ਹਾਜ਼ਰ ਹਨ:
ਅਮਰਜੀਤ ਕੌਂਕੇ ਦੀਆਂ 12 ਕਵਿਤਾਵਾਂ

 

1. ਬਲੈਕ ਲਿਸਟ

ਮੋਬਾਈਲ ਮੇਰੇ ਵਿਚ
ਬਲੈਕ ਲਿਸਟ ਦੇ ਨਾਂ ਦਾ ਹੈ
ਇੱਕ ਸੌਫਟ ਵੇਅਰ
ਜਿਸਦਾ ਫੋਨ ਨਾ ਸੁਣਨਾ ਹੋਵੇ
ਉਸ ਦਾ ਨੰਬਰ ਭਰ ਦੇਵੋ
ਆਪਣੇ ਆਪ ਮੋਬਾਈਲ ਇਹ
ਅਣਚਾਹਿਆਂ ਬੰਦਿਆਂ ਦਾ ਨੰਬਰ
ਮੋੜ ਹੈ ਦਿੰਦਾ
ਪੱਕਾ ਰਿਸ਼ਤਾ ਤੋੜ ਹੈ ਦਿੰਦਾ

ਇੱਕ ਦਿਨ ਵਿਹਲੇ ਬੈਠਿਆਂ ਬੈਠਿਆਂ
ਮੋਬਾਈਲ ਫੋਨ ਨਾਲ
ਚੁਹਲਾਂ ਕਰਦਾ
ਨਵਾਂ ਜਾਣਨ ਦੀ ਕੋਸ਼ਿਸ਼ ਕਰਦਾ
ਬਲੈਕ ਲਿਸਟ ਵਿਚ
ਜਾ ਵੜਿਆ ਮੈਂ
ਵੇਖਣ ਲੱਗਿਆ
ਕਿਹੜੇ ਕਿਹੜੇ
ਕੀਹਦੇ ਕੀਹਦੇ
ਨੰਬਰ ਬਲੈਕ ਲਿਸਟ ਵਿਚ ਆਏ
ਪੱਕੇ ਰਿਸ਼ਤੇ ਨਿਭ ਨਾ ਪਾਏ

ਤੜਪ ਉØੱਠਿਆ
ਪਰ ਵੇਂਹਦੇ ਸਾਰ
ਕਿ ਸਾਰੇ ਨੰਬਰ
ਮਨ ਦੇ
ਸਭ ਤੋਂ ਵੱਧ ਸਨ ਨੇੜੇ
ਕਦੇ ਸਨ
ਅਤਿ ਦੇ ਪਿਆਰੇ ਜਿਹੜੇ
ਪਤਾ ਨਹੀਂ
ਕੀ ਹੋਏ ਝੇੜੇ
ਬਲੈਕ ਲਿਸਟ ਵਿਚ
ਤੁਰ ਗਏ ਸਭ
ਅੱਖਾਂ ਵਿਚੋਂ ਖੁਰ ਗਏ ਸਭ

ਫੋਨ ਮੇਰੇ ਦੇ ਅੰਦਰ
ਇੱਕ ਬਲੈਕ ਲਿਸਟ ਹੈ।


2. ਤੂੰ ਤਾਂ

ਤੂੰ ਤਾਂ ਹੱਸਦਿਆਂ ਹੱਸਦਿਆਂ
ਪਾਣੀ ਵਿਚ
ਇੱਕ ਕੰਕਰ ਹੀ ਉਛਾਲਿਆ
ਪਰ ਪਾਣੀ ਦੀਆਂ
ਲਹਿਰਾਂ ਵਿਚਲਾ ਅਕਸ ਫੜਨ ਲਈ
ਮੈਂ ਸਾਰੇ ਦਾ ਸਾਰਾ ਪਾਣੀ
ਹੰਗਾਲਿਆ

ਪਾਣੀ ਕਿਤੇ ਥੋੜਾ
ਕਿਤੇ ਗਹਿਰਾ ਸੀ
ਪਰ ਹਰ ਬੂੰਦ ਦੁਆਲੇ
ਧੁਆਖੀਆਂ ਸਿਮਰਤੀਆਂ ਦਾ
ਪਹਿਰਾ ਸੀ

ਕਿਤੇ ਯਾਦਾਂ ਦੇ
ਟਿਮਟਿਮਾਉਂਦੇ ਅਕਸ ਸਨ
ਕਿਤੇ ਮਰ ਚੁੱਕੀਆਂ ਮੁਹੱਬਤਾਂ ਦੇ
ਗੁਆਚ ਰਹੇ ਨਕਸ਼ ਸਨ

ਮੈਂ ਪਾਣੀ ਚੋਂ
ਅਕਸ ਫੜਨ ਦੀ ਕੋਸ਼ਿਸ਼ ਕੀਤੀ
ਮੈਂ ਯਾਦਾਂ ਦੇ
ਨਕਸ਼ ਫੜਨ ਦੀ ਕੋਸ਼ਿਸ਼ ਕੀਤੀ
ਕਦੇ ਏਧਰ
ਕਦੇ ਉਧਰ ਭਜਦਿਆਂ
ਮੈਂ ਬੜਾ ਪਾਣੀ ਹੰਗਾਲਿਆ

