਣ ਲੱਗ ਜਾਂਦੀ ਤੇ ਮੇਰਾ ਹਮੇਸ਼ਾ ਦਿਲ ਕਰਦਾ ਰਹਿੰਦਾ ਕਿ ਸੰਮੀ ਕਦੀ ਸਹੁਰੇ ਨਾ ਜਾਵੇ। ਬਹੁਤ ਸਾਲਾਂ ਬਾਅਦ ਮੈਨੂੰ ਉਦੋਂ ਸਮਝ ਆਈ ਜਦੋਂ ਮੇਰੀ ਪਤਨੀ ਨੇ ਮੇਰੇ ਲਈ ਕਰਵਾ–ਚੌਥ ਦਾ ਵਰਤ ਮਾਂ ਅਤੇ ਵੱਡੀ ਅੰਮੀ ਦੇ ਨਾਲ ਰੱਖਣਾ ਸ਼ੁਰੂ ਕਰ ਦਿੱਤਾ। ਤਦ ਮੇਰੇ ਖਾਨੇ ਪਈ ਕਿ ਕਰਵਾ-ਚੌਥ ਤਾਂ ਪੁਰਸ਼ਾਂ ਦੀ ਸਲਾਮਤੀ ਦਾ ਤਿਓਹਾਰ ਹੈ। ਇਸ ਦਿਨ ਤਾਂ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਅਤੇ ਸਦਾ ਸਲਾਮਤੀ ਦੀ ਦੁਆ ਕਰਨ ਅਤੇ ਆਪਣੀ ਨਿਸ਼ਠਾ ਦੀ ਪਰਖ ਲਈ ਵਰਤ ਰੱਖਦੀਆਂ ਹਨ।

ਪਹਿਲੀ ਵਾਰ ਜਦੋਂ ਮੇਰੀ ਪਤਨੀ ਨੇ ਕਰਵਾ-ਚੌਥ ਦਾ ਵਰਤ ਰੱਖਿਆ ਸੀ ਤਾਂ ਉਸ ਨੇ ਵੀ ਮਾਂ ਅਤੇ ਵੱਡੀ ਅੰਮੀ ਵਾਂਗ ਹੀ ਸਾਰਾ ਕੁਝ ਕੀਤਾ ਸੀ। ਇਸ ਦਿਨ ਔਰਤਾਂ ਆਪਣੇ ਸਰੀਰ ਨੂੰ ਨਵੇਂ ਨਵੇਂ ਕੱਪੜਿਆਂ, ਗਹਿਣਿਆਂ, ਫੁੱਲਾਂ ਅਤੇ ਖ਼ੂਸ਼ਬੂ ਨਾਲ ਸਜਾਉਂਦੀਆਂ ਹਨ। ਹੱਥਾਂ ਦੀਆਂ ਤਲੀਆਂ ’ਤੇ ਮਹਿੰਦੀ ਦਾ ਰੱਤੜਾ ਰੰਗ, ਹੋਠਾਂ ’ਤੇ ਦੰਦਾਸੇ ਦਾ ਸੂਹਾ ਰੰਗ, ਮੱਥੇ ਉੱਤੇ ਚੰਦ ਦੀ ਬਿੰਦੀ, ਕੰਨਾਂ ਵਿਚ ਝੁਮਕੇ, ਨੱਕ ਵਿਚ ਲਿਸ਼ਕਦਾ ਕੋਕਾ, ਬਾਹਵਾਂ ਵਿਚ ਕੱਪੜਿਆਂ ਨਾਲ ਸਾਂਵੀਂਆਂ ਰਲਦੀਆਂ ਰੰਗ ਬਰੰਗੀਆਂ ਚੂੜੀਆਂ ਦੀ ਛਨਣ ਛਨਣ; ਪੈਰਾਂ ਵਿਚ ਚਾਂਦੀ ਦੇ ਬੋਰਾਂ ਵਾਲੀਆਂ ਪਾਜੇਬਾਂ ਦੀ ਛਣਕਾਰ ਅਤੇ ਪੈਰਾਂ ਦੀਆਂ ਉਂਗਲੀਆਂ ਨੂੰ ਬਿੱਛੁਵਿਆਂ ਨਾਲ ਸਜਾਉਂਦੀਆਂ। ਕਿਸ ਕਿਸ ਤਰ੍ਹਾਂ ਦੇ ਸ਼ਿਗਾਰ ਕਰ ਕੇ ਉਹ ਆਪਣੇ ਆਪਣੇ ਆਦਮੀ ਨੂੰ ਰੀਝਾਉਣ ਦਾ ਉਪਰਾਲਾ ਕਰਦੀਆਂ ਹਨ! ਮੈਂ ਤਾਂ ਇਸ ਬਾਰੇ ਏਨਾ ਹੀ ਸਮਝ ਸਕਿਆ ਹਾਂ ਕਿ ਇਹ ਇਕ ਦਿਨ ਮਿੱਥ ਲਿਆ ਗਿਆ ਹੈ ਸਾਲ ਵਿਚ ਜਦੋਂ ਇਕ ਤਰ੍ਹਾਂ ਨਾਲ ਔਰਤ ਆਪਣੇ ਪਤੀ ਪ੍ਰਤੀ ਆਪਣਾ ਪਿਆਰ, ਨਿਸ਼ਠਾ ਅਤੇ ਵਚਨਬੱਧਤਾ ਦਾ ਪ੍ਰਦਰਸ਼ਣ ਕਰਦੀ ਹੈ। ਖੈਰ, ਮੇਰੀ ਸੋਚ ਗ਼ਲਤ ਵੀ ਹੋ ਸਕਦੀ ਹੈ ਪਰ ਮੈਨੂੰ ਇਹ ਸੋਚ ਕੇ ਦੁੱਖ ਹੁੰਦਾ ਹੈ ਕਿ ਸੰਮੀ ਦੀਦੀ ਨੇ ਕੀ ਕੋਈ ਕਸਰ ਛੱਡੀ ਹੋਵੇਗੀ? ਕੀ ਉਸ ਦੀ ਅਰਾਧਨਾ ਵਿਚ ਕੋਈ ਕਸਰ ਰਹਿ ਗਈ ਸੀ ਕਿ ਅੱਜ ਜੋ ਪੇਕੇ ਘਰ ਦੇ ਇਕ ਖੂੰਜੇ ਦੁਬਕੀ ਬੈਠੀ ਮਨ ਹੀ ਮਨ ਸਾਰੀ ਰਾਤ ਅਰਦਾਸ ਕਰਦੀ ਰਹੀ ਹੋਵੇਗੀ ਕਿ ਅਗਲਾ ਦਿਨ ਕਰਵਾ-ਚੌਥ ਦਾ ਨਾ ਹੋਵੇ।

