ਕਲਯੁਗ ਦੀ ਮੇਰੇ ਸ਼ਹਿਰ ਤੇ ਬੜੀ ਕ੍ਰਿਪਾ ਹੈ। ਸ਼ਸਤਰਾਂ ਵਿੱਚ ਦਰਜ ਹੈ ਕਿ ਕਲਯੁਗ
ਵਿੱਚ ਜੇ ਕੋਈ ਇੱਕ ਘੜੀ ਵੀ ਇਕਾਗਰ ਮਨ ਨਾਲ ਪ੍ਰਭੂ ਦਾ ਨਾਮ ਸਿਮਰ ਲੈਂਦਾ ਹੈ,
ਉਸਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਯਾਨੀ ਉਹ ਪ੍ਰਭੂ ਵਿੱਚ ਲੀਨ ਹੋ ਕੇ
ਉਸਦੇ ਸਾਰੇ ਭੇਦਾਂ ਦਾ ਗਿਆਤਾ ਬਣ ਜਾਂਦਾ ਹੈ। ਮੈਨੂੰ ਖੁਸ਼ੀ ਹੈ ਕਿ ਮੇਰਾ ਸ਼ਹਿਰ
ਖ਼ੁਦਾਵਾਂ ਦਾ ਸ਼ਹਿਰ ਬਣ ਗਿਆ ਹੈ। ਜਿਸਨੂੰ ਵੇਖੋ ਪੁੱਛੋ ਉਹੀ ਆਪਣੇ ਆਪ ਨੂੰ ਰੱਬ
ਸਮਝਦਾ ਹੈ। ਇੰਜ ਮਹਿਸੂਸ ਹੁੰਦਾ ਹੈ ਜਿਵੇਂ ‘ਰੱਬ’ ਆਪਣੇ ਸਵਰਗ ਲੋਕ ਨੂੰ ਛੱਡ
ਕੇ ਧਰਤੀ ਦੇ ਮਨੁੱਖਾਂ ਵਿੱਚ ਪ੍ਰਵੇਸ਼ ਕਰ ਗਿਆ ਹੋਵੇ। ਸੰਤਰੀ ਤੋਂ ਮੰਤਰੀ ਤੱਕ,
ਵਰਕਰ ਤੋਂ ਮਾਲਕ ਤੱਕ, ਸਿਪਾਹੀ ਤੋਂ ਸਿਪਾਹ ਸਲਾਰ ਤੱਕ ਹਰ ਕੋਈ ਆਪਣੇ ਆਪ ਨੂੰ
ਖ਼ੁਦਾ ਸਮਝਦੇ ਹੋਏ, ਦੂਸਰੇ ਨੂੰ ਟਿੱਚ ਕਰ ਕੇ ਜਾਣਦਾ ਹੈ। ਖ਼ੁਦਾਵਾਂ ਦੇ ਇਸ
ਸ਼ਹਿਰ ਵਿੱਚ ਆਮ ਆਦਮੀ ਨੂੰ ਲੱਭਣਾ ਬੜਾ ਮੁਸ਼ਕਿਲ ਹੋ ਗਿਆ ਹੈ। ਇਸੇ ਕਾਰਨ ਹੀ
ਸਾਡੇ ਨੇਤਾ ਇਸ ਭੇਦ ਨੂੰ ਜਾਣਦੇ ਹੋਏ ਆਮ ਆਦਮੀ ਦੀ ਗੱਲ ਕਰਨ ਜਾਂ ਉਸ ਲਈ ਕੋਈ
ਵਿਸ਼ੇਸ਼ ਪ੍ਰੋਗਰਾਮ ਉਲੀਕਣ ਦੀ ਮੂਰਖਤਾ ਕਦੇ ਵੀ ਨਹੀਂ ਕਰਦੇ। ਵੈਸੇ ਪਹਿਲੀ
ਅਪ੍ਰੈਲ ਨੂੰ ਮੂਰਖਤਾ ਦਿਵਸ ਕਹਿੰਦੇ ਹਨ। ਇਸ ਦਿਨ ਹਰ ਕੋਈ ਕਿਸੇ ਨੂੰ ਵੀ ਮੂਰਖ
