ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

   ਮੁੱਖਪੰਨਾ

ਲੇਖ/ਜਾਣਕਾਰੀ/ਆਲਾ-ਦੁਆਲਾ/ਵਿਚਾਰ

likhari2001@yahoo.co.uk


ਸਤਨਾਮ ਸਿੰਘ ਢਾਹ

ਪੰਜਾਬੀ ਨਾਟਕ ਜਗਤ ਦੇ ਬਾਬਾ ਬੋਹੜ
ਨਾਟਕਕਾਰ ਡਾ. ਹਰਚਰਨ ਸਿੰਘ ਨੂੰ ਯਾਦ ਕਰਦਿਆਂ
(ਅੰਤਿਮ ਮੁਲਾਕਾਤ)


-ਸਤਨਾਮ ਸਿੰਘ ਢਾਹ-


ਡਾ: ਹਰਚਰਨ ਸਿੰਘ


ਪੰਜਾਬੀ ਨਾਟਕ ਜਗਤ ਦੇ ਬਾਬਾ ਬੋਹੜ ਨਾਟਕਕਾਰ ਡਾ. ਹਰਚਰਨ ਸਿੰਘ ਨੂੰ ਯਾਦ ਕਰਦਿਆਂ----ਸਤਨਾਮ ਸਿੰਘ ਢਾਹ
ਨਾਟਕਕਾਰ ਈਸ਼ਵਰ ਚੰਦਰ ਨੰਦਾ ਤੋਂ ਬਾਅਦ ਪੰਜਾਬੀ ਨਾਟਕ ਦੇ ਖੇਤਰ ਵਿੱਚ ਸਭ ਤੋਂ ਵੱਧ ਲੰਮਾ ਸਮਾਂ ਜੁੜੇ ਰਹਿਣ ਵਾਲਾ ਇੱਕੋ ਇੱਕ ਵਿਆਕਤੀ ਸਨ, ਡਾ. ਹਰਚਰਨ ਸਿੰਘ। ਉਨ੍ਹਾਂ ਨੇ ਪੂਰੇ 25 ਨਾਟਕ ਲਿਖੇ, ਖੇਡੇ ਤੇ ਖਿਡਾਏ। ਹੋਰ ਵਿਸ਼ਿਆਂ ਦੇ ਨਾਲ ਨਾਲ ਸਭ ਤੋਂ ਵੱਧ ਇਤਿਹਾਸਕ ਤੇ ਧਾਰਮਿਕ ਨਾਟਕ ਖੇਡੇ, ਖਿਡਾਏ। ਏਨੇ ਕੁ ਹੀ ਇਕਾਂਗੀ ਲਿਖੇ। ਤਿੰਨ ਕਹਾਣੀ ਸੰਗ੍ਰਹਿ ਤੇ ਬਹੁਤ ਸਾਰੀਆਂ ਸੰਪਾਦਨਾ ਤੇ ਕਈ ਅਲੋਚਨਾਵਾਂ ਉਨ੍ਹਾਂ ਦੀ ਕਲਮ ਤੋਂ ਪ੍ਰਾਪਤ ਹੋਈਆਂ। ਉਨ੍ਹਾਂ ਵੱਖ-ਵੱਖ ਅਹੁਦਿਆਂ ਤੇ ਰਹਿੰਦਿਆਂ ਪੰਜਾਬੀ ਮਾਂ-ਬੋਲੀ ਦੀ ਸੇਵਾ ਕੀਤੀ। ਕਈ ਵਾਰੀ ਆਪਣੇ ਨਾਟਕ ਖੇਡਣ-ਖਿਡਾਉਣ ਲਈ ਉਹ ਵਿਦੇਸ਼ਾਂ ਵਿੱਚ ਵੀ ਆਏ। 90 ਸਾਲ ਦੀ ਉਮਰ ਵਿੱਚ ਵੀ ਉਹ ਪੂਰੀ ਤਰ੍ਹਾਂ ਨਾਟਕ ਦੀ ਦੁਨੀਆਂ ਨਾਲ ਜੁੜੇ ਹੋਏ ਸਨ ਅਤੇ ਬਹੁਤ ਉਤਸ਼ਾਹ ਨਾਲ ਕੰਮ ਕਰ ਰਹੇ ਸਨ।

ਪੰਜਾਬੀ ਸਾਹਿਤ ਦੀ ਝੋਲੀ ਵਿੱਚ ਹੋਰ ਵੀ ਬਹੁਤ ਸਾਰੇ ਲੇਖਕਾਂ ਨੇ ਵੀ ਵੱਖ-ਵੱਖ ਵਿਧੀਆਂ ਰਾਹੀਂ ਵੱਡਮੁੱਲਾ ਖਜ਼ਾਨਾ ਪਾਇਆ ਹੈ, ਜਿਸ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀਆਂ ਰਿਣੀ ਰਹਿਣਗੀਆਂ। ਨਾਟਕ ਇੱਕ ਇਹੋ ਜਿਹੀ ਵਿਧੀ ਹੈ, ਜਿਹੜੀ ਦਰਸ਼ਕ ਦੇ ਮਨ ’ਤੇ ਸਿੱਧਾ ਅਸਰ ਕਰਦੀ ਹੈ।

ਡਾ. ਹਰਚਰਨ ਸਿੰਘ ਜੀ ਪਿਛਲੇ ਕੁਝ ਸਾਲਾਂ ਵਿੱਚ ਕਈ ਵਾਰ ਕੈਲਗਰੀ ਆਏ ਸਨ ਕਿਉਂਕਿ ਉਨ੍ਹਾਂ ਦੀ ਲੜਕੀ ਇਸੇ ਸ਼ਹਿਰ ਕੈਲਗਰੀ ਵਿੱਚ ਰਹਿੰਦੀ ਹੈ। ਇੱਕ ਦੋ ਵਾਰ ਉਨ੍ਹਾਂ ਨਾਲ ਐਵੇਂ ਰਸਮੀ ਜਿਹੀ ਮੁਲਾਕਾਤ ਹੀ ਹੋ ਸਕੀ। ਜਦੋਂ ਉਹ ਅਕਤੂਬਰ 2005 ਵਿੱਚ ਇੱਥੇ ਆਏ ਤਾਂ ਮੈਂ ਮੁਲਾਕਾਤ ਕਰਨ ਲਈ ਉਨ੍ਹਾਂ ਤੋਂ ਸਮਾਂ ਮੰਗਿਆ। ਉਨ੍ਹਾਂ ਹਾਂ ਕਰ ਦਿੱਤੀ।

ਦੂਸਰੇ ਦਿਨ ਡਾ. ਹੋਰਾਂ ਨਾਲ ਖੁੱਲ੍ਹੀਆਂ ਗੱਲਾਂ ਹੋਈਆਂ। ਭਾਵੇਂ ਉਨ੍ਹਾਂ ਦੀ ਨੱਬੇ ਸਾਲ ਦੀ ਲੰਮੀ ਜੀਵਨ ਯਾਤਰਾ ਦਾ ਲੇਖਾ ਜੋਖਾ ਦੋ ਚਾਰ ਘੰਟਿਆਂ ਵਿੱਚ ਨਹੀਂ ਸੀ ਹੋ ਸਕਦਾ, ਫਿਰ ਵੀ ਉਹਨਾਂ ਨੇ ਬਹੁਤ ਹੀ ਵਿਸਥਾਰ ਨਾਲ ਆਪਣੀ ਜ਼ਿੰਦਗੀ ਦੇ ਅਨੁਭਵ ਮੇਰੇ ਨਾਲ ਸਾਂਝੇ ਕੀਤੇ। ਉਸ ਸਮੇਂ ਮੇਰੇ ਯਾਦ ਚਿੱਤ ਵੀ ਨਹੀਂ ਸੀ ਕਿ ਉਨ੍ਹਾਂ ਨਾਲ ਮੇਰੀ ਇਹ ਆਖਰੀ ਮੁਲਾਕਾਤ ਹੋਵੇਗੀ। ਬੜੇ ਹੀ ਬਿੱਖੜੇ ਪੈਂਡਿਆਂ ਦਾ ਰਾਹੀ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਰੰਗਮੰਚ ਨੂੰ ਸਮਰਪਤ ਕਰ ਕੇ 12 ਅਪ੍ਰੈਲ 2006 ਨੂੰ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ। ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਨਾਟਕ ਜਗਤ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੀ ਦੂਸਰੀ ਬਰਸੀ ’ਤੇ ਇੱਕ ਸ਼ਰਧਾਂਜਲੀ ਵਜੋਂ ਉਨ੍ਹਾਂ ਨਾਲ ਹੋਈ ਮੁਲਾਕਾਤ ਹਾਜ਼ਰ ਹੈ:

? ਆਪਣੇ ਬਚਪਨ ਤੇ ਪਿਛੋਕੜ, ਵਿੱਦਿਆ ਤੇ ਪ੍ਰੀਵਾਰ ਬਾਰੇ ਕੁਝ ਦੱਸੋ?

: ਮੇਰਾ ਜਨਮ 1915, ਚੱਕ ਨੰ: 576 ਨੇੜੇ ਨਨਕਾਣਾ ਸਾਹਿਬ, ਪਿਤਾ ਜੀ ਸ੍ਰ: ਕ੍ਰਿਪਾ ਸਿੰਘ ਤੇ ਮਾਤਾ ਜੀ ਰੱਖੀ ਕੌਰ ਦੇ ਘਰ ਹੋਇਆ। ਉੱਥੇ ਪੜ੍ਹਾਈ ਦਾ ਏਨਾ ਵਧੀਆ ਪ੍ਰਬੰਧ ਨਹੀਂ ਸੀ। ਸਾਡਾ ਜੱਦੀ ਪਿੰਡ ਜ਼ਿਲ੍ਹਾ ਜਲੰਧਰ ਵਿੱਚ ਔੜਾਪੁੜ ਹੈ। ਮੈਨੂੰ ਪੜ੍ਹਨ ਲਈ ਉੱਥੇ ਭੇਜ ਦਿੱਤਾ ਗਿਆ। ਉੱਥੇ ਪਿੰਡ ਵਿੱਚ ਸਾਡੀ ਇੱਕ ਵਿਧਵਾ ਭੂਆ ਜੀ ਰਹਿੰਦੇ ਸੀ, ਉਨ੍ਹਾਂ ਦੇ ਕੋਲ ਅਸੀਂ ਰਹੇ। ਪਿਤਾ ਜੀ ਪਹਿਲਾਂ ਮਲਾਇਆ ਵਿੱਚ ਰਹਿੰਦੇ ਸੀ, ਫੇਰ 1921 ਵਿੱਚ ਨਨਕਾਣਾ ਸਾਹਿਬ ਆ ਗਏ। ਉੱਥੋਂ ਆ ਕੇ ਬਾਰ ਵਿੱਚ ਦੋ ਮੁਰੱਬੇ ਜ਼ਮੀਨ ਲੈ ਲਈ। ਸਾਡੇ ਨਾਨਕੇ ਰਾਸਧਾਰੀਏ ਸਨ। ਸਾਡੀ ਨਾਨੀ ਦੁਰਗਾਪੁਰ ਤੋਂ ਸੀ, ਜਿੱਥੇ ਰਾਸਧਾਰੀਏ ਰਹਿੰਦੇ ਸਨ। ਸਾਡੇ ਬਜ਼ੁਰਗ ਵੀ ਸਾਰੇ ਪਹਿਲਾਂ ਰਾਸਧਾਰੀਏ ਸਨ। ਮੇਰੀ ਦਾਦੀ ਰੱਜੀ ਕੌਰ ਨੇ ਸਾਡੇ ਘਰ ਸਿੱਖੀ ਲਿਆਂਦੀ। ਪਹਿਲਾਂ ਮੇਰੇ ਬਾਬਾ ਜੀ ਨੂੰ ਗੁਰਮੁਖ ਸਿੰਘ ਬਣਾਇਆ, ਫੇਰ ਮੇਰੇ ਪਿਤਾ ਜੀ ਨੂੰ। ਇਸੇ ਤਰ੍ਹਾਂ ਸਾਰੇ ਫੇਰ ਸਿੱਖੀ ਨਾਲ ਜੁੜ ਗਏ। ਮੁਢਲੀ ਵਿੱਦਿਆ ਲਾਗਲੇ ਪਿੰਡ ਚੱਕ ਦਾਨਾ ਤੋਂ ਪ੍ਰਾਪਤ ਕੀਤੀ। ਉੱਥੋਂ ਅੱਠਵੀਂ ਕਰ ਕੇ, ਫੇਰ ਦਸਵੀਂ ਜਲੰਧਰ ਖਾਲਸਾ ਸਕੂਲ ਤੋਂ। ਬੀ। ਏ। ਖਾਲਸਾ ਕਾਲਜ ਅੰਮ੍ਰਿਤਸਰ ਤੋਂ। ਇੱਕ ਐਮ। ਏ। ਐਫ। ਸੀ। ਕਾਲਜ ਤੋਂ ਤੇ ਦੂਜੀ ਐਮ। ਏ। ਪ੍ਰਾਈਵੇਟ ਕੀਤੀ। ਆਪਣੇ ਹੀ ਬਲਬੂਤੇ ਤੇ ਸਾਰੀ ਵਿੱਦਿਆ ਹਾਸਲ ਕੀਤੀ।

