ਮੇਰਾ ਨਾਉਂ ਭੂਰਾ ਏ,
ਕਿਉਂਕਿ ਮੇਰੇ ਸਾਰੇ ਜਿਸਮ
ਉੱਤੇ ਭੂਰੇ ਰੰਗ ਦੇ ਨਿਸ਼ਾਨ ਹਨ।
ਮੈਂ ਦੇਖਣ ਵਿੱਚ ਵੀ
ਉੱਚਾ ਲੰਬਾ ਹਾਂ।
ਮੈਨੂੰ ਜ਼ਿਆਦਾ ਬੋਲਣਾ
ਵੀ ਪਸੰਦ ਨਹੀਂ, ਪਰ
ਮੇਰੇ ਬੋਲਣ ਦੀ ਕਸਰ ਮੇਰੀ ਘਰਵਾਲੀ ਪੂਰੀ ਕਰ ਲੈਂਦੀ ਏ।
ਮੈਂ ਇੱਕ ਛੋਟੇ ਜਿਹੇ ਪਿੰਡ
ਵਿੱਚ ਆਪਣੇ ਪਰਵਾਰ ਨਾਲ ਰਹਿੰਦਾ ਹਾਂ।
ਮੇਰੀ ਘਰਵਾਲੀ ਦਾ
ਨਾਉਂ ਕਾਲੀ ਏ।
ਉਹ ਸੱਚੀਂ ਬਹੁਤ ਕਾਲੀ
ਏ।
ਜੇ ਕਿਤੇ ਹਨੇਰੇ ਵਿੱਚ ਖੜ੍ਹੀ
ਹੋ ਜਾਏ ਤਾਂ ਉਸਦੀਆਂ ਝੀਲ ਵਰਗੀਆਂ ਅੱਖਾਂ ਤੋਂ ਇਲਾਵਾ ਹੋਰ ਕੁੱਝ ਨਹੀਂ ਨਜ਼ਰ ਆਉਂਦਾ।
ਉਸਦਾ ਕਾਲਾ ਜਿਸਮ
ਚਾਂਦੀ ਵਾਂਗੂੰ ਚਮਕਦਾ ਏ,
ਤੇ ਚਮੜੀ ਮਖ਼ਮਲ ਵਾਂਗੂੰ
ਮੁਲਾਇਮ ਏ।
ਬੱਚੇ ਜ਼ਿਆਦਾ ਹੋਣ ਕਰਕੇ ਖਾਣ
ਪੀਣ ਦੀ ਥੋੜ੍ਹੀ ਤੰਗੀ ਹੋ ਗਈ ਏ।
ਮੈਂ ਕਈ ਵਾਰੀ ਕਾਲੀ
ਨੂੰ ਕਹਿੰਦਾ ਹਾਂ ਕਿ ਬੱਚੇ ਘੱਟ ਜੰਮਿਆ ਕਰੇ ਪਰ ਉਹ ਹਮੇਸ਼ਾ ਮੇਰੇ ’ਤੇ
ਹੀ ਦੋਸ਼ ਲਾ ਦੇਂਦੀ ਏ।
ਇੱਕ ਦਿਨ ਸਾਡਾ ਇੱਕ ਸ਼ਹਿਰੀ
ਦੋਸਤ ਸਾਨੂੰ ਮਿਲਣ ਲਈ ਪਿੰਡ ਆਇਆ।
ਸਾਡੀ ਹਾਲਤ ਦੇਖ ਕੇ
ਉਹ ਬਹੁਤ ਦੁਖੀ ਹੋਇਆ।
ਉਸਨੇ ਸਾਨੂੰ ਇੱਕ
ਸਲਾਹ ਦਿੱਤੀ, ”ਤੁਸੀਂ
ਮੇਰੇ ਨਾਲ ਸ਼ਹਿਰ ਨੂੰ ਚੱਲੋ,
ਉੱਥੇ ਬਹੁਤ ਮੌਜਾਂ ਨੇ।”
“ਸ਼ਹਿਰ?
ਨਾ ਭਾਈ,
ਸ਼ਹਿਰ ਵਿੱਚ ਤਾਂ ਬਹੁਤ ਗੰਦਗੀ
ਹੁੰਦੀ ਏ।”
“ਤੂੰ
ਗੰਦਗੀ ਤੋਂ ਕੀ ਲੈਣਾ ਏ?
ਤੈਨੂੰ ਚੰਗਾ ਖਾਣ ਲਈ ਮਿਲੂ,
ਰਾਤੀਂ ਸੌਣ ਲਈ ਚੰਗਾ ਸਥਾਨ
ਮਿਲੂ।”
“ਉਹ
ਕਿੱਦਾਂ?”
“ਦੇਖ
ਯਾਰ, ਅੱਜ ਸ਼ਹਿਰਾਂ
ਵਿੱਚ ਜਗ੍ਹਾ ਜਗ੍ਹਾ ਮੈਰਿਜ ਪੈਲਿਸ ਖੁੱਲ੍ਹ ਗਏ ਨੇ।
ਰਾਤੀਂ ਖੂਬ ਪਾਰਟੀਆਂ
ਹੁੰਦੀਆਂ ਨੇ।
ਸ਼ਹਿਰ ਦੇ ਹਰ ਚੌਥੇ
ਪੰਜਵੇਂ ਬਲਾਕ ਵਿੱਚ ਮੈਰਿਜ ਪੈਲਿਸ ਨੇ।
ਲੋਕਾਂ ਕੋਲ ਬਲੈਕ ਦਾ
ਖੁੱਲ੍ਹਾ ਪੈਸਾ ਏ।
ਵਿਆਹ ਸ਼ਾਦੀ ’ਤੇ
ਉਹ ਖਰਚ ਕਰ ਕੇ ਆਪਣੀ ਸ਼ੁਹਰਤ ਵਧਾਉਂਦੇ ਨੇ।
ਕਈ ਹਜ਼ਾਰਾਂ ਦੀ ਗਿਣਤੀ
ਵਿੱਚ ਲੋਕ ਵਿਆਹਾਂ ’ਤੇ
ਆਉਂਦੇ ਨੇ।”
“ਉਹ
ਤਾਂ ਠੀਕ ਏ ਪਰ ਸਾਨੂੰ ਉੱਥੇ ਕੌਣ ਵੜਨ ਦਊ?”
“ਉਸਦਾ
ਫਿਕਰ ਨਾ ਤੂੰ ਕਰ।
ਬੇਧੜਕ ਹੋ ਕੇ ਆਪਣੀ
ਕਾਲੀ ਨਾਲ ਮੇਰੇ ਨਾਲ ਹੀ ਸ਼ਹਿਰ ਚੱਲ ਵੜ।”
“ਇੱਕ
ਗੱਲ ਏ, ਯਾਰ।
ਇਹ ਮੈਰਿਜ ਪੈਲਿਸਾਂ
ਵਾਲੇ ਤਾਂ ਚੰਗਾ ਪੈਸਾ ਕਮਾਉਂਦੇ ਹੋਣੇ ਨੇ ਤੇ ਚੰਗਾ ਟੈਕਸ ਵੀ ਦੇਂਦੇ ਹੋਣੇ ਨੇ?”
