ਕਵਿਤਾਵਾਂ

 

ਪੰਜ ਕਵਿਤਾਵਾਂ

-ਸੁਰਜੀਤ ਕਲਸੀ, ਬਰਨਬੀ-

 

ਔਰਤ ਦਾ ਚਿਹਰਾ

ਇਹ ਜੋ ਤੇਰੀ ਵਾਟ ਵਿਚ
ਕੰਡੇ ਵਿਛੇ ਨੇ ਥਾਂ ਕੁ ਥਾਂ
ਹੂੰਝ ਕੇ ਕਰਦੇ ਇਨ੍ਹਾਂ ਨੂੰ
ਰਾਹ ਚੋਂ ਉਰ੍ਹਾਂ ਪਰ੍ਹਾਂ।

ਲਾ ਦੇ ਕਾਲੇ ਬੱਦਲਾਂ ਨੂੰ
ਲੌਣ ਚਿੱਟੀ ਚਾਨਣੀ ਦੀ
ਸਿਉਂ ਦੁਆਲੇ ਦਿਸਹੱਦੇ ਦੇ
ਮੌਲ ਸਰੀਆਂ ਝਾਲਰਾਂ।

ਦੁੱਖ ਤਾਂ ਖੁਸ਼ੀਆਂ ’ਤੇ ਚੜ੍ਹਿਆ
ਇਕ ਮੁਲੰਮਾ ਹੈ ਸਿਰਫ
ਖੁਰਚ ਕੇ ਲਾਹ ਦੇ ਗਮੀਂ ਨੂੰ
ਕਰਦੇ ਇਹਦੀਆਂ ਕੀਚਰਾਂ।

ਛੰਡ ਦੇ ਦੁੱਖਾਂ ਦੇ ਛਿੱਕੂ
ਸਿਰ ਤੇ ਜੋ ਚਾਏ ਚਿਰਾਂ ਤੋਂ
ਕਾਸ ਲਈ ਸੋਚਾਂ ’ਚ ਬੈਠੀ:
‘ਐਥੇ ਧਰਾਂ ਕਿ ਔਥੇ ਧਰਾਂ’

ਪਹਿਨਣਾ ਔਰਤ ਦਾ ਚਿਹਰਾ
ਬਹੁਤ ਕੁਰਬਾਨੀ ਹੈ ਵੱਡੀ
ਹੈ ਸ਼ਹਾਦਤ ਤੋਂ ਵੀ ਔਖਾ
ਵਿਚਰਨਾ ਔਰਤ ਤਰ੍ਹਾਂ।

ਕੌਣ ਹੋਵੇ ਜੁ ਆਣ ਪਾਵੇ
ਮੇਰਿਆਂ ਦੁੱਖਾਂ ਦੀ ਹਾਥ
ਕੱਢ ਲੈਂਦਾ ਹੈ ਇਹ ਸੰਸਾ
ਰੁੱਗ ਭਰ ਕੇ ਆਂਦਰਾਂ।

ਇਹ ਕੀ ਲੋੜ੍ਹਾ ਹੈ ਕਿ ਲੱਗਣ
ਹੱਥ ਕੜੀਆਂ ਚੂੜੀਆਂ
ਕੀ ਕਿਆਮਤ ਹੈ ਕਿ ਬਣੀਆਂ
ਬੇੜੀਆਂ ਹੀ ਝਾਂਜਰਾਂ।

*****

ਘਰ ਤੇ ਸੁਪਨਾ

ਸਾਗਰ ਦੇ ਦੂਰ ਦੂਰ ਤੱਕ ਫੈਲੇ
ਕੱਕੀ ਰੇਤ ਦੇ ਤੱਟ ਤੇ ਬੈਠੀ ਹਾਂ
ਚੁੱਪ ਚਾਪ ਤੂੰ ਆਉਂਦਾ ਹੈਂ
ਤੇ ਮੇਰੇ ਪੈਰਾਂ ਨੂੰ
ਸਿੱਲੀ ਠੰਢੀ ਰੇਤ ਨਾਲ
ਥਪ ਥਪਾ ਕੇ ਢਕ ਦਿੰਦਾ ਹੈਂ
ਫਿਰ ਸਹਿਜੇ ਸਹਿਜੇ
ਥਪਕਦਾ ਜਾਂਦਾ ਹੈ।