ਬਣਾ ਸਕਦਾ ਹੈ, ਪਰ ਮੇਰੇ ਦੇਸ਼ ਦਾ ਹਰ ਨੇਤਾ ਹਰ ਰੋਜ਼ ਹੀ ਜਨਤਾ ਨੂੰ ਮੂਰਖ
ਬਣਾਉਣ ਦਾ ਸਿਲਸਲਾ ਜਾਰੀ ਰੱਖਦਾ ਹੈ।
ਸ਼ਹਿਰ ਵਿੱਚ ਐਸੇ ਲੋਕਾਂ ਦੀ ਲੰਮੀ ਸੂਚੀ ਹੈ ਜੋ ਸ਼ਹਿਰ ਦੇ ਹਰ ਪ੍ਰੋਗਰਾਮ
(ਸਮਾਗਮ) ਦੇ ਪ੍ਰਧਾਨ, ਮੁੱਖ ਮਹਿਮਾਨ, ਜਾਂ ਵਿਸ਼ੇਸ਼ ਸਨਮਾਨਿਤ ਮਹਿਮਾਨ ਬਣਨ ਲਈ
ਹੀ ਪੈਦਾ ਹੋਏ ਹਨ। ਅਗਰ ਸਮਾਗਮ ਨਾਮ ਦੀ ਚੀਜ਼ ਦੁਨੀਆਂ ਵਿੱਚ ਨਾ ਹੁੰਦੀ ਤਾਂ
ਇਨ੍ਹਾਂ ਦਾ ਜੀਵਨ ਸਾਰਥਿਕ ਨਹੀਂ ਹੋਣਾ ਸੀ। ਇਹ ਲੋਕ ਮਾਤਾ ਦੇ ਜਗਰਾਤਿਆਂ ਦੀ
ਜਯੋਤੀ ਜਗਾਉਣ, ਨਗਰ ਕੀਰਤਨਾਂ ਵਿੱਚ ਅਗਵਾਈ ਕਰਨ, ਦੁਕਾਨਾਂ ਤੇ ਫੀਤੇ ਕੱਟਣ
ਤੋਂ ਛੁੱਟ ਸੱਭਿਆਚਾਰਕ ਪ੍ਰੋਗਰਾਮਾਂ ਦੇ ਮੁੱਖ ਮਹਿਮਾਨ ਬਣਨ, ਧਾਰਮਿਕ ਸਮਾਗਮਾਂ
ਦੀ ਪ੍ਰਧਾਨਗੀ ਕਰਨ ਜਾਂ ਦਸਿਹਰੇ ਤੇ ਰਾਮਲੀਲ੍ਹਾ ਵਿੱਚ ਜਯੋਤੀ ਪ੍ਰਚੰਡ ਕਰਨ
ਨੂੰ ਹੀ ਸਮਾਜ ਸੇਵਾ ਸਮਝਦੇ ਹਨ। ਨਾਲ ਹੀ ਨਾਲ ਇਹ ਮੁੱਖ ਮਹਿਮਾਨੀ ਜਾਂ
ਪ੍ਰਧਾਨਗੀ ਦਾ ਮੁੱਲ ਵੀ ਗੁਪਤ ਜਾਂ ਪ੍ਰਗਟ ਰੂਪ ਵਿੱਚ ਦੇ ਕੇ ਚੁਕਾਉਂਦੇ ਹਨ।
ਸ਼ਹਿਰ ਦੀਆਂ ਕਈ ਸੰਸਥਾਵਾਂ ਅਜਿਹੀਆਂ ਵੀ ਹਨ ਜਿਨ੍ਹਾਂ ਨੇ ਮੁੱਖ ਮਹਿਮਾਨ,
ਪ੍ਰਧਾਨ, ਵਿਸ਼ੇਸ਼ ਮੁੱਖ ਮਹਿਮਾਨ ਆਦਿ ਬਣਾਉਣ ਦੀਆਂ ਬਕਾਇਦਾ ਰੇਟ ਲਿਸਟਾਂ