“ਮੇਰੇ
ਭੋਲੇ ਪੇਂਡੂ ਭਰਾਵਾ,
ਅੱਜ ਕੱਲ ਪੂਰਾ ਟੈਕਸ ਕੌਣ ਦਿੰਦਾ ਏ।
ਪੈਲਿਸ ਵਾਲੇ ਰਸੀਦ ਹੀ
ਘੱਟ ਪੈਸਿਆਂ ਦੀ ਦਿੰਦੇ ਹਨ ਤਾਂ ਕਿ ਟੈਕਸ ਘੱਟ ਦੇਣਾ ਪਵੇ।”
“ਕੱਲ੍ਹ
ਕੋਈ ਗੱਲਾਂ ਕਰਦਾ ਸੀ ਕਿ ਇੱਕ ਮਸ਼ਹੂਰ ਫਿਲਮ ਸਟਾਰ ਨੇ ਇੱਕ ਫਿਲਮ ਵਿੱਚ ਬਿਨਾਂ ਪੈਸੇ
ਦੇ ਕੰਮ ਕੀਤਾ ਏ।
ਪਰ ਉਸ ਫਿਲਮ ਦੇ ਮਾਲਕ
ਨੇ ਸਾਢੇ ਤਿੰਨ ਕਰੋੜ ਦੀ ਰੋਲਜ਼ਰਾਇਸ ਦਾ ਤੋਹਫਾ ਦਿੱਤਾ ਏ ਉਸਨੂੰ।”
“ਭੂਰਿਆ,
ਤੋਹਫੇ ਤੇ ਕੋਈ ਟੈਕਸ ਨਹੀਂ
ਲੱਗਦਾ।
ਜੇ ਫਿਲਮ ਸਟਾਰ ਨੂੰ ਫਿਲਮ
ਵਿੱਚ ਕੰਮ ਕੀਤੇ ਦੇ ਪੈਸੇ ਮਿਲਦੇ ਤਾਂ ਉਸਨੂੰ ਚੰਗਾ ਟੈਕਸ ਦੇਣਾ ਪੈਣਾ ਸੀ।
ਚੱਲ ਛੱਡ ਯਾਰ,
ਆਪਾਂ ਨੂੰ ਕੀ?
ਆਪਾਂ ਨੂੰ ਤਾਂ ਢਿੱਡ ਭਰਨ ਨਾਲ
ਵਾਸਤਾ ਏ।”
“ਟੈਕਸ
ਤਾਂ ਆਮ ਲੋਕ ਹੀ ਦਿੰਦੇ ਨੇ।
ਇਹ ਵੱਡੇ ਵੱਡੇ
ਅਮੀਰਜ਼ਾਦੇ ਤਾਂ ਟੈਕਸ ਦੇਣਾ ਹੀ ਨਹੀਂ ਚਾਹੁੰਦੇ।
ਵਿਆਹਾਂ ਸ਼ਾਦੀਆਂ ਵਿੱਚ
ਦਹੇਜ ਦੇਣਾ ਸਰਕਾਰ ਨੇ ਬੰਦ ਕੀਤਾ ਹੋਇਆ ਏ,
ਪਰ ਕੋਈ ਸਰਕਾਰ ਦੀ ਸੁਣਦਾ ਏ?
ਦਹੇਜ ’ਚ
ਦਿੱਤੀਆਂ ਕਾਰਾਂ ਤਾਂ ਵਿਆਹ ਤੋਂ ਪਹਿਲਾਂ ਹੀ ਮੁੰਡੇ ਵਾਲਿਆਂ ਦੇ ਘਰ ਪਹੁੰਚ
ਜਾਂਦੀਆਂ ਨੇ।
ਕਦੋਂ ਚੱਲਣਾ ਏ ਆਪਾਂ
ਸ਼ਹਿਰ ਨੂੰ?”
“ਹੁਣੇ
ਹੀ ਚੱਲਦੇ ਆਂ।
ਹੱਥ ਕੰਗਣ ਨੂੰ ਆਰਸੀ
ਕਿਆ।”
“ਮੈਂ
ਕਾਲੀ ਨਾਲ ਸਲਾਹ ਕਰ ਲਵਾਂ।
ਉੰਨੀ ਦੇਰ ਤੂੰ
ਥੋੜ੍ਹਾ ਆਰਾਮ ਕਰ ਲੈ।”
ਕਾਲੀ ਆਪਣਾ ਨਾਉਂ ਸੁਣ ਕੇ ਝੱਟ
ਆ ਗਈ।
“ਕਾਲੀ,
ਮੇਰਾ ਯਾਰ ਜੌਨੀ ਸ਼ਹਿਰ ਤੋਂ
ਆਇਆ ਏ।
ਉਹ ਆਪਾਂ ਨੂੰ ਸ਼ਹਿਰ ਜਾ ਕੇ
ਰਹਿਣ ਲਈ ਕਹਿ ਰਿਹਾ ਏ।
ਤੇਰਾ ਕੀ ਖਿਆਲ ਏ?”
“ਭੂਰਿਆ,
ਇਹ ਤਾਂ ਤੂੰ ਮੇਰੇ ਦਿਲ ਦੀ
ਗੱਲ ਕਹਿ ਦਿੱਤੀ ਆ।
ਜਦੋਂ ਮੇਰੀ ਸਹੇਲੀ
ਸ਼ੇਰਨੀ, ਸ਼ਹਿਰ ਦਾ
ਚੱਕਰ ਲਾ ਕੇ ਆਈ ਸੀ ਤਾਂ ਕਹਿੰਦੀ ਸੀ ਕਿ ਸ਼ਹਿਰ ਵਿੱਚ ਮੈਰਿਜ ਪੈਲਿਸਾਂ ਦੇ ਖੁੱਲ੍ਹਣ
ਨਾਲ ਸਾਨੂੰ ਖਾਣ ਪੀਣ ਦੀਆਂ ਮੌਜਾਂ ਨੇ।
ਕਦੋਂ ਚੱਲਣਾ ਏ ਆਪਾਂ?”
ਕਾਲੀ ਨੇ ਭੂਰੇ ਦਾ ਮੂੰਹ ਚੁੰਮ
ਕੇ ਪੁੱਛਿਆ।
“ਜੌਨੀ
ਤਾਂ ਕਹਿੰਦਾ ਏ ਹੁਣੇ ਚੱਲੋ।
ਪਰ ਆਪਾਂ ਬੱਚਿਆਂ ਦਾ
ਕੀ ਕਰਨਾ ਏ, ਕਾਲੀਏ?”
“ਬੱਚਿਆਂ
ਦਾ ਫਿਕਰ ਨਾ ਕਰ।
ਉਹ ਆਪਣਾ ਆਪ ਸਾਂਭ
ਲੈਣਗੇ।
ਹੁਣ ਉਹ ਬੱਚੇ ਨਹੀਂ ਰਹੇ,
ਉਹ ਜਵਾਨ ਹੋ ਗਏ ਨੇ।”
“ਫਿਰ
ਵੀ ਬੱਚਿਆਂ ਦੀ ਰੌਣਕ ਕਿੱਥੋਂ ਲਭਾਂਗੇ?
