ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 01 ਜਨਵਰੀ, 2009

   ਮੁੱਖਪੰਨਾ

             ਲੇਖ/ਖੋਜ/ਆਲੋਚਨਾ/ਰੀਵੀਊ/ਵਿਚਾਰ

 


      ਗੁਰਬਚਨ

ਜਸਵੰਤ ਦੀਦ : ਕਵਿਤਾ ਦਾ ‘ਕਮੰਡਲ’
-ਗੁਰਬਚਨ-

ਜਸਵੰਤ ਦੀਦ

ਜਸਵੰਤ ਦੀਦ : ਕਵਿਤਾ ਦਾ ‘ਕਮੰਡਲ’---ਗੁਰਬਚਨ

ਜਸਵੰਤ ਦੀਦ ਗ਼ੈਰ-ਮਾਮੂਲੀ ਕਰਤਾਰੀ ਪ੍ਰਤਿਭਾ ਵਾਲਾ ਕਵੀ ਹੈ। ਉਹ ਅੱਜ ਦੇ ਮਨੁੱਖ ਦੀਆਂ ਵਿਸੰਗਤੀਆਂ ਤੇ ਜਿ਼ਹਨੀ ਕਸ਼ਮਕਸ਼ ਦਾ ਕਵੀ ਹੈ। ਇਸ ਮਨੁੱਖ ਅੰਦਰ ਰਿੱਝ ਰਹੀ ਬੇਚੈਨੀ, ਭਟਕਨ ਤੇ ਤਲਾਸ਼ ਦਾ ਕਵੀ ਹੈ।

ਦੀਦ ‘ਜੋ ਹੈ’ ਨਾਲ ਟਕਰਾਂਦਾ ਹੈ; ਤੇ ਟਕਰਾਓ ‘ਚੋਂ ਨਿਕਲਦੇ ਸੇਕ ਲਈ ਨਵੀਂ ਭਾਸ਼ਾ ਦੀ ਤਲਾਸ਼ ਕਰਦਾ ਹੈ। ਅਜਿਹਾ ਕਰਦਿਆਂ ‘ਜੋ ਹੈ’ ‘ਚ ਲੁਪਤ ਤ੍ਰੇੜਾਂ ਦਾ ਅਗਰ-ਭੂਮਣ ਹੋ ਜਾਂਦਾ ਹੈ। ਉਹਦੇ ਲਈ ਆਪਣਾ ਨਿੱਜ ਵੀ ਸ਼ੱਕ ਕਰਨ ਯੋਗ ਹੈ। ਇਸ ਨਿੱਜ ਦੀ ਕੰਪੋਜ਼ੀਸ਼ਨ ‘ਤੇ ਉਹ ਪਸ਼ੇਮਾਨ ਹੁੰਦਾ ਹੈ; ਜਿਨ੍ਹਾਂ ਰਿਸ਼ਤਿਆਂ ‘ਚ ਨਿੱਜ ਬੱਝਾ ਹੋਇਆ ਉਨ੍ਹਾਂ ‘ਚ ਲੁਪਤ ਤ੍ਰੇੜਾਂ ਦੀ ਪਛਾਣ ਕਰਦਾ ਹੈ।
ਏਦਾਂ ਕਰਨ ਵਾਲਾ ਕਵੀ ਗਹਿਰਾ ਤੇ ਜਟਿਲ ਹੁੰਦਾ ਹੈ। ਉਹ ਸਰਲ ਦਿੱਸਦੀ ਹੋਂਦ ਦੀ ਪੇਚੀਦਗੀ ਨੂੰ ਪਕੜਦਾ ਹੈ, ਇਹਦੇ ਅਨੁਕੂਲ ਭਾਸ਼ਾ ਦੀ ਤਲਾਸ਼ ਕਰਦਾ ਹੈ। ਅਜਿਹੇ ਕਵੀ ਨੂੰ ਨਾ ਆਪੇ ਨਾਲ ਮੋਹ ਹੁੰਦਾ ਹੈ, ਨਾ ਆਪਣੀ ਸ਼ੁਹਰਤ ਨਾਲ। ਹਰ ਆਪੇ ‘ਚ ਖੋਟ ਹੁੰਦਾ ਤੇ ਸ਼ੁਹਰਤ ਕੂੜ ਦਾ ਪ੍ਰਵਚਨ ਹੈ।

ਦੀਦ ਦੀ ਤੱਕਣੀ ਕਿਸੇ ਹੋਰ ਵਰਗੀ ਨਹੀਂ। ਅਜਿਹਾ ਕਵੀ ‘ਪ੍ਰਾਪਤ’ ਭਾਸ਼ਾ ਨਾਲ ਸੰਤੁਸ਼ਟ ਨਹੀਂ ਹੁੰਦਾ। ਉਹ ਹਰ ਸਥਾਪਿਤ ਸ਼ੈਅ ਨਾਲ ਅਸੰਤੁਸ਼ਟ ਰਹਿੰਦਾ ਹੈ; ਇਸ ਸ਼ੈਅ ਦਾ ਉਸਾਰ ਪੈਦਾ ਕਰਨ ਵਾਲੀ ਭਾਸ਼ਾ ਉਹਨੂੰ ਰਾਸ ਨਹੀਂ ਆਉਂਦੀ। ਅਜਿਹਾ ਕਵੀ ਅਨੇਕ ਆਵਾਜ਼ਾਂ ‘ਚ ਘਿਰਿਆ ਹੁੰਦਾ; ਉਹਦੀ ਜੱਦੋਜਹਿਦ ਇਨ੍ਹਾਂ ਆਵਾਜ਼ਾਂ ਤੋਂ ਮੁਕਤ ਹੋ ਕੇ ਆਪਣੀ ਆਵਾਜ਼ ਲਈ ਸਪੇਸ ਤਿਆਰ ਕਰਨ ਦੀ ਹੁੰਦੀ ਹੈ। ਦੀਦ ਦੀ ਨਵੀਂ ਕਿਤਾਬ ‘ਕਮੰਡਲ’ ਇਹਦਾ ਪ੍ਰਮਾਣ ਹੈ। ਇਸ ਕਿਤਾਬ ਦੀ ਕਵਿਤਾ ਹੈ ‘ਛੱਤ’, ਜਿਹਦੀਆਂ ਸਤਰਾਂ ਹਨ:

ਮੇਰੇ ਉੱਪਰ ਕੌਣ ਦਗੜ ਦਗੜ ਦੌੜਦਾ ਹੈ ?