ਮੈਂ ਅਜੇ ਬਿਸਤਰ ਵਿਚ ਹੀ ਉੱਸਲਵੱਟੇ ਲੈ ਰਿਹਾ ਹਾਂ ਤੇ ਸੋਚ ਰਿਹਾ ਹਾਂ ਕਿ ਸੰਮੀ ਅੱਜ ਕੀ ਕਰੇਗੀ ... ਘਰ ਦੀਆਂ ਹੋਰ ਸੁਆਣੀਆਂ ਨੇ ਤਾਂ ਸਰਘੀ ਦੀ ਸਮੱਗਰੀ ਖਾ ਕੇ ਕਰਵੇ ਦਾ ਵਰਤ ਰੱਖ ਲਿਆ ਹੈ। ਉਹਨਾਂ ਸ਼ਾਇਦ ਸੰਮੀ ਨੂੰ ਆਵਾਜ਼ ਹੀ ਨਹੀਂ ਮਾਰੀ। ਮੈਂ ਬਹੁਤ ਬੇਚੈਨ ਹੋ ਜਾਂਦਾ ਹਾਂ। ਆਪਣੇ ਆਪ ਦੀ ਬਚਪਨ ਦੀ ਸੋਚ ਦਾ ਦੋਸ਼ੀ ਹਾਂ ਸ਼ਾਇਦ ਤਾਂ ਹੀ ਕਿਤੇ ਮੇਰੀ ਬਦ-ਦੁਆ ਲੱਗ ਗਈ ਸੀ ਸੰਮੀ ਨੂੰ ਕਿ ਉਹ ਇਕ ਦਿਨ ਅਚਾਨਕ ਆਪਣੇ ਪੰਜ ਸਾਲ ਦੇ ਬੱਚੇ ਰੋਹਿਤ ਨੂੰ ਲੈ ਕੇ ਆ ਗਈ ਸੀ। ਉਹ ਵਾਹੋ ਦਾਹੀ ਰੋਈ ਜਾ ਰਹੀ ਸੀ। ਰੋਹਿਤ ਵੀ ਮਾਂ ਦੇ ਨਾਲ ਰੋ ਰਿਹਾ ਸੀ। ਉਸ ਦੇ ਮੂੰਹ ’ਚੋਂ ਗੱਲ ਘੱਟ ਤੇ ਆਪਣੇ ਪਤੀ ਗੁਰਦਾਸ ਲਈ ਮੰਦੇ ਸ਼ਬਦ ਜ਼ਿਆਦਾ ਨਿਕਲ ਰਹੇ ਸਨ। ਭਾਵੇਂ ਗੁਰਦਾਸ ਨੂੰ ਮੈਂ ਸੰਮੀ ਦੇ ਵਿਆਹ ਤੋਂ ਪਹਿਲਾਂ ਜਾਣਦਾ ਸਾਂ; ਅਸੀਂ ਇਕੱਠੇ ਇਕ ਕੰਪਨੀ ਲਈ ਕੰਮ ਕਰਦੇ ਰਹੇ ਸਾਂ ਅਤੇ ਉਹ ਮੈਨੂੰ ਆਪਣਾ ਦੋਸਤ ਵੀ ਸਮਝਦਾ ਸੀ। ਕਈ ਵਾਰ ਮੇਰੇ ਲਈ ਇਹ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਸੀ ਕਿ ਗੁਰਦਾਸ ਸੱਚ ਮੁੱਚ ਇਸ ਤਰ੍ਹਾਂ ਦਾ ਭੈੜਾ ਵਰਤਾਓ ਕਰਦਾ ਹੋਵੇਗਾ।