? ਤੁਸੀਂ ਨਾਟਕ ਵੱਲ ਕਿਵੇਂ ਤੇ ਕਦੋਂ ਆਏ?

: ਬਹੁਤ ਅੱਛਾ ਸਵਾਲ ਹੈ ਜੀ। ਇਹੋ ਸਵਾਲ ਇੱਕ ਵਾਰੀ ਮੈਨੂੰ ਦਿੱਲੀ ਸਾਹਿਤਕ ਅਕੈਡਮੀ ਵਾਲਿਆਂ ਨੇ ਵੀ ਪੁੱਛਿਆ ਸੀ, ਜਦੋਂ ਇੱਕ ਵਾਰ ਉਨ੍ਹਾਂ ਨੇ ਸਾਨੂੰ ਲੇਖਕਾਂ, ਨਾਟਕਕਾਰਾਂ ਨੂੰ ਦਿੱਲੀ ਬੁਲਾਇਆ ਸੀ। ਪਹਿਲਾਂ ਈਸ਼ਵਰ ਚੰਦਰ ਨੰਦਾ ਨੂੰ ਤੇ ਫੇਰ ਮੈਨੂੰ ਉਨ੍ਹਾਂ ਨੇ ਕਈ ਸਵਾਲ ਕੀਤੇ। ਉਦੋਂ ਇਸ ਸਵਾਲ ’ਤੇ ਮੈਂ ਆਪ ਵੀ ਹੈਰਾਨ ਪ੍ਰੇਸ਼ਾਨ ਸੀ ਕਿ ਸਾਡੇ ਘਰ ਦਾ ਨਾ ਤਾਂ ਕੋਈ ਸਾਹਿਤਕ ਮਾਹੌਲ ਤੇ ਨਾ ਹੀ ਪੜ੍ਹਨ ਲਈ ਕੋਈ ਲਿਟਰੇਚਰ। ਸਿਰਫ ਦੋ ਕਿਤਾਬਾਂ ਸਨ, ਇੱਕ ਹਾਤਮਤਾਈ ਦੀ ਤੇ ਇੱਕ ਰਮਾਇਣ ਦੀ। ਉਹ ਵੀ ਪਤਾ ਨਹੀਂ ਕਿਵੇਂ ਤੇ ਕਿੱਥੋਂ ਆਈਆਂ ਹੋਣਗੀਆਂ। ਇਸ ਨੂੰ ਸੰਸਕਾਰਾਂ ਦੀ ਹੀ ਗੱਲ ਸਮਝੋ ਜਾਂ ਬਾਬੇ ਨਾਨਕ ਦੀ ਧਰਤੀ ਦੀ ਛੋਹ, ਜਿਸ ਨੇ ਮੈਨੂੰ ਇਸ ਪਾਸੇ ਖਿੱਚ ਪਾਈ। ਦੂਸਰਾ ਮੈਨੂੰ ਬਚਪਨ ਵਿੱਚ ਨਾਟਕੀ ਚੀਜ਼ਾਂ ਦੇਖਣ ਦਾ ਬਹੁਤ ਸ਼ੌਕ ਸੀ।

ਸਾਡੇ ਪਿੰਡ ਦੇ ਨਾਲ ਹੀ ਪਿੰਡ ਔੜ ਹੈ। ਉੱਥੇ ਦਸ ਦਿਨ ਲਗਾਤਾਰ ਰਾਮ ਲੀਲਾ ਹੁੰਦੀ। ਅਸੀਂ ਦੇਖਣ ਜਾਂਦੇ। ਇੱਕ ਹੋਰ ਪਿੰਡ ਉਹਦੇ ਨਾਲ ਹੀ ਹੈ, ਲਸਾੜਾ। ਉੱਥੇ ਬਿੰਦਰਾਬਨ ਤੋਂ ਰਾਸਧਾਰੀਏ ਆਇਆ ਕਰਦੇ ਸਨ, ਉਹ ਵੀ ਦੇਖਣੀ। ਡਰਾਮੇ ਦਾ ਧੁਰਾ ਨਕਲਾਂ ਹਨ ਤੇ ਨਕਲੀਏ ਜਿਹੜੇ ਸਨ, ਮੁਸਲਮਾਨ ਮਰਾਸੀ ਸਨ ਤੇ ਉਹ ਸਾਰੇ ਪਾਕਿਸਤਾਨ ਚਲੇ ਗਏ। ਉਨ੍ਹਾਂ ਦਾ ਮੇਰੇ ਮਨ ਤੇ ਬਹੁਤ ਅਸਰ ਹੈ। ਕਈ ਟੋਲੇ ਸਨ; ਇੱਕ ਸਿਘਾਣੀ ਦਾ, ਇੱਕ ਭਗਤੂ ਪੁਰੀਆਂ ਦਾ ਤੇ ਕਈ ਹੋਰ। ਬਹੁਤ ਸਾਰਿਆਂ ਦੇ ਨਾਮ ਯਾਦ ਨਹੀਂ ਆ ਰਹੇ। ਸੰਗੀਤ ਦੇ ਏਨੇ ਮਾਹਰ ਸਨ ਕਿ ਗੱਲ ਹੀ ਛੱਡ ਦਿਓ। ਪਹਿਲਾਂ ਤਾਂ ਰਾਗ ਨਾਲ ਸਮਾਂ ਬੰਨ੍ਹਦੇ ਸੀ। ਦੋ ਅਣਦਾੜ੍ਹੀਏ ਮੁੰਡੇ ਉਨ੍ਹਾਂ ਨੇ ਨਚਾਰ ਰੱਖੇ ਹੁੰਦੇ ਸੀ, ਬਹੁਤ ਕਮਾਲ ਦੇ। ਮੇਰੇ ਖ਼ਿਆਲ ਵਿੱਚ ਉਨ੍ਹਾਂ ਨੂੰ ਕੋਈ ਜਾਦੂ ਵਗੈਰਾ ਵੀ ਆਉਂਦਾ ਸੀ। ਬਾਕੀ ਜਿਹੜੇ ਦੋ ਕਲਾਊਨ ਹੁੰਦੇ ਸੀ, ਉਹ ਲੋਕਾਂ ਨੂੰ ਹਸਾ-ਹਸਾ ਕੇ ਢਿੱਡ ਪਕਾ ਦਿੰਦੇ। ਇਹ ਸਭ ਕੁਝ ਜੋ ਮੈਂ ਬਚਪਨ ਤੋਂ ਦੇਖਿਆ, ਉਹਨੇ ਮੇਰੇ ਅੰਦਰ ਨਾਟਕ ਦੀਆਂ ਪੁੰਗਰਾਂ ਫੁਟਾਈਆਂ। ਪਰ ਉਨ੍ਹਾਂ ਦੇ ਪਾਕਿਸਤਾਨ ਚਲੇ ਜਾਣ ਨਾਲ ਸਭਿਆਚਾਰਕ ਤੌਰ ਤੇ ਜੋ ਘਾਟਾ ਮੇਰੇ ਖ਼ਿਆਲ ਵਿੱਚ ਪਿਆ, ਜਾਨੀ ਨੁਕਸਾਨ ਤੋਂ ਬਾਅਦ ਉਹ ਦੂਸਰਿਆਂ ਘਾਟਿਆਂ ਨਾਲੋਂ ਕਿਧਰੇ ਜ਼ਿਆਦਾ ਪਿਆ। ਫੇਰ ਵੀ ਯਤਨ ਜਾਰੀ ਰਹੇ। ਨਾਟਕ ਕਲਾ ਨੂੰ ਜਿਉਂਦੇ ਰੱਖਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ, ਤਦ ਹੀ ਇਹ ਕਲਾ ਅੱਜ ਜਿਉਂਦੀ ਹੈ।

? ਪਹਿਲੀ ਵੇਰ ਤੁਸੀਂ ਨਾਟਕ ਵਿੱਚ ਹਿੱਸਾ ਕਦੋਂ ਲਿਆ?