ਇਸੇ ਹੀ ਛੱਤ ਅੰਦਰ ਚਿਣੇ ਹੋਏ
ਮੇਰੇ ਪੁਰਖੇ ਕਿਤੇ

ਮੇਰੇ ਚਿਹਰੇ ਦੁਆਲੇ
ਤਣਾਅ ਦੀ ਆਭਾ ਕੱਸੀ ਹੋਈ

ਮੇਰੇ ਹੇਠ ਜੋ ਘੋੜਾ ਹੈ
ਉਸਦੇ ਪੌੜਾਂ ‘ਚੋਂ ਚੰਗਿਆੜੇ ਫੁੱਟਦੇ ਨੇ
ਮੇਰੀ ਆਵਾਜ਼ ‘ਚੋਂ ਇੱਕ ਅਜੀਬ ਸ਼ਕਲ
ਸਾਰੇ ਸ਼ਬਦ ਖਿੱਚ ਕੇ ਲੈ ਗਈ ਹੈ

ਮੇਰੇ ਸਿਰ ਅੰਦਰ ਦੇਗ਼ ਉੱਬਲਦੀ ਹੈ
ਮੈਂ ਹਰ ਰੋਜ਼ ਤੰਬੂ ‘ਚੋਂ ਬਾਹਰ ਨਿਕਲਦਾ ਹਾਂ
ਆਪਣਾ ਸੀਸ ਮੰਗਦਾ ਹਾਂ
ਤੇ ਕੱਟੇ ਸੀਸ ਨਾਲ ਸੌਣ ਲਈ
ਜੰਗਲ ਲੱਭਦਾ ਹਾਂ

ਅਜਿਹੇ ਕਵੀ ਨੂੰ ਕਿਸੇ ਕਾਇਮ ਮੁਕਾਮ ਥਾਂ/ਟਿਕਾਣੇ ਜਾਂ ਵਿਚਾਰ/ਵਿਹਾਰ ‘ਚ ਟੇਕ ਨਹੀਂ ਹੁੰਦੀ। ਜੋ ਸਥਾਪਿਤ ਹੈ ਉਹ ਕਿੱਲ ਵਾਂਗ ਗੱਡਿਆ ਹੋਇਆ ਹੈ; ਇਹਦੇ ਨਾਲ ਬੱਝੇ ਮਨੁੱਖ ਦੀ ਸੋਚ ਗੱਡੀ ਜਾਂਦੀ ਹੈ ਤੇ ਉਹਦਾ ‘ਹੋਣਾ’ ਗਤੀ ਤੋਂ ਟੁੱਟ ਜਾਂਦਾ ਹੈ।

ਸੁਤੰਤਰ ਚਿੱਤ/ਚੇਤਨ ਵਾਲੇ ਕਵੀ ਦੀ ਆਸਥਾ ਕਿਸੇ ਪੂਰਵ-ਵਿਚਾਰ ‘ਚ ਨਹੀਂ ਹੁੰਦੀ। ਹਰ ਵਿਹਾਰ/ਵਿਚਾਰ ਚਿੱਤ ਦੇ ਆਵੇ ‘ਚ ਪੱਕ ਕੇ ਆਪਣੀ ਨਵੀਂ ਦਿੱਖ ਤਿਆਰ ਕਰਦਾ ਹੈ। ਕਰਤਾਰੀ ਸ਼ਬਦਕਾਰੀ ਦਾ ਇਹੀ ਵਰਤਾਰਾ ਹੈ। ਅੱਜ ਦਾ ਵਿਹਾਰੀ ਤੇ ਅਸੰਵੇਦਨੀ ਮਨੁੱਖ ਜਿੰਨਾ ਚਤੁਰ ਹੈ ਉੱਨਾ ਹੀ ਉਹ ਵਕ੍ਰਿਤ ਭਾਸ਼ਾ ਦਾ ਕੈਦੀ ਹੁੰਦਾ ਹੈ। ਨਾ ਉਹ ਆਪ ਸੁਤੰਤਰ ਹੁੰਦਾ ਹੈ ਨਾ ਉਹਦੀ ਭਾਸ਼ਾ ਬੋਝਾਂ ਤੋਂ ਮੁਕਤ ਹੁੰਦੀ ਹੈ। ਇਵੇਂ ਹੀ ਆਮ ਮਨੁੱਖ ਦੀ ਸੂਝ ਸਿੱਧੜਾਂ ਵਰਗੀ ਸਰਲ ਹੈ ਜਦ ਕਿ ਮਨੁੱਖੀ ਵਰਤਾਰਾ ਜਟਿਲ ਹੈ। ਇਸ ਵਰਤਾਰੇ ਦੀ ਤੈਹ ‘ਚ ਲਹਿ ਜਾਣ ਲਈ ਨਵੀਂ ਭਾਸ਼ਾ ਦੀ ਲੋੜ ਹੈ। ਅਜਿਹੇ ਮਨੁੱਖ ਨੂੰ ਕਰਤਾਰੀ ਸ਼ਬਦ ਨਾਲ ਜੁੜਨ ਦੀ ਲੋੜ ਹੈ ਤਾਂ ਜੋ ਇਹਦਾ ‘ਹੋਣਾ’ ਪ੍ਰਦੂਸ਼ਨ ਮੁਕਤ ਹੋ ਸਕੇ।

ਆਮ ਮਨੁੱਖ ਨਾਲੋਂ ਕਿਤੇ ਵੱਧ ਕਰਤਾਰੀ ਭਾਸ਼ਾ ਦੀ ਲੋੜ ਕਵੀ ਨੂੰ ਹੁੰਦੀ ਹੈ। ਬਹਤੇ ਕਵੀ-ਜਨ ਨਾਂ ਦੇ ਹੀ ਕਵੀ ਹਨ, ਸ਼ਬਦਾਂ ਦੇ ਘਸਿਆਰੇ, ਪੂਰਵ ਵਿਚਾਰਾਂ ‘ਚ ਫਾਥੇ ਹੋਏ, ਘੜੇ ਘੜਾਏ ਮੰਤਰਾਂ ਦੇ ਬੰਦੀ, ਮੰਚਾਂ ‘ਤੇ ਹੇਕਾਂ ਲਗਾਣ ਵਾਲੇ, ਨਾਂ ਕਮਾਣ ਵਾਲੇ। ਦੀਦ ਅਜਿਹਾ ਨਹੀਂ ਕਿਉਂਕਿ ਉਹਨੇ ਆਪਣੀ ਚਿੱਤ/ਚੇਤਨ ਦੇ ਸੰਚਾਰ ਲਈ ਭਾਸ਼ਾ ਨਾਲ ਜੱਦੋਜਹਿਦ ਕੀਤੀ ਹੈ। ਪ੍ਰਮਾਣਿਕ ਕਵੀ ਦੀ ਇਹੀ ਨਿਸ਼ਾਨੀ ਹੁੰਦੀ ਹੈ।