ਮੇਰੀਆਂ ਨਜ਼ਰਾਂ
ਤੇਰੀ ਨਜ਼ਰ ਨੂੰ ਭਾਲਦੀਆਂ ਹਨ
ਤੂੰ ਹੌਲੀ ਜਿਹੀ ਮੇਰੇ ਵਲ ਤੱਕਦਾ ਹੈਂ।
ਮੇਰੀ ਦੇਹੀ ਵਿਚ ਇਕ ਝੁਣਝੁਣੀ
ਦਾ ਅਹਿਸਾਸ ਹੁੰਦਾ ਹੈ
ਮੈਂ ਝਟਪਟ ਆਪਣੇ ਪੈਰ
ਪਿਛਾਂਹ ਖਿੱਚ ਲੈਂਦੀ ਹਾਂ।
ਜਿਉਣ ਦੀ ਉੱਠੀ ਤਰੰਗ ਨੂੰ
ਸਾਗਰ ਵਿਚ ਸਮੋ ਲੈਂਦੀ ਹਾਂ!

ਰੇਤ ਦਾ ਘਰ
ਨਜ਼ਰੀਂ ਪੈਂਦਾ ਹੈ
ਤੇ ਛੋਪਲੇ ਜਿਹੇ ਤੂੰ ਮੇਰਾ ਹੱਥ
ਆਪਣੇ ਹੱਥ ਵਿਚ ਫੜ ਕੇ
ਕਹਿੰਦਾ ਹੈਂ:
‘ਆ ਆਪਣੇ ਘਰ ਵਿਚ ਦਾਖ਼ਲ ਹੋਈਏ!’
ਮੈਂ ਬੇਵਾਕ
ਆਪਣੇ ਆਪ ’ਚ ਖੋ ਜਾਂਦੀ ਹਾਂ!
ਸਗਲ ਸਬੂਤੀ
ਰੇਤੇ ਵਿਚ ਧਸਦੀ ਜਾਂਦੀ ਹਾਂ
ਹੋਂਠ ਖੋਹਲਣਾ ਚਾਹੁੰਦੀ ਹਾਂ
ਪਰ ਮੂੰਹ ’ਚੋਂ ਬੋਲ ਉਦੇ ਨਹੀਂ ਹੁੰਦੇ
ਕੰਬਦੇ ਬੁੱਲ੍ਹਾਂ ’ਚੋਂ ਜੇ
ਕੋਈ ਬੋਲ ਸਰਕਦਾ ਹੈ
ਉਸ ਦੀ ਆਵਾਜ਼ ਨਹੀਂ ਆਉਂਦੀ।

*****

ਔਰਤ ਦੀ ਹੋਣੀ!

ਜਦ ਵੀ ਮਿਲਿਆ ਉਸ ਨੂੰ
ਰੇਤ ਦਾ ਘਰ ਹੀ ਮਿਲਿਆ
ਲਿੰਬ ਪੋਚ ਕੇ
ਜਦ ਉਸ ਨੂੰ ਸੰਵਾਰਨ ਲਗਦੀ ਹੈ
ਬਾਲੂ ਦੀ ਢੇਰ ਨਿਆਈਂ
ਘਰ ਕਿਰਨ ਲੱਗ ਜਾਂਦਾ ਹੈ!
ਜ਼ੱਰਾ ਜ਼ੱਰਾ ਬਿਖਰ ਜਾਂਦਾ ਹੈ
ਰੇਤ ਦੀ ਢੇਰੀ ਤੇ ਬੈਠੀ ਔਰਤ
ਦੂਰ ਦੁਮੇਲਾਂ ਤੋਂ ਉੱਗਦੇ
ਦੋ ਪਰਛਾਵੇਂ ਤੱਕਦੀ ਹੈ
ਕੱਕੀ ਭੂਰੀ ਰੇਤ ਦੀ ਚਾਦਰ ’ਤੇ
ਕਿਧਰੋਂ ਹਾਸੇ ਦੇ ਘੁੰਗਰੂ
ਛਣਛਣ ਛਣਛਣ ਕਰਕੇ ਕਿਰਦੇ ਹਨ!