: ਉਸ ਤਰ੍ਹਾਂ ਤਾਂ ਅਸੀਂ 1939 ਵਿੱਚ ਪੰਜਾਬ ਥੀਏਟਰ ਸ਼ੁਰੂ ਕਰ ਦਿੱਤਾ ਸੀ। ਇਹ ਵੀ ਇੱਕ ਦਿਲਚਸਪ ਕਹਾਣੀ ਹੈ। ਅਸੀਂ ਕਈ ਬੰਦਿਆਂ ਨੇ ਸੁਜਾਨ ਸਿੰਘ, ਪਾਲ ਸਿੰਘ, ਈਸ਼ਵਰ ਸਿੰਘ ਨੇ ਰਲ ਕੇ ਲਾਹੌਰ ਵਿੱਚ ਮਾਡਰਨ ਪੰਜਾਬੀ ਕਾਲਜ ਖੋਲ੍ਹਿਆ। ਉਹਦੇ ਵਿੱਚ ਵਿਦਿਆਰਥੀ ਆਉਣੇ ਸ਼ੁਰੂ ਹੋ ਗਏ। ਛੋਟੇ-ਮੋਟੇ ਡਰਾਮੇ ਅਸੀਂ ਵਿਦਿਆਰਥੀਆਂ ਤੋਂ ਕਰਾਉਂਦੇ ਰਹੇ। ਪਰ 1942 ਵਿੱਚ ਮੈਂ ਇੱਕ ਡਰਾਮਾ ਲਿਖਿਆ "ਅਨਜੋੜ"। ਅਨਜੋੜ ਡਰਾਮਾ ਖੇਡਣ ਨੂੰ ਜਿਹੜੀ ਪਾਤਰਾ ਸੀ, ਉਹਦਾ ਰੋਲ ਕਰਨ ਲਈ ਪਾਤਰਾ ਨਹੀਂ ਸੀ ਲੱਭਦੀ। ਅਸੀਂ ਇਸਤਰੀ ਪਾਤਰ ਲੱਭਣ ਲਈ ਇੱਕ ਇਸ਼ਤਿਹਾਰ ਅਖ਼ਬਾਰ ਵਿੱਚ ਦਿੱਤਾ ਤਾਂ ਸੱਭਿਆਚਾਰਕ ਹਲਕਿਆਂ ਵਿੱਚ ਤਹਿਲਕਾ ਮੱਚ ਗਿਆ। ਅਖ਼ੀਰ ਇਸਤਰੀ ਪਾਤਰ ਦਾ ਰੋਲ ਮੇਰੀ ਘਰਵਾਲੀ ਨੇ ਕੀਤਾ, ਜਿਸ ਨੇ ਕਦੇ ਕੋਈ ਟਰੇਨਿੰਗ ਵਗੈਰਾ ਨਹੀਂ ਸੀ ਲਈ। ਉਹ ਬਿਲਕੁਲ ਅਨਪੜ੍ਹ ਸੀ। ਉਸਦਾ ਰੋਲ ਸਭ ਤੋਂ ਵੱਧ ਸਰਾਹਿਆ ਗਿਆ। ਇਹ ਨਾਟਕ ਦੇਖਣ ਵਾਲਿਆਂ ਵਿੱਚ ਬਹੁਤ ਵੱਡੇ-ਵੱਡੇ ਵਿਦਵਾਨ ਤੇ ਪੜ੍ਹੇ ਲਿਖੇ ਲੋਕ ਸਨ। ਜਿਵੇਂ ਕਿ ਸੰਤ ਸਿੰਘ ਸੇਖੋਂ, ਵਰਿਆਮ ਸਿੰਘ, ਪ੍ਰਿੰਸੀਪਲ ਸੋਹਣ ਸਿੰਘ। ਪਰ ਹਰਪਰਕਾਸ਼ ਕੌਰ ਦਾ ਰੋਲ ਇੰਨਾ ਸਰਾਹਿਆ ਗਿਆ ਕਿ ਉਸ ਨੂੰ ਤਿੰਨ ਮੈਡਲ ਮਿਲੇ, ਬੈਸਟ ਐਕਟਿੰਗ ਕਰਨ ਲਈ। ਫੇਰ ਉਹਨੇ ਮੇਰੇ ਨਾਲ 25 ਸਾਲ ਤੱਕ ਡਰਾਮਿਆਂ ਵਿੱਚ ਕੰਮ ਕੀਤਾ। ਬੱਸ ਪਤਾ ਨਹੀਂ ਉਹਦੇ ਵਿੱਚ ਇਹ ਕੋਈ ਨੈਚਰਲ ਟੈਲੇਂਟ ਸੀ, ਜਿਹੜੇ ਮਰਜ਼ੀ ਪਾਤਰ ਦਾ ਰੋਲ ਦੇ ਦਿਓ ਬਾਖੂਬੀ ਨਿਭਾਉਣ ਦਾ ਕਮਾਲ ਹਾਸਲ ਸੀ। ਲਾਹੌਰ ਵਿੱਚ ਉਸ ਡਰਾਮੇ ਨੇ ਐਸੀ ਧਾਂਕ ਜਮਾਈ, ਬੱਸ ਪੁੱਛੋ ਨਾ।

ਇਹ ਨਾਟਕ ਖੇਡਣ ਦਾ ਕੰਮ 1939 ਤੋਂ ਲਾਹੌਰ ਤੋਂ 1947 ਤੱਕ ਚੱਲਿਆ। ਉਸ ਸਮੇਂ ਵਿੱਚ ਅਸੀਂ ਦੋ ਤਿੰਨ ਕੰਮ ਹੋਰ ਵੀ ਕੀਤੇ। ਇੱਕ ਤਾਂ ਪੰਜਾਬੀ ਨਾਟਕ ਨੂੰ ਲੋਕ ਪ੍ਰਿਆ ਬਣਾਇਆ। ਦੂਜਾ ਅਸੀਂ ਨਾਟਕ ਨੂੰ ਇੱਕ ਦਾਇਰੇ ਤੋਂ ਬਾਹਰ ਲੈ ਕੇ ਗਏ। ਕਈਆਂ ਸ਼ਹਿਰਾਂ ਕਾਲਜਾਂ ਵਿੱਚ ਡਰਾਮੇ ਖੇਡੇ। ਮੇਰੇ ਤੋਂ ਪਹਿਲਾਂ ਨੰਦੇ ਨੇ ਇੱਕ ਦੋ ਡਰਾਮੇ ਕਾਲਜਾਂ ਵਿੱਚ ਖੇਡੇ ਸਨ। ਇੱਕ ਹੋਰ ਦਿਲਚਸਪ ਗੱਲ ਯਾਦ ਆ ਗਈ। ਜਦੋਂ ਅਸੀਂ ਡਰਾਮਾ ਅਨਜੋੜ ਖੇਡਿਆ ਤਾਂ ਅਸੀਂ ਥੋੜ੍ਹੀ ਜਿਹੀ ਟਿਕਟ ਰੱਖ ਦਿੱਤੀ। ਮਸਾਂ ਪੰਜਾਹ ਕੁ ਬੰਦੇ ਦੇਖਣ ਆਏ। ਪਹਿਲੀ ਲਾਈਨ ਵਿੱਚ ਦੋ ਤਿੰਨ ਬੇਗਮਾਂ ਬੈਠੀਆਂ ਸਨ,ਪੰਜ-ਪੰਜ ਰੁਪਏ ਦੇ ਟਿਕਟ ਲੈ ਕੇ। ਅਸੀਂ ਉਡੀਕਦੇ ਸੀ ਕਿ ਕੁਝ ਹੋਰ ਲੋਕ ਆ ਜਾਣ। ਪਰ ਉਨ੍ਹਾਂ ਕਿਹਾ ਕਿ ਤੁਸੀਂ ਸ਼ੁਰੂ ਕਰਨਾ ਤਾਂ ਠੀਕ ਹੈ ਨਹੀਂ ਤਾਂ ਅਸੀਂ ਚੱਲੀਆਂ। ਚਲੋ ਜੀ, ਫੇਰ ਅਸੀਂ ਉਨ੍ਹਾਂ ਪੰਜਾਹ ਕੁ ਵਿਅਕਤੀਆਂ ਨਾਲ ਹੀ ਡਰਾਮਾ ਸ਼ੁਰੂ ਕਰ ਦਿੱਤਾ। ਦੂਸਰੇ ਦਿਨ ਅਸੀਂ ਉਹੀ ਡਰਾਮਾ ਫਰੀ ਕਰ ਦਿੱਤਾ ਤਾਂ ਸਾਰਾ ਹਾਲ ਭਰ ਗਿਆ।

ਇਹ ਸੀ ਸਾਡੀ ਵੱਡੀ ਗਲਤੀ, ਵਿੱਚੋਂ ਹੀ ਦੋ ਤਿੰਨਾਂ ਮੁੰਡਿਆਂ ਨੇ ਕਿਹਾ ਕਿ ਸਾਨੂੰ ਪਹਿਲੇ ਦਿਨ ਫਰੀ ਤੇ ਦੂਸਰੇ ਦਿਨ ਟਿਕਟ ਰੱਖਣੀ ਚਾਹੀਦੀ ਸੀ। ਦੂਸਰੇ ਦਿਨ ਗੁਰਮੁਖ ਸਿੰਘ ਮੁਸਾਫਰ ਤੇ ਪ੍ਰੀਤਮ ਸਿੰਘ ਸਫੀਰ ਹੋਰਾਂ ਨੂੰ ਦੱਸਿਆ ਕਿ ਸਾਡੇ ਨਾਲ ਇਸ ਤਰ੍ਹਾਂ ਹੋਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਸੰਗ ਲੱਗਦੀ ਹੈ ਕਿ ਫਰੀ ਬੈਠੇ ਹਾਂ। ਫੇਰ ਸਲਾਹ ਹੋਈ ਕਿ ਪੰਦਰਾਂ ਦਿਨਾਂ ਬਾਅਦ ਇੱਕ ਵਾਰ ਫਿਰ ਡਰਾਮਾ ਕੀਤਾ ਜਾਵੇ। ਤੇ ਫੇਰ ਪਿਛਲਾ ਘਾਟਾ ਵੀ ਪੂਰਾ ਹੋ ਗਿਆ। ਸੋ ਅਸੀਂ ਉਦੋਂ ਸਿਰਫ ਕਲਾਕਾਰ ਹੀ ਸਾਂ। ਬਿਜਨੈਸ ਦਾ ਕੋਈ ਤਜ਼ਰਬਾ ਨਹੀਂ ਸੀ।

? ਤੁਹਾਡੇ ਵਿਚਾਰ ਮੁਤਾਬਿਕ ਕਿਨ੍ਹਾਂ-ਕਿਨ੍ਹਾਂ ਨਾਟਕਕਾਰਾਂ ਨੇ ਜਾਂ ਨਾਟਕ ਸਭਾਵਾਂ ਨੇ ਨਾਟਕ ਕਲਾ ਨੂੰ ਪ੍ਰਫੁੱਲਤ ਕਰਨ ਲਈ ਯੋਗਦਾਨ ਪਾਇਆ?