ਪ੍ਰਮਾਣਿਕ ਕਵੀ ਆਪਣੇ ਅਨੁਭਵ ‘ਚੋਂ ਜੀਣ ਥੀਣ ਦੇ ਨਵੇਂ ਅਰਥ ਲੱਭਦਾ ਹੈ; ਅਜਿਹਾ ਕਰਦਿਆਂ ਉਹਦਾ ਕਿੰਨਾ ਕੁਝ ਜਿਉਂਦਾ/ਮਰਦਾ ਹੈ; ਉਹਦੇ ਮਸਤਕ ‘ਤੇ ਪਸੀਨੇ ਦੀਆਂ ਬੂੰਦਾਂ ਇਸ ਜੱਦੋ-ਜਹਿਦ ਦੀਆਂ ਉਪਜ ਹੁੰਦੀਆਂ ਹਨ; ਉਹਦਾ ‘ਹੋਣਾ’ ਚੰਘਿਆੜਾਂ ਦਾ ਸਫ਼ਰ ਬਣ ਜਾਂਦਾ ਹੈ। ਬੁੱਧ ਕਥਨ ਹੈ: ਆਪਣੇ ਰਾਹ ਨੂੰ ਰੋਸ਼ਨ ਕਰਨ ਲਈ ਮਨੁੱਖ ਨੂੰ ਆਪਣੇ ਆਪ ਨੂੰ ਬਾਲਣਾ ਪੈਂਦਾ ਹੈ। ਅੱਜ ਦਾ ਸੰਵੇਦਨੀ ਮਨੁੱਖ ਅੰਤਰ-ਯੁੱਧ ਦੀ ਸਥਿਤੀ ‘ਚ ਹੈ। ਅੰਤਹ ਦੇ ਖਲਲ ਕਵੀ ਨੂੰ ਉਸ ਭਾਸ਼ਾ ਦੀ ਤਲਾਸ਼ ਲਈ ਤਿਆਰ ਕਰਦੇ ਹਨ ਜੋ ਜੀਣ ਥੀਣ ਦੇ ਲਮਹਿਆਂ ਨੂੰ ਤਾਕਤ ਦੇ ਸਕੇ।

ਸੁਆਲ/ਸੰਦੇਹ ਵਾਲਾ ਕਵੀ ਵਜੂਦ ਦੀਆਂ ਵਿੱਥਾਂ ਨੂੰ ਨਿਹਾਰਦਾ, ਤੇ ਇਨ੍ਹਾਂ ਵਿੱਥਾਂ ਨੂੰ ਸ਼ਬਦਾਂ ਦੀ ਨਵੀਂ ਘਾੜਤ ਰਾਹੀਂ ਪੁਰ ਕਰਦਾ ਹੈ। ਫਿਰ ਵੀ ਦੇਖਦਾ ਹੈ ਕਿ ਗੱਲ ਨਹੀਂ ਬਣੀ। ਉਹਦੀ ਤਲਾਸ਼ ਅਮੁੱਕ ਸਫ਼ਰ ਜਿਹੀ ਹੋ ਜਾਂਦੀ ਹੈ। ਇਹ ਮਹਾਂ ਯਾਤਰਾ ਵਾਲੀ ਸਥਿਤੀ ਹੈ। ਤਲਾਸ਼ ਹੀ ਕਵੀ ਦਾ ਕਮੰਡਲ ਬਣ ਜਾਂਦਾ ਹੈ। ਕਮੰਡਲ, ਜੋ ਵਿਹਾਰੀ ਸੰਸਾਰ ਨੂੰ ਫਾਸਲੇ ਤੋਂ ਤੱਕਣ ਅਤੇ ਇਹਦੀ ਖੇਹਕਾਰੀ ‘ਤੇ ਕਾਟਾ ਫੇਰ ਕੇ ਬਿਖ਼ਮ ਪੈਂਡੇ ‘ਤੇ ਤੁਰਦੇ ਰਹਿਣ ਦਾ ਚਿਹਨ ਹੈ।

ਵਿਹਾਰੀ ‘ਸੰਸਾਰ’ ਦੀ ਭਾਸ਼ਾ ਦਾ ਅਮਾਨਵੀ ਯੰਤਰਬਾਜ਼ੀ ਬਣਨਾ ਤੈਅ ਹੈ। ਇਹਦੇ ਰਾਹੀਂ ਮਨੁੱਖ ਮਨਫ਼ੀ ਹੁੰਦਾ ਹੈ। ਇਸ ਭਾਸ਼ਾ ਦਾ ਸੰਵੇਦਨੀ ਅੰਤਹ ਦੀ ਭਾਸ਼ਾ ਨਾਲ ਮੇਲ ਨਹੀਂ। ਸੰਸਾਰ ਦੀ ਮੁੱਖ ਧਾਰਾ ਜਿਸ ਭਾਸ਼ਾ ਰਾਹੀਂ ਕਾਇਮ ਹੈ ਉਹ ਦੂਸ਼ਤ ਪ੍ਰਵਚਨ ਬਣ ਚੁੱਕੀ ਹੈ। ਅੱਜ ਕਵੀ ਆਪਣੇ ਹੋਣ ਦੀ ਸੂਲੀ ਮੋਢੇ ‘ਤੇ ਚੁੱਕੀ ਅਜਿਹੇ ਪਥ ਦੀ ਤਲਾਸ਼ ‘ਚ ਹੈ ਜੋ ਵਿਹਾਰੀ ਖੇਹਕਾਰੀ ਦੇ ਸਮਾਨਾਂਤਰ ਸੰਸਾਰ ਸਿਰਜ ਸਕੇ। ਹਰ ਚੇਤੰਨ ਕਵੀ ਵਿਹਾਰੀ ਸੰਸਾਰ ਦੇ ਪ੍ਰਵਚਨ ਨੂੰ ਕਿਸੇ ਨਾ ਕਿਸੇ ਪੱਧਰ ‘ਤੇ ‘ਡੀਕੰਸਟ੍ਰਕਟ’ ਕਰਨ ‘ਚ ਲੱਗਾ ਹੁੰਦਾ ਹੈ; ਅਜਿਹਾ ਕਰਦਿਆਂ ਉਹ ਸਮਾਨਾਂਤਰ ਸੰਸਾਰ ਦਾ ਤਸੱਵੁਰ ਪੈਦਾ ਕਰਦਾ ਹੈ। ਜੋ ਦਾਅ-ਪੇਚ ਵਿਹਾਰੀ ਖੇਹਕਾਰੀ ਨੂੰ ਕਾਇਮ ਰੱਖਦੇ ਹਨ ਉਹ ਮਨੁੱਖੀ ਸੰਵੇਦਨਾ ਨਾਲ ਹਿੰਸਾ ਕਰਦੇ ਹਨ। ਇਹ ਹਰੇਕ ਮਨੁੱਖ ਨੂੰ ਆਪਣੀ ਪੂੰਝ ‘ਚ ਲਪੇਟ ਕੇ ਉਹਦੇ ਹੋਣ ਨੂੰ ਪਲੀਤ ਕਰਦੇ ਹਨ।