ਸੰਮੀ ਰੋਈ ਜਾ ਰਹੀ ਸੀ ਤੇ ਕਹਿ ਰਹੀ ਸੀ, “ਮੰਮੀ ਤੁਸੀਂ ਮੇਰੇ ’ਤੇ ਜ਼ੁਲਮ ਕੀਤਾ ਹੈ। ਤੁਸੀਂ ਮੈਨੂੰ ... ਕਿਸ ਜ਼ਾਲਮ ਦੇ ਪੱਲੇ ਪਾ ਦਿੱਤਾ ... ਤੁਹਾਨੂੰ ਤਰਸ ਨਾ ਆਇਆ ...” ਸਾਰੇ ਘਰ ਵਿਚ ਮਾਤਮ ਛਾ ਗਿਆ ਸੀ। ਸ਼ਾਮ ਦਾ ਸਮਾਂ ਸੀ, ਮੈਂ ਅਜੇ ਕੰਮ ਤੋਂ ਆ ਕੇ ਖੜੋਤਾ ਹੀ ਸਾਂ ਕਿ ਇਹ ਚੀਕ ਚਿਹਾੜਾ ਦੇਖ ਕੇ ਮੈਂ ਅੱਗੇ ਹੋ ਕੇ ਰੋਂਦੇ ਰੋਹਿਤ ਨੂੰ ਉਸ ਕੋਲੋਂ ਫੜ ਕੇ ਪਰਲੇ ਕਮਰੇ ਵਿਚ ਲੈ ਗਿਆ ਤੇ ਫਿਰ ਉਸ ਨੂੰ ਵਰਾਉਣ ਦਾ ਯਤਨ ਕਰਨ ਲੱਗਾ ਸਾਂ। ਜਦ ਨੂੰ ਦਾਰਜੀ ਵੀ ਕੰਮ ਤੋਂ ਥੱਕੇ ਟੁੱਟੇ ਆ ਦਾਖ਼ਲ ਹੋਏ ਤਾਂ ਸੰਮੀ ਦਾ ਰੋਣ ਹਿਚਕੀਆਂ ਵਿਚ ਬਦਲ ਗਿਆ ਤੇ ਉਸ ਦੀ ਆਵਾਜ਼ ਵੀ ਹੌਲੀ ਹੋ ਗਈ ਤੇ ਫਿਰ ਚੁੱਪ ਚਾਂਦ ਛਾ ਗਈ। ਦਾਰਜੀ ਨੇ ਨਹੀਂ ਪੁੱਛਿਆ ਕਿ ਕੀ ਹੋਇਆ ਸੀ। ਜਿਵੇਂ ਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਹੋਵੇ ਕਿ ਅਜਿਹਾ ਇਕ ਦਿਨ ਹੋਣਾ ਹੀ ਸੀ। ਉਹ ਆਪਣੇ ਕਮਰੇ ਵਿਚ ਚਲੇ ਗਏ ਤੇ ਜਾ ਕੇ ਕੱਪੜੇ ਬਦਲਣ ਦੀ ਬਜਾਏ ਮੰਜੇ ਤੇ ਸਿਰ ਫੜ ਕੇ ਬੈਠ ਗਏ। ਮੈਂ ਹੌਲੀ ਜਿਹੀ ਉਹਨਾਂ ਦੇ ਕਮਰੇ ਵਿਚ ਦਾਖ਼ਲ ਹੋਇਆ ਤਾਂ ਉਹਨਾਂ ਮੇਰੀ ਵਲ ਦੁੱਖ ਅਤੇ ਗੁੱਸੇ ਨਾਲ ਲਾਲ ਹੋ ਗਈਆਂ ਅੱਖਾਂ ਨਾਲ ਦੇਖ ਕੇ ਕਿਹਾ, “ਜਾਈਂ ਨਾ ਕਿਤੇ। ਉਹ ਆ ਰਹੇ ਨੇ ਚਾਰ ਬੰਦੇ ਲੈ ਕੇ। ਗੁਰਦਾਸ ਦਾ ਫੋਨ ਆਇਆ ਸੀ ਫੈਕਟਰੀ, ਤੇ ਉਹ ਬਹੁਤ ਬੋਲਿਆ। ਕਹਿੰਦਾ, ਆਪਣੀ ਲਾਡਲੀ ਨੂੰ ਕੋਈ ਬੋਲਣ ਦੀ ਅਕਲ ਸਿਖਾਓ। ਮੇਰੀ ਮਾਂ ਨੂੰ ਸਾਰਾ ਦਿਨ ਗਾਲਾਂ ਕੱਢਦੀ ਰਹਿੰਦੀ ਹੈ ਤੇ ਹਾਰ ਕੇ ਜਦੋਂ ਮੈਂ ਦੋ ਲਾ ਦਿੱਤੀਆਂ ਤਾਂ ਪੁਲਿਸ ਦਾ ਡਰਾਵਾ ਦੇ ਕੇ ਰੋਹਿਤ ਨੂੰ ਨਾਲ ਲੈ ਕੇ ਘਰੋਂ ਚਲੀ ਗਈ ਹੈ ...” ਉਹ ਤਾਂ ਹੋਰ ਵੀ ਬਹੁਤ ਕੁਝ ਕਹਿੰਦਾ ਸੀ, ਮੈਂ ਹੀ ਕਿਹਾ ਕਿ ਚਲੋ ਸ਼ਾਮ ਨੂੰ ਬੈਠ ਕੇ ਗੱਲ ਕਰ ਲੈਨੇ ਆਂ। ਉਹ ਕਹਿੰਦਾ, “ਅਸੀਂ ਬੰਦੇ ਲੈ ਕੇ ਆਵਾਂਗੇ, ਤੇ ਰੋਜ਼ ਰੋਜ਼ ਦੀ ਘੈਂਸ ਘੈਂਸ ਦਾ ਫਾਹਾ ਵੱਢ ਦੇਣਾ ਹੈ ...” ਮੈਂ ਚੁੱਪ ਕਰ ਕੇ ਦਾਰਜੀ ਨੂੰ ਬਿਨਾਂ ਕੋਈ ਉੱਤਰ ਦਿੱਤਿਆਂ ਮਾਂ ਤੇ ਸੰਮੀ ਦੀਦੀ ਨੂੰ ਆ ਸੁਨੇਹਾ ਦਿੱਤਾ ਤਾਂ ਜੋ ਉਹ ਵੀ ਤਿਆਰ ਹੋ ਜਾਣ ਇਸ ਮੀਟਿੰਗ ਲਈ।

