ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 01 ਜਨਵਰੀ, 2009

ਲੇਖ/ਖੋਜ/ਵਿਚਾਰ/ਰੀਵੀਊ/ਆਲੋਚਨਾ

ਸੁਰਿੰਦਰ ਸੋਹਲ

ਭਾਰਤੀ ਸਾਹਿਤ ਅਕੈਡਮੀ ਪੁਰਸਕਾਰ-2007 ਲਈ ਚੁਣੀ ਗਈ
ਜਸਵੰਤ ਦੀਦ ਦੀ ਕਾਵਿ-ਪੁਸਤਕ 'ਕਮੰਡਲ‘
-ਸੁਰਿੰਦਰ ਸੋਹਲ-

ਜਸਵੰਤ ਦੀਦ


ਜਸਵੰਤ ਦੀਦ ਚਰਚਿਤ 'ਅਫ਼ਸਰ ਸ਼ਾਇਰ‘ ਹੈ। ਉਹ ਚਰਚਿਤ ਇਸ ਕਰਕੇ ਨਹੀਂ ਕਿ ਉਹ 'ਅਫ਼ਸਰ‘ ਹੈ, ਸਗੋਂ ਇਸ ਕਰਕੇ ਹੈ ਕਿ ਉਹ ਸਮੱਰਥਾਵਾਨ ਅਤੇ ਪ੍ਰਤਿਭਾਸ਼ਾਲੀ ਸ਼ਾਇਰ ਹੈ। ਪ੍ਰਸਿੱਧ ਆਲੋਚਕ ਡਾ. ਅਤਰ ਸਿੰਘ ਨੂੰ ਤਾਂਹੀ ਤਾਂ ਕਹਿਣਾ ਪਿਆ ਸੀ, 'ਮੈਨੂੰ ਇਸ ਗੱਲ ਦਾ ਇਕਬਾਲ ਕਰਨ ਤੋਂ ਕੋਈ ਸੰਕੋਚ ਨਹੀਂ ਕਿ ਮੈਂ ਪਹਿਲਾਂ ਜਸਵੰਤ ਦੀਦ ਵਰਗੇ 'ਅਫ਼ਸਰ ਕਵੀਆਂ‘ ਨੂੰ ਨਿੱਠ ਕੇ ਬਹਿ ਕੇ ਪੜ੍ਹਿਆ ਹੀ ਨਹੀਂ। ਮੇਰਾ ਖ਼ਿਆਲ ਸੀ ਕਿ ਉਹ ਵੀ ਆਪਣੀ ਸ਼ਕਤੀ (ਕੁਰਸੀ) ਦੇ ਸਹਾਰੇ ਕਵੀ ਬਣਨਾ ਲੋਚਦਾ ਹੈ। ਹੁਣ ਮੈਂ ਆਪਣੀ ਇਸ ਗ਼ਲਤੀ ਦਾ ਅਜ਼ਾਲਾ (ਪੂਰਤੀ) ਕਿਵੇਂ ਕਰਾਂ?‘

(ਕਾਵਿ-ਸੰਗ੍ਰਹਿ 'ਆਵਾਜ਼ ਆਏਗੀ ਅਜੇ‘ ਦੇ ਟਾਈਟਲ ਦਾ ਆਖ਼ਰੀ ਸਫ਼ਾ)