ਜਿਸ ਭਾਸ਼ਾ ਦੀ ਬਣਤ ਨਾਲ ਦੀਦ ਵਰਗਾ ਕਵੀ ਪ੍ਰਣਾਂਦਾ ਹੈ ਉਹਦੀ ਤਾਸੀਰ ਵੱਖਰੀ ਹੈ। ਇਹ ਵਿਸਥਾਪਨੀ ਭਾਸ਼ਾ ਹੈ, ਪ੍ਰਤਿ-ਸੰਸਾਰ ਦੀ ਭਾਸ਼ਾ ਹੈ। ਇਹ ਉਸ ਹਿੰਸਾ ਨੂੰ ‘ਡੀਕੰਸਟ੍ਰਕਟ’ ਕਰਨ ਵਾਲੀ ਭਾਸ਼ਾ ਹੈ ਜਿਸ ‘ਚ ਅੱਜ ਮਨੁੱਖ ਫਾਥਾ ਹੋਇਆ ਹੈ। ਕਈ ਹਾਲਤਾਂ ‘ਚ ਕਵੀ ਖੁਦ ਅਜਿਹੀ ਭਾਸ਼ਾ ‘ਚ ਫਾਥਾ ਹੁੰਦਾ ਹੈ ਤੇ ਇਹਦੇ ਨਾਲ ਘੋਲ ਕਰਦਾ ਹੈ। ਅਜਿਹਾ ਕਵੀ ਗ਼ੈਰ-ਸੰਜੀਦਾ ਹੋ ਨਹੀਂ ਸਕਦਾ। ਉਹਦਾ ਹਰ ਸ਼ਬਦ ਅਸਤਿਤਵੀ ਬਿਆਨ ਵਲ ਸੇਧਿਤ ਹੁੰਦਾ ਹੈ।

ਦੀਦ ਸੁਤੰਤਰ-ਚਿੱਤ ‘ਚ ਝਰੀਟਾਂ ਪੈਦਾ ਕਰਨ ਵਾਲੀ ਸਥਿਤੀ ਦਾ ਬਿਰਤਾਂਤ ਸਿਰਜਦਾ ਹੈ ਤੇ ਸਥਿਤੀ ਨਿਰਵਸਤਰ ਹੋ ਜਾਂਦੀ ਹੈ। ਕਮੰਡਲ ‘ਚ ਇਕ ਕਵਿਤਾ ਹੈ: ‘ਹਾਹਾਕਾਰ’ :

ਹਾਹਾਕਾਰ ਮਚ ਗਈ ਹੈ
ਕਾਗ਼ਜ਼ ਹੈ ਖਿਆਲ ਹੈ
ਤੇ ਸਾਰੇ ਘਰ ਵਿਚ ਪੈੱਨ ਨਹੀਂ

‘ਪੈੱਨ’!
ਇਕ ਸ਼ਬਦ ਹਿਲਾ ਦਿੰਦਾ ਹੈ ਸਾਰਾ ਘਰ

ਛੋਟਾ ਬੇਟਾ ਭੱਜਦਾ ਜਾਂਦਾ ਬਾਹਰ ਵੱਲ
ਨ੍ਹੇਰੇ ਖੂਹ ਅੰਦਰ ਝਾਕਦਾ
ਦਾਦੀ ਰੋਕਦੀ – ਮਰੇਂਗਾ ਵੇ !
ਕਹਿੰਦਾ – ਰਾਤੀ ਦੇਖਿਆ ਸੀ ਖੂਹ ਅੰਦਰ ਡਿੱਗਦਾ ਪੈੱਨ !

ਬਦਨ ਦਾ ਪੱਥਰ ਹੋਰ ਭਾਰਾ ਕਰਦੀ
ਮਹਿੰਦੀ ਲੱਗੇ ਵਾਲਾਂ ਵਾਲੀ ਆਖਦੀ ਹੈ –
ਕੀ ਰੌਲੀ ਪਾਈ ਹੈ – ਪੈੱਨ ! ਪੈੱਨ ! ਪੈੱਨ !
ਸਵੇਰੇ ਅੱਖ ਖੁੱਲ੍ਹਦਿਆਂ ਹੀ
ਰਾਮ ਨਹੀਂ ਨਾਮ ਨਹੀਂ
ਪੈੱਨ ! ਪੈੱਨ ! ਪੈੱਨ !
ਸਿਰ ‘ਤੇ ਚੱਕ ਲੈਂਦਾ ਇਹ ਬੰਦਾ ਘਰ !
ਜਿਵੇਂ ਪੈੱਨ ‘ਤੇ ਚੱਕਣੀ ਹੋਵੇ ਦੁਨੀਆਂ ।

ਇਹ ਕਵਿਤਾ ਜ਼ਿੰਦਗੀ ਦੇ ਵਿਪ੍ਰੀਤ ਰਾਹਾਂ ਵਿਚਲੀ ਨਾ-ਪੁਰ ਹੋ ਸਕਣ ਵਾਲੀ ਵਿੱਥ ਦਾ ਅਗਰਭੂਮਣ ਕਰਦੀ ਹੈ। ਇਹ ਵਿੱਥ ਉਸ ਲੁਪਤ ਯੁੱਧ ਦੀ ਦੱਸ ਪਾਉਂਦੀ ਹੈ ਜੋ ਸੰਵੇਦਨੀ ਅੰਤਹ ਹਰ ਪਲ ਲੜਦਾ ਹੈ। ਇਸ ਕਵਿਤਾ ਦੀ ਸਤਹੀ ਪੜ੍ਹਤ ਜਿੰਨੀ ਦਿਲਚਸਪ ਹੈ ਉੱਨੀ ਜ਼ਿਆਦਾ ਇਹ ਸਮਕਾਲ ‘ਚ ਲੁਪਤ ਅੰਤਰ-ਵਿਰੋਧਾਂ ਦਾ ਸਾਕਾਰਨ ਕਰਦੀ ਹੈ। ਇਸ ਕਵਿਤਾ ਵਿਚਲੀ ਤਕਰਾਰੀ ਸਥਿਤੀ ਦੀ ਚਿਹਨਕਤਾ ਕੀ ਹੈ? ਕਵੀ ਦੀਆਂ ਜੁਗਤਾਂ ਹਨ: ਕਾਗਜ਼, ਖਿਆਲ, ਪੈੱਨ। ਇਨ੍ਹਾਂ ਜੁਗਤਾਂ ਦਾ ਹਨਨ ਕਰਨ ਵਾਲੇ ਪਤਨੀ, ਜੋ ਮੁੱਖਧਾਰਾ ਦਾ ਪ੍ਰਵਚਨ ਹੈ, ਦੇ ਤਕਰਾਰੀ ਬੋਲ ਹਨ। ਇਹ ਬੋਲ ਕਿੰਨਾ ਕੁਝ ਹੋਰ, ਜੋ ਵਿਹਾਰੀ ਜੀਵਨ ‘ਚ ਵਾਪਰਦਾ ਰਹਿੰਦਾ, ਦਾ ਚਿਹਨਕ ਹਨ। ਪੈੱਨ ਜੋ ਕਵੀ ਦਾ ਹੈ, ਜਿਸ ਬਗ਼ੈਰ ਉਹ ਨਿਹੱਥਾ ਹੈ। ਪੈੱਨ ਬਗ਼ੈਰ ਕਵੀ ਦੇ ਖਿਆਲ ਪ੍ਰੇਤ ਵਾਂਗ ਹਨ। ਖਿਆਲ ਨੂੰ ਹੋਂਦ ਵਿਚ ਆਉਣ ਲਈ ਸ਼ਬਦਾਂ ਦੀ ਲੋੜ ਹੈ, ਸ਼ਬਦਾਂ ਨੂੰ ਕਾਇਮ ਰਹਿਣ ਲਈ ਕਾਗ਼ਜ਼ ਤੇ ਕਲਮ ਦਾ ਬਣਾਇਆ ਘਰੋਂਦਾ ਚਾਹੀਦਾ ਹੈ।