: ਨਾਟਕ ਦੇ ਸਫਰ ਦੀ ਕਹਾਣੀ ਕੁਝ ਲੰਬੀ ਹੈ। ਸੰਖੇਪ ਵਿੱਚ ਦੱਸਦਾ ਹਾਂ। ਮੇਰੇ ਤੋਂ ਪਹਿਲਾਂ ਈਸ਼ਵਰ ਚੰਦਰ ਨੰਦਾ ਸਾਡੇ ਪੰਜਾਬੀ ਡਰਾਮੇ ਦਾ ਮੋਢੀ ਹੈ। ਉਸ ਤੋਂ ਬਾਅਦ ਸੰਨ 1937 ਤੋਂ 50-60 ਸਾਲ ਤੱਕ ਮੈਂ ਨਾਟਕ ਲਈ ਕੰਮ ਕੀਤਾ। ਸੁਜਾਨ ਸਿੰਘ ਕਹਾਣੀਕਾਰ ਤੇ ਮੈਂ ਪੜ੍ਹਾਉਣ ਵਾਲੇ ਸੀ। ਅਸੀਂ ਫੇਰ ਨੰਦੇ ਵਾਲਾ ਥਾਂ ਲਿਆ। ਉਸ ਕਾਲਜ ਵਿੱਚੋਂ ਬਹੁਤ ਸਾਰੇ ਐਕਟਿੰਗ ਕਰਨ ਵਾਲੇ ਪੈਦਾ ਹੋਏ। ਜਿੰਨੇ ਵੀ ਹਿੰਦੀ ਫਿਲਮਾਂ ਦੇ ਐਕਟਰ ਪੰਜਾਬ ’ਚੋਂ ਗਏ ਹਨ, ਬਹੁਤੇ ਸਾਡੇ ਰੰਗ ਮੰਚ ਦੀ ਪੈਦਾਇਸ਼ ਹਨ। ਨੰਦਾ ਪੰਜਾਬੀ ਰੰਗ ਮੰਚ ਦਾ ਮੋਢੀ ਹੈ। ਮੈਨੂੰ ਲੋਕ ਉਸਦਾ ਉਤਰ ਅਧਿਕਾਰੀ ਮੰਨਦੇ ਹਨ। ਮੈਂ ਆਪਣੀ ਯਥਾ ਸ਼ਕਤੀ ਨਾਲ ਜੋ ਵੀ ਯੋਗਦਾਨ ਪਾ ਸਕਿਆ ਹਾਂ, ਪਾਇਆ ਹੈ। ਪਰ ਮੇਰੇ ਖ਼ਿਆਲ ਵਿੱਚ ਰੰਗ ਮੰਚ ਦੇ ਵਿਕਾਸ ਵਿੱਚ ਹੋਰ ਵੀ ਅਨੇਕਾਂ ਹੀ ਮਹਾਨ ਕਲਾਕਾਰਾਂ, ਨਿਰਦੇਸ਼ਕਾਂ ਤੇ ਨਾਟਕ ਪ੍ਰੇਮੀਆਂ ਨੇ ਰਲ-ਮਿਲ ਕੇ ਹਿੱਸਾ ਪਾਇਆ। ਵਿਕਾਸ ਦੀਆਂ ਲੀਹਾਂ ਤੇ ਲਿਆਂਦਾ। ਮੇਰੇ ਨਾਲ ਪ੍ਰੋ। ਐਸ। ਐਸ। ਅਮੋਲ ਨੇ ਉੱਦਮ ਕਰ ਕੇ 1937 ਵਿੱਚ ਅੰਮ੍ਰਿਤਸਰ ਵਿੱਚ ਪੰਜਾਬੀ ਨਾਟਕ ਸਭਾ ਕਾਇਮ ਕੀਤੀ, ਜਿਸਨੇ ਲਗਾਤਾਰ ਕੰਮ ਕੀਤਾ। ਪੰਜਾਬ ਵਿੱਚ ਦੋ ਯੂਨੀਵਰਸਿਟੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਰਾਮਾ ਵਿਭਾਗਾਂ ਨੇ ਬਹੁਤ ਕੰਮ ਕੀਤਾ ਹੈ। ਇਸ ਤੋਂ ਬਾਅਦ ਸਮੇਂ-ਸਮੇਂ ਬਹੁਤ ਸਾਰੇ ਹੋਰ ਸੱਜਣਾਂ ਨੇ ਵੀ ਆਪੋ-ਆਪਣੇ ਯਤਨਾਂ ਨਾਲ ਥੀਏਟਰ ਬਣਾ ਕੇ ਨਾਟਕ ਦੇ ਵਿਕਾਸ ਵਿੱਚ ਬਹੁਤ ਹਿੱਸਾ ਪਾਇਆ। ਜਿਸ ਤਰ੍ਹਾਂ ਬਲਵੰਤ ਗਾਰਗੀ, ਡਾ: ਸੁਰਜੀਤ ਸਿੰਘ, ਹਰਪਾਲ ਟਿਵਾਣਾ, ਭਾਗ ਸਿੰਘ, ਕਪੂਰ ਸਿੰਘ ਘੁੰਮਣ, ਐੱਚ। ਐੱਸ। ਦਿਲਗੀਰ, ਅਜਮੇਰ ਔਲਖ ਅਤੇ ਡਾ। ਆਤਮਜੀਤ। ਇਨ੍ਹਾਂ ਸਾਰਿਆਂ ਦੇ ਥੀਏਟਰਾਂ ਨੇ ਪੰਜਾਬੀ ਰੰਗਮੰਚ ਦੀਆਂ ਵੱਖ-ਵੱਖ ਸ਼ੈਲੀਆਂ ਤੇ ਵਿਧੀਆਂ ਰਾਹੀਂ ਆਪਣਾ ਯੋਗਦਾਨ ਪਾਇਆ ਤੇ ਪੰਜਾਬੀ ਰੰਗ-ਮੰਚ ਦੀ ਪੱਧਰ ਨੂੰ ਉੱਚਿਆਂ ਕੀਤਾ ਹੈ।

ਇੱਥੇ ਹੀ ਬੱਸ ਨਹੀਂ ਅਜੇ ਹੋਰ ਬਹੁਤ ਕੁਝ ਕਰਨ ਵਾਲਾ ਹੈ ਤੇ ਪੰਜਾਬੀ ਥੀਏਟਰ ਨੂੰ ਇਹ ਇੱਕ ਵੰਗਾਰ ਹੈ ਕਿ ਪੰਜਾਬੀ ਜੀਵਨ ਦੀ ਆਤਮਾ ਨੂੰ ਪਛਾਣ ਕੇ ਸਾਡੇ ਇਨ੍ਹਾਂ ਥੀਏਟਰਾਂ ਦੇ ਨਿਰਦੇਸ਼ਕ ਪੰਜਾਬੀ ਦੀਆਂ ਸਮੱਸਿਆਵਾਂ, ਪੰਜਾਬੀ ਅੰਦਾਜ਼ ਵਿੱਚ, ਪੰਜਾਬ ਦੇ ਬਦਲਦੇ ਸਭਿਆਚਾਰਕ ਸੰਦਰਭ ਵਿੱਚ ਪੇਸ਼ ਕਰਨ।

? ਤੁਹਾਡੇ ਜਵਾਬ ਤੋਂ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬੀ ਨਾਟਕ ਦੂਜੀਆਂ ਬੋਲੀਆਂ ਦੇ ਮੁਕਾਬਲੇ ਵਿੱਚ ਕਿੱਥੇ ਕੁ ਖੜ੍ਹਾ ਹੈ?

: ਇਹ ਬਹੁਤ ਮਹੱਤਵਪੂਰਨ ਸਵਾਲ ਹੈ। ਜ਼ਿਲ੍ਹਾ ਲਾਹੌਰ ਦੀ ਗੱਲ ਹੈ। 1937 ਵਿੱਚ ਇੱਕ ਵਾਰੀ ਕੰਨਟੈਂਪਰੇਰੀ ਪਲੇ ਰਾਈਟਿੰਗ ਸੈਮੀਨਾਰ ਹੋਇਆ, ਜਿਥੇ ਬੰਗਾਲੀ, ਮਰਾਠੀ ਤੇ ਹਿੰਦੀ ਵਾਲੇ ਹੋਰ ਦੂਸਰੀਆਂ ਬੋਲੀਆਂ ਬੋਲਣ ਵਾਲੇ ਵਿਦਵਾਨ ਇਕੱਠੇ ਹੋਏ ਤਾਂ ਉਹਦੇ ਵਿੱਚ ਦੋ ਪ੍ਰੋਫੈਸਰ ਇੰਗਲਿਸ਼ ਦੇ ਇੱਕ ਸੋਮਨਾਥ ਚਿਬ ਤੇ ਇੱਕ ਜਾਨ ਮਤਾਈ ਦੋਨਾਂ ਨੇ ਉਸ ਸੈਮੀਨਾਰ ਵਿੱਚ ਕਿਹਾ ਕਿ ਪੰਜਾਬੀ ਨਾਟਕ ਹਿੰਦੁਸਤਾਨ ਵਿੱਚ ਸਾਰੀਆਂ ਬੋਲੀਆਂ ਤੋਂ ਅੱਗੇ ਹੈ। ਇਹ ਸੁਣਦਿਆਂ ਹੀ ਬੰਗਾਲੀ ਤਾਂ ਉਨ੍ਹਾਂ ਦੇ ਗਲ਼ ਪੈ ਗਏ ਕਿ ਇਹ ਕਿਸ ਤਰ੍ਹਾਂ ਹੋ ਸਕਦਾ। ਉਨ੍ਹਾਂ ਜਵਾਬ ਦਿੰਦਿਆਂ ਆਖਿਆ ਕਿ ਜਿਉਂਦੇ ਜਾਗਦੇ ਪਾਤਰ ਤੇ ਉਨ੍ਹਾਂ ਦੀ ਉਹੀ ਅਸਲੀ ਬੋਲੀ, ਜਿਸ ਵਿੱਚ ਪੰਜਾਬੀ ਜੀਵਨ ਦੀ ਆਤਮਾ ਬੋਲ ਰਹੀ ਹੈ ਤੇ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਪੰਜਾਬ ਦੇ ਸੱਭਿਆਚਾਰਕ ਸੰਦਰਭ ਵਿੱਚ ਪੇਸ਼ ਕਰਨ ਦੀ ਯੋਗਤਾ ਹੈ। ਇਹ ਗੱਲ 1937 ਦੀ ਹੈ।

? ਪੰਜਾਬੀ ਨਾਟਕ ਦਾ ਭਵਿੱਖ ਕਿਹੋ ਜਿਹਾ ਹੈ?