ਤ੍ਰਭਕ ਕੇ
ਚਾਣਚੱਕ ਨੀਂਦਰ ਖੁੱਲ੍ਹ ਜਾਂਦੀ ਹੈ
ਇਸ ਤਰ੍ਹਾਂ ਜਦ ਕਦੀ
ਜ਼ਿੰਦਗ਼ੀ ਵਰਗਾ ਵਾਪਰਦਾ ਹੈ –
ਅੱਭੜਵਾਹੇ ਉੱਠਦੀ ਹੈ
ਸੁਪਨਾ ਚੂਰ ਚੂਰ ਹੋ ਜਾਂਦਾ ਹੈ!
ਇਸ ਤਰ੍ਹਾਂ ਅਕਸਰ
ਸੁਪਨੇ ਵਿਚ ਹੀ ਕਿਉਂ ਹੁੰਦਾ ਹੈ।
ਔਰਤ ਨੂੰ ਜਦ ਜਾਗ ਆਉਂਦੀ ਹੈ
ਉਸ ਦਾ ਸੁਪਨਾ ਤੇ
ਉਸ ਦੇ ਸੁਪਨੇ ਵਿਚਲਾ ਘਰ
ਕਦੋਂ ਦੇ ਕਿਰ ਚੁੱਕੇ ਹੁੰਦੇ ਹਨ!
ਸਭ ਕੁਝ ਇਸ ਤਰ੍ਹਾਂ
ਢਹਿ ਢੇਰੀ ਕਿਉਂ ਹੋ ਜਾਂਦਾ ਹੈ –
ਜ਼ਿੰਦਗ਼ੀ ਦੀ ਮੁੱਠੀ ਦਾ ਰੇਤਾ
ਵਿਰਲਾਂ ਥਾਣੀ ਕਿਰ ਜਾਂਦਾ ਹੈ!

ਦੂਰ ਤੱਕ ਫੈਲੇ
ਜ਼ਿੰਦਗ਼ੀ ਦੇ ਮਾਰੂਥਲ ਨੂੰ
ਸਾਗਰ ਕਿਨਾਰੇ ਫੈਲੇ
ਕੱਕੀ ਭੂਰੀ ਰੇਤ ਦਾ ਤੱਟ
ਸਮਝ ਬੈਠੀ ਔਰਤ
ਸੁਪਨਾ ਹੀ ਜੀਵੀ ਜਾਂਦੀ ਹੈ!
ਦਿਲ ਵਿਚ ਉੱਠਦੀਆਂ
ਕੱਪਰ-ਛੱਲਾਂ ਦੀ ਛਣਛਣ
ਸਾਗਰ ਦੀਆਂ ਲਹਿਰਾਂ ਵਿਚ
ਕਿਧਰੇ ਅਲੋਪ ਹੋ ਜਾਂਦੀ ਹੈ!

*****

ਮੈਂ ਹੁਣ ਹਾਂ

ਨਾ ਰੱਖ ਮੇਰੇ ਬੁੱਲ੍ਹਾਂ ’ਤੇ ਹੱਥ
ਨਾ ਹੀ ਮਾਰ ਲਬਾਂ ’ਤੇ ਜਿੰਦਰੇ
ਦਮ ਘੁੱਟਦਾ ਹੈ ਮੇਰਾ!
ਜ਼ਹਿਰੀ ਬੋਲਾਂ ਦੇ ਤੀਰਾਂ ਸੰਗ
ਨਾ ਕਰ ਛਲਨੀ ਸੀਨਾ ਮੇਰਾ
ਮੈਂ ਅਤੀਤ ਨਹੀਂ
‘ਹੁਣ’ ਵਜੂਦ ਹੈ ਮੇਰਾ!