'ਕਮੰਡਲ‘ ਜਸਵੰਤ ਦੀਦ ਦਾ ਪੰਜਵਾਂ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ 'ਬੱਚੇ ਤੋਂ ਡਰਦੀ ਕਵਿਤਾ‘, 'ਅਚਨਚੇਤ‘, 'ਆਵਾਜ਼ ਆਏਗੀ ਅਜੇ‘, 'ਘੁੰਡੀ‘ ਕਾਵਿ ਸੰਗ੍ਰਹਿ ਰਚ ਚੁਕਿਆ ਹੈ। ਉਸ ਦਾ ਇਕ ਕਹਾਣੀ ਸੰਗ੍ਰਹਿ 'ਇਕ ਲੱਪ ਯਾਦਾਂ ਦੀ‘ 1970 ਵਿਚ ਪ੍ਰਕਾਸ਼ਤ ਹੋਇਆ ਸੀ। ਇਸ ਤੋਂ ਇਲਾਵਾ ਉਸ ਨੇ ਅਨੁਵਾਦ ਅਤੇ ਸੰਪਾਦਨ ਦਾ ਕਾਰਜ ਵੀ ਕੀਤਾ ਹੈ। ਮੀਡੀਆ ਨਾਲ ਜੁੜਿਆ ਹੋਣ ਕਰਕੇ ਕਈ ਵਾਰ ਇਹ ਭਰਮ ਪੈਦਾ ਹੋ ਜਾਂਦਾ ਹੈ ਕਿ ਸ਼ਾਇਦ ਉਸਦੀ ਚਰਚਾ ਆਪਣੇ ਰੁਤਬੇ ਕਰਕੇ ਹੈ।

'ਕਮੰਡਲ‘ ਦਾ ਪਾਠ ਆਰੰਭਦਿਆਂ ਪਾਠਕ ਇਕ ਵਾਰ ਆਪਣੇ ਆਪ ਨੂੰ ਸ਼ਬਦਾਂ ਦੇ ਸੰਘਣੇ ਜੰਗਲ ਵਿਚ ਗੁਆਚ ਗਿਆ ਮਹਿਸੂਸ ਕਰਦਾ ਹੈ। ਸ਼ਬਦਾਂ ਦੇ ਇਸ ਸੰਘਣੇ ਜੰਗਲ ਵਿਚ ਰਹੱਸਮਈ ਹਨ੍ਹੇਰਾ, ਦਿਸ਼ਾਵਾਂ ਦੀ ਅਣਹੋਂਦ, ਗੁੰਮਸ਼ੁਦਾ ਪਗਡੰਡੀਆਂ ਕਈ ਵਾਰ ਪਾਠਕ ਨੂੰ ਸੋਚੀਂ ਪਾ ਦਿੰਦੀਆਂ ਹਨ। ਜੇਕਰ ਪਾਠਕ ਰਤਾ ਕੁ ਹੌਸਲਾ ਕਰ ਲਵੇ, ਆਪਣੇ ਅੰਦਰਲੀ ਲੋਅ ਨੂੰ ਸ਼ਬਦਾਂ ਦੀ ਲੋਅ ਨਾਲ ਜੋੜ ਲਵੇ ਤਾਂ ਬਿੰਬਾਂ ਓਹਲੇ ਬੈਠੇ ਜੁਗਨੂੰ ਚਮਕਦੇ ਦਿਖਾਲੀ ਦੇਣ ਲਗਦੇ ਹਨ। ਦੂਰ ਮੰਡਲਾਂ ਦੇ ਪਾਰੋਂ ਕੋਈ ਕਿਰਨ ਜੰਗਲ ਦੇ ਸੰਘਣੇਪਨ ਨੂੰ ਚੀਰਦੀ ਦ੍ਰਿਸ਼ਟੀਗੋਚਰ ਹੋਣ ਲੱਗਦੀ ਹੈ। ਅਰਥਾਂ ਦੀ ਪਗਡੰਡੀ ਲਿਸ਼ਕਣ ਲੱਗ ਪੈਂਦੀ ਹੈ। ਫਿਰ ਜਿਉਂ ਜਿਉਂ ਪਾਠਕ ਦੀ ਸੋਚ ਸ਼ਬਦਾਂ ਦੇ ਇਸ ਜੰਗਲ ਵਿਚੋਂ ਗੁਜ਼ਰਦੀ ਹੈ, ਤਰ੍ਹਾਂ ਤਰ੍ਹਾਂ ਦੇ ਫੁੱਲ, ਸ਼ੇਡਾਂ, ਦ੍ਰਿਸ਼ਾਂ ਨਾਲ ਸਰਸ਼ਾਰ ਹੁੰਦੀ, ਸੁਹਜ ਦੀ ਸਿਖਰ ਤੱਕ ਪੁੱਜਦੀ ਜਾਂਦੀ ਹੈ। ਜਦੋਂ ਪਾਠਕ 'ਕਮੰਡਲ‘ ਵਿਚੋਂ ਆਖ਼ਰੀ ਨਜ਼ਮ ਦੀ ਚੂਲੀ ਭਰਦਾ ਹੈ ਤਾਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਸ਼ਬਦਾਂ ਦੇ ਸੰਘਣੇ ਜੰਗਲ ਵਿਚੋਂ ਦੀ ਹੋ ਕੇ ਨਹੀਂ ਆਇਆ ਸਗੋਂ ਸ਼ਬਦਾਂ ਦੇ ਬ੍ਰਹਿਮੰਡ ਦੀ ਪਰਿਕਰਮਾ ਕਰਕੇ ਮੁੜਿਆ ਹੈ।