ਕਵੀ ਜਦ ਸੰਵੇਦਨੀ ਅੰਤਹ ਨੂੰ ਸ਼ਬਦਾਂ ਵਿਚ ਬੰਨ੍ਹਦਾ ਹੈ ਤਾਂ ਅਜਿਹਾ ਕਰਦਿਆਂ ਉਹ ਤੰਦਰੁਸਤ ਸੰਸਾਰ ਦੀ ਅਕਾਂਖਿਆ ਨੂੰ ਗੂੜ੍ਹਾ ਕਰ ਰਿਹਾ ਹੁੰਦਾ ਹੈ। ਉਹਦੀ ਸ਼ਬਦ ਸਿਰਜਨਾ ਹੀ ਉਹਦੇ ‘ਹੋਣ’ ਦਾ ਕਮੰਡਲ ਬਣ ਜਾਂਦੀ ਹੈ। ਇਹ ਕਮੰਡਲ ਅਮਾਨਵੀ, ਅਸੰਵੇਦਨੀ, ਅਬੌਧ, ਜ਼ਿੰਦਗੀ ਦੀ ਲੈਅ ਤੇ ਗਤੀ ਤੋਂ ਟੁੱਟ ਚੁੱਕੀ ਮੁੱਖ ਧਾਰਾ ਦਾ ਪ੍ਰਤਿਰੋਧੀ ਹੈ। ਇਹ ਸੁਤੰਤਰ ਚਿੱਤ/ਚੇਤਨ ਦੀ ਸਵੈ-ਸ਼ਕਤੀ ਦਾ ਮੈਟਾਫ਼ਰ ਹੈ। ਕਮੰਡਲ ਅਲਫ਼ ਵਾਂਗ ਇਕੱਲਾ ਹੁੰਦਾ ਹੈ; ਇਹਦੀ ਸਵੈ-ਤਾਕਤ ਅਪਰੰਪਾਰ ਹੁੰਦੀ ਹੈ।

‘ਕਮੰਡਲ’ ਚਿਹਨ ਦੀ, ਦੀਦ ਦੀ ਕਵਿਤਾ ਦੇ ਪ੍ਰਸੰਗ ‘ਚ, ਅਹਮੀਅਤ ਅਕੱਥ ਹੈ। ਸਮਕਾਲੀ ਪ੍ਰਸੰਗ ‘ਚ ਇਹ ਚਿਹਨ ਅਨੇਕ ਪ੍ਰਤਿਧੁਨੀਆਂ ਜਗਾਂਦਾ ਹੈ। ਇਹ ਕਰਤਾਰੀ ਯਾਤਰਾ ਦਾ ਧਰੋਹਰ ਹੈ। ਕਿਤਾਬ ਦੇ ਟਾਈਟਲ ‘ਤੇ ਕਮੰਡਲ ਦਾ ਰੇਖਾਂਕਨ ਸਵੈ-ਸ਼ਕਤੀ ਨੂੰ ਉਘਾੜਦਾ ਹੈ। ਕਮੰਡਲ ਨੂੰ ਪਕੜਨ ਵਾਲੇ ਹੱਥਾਂ ‘ਚ ਅੱਥਾਹ ਜੁੰਬਸ਼ ਤੇ ਦ੍ਰਿੜ੍ਹਤਾ ਹੈ; ਅਗਾਂਹ ਵੱਧਦੀ ਆਤਮ-ਵਿਸ਼ਵਾਸੀ ਪਗ-ਤੋਰ ਉਸ ਪ੍ਰਤਿ-ਸੰਸਾਰ ਦੀ ਗਤੀ ਦਾ ਚਿਹਨ ਹੈ ਜਿਸ ਦਾ ਕਲਪ ਪਹਿਲੀਆਂ ਸਦੀਆਂ ‘ਚ ਲੋਕ ਮਾਨਸ ਦੇ ਨਾਇਕ ਫਕੀਰ ਤੇ ਪੀਰ ਕਰਿਆ ਕਰਦੇ ਸਨ।

ਸਥਾਪਿਤ ਨੂੰ ਵਿਸਥਾਪਿਤ ਕਰਨ ਦੀ ਇਹ ਪਾਰਗਾਮੀ ਯਾਤਰਾ ਹੈ।

ਇਸ ਕਿਤਾਬ ਵਿਚ ਜਸਵੰਤ ਦੀਦ ਆਪਣੀ ਬਣ ਚੁੱਕੀ ਪੱਛਾਣ ਨੂੰ ਗੂੜ੍ਹਿਆ ਕਰਨ ਦੇ ਨਾਲ ਇਸ ਤੋਂ ਪਾਰ ਜਾਣ ਦੇ ਸੰਕੇਤ ਦੇਂਦਾ ਹੈ। ਕਿਤਾਬ ‘ਚ ਮਗਰਲੇ ਹਿੱਸੇ ਦੀਆਂ ਕਵਿਤਾਵਾਂ ਇਸ ਦਾ ਪ੍ਰਮਾਣ ਹਨ।