ਤੂੰ ਤਾਂ ਤਵਾਰੀਖ਼ ਦੇ ਵਰਕੇ ’ਚੋਂ
ਉੱਠ ਕੇ ਆਇਆ ਸੀ
ਅਤੀਤ ਦਾ ਬੋਝਾ
ਮੋਢੇ ਚਾਇਆ ਸੀ।
ਉਹ ਮੈਂ ਹੀ ਸਾਂ ਜਿਸ
ਤੇਰਾ ਬੋਝ ਵੰਡਾਇਆ ਸੀ!
ਉਦੋਂ ਵੀ ਮੈਂ ‘ਹੁਣ’ ਸਾਂ!
ਹੁਣ ਵੀ ਮੈਂ ‘ਹੁਣ’ ਹਾਂ!

ਪਰ ਤੂੰ ਆਪਣੇ ਅੰਦਰ ਕੈਦ
ਬੇਵਸ ਔਰਤ ਦੀ ਮਿੱਟੀ ’ਚੋਂ
ਮੇਰਾ ਬੁੱਤ ਤਰਾਸ਼ ਲਿਆ
ਮੈਨੂੰ ਜਿਉਂਦੇ ਜੀ ਮਾਰ ਲਿਆ!
ਮੇਰੀ ਹਸਤੀ ਨੂੰ
ਬੁਸੇ ਅਤੀਤ ਦੇ ਪੰਨਿਆਂ ਤੇ
ਹੀਣੀ ਔਰਤ ਦਾ ਬਿੰਬ ਬਣਾ
ਉਤਾਰ ਲਿਆ।

ਤੈਨੂੰ ਮੇਰਾ ਸਿਰ ਨਜ਼ਰੀਂ ਨਾ ਆਇਆ
ਤੂੰ ਤਾਂ ਕੇਵਲ ਹੱਡ ਮਾਸ ਦਾ
ਸਾਥ ਹੀ ਸੀ ਚਾਹਿਆ!
ਦੇਹ ਦਾ ਕਾਰੋਬਾਰ ਕਰਾਇਆ!
ਹਰ ਇਕ ਤੇਰਾ ਹੁਕਮ ਵਜਾਇਆ
ਰਾਤਾਂ ਦੀ ਕਾਲਖ਼ ਵਣਜ ਅਸਾਂ ਨੇ
ਤੈਨੂੰ ਚਾਨਣ ਨਾਲ ਨੁਹਾਇਆ!
ਜ਼ਿੰਦਗ਼ੀ ਨੂੰ ਇਕ ਕਰਜ਼ ਸਮਝ ਕੇ
ਤਨ ਮਨ ਦੇਹੀ ਨਾਲ ਚੁਕਾਇਆ!
ਫਿਰ ਵੀ ਤੈਨੂੰ ਸਾਡਾ ਜੀਣਾ ਥੀਣਾ
ਰਾਸ ਨਾ ਆਇਆ!

ਹੋਰ ਪਤਾ ਨਹੀਂ ਕਿੰਨੀ ਦੇਰ
ਲੇਖਾਂ ਦੇ ਉੱਜੜੇ ਰਾਹੀਂ ਭਟਕਣਾ
ਹੋਰ ਪਤਾ ਨਹੀਂ ਕਿੰਨੀ ਦੇਰ
ਰਿਸ਼ਤੇ ਦੇ ਕੰਡਿਆਲੇ ਜੰਗਲ
ਕਰਮਾਂ ਮੇਰਿਆਂ ਅਟਕਣਾ!
ਖੁੱਭ ਗਏ ਨੇ ਜ਼ਹਿਰੀਲੇ ਖਾਰ
ਪੈਰਾਂ ਦੀਆਂ ਤਲੀਆਂ ਵਿਚ!
ਲਹੂ ਲੁਹਾਣ ਅਤੀਤ ਤੁਰ ਆਈ
‘ਹੁਣ’ ਦੀਆਂ ਗਲੀਆਂ ਵਿਚ!