ਬਣਾਈਆਂ ਹੋਈਆਂ ਹਨ। ਉਨ੍ਹਾਂ ਦੇ ਸੱਦਾ ਪੱਤਰ ਅਜਿਹੇ ਨਾਵਾਂ ਨਾਲ ਭਰੇ ਰਹਿੰਦੇ
ਹਨ। ਉਨ੍ਹਾਂ ਦਾ ਵਿਸ਼ੇਸ਼ ਸੱਜਣਾਂ ਨੂੰ ਮਾਣ ਤਾਣ ਦੇਣ ਦਾ ਮਾਪਦੰਡ ਸਿਰਫ ਪੈਸਾ
ਹੀ ਹੁੰਦਾ ਹੈ। ਸੱਜਣ ਭਾਵੇਂ ਚੋਰ ਉਚੱਕਾ, ਸਮੱਗਲਰ, ਭ੍ਰਿਸਟਾਚਾਰੀ ਤੇ
ਆਚਰਣਹੀਣ ਹੀ ਕਿਉਂ ਨਾ ਹੋਵੇ। ਇਹ ਪੈਸਿਆਂ ਤੇ ਨਿਰਭਰ ਕਰਦਾ ਹੈ ਕਿ ਤੁਹਾਡਾ
ਨਾਮ ਕਾਰਡ ਵਿੱਚ ਕਿੱਥੇ ਫਿੱਟ ਬੈਠਦਾ ਹੈ। ਪੈਸੇ ਨਾਲ ਤੁਹਾਡਾ ਸਵਾਗਤ ਵੀ ਕੀਤਾ
ਜਾ ਸਕਦਾ ਹੈ ਅਤੇ ਤੁਸੀਂ ਸਵਾਗਤ ਕਰਤਿਆਂ ਦੀ ਲਿਸਟ ਵਿੱਚ ਵੀ ਸ਼ਾਮਲ ਹੋ ਸਕਦੇ
ਹੋ। ਹਜ਼ਾਰ ਹਜ਼ਾਰ ਰੁਪਏ ਚੰਦਾ ਦੇਣ ਵਾਲੇ ਪੰਜਾਹ ਆਦਮੀ ਸਵਾਗਤ ਕਰਤਿਆਂ ਵਿੱਚ
ਸ਼ਾਮਲ ਕੀਤੇ ਜਾ ਸਕਦੇ ਹਨ ਅਤੇ ਇਨ੍ਹਾਂ ਸਾਰਿਆਂ ਦੇ ਬਰਾਬਰ ਪੰਜਾਹ ਹਜ਼ਾਰ ਦੇਣ
ਵਾਲਾ ਸਨਮਾਨਿਤ ਮਹਿਮਾਨ ਬਣ ਸਕਦਾ ਹੈ।
ਸੱਤਾਧਾਰੀ ਸਿਆਸਤਦਾਨ, ਬਿਉਰੋਕ੍ਰੇਟ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਤਾਂ ਹਰ
ਰੋਜ਼ ਕਈ ਕਈ ਥਾਂਵਾਂ ’ਤੇ ਮੁੱਖ ਮਹਿਮਾਨ ਬਣਨ ਦਾ ਕੰਮ ਕਰਦੇ ਹਨ। ਦੂਜੇ ਪਾਸੇ
ਚੋਣ ਹਾਰ ਚੁੱਕੇ ਸਿਆਸਤਦਾਨ ਅਤੇ ਸੇਵਾਮੁਕਤ ਅਧਿਕਾਰੀਆਂ ਨੂੰ ਵੀ ਲੋਕ ਉਸ ਵਕਤ
ਪ੍ਰਧਾਨਗੀ ਲਈ ਬੁਲਾਉਂਦੇ ਹਨ ਜਦ ਉਨ੍ਹਾਂ ਦੀ ਕਿਸੇ ਖਾਸ ਕੰਮ ਲਈ ਲੋੜ ਮਹਿਸੂਸ
ਕਰਦੇ ਹਨ। ਇਸਦਾ ਕਾਰਨ ਇਹ ਵੀ ਹੈ ਕਿ ਇਹ ਲੋਕ ਪੂਰਾ ਸਮਾਂ ਸਮਾਗਮ ਵਿੱਚ ਬੈਠੇ