ਮੇਰਾ ਨਹੀਂਉਂ ਜੀਅ ਲੱਗਣਾ।”
“ਆਪਾਂ
ਚੱਲਦੇ ਆਂ ਸ਼ਹਿਰ ਨੂੰ।
ਜੇ ਮਹੌਲ ਚੰਗਾ ਹੋਇਆ
ਤੇ ਖਾਣ ਪੀਣ ਦਾ ਫਿਕਰ ਨਾ ਰਿਹਾ ਤਾਂ ਆਪਾਂ ਆ ਕੇ ਬੱਚਿਆਂ ਨੂੰ ਵੀ ਜਾਵਾਂਗੇ।”
“ਠੀਕ
ਏ।
ਜੌਨੀ ਜਾਗ ਪਿਆ ਹੋਣਾ ਏ,
ਮੈਂ ਜਾ ਕੇ ਕਹਿ ਦਿੰਦਾ ਹਾਂ
ਕਿ ਕਾਲੀ ਸ਼ਹਿਰ ਜਾਣ ਲਈ ਮੰਨ ਗਈ ਏ।”
ਕਾਲੀ ਤਾਂ ਪਹਿਲਾਂ ਤੋਂ ਹੀ
ਸ਼ਹਿਰ ਜਾਣ ਦੇ ਸੁਪਨੇ ਲੈਂਦੀ ਰਹਿੰਦੀ ਸੀ।
ਭੂਰੇ ਦੀ ਗੱਲ ਸੁਣ ਕੇ
ਉਹ ਫੁੱਲੀ ਨਹੀਂ ਸੀ ਸਮਾ ਰਹੀ।
ਅੰਨ੍ਹਾ ਕੀ ਭਾਲੇ,
ਦੋ ਅੱਖਾਂ।
ਉਹ ਤਾਂ ਭੂਰੇ ਦੇ
ਮੂੰਹੋਂ ਹੀ ਸੁਣਨਾ ਚਾਹੁੰਦੀ ਸੀ।
ਉਸੇ ਦਿਨ ਅਸੀਂ ਜੌਨੀ ਨਾਲ
ਬੱਚਿਆਂ ਨੂੰ ਬਿਨਾਂ ਦੱਸਿਆਂ ਸ਼ਹਿਰ ਚਲੇ ਗਏ।
ਜੌਨੀ ਸਾਨੂੰ ਸ਼ਹਿਰ ਦਿਖਾਉਣ ਲਈ
ਲੈ ਗਿਆ।
ਸ਼ਹਿਰ ਦੀਆਂ ਗਲੀਆਂ ਦੇਖ ਕੇ
ਕਾਲੀ ਕਹਿਣ ਲੱਗੀ, “ਭੂਰਿਆ
ਸ਼ਹਿਰ ਦੀਆਂ ਗਲੀਆਂ ਕਿੰਨੀਆਂ ਤੰਗ ਨੇ।
ਇੱਥੇ ਤਾਂ ਤੁਰਨਾ ਹੀ
ਔਖਾ ਏ।”
“ਤੂੰ
ਤੁਰੀ ਆ ਕਾਲੀਏ, ਇਹ
ਸ਼ਹਿਰੀ ਤਰੀਕਾ ਏ,
ਆਪਾਂ ਇਸ ਨੂੰ ਬਦਲ ਨਹੀਂ ਸਕਦੇ।”
“ਬਦਲ
ਕਿਉਂ ਨਹੀਂ ਸਕਦੇ।
ਸਰਕਾਰ ਨੂੰ ਸਖ਼ਤੀ
ਕਰਨੀ ਚਾਹੀਦੀ ਏ।
ਆਹ ਦੇਖ,
ਜਿੱਥੇ ਸਰਕਾਰ ਨੇ ਤੁਰਨ
ਵਾਲਿਆਂ ਲਈ ਸਾਈਡਵਾਕਾਂ ਬਣਾਈਆਂ ਨੇ,
ਉੱਥੇ ਲੋਕਾਂ ਨੇ ਜਾਂ ਤਾਂ
ਕਾਰਾਂ ਪਾਰਕ ਕੀਤੀਆਂ ਹੋਈਆਂ ਨੇ,
ਤੇ ਜਾਂ ਦੁਕਾਨਾਂ ਵਾਲਿਆਂ ਨੇ
ਆਪਣੇ ਸਮਾਨ ਦੀ ਨੁਮਾਇਸ਼ ਲਾਈ ਹੋਈ ਏ।
ਓਧਰ ਦੇਖ ਭੂਰਿਆ,
ਓਸ ਘਰ ਵਾਲਿਆਂ ਨੇ ਤਾਂ
ਸਾਈਡਵਾਕ ਨੂੰ ਕੰਧ ਕਰ ਕੇ ਆਪਣੇ ਘਰ ਦਾ ਹਿੱਸਾ ਬਣਾਇਆ ਹੋਇਆ ਏ।
ਕੋਈ ਲੰਘੇ ਕਿੱਥੋਂ?
ਲੱਗਦਾ ਏ ਸ਼ਹਿਰ ਵਿੱਚ ਕੋਈ
ਕਨੂੰਨ ਮੰਨਣ ਨੂੰ ਤਿਆਰ ਹੀ ਨਹੀਂ।”
“ਤੂੰ
ਸੜਕ ਤੇ ਤੁਰ ਲੈ,
ਤੈਨੂੰ ਕੋਈ ਰੋਕਦਾ ਏ?
ਐਵੇਂ ਨਾ ਗਰਮੀ ਖਾ।”
“ਅਖੇ
ਸੜਕ ਤੇ ਤੁਰ ਲੈ! ਅੱਗੋਂ ਪਿੱਛੋਂ ਆਉਂਦਾ ਟਰੈਫਿਕ ਤੈਨੂੰ ਜ਼ਰੂਰ ਤੁਰਨ ਦੇਵੇਗਾ! ਦੋ
ਲੇਨਾਂ ਦੀ ਸੜਕ ਨੂੰ ਚਾਰ ਪੰਜ ਲੇਨਾਂ ਬਣਾਇਆ ਹੋਇਆ ਏ।
ਹੌਰਨ ਵਜਾ ਵਜਾ ਕੇ
ਕੰਨ ਪਾੜਦੇ ਨੇ।
ਔਹ ਦੇਖ,
ਲਾਲ ਬੱਤੀ ਤੇ ਟਰੈਫਿਕ ਖੜ੍ਹਾ
ਹੋ ਗਿਆ ਏ, ਪਰ ਸੱਭ
ਤੋਂ ਪਿਛਲੇ ਕਾਰਾਂ,
ਸਕੂਟਰਾਂ ਅਤੇ ਟੈਂਪੂਆਂ ਵਾਲੇ ਹਾਰਨ ਵਜਾ ਰਹੇ ਨੇ।
ਭਲਾ ਕੋਈ ਇਨ੍ਹਾਂ ਨੂੰ
ਪੁੱਛੇ ਅਗਲਾ ਟਰੈਫਿਕ ਚੱਲੂ ਤਾਂ ਵਾਰੀ ਆਊ।
ਐਵੇਂ ਹਾਰਨ ਵਜਾ ਵਜਾ
ਕੇ ਲੋਕਾਂ ਦੇ ਕੰਨ ਪਾੜਨ ਲੱਗੇ ਹੋਏ ਨੇ।”
ਕਾਲੀ ਨੇ ਕਿਹਾ।
“ਆਪਾਂ
ਕੁੱਝ ਨਹੀਂ ਕਰ ਸਕਦੇ।
ਤੂੰ ਸਾਵਧਾਨੀ ਨਾਲ
ਜੌਨੀ ਦੇ ਤੇ ਮੇਰੇ ਪਿੱਛੇ ਪਿੱਛੇ ਆ ਕੇ ਸੜਕ ਪਾਰ ਕਰ ਲੈ।”
ਜਿਉਂ ਹੀ ਅਸਾਂ ਤਿੰਨਾਂ ਨੇ
ਸੜਕ ਤੇ ਪੈਰ ਰੱਖਿਆ ਤਾਂ ਚੌਹਾਂ ਪਾਸਿਆਂ ਤੋਂ ਹਾਰਨ ਵੱਜਣੇ ਸ਼ੁਰੂ ਹੋ ਗਏ,
ਪਰ ਟਰੈਫਿਕ ਹੌਲੀ ਨਹੀਂ ਹੋਇਆ।
ਸਾਡੀ ਜਾਨ ਸਾਡੇ ਹੱਥ
ਸੀ।
ਜੇ ਅਸਾਂ ਜਾਨ ਬਚਾਉਣੀ ਸੀ ਤਾਂ
ਸਾਨੂੰ ਬੜੇ ਧਿਆਨ ਨਾਲ ਸੜਕ ਪਾਰ ਕਰਨੀ ਪੈਣੀ ਸੀ।
ਜਿਉਂ ਹੀ ਅਸੀਂ ਸੜਕ
ਦੇ ਦੂਜੇ ਪਾਸੇ ਦੁਕਾਨਾਂ ਕੋਲੋਂ ਲੰਘਣ ਲੱਗੇ ਤਾਂ ਭੀੜ ਨੂੰ ਦੇਖ ਕੇ ਕਾਲੀ ਘਬਰਾ ਗਈ।
ਜ਼ਮੀਨ ’ਤੇ
ਤਿਲ ਰੱਖਣ ਨੂੰ ਜਗ੍ਹਾ ਨਹੀਂ ਸੀ।
“ਭੂਰੇ!