ਉਸ ਸਥਲ ਦੀ ਨੱਕਾਸ਼ੀ ਜ਼ਰੂਰੀ ਹੈ ਜਿਸ ‘ਤੇ ਜਸਵੰਤ ਦੀਦ ਦੀ ਪਛਾਣ ਟਿਕੀ ਹੋਈ ਹੈ। ਪਛਾਣ ਵੀ ਅਜਿਹੀ ਹੈ ਜੋ ਥਿਰ ਨਹੀਂ। ਇਸ ਪਛਾਣ ਦੀ ਆਪਣੀ ਅੰਤਰ-ਗਤੀ ਹੈ, ਜਿਸ ਕਰਕੇ ਦੀਦ ਅਨੇਕ ਪ੍ਰਤਿਧੁਨੀਆਂ ਵਾਲਾ ਕਵੀ ਬਣ ਜਾਂਦਾ ਹੈ। ਪਾਰਗਾਮੀ ਚੇਤਨਾ ਵਾਲੇ ਮਨੁੱਖ ਲਈ ਹਰ ਪ੍ਰਾਪਤੀ, ਅੰਤਿਮ ਰੂਪ ‘ਚ, ਅਪ੍ਰਾਪਤੀ ਦਾ ਹੀ ਪਰਤੌ ਹੁੰਦੀ ਹੈ। ਇਹ ਹੱਦ ਦਰਜੇ ਦੀ ਮੋਹ-ਭੰਗਤਾ ਹੈ ਜਿਸ ਵਿਚ ਨਿੱਜ ਨੂੰ ਕਮੰਡਲੀ ਫਾਸਲੇ ਤੋਂ ਦੇਖਿਆ ਜਾਂਦਾ ਹੈ। ਕਵੀ ਦੇ ਪਹਿਲੇ ਸੰਗ੍ਰਹਾਂ ਦੀਆਂ ਪਹਿਲੀਆਂ ਕਵਿਤਾਵਾਂ ‘ਚ ਕਾਇਮ ਸਵੈ-ਸਕੈਨਿੰਗ ਵਾਲਾ ਸਿਲਸਿਲਾ ਇਸ ਕਿਤਾਬ ‘ਚ ਜਾਰੀ ਹੈ। ਅਜਿਹਾ ਹੋਣ ਕਰਕੇ ਦੀਦ ਸਮਕਾਲੀ ਕਵਿਤਾ ‘ਚ ਹੋਰ ਵੱਖਰਾ ਦਿੱਸਣ ਲੱਗ ਪੈਂਦਾ ਹੈ।
ਕਿਸੇ ਵੀ ਕਵੀ ਦਾ ਵੱਖਰਾ ਹੋਣਾ ਉਹਨੂੰ ਗਤੀ ‘ਚ ਬੰਨ੍ਹੀ ਰੱਖਦਾ ਹੈ। ਅੰਗ੍ਰੇਜ਼ੀ ‘ਚ ਅਜਿਹੀ ਸਿਰਜਣਾ ਲਈ ਸ਼ਬਦ sef-subversion (ਸਵੈ-ਹਨਨ) ਵਰਤਿਆ ਜਾਂਦਾ ਹੈ।

ਆਧੁਨਿਕ ਯੁੱਗ ਦੇ ਕਵੀ ਲਈ ਵਿਅਕਤਿਤਵ ਥਿਰ ਹੋਂਦ ਨਹੀਂ; ਵਿਅਕਤਿਤਵ ਨੂੰ ਬੰਨ੍ਹਣ ਵਾਲੇ ਜੁਜ਼ ਤਬਦੀਲ ਹੁੰਦੇ ਰਹਿੰਦੇ ਹਨ। ਸਮੇਂ ਨਾਲ ਗਤੀ ‘ਚ ਰਹਿਣ ਵਾਲਾ ਵਿਅਕਤਿਤਵ ਅੰਤਰ-ਯੁੱਧ ਦੀ ਸਥਿਤੀ ‘ਚ ਰਹਿੰਦਾ ਹੈ। ਦੀਦ ਮਨੁੱਖ ਨੂੰ ਫਾਹੁਣ ਵਾਲੇ ਵਰਤਾਰੇ ਬਾਰੇ ਹੀ ਸੰਦੇਹੀ ਨਹੀਂ ਆਪਣੇ ‘ਹੋਣ’ ਦੇ ਜੁਜ਼ਾਂ ਬਾਰੇ ਵੀ ਸੰਦੇਹੀ ਹੈ। ਸਵੈ-ਸੰਦੇਹੀ ਹੋਣਾ ਸਵੈ-ਹਨਨ ਦਾ ਉਰਲਾ ਪੜਾਅ ਹੈ।
ਕਿਤਾਬ ਦੀ ਪਹਿਲੀ ਹੀ ਕਵਿਤਾ ‘ਚ ਕਵੀ ਇੰਜ ਬੋਲਦਾ ਹੈ:

ਮੈਨੂੰ ਕਿਧਰੇ ਟੇਕ ਨਹੀਂ ਹੈ
ਕਦੀ ਏਸ ਸ਼ਹਿਰ ਕਦੀ ਓਸ ਸ਼ਹਿਰ
ਕਦੀ ਕਸਬਾ ਕਦੀ ਗਰਾਂ
ਕੋਈ ਦਿਸ਼ਾ ਮੇਚ ਨਾ ਆਵੇ
ਅੱਖਰ ਛਿੱਲਾਂ ਡੁੱਬਿਆ ਚੁੱਪ ਰਹਾਂ
ਸੋਚਾਂ
ਕੋਈ ਵੀ ਗੱਲ ਨਹੀਂ ਹੈ
ਪਰ ਟੇਕ ਨਹੀਂ

ਕੁੱਲ ਮਿਲਾ ਕੇ, ਜਸਵੰਤ ਦੀਦ ਅੱਜ ਦੇ ਮਨੁੱਖ ਦੀ ਟੈਨਸ਼ਨ ਦਾ ਕਵੀ ਹੈ; ‘ਹੁਣ’ ਨਾਲ ਟਕਰਾਂਣ ਤੇ ਅੰਤਹ ਦੀਆਂ ਤਾਕੀਆਂ ਤੱਕ ਪੁੱਜਣ ਵਾਲਾ ਕਵੀ ਹੈ। ਅੱਜ ਮਨੁੱਖ ਵਿਹਾਰੀ ਅੰਤਰ-ਜਾਲਾਂ ‘ਚ ਘਿਰਿਆ ਹੋਇਆ ਹੈ। ਆਮ ਮਨੁੱਖ ਇਨ੍ਹਾਂ ਜਾਲਾਂ ਤੋਂ ਪਲਾਇਨ ਕਰਨ ਦੇ ਸੂਤਰਾਂ ਦੀ ਉਮੰਗ ਕਰਦਾ ਸਵੈ-ਕਰੁਣਾ ਦੀ ਗ੍ਰਿਫ਼ਤ ‘ਚ ਆ ਜਾਂਦਾ ਹੈ ਤੇ ਵਿਵੇਕ ਤੋਂ ਦੂਰ ਹੋਈ ਜਾਂਦਾ ਹੈ। ਵਿਵੇਕੀ ਮਨੁੱਖ ‘ਜੋ ਹੈ’ ਦੀ ਤੈਹ ਨਾਲ ਟਕਰਾਂਦਾ ਤੇ ਉਹਦਾ ਆਪਣਾ ਆਪ ਝਰੀਟਿਆ/ਲੂਹਿਆ ਜਾਂਦਾ, ਪਰ ਉਹਦੀ ਤਲਾਸ਼ ਥਾਹ ਤੱਕ ਪੁੱਜਣ ਦੀ ਹੁੰਦੀ ਹੈ। ਤਲਾਸ਼ ਟਕਰਾਓ ਦਾ ਹੀ ਦੂਸਰਾ ਪਾਸਾ ਹੁੰਦਾ ਹੈ। ਇਹ ਤਲਾਸ਼ ਕੀ ਹੈ?