ਰਹਿੰਦੇ ਹਨ ਜਦ ਕਿ ਸੱਤਾਧਾਰੀਆਂ, ਸਿਆਸਤਦਾਨਾਂ ਅਤੇ ਅਫਸਰਾਂ ਦੇ ਸਮਾਗਮ ਵਿੱਚ
ਪਹੁੰਚਦਿਆਂ ਸਾਰ ਹੀ ਪੈਰਾਂ ਹੇਠ ਅੱਗ ਮੱਚਣੀ ਸ਼ੁਰੂ ਹੋ ਜਾਂਦੀ ਹੈ।
ਖ਼ੈਰ ਗੱਲ ਹੋ ਰਹੀ ਸੀ ਆਮ ਆਦਮੀ ਦੀ ਤੇ ਆਮ ਆਦਮੀ ਦੀ ਗੱਲ ਕਰਨ ਲਈ ਸਮਾਗਮ
ਅਯੋਜਿਤ ਕਰਨ ਦੀ। ਬਿਨਾਂ ਕਿਸੇ ਦੀ ਸਲਾਹ ਲਏ ਭਾਵਕ ਹੋ ਕੇ ਆਮ ਆਦਮੀ ਨਾਲ
ਹਮਦਰਦੀ ਰੱਖਦੇ ਹੋਏ ਅਸੀਂ ਇਸ ਤਰ੍ਹਾਂ ਦੇ ਸਮਾਗਮ ਦਾ ਐਲਾਨ ਤਾਂ ਕਰ ਬੈਠੇ, ਪਰ
ਆਮ ਆਦਮੀ ਦੀ ਅਲੱਗ ਪਹਿਚਾਣ ਕਰਨਾ ਬੜਾ ਮੁਸ਼ਕਿਲ ਹੋ ਗਿਆ। ਸਮੱਸਿਆ ਖੜ੍ਹੀ ਹੋ
ਗਈ ਕਿ ਇਸ ਸਮਾਗਮ ਵਿੱਚ ਆਮ ਆਦਮੀ ਨੂੰ ਕਦੋਂ ਤੇ ਕਿੱਥੋਂ ਲਿਆਂਦਾ ਜਾਵੇ।
ਨੇਤਾ, ਅਫਸਰ, ਡਾਕਟਰ, ਵਕੀਲ, ਵਿਉਪਾਰੀ, ਪ੍ਰੋਫੈੱਸਰ, ਅਧਿਆਪਕ, ਬੁੱਧੀਜੀਵੀ,
ਪੱਤਰਕਾਰ ਆਦਿ ਸਭ ਵਿਸ਼ੇਸ ਹੁੰਦੇ ਹਨ। ਇਨ੍ਹਾਂ ਕੋਲ ਆਮ ਆਦਮੀ ਦੀ ਗੱਲ ਕਰਨ ਤੇ
ਸੁਣਨ ਦਾ ਵਕਤ ਹੀ ਨਹੀਂ ਹੁੰਦਾ। ਇਸ ਲਈ ਇਹ ਆਮ ਆਦਮੀ ਬਾਰੇ ਕੁੱਝ ਵੀ ਨਾ ਕਹਿ
ਸਕਦੇ ਹਨ ਤੇ ਨਾ ਹੀ ਸੁਣ ਸਕਦੇ ਹਨ। ਬੈਂਕ ਕਰਮਚਾਰੀ ਤੋਂ ਲੈ ਕੇ ਨਗਰ ਕੌਂਸਲ
ਦੇ ਅਧਿਕਾਰੀ ਤੱਕ ਸਭ ਖ਼ੁਦ ਨੂੰ ਆਮ ਨਹੀਂ, ਖ਼ਾਸ ਸਮਝਦੇ ਹਨ।
ਬੜਾ ਯਤਨ ਕੀਤਾ ਕਿ ਇਨ੍ਹਾਂ ਖ਼ਾਸ ਲੋਕਾਂ ਦੀ ਭੀੜ ਵਿੱਚ ਜੋ ਆਮ ਆਦਮੀ ਰਹਿੰਦੇ
