ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 01 June, 2008

ਲੇਖ/ਆਲਾ-ਦੁਆਲਾ/ਚੇਤੇ ਦੀ ਚੰਗੇਰ/ਵਿਚਾਰ/ਜਾਣਕਾਰੀ

ਧਰਮ, ਧਾਰਮਿਕਤਾ ਅਤੇ ਸਮਾਜ

ਅਮਰਜੀਤ ਬਬੱਰੀ ਮੋਗਾ, ਪੰਜਾਬ

 

     ਵਿਗਿਆਨ ਦੀ ਸਦੀ, ਇੱਕੀਵੀ ਸਦੀ ਵਿਚ ਲੋਕਾਂ ਦੀ ਧਰਮ ਅਤੇ ਧਾਰਮਿਕ ਵਰਤਾਰਿਆਂ ਵਿਚ ਆਸਥਾ ਦਾ ਬੇਅਥਾਹ ਵਾਧਾ ਵੇਖਕੇ ਇੰਝ ਲਗਦਾ ਹੈ ਜਿਵੇਂ ਸਾਰੀ ਲੁਕਾਈ ਧਾਰਮਿਕ ਜਾਂ ਧਰਮੀ ਹੋ ਗਈ ਹੋਵੇ ਪੜ੍ਹੇ ਲਿਖੇ ਤੇ ਬੂੱਧੀਜੀਵੀ ਲੋਕ ਵੀ ਇਸ ਦੀ ਲਪੇਟ ਵਿਚ ਆ ਗਏ ਹਨ ਤਰਕ, ਦਲੀਲ ਅਤੇ ਵਿਚਾਰ ਨਾਲੋਂ ਆਸਥਾ ਜ਼ਿਆਦਾ ਭਾਰੂ ਹੋ ਗਈ ਹੈ ਇਸ ਗੱਲ ਦਾ ਅੰਦਾਜ਼ਾ ਪੀਰਾਂ ਫਕੀਰਾਂ ਦੀਆਂ ਦਰਗਾਹਾਂ ਤੇ ਜੁੜੀ ਭੀੜ, ਗੁਰਪੁਰਬਾਂ ਤੇ ਵੱਡੇ ਵੱਡੇ ਸੰਗਤਾਂ ਦੇ ਇਕੱਠ, ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵਾਲੇ ਸਥਾਨਾਂ ਤੇ ਜਾਂਦੇ ਬੇਮੁਹਾਰੇ ਤੇ ਅਥਾਹ  ਲੋਕਾ ਦੇ ਸਮੂਹ ਤੇ ਅਖੌਤੀ ਡੇਰਿਆਂ ਦੇ ਗੁਰੂਆਂ ਵੱਲ ਲੋਕਾਂ ਦੀਆਂ ਘੱਤੀਆਂ ਵਹੀਰਾਂ ਆਦਿ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਦੇਸ਼ ਵਿਚ ਧਰਮੀਆਂ ਦੀ ਗਿਣਤੀ ਬਹੁਤ ਵੱਧ ਗਈ ਹੈ ਇਕ ਅਨੁਮਾਨ ਅਨੁਸਾਰ ਸਿਰਫ ਦਸ ਪ੍ਰਤੀਸ਼ਤ ਲੋਕ ਨਾਸਤਿਕ ਰਹਿ ਗਏ ਹਨ, ਚਾਲੀ ਪ੍ਰਤੀਸ਼ਤ ਪੂਰਨ ਤੌਰ ਤੇ ਧਾਰਮਿਕ ਹਨ ਅਤੇ ਪੰਝਾਹ ਪ੍ਰਤੀਸ਼ਤ ਲੋਕ ਅਦੰਰ ਖਾਤੇ ਕਿਸੇ ਨਾ ਕਿਸੇ ਧਰਮ , ਧਾਰਮਿਕ ਸਥਾਨ, ਡੇਰੇ ਜਾਂ ਕਿਸੇ ਦਰਗਾਹ ਵਿਚ ਆਸਥਾ ਰਖੱਦੇ ਹਨ    