ਸ਼ਾਮ ਚਿਰੋਕੀ ਹੋ ਚੁੱਕੀ ਸੀ। ਮਾਂ ਤੇ ਮੀਨਾ ਖਾਣ ਪੀਣ ਦਾ ਆਹਰ ਕਰਨ ਲੱਗੀਆਂ ਤੇ ਸੰਮੀ ਕਿਚਨ ਟੇਬਲ ਤੇ ਚੁੱਪ ਕਰ ਕੇ ਬੈਠ ਗਈ ਸੀ। ਪਹਿਲਾਂ ਸਾਰਿਆਂ ਸੋਚਿਆ ਕਿ ਉਹਨਾਂ ਦੇ ਆਇਆਂ ਤੋਂ ਹੀ ਰੋਟੀ ਖਾਣੀ ਚਾਹੀਦੀ ਹੈ ਫਿਰ ਸੋਚਿਆ ਕਿ ਗੱਲਬਾਤ ਪਤਾ ਨਹੀਂ ਕਿਹੜਾ ਰੁਖ ਲੈ ਜਾਏ ਸੋ ਰੋਟੀ ਟੁੱਕ ਦਾ ਕੰਮ ਪਹਿਲਾਂ ਹੀ ਨਿਬੇੜ ਲੈਣਾ ਚਾਹੀਦਾ ਹੈ। ਉਂਜ ਵੀ ਦਾਰਜੀ ਤਾਂ ਕੰਮ ਤੋਂ ਆਉਂਦਿਆਂ ਹੀ ਸ਼ਾਮ ਦਾ ਖਾਣਾ ਖਾ ਲੈਣ ਦੇ ਆਦੀ ਹਨ। ਸੰਮੀ ਦਾ ਪਤੀ ਗੁਰਦਾਸ, ਉਸ ਦਾ ਡੈਡੀ, ਦੋ ਚਾਚੇ ਅਤੇ ਇਕ ਮਾਮਾ, ਕੁਲ ਮਿਲਾ ਕੇ ਪੰਜ ਜਣੇ ਆ ਗਏ। ਰਸਮੀ ਚਾਹ ਪਾਣੀ ਦੀ ਸੇਵਾ ਤੋਂ ਬਾਅਦ ਵੱਡੇ ਚਾਚੇ ਨੇ ਗੱਲ ਛੇੜੀ, ਸਾਰਾ ਕਸੂਰ ਕੁੜੀ ਦੇ ਸਿਰ। ਫਿਰ ਮਾਮੇ ਨੇ ਸਿਆਣਿਆਂ ਵਾਂਗ ਦੋਹਾਂ ਪਾਸਿਆਂ ਦੀ ਗੱਲ ਕਰਦਿਆਂ ਕਿਹਾ ਕਿ ਕੁੜੀ ਨੂੰ ਚਾਹੀਦਾ ਹੈ ਕਿ ਬਜ਼ੁਰਗਾਂ ਦੀ ਇੱਜ਼ਤ ਕਰਿਆ ਕਰੇ ਤੇ ਚੁੱਪ ਕਰ ਰਿਹਾ ਕਰੇ; ਫੇਰ ਗੁਰਦਾਸ ਦੀ ਮਾਂ ਉਹਨੂੰ ਕਿਸ ਤਰ੍ਹਾਂ ਕੁਝ ਕਹਿ ਸਕਦੀ ਹੈ। ਸੋ ਵਾਰੋ ਵਾਰੀ ਸਾਰਿਆਂ ਨੇ ਕਸੂਰ ਕੁੜੀ ਦਾ ਹੀ ਕੱਢਿਆ। ਪਰ ਸੰਮੀ ਇਕ ਵੀ ਲਫ਼ਜ਼ ਨਾ ਬੋਲੀ ਜਿਵੇਂ ਕਿ ਉਸ ਨੂੰ ਉਸ ਦੀ ਮਾਂ ਨੇ ਕਹਿ ਰੱਖਿਆ ਸੀ ਕਿ ਬੋਲੇ ਨਾ। ਫਿਰ ਗੁਰਦਾਸ ਦਾ ਡੈਡੀ ਕਹਿਣ ਲੱਗਾ ਕਿ ਜੇ ਸੁਮਿੱਤਰਾਂ ਆਪਣੀ ਗਲਤੀ ਮੰਨ ਲਵੇ ਤਾਂ ਸੁਲਾਹ ਸਫਾਈ ਨਾਲ ਅਸੀਂ ਉਸ ਨੂੰ ਲੈ ਜਾਂਦੇ ਹਾਂ। ਸੰਮੀ ਦੀਆਂ ਅੱਖਾਂ ਵਿੱਚੋਂ ਪਰਲ ਪਰਲ ਅੱਥਰੂ ਵਹਿ ਤੁਰੇ ... ਉਸ ਕਹਿਣ ਦਾ ਯਤਨ ਕੀਤਾ, “ਡੈਡੀ ਜੀ, ਮੈਂ ਆਪਦੀ ਗਲਤੀ ਮੰਨ ਜਾਂਦੀ ਹਾਂ ਕਿ ਮੈਂ ਵੀ ਗੁੱਸੇ ਵਿਚ ਬੁਰਾ ਭਲਾ ਕਹਿ ਜਾਂਦੀ ਹਾਂ ਪਰ ਤੁਸੀਂ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਕਿ ਮਾਰੀਦਾ ਨਹੀਂ ਹੁੰਦਾ ਅਤੇ ਰੋਜ਼ ਸ਼ਰਾਬ ਪੀ ਕੇ ਨਾ ਆਇਆ ਕਰਨ” ... ... “ਤੈਨੂੰ ਕੀ ਪਤੈ ਕਿ ਕਹਿੰਨਾ ਕਿ ਨਹੀਂ ... ਇਹ ਹੁਣ ਸੁਣਦਾ ਹੀ ਸੁਣੂਗਾ ... ... ਪਰ ਕੁੜੀਆਂ ਨੂੰ ਇਹ ਸੋਭਦਾ ਨਹੀਂ ਕਿ ਮਾੜੀ ਜਿਹੀ ਗੱਲ ਤੋਂ ਗੁੱਸੇ ਹੋ ਕੇ ਘਰੋਂ ਚਲੀਆਂ ਜਾਣ ਤੇ ਪੁਲੀਸ ਦਾ ਡਰਾਵਾ ਦੇਣ ਲੱਗ ਜਾਣ।”

ਗੱਲ ਇੱਥੇ ਮੁੱਕ ਗਈ ਕਿ ਸੰਮੀ ਉਹਨਾਂ ਦੇ ਨਾਲ ਚਲੀ ਜਾਏਗੀ, ਗੁਰਦਾਸ ਉਹਨੂੰ ਨਹੀਂ ਮਾਰੇਗਾ ਤੇ ਨਾ ਹੀ ਉਹ ਉਹਦੀ ਮਾਂ ਨੂੰ ਬੁਰਾ ਭਲਾ ਕਹੇਗੀ।