ਇਹ ਸ਼ਹਿਰੀਏ ਬੱਚੇ ਬਹੁਤ ਪੈਦਾ ਕਰਦੇ ਨੇ।
ਵੇਖੇਂ ਨਾ ਕਿਵੇਂ
ਬੰਦੇ ਤੇ ਬੰਦਾ ਚੜ੍ਹਿਆ ਹੋਇਆ ਏ?”
ਕਾਲੀ ਭੀੜ ਨੂੰ ਦੇਖ ਕੇ ਕਹਿਣ
ਲੱਗੀ।
“ਪਰ
ਤੇਰੇ ਨਾਲੋਂ ਥੋੜ੍ਹੇ
।
ਇਹ ਤਾਂ ਨੌਂ ਮਹੀਨਿਆਂ ਵਿੱਚ
ਇੱਕ ਜਾਂ ਦੋ ਜੰਮਦੇ ਨੇ,
ਤੂੰ ਸਾਲ ਵਿੱਚ ਦੋ ਵਾਰੀ ਤੇ
ਉਹ ਵੀ ਚੌਂਹ ਪੰਜਾਂ ਤੋਂ ਘੱਟ ਨਹੀਂ।”
“ਕੀ
ਕਿਹਾ ਈ ਭੂਰਿਆ? ਜ਼ਰਾ
ਫਿਰ ਕਹੀਂ।
ਰੌਲੇ ’ਚ
ਕੁਝ ਸੁਣਾਈ ਨਹੀਂ ਦਿੱਤਾ।”
ਕਾਲੀ ਨੇ ਜ਼ਰਾ ਗੁੱਸੇ ਵਿੱਚ
ਕਿਹਾ।
ਸਾਨੂੰ ਦੋਨਾਂ ਨੂੰ ਭੁੱਖ ਲੱਗੀ
ਹੋਈ ਸੀ, ਪਰ ਖਾਣ ਪੀਣ
ਦੇ ਕੋਈ ਆਸਾਰ ਨਜ਼ਰ ਨਹੀਂ ਸੀ ਆ ਰਹੇ।
ਜੌਨੀ ਸਾਨੂੰ ਕਿਸੇ
ਮੈਰਿਜ ਪੈਲਿਸ ਦੇ ਕੋਲ ਲੈ ਗਿਆ ਤੇ ਲੱਗਾ ਵਡਿਆਈਆਂ ਕਰਨ।
ਜਿੱਦਾਂ ਕਿ ਉਹ ਮੈਰਿਜ
ਪੈਲਿਸ ਦਾ ਮਾਲਿਕ ਹੁੰਦਾ ਏ।
“ਭੂਰਿਆ,
ਐਹ ਪੈਲਿਸ ਰਾਤ ਨੂੰ ਬਿਜਲੀ ਦੀ
ਰੋਸ਼ਨੀ ਨਾਲ ਖੂਬ ਸਜਿਆ ਹੋਵੇਗਾ।
ਔਹ ਜਿਹੜੀ ਦਰੱਖਤਾਂ
ਦੀ ਫੈਂਸ ਨਜ਼ਰ ਆ ਰਹੀ ਏ ਨਾ,
ਉਹ ਵੀ ਬੱਤੀਆਂ ਦੀ ਰੋਸ਼ਨੀ ਨਾਲ
ਸਜੀ ਤੇ ਫੁੱਲਾਂ ਨਾਲ ਮਹਿਕਦੀ ਹੋਵੇਗੀ।
ਉਹ ਖੁੱਲ੍ਹੀ ਜਗ੍ਹਾ
ਕਾਰਾਂ ਨਾਲ ਭਰੀ ਹੋਵੇਗੀ।
ਉਸ ਖਾਲੀ ਜਗ੍ਹਾ
’ਤੇ ਦੂਲ੍ਹੇ ਦੀ ਕਾਰ
ਖੜ੍ਹੀ ਹੋਵੇਗੀ।
ਜ਼ਰਾ ਅਗਾਂਹਾਂ ਜਿਹੜੇ
ਮੇਜ਼ ਲੱਗੇ ਹੋਏ ਨੇ ਨਾ,
ਉੱਥੇ ਮਹਿਮਾਨ ਬੈਠਣਗੇ।
ਹਾਲ ਦੇ ਅੰਦਰ ਸਟੇਜ
ਤੇ ਦੋ ਕੁਰਸੀਆਂ ਹਨ,
ਦੂਲ੍ਹੇ ਤੇ ਦੁਲਹਨ ਲਈ।
ਮਹਿਮਾਨਾਂ ਲਈ
ਕੁਰਸੀਆਂ ਅਤੇ ਸੋਫੇ ਹਨ।”
“ਜੌਨੀ,
ਸੱਭ ਕੁੱਝ ਸੋਹਣਾ ਏ ਪਰ ਆਪਾਂ
ਖਾਣਾ ਕਦੋਂ ਖਾਣਾ ਏ?