ਤੂੰ ਤਾਂ ਹੱਸਦਿਆਂ
ਪਾਣੀ ਵਿਚ ਸਿਰਫ
ਇੱਕ ਕੰਕਰ ਹੀ ਉਛਾਲਿਆ
ਪਰ ਪਾਣੀ ਦੀਆਂ ਲਹਿਰਾਂ ਵਿਚਲਾ
ਅਕਸ ਫੜਨ ਲਈ
ਮੈਂ ਸਾਰੇ ਦਾ ਸਾਰਾ ਪਾਣੀ
ਹੰਗਾਲਿਆ।


3. ਕਿਉਂ ਲੱਗਦਾ

ਕਿਉਂ ਲੱਗਦਾ ਹੈ
ਕਿ ਕਦੇ ਨਹੀਂ ਬਦਲੇਂਗੀ ਤੂੰ
ਹਾਲਾਂ ਕਿ ਮੈਂ ਜਾਣਦਾਂ
ਦੁਨੀਆਂ ਵਿਚ
ਕੁਝ ਵੀ ਸਥਿਰ ਨਹੀਂ

ਮੈਂ ਹੁਣ ਤੱਕ,
ਸੈਂਕੜੇ ਵਸਤਾਂ,
ਸੈਂਕੜੇ ਸਬੰਧਾਂ, ਸਥਿਤੀਆਂ ਨੂੰ
ਬਦਲਦਿਆਂ ਤੱਕਿਆ ਹੈ

ਦਿਨਾਂ ਨੂੰ ਰਾਤਾਂ ਵਿਚ
ਤਬਦੀਲ ਹੁੰਦੇ ਵੇਖਿਆ
ਧੁਪ ਨੂੰ ਛਾਂ ਵਿਚ
ਸ਼ੁਹਰਤ ਨੂੰ ਬਦਨਾਮੀ ਵਿਚ
ਪਿਆਰ ਨੂੰ
ਅੰਤਾਂ ਦੀ ਨਫਰਤ ਵਿਚ
ਪ੍ਰਵਰਤਿਤ ਹੁੰਦੇ ਵੇਖਿਆ ਹੈ

ਹਰ ਚੀਜ਼ ਬਦਲਦੀ ਤੱਕੀ ਮੈਂ
ਹਰ ਚੀਜ਼ ਉਲਟਦੀ ਵੇਖੀ ਹੈ
ਜਾਣਦਾ ਹਾਂ
ਏਥੇ ਕੁਝ ਵੀ ਸਥਿਰ ਨਹੀਂ

ਤੂੰ ਮਿਲੀ ਹੈਂ
ਤਾਂ ਇੱਕ ਵਾਰ ਫਿਰ
ਇਵੇਂ ਲੱਗਦਾ
ਕਿ ਕਦੇ ਨਹੀਂ ਬਦਲੇਂਗੀ ਤੂੰ
ਇਸੇ ਤਰ੍ਹਾਂ ਰਹੇਂਗੀ ਸਦਾ
ਮੁਹੱਬਤ ਨਾਲ ਭਰੀ ...।

4. ਸ਼ਾਇਦ ਕਿਤੇ ਨਹੀਂ

ਉਸ ਦੀ
ਉਡੀਕ ਹੈ ਮੈਨੂੰ
ਉਹ ਜੋ ਸ਼ਾਇਦ ਕਿਤੇ ਵੀ ਨਹੀਂ

ਧਰਤੀ ਦੇ ਕਿਸੇ ਕੋਨੇ ‘ਚ
ਆਕਾਸ਼ ਦੀ ਕਿਸੇ ਨੁੱਕਰ ‘ਚ
ਕਿਸੇ ਦਿਸਹੱਦੇ
ਕਿਸੇ ਖਿਲਾਅ ਵਿੱਚ
ਕਿਤੇ ਵੀ ਨਹੀਂ ਜੋ
ਉਸ ਦਾ
ਕਰ ਰਿਹਾ ਹਾਂ ਇੰਤਜ਼ਾਰ

ਮੇਰੀ ਭਟਕਣ ਨੂੰ ਪਰ
ਸਿਰਫ਼ ਉਹੀ ਹੈ ਜਾਣਦੀ
ਮੇਰੀ ਪਿਆਸ ਨੂੰ
ਸਿਰਫ਼ ਉਹੀ ਹੈ ਪਛਾਣਦੀ
ਉਸ ਕੋਲ ਹੈ
ਮੇਰੀ ਸਾਰੀ ਉਦਾਸੀ ਦਾ ਇਲਾਜ਼
ਉਹੀ ਹੈ ਇੱਕ ਦੁਨੀਆ ‘ਚ
ਜੋ ਮੈਨੂੰ
ਚੰਗੀ ਤਰ੍ਹਾਂ ਸਿਆਣਦੀ