ਉਦੋਂ ਲਗਦਾ ਸੀ ਕਿ ਇਹ ਤਾਂ ਬਹੁਤ ਹੀ ਸਾਧਾਰਨ ਗੱਲ ਹੈ ਅਤੇ ਸੁਲਾਹ ਸਫਾਈ ਵੱਡਿਆਂ ਦੇ ਕਹੇ ਹੋ ਜਾਂਦੀ ਹੈ। ਪਰ ਅਜਿਹਾ ਨਾ ਹੋਇਆ। ਗੁਰਦਾਸ ਨੇ ਆਪਣੀਆਂ ਆਦਤਾਂ ਨਾ ਬਦਲੀਆਂ ਅਤੇ ਸੰਮੀ ਨੇ ਸਾਲ ਕੁ ਹੋਰ ਇਸੇ ਤਰ੍ਹਾਂ ਸਹਿ ਲਿਆ। ਫਿਰ ਪਿਛਲੀ ਵਾਰ ਜਦੋਂ ਗੁਰਦਾਸ ਨੇ ਸੰਮੀ ਨੂੰ ਬਹੁਤ ਕੁੱਟਿਆ ਤਾਂ ਉਸ ਨੇ ਪੁਲੀਸ ਨੂੰ ਵੀ ਨਹੀਂ ਸੀ ਬੁਲਾਇਆ। ਬਸ ਚੁੱਪ ਕਰ ਕੇ ਮਾਪਿਆਂ ਦੇ ਘਰ ਆ ਗਈ ਸੀ ਪਰ ਅਗਲੇ ਦਿਨ ਪੁਲੀਸ ਉਸ ਨੂੰ ਉਸਦੀ ਕੁੱਟਮਾਰ ਬਾਰੇ ਪੁੱਛਣ ਆ ਗਈ ਸੀ ਕਿਉਂਕਿ ਗੁਆਂਢੀਆਂ ਨੇ ਚੀਕ ਚਿਹਾੜਾ ਸੁਣ ਕੇ ਪੁਲੀਸ ਨੂੰ ਫ਼ੋਨ ਕਰ ਦਿੱਤਾ ਸੀ। ਗੁਰਦਾਸ ਉੱਤੇ ਸੰਮੀ ਨੂੰ ਮਾਰਨ ਕੁੱਟਣ ਦੇ ਚਾਰਜ ਲੱਗੇ। ਕੋਰਟ ਨੇ ਉਸ ਨੂੰ ਕਾਂਊਂਸਲਿੰਗ ਲਈ ਭੇਜ ਦਿੱਤਾ; ਜਿੱਥੇ ਉਹਦੇ ਵਰਗੇ ਹੋਰ ਦਸ ਬਾਰਾਂ ਬੰਦੇ ਗੁਰੱਪ ਵਿਚ ਨਵੀਂ ਤਰ੍ਹਾਂ ਦੇ ਵਤੀਰੇ ਅਤੇ ਗੁੱਸੇ ਨੂੰ ਕਾਬੂ ਵਿਚ ਰੱਖਣ ਦੇ ਹੁਨਰ ਸਿੱਖਦੇ। ਨਸ਼ਿਆਂ ਤੋਂ ਹੋਣ ਵਾਲੇ ਸਰੀਰਕ, ਮਾਨਸਿਕ ਅਤੇ ਆਰਥਿਕ ਨੁਕਸਾਨਾਂ ਬਾਰੇ ਗਿਆਨ ਹਾਸਲ ਕਰਦੇ। ਗੁਰਦਾਸ ਨੇ ਕਈ ਵਾਰ ਮੈਨੂੰ ਫ਼ੋਨ ਤੇ ਹੱਸਦਿਆਂ ਦੱਸਿਆ ਸੀ ਕਿ ਉਹ ਕਾਂਊਂਸਲਿੰਗ ਪ੍ਰੋਗਰਾਮ ਤਾਂ ਜਹਾਜ਼ੋਂ ਉੱਤਰਦਿਆਂ ਨੂੰ ਹੀ ਕੈਨੇਡਾ ਦੀ ਧਰਤੀ ਤੇ ਪੈਰ ਰੱਖਦੇ ਸਾਰ ਹੀ ਲੈ ਲੈਣਾ ਚਾਹੀਦਾ ਹੈ ਤਾਂ ਜੋ ਪਤਾ ਤਾਂ ਰਹੇ ਕਿ ਇੱਥੇ ਦਾ ਕਾਨੂੰਨ ਕੀ ਹੈ ਤੇ ਸਾਰਾ ਸਿਸਟਮ ਕੀ ਕਰ ਸਕਦਾ ਹੈ। ਐਵੇਂ ਚੰਗੇ ਭਲੇ ਬੰਦੇ ਨੂੰ ਰਸਦੇ ਵਸਦੇ ਨੂੰ ਸਕੂਲੇ ਪੜ੍ਹਨ ਪਾ ਦਿੰਦਾ ਹੈ। ਇਸ ਗੱਲ ਨੂੰ ਹੁਣ ਇਕ ਸਾਲ ਹੋ ਚਲਿਆ ਹੈ ਤੇ ਹੁਣ ਅੱਜ ਉਹ ਪ੍ਰੀਖਿਆ ਦੀ ਘੜੀ ਹੈ ਸੰਮੀ ਲਈ ਕਿ ਉਹ ਕਰਵਾ-ਚੌਥ ਰੱਖੇ ਕਿ ਨਾ। ਔਰਤ ਇਕ ਵਾਰ ਵਿਆਹੀ ਜਾਂਦੀ ਹੈ ਤਾਂ ਉਹ ਆਪਣੇ ਆਪ ਨੂੰ ਵਿਆਹੀ ਹੀ ਸਮਝਦੀ ਹੈ ਭਾਵੇਂ ਪਤੀ ਦੇ ਨਾਲ ਰਹਿੰਦੀ ਹੈ ਜਾਂ ਪਤੀ ਤੋਂ ਦੂਰ ਰਹਿੰਦੀ ਹੈ। ਅੰਦਰੇ ਅੰਦਰ ਸੰਮੀ ਇਸ ਉਮੀਦ ਵਿਚ ਵਕਤ ਕੱਟਦੀ ਰਹੀ ਹੈ ਕਿ ਇਕ ਦਿਨ ਸਭ ਕੁਝ ਆਪਣੇ ਆਪ ਠੀਕ ਹੋ ਜਾਵੇਗਾ। ਆਪਣੇ ਆਪ ਤਾਂ ਸ਼ਾਇਦ ਨਾ ਹੁੰਦਾ ਪਰ ਗੁਰਦਾਸ ਨੇ ਜੀਵਨ ਜਾਚ ਦੇ ਜੋ ਹੁਨਰ ਸਿੱਖੇ ਸਨ ਉਹਨਾਂ ਬਾਰੇ ਉਹ ਸਮੇਂ ਸਮੇਂ ਮੇਰੇ ਨਾਲ ਗੱਲ ਕਰਦਾ ਰਹਿੰਦਾ ਸੀ ਅਤੇ ਕਹਿੰਦਾ ਸੀ ਕਿ “ਆਈ ਵਾਜ਼ ਸੋ ਸਟੂਪਿਡ ਕਿ ਮੈਂ ਐਵੇਂ ਸੰਮੀ ’ਤੇ ਹੱਥ ਚੁੱਕਦਾ ਰਿਹਾਂ ...” ਉਸ ਦੇ ਬੋਲਣ ਵਿਚ ਵੀ ਹੁਣ ਅੱਗੇ ਵਰਗਾ ਕਾਹਲਾਪਨ ਅਤੇ ਖਰਵਾਪਨ ਨਹੀਂ ਸੀ ਹੁੰਦਾ। ਲਗਦਾ ਜਿਵੇਂ ਉਸ ਦੀ ਜ਼ਿੰਦਗੀ ਵਿਚ ਠਰ੍ਹੰਮਾ ਆ ਗਿਆ ਹੋਵੇ।