     ਅਖਵਾਰਾਂ ਰਸਾਲਿਆਂ ਵਿਚ ਧਾਰਮਿਕ ਆਗੂਆਂ ਦੇ ਪ੍ਰਵਚਨ, ਟੀ ਵੀ ਤੇ ਚਲ ਰਹੇ ਆਸਥਾ ਪ੍ਰੋਗਰਾਮ, ਗਲੀ, ਮੁਹੱਲੇ ਅਤੇ ਸੜਕਾਂ ਦੇ ਕਿਨਾਰਿਆਂ ਤੋਂ ਇਲਾਵਾ ਪੁਲਾਂ ਦੇ ਨਾਲ ਪੀਰਾਂ ਦੀਆਂ ਦਰਗਾਹਾ ਅਤੇ ਥਾਂ ਥਾਂ ਤੇ ਗੁਰਦਵਾਰਿਆਂ ਦੀ ਉਸਾਰੀ ਇਸ ਗੱਲ ਦੀ ਤਸਦੀਕ ਕਰਦੀ ਹੈ ਕਿ ਪੂਰਾ ਦੇਸ ਧਰਮੀਆਂ ਦਾ ਦੇਸ਼ ਬਣ ਗਿਆ ਹੈ ਕਹਿਣ ਦਾ ਮਤਲਬ ਇਹ ਕਿ ਇਕ ਅਰਬ ਤੋ ਜ਼ਿਆਦਾ ਅਬਾਦੀ ਵਾਲੇ ਮੁਲਕ ਵਿਚ ਚਾਲੀ ਕਰੋੜ ਲੋਕ ਤਾਂ ਪੂਰੀ ਤਰਾਂ ਧਰਮ ਵਿਚ ਵਿਸ਼ਵਾਸ਼ ਰੱਖਦੇ ਹਨ, 50 ਕਰੋੜ ਲੋਕ ਅਜਿਹੇ ਹਨ ਜੋ ਧਰਮ ਕਰਮ ਵਿਚ ਲੁਕਵਾਂ ਵਿਸ਼ਵਾਸ਼ ਰੱਖਦੇ ਹਨ। ਗੱਲ ਕੀ ਧਰਮ ਕਰਮ ਵਿਚ ਵਿਸ਼ਵਾਸ਼ ਰਖੱਣ ਵਾਲਿਆਂ ਦੀ ਗਿਣਤੀ 90 ਕਰੋੜ ਤੋ ਵੱਧ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਵੱਧ ਰਹੀ ਧਾਰਮਿਕਤਾ ਦਾ ਅਸਲ ਵਿਚ ਕਾਰਨ ਕੀ ਹੈ ?  