ਹੋਠਾਂ ਤੇ ਪਹਿਰੇ ਬੜੇ ਨੇ ਤਾਂ
ਕਿਵੇਂ ਕਹਾਂ ਕਿ ਕੋਈ ਗ਼ਮ ਨਹੀਂ
ਬੋਲਾਂ ਦੇ ਕਾਤਲ ਨੇੜੇ ਕਿਤੇ ਨੇ
ਕਿਵੇਂ ਕਹਾਂ ਕਿ ਕੋਈ ਡਰ ਨਹੀਂ!
ਐਪਰ ਦੁੱਖ ਹੈ ਉਹਨਾਂ ਨੂੰ ਕਿ
ਸ਼ਬਦਾਂ ਦੇ ਫੁੱਲ ਫਿਰ ਵੀ ਮੇਰੇ
ਅੰਦਰਵਾਰ ਕਿਉਂ ਖਿੜ ਜਾਂਦੇ ਨੇ
ਮੇਰੇ ਵਜੂਦ ਨੂੰ ਇਸ ਤਰ੍ਹਾਂ
ਜੋ ਮਹਿਕਾਂ ਨਾਲ ਭਰ ਜਾਂਦੇ ਨੇ।

ਇਹ ਦੁੱਖ ਹੈ ਉਹਨਾਂ ਨੂੰ
ਕਿ ਮੈਂ ਕਿਉਂ ਨਹੀਂ ਮਰਦੀ
ਕਿਉਂ ਖ਼ਪਤ ਨਹੀਂ ਹੁੰਦੀ
ਸ਼ਗਨਾਂ ਨਾਲ ਵਿਹਾਜਿਆ ਵਿਹੜਾ
ਕਿਉਂ ਖ਼ਾਲੀ ਨਹੀਂ ਕਰਦੀ!
ਹੈਰਾਨ ਹਾਂ ਇਸ ਦੁੱਖ ਵਿਚ ਕਿ
ਜਾਣ ਕੇ ਵੀ ਉਹ ਅਣਜਾਣ ਬਣੇ ਨੇ
ਜਿਉਂਦੀ ਧੜਕਦੀ ਹਸਤੀ ਨੂੰ
ਮੰਨਣ ਤੋਂ ਉਹ ਨਾਬਰ ਬੜੇ ਨੇ!
ਪਰ ਖ਼ੁਦਦਾਰ ਮੇਰੀ ਹੋਣੀ ਬੜੀ
ਅੱਖ ’ਚ ਹੰਝੂ ਵੀ ਨਹੀਂ ਭਰਦੀ!
ਕਿਉਂਕਿ
ਮੈਂ ਕੋਈ ਬੀਤ ਗਏ ਦੀ ਛਾਇਆ ਨਹੀਂ!
ਮੈਂ ‘ਹੁਣ’ ਹਾਂ, ਹੁਣ ਵਜੂਦ ਹੈ ਮੇਰਾ।

*****

ਕੁਝ ਨਹੀਂ ਬਦਲਿਆ!

ਖੇੜੇ ਉਲਾਸ ਵਿਚ ਦਿਨ ਗਿਆ
ਤੇ ਰਾਤ ਉਤਰ ਆਈ
ਚੰਨ ਸੀ ਅੱਧਾ ਕੁ ਅਸਮਾਨ ਤੇ
ਪਰ ਚਾਨਣੀ ਸੀ ਹਰ ਪਾਸੇ ਛਾਈ।
ਸੌਂ ਗਏ ਸਨ ਮਹਿਲ ਤੇ ਮਾੜੀਆਂ
ਚੁੱਪ ਸਨ ਸੜਕਾਂ ਸਾਰੀਆਂ
ਗਾਰੇ ਦੀਆਂ ਕੰਧਾਂ ਤੇ
ਅਣਛੱਤੇ ਢਾਰਿਆਂ ਲਈ
ਜਾਂ ਸੜਕਾਂ ਤੇ ਥੱਕ ਕੇ ਨਿਢਾਲ
ਅੱਧ-ਸੁੱਤੇ ਬੇਘਰਿਆਂ ਲਈ
ਰੋਜ਼ ਵਾਂਗ ਆਫ਼ਤ ਉਤਰ ਆਈ!
ਚੁੱਪ ਟਿਕੀ ਰਾਤ ਵਿਚ
ਅੱਖੀਆਂ ਨੂੰ ਨੀਂਦਰ ਨਹੀਂ ਆਈ
ਫਿਰ ਜ਼ਮਾਨੇ ਨੂੰ ਬਦਲਣ ਦੀ
ਬੇਕਾਰ ਸੋਚ ਉੱਭਰ ਆਈ!