ਮੈਂ ਉਸ ਨੂੰ ਲੱਭਦਾਂ
ਹਰ ਔਰਤ ਵਿੱਚ
ਮੈਂ ਤਲਾਸ਼ਦਾ ਉਸਨੂੰ
ਹਰ ਨਾਰੀ ਦੇ ਮਨ ਦੀ
ਕਿਸੇ ਨੁੱਕਰ ਵਿੱਚ
ਹਰ ਔਰਤ ਦੇ
ਤਨ ਦੇ ਕਿਸੇ ਕੋਨੇ ‘ਚ
ਮੈਨੂੰ ਲੱਗਦਾ
ਕਿ ਹਰ ਔਰਤ ਵਿਚ
ਕਿਤੇ ਤਾਂ ਵਸਦੀ ਹੋਵੇਗੀ ਉਹ

ਮੈਂ ਥਾਂ ਕੁਥਾਂ ਲੱਭਦਾ
ਮੈਂ ਥਾਂ ਕੁਥਾਂ ਭਟਕਦਾ

ਪਰ ਉਸ ਦਾ ਕੁਝ ਹਿੱਸਾ
ਕਿਤੇ ਮਿਲਦਾ
ਕੁਝ ਹਿੱਸਾ ਕਿਤੇ ਲੱਭਦਾ
ਪਰ ਉਹ ਕਿਤੇ ਵੀ
ਮੁਕੰਮਲ ਨਹੀਂ
ਉਹ ਕਿਤੇ ਵੀ ਦਿਸਦੀ ਨਹੀਂ ਪੂਰੀ
ਜੇ ਲੱਭਦੀ ਕਿਤੇ
ਤਾਂ ਹਰ ਥਾਂ ਅਧੂਰੀ

ਇਹ ਅਧੂਰੀ ਰਹਿ ਗਈ ਪਿਆਸ
ਮੇਰੇ ਮਨ ਨੂੰ ਹੋਰ
ਉਦਾਸ ਕਰਦੀ
ਹਰ ਥਾਂ ਤੇ ਇਕ ਹਾਰ
ਮੇਰੇ ਮਨ ਵਿਚ
ਹੋਰ ਪਿਆਸ ਭਰਦੀ