ਮੇਰੀ ਤੇ ਕਾਲੀ ਦੀ ਭੁੱਖ ਨਾਲ ਜਾਨ ਨਿਕਲੀ ਜਾਂਦੀ ਏ।”
“ਯਾਰ,
ਜ਼ਰਾ ਸਬਰ ਕਰ।
ਤੁਸੀਂ ਪੇਂਡੂ ਵੀ ਨਾ
ਹਰ ਵੇਲੇ ਮੂੰਹ ਮਾਰਦੇ ਹੀ ਰਹਿੰਦੇ ਓ।
ਮੇਰੇ ਯਾਰ,
ਜਿੰਨੀ ਭੁੱਖ ਤੇਜ ਹੋਵੇਗੀ,
ਓਨਾ ਹੀ ਖਾਣੇ ਦਾ ਸੁਆਦ ਜ਼ਿਆਦਾ
ਆਵੇਗਾ।”
ਕਿਸੇ ਤਰ੍ਹਾਂ ਦਿਨ ਢਲਿਆ।
ਖਾਣੇ ਦੀ ਖਸ਼ਬੂ
ਵਾਤਾਵਰਨ ਵਿੱਚ ਫੈਲਣ ਲੱਗ ਪਈ।
ਪੈਲਿਸ ਬਿਜਲੀ ਨਾਲ
ਜਗਮਗਾਉਣ ਲੱਗ ਪਿਆ।
ਬਿਜਲੀ ਦੀ ਚਮਕ ਦੇਖ
ਕੇ ਮੈਂ ਜੌਨੀ ਨੂੰ ਪੁੱਛਿਆ:
“ਯਾਰ,
ਸਾਡੇ ਪਿੰਡ ਤਾਂ ਬਿਜਲੀ ਕਦੀ
ਆਈ ਤੇ ਕਦੀ ਨਾ ਆਈ,
ਪਰ ਐਥੇ ਤਾਂ ਜਾਪਦਾ ਏ ਕਿ ਸ਼ਹਿਰੀਏ ਸਾਡੇ ਹਿੱਸੇ ਦੀ ਬਿਜਲੀ ਵੀ ਵਰਤੀ ਜਾਂਦੇ ਨੇ।
ਮੇਰਾ ਖਿਆਲ ਏ ਕਿ ਜੇ
ਕਦੀ ਸ਼ਹਿਰ ਵਿੱਚ ਬਿਜਲੀ ਨਾ ਆਵੇ ਤਾਂ ਪੈਲਿਸਾਂ ਦੇ ਸਾਰੇ ਕੰਮ ਠੰਢੇ ਹੋ ਜਾਣ।”
“ਯਾਰ,
ਸ਼ਹਿਰੀਏ ਬਹੁਤ ਹੁਸ਼ਿਆਰ ਲੋਕ ਨੇ।
ਏਧਰੋਂ ਬਿਜਲੀ ਗਈ ਤਾਂ
ਓਧਰੋਂ ਉਨ੍ਹਾਂ ਦੇ ਜੈਨਰੇਟਰ ਚਾਲੂ ਹੋ ਜਾਂਦੇ ਨੇ।
ਇਹ ਲੋਕ ਬਿਜਲੀ ਦੇ
ਗੁਲਾਮ ਨਹੀਂ।”
“ਜੈਨਰੇਟਰ
ਕੀ ਹੁੰਦੇ ਨੇ? ਮੈਂ
ਤਾਂ ਪਹਿਲੀ ਵਾਰ ਸੁਣਿਆ ਏ।”
“ਜੈਨਰੇਟਰ
ਬਿਜਲੀ ਬਣਾਉਨ ਵਾਲਾ ਇੰਜਨ ਏ ਜਿਹੜਾ ਡੀਜ਼ਲ ਨਾਲ ਚੱਲਦਾ ਏ ਤੇ ਬਿਜਲੀ ਬਣਾਉਂਦਾ ਏ।”
“ਫਿਰ
ਪਿੰਡਾਂ ਵਿੱਚ ਕਿਉਂ ਲੋਕ ਹਨੇਰੇ ਵਿੱਚ ਹੱਥ ਮਾਰਦੇ ਰਹਿੰਦੇ ਨੇ?”
“ਉਹ
ਇਸ ਕਰਕੇ ਕਿ ਪਿੰਡਾਂ ਦੇ ਲੋਕਾਂ ਲਈ ਡੀਜ਼ਲ ਖ੍ਰੀਦਣਾ ਬਹੁਤ ਔਖਾ ਏ।
ਭੂਰੇ! ਇੰਜ ਲੱਗਦਾ ਏ
ਜਿਵੇਂ ਤੂੰ ਕਿਸੇ ਚਿੜੀਆ ਘਰ ’ਚੋਂ
ਨਿਕਲ ਕੇ ਆਇਆ ਹੋਵੇਂ।
ਤੈਨੂੰ ਕਿਸੇ ਗੱਲ ਦਾ
ਪਤਾ ਹੀ ਨਹੀਂ।
ਹਰ ਵੇਲੇ ਸੁਆਲ ਤੇ
ਸੁਆਲ ਕਰੀ ਜਾਂਦਾ ਏਂ।
ਤੂੰ ਕੀ ਲੈਣਾ ਇਨ੍ਹਾਂ
ਗੱਲਾਂ ਤੋਂ? ਕਿਉਂ
ਐਵੇਂ ਮਗਜ਼ ਖਪਾਈ ਕਰਨ ਲੱਗਾ ਏਂ?”
ਗੱਲਾਂ ਕਰਦਿਆਂ ਬਹੁਤ ਵਕਤ ਹੋ
ਗਿਆ ਸੀ।
ਬਹੁਤ ਸਾਰੇ ਮਹਿਮਾਨ ਆ ਚੁੱਕੇ
ਸਨ ਤੇ ਕੁਝ ਹਾਲੇ ਆ ਰਹੇ ਸਨ।
ਕੁਝ ਆਦਮੀ ਇੱਕ ਪਾਸੇ
ਸ਼ਰਾਬ ਦੇ ਦੌਰ ਲਗਾ ਰਹੇ ਸਨ ਤੇ ਨਾਲ ਹੀ ਉੱਚੀ ਉੱਚੀ ਹੱਸ ਰਹੇ ਸੀ।
ਹਾਲ ਦੇ ਬਾਹਰ ਚਾਟ
ਅਤੇ ਭੁੰਨੇ ਹੋਏ ਮੀਟ ਦੇ ਸਟਾਲ ਲੱਗੇ ਹੋਏ ਸਨ।
ਮੇਰਾ ਅਤੇ ਕਾਲੀ ਦਾ
ਭੁੱਖ ਨਾਲ ਬੁਰਾ ਹਾਲ ਹੋ ਰਿਹਾ ਸੀ।
ਮੈਂ ਕਿਹਾ, “ਜੌਨੀ,
ਖਾਣਾ ਕਦੋਂ ਮਿਲੇਗਾ?
ਮੈਂ ਹੋਰ ਬਰਦਾਸ਼ਤ ਨਹੀਂ ਕਰ
ਸਕਦਾ।
ਖਾਣੇ ਦੀ ਖਸ਼ਬੂ ਤਾਂ ਮੈਨੂੰ
ਪਾਗ਼ਲ ਕਰੀ ਜਾ ਰਹੀ ਏ।”
“ਭੂਰੇ!