'ਟੇਕ‘ ਨਜ਼ਮ ਪਹਿਲੀ ਨਜ਼ਰੇ ਮਨ ਦੀ ਬੇਚੈਨੀ ਦਾ ਪ੍ਰਭਾਵ ਦਿੰਦੀ ਹੈ, ਪਰ ਹੌਲੀ ਹੌਲੀ ਇਹ ਜ਼ਿੰਦਗੀ ਦੇ ਹੋਣ ਅਤੇ ਧੜਕਣ ਦਾ ਅਹਿਸਾਸ ਕਰਾਉਂਦੀ ਹੈ। ਇਸ ਨਜ਼ਮ ਦੀ 'ਅਟੇਕਤਾ‘ ਜ਼ਿੰਦਗੀ ਲਈ ਅਨੁਕੂਲ ਦਿਸ਼ਾ ਢੂੰਡ ਰਹੇ ਮਨ ਦੀ ਸਾਰਥਕ ਤਸਵੀਰਕਸ਼ੀ ਹੈ-

ਮੈਨੂੰ ਕਿਧਰੇ ਟੇਕ ਨਹੀਂ ਹੈ
ਕਦੀ ਏਸ ਸ਼ਹਿਰ ਕਦੀ ਓਸ ਸ਼ਹਿਰ
ਕਦੀ ਕਸਬਾ ਕਦੀ ਗਰਾਂ
ਕੋਈ ਦਿਸ਼ਾ ਮੇਚ ਨ ਆਵੇ
ਅੱਖਰ ਛਿੱਲਾਂ
ਡੁੱਬਿਆ ਚੁੱਪ ਰਹਾਂ
ਸੋਚਾਂ
ਕੋਈ ਵੀ ਗੱਲ ਨਹੀਂ ਹੈ
ਪਰ ਟੇਕ ਨਹੀਂ ਹੈ
(ਪੰਨਾ 9)
 

'ਕਮੰਡਲ‘ ਕਾਵਿ-ਸੰਗ੍ਰਹਿ ਵਿਚ ਕਮੰਡਲ, ਜੰਗਲ, ਜੋਗੀ, ਗੁਰੂ, ਆਵਾਜ਼, ਲਹੂ, ਹੰਝੂ ਆਦਿ ਮੈਟਾਫ਼ਰ ਬੇਹੱਦ ਸੁਹਜੀਲੇ, ਨਿਵੇਕਲੇ ਤੇ ਤਰੋਤਾਜ਼ਾ ਅਰਥਾਂ ਵਿਚ ਪੇਸ਼ ਹੋਏ ਹਨ। ਇਹਨਾਂ ਦੀ ਇਤਿਹਾਸਕ-ਮਿਥਹਾਸਿਕ ਪ੍ਰਸੰਗਗਤਾ ਸਦਕਾ ਦੀਦ ਕਾਵਿ-ਪੈਰਾਡਾਈਮ ਦੀਆਂ ਅਸੀਮ ਸੰਭਾਵਨਾਵਾਂ ਪਰਗਟ ਹੁੰਦੀਆਂ ਹਨ।