ਮੈਂ ਆਪਣੇ ਵਿਆਕੁਲ ਮਨ ਨੂੰ
ਸਮਝਾਉਂਦਾ
ਝੂਠੇ ਲਾਰੇ ਵਿਚ ਵਰਚਾਉਂਦਾ

ਪਰ ਜਾਣਦਾ ਹਾਂ ਮੈਂ
ਕਿ ਕਿਤੇ ਨਹੀਂ ਉਹ ਔਰਤ
ਜਿਸ ਦੀ ਉਡੀਕ ਹੈ ਮੈਨੂੰ।


5. ਤਰਤੀਬ ‘ਚ


ਮੈਂ ਕਵਿਤਾ ਪੜ੍ਹਦਿਆਂ
ਕਵਿਤਾ ਰਚਦਿਆਂ
ਕਲਪਨਾ ‘ਚ ਡੁੱਬਿਆ

ਟੀ. ਵੀ. ਤੇ ਕ੍ਰਿਕਟ ਮੈਚ
ਖਿਡਾਰੀ ਜਿਤ ਲਈ
ਜੀਅ ਜਾਨ ਤੋੜਦੇ

ਬੱਚੇ ਪੜ੍ਹਦੇ
ਇਮਤਿਹਾਨ ਦੇ ਦਿਨਾਂ ‘ਚ
ਮਾਂ ਉਹਨਾਂ ਦੀ
ਸੁਣਦੀ ਪ੍ਰਸ਼ਨ

ਹੁਣੇ ਦੁੱਧ ਵਾਲਾ
ਦੁੱਧ ਉਲੱਦ ਕੇ ਗਿਆ
ਸੱਖਣੇ ਭਾਂਡੇ ਵਿਚ

ਫੁੱਲ ਖਿੜਿਆ
ਗੁਲਦਸਤੇ ਵਿੱਚ

ਸੂਰਜ ਚਮਕਦਾ
ਪੌਣ ਵਗਦੀ

ਹਰ ਕੋਈ
ਆਪਣੇ ਆਪਣੇ ਕਾਰਜ ਵਿਚ
ਮਸਤ

ਇਸੇ ਲਈ
ਧਰਤੀ ਸਦਾ
ਤਰਤੀਬ ‘ਚ ਘੁੰਮਦੀ ।

6. ਬਚਪਨ-ਉਮਰਾ

ਸਕੂਲ ਦੀ ਇੱਕ ਨੁੱਕਰ ਦੇ ਵਿੱਚ
ਕੁਰਸੀ ਡਾਹੀ
ਅੱਧੀ ਛੁੱਟੀ
ਨਿੱਕੇ ਨਿੱਕੇ ਬੱਚੇ ਭੱਜਦੇ
ਤੱਕ ਰਿਹਾ ਹਾਂ
ਨੱਚਦੇ ਟੱਪਦੇ
ਭੱਜ ਭੱਜ ਇੱਕ ਦੂਜੇ ਨੂੰ ਫੜਦੇ
ਫਿਰ ਇੱਕ ਦੂਜੇ ਦੇ ਨਾਲ ਲੜਦੇ

ਰੱਬ ਜਿਹੇ ਚਿਹਰੇ ਇਹਨਾਂ ਦੇ
ਬੇਖ਼ਬਰ ਦੀਨ ਦੁਨੀਆਂ ਤੋਂ
ਆਪਣੀ ਅਜਬ ਜਿਹੀ
ਦੁਨੀਆਂ ਦੇ ਵਿਚ
ਵਿਚਰ ਰਹੇ ਨੇ

ਇਹਨਾਂ ਨੂੰ ਤੱਕ
ਅਚਨਚੇਤ ਮੈਂ
ਆਪਣੇ ਅੰਦਰ ਲੱਥ ਜਾਵਾਂ
ਨਿੱਕੀ ਉਮਰੇ
ਆਲੇ ਭੋਲੇ ਬਚਪਨ ਦਾ
ਬੂਹਾ ਖੜਕਾਵਾਂ

ਪਰ ਮੇਰਾ ਬਚਪਨ
ਜਿਵੇਂ ਕੋਈ ਕੰਡਿਆਲੀ ਝਾੜੀ
ਜਿਥੇ ਕਿਤੇ ਵੀ ਹੱਥ ਲਾਵਾਂ
ਕੰਡੇ ਹੀ ਕੰਡੇ
ਕੰਡਿਆਂ ਦੇ ਨਾਲ
ਮਾਸੂਮ ਜਿਹੇ ਪੋਟੇ ਵਿੰਨ੍ਹੇ ਜਾਂਦੇ
ਬਚਪਨ ਜਿਵੇਂ ਕੋਈ ਸ਼ੈਅ ਡਰਾਉਣੀ
ਡਰਦਾ ਡਰਦਾ ਮੁੜ ਆਵਾਂ

ਸਾਹਵੇਂ ਖੇਡਦੇ
ਨੱਚਦੇ ਟੱਪਦੇ
ਬੱਚਿਆਂ ਵੱਲ ਤੱਕਾਂ
ਪਰ ਮੈਨੂੰ ਕਿਤੇ ਵੀ
ਇਹੋ ਜਿਹਾ ਬਚਪਨ ਮੇਰਾ
ਯਾਦ ਨਾ ਆਵੇ
ਬਚਪਨ ਦੀ ਕੋਈ ਯਾਦ ਮਿਠੇਰੀ
ਮੇਰੇ ਮਨ ਦੇ ਚਿਤਰਪਟ ਤੇ
ਬਣ ਨਾ ਪਾਵੇ

ਮੇਰਾ ਬਚਪਨ
ਇਵੇਂ ਜਿਵੇਂ ਕੋਈ ਸ਼ੈਅ ਡਰਾਉਣੀ
ਲੋਕੀ ਆਖਣ
ਬਚਪਨ ਦੀ ਇਹ ਉਮਰਾ
ਮੁੜ ਕਦੇ ਨਾ ਆਉਣੀ।

7. ਐ ਮੇਰੇ ਮਾਲਿਕ

ਐ ਮੇਰੇ ਮਾਲਿਕ
ਮੇਰੇ ਉਤੇ
ਏਨਾ ਕੁ ਕਰਮ ਕਰਦੇ
ਕਿ ਮੇਰੀ ਝੋਲੀ
ਕਵਿਤਾ ਦੇ ਨਾਲ ਭਰਦੇ

ਮੁੱਦਤ ਹੋਈ
ਕਵਿਤਾ ਰੁੱਸੀ
ਰੁਸ ਕੇ ਕਿਧਰੇ ਦੂਰ ਗਈ ਹੈ
ਮੰਨਦੀ ਨਾਹੀਂ
ਐਂ ਮੇਰੇ ਮਾਲਿਕ
ਐਸਾ ਖੇਲ ਰਚਾ ਦੇ
ਮੈਥੋਂ ਰੁਸੀ ਹੋਈ ਕਵਿਤਾ
ਮੇਰੇ ਕੋਲ ਲਿਆ ਦੇ