ਇਹ ਬਿਰਹਾ ਵੈਰਾਗ ਵਸਲ ਵਿਯੋਗ
ਮਹਿਜ਼ ਅਵਸਥਾ ਹੈ ਇਕ ਮਨ ਦੀ
ਰਾਤ ਗਲ ਵਿਚ ਪਾ ਕੇ ਜ਼ੁਲਫ਼ਾਂ
ਕਦੋਂ ਬਿਰਹਣੀ ਬਣ ਭਟਕਦੀ
ਕਦੋਂ ਰੋਈ ਵਿਚ ਜੁਦਾਈ
ਚੰਨ ਦੀ ਚਾਨਣੀ?
ਕਦੋਂ ਬਰੇਤੀ ਤੇ ਨੰਗੇ-ਪੈਰੀਂ
ਸਿਰਫਿਰੇ ਜਾਨਾਂ ਵਾਰੀਆਂ
ਰੋਟੀ ਦੀਆਂ ਹੋਣ ਜਦ ਦੁਸ਼ਵਾਰੀਆਂ।
ਇਹ ਤਾਂ ਰੱਜਿਆਂ ਦੇ ਚੋਚਲੇ
ਜਾਂ ਬਿਆਨ ਨੇ ਸ਼ਾਇਰਾਨਾ।
ਜੋ ਕਦੇ ਨ ਵਿਵੇਕ ਲੋਚਦੇ
ਜੋ ਕਦੇ ਨਾ ਹੋਸ਼ ਸੋਚਦੇ
ਅਜੇ ਵੀ ਅੱਜ ਦੇ ਆਦਮ
ਆਪਣੀ ਨਾਪਾਕੀਜ਼ਗ਼ੀ ਲਈ
ਹਵਾਅ ਨੂੰ ਕੋਸਦੇ।
ਆਪ ਨੂੰ ਉੱਚੀ ਜ਼ਾਤੀਏ
ਤੇ ਉਸ ਨੂੰ ਦਲਿਤ ਅਛੂਤ ਲੋਚਦੇ
ਪਰ ਦੁਨੀਆਂ ਤੋਂ ਅੱਖ ਬਚਾਕੇ
ਚੋਰੀ ਚੋਰੀ ਬਦਨ ਉਸਦਾ ਭੋਗਦੇ।
ਬਹਾਰ ਦੀ ਪ੍ਰਥਮ ਕਲੀ ਤੋੜ ਕੇ
ਬੇਸ਼ਕ ਉਸਦੇ ਵਾਲਾਂ ਵਿਚ ਟੁੰਗਦੇ।
ਫਿਰ ਉਸੇ ਨੂੰ ਬੇਗ਼ੈਰਤ ਕਹਿ
ਉਸ ਤੋਂ ਮੁੱਖ ਮੋੜਦੇ।

ਅਜੇ ਵੀ
ਮਰਿਆਦਾ ਪ੍ਰਸ਼ੋਤਮ
ਔਰਤ ਦੇ ਖ਼ੂਬਸੂਰਤ ਵਜੂਦ ਨੂੰ
ਪਤਲਾਂ ਦੀ ਜੂਠਣ ਬਰੋਬਰ ਤੋਲਦੇ
ਜ਼ਰ ਖ੍ਰੀਦੀ ਸ਼ੈ ਵਾਂਗ ਜੂਏ ਵਿਚ ਹਾਰਦੇ।
ਕੌਰਵਾਂ ਦੀ ਸਭਾ ਵਿਚ
ਦਰੋਪਤੀ ਦੇ ਚੀਰ-ਹਰਣ ਨੂੰ ਮਾਣਦੇ!
ਅਜੇ ਵੀ
ਸੀਤਾ ਦੀ ਪੱਤ ਦਾ ਸਾਖ਼ਸ਼ੀ
ਧੋਬੀ ਨੂੰ ਗਰਦਾਨਦੇ!