 ਅਸਲ ਵਿਚ  ਧਰਮ ਸੇਵਾ ਦਾ ਨਾਮ ਹੈ, ਲੁੱਟ ਅਤੇ ਕਤਲ ਦਾ ਨਹੀਂ ਇਹ  ਧਰਮ ਹੀ ਹੈ ਜੋ ਸਮਾਜ ਨੂੰ ਧਾਰਨ ਕਰਦਾ ਹੈ, ਅਤੇ ਜੋ ਬਿਹਤਰ ਢੰਗ ਨਾਲ ਸਮਾਜ ਨੂੰ ਚਲਾਉਂਦਾ ਹੈ ਉਹੀ ਧਰਮ ਹੈ ਗੱਲ ਕੀ ਬੁਰਾਈਆਂ ਤੋ ਦੂਰ ਰਖੱਣਾ, ਨਿਯਮਤ ਨੈਤਿਕ ਗੁਣਾ ਦਾ ਧਾਰਨੀ ਬਣਾਉਣਾ, ਸੰਵੇਦਨਸ਼ੀਲ ਤੇ ਪਰਉਪਕਾਰੀ ਹੋਣਾ, ਦਯਾ ਖ਼ਿਮਾ ਅਤੇ ਪ੍ਰੇਮ ਵਰਗੀਆਂ ਪ੍ਰਵਿਰਤੀਆਂ ਦਾ ਧਾਰਨੀ ਹੋਣਾ ਹੀ ਧਾਰਮਿਕਤਾ ਹੈ ਕੀ ਵੱਧ ਰਹੀ ਧਰਮੀਆਂ ਦੀ ਭੀੜ  ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਨ੍ਹਾਂ ਵਿਚ ਉਪਰੋਕਤ ਸਦਗੁਣ ਪ੍ਰਵਿਰਤੀ ਵੱਧ ਰਹੀ ਹੈ ? ਅਗਰ ਸਦਗੁਣ ਪ੍ਰਵਿਰਤੀਆਂ ਵੱਧ ਰਹੀਆਂ ਹਨ ਤਾਂ ਚਾਰ ਚੁਫੇਰੇ ਦੁਸ਼ਟ ਪ੍ਰਵਿਰਤੀਆਂ ਖੜੀਆਂ ਕਿਉ ਨਜ਼ਰ ਆ ਰਹੀਆਂ ਹਨ ਇਹ ਕਿਸ ਤਰਾਂ ਦੀ ਧਾਰਮਿਕਤਾ ਹੈ ਕਿ ਮੰਦਰਾਂ ਵਿਚ ਟੱਲ ਵਜਾਉਣ ਵਾਲੇ, ਮਸਜਿਦਾਂ ਵਿਚ ਪੰਜ ਵਕਤ ਨਿਮਾਜ ਅਦਾ ਕਰਨ ਵਾਲੇ, ਠਾਕਰਦੁਆਰਿਆਂ ਵਿਚ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਵਿਵਹਾਰਕ ਜੀਵਨ ਵਿਚ ਇਕ ਦੂਸਰੇ ਦੇ ਖਿਲਾਫ ਨਫਰਤਾਂ ਲਈ ਫਿਰਦੇ ਹਨ ਵੱਧਦੀ ਧਾਰਮਿਕਤਾ ਨੇ ਮਨੂੱਖ ਨੂੰ ਹਿਸੰਕ ਬਣਾ ਦਿੱਤਾ ਹੈ, ਦੁਨੀਆਂ ਦੇ ਇਤਿਹਾਸ ਵਿਚ ਜੰਗਾਂ ਯੁਧਾਂ ਵਿਚ ਉਨੇ ਲੋਕ ਨਹੀਂ ਮਰੇ ਜਿਨੇ ਲੋਕਾਂ ਦਾ ਧਰਮ ਦੀ ਆੜ ਵਿਚ ਨਰਸੰਹਾਰ ਹੋਇਆ ਹੈ ਐਸੀ ਧਾਰਮਿਕਤਾ ਦਾ  ਕੀ ਲਾਭ ਜੋ ਕਿਸੇ ਭਲੇ ਆਦਮੀ ਦਾ ਜਿਉਣਾ ਦੁੱਭਰ ਕਰਦੀ ਹੋਵੇ , ਜਿਸ ਨਾਲ ਜਿਦੰਗੀ ਤਣਾਉਭਰੀ ਹੁੰਦੀ ਹੋਵੇ ਅਤੇ ਸਮਾਜ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੋਵੇ ਇਕ ਔਰਤ ਦਿਨ ਦਿਹਾੜੇ ਭਰੇ ਬਜਾਰ ਵਿਚ ਇਕੱਲੀ ਨਿਕਲਦੀ ਹੈ ਤਾਂ ਅਣਗਿਣਤ ਸ਼ਿਕਾਰੀ ਅੱਖਾਂ ਉਸਤੇ ਝਪਟਣ ਲਈ ਮੌਕਾ ਤਾੜਦੀਆਂ ਹਨ ਇਹ ਕਿਸ ਤਰ੍ਹਾਂ ਦਾ ਧਾਰਮਿਕ ਵਾਤਾਵਰਣ ਹੈ ਜਿਸ ਵਿਚ ਨਿਠਾਰੀ ਵਰਗੀਆਂ ਦਿਲ ਕੰਬਾਉ ਤੇ ਘਿਨਾਉਣੀਆਂ ਘਟਨਾਂਵਾਂ ਵਾਪਰਦੀਆਂ ਹਨ ਅਤੇ ਗੁਰਦੁਆਰਿਆਂ, ਮੰਦਰਾਂ ਅਤੇ ਦਰਗਾਹਾਂ ਵਿਚ ਮਾਸੂਮਾਂ ਦੇ ਬਲਾਤਕਾਰ ਹੁੰਦੇ ਹਨ ਧਾਰਮਿਕਤਾ ਦੀ ਆੜ ਵਿਚ ਅਸੀ ਹਿੰਸਾ, ਬਲਾਤਕਾਰ, ਭਰਿਸ਼ਟਾਚਾਰ, ਝੂਠ , ਠੱਗੀ ਅਤੇ ਕਤਲਾਂ  ਵਿਚ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਹੇ ਹਾਂ ਧਰਮ ਦੇ ਰਾਖੇ ਤੇ ਅਖੌਤੀ ਧਾਰਮਿਕ ਆਗੂ ਖੁਦ ਨੈਤਿਕਤਾ ਦਾ ਪੱਲਾ ਛਡਦੇ ਹੋਏ ਰਾਕਸ਼ਸ਼ ਪ੍ਰਵਿਰਤੀਆਂ ਦੀ ਦਲਦਲ ਵਿਚ ਖੁੱਭੇ ਪਏ ਹਨ ਕੀ ਇਹ ਧਾਰਮਕਤਾ ਹੈ ਕਿ ਮਨੁੱਖ ਦੀ ਸਵਾਰਥੀ ਮਨੋਵਿਰਤੀ ਅੱਖਾਂ ਸਾਹਮਣੇ ਹੋ ਰਹੇ ਅਤਿਆਚਾਰ ਦਾ ਵੀ ਵਿਰੋਧ ਕਰਨੋ ਡਰਦੀ ਹੈ  