ਐਨੇ ਝੱਖੜ ਝੁੱਲੇ
ਮੇਰੇ ਪੈਰੀਂ ਮਿਲੇ ਨਾ ਰਾਹ
ਅੰਨੀਆਂ ਗਲੀਆਂ
ਵਿੱਚ ਭਟਕਦਾ
ਪੈਂਦੀ ਨਾ ਕੋਈ ਥਾਹ
ਐ ਮੇਰੇ ਮਾਲਿਕ
ਕੋਈ ਕੌਤਕ ਵਰਤਾਅ
ਰੁਸੀ ਹੋਈ ਕਵਿਤਾ ਨੂੰ
ਲੈ ਆਵਾਂ
ਫੇਰ ਮਨਾਅ

ਅੰਨ੍ਹਾ ਇਹ
ਤਨ ਦਾ ਜੰਗਲ
ਤਪਦਾ ਮਨ ਦਾ ਮਾਰੂਥਲ
ਹੋਂਠ ਖੁਸ਼ਕ ਨੇ
ਮਿਲਦਾ ਨਾ ਕਿਤੋਂ ਤੁਪਕਾ ਜਲ
ਐ ਮੇਰੇ ਮਾਲਿਕ
ਕੋਈ ਭਾਣਾ ਵਰਤਾਦੇ
ਕਿ ਕਵਿਤਾ ਦਾ ਨਿਰਮਲ ਚਸ਼ਮਾ
ਮੇਰੇ ਹੋਠੀਂ ਲਾ ਦੇ

ਕਵਿਤਾ ਬਿਨ ਮੈਂ
ਬਹੁਤ ਇਕੱਲਾ
ਕਵਿਤਾ ਬਿਨਾ ਉਦਾਸ
ਤਜ ਗਏ ਸਾਰੇ ਰਿਸ਼ਤੇ ਨਾਤੇ
ਜੀਵਨ ਜਿਉਂ ਬਨਵਾਸ

ਐ ਮੇਰੇ ਮਾਲਿਕ
ਮਿਹਰ ਦਾ ਮੀਂਹ ਵਰਸਾਦੇ
ਮੈਂ ਕੁਝ ਹੋਰ ਨਾ ਮੰਗਾਂ
ਮੈਨੂੰ ਕਵਿਤਾ ਨਾਲ ਮਿਲਾ ਦੇ


8. ਰੋਜ਼ ਰਾਤ ਨੂੰ
ਰੋਜ਼ ਰਾਤ ਨੂੰ ਸੁਪਨੇ ਆਉਂਦੇ
ਅਤਿ ਭਿਆਨਕ ਅਤਿ ਡਰਾਉਣੇ
ਵੇਂਹਦਾ ਵੇਂਹਦਾ
ਨੀਂਦਰ ਦੇ ਵਿਚ
ਡਰ ਉਠਦਾ ਹਾਂ
ਤ੍ਰਹਿ ਜਾਂਦਾ ਹਾਂ

ਰੋਜ਼ ਰਾਤ ਨੂੰ
ਸੁਪਨੇ ਦੇ ਵਿੱਚ
ਤਿਖਿਆਂ ਤਿਖਿਆਂ ਦੰਦਾਂ ਵਾਲੇ
ਕੁੱਤੇ ਭੌਂਕਣ
ਵੱਢਣ ਆਉਂਦੇ
ਪਿੱਛੇ ਪੈਂਦੇ
ਭੱਜਦਾ ਭੱਜਦਾ ਹਫ਼ ਜਾਂਦਾ ਹਾਂ
ਡਰ ਜਾਂਦਾ ਹਾਂ

ਲਪਕਦੀਆਂ ਜਿਹੀਆਂ ਜੀਭਾਂ ਲੈ ਕੇ
ਡੱਬ ਖੜੱਬੇ ਨਾਗ ਫੁੰਕਾਰਨ
ਕੌਡੀਆਂ ਵਾਲੇ ਸੱਪ ਡਰਾਉਣੇ
ਫਨ ਖਿਲਾਰਨ
ਇੱਕ ਦਮ ਬਹੁਤ ਹੀ ਸ਼ਹਿ ਜਾਂਦਾ ਹਾਂ
ਨੁੱਕਰੇ ਡਰ ਕੇ ਬਹਿ ਜਾਂਦਾ ਹਾਂ

ਕਦੇ ਕਦੇ ਇਹ ਕਾਲੇ ਕੁੱਤੇ
ਝਬਰੇ ਵਾਲਾਂ ਵਾਲੇ ਕੁੱਤੇ
ਬੰਦਿਆਂ ਵਿਚ ਤਬਦੀਲ ਨੇ ਹੁੰਦੇ
ਕੌਡੀਆਂ ਵਾਲੇ ਨਾਗ ਭਿਆਨਕ
ਫਨ ਖਿਲਾਰੀ
ਬੰਦਿਆਂ ਦੇ ਵਿਚ ਵਟਣ ਨੇ ਲੱਗਦੇ
ਜਦ ਵੇਂਹਦਾ ਹਾਂ
ਸੁੰਨ ਹੋ ਜਾਵਾਂ
ਏਹਨਾਂ ਨੂੰ ਮੰਨਦਾ ਰਿਹਾਂ ਮੈਂ
ਕਿੰਨਾ ਚਿਰ ਆਪਣਾ ਪ੍ਰਛਾਵਾਂ