: ਇਹ ਕਹਿਣ ਵਿੱਚ ਮੈਨੂੰ ਕੋਈ ਝਿਜਕ ਨਹੀਂ ਕਿ ਪੰਜਾਬੀ ਡਰਾਮੇ ਦੀ ਅੱਜ ਤੱਕ ਕਿਸੇ ਸਰਕਾਰੀ ਸੰਸਥਾ ਨੇ ਕੋਈ ਮੱਦਦ ਨਹੀਂ ਕੀਤੀ। ਇੱਥੇ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਕੋਈ ਅਗਵਾਈ ਨਹੀਂ ਹੋਈ। ਪਰ ਇਹ ਆਪਣੇ ਪੈਰਾਂ ਤੇ ਖੜ੍ਹਿਆ ਹੈ। ਇਹਦਾ ਫਾਇਦਾ ਵੀ ਹੋਇਆ। ਫਾਇਦਾ ਇਹ ਹੋਇਆ ਕਿ ਜੇਕਰ ਇਹ ਸਰਕਾਰਾਂ ’ਤੇ ਨਿਰਭਰ ਹੁੰਦਾ ਤਾਂ ਜਿਸ ਤਰ੍ਹਾਂ ਭੰਡ ਸੀ, ਉਹ ਰਾਜਿਆਂ ਮਹਾਰਾਜਿਆਂ ਦੇ ਗੁਣ ਗਾਇਨ ਕਰਦੇ ਰਹਿੰਦੇ ਸੀ; ਇਸ ਤਰ੍ਹਾਂ ਪੰਜਾਬੀ ਰੰਗ ਮੰਚ ਵੀ ਸਰਕਾਰੀ ਸਿਫਤਾਂ ਤੱਕ ਹੀ ਸੀਮਤ ਰਹਿੰਦਾ। ਇਹ ਆਪਣੇ ਪੈਰਾਂ ਤੇ ਖੜ੍ਹਾ ਹੋਣ ਕਰਕੇ ਨਰੋਆ ਹੈ। ਪੰਜਾਬੀ ਜੀਵਨ ਦੀਆਂ ਸੱਭਿਆਚਾਰਕ ਚੰਗਿਆਈਆਂ, ਬੁਰਿਆਈਆਂ ਨੂੰ ਬਿਨਾਂ ਕਿਸੇ ਡਰ ਦੇ ਪ੍ਰਚਾਰਦਾ ਤੇ ਭੰਡਦਾ ਹੈ। ਲੋਕਾਂ ਵਿੱਚ ਜਾਗਰਤੀ ਲਿਆਉਂਦਾ ਹੈ। ਇਸ ਕਰਕੇ ਮੈਂ ਤਾਂ ਕਹਾਂਗਾ ਕਿ ਨਾਟਕ ਪੰਜਾਬੀ ਸਾਹਿਤ ਦੀ ਕਿਸੇ ਵਿਧੀ ਤੋਂ ਪਿੱਛੇ ਨਹੀਂ, ਸਗੋਂ ਦੋ ਕਦਮ ਅੱਗੇ ਹੀ ਹੈ। ਪੰਜਾਬੀ ਨਾਟਕ ਦਾ ਭਵਿੱਖ ਬਹੁਤ ਉੱਜਲਾ ਹੈ।

? ਹਰਚਰਨ ਸਿੰਘ ਜੀ, ਜਿਸ ਤਰ੍ਹਾਂ ਹਿੰਦੂ ਮੱਤ ਨੂੰ ਮੰਨਣ ਵਾਲਿਆਂ ਨੇ ਆਪਣੇ ਧਰਮ ਨੂੰ, ਇਤਿਹਾਸ ਨੂੰ ਡਰਾਮਾਟਾਈਜ਼ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਫਿਲਮਾਂ ਵਿੱਚ ਸਾਂਭਣ ਦਾ ਉਪਰਾਲਾ ਕੀਤਾ ਹੈ, ਉਸ ਤਰ੍ਹਾਂ ਸਿੱਖ ਧਰਮ ਨੂੰ, ਇਤਿਹਾਸ ਨੂੰ ਸਾਂਭਣ ਦੇ ਉਪਰਾਲੇ ਕਿਉਂ ਨਹੀਂ ਕੀਤੇ ਗਏ?

: ਇਹ ਸਵਾਲ ਬਹੁਤ ਹੀ ਬੁਨਿਆਦੀ ਸਵਾਲ ਤੁਸੀਂ ਉਠਾਇਆ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਇਸ ਗੱਲ ਦੀ ਘਾਟ ਰਹੀ ਹੈ, ਤੇ ਹੈ ਵੀ। ਭਾਵੇਂ ਮੈਂ ਸਮੇਂ-ਸਮੇਂ ਥੋੜ੍ਹਾ ਬਹੁਤ ਉੱਦਮ ਸਾਰੀ ਉਮਰ ਕਰਦਾ ਰਿਹਾ ਹਾਂ। ਪਰ ਉੰਨਾ ਨਹੀਂ, ਜਿੰਨਾ ਦੂਜੇ ਧਰਮਾਂ ਨੂੰ ਮੰਨਣ ਵਾਲਿਆਂ ਨੇ ਆਪਣੇ ਇਤਿਹਾਸ ਤੇ ਧਾਰਮਿਕ ਵਿਰਸੇ ਨੂੰ ਸਾਂਭਣ ਦਾ ਕੀਤਾ। ਹੁਣ ਇਸ ਬਾਰੇ ਮੇਰੇ ਲੜਕੇ ਗੁਰਬਖਸ਼ ਸਿੰਘ ਲਾਟਾ ਨੇ ਕੁਝ ਕਰਨ ਦਾ ਉੱਦਮ ਕੀਤਾ ਹੈ। ਉਸ ਨੂੰ ਬਹੁਤ ਹੀ ਵਧੀਆ ਹੁੰਗਾਰਾ ਮਿਲਿਆ ਹੈ। ਪਿਛਲੇ ਕੁਝ ਸਮੇਂ ਤੋਂ ਉਹਨੇ ਥਰੀ ਡਿਮੈਂਸ਼ਨਲ ਮੂਵੀ, ਸੀ। ਡੀ। ਰਾਹੀਂ ਪਹਿਲਾਂ "ਬੋਲੇ ਸੋ ਨਿਹਾਲ", ਜਿਸ ਵਿੱਚ ਮੁੱਢ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਹੈ। ਹੁਣ ਅੱਜ ਕੱਲ ਇੱਕ ਹੋਰ ਪ੍ਰੋਜੈਕਟ ਗੁਰੂ ਗ੍ਰੰਥ ਸਾਹਿਬ ਦੇ ਚਾਰ ਸੌ ਸਾਲਾਂ ਦੇ ਮੌਕੇ ’ਤੇ ਵੱਖ-ਵੱਖ ਸ਼ਹਿਰਾਂ ਵਿੱਚ ਆਪਣੇ ਸ਼ੋਆਂ ਰਾਹੀਂ ਬਹੁਤ ਹੀ ਵਿਲੱਖਣ ਢੰਗ ਨਾਲ ਦਿਖਾਈ ਜਾ ਰਹੀ ਹੈ ਤੇ 23 ਅਤੇ 25 ਸਤੰਬਰ ਨੂੰ ਇਸ ਸ਼ਹਿਰ ਕੈਲਗਰੀ ਵਿੱਚ ਵੀ ਦਿਖਾਉਣ ਜਾ ਰਹੇ ਹਨ। ਮੈਂ ਉਨ੍ਹਾਂ ਸਾਰਿਆਂ ਲੋਕਾਂ ਨੂੰ ਅਪੀਲ ਕਰਦਾ ਹਾਂ, ਜਿਨ੍ਹਾਂ ਨੂੰ ਪੰਜਾਬ, ਪੰਜਾਬੀਅਤ, ਸਿੱਖ ਧਰਮ ਅਤੇ ਇਤਿਹਾਸ ਨਾਲ ਪਿਆਰ ਹੈ ਜਾਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਹਨ। ਖ਼ਾਸ ਕਰਕੇ ਇੱਥੋਂ ਦੀ ਨਵੀਂ ਪੀੜ੍ਹੀ ਨੂੰ ਦੇਖਣ ਲਈ ਉਤਸ਼ਾਹਿਤ ਕਰੀਏ ਤਾਂ ਬਹੁਤ ਲਾਹੇਵੰਦ ਸਾਬਤ ਹੋ ਸਕਦਾ ਹੈ। ਮੇਰੇ ਖ਼ਿਆਲ ਵਿੱਚ ਇਹ ਇੱਕ ਵਧੀਆ ਕਦਮ ਹੋਵੇਗਾ ਤੇ ਹੋਰ ਵੀ ਜੋ ਲੋਕ ਆਪਣੇ ਸੱਭਿਆਚਾਰ, ਧਰਮ, ਇਤਿਹਾਸ ਨੂੰ ਸਾਂਭਣ ਦਾ ਕਿਸੇ ਵੀ ਵਿਧੀ ਰਾਹੀਂ ਯਤਨ ਕਰ ਰਹੇ ਹਨ, ਸ਼ਲਾਘਾਯੋਗ ਉੱਦਮ ਹੈ। ਸਾਨੂੰ ਸਾਰਿਆਂ ਨੂੰ ਹੀ ਇੱਧਰ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੂੰ ਹੌਸਲਾ ਦੇਈਏ, ਇਸ ਤੋਂ ਵੀ ਵਧੀਆ ਕੰਮ ਕਰਨ ਲਈ। ਉਨ੍ਹਾਂ ਕੋਲੋਂ ਰਹਿ ਗਈਆਂ ਘਾਟਾਂ ਦੀ ਉਸਾਰੂ ਢੰਗ ਨਾਲ ਆਲੋਚਨਾ ਕਰੀਏ ਤਾਂ ਕਿ ਉਹ ਹੋਰ ਜੋਸ਼ ਅਤੇ ਉਤਸ਼ਾਹ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਕਰ ਸਕਣ।

? ਤੁਸੀਂ ਗੱਲ ਕਰ ਰਹੇ ਸੀ ਆਪਣੇ ਲੜਕੇ ਗੁਰਬਖ਼ਸ਼ ਸਿੰਘ ਲਾਟਾ ਦੀ, ਕੀ ਉਹ ਵੀ ਨਾਟਕਕਾਰ ਹੈ? ਉਹ ਇਸ ਪਾਸੇ ਕਿਵੇਂ ਆਇਆ?