'ਆਵਾਜ਼‘ ਦਾ ਬਿੰਬ ਕਾਵਿ ਵਿਚ ਆਦਿ ਤੋਂ ਅੰਤ ਤੱਕ ਕੇਂਦਰੀ ਥੀਮ ਵਾਂਗ ਸਮਾਇਆ ਹੋਇਆ ਹੈ।
ਮਹਾਂਵਿਸਫੋਟ ਹੋ ਕੇ ਬ੍ਰਹਿਮੰਡ ਦੀ ਸਿਰਜਣਾ ਹੋਈ ਸੀ ਤੇ ਉਸ ਮਹਾਂਵਿਸਫੋਟ ਦੀ ਆਵਾਜ਼ ਦੀ ਕੰਪਨ ਅਜੇ ਵੀ ਪ੍ਰਕਾਸ਼ ਵਰ੍ਹਿਆਂ ਦੀ ਦੂਰੀ ‘ਤੇ ਨਿੰਰਤਰ ਫੈਲਦੀ ਜਾ ਰਹੀ ਹੋਵੇਗੀ। ਜਿਵੇਂ ਪਾਣੀ ਵਿਚ ਠੀਕਰੀ ਮਾਰਿਆਂ ਲਹਿਰਾਂ ਫੈਲਦੀਆਂ ਜਾਂਦੀਆਂ ਹਨ। ਉਸੇ ਤਰ੍ਹਾਂ ਮਹਾਂਵਿਸਫੋਟ ਦੀ ਧੁਨੀ ਜਸਵੰਤ ਦੀਦ ਦੀ ਕਵਿਤਾ ਵਿਚੋਂ ਸੁਣੀ ਜਾ ਸਕਦੀ ਹੈ। ਜਿਵੇਂ ਧੁਨੀ ਨਿਰੰਤਰ ਫੈਲਦੀ ਜਾਂਦੀ ਹੈ, ਇਸੇ ਤਰ੍ਹਾਂ ਹੀ ਜਸਵੰਤ ਦੀਦ ਦੀ ਕਵਿਤਾ ਦੇ ਅਰਥ ਫੈਲਦੇ ਜਾਂਦੇ ਹਨ। ਵਾਰ ਵਾਰ ਪੜ੍ਹਨ ਨਾਲ ਕਵਿਤਾ ਹੋਰ ਤੇ ਹੋਰ ਸੁਹਜਮਈ ਤਾਂ ਹੁੰਦੀ ਹੀ ਜਾਂਦੀ ਹੈ, ਇਸ ਦੀ ਗਹਿਰਾਈ ਵੀ ਅਥਾਹ ਹੁੰਦੀ ਜਾਂਦੀ ਹੈ।

ਲੇਰ ਮਾਰ ਰੋਵਾਂ, ਤਾੜੀ ਵੱਜੇ ਹੱਸ ਪਵਾਂ, ਜੰਗਲ ਵਲੋਂ ਆਵਾਜ਼ ਆਈ, ਕੜਕਦੀ ਬਿਜਲੀ, ਦੋਸਤ ਦੋ ਗਲਾਸਾਂ ਨਾਲ ਖੜਕਦਾ, ਅਚਾਨਕ ਰਸੋਈ ‘ਚੋਂ ਕੜਛੀ ਡਿੱਗਦੀ, ਮੈਨੂੰ ਇਥੋਂ ਚਲੇ ਜਾਣਾ ਚਾਹੀਦਾ ਹੈ ਕਿਸੇ ਵਿਸਫੋਟ ਵਾਂਗ, ਹੜਬੜਾਈ ਹੋਈ ਆਵਾਜ਼ ਥਾੜ੍ਹ ਥਾੜ੍ਹ ਵੱਜਦੀ ਹੈ, ਬੱਦਲ ਗੜ੍ਹਕਦੇ, ਅਸਮਾਨੀ ਚੱਟਾਨਾਂ ਟੁੱਟਦੀਆਂ, ਢੋਲ ਬੱਦਲਾਂ ਦਾ, ਨਗਾੜਾ ਵੱਜ ਰਿਹਾ ਆਦਿ ਰਾਹੀਂ 'ਆਵਾਜ਼‘ ਦਾ ਬਿੰਬ ਵੱਖਰੇ ਵੱਖਰੇ ਰੂਪ ਬਦਲ ਕੇ ਪਾਠਕ ਅੰਦਰ ਹਲਚਲ ਪੈਦਾ ਕਰਦਾ ਹੈ। ਕਵੀ ਦੀ ਸਫ਼ਲਤਾ ਇਸ ਵਿਚ ਹੈ ਕਿ ਉਸ ਦੇ ਸ਼ਬਦਾਂ ਵਿਚਲੀ ਬੇਚੈਨੀ ਸ਼ਬਦਾਂ ਤੋਂ ਪਾਰ ਜਾ ਕੇ ਪਾਠਕ ਦੀ ਸੋਚ ਨੂੰ ਝੰਜੋੜਨ ਵਿਚ ਕਾਮਯਾਬ ਹੁੰਦੀ ਹੈ।