ਲੱਖ ਬਹਾਰਾਂ ਆਈਆਂ
ਲੱਖ ਬਹਾਰਾਂ ਗਈਆਂ
ਲੱਖ ਬਹਾਰਾਂ ਆਉਣਗੀਆਂ
ਪਰੰਪਰਾ ਦੀ ਧਾਰਨੀ ਖ਼ਿਜ਼ਾਂ ਨੂੰ
ਨ ਖੇੜਾ ਕਰ ਸਕਣਗੀਆਂ!
ਨਾ ਬਦਲੀ ਚਾਲ ਸਮੇਂ ਦੀ
ਨਾ ਬਦਲੀ ਸੋਚ ਆਦਮ ਦੀ!
ਸੋਚ-ਬਿਰਖ਼ ਦੀਆਂ ਜੜ੍ਹਾਂ
ਵਿਚ ਤੇਲ ਹੈ ਵਿਤਕਰੇ ਦਾ
ਕਿਸ ਤਰ੍ਹਾਂ ਕਰਨਗੇ
ਗੱਲ ਨਿਰਪੱਖ ਦੀ!
ਊਚ-ਨੀਚ ਨਾ-ਬਰਾਬਰੀ
ਅਜੇ ਵੀ ਹੈ ਬਰਕਰਾਰ
ਕਿਸ ਤਰ੍ਹਾਂ
ਬਰਾਬਰੀ ਦੀਆਂ ਕੋਂਪਲਾਂ
ਲਿਆ ਸਕੇਗੀ ਕੋਈ ਬਹਾਰ!
ਨਾ ਬਦਲਿਆ ਰੰਗ ਸਮੇਂ ਦਾ
ਨਾ ਬਦਲਿਆ ਢੰਗ ਜ਼ਮਾਨੇ ਦਾ
ਕੁਝ ਵੀ ਨਹੀਂ ਹੈ ਬਦਲਿਆ
ਨਾ ਬੰਦੇ ਨੇ ਅਜੇ
ਕੁਝ ਬਦਲਣ ਬਾਰੇ ਸੋਚਿਆ!
ਫਿਰ ਕਿਵੇਂ ਬਹਾਰਾਂ ਆਣ ਕੇ
ਕੁਝ ਬਦਲ ਸਕਣਗੀਆਂ!
ਲੱਖ ਬਹਾਰਾਂ ਆਉਣਗੀਆਂ
ਲੱਖ ਬਹਾਰਾਂ ਚਲੀਆਂ ਜਾਣਗੀਆਂ।

*****

ਕਿਸੇ ਤਰ੍ਹਾਂ

ਕਿਸੇ ਤਰ੍ਹਾਂ ਜ਼ਿੰਦਗ਼ੀ ਨੇ ਮੈਨੂੰ
ਤੇ ਮੈਂ ਜ਼ਿੰਦਗ਼ੀ ਨੂੰ ਜੀਵਿਆ ਹੈ
ਕਿਸ ਤਰ੍ਹਾਂ ਸੋਚ ਦੇ ਵਰਮੇ ਨੇ
ਚੇਤਨਾ ’ਚ ਕੀਤੇ ਅਨੇਕ ਸੱਲ
ਤੇ ਜ਼ਿੰਦਗ਼ੀ ਦਾ ਜ਼ਹਿਰ ਪੀ ਲਿਆ ਹੈ।

ਇਕ ਪਾਸੇ ਮੇਰੇ
ਸ਼ਬਦਾਂ ਦੀ ਚੁੱਪ ਦਰਗਾਹ ਹੈ
ਉਧਰ ਤੁਸੀਂ ਮੇਰੀ
ਕਥਾ ਘੜ ਕੇ ਤੁਰ ਪਏ ਹੋ!
ਕੋਈ ਬੋਲ ਹੀ ਨਹੀਂ ਬੋਲਿਆ
ਅਜੇ ਮੈਂ ਕੁਝ ਨਹੀਂ ਕਿਹਾ
ਧਾਰਨਾਵਾਂ ਦੀ ਆਵਾਜ਼ ਨਾਲ ਹੀ
ਮੈਨੂੰ ਜਿਉਂਦੇ ਜੀ ਦਫ਼ਨਾ ਰਹੇ ਹੋ
ਬੋਲਾਂ ਦੀਆਂ ਜ਼ਹਿਰੀ ਛੈਣੀਆਂ ਨਾਲ
ਕੋਈ ਕੋਝਾ ਬੁੱਤ ਤਰਾਸ਼ ਰਹੇ ਹੋ!

ਮੇਰੇ ਹਿੱਲਦੇ ਹੋਠਾਂ ਨੂੰ ਦੇਖ ਕੇ ਹੀ
ਤੁਸੀਂ ਤਾਂ ਕੰਨ ਬੰਦ ਕਰ ਲੈਂਦੇ ਹੋ
ਰੀਤਾਂ ਦੇ ਅਖਾੜੇ ਦੇ ਦੰਗਲ ਵਿਚ
ਬਰਾਬਰੀ ਤੋਂ ਮੁਨਕਰ ਹੋ ਜਾਂਦੇ ਹੋ
ਔਰਤ ਲਈ ਜੂਝਣ ਦਾ ਦਮ ਭਰਦੇ
ਔਰਤ ਨੂੰ ਹੀ ਮਨਫ਼ੀ ਕਰ ਦਿੰਦੇ ਹੋ।

ਕੰਨਾਂ ਵਿਚ ਹੈ ਸਿੱਕਾ ਢਲਿਆ
ਉਹਨਾਂ ਕੰਨਾਂ ਵਿਚ ਸੁਲਗਦੇ ਕੁਝ
ਸ਼ਬਦ ਪੈਣ ਦਿਓ, ਸ਼ਾਇਦ
ਕੁਝ ਸਹੀ ਸੁਣਾਈ ਦੇਣ ਲੱਗ ਪਵੇ
ਸ਼ਾਇਦ ਕੁਫ਼ਰ ਕੁਝ ਘਟ ਜਾਏ
ਘੜੀ ਘੜਾਈ ਔਰਤ ਦੀ ਕਥਾ
ਤੁਹਾਨੂੰ ਸ਼ਰਮਸਾਰ ਕਰ ਜਾਏ।

ਬੋਲਾਂ ਦੇ ਵਿਸ਼-ਪਾਨ ਲਈ
ਜ਼ਿਹਨ ਸ਼ਿਵ-ਕੰਠ ਬਣਾਇਆ
ਚੁੱਕ ਕੇ ਬੋਝਾ ਦਰਦਾਂ ਦਾ ਮੈਂ
ਜ਼ਿੰਦਗ਼ੀ ਤੇਰਾ ਕਰਜ਼ਾ ਲਾਹਿਆ!
ਛਲ-ਕਪਟ ਦੀ ਦੁਨੀਆਂ ਵਿਚ
ਅਸੀਂ ਜਿੰਨਾ ਜੀਵੇ ਉਨਾ ਹਾਰੇ।
ਲਿਖੀਆਂ ਨੇ ਕੁਝ ਕਵਿਤਾਵਾਂ
ਐ ਜ਼ਿੰਦਗ਼ੀ ਮੈਂ ਨਾਮ ਤਿਹਾਰੇ!

(ਪੁਸਤਕ ‘ਨਾਮ ਤਿਹਾਰੇ’ ਵਿੱਚੋਂ।)
*****

(8 ਮਈ 2007)

ਸੁਰਜੀਤ ਕਲਸੀ ਦੀਆਂ ਲਿਖਾਰੀ ਵਿਚ ਛਪੀਆਂ ਸਾਰੀਆਂ ਲਿਖਤਾਂ ਪੜ੍ਹਨ ਲਈ ਕਲਿੱਕ ਕਰੋ

 

e-mail: Likhari


© likhari: Punjabi Likhari Forum-2001-2007