ਰੋਜ਼ ਰਾਤ ਨੂੰ
ਬੜੇ ਭਿਆਨਕ
ਬੜੇ ਡਰਾਉਣੇ ਸੁਪਨੇ ਆਉਂਦੇ
ਸੌਣ ਵੇਲੇ
ਰੋਜ਼ ਹੀ ਪਰ
ਜੀਆ ਲਲਚਾਵੇ

ਕਿ ਇਸ ਭਿਆਨਕ ਜੰਗਲ ਦੇ ਵਿੱਚ
ਕਦੇ ਤੇਰਾ ਇੱਕ ਸੁਪਨਾ ਆਵੇ
ਤੇਰਾ ਸੁਪਨਾ ਰੋਜ਼ ਉਡੀਕਾਂ
ਤੇਰਾ ਸੁਪਨ ਕਦੇ ਨਾ ਆਵੇ।

9. ਬੱਸ ਦੇ ਸਫ਼ਰ ‘ਚ

ਬੱਸ ਦੇ ਸਫ਼ਰ ‘ਚ
ਮੇਰੇ ਤੋਂ ਅਗਲੀ ਸੀਟ ਤੇ
ਬੈਠੀ ਹੋਈ ਸੀ ਔਰਤ ਇੱਕ
ਨਾਲ ਪਤੀ ਉਸਦਾ
ਗੋਦ ‘ਚ ਬੱਚਾ ਖੇਡਦਾ
ਛੋਟਾ ਜਿਹਾ

ਮਮਤਾ ਦੇ ਨਾਲ
ਭਰੀ ਉਹ ਔਰਤ
ਉਸ ਨਿੱਕੇ ਜਿਹੇ ਬੱਚੇ ਨੂੰ
ਚੁੰਮ ਰਹੀ ਸੀ ਵਾਰ ਵਾਰ
ਉਸ ਦੇ ਮਾਸੂਮ ਮੂੰਹ ਨਾਲ
ਛੁਹਾ ਰਹੀ
ਠੋਡੀ ਸੀ ਆਪਣੀ
ਉਸ ਦੇ ਅੰਦਰੋਂ ਡੁੱਲ੍ਹ ਰਹੀ ਸੀ
ਭਰ ਭਰ ਮਮਤਾ
ਡੁਲ੍ਹ ਰਿਹਾ ਸੀ ਉਸ ਵਿਚੋਂ
ਮਮਤਾ ਦਾ ਪਿਆਰ

ਮੇਰੇ ਮਨ ਵਿੱਚ ਜੁਗਾਂ ਤੋਂ ਦੱਬੀ
ਜਾਗੀ ਹਸਰਤ
ਮੇਰੇ ਮਨ ਵਿਚ
ਸਦੀਆਂ ਤੋਂ ਸੁੱਤਾ
ਆਇਆ ਖ਼ਿਆਲ

ਕਾਸ਼ ਕਿ
ਇਸ ਔਰਤ ਦੀ
ਗੋਦ ‘ਚ ਲੇਟਿਆ
ਨਿੱਕਾ ਜਿਹਾ ਬੱਚਾ ਮੈਂ ਹੁੰਦਾ
ਕਾਸ਼ ਕਿ
ਏਹ ਔਰਤ
ਮੇਰੀ ਮਾਂ ਹੁੰਦੀ ।

10. ਅਣਛੂਹਿਆ ਹੋਂਠ
ਅਸਲ ਵਿਚ
ਜਿੰਨੀ ਉਸ ਦੀ ਉਮਰ ਸੀ
ਉਸਦੇ ਹੋਂਠ ਦੀ ਉਮਰ
ਉਸ ਤੋਂ ਕਿਤੇ ਨਿੱਕੀ ਸੀ
ਉਸ ਦੇ ਪ੍ਰੋੜ ਚਿਹਰੇ ‘ਤੇ
ਉਸ ਦਾ ਅਣਛੂਹਿਆ ਹੋਂਠ
ਉਚੇਚਾ ਨਜ਼ਰ ਆਉਂਦਾ ਸੀ
ਧਿਆਨ ਨਾਲ ਵੇਖਿਆਂ ਲੱਗਦਾ ਸੀ
ਜਿਵੇਂ ਸੈਨਤਾਂ ਮਾਰ ਬੁਲਾਉਂਦਾ ਸੀ