‘ਜੋ ਹੈ’ ਦੀਆਂ ਲੁਪਤ ਤੈਹਾਂ ਨੂੰ ਤੱਕ ਸਕਣਾ, ਤੇ ਇਹਦੇ ਲਈ ਭਾਸ਼ਾ ਸਿਰਜਣਾ, ਪ੍ਰਤਿਭਾਸ਼ਾਲੀ ਕਵੀ ਦਾ ਕਰਮ ਹੈ। ਬੁਲੰਦ ਸ਼ਬਦਕਾਰ ਦੀ ਪਛਾਣ ਇਸ ਗੱਲ ‘ਚ ਹੁੰਦੀ ਹੈ ਕਿ ਉਹ ਜਿਸ ਪੇਚੀਦਗੀ ਨੂੰ ਤੱਕਦਾ ਹੈ ਉਹਨੂੰ ਸੁਭਾਵਿਕ ਸ਼ਬਦਕਾਰੀ ‘ਚ ਕੰਪੋਜ਼ ਕਰਨ ਦੇ ਸਮਰਥ ਹੁੰਦਾ ਹੈ। ਅਜਿਹਾ ਅੱਜ ਪੰਜਾਬੀ ‘ਚ ਅਨੇਕ ਕਵੀ ਕਰ ਰਹੇ ਹਨ। ਦੀਦ ਅਜਿਹਾ ਕਵੀ ਹੈ। ਕਵਿਤਾ ਨੂੰ ਆਧੁਨਿਕ ਹੋਣ ਕਰਕੇ ਕਠਿਨ ਮੰਨਣ ਦਾ ਦੌਰ ਚਿਰੋਕਨਾ ਗੁਜ਼ਰ ਚੁੱਕਾ ਹੈ।

ਦੀਦ ਨੇ ‘ਪਿਆਰ’ ਕਵਿਤਾ ਸ਼ਾਇਦ ਸਭ ਤੋਂ ਵੱਧ ਲਿਖੀ ਹੈ; ਇਹ ਉੱਕਾ ਹੀ ਵੱਖਰੀ ਤਰ੍ਹਾਂ ਦੀ ਕਵਿਤਾ ਹੈ। ਇਹ ‘ਪਿਆਰ’ ਅੱਜ ਦੇ ਮਨੁੱਖ ਦਾ ਹੈ ਜਿਸ ਲਈ ‘ਪਿਆਰ’ ਸੰਕਲਪੀ ਪਲਟਾ ਖਾ ਗਿਆ ਹੈ ਤੇ ਨਵੇਂ ਅੰਤਰ-ਯੁੱਧ ਦਾ ਸਥਲ ਬਣ ਗਿਆ ਹੈ। ‘ਪਿਆਰ’ ਉਹਦੇ ਲਈ ਘੁੰਡੀ ਹੈ, ਜਿਵੇਂ ‘ਹੋਣਾ’ ਘੁੰਡੀ ਹੈ, ਹਰ ਰਿਸ਼ਤਾ ਘੁੰਡੀ ਹੈ।

ਅੱਜ ਪਿਆਰ ਦੋ ਪਰ-ਹੋਂਦਾ ਦੀ ਵਕਤੀ ਸਾਂਝ ਹੈ, ਜਿਸ ਤੋਂ ਪੈਦਾ ਹੋਣ ਵਾਲੇ ਚੰਘਿਆੜੇ ਲੂੰਹਦੇ ਹਨ ਤੇ ਕਵੀ ਦੇ ਚਿੱਤ/ਚੇਤਨ ‘ਚ ਨਵਾਂ ਪਾਸਾਰ ਜੋੜਦੇ ਹਨ। ਪਿਆਰ ਜਿਸਮਾਂ ਦਾ ਸਪਰਸ਼ ਹੀ ਨਹੀਂ, ਚਿੱਤ/ਚੇਤਨ ਦਾ ਟਕਰਾ ਵੀ ਹੈ ਜਿਸ ਨੇ ਚੰਘਿਆੜੇ ਛੱਡਣੇ ਹੁੰਦੇ ਹਨ; ਇਹ ਚੰਘਿਆੜੇ ਲੂਹਣ ਵਾਲੇ ਹੁੰਦੇ ਹਨ। ਦੀਦ ਦੀ ਪਿਆਰ ਕਵਿਤਾ ‘ਚ ਲੂਹਣ ਦੀ ਇਸ ਪ੍ਰਕਿਰਿਆ ਦੇ ਦਰਸ ਹੁੰਦੇ ਹਨ। ਬੇਸ਼ੱਕ ਪਿਆਰ ਦੇ ਅਨੁਭਵ ਦੀ ਪ੍ਰਤਿਧੁਨੀ ਹੀ ਸਾਂਭਣਯੋਗ ਹੈ, ਪਿਆਰ ਦੇ ਅਨੁਭਵ ‘ਚ ਕੈੜ/ਕੌੜ ਦੇ ਬੀਜ ਵੀ ਹਨ ਜੋ ਤਿੱਖੀ ਤੱਕਣੀ ਵਾਲੇ ਕਵੀ ਨੂੰ ਲੱਭਦੇ ਹਨ। ਦੀਦ ਦੀਆਂ ਔਰਤ-ਮਰਦ ਦੇ ਰਿਸ਼ਤੇ ਬਾਰੇ ਕਵਿਤਾਵਾਂ ‘ਤੇ ਥੀਸਸ ਲਿਖਿਆ ਜਾ ਸਕਦਾ।

ਦੀਦ ਅਕਸਰ ਦ੍ਰਿਸ਼ ਚਿਤਰਾਂ ਰਾਹੀਂ ਕਵਿਤਾ ਕਹਿੰਦਾ ਹੈ; ਇਹ ਜੁਗਤ ਪਾਠਕ ਨੂੰ ਕਵਿਤਾ ਦੀ ਤੈਹ ਤੱਕ ਲੱਥ ਜਾਣ ਲਈ ਬੜੀ ਕਾਰਗਰ ਹੈ। ਪਾਠਕ ਦ੍ਰਿਸ਼ ਕੰਪੋਜ਼ੀਸ਼ਨ ‘ਚ ਜਾ ਬੈਠਦਾ ਹੈ ਤੇ ਇਹਦੇ ‘ਚੋਂ ਪੈਦਾ ਹੋਣ ਵਾਲੇ ਅਰਥਾਂ ਨਾਲ ਖੁਦ ਘੋਲ ਕਰਦਾ ਹੈ।
ਇਸ ਕਵੀ ਦੀ ਤਾਕਤ ਭਾਸ਼ਕ ਸੰਜਮ ‘ਚ ਹੈ; ਜਿਹਦਾ ਮਤਲਬ ਹੈ ਕਿ ਵਿਚਾਰ ਐਲਾਨ ਵਾਂਗ ਨੂੰ ਉੱਗਦੇ। ਵਿਚਾਰ ਸੰਕੇਤ ਵਾਂਗ ਪੈਦਾ ਹੁੰਦੇ ਹਨ। ਹਰ ਤਾਕਤਵਰ ਰਚਨਾ ‘ਚ ਵਿਚਾਰ ਸੰਕੇਤਕੀ ਹੁੰਦੇ ਹਨ ਤਾਂ ਜੋ ਉਤਪੰਨ ਹੋਣ ਵਾਲੀਆਂ ਪ੍ਰਤਿਧੁਨੀਆਂ ਦਾ ਰਾਹ ਮੋਕਲਾ ਰਹਵੇ।