   ਧਰਮੀ ਲੋਕਾਂ ਦੀ ਜੋ ਵਧੱਦੀ ਭੀੜ ਨਜਰ ਆ ਰਹੀ ਹੈ ਇਹ ਅਸਲੀਅਤ ਵਿਚ ਅਧਰਮੀ ਲੋਕਾਂ ਦੀ ਭੀੜ ਹੈ ਕਿਉਂਕਿ ਇਸ ਭੀੜ ਦੇ ਲਛੱਣ ਅਧਰਮੀਆਂ ਵਾਲੇ ਹਨ ਵਿਗਿਆਨ ਦੇ ਇਸ ਯੁਗ ਵਿਚ ਇਨ੍ਹਾਂ ਦੀ ਧਾਰਮਿਕਤਾ ਸੱਚ ਨਾਲੋਂ ਅੰਧ ਵਿਸ਼ਵਾਸ ਨੂੰ ਜ਼ਿਆਦਾ ਹਵਾ ਦੇ ਰਹੀ ਹੈ ਅਤੇ ਲੋਕਾਂ ਨੂੰ ਭਰਮਾਉਣ ਲਈ ਇਹ ਕਈ ਵਾਰ ਵਿਗਿਆਨ ਦਾ ਸਹਾਰਾ ਵੀ ਲੈਂਦੀ ਹੈ ਵੈਸੇ ਧਰਮ ਅਤੇ ਵਿਗਿਆਨ ਇਕ ਨਦੀ ਦੇ ਦੋ ਕਿਨਾਰੇ ਹਨ ਨਕਲੀ ਧਾਰਮਿਕਤਾ ਨੂੰ ਵਧਾਉਣ ਦਾ ਕੰਮ ਵਿਭਿੰਨ ਟੀ. ਵੀ. ਚੈਨਲ ਬੜੀ ਚਲਾਕੀ ਨਾਲ ਕਰ ਰਹੇ ਹਨ ਜੋ ਮਿਥਿੱਕ ਕਹਾਣੀਆਂ ਨੂੰ ਸੱਚ ਬਣਾ ਕੇ ਪੇਸ਼ ਕਰ ਰਹੇ ਹਨ ਮੌਜੂਦਾ ਧਾਰਮਿਕਤਾ ਨਾਲ ਸਦਪ੍ਰਵਿਰਤੀਆਂ ਵਿਚ ਵਾਧਾ ਨਹੀਂ ਹੋ ਰਿਹਾ ਸਗੋਂ ਇਹ ਧਾਰਮਿਕਤਾ ਤਾਂ ਮਹਿਜ ਮਾਨਸਿਕ ਤਣਾੳ ਅਤੇ ਵੱਧ ਰਹੀ ਅਸੁਰਖਿਆ ਦਾ ਨਤੀਜਾ ਹੈ ਇਸ ਧਾਰਮਿਕਤਾ ਵਿਚ ਉਲਟ ਪ੍ਰਸਿਥਿਤੀਆਂ ਦਾ ਮੁਕਾਬਲਾ ਕਰਨ ਦਾ ਸਾਹਸ ਨਹੀਂ ਹੈ ਬਲਕਿ ਭੱਜ ਜਾਣ ਦੀ ਮਨੋਵਿਰਤੀ ਹੈ ਇਹ ਅਖੌਤੀ ਧਾਰਮਿਕਤਾ ਨਿਰਮਾਣ ਦਾ ਪ੍ਰੇਰਨਾ ਸ੍ਰੋਤ ਬਣਨ ਦੀ ਬਜਾਏ ਬੁਰਾਈਆਂ ਦੇ ਖਿਲਾਫ ਸੰਘਰਸ ਦੀ ਧਾਰ ਨੂੰ ਖੂੰਡਾ ਕਰਦੀ ਹੈ ਅਤੇ ਗੈਰ ਜੁਮੇਵਾਰ ਆਦਤਾ ਪ੍ਰਤੀ ਜਵਾਦੇਹੀ ਤੋ ਮੂੰਹ ਛੁਪਾਉਣ ਦਾ ਯਤਨ ਕਰਦੀ ਹੈ ਅਜਿਹੀ ਧਾਰਮਿਕਤਾ ਅਪਣੇ ਅਪਣੇ ਰੱਬ ਘੜਦੀ ਹੈ ਅਤੇ ਉਨ੍ਹਾਂ ਤੋਂ ਆਪਣੀਆਂ ਮੁਸੀਬਤਾਂ, ਦੁੱਖਾਂ ਕਲੇਸਾਂ ਤੋਂ ਬਚਾ ਲੈਣ ਦੀਆਂ ਮਿਨੰਤਾਂ ਕਢੱਦੀ ਹੈ ਇਹ ਇਸ ਤਰਾਂ ਦਾ ਵਰਤਾਰਾ ਹੈ ਜਿਵੇਂ ਕਬੂਤਰ ਅੱਖਾਂ ਮੀਟ ਕੇ ਆਪਣੇ ਆਪ ਨੂੰ ਬਿੱਲੀ ਤੋਂ ਬਚ ਜਾਣ ਦਾ ਭਰਮ ਪਾਲਦਾ ਹੈ  