ਔਹ ਅੱਠ ਦਸ ਆਦਮੀ,
ਜਿਹੜੇ ਖੂਬ ਹੱਸ ਰਹੇ ਨੇ,
ਉਨ੍ਹਾਂ ਵੱਲ ਦੇਖ।
ਹਾਲੇ ਤਾਂ ਉਹ ਰੱਜ
ਰੱਜ ਸ਼ਰਾਬ ਪੀ ਰਹੇ ਨੇ,
ਪਰ ਥੋੜ੍ਹੀ ਹੀ ਦੇਰ ਨੂੰ ਸੱਭ
ਉਲਟੇ ਪਏ ਹੋਣੇ ਨੇ।
ਉਸ ਵੇਲੇ ਆਪਾਂ
ਉਨ੍ਹਾਂ ਦੇ ਨਾਲ ਬੈਠ ਕੇ ਮੇਜ਼ਾਂ ਤੇ ਹੀ ਖਾਣਾ ਖਾਵਾਂਗੇ।
ਖਾ ਲਈ ਜਿੰਨਾ ਖਾ
ਹੋਵੇਗਾ।
ਬੱਸ ਥੋੜ੍ਹੀ ਦੇਰ ਹੋਰ ਸਬਰ ਕਰ,
ਮੇਰੇ ਯਾਰ।”
ਉਹੀ ਗੱਲ ਹੋਈ।
ਮੇਜ਼ ਤੇ ਖਾਣਾ ਲੱਗ
ਗਿਆ ਪਰ ਖਾਣ ਵਾਲਿਆਂ ਨੂੰ ਹੋਸ਼ ਹੀ ਨਹੀਂ ਸੀ।
ਜੌਨੀ,
ਕਾਲੀ,
ਮੈਂ ਤੇ ਨਾਲ ਆਏ ਸਾਡੇ ਦੋਸਤ
ਡਟ ਗਏ ਮੇਜ਼ਾਂ ਤੇ ਖਾਣ ਲਈ।
ਸਭਨਾਂ ਨੇ ਖੂਬ ਖਾਧਾ।
ਮੈਂ ਅਤੇ ਕਾਲੀ ਨੇ,
ਨਾ ਤਾਂ ਕਦੀ ਐਨਾ ਖਾਣਾ ਦੇਖਿਆ
ਸੀ ਤੇ ਨਾ ਹੀ ਖਾਧਾ ਸੀ।
ਵਿਆਹ ਤੇ ਆਏ ਲੋਕ
ਜਾਣੇ ਸ਼ੁਰੂ ਹੋ ਗਏ।
ਸੱਭ ਮੇਜ਼ਾਂ ਤੇ ਕਾਫੀ
ਖਾਣਾ ਪਲੇਟਾਂ ਅਤੇ ਡੌਂਗਿਆਂ ਵਿੱਚ ਬਚਿਆ ਰਹਿ ਗਿਆ।
“ਜੌਨੀ,
ਇਹ ਲੋਕ ਬਚੇ ਹੋਏ ਖਾਣੇ ਦਾ ਕੀ
ਕਰਨਗੇ?”
“ਕੁੱਝ
ਕੁ ਨੌਕਰ ਲੈ ਜਾਣਗੇ ਘਰਾਂ ਨੂੰ,
ਬਾਕੀ ਢੇਰ ਕੂੜੇ ਵਿਚ।
... ਕਿਉਂ,
ਤੂੰ ਪਿੰਡ ਨੂੰ ਲੈ ਕੇ ਜਾਣਾ
ਚਾਹੁੰਦਾ ਏ?”
“ਮੈਂ
ਤਾਂ ਸੱਚ ਮੁੱਚ ਬਚਿਆ ਹੋਇਆ ਖਾਣਾ ਪਿੰਡ ਆਪਣੇ ਬੱਚਿਆਂ ਲਈ ਲੈ ਕੇ ਜਾਣਾ ਚਾਹੁੰਦਾ
ਹਾਂ ਪਰ ਕਾਲੀ ਡਾਂਟਦੀ ਏ।
ਕਹਿੰਦੀ ਏ,
ਇਹ ਸ਼ਹਿਰੀਏ ਕੀ ਕਹਿਣਗੇ,
ਭੂਰਿਆ।
ਇਹ ਤਾਂ ਪਹਿਲਾਂ ਹੀ
ਸਾਡੇ ਵਰਗੇ ਪੇਂਡੂਆਂ ਦਾ ਮਖੌਲ ਉਡਾਉਂਦੇ ਰਹਿੰਦੇ ਨੇ।”
ਸੌਣ ਦਾ ਵਕਤ ਹੋ ਗਿਆ ਸੀ।
ਜੌਨੀ ਸਾਨੂੰ ਪੈਲਿਸ
ਦੇ ਪਿੱਛੇ ਇੱਕ ਛੋਟੇ ਜਿਹੇ ਹਨੇਰੇ ਕਮਰੇ ਵਿੱਚ ਲੈ ਗਿਆ।
ਸਾਡਾ ਖਾਣੇ ਨਾਲ ਢਿੱਡ
ਖੂਬ ਭਰਿਆ ਹੋਇਆ ਸੀ।
ਅਸੀਂ ਪੈਂਦਿਆਂ ਹੀ
ਸੌਂ ਗਏ।
ਸਵੇਰੇ ਜਦ ਜੌਨੀ ਉੱਠਿਆ ਤਾਂ
ਸੂਰਜ ਸਿਰ ’ਤੇ ਆਇਆ
ਹੋਇਆ ਸੀ।
“ਜੌਨੀ,
ਤੁਸੀਂ ਸ਼ਹਿਰੀਏ ਸੌਂਦੇ ਬਹੁਤ ਓ।
ਲੰਚ ਦਾ ਟਾਈਮ ਹੋਣ
ਲੱਗਿਆ ਏ।”
“ਯਾਰ,
ਆਰਾਮ ਕਰ।
ਥੌਨੂੰ ਪੇਂਡੂਆਂ ਨੂੰ
ਨੀਂਦ ਵੀ ਘੱਟ ਆਉਂਦੀ ਏ।
ਪੈ ਜਾ ਲੰਮਾ।
ਆਪਾਂ ਕਿਹੜਾ ਕੰਮ ਤੇ
ਜਾਣਾ ਏ।
ਰਾਤੀਂ ਫਿਰ ਸ਼ਹਿਰ ਵਿੱਚ ਕਿਸੇ
ਹੋਰ ਪਾਰਟੀ ਤੇ ਚੱਲਾਂਗੇ।”
ਏਸੇ ਤਰ੍ਹਾਂ ਪਾਰਟੀਆਂ ਖਾਂਦੇ
ਮੈਂ ਤੇ ਕਾਲੀ ਕੋਈ ਦੋ ਮਹੀਨੇ ਸ਼ਹਿਰ ਵਿੱਚ ਰਹੇ।
ਮੇਰਾ ਦਿਲ ਤਾਂ ਭਰ
ਚੁੱਕਿਆ ਸੀ, ਪਰ ਕਾਲੀ
ਤਾਂ ਐਸ਼ ਕਰ ਰਹੀ ਸੀ।
ਅੱਜ ਕੱਲ ਉਹ ਦਿਖਾਈ
ਵੀ ਘੱਟ ਆਉਂਦੀ ਸੀ।
ਸ਼ਾਇਦ ਕਿਸੇ ਹੋਰ ਨਾਲ
ਅੱਖ ਮਟੱਕਾ ਕਰਨ ਲੱਗ ਪਈ ਸੀ।
ਜਿਸ ਪਾਰਟੀ ਤੇ ਮੈਂ
ਤੇ ਜੌਨੀ ਨੇ ਜਾਣਾ ਹੁੰਦਾ ਉਹ ਉੱਥੇ ਨਹੀਂ ਸੀ ਹੁੰਦੀ।
ਮੈਂ ਬਹੁਤ ਉਦਾਸ ਰਹਿਣ
ਲੱਗ ਪਿਆ।
“ਯਾਦ
ਈ ਨਾ ਦਿੱਲੀ ਦਾ ਉਹ ਸ਼ਹਿਰੀ ਟੌਮੀ?