: ਨਹੀਂ ਜੀ! ਉਹ ਨਾਟਕਕਾਰ ਤਾਂ ਨਹੀਂ, ਪਰ ਉਸ ਨੂੰ ਕਾਫੀ ਸ਼ੌਕ ਹੈ ਇਸ ਕਲਾ ਨਾਲ। ਗੱਲ ਇਸ ਤਰ੍ਹਾਂ ਹੋਈ ਕਿ 1972 ਵਿੱਚ ਅਸੀਂ ਰਾਣੀ ਜਿੰਦਾਂ ਨਾਟਕ ਲੈ ਕੇ ਇੱਧਰ ਕੈਨੇਡਾ ਆਏ ਤੇ ਵੱਖ-ਵੱਖ ਸ਼ਹਿਰਾਂ ਵਿੱਚ ਸ਼ੋਅ ਕਰ ਰਹੇ ਸੀ ਤਾਂ ਗੁਰਬਖਸ਼ ਸਿੰਘ ਟਰੰਟੋ ਯੂਨੀਵਰਸਿਟੀ ਵਿੱਚ ਇਲੈਕਟਰੌਨਿਕ ਦੀ ਇੰਜੀਨੀਅਰਿੰਗ ਕਰ ਰਿਹਾ ਸੀ। ਉਹ ਆਪਣੀ ਡਿਗਰੀ ਦੇ ਆਖਰੀ ਸਾਲ ਵਿੱਚ ਸੀ, ਜਦੋਂ ਅਸੀਂ ਨਾਟਕ ਖੇਡ ਰਹੇ ਸੀ। ਉਹ ਸਾਨੂੰ ਇੱਧਰ-ਉੱਧਰ ਲੈ ਕੇ ਜਾਂਦਾ ਤੇ ਸਾਡੀ ਹਰ ਤਰ੍ਹਾਂ ਦੀ ਸਾਡੀ ਮੱਦਦ ਕਰਦਾ। ਇਹ ਕੁਝ ਕਰਦਾ ਉਹ ਏਨਾ ਪ੍ਰਭਾਵਤ ਹੋਇਆ ਕਿ ਆਖਰੀ ਸਾਲ ਵਿੱਚ ਹੀ ਛੱਡ ਸਾਡੇ ਨਾਲ ਹੋ ਤੁਰਿਆ। ਫੇਰ ਅਸੀਂ ਉਸ ਨੂੰ ਕਿਹਾ ਕਿ ਜੇਕਰ ਤੇਰੀ ਏਨੀ ਹੀ ਦਿਲਚਸਪੀ ਹੈ ਤਾਂ ਤੂੰ ਫ਼ਿਲਮ ਵਾਰੇ ਕੁਝ ਗਿਆਨ ਪ੍ਰਾਪਤ ਕਰ। ਉਸਨੇ ਨਿਊਯਾਰਕ ਤੋਂ ਫ਼ਿਲਮ ਮੇਕਿੰਗ ਦੀ ਟ੍ਰੇਨਿੰਗ ਲਈ। ਉਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਧਾਰਮਿਕ ਤੇ ਇਤਿਹਾਸਕ ਫਿਲਮਾਂ ਬਣਾਉਣ ਵੱਲ ਹੋ ਗਿਆ। ਅਸੀਂ ਮਹਾਰਾਜਾ ਰਣਜੀਤ ਸਿੰਘ (ਸ਼ੇਰੇ ਪੰਜਾਬ) ਦੇ ਦੋ ਸੌ ਸਾਲਾ ’ਤੇ ਇੱਧਰ ਵੱਖ-ਵੱਖ ਸ਼ਹਿਰਾਂ ਵਿੱਚ ਸ਼ੋਅ ਕੀਤੇ। ਉਸ ਤੋਂ ਬਾਅਦ "ਬੋਲੇ ਸੌ ਨਿਹਾਲ" ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1947 ਤੱਕ ਦੇ ਸਿੱਖ ਇਤਿਹਾਸ ਨੂੰ ਫਿਲਮਾਇਆ। ਇਸ ਨੂੰ ਦੁਨੀਆਂ ਭਰ ਵਿੱਚ ਬਹੁਤ ਹੀ ਵਧੀਆ ਹੁੰਗਾਰਾ ਮਿਲਿਆ। ਉਸ ਤੋਂ ਬਾਅਦ ਹੁਣ ਉਹਨੇ ਗੁਰੂ ਗ੍ਰੰਥ ਸਾਹਿਬ ਦੇ 400 ਸਾਲਾ ਪ੍ਰਕਾਸ਼ ਉਸਤਵ ਤੇ "ਗੁਰੂ ਮਾਨਿਓ ਗ੍ਰੰਥ" ਦਾ ਪ੍ਰੋਜੈਕਟ ਲਿਆਂਦਾ ਹੈ। ਜਿਸਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਵਧੀਆ ਹੁੰਗਾਰਾ ਮਿਲ ਰਿਹਾ ਹੈ।

? ਸ੍ਰ ਹਰਚਰਨ ਸਿੰਘ ਜੀ, ਮੇਰਾ ਖ਼ਿਆਲ ਹੈ ਕਿ ਤੁਸੀਂ ਪੰਜਾਬੀ ਸਾਹਿਤ ਦੀ ਦੁਨੀਆਂ ਵਿੱਚ ਬਹੁਤ ਲੰਬਾ ਸਮਾਂ ਸੇਵਾ ਕੀਤੀ ਹੈ, ਤੁਸੀਂ ਕਿਹੜੀਆਂ ਕਿਹੜੀਆਂ ਪੁਜ਼ੀਸ਼ਨਾਂ ’ਤੇ ਰਹੇ ਤੇ ਕਦੋਂ ਰੀਟਾਇਡ ਹੋਏ ਹੋ?

: ਪਹਿਲਾਂ 1947 ਤੱਕ ਖਾਲਸਾ ਕਾਲਜ ਫਾਰ ਵੋਮੈਨ, ਲਾਹੌਰ ਪੜ੍ਹਾਇਆ। 1947 ਵਿੱਚ ਦਿੱਲੀ ਆ ਗਏ। ਦਿੱਲੀ ਆ ਕੇ ਵੀ ਪਹਿਲਾਂ ਉਹੀ ਆਪਣਾ ਹੀ ਕਾਲਜ ਖੋਲ੍ਹਿਆ। ਫੇਰ ਕੁਝ ਸਾਲਾਂ ਬਾਅਦ ਮੈਂ ਕੈਂਪ ਕਾਲਜ ਵਿੱਚ ਚਲਾ ਗਿਆ। ਜਦੋਂ ਦਿੱਲੀ ਯੂਨੀਵਰਸਿਟੀ ਨੇ ਐਮ। ਏ। ਪੰਜਾਬੀ ਕੈਂਪ ਕਾਲਜ ਤੋਂ ਲੈ ਲਈ ਤਾਂ ਮੈਂ ਵੀ ਦਿੱਲੀ ਯੂਨੀਵਰਸਿਟੀ ਚਲਾ ਗਿਆ। ਦਿੱਲੀ ਯੂਨੀਵਰਸਿਟੀ ਤੋਂ ਸੁਰਿੰਦਰ ਸਿੰਘ ਕੋਹਲੀ ਪੰਜਾਬ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਬਣ ਕੇ ਚਲਾ ਗਿਆ। ਉਸਦੀ ਜਗ੍ਹਾ ਮੈਂ ਰੀਡਰ ਹੈੱਡ ਲੱਗ ਗਿਆ। ਫੇਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬੀ ਦੀ ਐਮ। ਏ। ਸ਼ੁਰੂ ਹੋ ਗਈ ਤਾਂ ਮੈਨੂੰ ਪੰਜਾਬੀ ਯੂਨੀਵਰਸਿਟੀ ਨੇ ਹੈੱਡ ਆਫ ਪੰਜਾਬੀ ਡੀਪਾਰਟਮੈਂਟ ਲਾ ਦਿੱਤਾ। ਇੱਥੇ ਮੈਂ 1966 ਤੋਂ 1976 ਤੱਕ ਰਿਹਾ ਤੇ ਇੱਥੋਂ ਰੀਟਾਇਰ ਹੋਇਆ।

ਫੇਰ ਮੈਂ ਚੰਡੀਗੜ੍ਹ ਆ ਗਿਆ ਤਾਂ ਆਪਣਾ ਰੰਗ ਮੰਚ ਦਾ ਕੰਮ ਉਸੇ ਤਰ੍ਹਾਂ ਜਾਰੀ ਰੱਖਿਆ। ਮਹਿੰਦਰ ਸਿੰਘ ਰੰਧਾਵਾ ਨੇ ਮੈਨੂੰ ਪੰਜਾਬ ਆਰਟ ਕੌਂਸਲ ਦਾ ਕੰਮ ਸੰਭਾਲ ਦਿੱਤਾ। ਰੰਧਾਵਾ ਸਾਹਿਬ ਦੀ ਮੌਤ ਤੋਂ ਬਾਅਦ ਤਿੰਨ ਸਾਲ ਤੱਕ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਦੇ ਅਹੁਦੇ ’ਤੇ ਰਿਹਾ। ਅੱਜ ਵੀ ਲਿਖਣਾ ਪੜ੍ਹਨਾ ਉਤੇ ਤਰ੍ਹਾਂ ਜਾਰੀ ਹੈ।

? ਅੱਜ ਕੱਲ ਕੀ ਲਿਖ ਰਹੇ ਹੋ?

: ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਬਾਬਾ ਫਰੀਦ ਜੀ ਬਾਰੇ, ਫਰੀਦ ਜੀ ਸਾਡੇ ਮੋਢੀ ਹਨ ਪੰਜਾਬੀ ਕਲਚਰ ਦੇ। ਸੋ ਮੈਂ ਡਰਾਮਾ ਲਿਖਿਆ ਹੈ "ਲਹਿੰਦੇ ਦਾ ਨੂਰ"। ਇਹ ਡਰਾਮਾ ਬਾਬਾ ਫਰੀਦ ਜੀ ਬਾਰੇ ਹੈ, ਛਪ ਚੁੱਕਾ ਹੈ। ਲਿਖਣ ਦਾ ਕੰਮ ਲਗਾਤਾਰ ਜਾਰੀ ਹੈ, ਜਦੋਂ ਮੈਂ ਕੁਝ ਲਿਖ ਲੈਂਦਾ ਹਾਂ, ਮੈਨੂੰ ਲੱਗਦਾ ਹੈ ਕਿ ਇਸ ਵਿੱਚ ਅਜੇ ਵਧੀਆ ਲਿਖਣ ਵਾਲਾ ਕੁਝ ਰਹਿੰਦਾ ਹੈ। ਇਸੇ ਕਰਕੇ ਮੈਂ ਇੱਕ ਹੋਰ ਡਰਾਮਾ, ਜਿਸਦੀ ਆਊਟ ਲਾਈਨ ਮੈਂ ਲਿਖ ਲਈ ਹੈ, ਮੈਂ ਚਾਹੁੰਦਾ ਹਾਂ ਇਹ ਇੱਕ ਲਾ-ਜਵਾਬ ਰਚਨਾ ਹੋਵੇ; ਜਿਸ ਵਿੱਚੋਂ ਪੰਜਾਬ ਦੀ ਰੂਹ ਦਿਸਦੀ ਹੋਵੇ। ਸਮਾਜਿਕ ਕਲਚਰ ਇਤਿਹਾਸਕ ਸਭ ਕੁਝ ਉਸ ਵਿੱਚ ਹੋਵੇਗਾ। ਉਹਦਾ ਨਾਂ ਮੈਂ ਅਜੇ ਰੱਖਣਾ ਹੈ। ਮੈਂ ਚਾਹੁੰਦਾ ਹਾਂ ਕਿ ਇਹ ਮੇਰੀ ਸ਼ਾਹਕਾਰ ਰਚਨਾ ਹੋਵੇ।

? ਤੁਹਾਡੇ ਇਸ ਜਵਾਬ ਨੇ ਮੇਰੇ ਦਿਮਾਗ ਵਿੱਚ ਇੱਕ ਹੋਰ ਸਵਾਲ ਪੈਦਾ ਕਰ ਦਿੱਤਾ ਹੈ ਕਿ ਕੀ ਤੁਸੀਂ ਆਪਣੇ ਪਹਿਲੇ ਲਿਖੇ ਡਰਾਮਿਆਂ ਵਿੱਚੋਂ ਅਜੇ ਕਿਸੇ ਨੂੰ ਸ਼ਾਹਕਾਰ ਰਚਨਾ ਨਹੀਂ ਮੰਨਦੇ। ਜਿਸ ਤਰ੍ਹਾਂ ਚਮਕੌਰ ਦੀ ਗੜ੍ਹੀ, ਹਿੰਦ ਦੀ ਚਾਦਰ, ਰਾਣੀ ਜਿੰਦਾਂ, ਰੱਤਾ ਸਾਲੂ, ਸੋਭਾ ਸ਼ਕਤੀ ਅਦਿ ਮੇਰੇ ਖ਼ਿਆਲ ਵਿੱਚ ਬਹੁਤ ਵਧੀਆ ਨਾਟਕ ਹਨ?