   ਵਧਦੀ ਧਾਰਮਿਕਤਾ ਦੇ ਅਧਰਮੀ ਤੇ  ਘਿਨਾਉਣੇ ਰੂਪ ਵੇਖਣੇ ਹੋਣ ਤਾ ਜਗਰਾਤਿਆਂ ਵਿਚ ਹੋਣ ਵਾਲੇ ਨਾਚ ਗਾਣਿਆਂ ਦੀ ਅਸ਼ਲੀਲਤਾ ਵਿਚ ਵੇਖੋ, ਧਾਰਮਿਕ ਮੇਲਿਆਂ ਅਤੇ ਦੀਵਾਨਾਂ ਵਿਚ ਦਾਰੂ ਪੀਕੇ ਹੂੜਦੰਗ ਮਚਾਉਦੇ ਨੌਜਵਾਨਾ ਦੀਆਂ ਟੋਲਿਆਂ ਨੂੰ ਵੇਖੋ ਅਸੀਂ ਜਿਸ ਨੈਤਿਕ ਪਤਨ ਦੇ ਰੂਬਰੂ ਖੜੇ ਹਾਂ ਉਸਦਾ ਸਾਹਮਣਾ ਕਰਨ ਲਈ ਹੁਣ ਸੱਚੇ ਧਰਮ ਦੀ ਲੋੜ ਹੈ ਉਹ ਧਰਮ ਜੋ ਸੱਚਮੁੱਚ  ਸਮਾਜ ਨੂੰ ਸੇਧਤ ਕਰਦਾ ਹੋਵੇ, ਦੁਨੀਆਂ ਨੂੰ ਖੂਬਸੂਰਤ ਬਣਾਉਣ ਦੀ ਵਕਾਲਤ ਕਰਦਾ ਹੋਵੇ ਅੱਜ ਉਸ ਧਾਰਮਿਕਤਾ ਦੀ ਲੋੜ ਹੈ ਜੋ ਬੇਸਹਾਰਿਆਂ ਦਾ ਸਹਾਰਾ ਬਣਨ ਵਿਚ ਮਦਦ ਕਰਦਾ ਹੋਵੇ, ਜੋ ਟੁਟੱਦੇ ਸਮਾਜ ਤੇ ਭਾੲਚਾਰੇ ਨੂੰ ਜੋੜਨ ਦਾ ਕੰਮ ਕਰੇ, ਦੇਸ਼ ਵਿਆਪੀ ਸ਼ੋਸ਼ਣ, ਭਰਿਸ਼ਟਾਚਾਰ ਤੇ ਨਿਜਵਾਦ ਦਾ ਵਿਰੋਧ ਕਰਦਾ ਹੋਵੇ ਜੇ ਕਰ ਅਸੀਂ ਅਜਿਹੇ ਧਰਮ ਦੀ ਪੈਰਵੀ ਨਹੀਂ ਕਰ ਪਾਉਂਦੇ ਤਾਂ ਤੀਰਥਾਂ ਜਾ ਕੁੰਭ ਵਰਗੇ ਮੇਲਿਆਂ ਵਿਚ ਕਰੋੜਾਂ ਲੋਕਾਂ ਦੀ ਡੁਬਕੀ ਲਗਾਉਣ ਦੀ ਵੱਧਦੀ ਤਦਾਦ, ਧਰਮ ਦੀ ਵਿਵਹਾਰਕਤਾ ਅਤੇ ਸਾਰਥਿਕਤਾ ਨੂੰ ਤਾਰਨ ਦਾ ਨਹੀਂ ਸਗੋ ਡੋਬਣ ਦਾ ਕੰਮ ਕਰੇਗੀ
*****
 

ਅਮਰਜੀਤ ਬਬੱਰੀ
9, ਗਰੀਨ ਐਵੇਨਿਉ, ਬਸਤੀ ਗੋਬਿੰਦਗੜ੍ਹ
ਮੋਗਾ ਪੰਜਾਬ
, ਇੰਡੀਆ
94172-39493, 01636-238493

(2 ਜੂਨ 2007) ਯੂਨੀਕੋਡ

ਅਮਰਜੀਤ ਬਬੱਰੀ ਦੀ ਹੋਰ ਰਚਨਾ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.