ਅੱਧ ਉਮਰ ਪਾਰ ਕਰ ਚੁੱਕੀ
ਉਹ ਔਰਤ ਹੈਰਾਨ ਸੀ
ਕਿ ਇਕ ਆਦਮੀ ਨਾਲ ਉਸਨੇ
ਉਮਰ ਦੇ ਕਿੰਨੇ ਵਰੇ ਗੁਜ਼ਾਰ ਦਿੱਤੇ
ਕਈ ਦਹਾਕੇ ਉਸ ਨਾਲ ਸੌਂਦੀ ਰਹੀ
ਉਸਦੀ ਛਾਂਵੇਂ ਭੌਂਦੀ ਰਹੀ
ਪਤੀ ਉਸਦਾ ਹਰ ਰੋਜ਼
ਉਸ ਨਾਲ ਸੌਂਦਾ ਰਿਹਾ
ਬੱਚੇ ਜੰਮਦੀ ਰਹੀ ਉਹ ਉਸਦੇ
ਪੜ੍ਹਾਉਂਦੀ ਰਹੀ
ਘਰ ਦੀਆਂ ਜਿੰਮੇਵਾਰੀਆਂ
ਨਿਭਾਉਂਦੀ ਰਹੀ

ਪਰ ਉਸਦੇ ਪਤੀ ਨੂੰ
ਆਪਣੀ ਬੀਵੀ ਦੇ ਅਣਛੂਹੇ ਹੋਂਠ ਦਾ
ਇਲਮ ਨਹੀਂ ਸੀ
ਕਿੰਨੇ ਹੀ ਅੰਗ ਸਨ
ਜੋ ਉਸਨੇ ਕੋਲ ਪਈ
ਨਗਨ ਬੀਵੀ ਦੇ
ਕਦੇ ਵੇਖੇ ਹੀ ਨਹੀਂ ਸਨ

ਹਨ੍ਹੇਰੇ ਵਿਚ ਸਦਾ ਉਹ
ਉਸ ਨਾਲ ਸੌਂਦਾ ਤਾਂ ਰਿਹਾ
ਪਰ
ਸਿਰਫ ਬੱਚਿਆਂ ਦੀ ਉਤਪਤੀ ਲਈ
ਜਾਂ ਖੁਦ ਨੂੰ ਖਲਾਸ ਕਰਨ ਲਈ

ਅੱਧੀ ਉਮਰ ਵਿਹਾ ਚੁੱਕੀ
ਉਸ ਔਰਤ ਨੇ
ਅਚਨਚੇਤ ਇਕ ਦਿਨ
ਧਿਆਨ ਨਾਲ ਸ਼ੀਸ਼ਾ ਵੇਖਿਆ
ਸ਼ੀਸ਼ੇ ਵਿਚ ਉਸਨੇ ਆਪਣਾ
ਕਸਿਆ ਹੋਇਆ
ਅਣਛੂਹਿਆ
ਆਪਣਾ ਹੋਂਠ ਤੱਕਿਆ
ਆਪਣਾ ਨਗਨ ਜਿਸਮ ਤੱਕਿਆ

ਉਸਦੇ ਧੁਰ ਅੰਦਰੋਂ
ਇਕ ਹਾਉਕਾ ਨਿਕਲਿਆ
ਅਤੇ ਉਹ ਫੇਰ ਆਪਣੀ
ਜਵਾਨੀ ਵਿਚ ਪਰਤ ਗਈ
ਜਿਥੇ ਸਭ ਕੁਝ
ਅਣਛੂਹਿਆ ਸੀ
ਜਿਥੇ ਸਭ ਕੁਝ
ਜਵਾਨ ਸੀ ।


11. ਬਚ ਕੇ ਰਹਿਣਾ

ਆਲੇ ਦੁਆਲੇ
ਸੜਕਾਂ ਉਤੇ
ਚਾਰੋਂ ਪਾਸੇ
ਵਿਚ ਚੁਰਾਹਿਆਂ
ਖੂੰਖਾਰ ਭੇੜੀਏ ਤੁਰੇ ਫਿਰਦੇ ਨੇ
ਬਚ ਕੇ ਰਹਿਣਾ

ਹੈਰਾਨੀ ਪਰ ਏਹ ਭੇੜੀਏ
ਸ਼ਕਲਾਂ ਵਲੋਂ ਮੋਮਨ ਜਾਪਣ
ਜਾਪਣ ਜਿਉਂ ਮਾਸੂਮ ਜਿਹੇ ਲੇਲੇ
ਤਿਖੇ ਇਹਨਾਂ ਦੇ ਦੰਦ ਨਾ ਦਿਸਦੇ
ਮਿੱਠੀ ਜਿਹੀ ਮੁਸਕਾਨ ਇਹਨਾਂ ਦੀ
ਪਹਿਲੀ ਨਜ਼ਰੇ
ਭੋਲੇ ਮਨ ਨੂੰ ਮੋਹ ਲੈਂਦੀ ਹੈ