ਹਨ ਉਨ੍ਹਾਂ ਦੀ ਇੱਕ ਸੂਚੀ ਤਿਆਰ ਕੀਤੀ ਜਾਵੇ ਤਾਂ ਜੋ ਸਮਾਗਮ ਵਿੱਚ ਉਨ੍ਹਾਂ
ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਵੇ। ਵੈਸੇ ਆਮ ਆਦਮੀ ਦਾ ਕੋਈ ਨਾਮ ਨਹੀਂ
ਹੁੰਦਾ ਅਤੇ ਨਾ ਹੀ ਕੋਈ ਦਾਮ ਹੁੰਦਾ ਹੈ। ਉਹ ਕੇਵਲ ਖ਼ਾਸ ਆਦਮੀਆਂ, ਵਿਸ਼ੇਸ਼ ਕਰਕੇ
ਸਿਆਸਤਦਾਨਾਂ ਦੀਆਂ ਰੈਲੀਆਂ ਵਿੱਚ ਜੈਕਾਰੇ ਬੁਲਾਉਣ ਵਾਲੇ, ਦਰੀਆਂ ਝਾੜਨ ਵਾਲੇ
ਜਾਂ ਫਿਰ ਉਨ੍ਹਾਂ ਦੇ ਨਾਮ ਦੇ ਨਾਅਰੇ ਲਾਉਣ ਵਾਲੇ ਹੀ ਹੁੰਦੇ ਹਨ। ਇੱਕ ਹੀ ਨਾਮ
ਦੇ ਉਹ ਕਈ ਕਈ ਆਦਮੀ ਹੁੰਦੇ ਹਨ। ਉਨ੍ਹਾਂ ਦਾ ਕੋਈ ਟਿਕਾਣਾ ਵੀ ਨਹੀਂ ਹੁੰਦਾ।
ਕੋਈ ਕਿਤੇ ਮਜ਼ਦੂਰੀ ਕਰ ਰਿਹਾ ਹੁੰਦਾ ਹੈ, ਕੋਈ ਕਿਤੇ ਰਿਕਸ਼ਾ ਚਲਾ ਰਿਹਾ ਹੁੰਦਾ
ਹੈ, ਕੋਈ ਗਲੀਆਂ ਵਿੱਚ ਸਬਜ਼ੀ ਵੇਚ ਰਿਹਾ ਹੁੰਦਾ ਹੈ ਅਤੇ ਕੋਈ ਕੂੜੇ ਦੇ ਢੇਰਾਂ
ਵਿੱਚੋਂ ਰੋਟੀ ਦੀ ਤਲਾਸ਼ ਕਰ ਰਿਹਾ ਹੁੰਦਾ ਹੈ। ਵਿਚਾਰੇ ਇਸ ਆਦਮੀ ਕੋਲ ਖ਼ਾਸ
ਆਦਮੀਆਂ ਦੀਆਂ ਗੱਲਾਂ ਸੁਣਨ ਦਾ ਵਕਤ ਹੀ ਨਹੀਂ ਹੁੰਦਾ ਅਤੇ ਨਾ ਹੀ ਉਸਨੂੰ ਆਪਣੀ
ਅਹਿਮੀਅਤ ਦਾ ਗਿਆਨ ਹੈ।
ਸੰਸਦ ਭਵਨਾਂ, ਅਸੈਂਬਲੀ ਹਾਲਾਂ ਅਤੇ ਵੱਡੇ ਵੱਡੇ ਸਮਾਗਮਾਂ ਵਿੱਚ ਆਮ ਆਦਮੀ ਦੀ
ਜ਼ਿੰਦਗੀ ਸੁਧਾਰਨ ਲਈ ਖਾਸ ਲੋਕ ਧੂੰਆਂ ਧਾਰ ਭਾਸ਼ਣ ਦਿੰਦੇ ਹਨ ਅਤੇ ਚਰਚਾ ਕਰਦੇ
ਹੋਏ ਆਪਣੀ ਆਪਣੀ ਰਾਇ ਦਿੰਦੇ ਹਨ; ਨਤੀਜੇ ਕੱਢਦੇ ਹਨ ਤਾਂ ਜੋ ਉਹ ਆਪਣੇ ਆਪ ਨੂੰ