: ਹਾਂ, ਬੇਸ਼ੱਕ ਇਹ ਡਰਾਮੇ ਮੈਂ ਆਪਣੇ ਦਿਲ ਤੋਂ, ਰੂਹ ਤੋਂ ਪੂਰੀ ਕੋਸ਼ਿਸ਼ ਕਰਕੇ ਵਧੀਆ ਡਰਾਮੇ ਰਚੇ ਹਨ। ਬਹੁਤ ਲੰਬਾ ਸਮਾਂ ਇਨ੍ਹਾਂ ਨੂੰ ਵੱਖ-ਵੱਖ ਸ਼ਹਿਰਾਂ ਵਿੱਚ ਖੇਡਿਆ ਅਤੇ ਖਿਡਾਇਆ ਵੀ ਗਿਆ। ਚਮਕੌਰ ਦੀ ਗੜ੍ਹੀ ਤਾਂ ਪੂਰੇ 37 ਸਾਲ ਖੇਡਿਆ ਗਿਆ। ਹਿੰਦ ਦੀ ਚਾਦਰ ਲਗਾਤਾਰ 6 ਮਹੀਨੇ ਖੇਡਣ ਦਾ ਰੀਕਾਰਡ ਹੈ। 1975 ਵਿੱਚ ਗੁਰੂ ਤੇਗ ਬਹਾਦਰ ਜੀ ਦਾ 300 ਸਾਲਾ ਸ਼ਹੀਦੀ ਦਿਵਸ ਮਨਾਇਆ ਸੀ। ਰਾਣੀ ਜਿੰਦਾਂ ਵੀ ਅਸੀਂ ਪੰਜਾਬ ਤੋਂ ਬਾਹਰ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਖੇਡਿਆ। ਫੇਰ ਵੀ ਮੈਂ ਇੱਕ ਡਰਾਮਾ ਲਿਖਿਆ ਸੀ, ਉਹ ਵੀ ਇਤਿਹਾਸਕ ਡਰਾਮਾ ਸੀ ਜਿਸਦਾ ਨਾਂ "ਮਹਾਰਾਜ ਸਿੰਘ" ਇਹ ਇੱਕ ਸੰਸਥਾ ਸੀ, ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਇਸ ਇਤਿਹਾਸਕ ਘਟਨਾ ਬਾਰੇ। ਦੂਸਰੀ ਗੱਲ ਡਰਾਮਾ ਤਾਂ ਹੁੰਦਾ ਹੀ ਕਰੈਕਟਰ ਦੇ ਸਿਰ ਤੇ ਹੈ, ਜਿੰਨਾ ਤਕੜਾ ਕਰੈਕਟਰ ਹੋਵੇਗਾ, ਉੰਨਾ ਹੀ ਸਫਲ ਡਰਾਮਾ ਹੋਵੇਗਾ। ਇਸ ਕਰਕੇ ਇਸ ਡਰਾਮੇ ਦਾ ਕਰੈਕਟਰ ਤੇ ਉਸਦੀ ਕੋਸ਼ਿਸ਼ ਨਵਾਂ ਇਤਿਹਾਸ ਸਿਰਜਣ ਦੀ। ਇਸ ਤਰ੍ਹਾਂ ਹੈ ਕਿ ਸਤਲੁਜ ਦੇ ਕੰਢੇ ਇੱਕ ਸੰਸਥਾ ਸੀ। ਉਸਦਾ ਲੀਡਰ ਸੀ ਵੀਰ ਸਿੰਘ ਕਰਨੀਵਾਲਾ। ਉਹਦੇ ਡੇਰੇ ਤੇ 26,000 ਸਿੰਘਾਂ ਦੀ ਫੌਜ ਹਰ ਵੇਲੇ ਤਿਆਰ ਪੁਰ ਤਿਆਰ ਰਹਿੰਦੀ ਸੀ। ਗੱਲ ਇਸ ਤਰ੍ਹਾਂ ਹੋਈ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕਾਫੀ ਕਤਲੋਗਾਰਦ ਹੋਈ। ਡੋਗਰਿਆਂ ਨੇ ਸਿੱਖ ਰਾਜ ਨੂੰ ਖੇਰੂੰ-ਖੇਰੂੰ ਕਰ ਦਿੱਤਾ। ਜਦੋਂ ਸੰਧਾਵਾਲੀਆ ਨੇ ਸ਼ੇਰ ਸਿੰਘ ਨੂੰ ਮਾਰ ਦਿੱਤਾ, ਧਿਆਨ ਸਿੰਘ ਨੂੰ ਵੀ ਮਾਰ ਦਿੱਤਾ ਤਾਂ ਸੰਧਾਵਾਲੀਏ ਇਸ ਡੇਰੇ ਤੇ ਆ ਕੇ ਲੁਕ ਗਏ। ਧਿਆਨ ਸਿੰਘ ਦੇ ਮੁੰਡੇ ਨੇ ਸੋਚਿਆ ਕਿ ਇਹ ਡੇਰਾ ਕਿਸੇ ਵੇਲੇ ਹਾਵੀ ਹੋ ਸਕਦਾ। ਉਸਨੇ ਅੰਗਰੇਜ਼ਾਂ ਦੀ ਮੱਦਦ ਨਾਲ ਡੇਰਾ ਮਲੀਆਮੇਟ ਕਰ ਦਿੱਤਾ। ਉਸ ਡੇਰੇ ਦਾ ਇੱਕ ਸੇਵਕ ਜਿਸਦਾ ਅਸਲੀ ਨਾਂ ਸੰਤੋਖ ਸਿੰਘ ਸੀ; ਉਸ ਨੂੰ ਮਹਾਰਾਜ ਸਿੰਘ ਕਹਿੰਦੇ ਸਨ, ਕਿਉਂਕਿ ਜਦੋਂ ਉਹ ਲੰਗਰ ਵਿੱਚ ਸੇਵਾ ਕਰਿਆ ਕਰਦਾ ਸੀ ਤਾਂ ‘ਮਹਾਰਾਜ’ ਮੂੰਹੋਂ ਉਚਾਰਦਾ ਹੁੰਦਾ ਸੀ। ਮਹਾਰਾਜ ਪ੍ਰਸ਼ਾਦ ਜੀ, ਮਹਾਰਾਜ ਦਾਲ ਜੀ, ਮਹਾਰਾਜ ਜਲ ਜੀ ਆਦਿ ਕਰਕੇ ਮਹਾਰਾਜ ਸਿੰਘ ਹੀ ਪ੍ਰਚੱਲਤ ਹੋ ਗਿਆ। ਉਹ ਕਿਸੇ ਨਾ ਕਿਸੇ ਤਰ੍ਹਾਂ ਉਸ ਤਬਾਹੀ ਵਿੱਚੋਂ ਬਚ ਗਿਆ ਤਾਂ ਉਸਨੇ ਸਵਾਹ ਹੋ ਚੁੱਕੇ ਡੇਰੇ ਦੀ ਸਵਾਹ ਚੁੱਕ ਕੇ ਆਪਣੇ ਮੱਥੇ ਨੂੰ ਲਾਈ ਤੇ ਅਕਾਲ ਤਖ਼ਤ ਜਾ ਸਹੁੰ ਖਾਧੀ; ਮੈਂ ਇਸਦਾ ਬਦਲਾ ਜ਼ਰੂਰ ਲਵਾਂਗਾ। ਕਿਉਂਕਿ ਉੱਥੇ ਅੰਗਰੇਜ਼ ਥੋਖੇ ਨਾਲ ਕਾਬਜ਼ ਹੋ ਗਏ ਸਨ।

ਉਸਨੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਤੇ ਤਹਿਲਕਾ ਮਚਾ ਦਿੱਤਾ। ਜਿਹੜਾ ਗਦਰ 1857 ਵਿੱਚ ਹੋਇਆ; ਉਹੀ ਗਦਰ 21 ਫਰਵਰੀ 1851 ਵਿੱਚ ਕਰਨ ਦਾ ਮੁਕਰਰ 6 ਸਾਲ ਪਹਿਲਾਂ ਸੀ। ਪਰ ਇੱਕ ਮੁਸਲਮਾਨ ਸੂਬੇਦਾਰ ਦੀ ਗਦਾਰੀ ਕਾਰਨ ਮਹਾਰਾਜ ਸਿੰਘ ਨੂੰ ਫੜਾ ਦਿੱਤਾ। ਨਹੀਂ ਤਾਂ ਪੰਜਾਬ ਦੇ ਇਤਿਹਾਸ ਦੀ ਰੂਪ ਰੇਖਾ ਹੀ ਹੋਰ ਹੋਣੀ ਸੀ। 1857 ਦੇ ਗਦਰ ਤੋਂ ਪਹਿਲਾਂ ਉਸਨੇ ਅੰਗਰੇਜ਼ਾਂ ਦਾ ਤਖਤਾ ਪਲਟ ਦੇਣਾ ਸੀ। ਇਸ ਨੂੰ ਮੈਂ ਆਪਣੀ ਸ਼ਾਹਕਾਰ ਰਚਨਾ ਕਹਾਂਗਾ। ਜਿਸ ਤਰ੍ਹਾਂ ਰਾਣੀ ਜਿੰਦਾਂ ਲੇਡੀ ਕਰੈਕਟਰ ਹੈ, ਇਹ ਮਰਦ ਕਰੈਕਟਰ ਹੈ ਤੇ ਬਹੁਤ ਹੀ ਜ਼ਬਰਦਸਤ ਕਰੈਕਟਰ ਹੈ। ਇਹ ਡਰਾਮਾ ਹਾਲੇ ਤੱਕ ਲਿਖਿਆਂ ਡਰਾਮਿਆਂ ਵਿੱਚੋਂ ਮੈਨੂੰ ਕਾਫੀ ਤਸੱਲੀ ਦਿੰਦਾ ਹੈ।

? ਹਰਚਰਨ ਸਿੰਘ ਜੀ, ਆਪਣੇ ਬੱਚਿਆਂ ਬਾਰੇ ਕੁਝ ਦੱਸੋਗੇ ਕਿ ਉਨ੍ਹਾਂ ਵਿੱਚੋਂ ਵੀ ਕਿਸੇ ਨੇ ਸਾਹਿਤ ਵੱਲ ਜਾਣ ਜਾਂ ਤੁਹਾਡਾ ਅਸਰ ਕਬੂਲਿਆ ਹੈ?