ਜਸਵੰਤ ਦੀਦ ਦੀਆਂ ਨਜ਼ਮਾਂ ਪੜ੍ਹ ਕੇ ਮੂੰਹ ‘ਚੋਂ 'ਵਾਹ ਵਾਹ‘ ਨਹੀਂ ਨਿਕਲਦੀ। ਪਾਠਕ ਪੜ੍ਹਦਾ ਹੈ, ਸੋਚਦਾ ਹੈ। ਲਿਖੇ ਗਏ ਵਾਕੰਸ਼ਾਂ ਦੀ ਗਹਿਰਾਈ ਵਿਚ ਉਤਰਨ ਲਈ ਆਪਣੇ ਆਪ ਨੂੰ ਤਿਆਰ ਕਰਦਾ ਹੈ। ਪਾਠਕ ਦੀ ਸੋਚ ਕਵਿਤਾ ਨਾਲ ਕਵਿਤਾ ਹੋ ਜਾਂਦੀ ਹੈ। ਉਹ ਚਿੰਤਨਸ਼ੀਲ ਹੋ ਕੇ ਗਹਿਰੇ ਵਿਚਾਰਾਂ ਦੇ ਖੂਹ ਵਿਚ ਉੱਤਰ ਜਾਂਦਾ ਹੈ। ਉਸਨੂੰ 'ਵਾਹ ਵਾਹ‘ ਕਹਿਣ ਦਾ ਖ਼ਿਆਲ ਹੀ ਨਹੀਂ ਰਹਿੰਦਾ। ਆਪਣੀ ਕਵਿਤਾ ਦੇ ਇਸ ਗੁਣ ਬਾਰੇ ਜਸਵੰਤ ਦੀਦ ਖ਼ੁਦ ਵੀ ਸੁਚੇਤ ਹੈ। ਉਸਨੇ ਆਪਣੇ ਪਹਿਲੇ ਕਾਵਿ-ਸੰਗ੍ਰਹਿ 'ਬੱਚੇ ਤੋਂ ਡਰਦੀ ਕਵਿਤਾ‘ ਦੀ ਭੂਮਿਕਾ ਵਿਚ ਲਿਖਿਆ ਸੀ,'ਨਵੀਂ ਨਜ਼ਮ ਨੇ 'ਰਿਵਾਜੀ ਵਾਹ ਵਾਹ‘ ਤੋਂ ਪਾਰ ਜਾਣਾ ਹੈ। 'ਸੁਆਦ‘ ਦੀ ਉਡੀਕ ‘ਚ ਜਮ੍ਹਾਂ ਹੋਈ ਭੀੜ ਤੋਂ ਨਿਜਾਤ ਪਾਉਣੀ ਹੈ।‘ (ਪੰਨਾ 7)

'ਹਾਹਾਕਾਰ‘ ਨਜ਼ਮ ਦਾ ਸਰੋਕਾਰ ਉਹਨਾਂ ਬੁੱਧੀਜੀਵੀ, ਵਿਦਵਾਨਾਂ, ਆਲੋਚਕਾਂ, ਚਿੰਤਕਾਂ ਨਾਲ ਹੈ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਅਚੇਤ-ਸੁਚੇਤ ਅਦਿਖ ਖੂਹ ਵਿਚ ਸੁੱਟ ਚੁੱਕੇ ਹਨ-