ਬੱਸ ਤੇਰੀ ਕਾਲੀ ਤੇ ਟੌਮੀ ਇੱਕ
ਜਾਨ ਨੇ ਅੱਜ ਕੱਲ।
ਪਰ ਤੂੰ ਫਿਕਰ ਨਾ ਕਰ,
ਸ਼ਹਿਰਾਂ ’ਚ
ਅਕਸਰ ਇੰਜ ਹੋ ਹੀ ਜਾਂਦਾ ਏ।
ਤੁਸੀਂ ਪੇਂਡੂ ਇਸ ਨੂੰ
ਬੁਰਾ ਸਮਝਦੇ ਓ, ਪਰ
ਸ਼ਹਿਰਾਂ ’ਚ ਇਹ ਫੈਸ਼ਨ
ਏ।
ਇੱਥੇ ਤਾਂ ਕਈ ਵਾਰੀ ਝੱਟ
ਮੰਗਣੀ ਤੇ ਪੱਟ ਵਿਆਹ ਤੇ ਫਿਰ ਝੱਟ ਪੱਟ ਤਲਾਕ।”
“ਜੌਨੀ,
ਮੈਨੂੰ ਨਹੀਂ ਥੋਡੇ ਸ਼ਹਿਰੀ
ਰਿਵਾਜ ਪਸੰਦ।
ਮੈਨੂੰ ਤਾਂ ਪਿੰਡ ਹੀ
ਚੰਗੇ ਲੱਗਦੇ ਨੇ।
ਸਿੱਧੇ ਸਾਧੇ ਲੋਕ।
ਨਾ ਝੂਠ ਨਾ ਕੋਈ ਫਰੇਬ।
ਸਾਫ ਹਵਾ ਪਾਣੀ।
ਥੋੜ੍ਹੇ ’ਚ
ਹੀ ਗੁਜ਼ਾਰਾ ਕਰ ਲੈਣਾ।
ਤੁਸੀਂ ਲੋਕ ਤਾਂ
ਸਰਕਾਰ ਨਾਲ ਧੋਖਾ ਕਰਦੇ ਓ।
ਕਿਸੇ ਹੋਰ ਦੀ ਜਾਇਦਾਦ
ਤੇ ਕਬਜ਼ਾ ਕਰ ਲੈਂਦੇ ਓ।
ਜਿਹੜਾ ਕੰਮ ਸਿੱਧੇ
ਤਰੀਕੇ ਨਾਲ ਨਹੀਂ ਹੁੰਦਾ,
ਉਹ ਰਿਸ਼ਵਤ ਦੇ ਕੇ ਕਰਵਾ ਲੈਂਦੇ
ਓ।”
“ਤੂੰ
ਦੇਖਿਆ ਏ ਕੋਈ ਰਿਸ਼ਵਤ ਲੈਂਦਾ ਜਾਂ ਦਿੰਦਾ ਕਿ ਐਂਵੇਂ ਜੱਭਲੀਆਂ ਮਾਰੀ ਜਾਂਦਾ ਐਂ?”
“ਹਾਂ,
ਇੱਕ ਦਿਨ ਮੈਂ ਸੜਕ ਪਾਰ ਕਰਨ
ਲੱਗਾ ਤਾਂ ਇੱਕ ਪੁਲਸੀਏ ਨੇ ਇੱਕ ਟੈਕਸੀ ਵਾਲੇ ਨੂੰ ਹੱਥ ਦੇ ਕੇ ਰੋਕ ਲਿਆ।
ਮੈਂ ਵੀ ਖੜ੍ਹਾ ਹੋ ਕੇ
ਦੇਖਣ ਲੱਗਾ।
ਟੈਕਸੀ ਵਾਲੇ ਨੇ ਸਲਾਮ ਕਰ ਕੇ
ਆਪਣਾ ਕਸੂਰ ਪੁੱਛਿਆ।
“ਕਸੂਰ?
ਤੂੰ ਲਾਲ ਬੱਤੀ ਤੇ ਚੁਰਸਤੇ ਤੇ
ਖੜ੍ਹੀ ਕੀਤੀ ਸੀ ਟੈਕਸੀ।
ਤੈਨੂੰ ਕਨੂੰਨ ਦੇ
ਮੁਤਾਬਿਕ ਚਿੱਟੀ ਲਾਈਨ ਦੇ ਪਿੱਛੇ ਖੜ੍ਹੇ ਹੋਣਾ ਚਾਹੀਦਾ ਸੀ।
ਕੱਢ ਚਾਰ ਸੌ ਰੁਪਈਆ
ਸਰਕਾਰੀ ਖਜ਼ਾਨੇ ਲਈ।”
“ਚਾਰ
ਸੌ? ਇਹ ਤਾਂ ਬਹੁਤ
ਜ਼ਿਆਦਾ ਏ, ਨਾਲੇ ਮੈਂ
ਤਾਂ ਚਿੱਟੀ ਲਾਈਨ ਦੇ ਪਿੱਛੇ ਹੀ ਸੀ।”
“ਅੱਛਾ!
ਤੇ ਫਿਰ ਮੈਂ ਇੱਕ ਸਰਕਾਰੀ ਅਫਸਰ ਹੋ ਕੇ ਝੂਠ ਬੋਲਾਂਗਾ?