ਸੂਰਜ ਇਕ ਦਿਸ਼ਾ ਤੋਂ ਦੂਸਰੀ ਦਿਸ਼ਾ ਵਲ ਹੌਲੀ ਹੌਲੀ ਸਰਕ ਗਿਆ ਸੀ। ਸ਼ਾਮ ਦਾ ਮਟਮੈਲਾ ਅੰਧੇਰਾ ਪਸਰਨ ਲੱਗਾ। ਕਿਧਰੋਂ ਚੰਨ ਦੇ ਚੜ੍ਹ ਆਉਣ ਦੀਆਂ ਕੰਨਸੋਆਂ ਆਉਣ ਲੱਗੀਆਂ। ਫਿਰ ਉੱਚੇ ਚੜ੍ਹ ਚੜ੍ਹ ਚੰਨ ਦੇ ਦੀਦਾਰ ਕਰਨ ਲੱਗੀਆਂ ਸੁਆਣੀਆਂ ਆਪਣੇ ਪੂਰੇ ਸ਼ਿੰਗਾਰ ਅਤੇ ਲਿਬਾਸ ਵਿਚ ਲਿਪਟੀਆਂ ਮਹਿੰਦੀ ਵਾਲੇ ਹੱਥਾਂ ਨਾਲ ਪਿੱਤਲ ਦੀ ਛਾਨਣੀ ’ਚੋਂ ਚੰਨ ਦਾ ਮੁੱਖੜਾ ਤੱਕਣ ਲਈ ਉਤਾਵਲੀਆਂ ਇਕ ਦੂਜੀ ਤੋਂ ਅੱਗੇ ਨਿਕਲਣ ਦਾ ਯਤਨ ਕਰਨ ਲੱਗੀਆਂ। ਆਪਣੇ ਆਪਣੇ ਸਾਈਂ ਦੀ ਖ਼ੈਰ ਮਨਾਉਣ ਲੱਗੀਆਂ। ਕੱਚੇ ਚੌਲ ਤੇ ਕੱਚੇ ਦੁੱਧ ਵਾਲੇ ਪਾਣੀ ਨਾਲ ਚੰਨ ਨੂੰ ਮੱਥਾ ਟੇਕ ਪਤੀ ਦੀ ਸਲਾਮਤੀ ਦਾ ਅਰਘ ਚੜ੍ਹਾਉਣ ਲੱਗੀਆਂ। ਫਿਰ ਦੌੜਦੀਆਂ ਆ ਕੇ ਪਤੀ ਦੇ ਪੈਰ ਛੁਹ ਧੰਨ ਧੰਨ ਸੁਹਾਗਣਾਂ ਹੋ ਜਾਣ ਦਾ ਅਹਿਸਾਸ ਕਰਨ ਲੱਗੀਆਂ। ਸੰਮੀ ਨੂੰ ਲੱਗਾ ਕਿ ਉਹ ਤਾਂ ਹੁਣ ਦੁਹਾਗਣ ਹੀ ਹੈ, ਉਸ ਨੇ ਤਾਂ ਕੰਤ ਨੂੰ ਰਿਝਾਇਆ ਨਹੀਂ। ਪਰ ਉਸ ਦੇ ਅੰਦਰੋਂ ਕੋਈ ਆਵਾਜ਼ ਕਹਿ ਰਹੀ ਸੀ ਕਿ ਪਤੀ ਪਤਨੀ ਦੀ ਕਾਹਦੀ ਲੜਾਈ ਹੁੰਦੀ ਹੈ ਭਲਾ। ਅੱਜ ਗੁੱਸੇ, ਭਲਕੇ ਰਾਜ਼ੀ। ਪਰ ਅਜਿਹਾ ਨਾ ਹੋਇਆ। ਉਹ ਚਾਹੁੰਦੀ ਹੋਈ ਵੀ ਗੁਰਦਾਸ ਨੂੰ ਨਾ ਮਿਲ ਸਕੀ ਤੇ ਨਾ ਹੀ ਗੁਰਦਾਸ ਨੇ ਉਸਦੀਆਂ ਅਰਦਾਸਾਂ ਨੂੰ ਸੁਣਿਆ। ਅੱਜ ਉਸਦਾ ਦਿਲ ਰਹਿ ਰਹਿ ਕੇ ਮਚਲ ਰਿਹਾ ਸੀ ... ਸੋਚਦੀ ... ਕਾਸ਼ ਅੱਜ ਉਹ ਵੀ ਕਰਵਾ-ਚੌਥ ਦਾ ਵਰਤ ਰੱਖ ਕੇ ਪਤੀ ਦੀ ਸਲਾਮਤੀ ਅਤੇ ਲੰਮੀ ਉਮਰ ਦੀਆਂ ਦੁਆਵਾਂ ਮੰਗਦੀ ਤੇ ਸ਼ਾਮ ਨੂੰ ਚੰਨ ਦਾ ਮੁੱਖੜਾ ਦੇਖ ਪਤੀ ਦਾ ਅਸ਼ੀਰਵਾਦ ਲੈਂਦੀ ... ਇਹ ਕਹਿ ਕੇ ਕਿ “ਤੂ ਹੀ ਮੇਰਾ ਚੰਦਾ”ਪਰ ਉਸ ਦੀ ਕਿਸਮਤ ਵਿਚ ਅਜਿਹਾ ਨਾ ਹੋ ਸਕਿਆ।