ਮਨੁੱਖ ਬੀਤ ਚੁੱਕੇ ਦੀਆਂ ਪ੍ਰਤਿਧੁਨੀਆਂ, ਜੋ ਯਾਦਾਂ ਦੀ ਜਕੜ ਵੀ ਬਣ ਜਾਂਦੀਆਂ ਹਨ, ਦੇ ਬੋਝ ਹੇਠ ਅਕਸਰ ਮਨਫ਼ੀ ਹੁੰਦਾ ਰਹਿੰਦਾ ਹੈ। ਦੂਜੇ ਸ਼ਬਦਾਂ ਵਿਚ ਉਹ ਰਵਾਇਤੀ ਭਾਸ਼ਾ ਦੀ ਕੈਦ ‘ਚ ਰਹਿੰਦਾ ਹੈ, ਯਨੀਕਿ ਉਹਦਾ ਹੋਣਾ ਇਕ ਥਾਂ ਗੱਡਿਆ ਹੁੰਦਾ ਹੈ। ਸੰਕੇਤਕੀ/ਸੰਜਮੀ ਸ਼ੈਲੀ ਪਾਠਕ ਨੂੰ, ਜਿਵੇਂ ਕਿ ਇਹ ਖੁਦ ਕਵੀ ਨੂੰ ਰਚਣ ਪਲਾਂ ਵੇਲੇ, ਆਪਣੇ ਅੰਦਰਲੇ ਸ਼ੋਰ ਤੋਂ ਡੀਲਿੰਕ ਕਰਦੀ ਹੈ। ਅਜਿਹੀ ਕਾਵਿ ਭਾਸ਼ਾ ਸ਼ਬਦਾਂ ਦੀ ਕਰਤਾਰੀ ਤਾਕਤ ਨੂੰ ਬਹਾਲ ਕਰਦੀ ਹੈ।

ਕਈ ਕਵਿਤਾਵਾਂ ਵਿਚ ਦੀਦ ਦੇ ਸ਼ਬਦ ਖਿਆਲ ਦਾ ਅਰਕ ਬਣ ਕੇ ਪੇਸ਼ ਹੁੰਦੇ ਹਨ; ਹਰ ਖਿਆਲ ਅਨੰਤ ਪ੍ਰਤਿਧੁਨੀਆਂ ਦਾ ਚਿਹਨ ਬਣ ਜਾਂਦਾ ਹੈ। ਅਜਿਹੀ ਭਾਸ਼ਾ ‘ਚ ਮੁਲੰਮਾ ਨਹੀਂ ਹੁੰਦਾ, ਨਾ ਪੂਰਵ ਵਿਚਾਰ ਦਾ ਬੋਝ ਹੁੰਦਾ ਹੈ। ਭਾਸ਼ਕ ਬਣਤ ਦਾ ਮਤਲਬ ਵਿਚਾਰ ਦੀ ਬਣਤ ਬਣ ਜਾਂਦਾ ਹੈ। ਨਵੀਂ ਭਾਸ਼ਕ ਬਣਤ ਨਵੀਂ ਰੋਸ਼ਨੀ ਦੇ ਵਾਹਕ ਬਣ ਜਾਂਦੀ ਹੈ।

ਕਮੰਡਲ ਕਿਤਾਬ ਦੀਆਂ ਕਵਿਤਾਵਾਂ ਮਨੁੱਖ ਦੇ ‘ਹੁਣ’ ਦੀਆਂ ਕਵਿਤਾਵਾਂ ਹੀ ਨਹੀਂ; ‘ਹੁਣ’ ਨਾਲ ਖਹਿ ਰਹੇ ਮਨੁੱਖ ਦੇ ਆਰ ਪਾਰ ਕਲਪਾਂ ਦਾ ਪਾਸਾਰ ਵੀ ਇਸ ਕਿਤਾਬ ‘ਚ ਹੈ। ਕਵੀ ਦੀ ਪੁਰਾਣੀ ਪਛਾਣ ਗੂੜ੍ਹੀ ਹੁੰਦੀ ਹੈ ਤੇ ਇਸ ਤੋਂ ਟੁੱਟਣ ਦੀ ਤਲਾਸ਼ ਵੀ ਹੈ। ਇਹ ਸਿਰਫ਼ ਦਿੱਸਦੀ ਮਿੱਟੀ ਨੂੰ ਹੀ ਨਹੀਂ ਤੱਕਦਾ, ਇਹ ਆਪਣੇ ਦਿਲ ਦੀ ਧੜਕਣ ਨੂੰ ਹੀ ਮਹਿਸੂਸ ਨਹੀਂ ਕਰਦਾ; ਇਸ ਤੋਂ ਪਾਰ ਦੇ ਸੰਸਾਰ, ਜਿਸ ਨੂੰ ਪੀਰਾਂ/ਫ਼ਕੀਰਾਂ ਜਾਂ ਸੂਫੀਆਂ ਸੰਤਾਂ ਨੇ ਗਾਵਿਆ, ਉਸ ਤੱਕ ਕਵੀ ਦੇ ਕਲਪ ਸਫ਼ਰ ਕਰਦੇ ਹਨ। ਅੰਤ ਵਿਚ ਕਵੀ ਦੀ ਕਰਤਾਰੀ ਤਾਕਤ ਦਾ ਸਰੋਤ ਇਹ ਸੁਆਲ ਹੈ:

ਇਹ ਮਿੱਟੀ ਅੰਦਰ ਕੀ ਵੱਜਦਾ
ਜੋ ਛਾਤੀ ਅੰਦਰ ਸੁਣਦਾ ਹੈ…

ਸਾਹਿਤ ਅਕਾਦਮੀ ਐਵਾਰਡ ਮਿਲਣ ਨਾਲ ਇਹ ਕਿਤਾਬ ਜ਼ਿਕਰ ‘ਚ ਆਉਣੀ ਸ਼ੁਰੂ ਹੋਈ ਹੈ। ਮੇਰਾ ਵਿਚਾਰ ਹੈ ਕਿ ਅਜਿਹੇ ਇਨਾਮਾਂ ਦਾ ਫ਼ਾਇਦਾ ਗ਼ੈਰ-ਮਾਮੂਲੀ ਪ੍ਰਤਿਭਾ ਵਾਲੇ ਰਚਨਾਕਾਰ ਨੂੰ ਹੀ ਹੁੰਦਾ ਹੈ।
***       

(5 ਫਰਵਰੀ 2007)

'ਜਸਵੰਤ ਦੀਦ' ਦੇ ਕਾਵਿ-ਸੰਗ੍ਰਿਹ 'ਕਮੰਡਲ' ਸਬੰਧੀ ਸੁਰਿੰਦਰ ਸੋਹਲ ਦਾ ਲੇਖ ਪੜ੍ਹਨ ਲਈ ਕਲਿੱਕ ਕਰੋ

e-mail:
ilKfrI

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.