ਆਮ ਆਦਮੀ ਨਾਲੋਂ ਵੱਡਾ, ਅਲੱਗ ਅਤੇ ਉਨ੍ਹਾਂ ਤੋਂ ਉੱਪਰ ਸਾਬਤ ਕਰ ਸਕਣ। ਅੰਤ
ਵਿੱਚ ਮੁੱਖ ਮਹਿਮਾਨ ਸਾਰਿਆਂ ਦੀਆਂ ਗੱਲਾਂ ਦਾ ਨਿਚੋੜ ਕੱਢ ਕੇ ਆਮ ਆਦਮੀ ਦੀ
ਵਾਸਤਵਿਕਤਾ ਨੂੰ ਸਮਝਾਉਂਦਾ ਹੋਇਆ ਇਹੀ ਕਹਿੰਦਾ ਹੈ ਕਿ ਅਸੀਂ ਸਭ ਵਿਸ਼ੇਸ਼ ਹਾਂ,
ਮਹੱਤਵਪੂਰਨ ਹਾਂ। ਇਹ ਗੱਲ ਤਾਂ ਹੀ ਸਾਬਤ ਕੀਤੀ ਜਾ ਸਕਦੀ ਹੈ ਅਗਰ ਅਸੀਂ ‘ਆਮ
ਅਤੇ ਖ਼ਾਸ’ ਦਾ ਸੰਕਲਪ ਪੱਕਾ ਕਰ ਪਾਉਂਦੇ ਹਾਂ। ਖ਼ੁਦ ਨੂੰ ਵਿਸ਼ੇਸ਼ ਬਣਾਈ ਰੱਖਣ ਲਈ
ਸਾਨੂੰ ਆਮ ਆਦਮੀ ਨੂੰ ਸਿਰਫ ਦੇਖਦੇ ਹੀ ਰਹਿਣਾ ਚਾਹੀਦਾ ਹੈ। ਹਕੀਕਤ ਵਿੱਚ ਆਮ
ਆਦਮੀ ਨੂੰ ਆਪਣੀ ਕੋਈ ਲੋੜ ਨਹੀਂ ਹੈ, ਇਹ ਗੱਲ ਵੀ ਦਿਮਾਗ ਵਿੱਚ ਰੱਖਣੀ ਚਾਹੀਦੀ
ਹੈ। ਇਹੀ ਕਾਰਨ ਹੈ ਕਿ ਸਾਡੇ ਸਮਾਗਮਾਂ ਵਿੱਚ ਆਮ ਆਦਮੀ ਨਹੀਂ ਆਉਂਦਾ। ਖ਼ਾਸ ਤੌਰ
’ਤੇ ਆਪਣੇ ਆਪ ਨੂੰ ਖ਼ੁਦਾ ਮੰਨਣ ਵਾਲਿਆਂ ਦੀ ਇਹੀ ਵੇਦਨਾ ਹੈ ਕਿ ਆਮ ਆਦਮੀ
ਉਨ੍ਹਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਹੀ ਦੂਰੀ ਇੱਕ ਦਿਨ ਵਿਸਫੋਟਕ ਹੋ
ਸਕਦੀ ਹੈ, ਖ਼ੁਦਾ ਖ਼ੈਰ ਕਰੇ!
*****
ਅਮਰਜੀਤ ਬਬੱਰੀ
9, ਗਰੀਨ
ਐਵੇਨਿਉ,
ਬਸਤੀ ਗੋਬਿੰਦਗੜ੍ਹ
ਮੋਗਾ ਪੰਜਾਬ ,
ਇੰਡੀਆ।
9417239493, 01636-238493
(15 ਅਪਰੈਲ
2007) ਯੂਨੀਕੋਡ