ਮੇਰਾ ਮਨ ਮਸੋਸਿਆ ਹੋਇਆ ਸੀ। ਮੈਨੂੰ ਪਤਾ ਸੀ ਕਿ ਮੀਨਾ ਨੇ ਚੰਨ ਦੇਖ ਕੇ ਸਿੱਧਾ ਮੇਰੇ ਕੋਲ ਆਉਣਾ ਸੀ ਤੇ ਸੰਮੀ ਤੇ ਕੀ ਗੁਜ਼ਰੇਗੀ। ਮੇਰਾ ਦਿਲ ਕੀਤਾ ਮੈਂ ਗੁਰਦਾਸ ਨੂੰ ਫੋਨ ਕਰ ਕੇ ਕਹਾਂ, “ਚਲ ਯਾਰ ਗੁੱਸਾ ਥੁੱਕ ਦੇ” ... ਪਰ ਮੈਨੂੰ ਨਹੀਂ ਸੀ ਪਤਾ ਕਿ ਸੰਮੀ ਉਸ ਨਾਲ ਬੋਲਣਾ ਵੀ ਚਾਹੇਗੀ। ਫਿਰ ਵੀ ਮੈਂ ਫ਼ੋਨ ਘੁੰਮਾ ਦਿੰਦਾ ਹਾਂ। ਅੱਗੋਂ ਗੁਰਦਾਸ ਹੀ ਚੁੱਕਦਾ ਹੈ। ਉਸ ਨੂੰ ਸਿਰਫ਼ ਹੈਲੋ ਹੀ ਕਹਿ ਸਕਿਆ ਹਾਂ, ਬਸ ਕੋਈ ਖਾਸ ਗੱਲ ਨਹੀਂ ਹੋਈ ... ਏਨਾ ਨਹੀਂ ਕਹਿ ਸਕਿਆ ਕਿ ਸੰਮੀ ਚੰਨ ਦੇਖ ਕੇ ਤੇਰੀ ਉਡੀਕ ਕਰੇਗੀ ...