ਹਾਹਾਕਾਰ ਮਚ ਗਈ ਹੈ
ਕਾਗ਼ਜ਼ ਹੈ ਖ਼ਿਆਲ ਹੈ
ਤੇ ਸਾਰੇ ਘਰ ਵਿਚ ਪੈੱਨ ਨਹੀਂ ਹੈ
..........
ਛੋਟਾ ਬੇਟਾ ਭੱਜਦਾ ਜਾਂਦਾ ਬਾਹਰ ਵੱਲ
..........
ਕਹਿੰਦਾ-
ਰਾਤੀਂ ਦੇਖਿਆ ਸੀ
ਖੂਹ ਅੰਦਰ ਡਿੱਗਦਾ ਪੈੱਨ

ਬਦਨ ਦਾ ਪੱਥਰ ਹੋਰ ਭਾਰਾ ਕਰਦੀ
ਮਹਿੰਦੀ ਲੱਗੇ ਵਾਲਾਂ ਵਾਲੀ ਆਖਦੀ ਹੈ-
ਕੀ ਰੌਲੀ ਪਾਈ ਹੈ-
ਪੈੱਨ! ਪੈੱਨ! ਪੈੱਨ!
ਸਵੇਰੇ ਅੱਖ ਖੁੱਲ੍ਹਦਿਆਂ ਹੀ
ਰਾਮ ਨਹੀਂ ਨਾਮ ਨਹੀਂ
ਪੈੱਨ! ਪੈੱਨ! ਪੈੱਨ!
ਸਿਰ ‘ਤੇ ਚੱਕ ਲੈਂਦਾ ਇਹ ਬੰਦਾ ਘਰ!
ਜਿਵੇਂ ਪੈੱਨ ‘ਤੇ ਚੱਕਣੀ ਹੋਵੇ ਦੁਨੀਆ.
(ਪੰਨਾ 20)

ਸੱਚਮੁੱਚ ਪੈੱਨ ‘ਤੇ ਦੁਨੀਆ ਹੀ ਤਾਂ ਚੱਕਣੀ ਹੈ, ਪਰ ਪੈੱਨ ਖੂਹ ਵਿਚ ਡਿੱਗ ਚੁੱਕਾ ਹੈ। ਖੂਹ ਡਰ ਦਾ ਹੋ ਸਕਦਾ ਹੈ, ਲਾਲਚ ਦਾ ਹੋ ਸਕਦਾ ਹੈ, ਮਜਬੂਰੀ ਦਾ ਹੋ ਸਕਦਾ ਹੈ। ਇਸ ਦੀ ਸੋਝੀ ਤਾਂ ਪਾਠਕ ਨੇ ਆਪਣੀ ਸਮਰੱਥਾ ਮੁਤਾਬਕ ਆਪ ਕਰਨੀ ਹੈ। ਲੇਖਕ ਨੇ ਤਾਂ ਹਾਲਾਤ ਪੇਸ਼ ਕਰ ਦਿੱਤੇ ਹਨ।

ਸੁਰਜੀਤ ਹਾਂਸ ਦੇ ਸ਼ਬਦਾਂ ਵਿਚ,'ਦੀਦ ਦੀ ਸਵੈ-ਕਟਾਖ਼ਸ਼ ਦੀ ਕਵਿਤਾ ਸਾਹਿਤਕ-ਸਮਾਜਿਕ ਪ੍ਰਾਪਤੀ ਹੈ। ਦੀਦ ਦੀ ਸਾਹਿਤਕ ਦ੍ਰਿਸ਼ਟੀ ਦੇ ਸਮਾਜਿਕ-ਸਿਆਸੀ ਕਾਰਨਾਂ ਵਿਚ ਜਾਣ ਦੀ ਲੋੜ ਨਹੀਂ। ਕਾਰਨ ਤਾਂ ਪ੍ਰਮਾਣ ਦੀ ਜਾਣਕਾਰੀ ਵੀ ਨਹੀਂ ਦਿੰਦਾ।‘
(ਕਾਵਿ-ਸੰਗ੍ਰਹਿ 'ਘੁੰਡੀ‘ ਦੇ ਟਾਈਟਲ ਦਾ ਆਖ਼ਰੀ ਸਫ਼ਾ)