ਕਵਿਤਾ ਜਿਹੀਆਂ ਗੱਲਾਂ ਕਰਦੇ
ਬਿੰਬਾਂ ਤੇ ਪ੍ਰਤੀਕਾਂ ਦੇ ਵਿੱਚ
ਐਸਾ ਸ਼ਬਦਜਾਲ ਨੇ ਬੁਣਦੇ
ਐਸੇ ਫਿਕਰੇ ਇਹਨਾਂ ਨੂੰ ਫੁਰਦੇ
ਕਿ ਬੰਦਾ ਹੈ ਮੋਹਿਆ ਜਾਂਦਾ

ਪਰ ਮੌਕਾ ਪਾ ਕੇ
ਆਪਣੇ ਤਿਖ-ਨੁਕੀਲੇ ਦੰਦੇ
ਬੰਦੇ ਦੀ
ਗਰਦਨ ਵਿਚ ਗੱਡਦੇ
ਤੇ ਫਿਰ
ਉਦੋਂ ਤੱਕ ਨਾ ਛੱਡਦੇ
ਜਦ ਤੀਕਰ
ਸ਼ਿਕਾਰ ਉਹਨਾਂ ਦਾ
ਤੜਫ਼ ਤੜਫ਼ ਕੇ
ਆਖਿਰ ਠੰਡਾ ਹੋ ਨਹੀਂ ਜਾਂਦਾ

ਫੇਰ ਉਹੋ ਜਿਹੇ ਕਈ ਭੇੜੀਏ
ਸਾਂਝਾ ਜਿਹਾ ਸਮਾਗਮ ਕਰਦੇ
ਬਿੰਬਾਂ ਤੇ ਪ੍ਰਤੀਕਾਂ ਦੇ ਵਿਚ
ਗੱਲਾਂ ਕਰਦੇ
ਮਾਨਵਤਾ ਦਾ ਹਿਤ ਲੋਚਦੇ
ਤਕਰੀਰਾਂ ਕਰਦੇ
ਨਿਮਨ ਵਰਗ ਦੇ ਹੱਕ ਵਿਚ ਖੜਦੇ

ਸ਼ਾਮ ਢਲੀ ਤੋਂ
ਜਸ਼ਨ ਮਨਾਉਂਦੇ
ਮਦਿਰਾ ਪੀਂਦੇ
ਮਰੇ ਹੋਏ ਸ਼ਿਕਾਰ ਦੀ
ਬੋਟੀ ਬੋਟੀ ਲਾਹੁੰਦੇ
ਖਚਰਾਂ ਜਿਹਾ ਹਾਸਾ ਹੱਸਦੇ

ਨਵਾਂ ਸ਼ਿਕਾਰ ਕੋਈ
ਲੱਭਣ ਦੇ ਲਈ
ਫਿਰ ਨੇ ਚੌਂਹੀ ਕੂੰਟੀਂ ਨੱਸਦੇ

ਬਚ ਕੇ ਰਹਿਣਾ
ਚੌਂਹੀਂ ਪਾਸੀਂ
ਚਾਰ ਚੁਫੇਰੇ
ਤੁਰੇ ਫਿਰਦੇ
ਖੂੰਖਾਰ ਭੇੜੀਏ।

12. ਸਿਰਫ ਇਕ ਸ਼ਬਦ

ਆਪਣੇ ਪੈਰਾਂ ਹੇਠਲੀ
ਜਮੀਨ ਛੱਡ ਕੇ
ਉਹ
ਅਸਮਾਨ ਵਿਚ
ਬਹੁਤ ਉੱਚਾ ਉੱਡ ਰਿਹਾ ਸੀ

ਕੋਈ ਵੀ ਤੀਰ
ਉਸਨੂੰ ਵਿੰਨ੍ਹ ਨਹੀਂ ਸੀ ਸਕਦਾ
ਕੋਈ ਵੀ ਗੋਲੀ
ਉਸਨੂੰ ਛਲਣੀ ਨਹੀਂ ਸੀ ਕਰ ਸਕਦੀ
ਕੋਈ ਵੀ ਗੁਲੇਲ
ਉਸ ਤਕ ਮਾਰ ਨਹੀਂ ਸੀ ਕਰਦੀ

ਪਰ ਕਿਸੇ ਨੇ
ਉਸਨੂੰ ''ਇਕ ਸ਼ਬਦ” ਹੀ ਕਿਹਾ
ਕਿ ਉਹ ਪਰਕਟੇ ਪੰਛੀ ਵਾਂਗ
ਲੜਖੜਾਉਂਦਾ
ਤਿਲਮਿਲਾਉਂਦਾ
ਜਮੀਨ ਤੇ ਆ ਡਿਗਿਆ।

(12 ਸਤੰਬਰ 2007)

amarjeetkaunke@yahoo.co.in

+91 98142 31698 (mobile )

 

ilKfrI
Likhari


© likhari: Punjabi Likhari Forum-2001-2007