ਚੰਗਾ,
ਬਹੁਤੀ ਬਕ ਬਕ ਨਾ ਕਰ ਤੇ ਪੈਸੇ
ਕੱਢ।”
“ਅੱਛਾ,
ਸਰਕਾਰ ਲਿਖ ਦਿਉ ਟਿਕਟ।
ਮੈਂ ਚਾਰ ਸੌ ਦਫਤਰ
’ਚ ਜਮ੍ਹਾਂ ਕਰਵਾ
ਦਿਆਂਗਾ।”
“ਤੂੰ
ਭਲਾ ਟਿਕਟ ਤੋਂ ਕੀ ਲੈਣਾ ਏ।
ਦੋ ਸੌ ਹੀ ਕੱਢ,
ਬੱਚਿਆਂ ਦੇ ਦੁੱਧ ਦਹੀਂ ਲਈ।”
“ਮੇਰੇ
ਕੋਲ ਦੋ ਸੌ ਵੀ ਨਹੀਂ।
ਮੇਰੀ ਔਰਤ ਗਿਣ ਕੇ ਹੀ
ਪੈਸੇ ਦਿੰਦੀ ਏ।
ਮੇਰੇ ਕੋਲ ਤਾਂ ਆਹ
ਪੰਜਾਹ ਰੁਪਈਏ ਹੀ ਨੇ।”
“ਚੱਲ
ਪੰਜਾਹ ਹੀ ਫੜਾ, ਯਾਰ।
ਟਰੈਫਿਕ ਰੁਕੀ ਜਾ
ਰਿਹਾ ਏ, ਜਲਦੀ ਕਰ।”
“ਸਰਕਾਰ,
ਉਸ ਪੰਜਾਹ ਦੀ ਤਾਂ ਮੈਂ ਮਾਂ
ਲਈ ਦਵਾ ਲੈ ਕੇ ਜਾਣਾ ਏਂ,
ਨਹੀਂ ਤਾਂ ਉਹ ਮਰ ਜਾਊ।
ਤੁਸੀਂ ਮੈਨੂੰ ਟਿਕਟ
ਹੀ ਲਿਖ ਦਿਉ।”
“ਚੱਲ
ਭੱਜ।
ਅੱਜ ਤਾਂ ਜਾਣ ਦਿੰਦਾ ਆਂ ਪਰ
ਅੱਗੇ ਤੋਂ ਤੂੰ ਸਰਕਾਰੀ ਖਜ਼ਾਨੇ ਲਈ ਪੈਸੇ ਜੇਬ ’ਚ
ਰੱਖ ਕੇ ਘਰੋਂ ਚੱਲਿਆ ਕਰੀਂ।
ਆ ਜਾਂਦੇ ਨੇ ਟੈਕਸੀ
ਚਲਾਉਣ ਇਹ ਭੁੱਖੇ ਨੰਗੇ।”
“ਜੀ
ਹਜ਼ੂਰ।
ਮੈਂ ਇੰਜ ਹੀ ਕਰਿਆ ਕਰਾਂਗਾ।”
“ਯਾਰ,
ਇਹ ਪੁਲਸੀਏ ਤਨਖਾਹ ਵੀ ਲੈਂਦੇ
ਨੇ ਤੇ ਗਰੀਬਾਂ ਦਾ ਖੂਨ ਵੀ ਪੀਂਦੇ ਨੇ।
ਇਨ੍ਹਾਂ ਨੂੰ ਕੋਈ
ਰੋਕਣ ਟੋਕਣ ਵਾਲਾ ਨਹੀਂ”
“ਇੱਥੇ
ਆਵਾ ਹੀ ਊਤਿਆ ਹੋਇਆ ਏ।
ਕੋਈ ਕਿਸ ਕਿਸ ਨੂੰ
ਰੋਕੇਗਾ? ਛੋਟੇ ਤੋਂ
ਲੈ ਕੇ ਵੱਡੇ ਤੱਕ ਹਰ ਦਫਤਰ ਤੇ ਸਰਕਾਰੀ ਅਫਸਰਾਂ ਦੇ ਦਫਤਰ ਇੱਦਾਂ ਹੀ ਚੱਲਦੇ ਨੇ।
ਚੱਲ ਛੱਡ ਐਵੇਂ ਨਾ
ਗਰਮੀ ਖਾ।”
“ਯਾਰ,
ਮੈਂ ਤਾਂ ਅੱਜ ਵਾਪਸ ਪਿੰਡ ਨੂੰ
ਚਲੇ ਜਾਣਾ ਏ।
ਸ਼ਹਿਰ ਦਾ ਰੰਗ ਤਾਂ
ਮੇਰੀ ਕਾਲੀ ਤੇ ਵੀ ਚੜ੍ਹ ਗਿਆ ਏ।
ਮੇਰੀ ਤੋਬਾ”
“ਕੀ?
ਤੂੰ ਕਾਲੀ ਤੋਂ ਬਗੈਰ ਹੀ ਚਲਾ
ਜਾਵੇਂਗਾ? ਤੇਰੀ ਕਾਲੀ
ਤੇ ਟੌਮੀ ਅੱਜ ਰਾਤੀਂ ਸ਼ਹਿਰ ਦੇ ਸੱਭ ਤੋਂ ਵੱਡੇ ਮੈਰਿਜ ਪੈਲਿਸ ਵਿੱਚ ਜਾ ਰਹੇ ਨੇ।
ਪਤਾ ਈ ਇੱਕ ਮਸ਼ਹੂਰ
ਮੂਵੀ ਸਟਾਰ ਦਾ ਵਿਆਹ ਹੋ ਰਿਹਾ ਏ।
ਕਹੇਂ ਤਾਂ ਆਪਾਂ ਵੀ
ਉੱਥੇ ਜਾ ਵੜੀਏ?”
“ਨਹੀਂ
ਜੌਨੀ, ਮੈਂ ਅੱਜ ਹੀ,
ਬਲਕਿ ਹੁਣੇ ਹੀ ਪਿੰਡ ਚਲੇ
ਜਾਣਾ ਏ।
ਕਾਲੀ ਨੇ ਆਉਣਾ ਹੋਇਆ ਤਾਂ ਆ
ਜਾਵੇ।
ਤੂੰ ਕਹਿ ਦੇਵੀਂ ਉਸਨੂੰ ਕਿ
ਭੂਰੇ ਦੇ ਦਿਲ ਦੇ ਦਰਵਾਜ਼ੇ ਉਸ ਲਈ ਹਮੇਸ਼ਾ ਖੁੱਲੇ ਨੇ।”
ਜੌਨੀ ਮੈਨੂੰ ਅੱਧੇ ਰਾਹ ਛੱਡਣ
ਆਇਆ।
“ਯਾਰ,
ਹਰ ਦੂਜੀ ਬਿਲਡਿੰਗ ਹਸਪਤਾਲ ਏ
ਇਸ ਸ਼ਹਿਰ ਵਿੱਚ, ਉਹ
ਭਲਾ ਕਿਉਂ?” ਮੈਂ
ਪੁੱਛਿਆ।
“ਤੂੰ
ਦੇਖਿਆ ਹੋਣਾ ਏ ਕਿਸ ਤਰ੍ਹਾਂ ਕਈ ਲੋਕ ਕੂੜਾ ਕਰਕਟ ਗਲੀਆਂ ਵਿੱਚ ਸੁੱਟ ਦਿੰਦੇ ਨੇ।
ਮੱਖੀਆਂ ਮੱਛਰ ਇਨ੍ਹਾਂ
ਹੀ ਕੂੜੇ ਦੇ ਢੇਰਾਂ ਤੇ ਆ ਇੱਕਠੇ ਹੁੰਦੇ ਨੇ।
ਏਸੇ ਲਈ ਤਾਂ ਸ਼ਹਿਰ
ਵਿੱਚ ਅੱਧੇ ਲੋਕ ਤਾਂ ਡਾਕਟਰ ਨੇ ਤੇ ਬਾਕੀ ਅੱਧੇ ਮਰੀਜ਼।
ਚੰਗਾ,
ਮੈਂ ਚੱਲਦਾ ਹਾਂ।
ਮੈਂ ਕਾਲੀ ਨੂੰ
ਸਮਝਾਵਾਂਗਾ।
”
ਇਹ ਕਹਿ ਕੇ ਜੌਨੀ ਚਲਾ ਗਿਆ ਤੇ
ਮੈਂ ਆਪਣੇ ਪਿੰਡ ਪਹੁੰਚ ਗਿਆ।
ਪਿੰਡ ਵੜਦਿਆਂ ਹੀ ਜੀ
ਟੀ ਰੋਡ ਦੇ ਨਾਲ ਇੱਕ ਨਵੇਂ ਮੈਰਿਜ ਪੈਲਿਸ ਦੀ ਉਸਾਰੀ ਹੋ ਰਹੀ ਸੀ।
ਹੁਣ ਮੈਨੂੰ ਸ਼ਹਿਰ ਜਾਣ
ਦੀ ਜ਼ਰੂਰਤ ਨਹੀਂ।
*****
(21 ਜੂਨ
2007)