ਜਸਵੰਤ ਦੀਦ ਦੀ ਕਵਿਤਾ ਪੜ੍ਹਨ ਤੋਂ ਪਹਿਲਾਂ ਆਪਣੇ ਜ਼ਿਹਨ ‘ਚ ਵਸੇ ਕਾਵਿ-ਸ਼ਾਸਤਰ ਅਤੇ ਕਾਵਿ-ਸੁਹਜ ਨੂੰ ਤਿਲਾਂਜਲੀ ਦੇਣੀ ਪੈਂਦੀ ਹੈ। ਤਾਂ ਹੀ ਉਸਦੀ ਕਵਿਤਾ ਨੂੰ ਮਾਣਿਆ ਜਾ ਸਕਦਾ ਹੈ, ਕਿਉਂਕਿ ਇਹ ਕਵਿਤਾ ਨਿਵੇਕਲੀ ਤਰ੍ਹਾਂ ਦਾ ਸੁਹਜ ਪੈਦਾ ਕਰਦੀ ਹੈ-

ਮੇਰੇ ‘ਤੇ ਸ਼ੱਕ ਨ ਕਰ ਬੀਬੀ
ਉਹੀ ਗਜਾਧਾਰੀ ਹਾਂ ਮੈਂ
ਜਿਸਦੇ ਚਿਮਟੇ ‘ਚੋਂ ਬਿਜਲੀ ਖੜਕਦੀ ਸੀ
ਅਲੱਖ ਨਿਰੰਜਣ ਨਾਲ ਧਰਤੀ
ਚੁੱਪ ਨਾਲ ਆਕਾਸ਼ ਹਿੱਲਦੇ ਸਨ
ਤੇ ਤੂੰ ਜਿਸਦੀ ਸਮਾਧੀ ‘ਚ ਜਾ ਸੌਂਦੀ
ਉਹੀ ਗਜਾਧਾਰੀ ਹਾਂ ਮੈਂ
ਜੋ ਤੇਰੇ ਸਾਹਾਂ ਅੰਦਰ
ਆਪਣਾ ਕਮੰਡਲ ਭੁੱਲ ਗਿਆ ਸੀ
ਜਨਮ ਪਿਛਲੇ
ਖ਼ੈਰ ਪਾ ਜੋਗੀ ਨੂੰ
ਮੁਕਤ ਕਰ!
 

ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਵਲੋਂ 'ਕਮੰਡਲ‘ 2004 ਵਿਚ ਪ੍ਰਕਾਸ਼ਤ ਹੋਈ ਸੀ। ਇਹ ਕਾਵਿ-ਸੰਗ੍ਰਹਿ 2007 ਦੇ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਲਈ ਚੁਣਿਆ ਗਿਆ ਹੈ। ਕਈ ਵਾਰ ਸਾਹਿਤ ਅਕੈਡਮੀ ਦੇ ਇਨਾਮ ਨੂੰ ਲੈ ਕੇ ਵਾਦ-ਵਿਵਾਦ ਛਿੜ ਪੈਂਦੇ ਹਨ। ਪਰ 'ਕਮੰਡਲ‘ ਅਫ਼ਸਰ ਸ਼ਾਇਰ ਦੀ ਰਚਨਾ ਹੁੰਦੇ ਹੋਏ ਵੀ ਵਾਦ-ਵਿਵਾਦ ਤੋਂ ਮੁਕਤ ਹੋਵੇਗੀ, ਇਹ ਮੈਨੂੰ ਪੂਰਾ ਯਕੀਨ ਹੈ।
 

*******

'ਜਸਵੰਤ ਦੀਦ' ਦੇ ਕਾਵਿ-ਸੰਗ੍ਰਿਹ 'ਕਮੰਡਲ' ਸਬੰਧੀ ਡਾ: ਗੁਰਬਚਨ ਦਾ ਲੇਖ ਪੜ੍ਹਨ ਲਈ ਕਲਿੱਕ ਕਰੋ

(21 ਜਨਵਰੀ 2008 -ਯੂਨੀਕੋਡ)

ਸੁਰਿੰਦਰ ਸੋਹਲ ਦੀਆ ਲਿਖਾਰੀ ਵਿਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.