ਸੁਰਮਈ ਅੰਬਰ ’ਤੇ ਚੰਨ ਗੇਰੂਆ ਦਿਸਿਆ। ਸੰਮੀ ਨੇ ਔਰਤਾਂ ਨੂੰ ਕਹਿੰਦਿਆਂ ਸੁਣਿਆ, “ਅੱਜ ਚੰਨ ਕਿੰਨਾ ਗੇਰੂਆ ਹੈ, ਲਾਲ ਸੁਰਖ਼ ਕੇਸੂ ਦੇ ਫੁੱਲ ਵਰਗਾ” ... ਸੰਮੀ ਦਾ ਕਮਰੇ ਦੀ ਬਾਰੀ ਦੇ ਪਰਦੇ ਦੀ ਇਕ ਨੁੱਕਰ ਚੁੱਕ ਕੇ ਦੇਖਣ ਨੂੰ ਜੀ ਕਰ ਆਇਆ। ਚੰਨ ਦਾ ਚਿਹਰਾ ਦੇਖ ਕੇ ਉਸ ਨੂੰ ਲੱਗਾ ਜਿਵੇਂ ਤਪ ਕਰਦਾ ਕੋਈ ਤਪੱਸਵੀ ਹੋਵੇ। ਸੰਮੀ ਸੁਰਖ਼ ਚੰਨ ਦੇਖਦਿਆਂ ਸਾਰ ਇਕ ਕਰੁਣਾ, ਇਕ ਬਿਰਹਾ ਵਿਚ ਤਿਲਮਿਲਾ ਉੱਠੀ ... ਉਸ ਦੇ ਮੂੰਹ ’ਚੋਂ ਆਪ ਮੁਹਾਰੇ ਨਿਕਲਿਆ:
‘ਮੈਂ ਤੇਰਾ ਮੂੰਹ ਚੰਨ ’ਚੋਂ ਤੱਕਿਆ; ਮੈਨੂੰ ਤੂੰ ਹੀ ਮੇਰਾ ਚੰਦਾ ਲੱਗਿਆ।’ ਸੋਚਦਿਆਂ ਸੰਮੀ ਨੇ ਸਿਰ ’ਤੇ ਲਾਲ ਚੁੰਨੀ ਲਈ ਤੇ ਦੌੜ ਕੇ ਕਮਰੇ ਵਿੱਚੋਂ ਨਿਕਲ ਕੇ ਰਸੋਈ ਵਿਚ ਗਈ। ਮੈਂ ਝਟਪਟ ਉੱਠ ਕੇ ਦੇਖਦਾ ਹਾਂ ਕਿ ਕੌਣ ਲਾਲ ਚੁੰਨੀ ਵਾਲੀ ਲੰਘੀ ਹੈ? ਮੈਂ ਦੇਖਦਾ ਹਾਂ ਸੰਮੀ ਗੜਵੀ ਵਿਚ ਕੱਚੇ ਦੁੱਧ ਦਾ ਪਾਣੀ ਬਣਾ ਉਸ ਵਿਚ ਕੱਚੇ ਚੌਲਾਂ ਦੀ ਲੱਪ ਸੁੱਟ ਰਹੀ ਹੈ। ਉਸ ਇਕ ਨਜ਼ਰ ਮੇਰੀ ਵਲ ਦੇਖਿਆ, ਫਿਰ ਚੁੱਪ ਚਾਪ ਚੰਨ ਨੂੰ ਅਰਘ ਚੜ੍ਹਾਉਣ ਲਈ ਉੱਪਰਲੀ ਛੱਤ ਉੱਤੇ ਬਣੇ ਸਨਡੈੱਕ ਤੇ ਆ ਗਈ, ਜਿੱਥੇ ਦੱਖਣ ਵਲੋਂ ਪੂਰਾ ਲਾਲ ਸੁਰਖ਼ ਚੰਨ ਦਿਖਾਈ ਦੇ ਰਿਹਾ ਸੀ। ਪਿੱਤਲ ਦੀ ਛਾਨਣੀ ਵਿੱਚੋਂ ਚੰਨ ਨੂੰ ਅਰਘ ਚੜਾਉਂਦਿਆ ਸੰਮੀ ਮੂੰਹ ਵਿਚ ਕਹਿ ਰਹੀ ਸੀ, “ਮੈਂ ਤੇਰੀ ਸੁੱਖ ਸਾਂਦ ਤੇ ਸਲਾਮਤੀ ਦੀ ਦੁਆ ਕਰਦੀ ਹਾਂ, ਮੇਰੇ ਚੰਦਾ ਇਕ ਲੰਮੇ ਸਮੇਂ ਤੋਂ ਬਾਅਦ ਅੱਜ ਦੁਆ ਕਰਦੀ ਹਾਂ, ਤੂੰ ਜਿੱਥੇ ਵੀ ਰਹੇਂ, ਜਿਸ ਹਾਲਤ ਵਿਚ ਵੀ ਰਹੇਂ, ਸਲਾਮਤ ਰਹੇਂ।”ਅੱਖਾਂ ਮੀਚ ਕੇ ਉਹ ਕਿੰਨਾ ਹੀ ਚਿਰ ਚੰਨ ਵਲ ਮੂੰਹ ਕਰ ਕੇ ਖੜੋਤੀ ਰਹੀ। ਇਸ ਉਮੀਦ ਵਿਚ ਕਿ ਸ਼ਾਇਦ ਉਸ ਦਾ ਸੁਨੇਹਾ ਗੁਰਦਾਸ ਤੱਕ ਪਹੁੰਚ ਜਾਏ। ਸ਼ਾਮ ਦੀ ਠੰਢੀ ਠੰਢੀ ਰੁਮਕ ਰਹੀ ਪੌਣ ਉਸ ਦੇ ਮੱਥੇ ’ਤੇ ਆ ਗਈ ਲਿਟ ਨੂੰ ਹੌਲੇ ਹੌਲੇ ਸਹਿਲਾ ਰਹੀ ਸੀ। ਉਸ ਨੂੰ ਲੱਗਾ ਜਿਵੇਂ ਗੁਰਦਾਸ ਪੌੜੀਆਂ ਚੜ੍ਹ ਕੇ ਸਨਡੈੱਕ ਤੇ ਆ ਗਿਆ ਹੋਵੇ; ਜਿਵੇਂ ਅਕਸਰ ਆ ਜਾਇਆ ਕਰਦਾ ਸੀ ਅਤੇ ਆ ਕੇ ਉਸ ਨੂੰ ਗਲਵਕੜੀ ਵਿਚ ਲੈ ਲਿਆ ਹੋਵੇ। ਸ਼ਾਇਦ ਉਹ ਆ ਗਿਆ ਸੀ ਉਸ ਦੀ ਖ਼ੁਸ਼ਬੋ ਆ ਰਹੀ ਸੀ ਉਸ ਦਾ ਅਹਿਸਾਸ ਹੋ ਰਿਹਾ ਸੀ, ਤੇ ਸੰਮੀ ਅਜੇ ਵੀ ਅੱਖਾਂ ਬੰਦ ਕਰੀ ਖੜੋਤੀ ਰਹੀ ਅਤੇ ਡਰਦੀ ਸੀ ਕਿ ਅੱਖਾਂ ਖੋਹਲਣ ਸਾਰ ਇਹ ਅਹਿਸਾਸ ਕਿਧਰੇ ਗਵਾਚ ਨਾ ਜਾਏ।
_______________
(15 ਮਾਰਚ 2007) ਚਾਤ੍ਰਿਕ ਯੂਨੀਕੋਡ

 

ਸੁਰਜੀਤ ਕਲਸੀ ਦੀਆਂ ਕੁਝ ਹੋਰ ਕਹਾਣੀ ਪੜ੍ਹਨ ਲਈ ਕਲਿੱਕ ਕਰੋ:

ਕਮਜ਼ਾਤ

ਇਜ਼ਤ ਦਾ ਸਵਾਲ

 

 

ਲਿਖਾਰੀ
Likhari


© likhari: Punjabi Likhari Forum-2001-2007