: ਮੇਰੇ ਤਿੰਨ ਲੜਕੀਆਂ ਤੇ ਦੋ ਲੜਕੇ ਹਨ। ਉਨ੍ਹਾਂ ਵਿੱਚੋਂ ਵੱਡਾ ਅਮਰਜੀਤ ਸਿੰਘ ਹੈ, ਜੋ ਪੇਸ਼ੇ ਵਜੋਂ ਇੰਜੀਨੀਅਰ ਹੈ। ਉਹਨੇ ਇੰਡੀਆ ਤੋਂ ਭ ੰਚ ਕਰਕੇ ਇਲੈਕਟਰੌਨਿਕ ਇੰਜੀਨੀਅਰਿੰਗ ਵਿੱਚੋਂ ਫਸਟ ਡਵੀਜਨ ਲਈ। ਉਨ੍ਹਾਂ ਨੇ ਉਸ ਨੂੰ ਵਜੀਫਾ ਦਿੱਤਾ। ਇਸ ਕੋਲ ਚੁਆਇਸ ਸੀ ਕਿ ਪੜ੍ਹਾਈ ਕਰਨ ਲਈ ਜਪਾਨ ਜਾਂ ਜਰਮਨ ਚਲਾ ਜਾਵੇ। ਅਮਰਜੀਤ ਫਹ ਧਕਰ ਕੇ ਜਰਮਨ ਤੋਂ ਇੰਗਲੈਂਡ ਚਲਾ ਗਿਆ ਤੇ ਉੱਥੋਂ ਸਿੱਧਾ ਕਨੇਡਾ ਟਰੰਟੋ ਆ ਗਿਆ। ਇੱਥੇ ਹੁਣ ਉਹ ਅਟੌਮਿਕ ਐਨਰਜੀ ਵਿੱਚ ਇੰਜੀਨੀਅਰ ਹੈ। ਉਹਨੇ ਮੇਰਾ ਅਸਰ ਕਬੂਲਦੇ ਹੋਏ ਦੋ ਕਹਾਣੀ ਸੰਗ੍ਰਹਿ ਤੇ ਇੱਕ ਨਾਵਲ ਲਿਖਿਆ। ਉਹ ਆਪਣੇ ਕਿੱਤੇ ਦੇ ਨਾਲ-ਨਾਲ ਪੰਜਾਬੀ ਸਾਹਿਤ ਨਾਲ ਵੀ ਜੁੜਿਆ ਹੋਇਆ ਹੈ। ਇੱਕ ਲੜਕੀ ਜਸਬੀਰ ਕੌਰ ਹੈ, ਉਹ ਪੰਜਾਬੀ ਐਮ। ਫਿੱਲ ਕਰਕੇ ਚੰਡੀਗੜ੍ਹ ਪੜ੍ਹਾਉਂਦੀ ਸੀ ਤੇ ਹੁਣ ਅਮਰੀਕਾ ਡੈਲਵੇਅਰ ਵਿੱਚ ਰਹਿ ਰਹੀ ਹੈ। ਛੋਟੀ ਲੜਕੀ ਨੀਟਾ, ਜਗਜੀਤ ਸਿੰਘ ਵੈਦ ਨਾਲ ਵਿਆਹੀ ਹੋਈ ਹੈ ਤੇ ਇਸ ਸ਼ਹਿਰ ਕੈਲਗਰੀ ਵਿੱਚ ਰਹਿ ਰਹੀ ਹੈ। ਇੱਕ ਲੜਕੀ ਅੰਮ੍ਰਿਤ ਕੌਰ ਹੈ, ਉਹ ਫਿਲਾਡੈਲਫੀਆ ਵਿੱਚ ਪਰਿਵਾਰ ਸਮੇਤ ਰਹਿੰਦੀ ਹੈ। ਉਹ ਪੈਨਸਲਵੇਨੀਆ ਯੂਨੀਵਰਸਿਟੀ ਵਿੱਚ ਲੈਕਚਰਾਰ ਹੈ। ਸਭ ਤੋਂ ਛੋਟੇ ਲੜਕੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ। ਉਹ ਡਰਾਮਾ, ਫ਼ਿਲਮ, ਲਾਈਟ ਅਤੇ ਸਾਊਂਡ ਦਾ ਸੁਮੇਲ ਕਰਕੇ, ਜਿਸਨੂੰ ਸਾਇਟ ਐਂਡ ਸਾਊਂਡ ਦਾ ਨਾਂਓ ਦਿੱਤਾ ਗਿਆ ਹੈ, ਇੱਧਰ ਸਰਗਰਮ ਹੈ। ਕਿਸੇ ਦਿਨ ਫ਼ਿਲਮ ਵੀ ਬਣਾਏਗਾ। ਉਹ ਸਾਇਟ ਐਂਡ ਸਾਊਂਡ ਤੇ ਪਹਿਲਾਂ "ਬੋਲੇ ਸੋ ਨਿਹਾਲ" ਫੇਰ "ਸ਼ੇਰੇ ਪੰਜਾਬ" ਤੇ ਹੁਣ "ਗੁਰੂ ਮਾਨਿਓ ਗ੍ਰੰਥ" ਦਾ ਪ੍ਰੋਜੈਕਟ ਲੈ ਕੇ ਨੌਰਥ ਅਮਰੀਕਾ ਦੇ ਸਾਰੇ ਸ਼ਹਿਰਾਂ ਵਿੱਚ ਸ਼ੋਅ ਕਰ ਰਿਹਾ ਹੈ। ਸੋ ਮੈਂ ਬਹੁਤ ਖੁਸ਼ ਹਾਂ। ਮੇਰੇ ਬੱਚਿਆਂ ਨੇ ਮੇਰੇ ਕੀਤੇ ਕੰਮ ਨੂੰ ਸਾਂਭਣ ਦਾ ਉਪਰਾਲਾ ਕੀਤਾ ਹੈ ਤੇ ਨਾਲ-ਨਾਲ ਆਪਣੇ ਜੀਵਨ ਵਿੱਚ ਵੀ ਪੂਰੀ ਤਰ੍ਹਾਂ ਸੰਤੁਸ਼ਟ ਤੇ ਖੁਸ਼ ਹਨ।

? ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਨਾਂ ਕੋਈ ਸੁਨੇਹਾ?

: ਸੁਨੇਹਾ ਤਾਂ ਬੱਸ ਇਹੋ ਹੀ ਹੈ ਕਿ ਕੌਮ ਨੂੰ ਜਿਉਂਦਾ ਰੱਖਣ ਲਈ, ਆਪਣੀ ਪਹਿਚਾਣ ਬਣਾਈ ਰੱਖਣ ਲਈ, ਮਾਂ-ਬੋਲੀ ਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਮੈਂ ਇੱਧਰ ਵਸਦੇ ਪੰਜਾਬੀਆਂ ਨੂੰ ਇਹੋ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨਾਲ ਪੰਜਾਬੀ ਬੋਲੋ ਤੇ ਜਦੋਂ ਕਿਧਰੇ ਤੁਹਾਡਾ ਟਾਈਮ ਲੱਗੇ ਇਨ੍ਹਾਂ ਨੂੰ ਪੰਜਾਬ ਜ਼ਰੂਰ ਲੈ ਕੇ ਜਾਓ। ਆਪਣੇ ਸ਼ਾਨਾਮੱਤੇ ਇਤਿਹਾਸ ਤੋਂ ਵਾਕਿਫ ਕਰਾਓ। ਇੱਥੇ ਦੱਸਣ ਜਾਂ ਪੜ੍ਹਾਉਣ ਦੇ ਨਾਲ-ਨਾਲ ਜੇਕਰ ਇਹ ਆਪ ਜਾ ਕੇ ਹਰਿਮੰਦਰ ਸਾਹਿਬ, ਜਲ੍ਹਿਆਂ ਵਾਲਾ ਬਾਗ਼, ਚਮਕੌਰ ਦੀ ਗੜ੍ਹੀ, ਸਰਹੰਦ ਦੀਆਂ ਕੰਧਾਂ ਦੇਖਣਗੇ, ਇਨ੍ਹਾਂ ਅੰਦਰ ਆਪਣਾ ਵਿਰਸਾ ਜਾਨਣ ਦੀ ਚਾਹਨਾ ਜਾਗੇਗੀ। ਫੇਰ ਸਾਨੂੰ ਇਹ ਸਵਾਲ ਪੁੱਛਣਗੇ, ਸਾਡੇ ਜਵਾਬ ਇਨ੍ਹਾਂ ਵਿੱਚ ਆਪਣਾ ਇਤਿਹਾਸ ਕਲਚਰ ਤੇ ਬੋਲੀ ਜਾਨਣ ਦਾ ਉਤਸ਼ਾਹ ਪੈਦਾ ਕਰਨਗੇ। ਇਹ ਅੱਜ ਦੀ ਬਹੁਤ ਵੱਡੀ ਸਮੱਸਿਆ ਹੈ ਕਿ ਅਸੀਂ ਲੋਕ ਆਪਣੇ ਘਰਾਂ ਵਿੱਚ ਬੱਚਿਆਂ ਨਾਲ ਇੰਗਲਿਸ਼ ਬੋਲਦੇ ਹਾਂ। ਪੰਜਾਬੀ ਨਾ ਬੋਲਣਾ, ਆਪਣੇ ਕਲਚਰ ਬਾਰੇ ਨਾ ਦੱਸਣਾ, ਇਨ੍ਹਾਂ ਵਿੱਚ ਹੀਣ ਭਾਵਨਾ ਪੈਦਾ ਕਰਦਾ ਹੈ। ਸਾਨੂੰ ਤਾਂ ਸਗੋਂ ਲੋੜ ਹੈ ਇਹ ਦੱਸਣ ਦੀ ਕਿ ਸਾਨੂੰ ਆਪਣੇ ਆਪ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਅਸੀਂ ਕੌਣ ਹਾਂ ਤੇ ਕਿਉਂ ਹਾਂ। ਜੇਕਰ ਅੱਜ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਮਾਂ-ਬੋਲੀ ਤੋਂ ਦੂਰ ਜਾਣ ਦਿੱਤਾ ਤਾਂ ਮਿਲੀਅਨ ਬਿਲੀਅਨ ਡਾਲਰਾਂ ਦੇ ਗੁਰੂ ਘਰਾਂ ਵਿੱਚ ਕੌਣ ਜਾਵੇਗਾ। ਸੋ ਅੱਜ ਲੋੜ ਹੋਰ ਗੁਰੂ ਘਰ ਬਣਾਉਣ ਦੀ ਨਹੀਂ ਸਗੋਂ ਸਹੀ ਜਾਣਕਾਰੀ ਦੇਣ ਲੋੜ ਹੈ। ਸਿੱਖ ਧਰਮ ਜੋ ਦੁਨੀਆਂ ਦਾ ਸਭ ਤੋਂ ਸਰਬੋਤਮ ਧਰਮ ਹੈ, ਉਹਦੇ ਸਹੀ ਪ੍ਰਚਾਰ ਦੀ ਲੋੜ ਹੈ। ਮੈਂ ਆਸ ਕਰਦਾ ਹਾਂ ਕਿ ਜੇਕਰ ਸਾਰੇ ਮਾਂ-ਪਿਉ ਆਪਣੇ ਬੱਚਿਆਂ ਨੂੰ ਇੱਧਰ ਜੋੜਨ ਤਾਂ ਜ਼ਰੂਰ ਅਸੀਂ ਕਾਮਯਾਬ ਹੋਵਾਂਗੇ। ਨਹੀਂ ਤਾਂ ਫੇਰ ਨਾ ਘਰ ਦੇ ਤੇ ਨਾ ਘਾਟ ਦੇ ਵਾਲੀ ਗੱਲ ਹੋਵੇਗੀ।

*******

(10 ਅਪਰੈਲ 2008 ਚਾਤ੍ਰਿਕ ਯੂਨੀਕੋਡ

ਸਤਨਾਮ ਸਿੰਘ ਢਾਹ ਦੀਆਂ ਲਿਖਾਰੀ ਵਿੱਚ ਛਪੀਆਂ ਸਾਰੀਆਂ ਲਿਖਤਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.