ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 01 ਜਨਵਰੀ, 2009

   ਮੁੱਖਪੰਨਾ

             ਲੇਖ/ਖੋਜ/ਆਲੋਚਨਾ/ਰੀਵੀਊ/ਵਿਚਾਰ

likhari2001@yahoo.co.uk


ਸੁਰਿੰਦਰ ਸੋਹਲ

ਪੰਜਾਬੀ ਗ਼ਜ਼ਲ ਵਿਚ ਗੁਣਾਤਮਕ ਵਾਧਾ
ਸੁਖਵਿੰਦਰ ਅੰਮ੍ਰਿਤ ਦਾ ਗ਼ਜ਼ਲ-ਸੰਗ੍ਰਹਿ 'ਹਜ਼ਾਰ ਰੰਗਾਂ ਦੀ ਲਾਟ'


ਸੁਰਿੰਦਰ ਸੋਹਲ

ਆਧੁਨਿਕ ਬੋਧ ਦੀ ਪੰਜਾਬੀ ਗ਼ਜ਼ਲ ਸਿਰਜਣ ਵਿਚ ਸੁਖਵਿੰਦਰ ਅੰਮ੍ਰਿਤ ਇਕ ਚਰਚਿਤ ਨਾਂ ਹੈ। ਉਸ ਨੇ ਭਾਵੇਂ 'ਕਣੀਆਂ' ਅਤੇ 'ਧੁੱਪ ਦੀ ਚੁੰਨੀ' ਕਾਵਿ-ਸੰਗ੍ਰਹਿ ਵੀ ਰਚੇ ਹਨ, ਪਰ ਉਸਦੀ ਪਹਿਚਾਣ ਗ਼ਜ਼ਲ ਰਚਣ ਕਾਰਨ ਹੀ ਪਕੇਰੀ ਹੋਈ ਹੈ। ਉਸਦੇ ਤਿੰਨ ਗ਼ਜ਼ਲ-ਸੰਗ੍ਰਹਿ 'ਸੂਰਜ ਦੀ ਦਹਿਲੀਜ਼', 'ਚਿਰਾਗ਼ਾਂ ਦੀ ਡਾਰ' ਅਤੇ 'ਪੱਤਝੜ ਵਿਚ ਪੁੰਗਰਦੇ ਪੱਤੇ' ਪਹਿਲਾਂ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਪੰਜਾਬੀ ਗ਼ਜ਼ਲ ਵਿਚ ਗੁਣਾਤਮਕ ਵਾਧਾ ਕਰਨ ਵਿਚ ਸਹਾਈ ਸਿੱਧ ਹੋਏ ਹਨ। ਉਸਦਾ ਨਵਾਂ ਗ਼ਜ਼ਲ ਸੰਗ੍ਰਹਿ 'ਹਜ਼ਾਰ ਰੰਗਾਂ ਦੀ ਲਾਟ' ਵੀ ਪੰਜਾਬੀ ਪਾਠਕਾਂ ਦਾ ਧਿਆਨ ਖਿੱਚਣ ਵਿਚ ਕਾਮਯਾਬ ਹੋਇਆ ਹੈ।

ਇਸ ਗ਼ਜ਼ਲ-ਸੰਗ੍ਰਹਿ ਦਾ ਪਾਠ ਕਰਦਿਆਂ ਸੁਖਵਿੰਦਰ ਅੰਮ੍ਰਿਤ ਦੀ ਗ਼ਜ਼ਲ ਪ੍ਰਤੀ ਸੂਖਮ ਸੂਝ, ਸ਼ਿਅਰ ਕਹਿਣ ਵਿਚ ਮੁਹਾਰਤ, ਗ਼ਜ਼ਲ ਪ੍ਰਤੀ ਉਸਦੀ ਦ੍ਰਿੜਤਾ ਦੇ ਨਾਲ ਨਾਲ ਉਸ ਅੰਦਰ ਗ਼ਜ਼ਲ ਕਹਿਣ ਦੀ ਅਥਾਹ ਸਮੱਰਥਾ ਦੀ ਟੋਹ ਵੀ ਮਿਲਦੀ ਹੈ।

ਬਾਵਾ ਬਲਵੰਤ ਦਾ ਕਥਨ 'ਗ਼ਜ਼ਲ ਦੀ ਜਾਨ ਹੈ ਸੰਕੇਤ ਉਸਦਾ..' ਸੁਖਵਿੰਦਰ ਦੀਆਂ ਗ਼ਜ਼ਲਾਂ 'ਤੇ ਬਾਖ਼ੂਬੀ ਢੁੱਕਦਾ ਹੈ-

ਉਹਨਾਂ ਦੀ ਬਹਿਸ ਨਾ ਮੁੱਕੀ
ਮੈਂ ਆਪਣੀ ਗੱਲ ਮੁਕਾ ਦਿੱਤੀ।
ਹਨ੍ਹੇਰੇ ਦੇ ਸਫ਼ੇ 'ਤੇ ਚੰਨ ਦੀ
ਮੂਰਤ ਬਣਾ ਦਿੱਤੀ।

ਸੁਖਵਿੰਦਰ ਦੀ ਸ਼ਾਇਰੀ ਦਾ ਸਰੋਕਾਰ ਜ਼ਿੰਦਗੀ ਨਾਲ ਹੈ। ਉਹ ਇਕੋ ਇਸ਼ਾਰੇ ਨਾਲ ਵਿਖਾਵੇ ਅਤੇ ਯਥਾਰਥ ਦਾ ਬੋਧ ਪਾਠਕ ਨੂੰ ਕਰਵਾ ਦਿੰਦੀ ਹੈ-

ਇਹ ਵਿਰਸਾ ਕਿਸ ਨੂੰ ਕਹਿੰਦੇ ਨੇ
ਤੇ ਇਹ ਤਹਿਜ਼ੀਬ ਕੀ ਹੁੰਦੀ,
ਅਜਾਇਬ ਘਰ 'ਚ ਚਰਚਾ
ਕਰਦੀਆਂ ਸੀ ਚੁੰਨੀਆਂ ਇਕ ਦਿਨ।

ਜ਼ਿੰਦਗੀ ਦੇ ਕਰੂਰ ਯਥਾਰਥ 'ਤੇ ਝਾਤ ਪਾਉਂਦਾ ਇਹ ਸ਼ਿਅਰ ਪੜ੍ਹ ਕੇ ਪਾਠਕ ਪਹਿਲਾਂ ਸੋਚਦਾ ਹੈ, ਫਿਰ ਉਦਾਸ ਹੁੰਦਾ, ਫਿਰ ਪੱਥਰ ਬਣਦਾ ਹੈ ਤੇ ਮਗਰੋਂ ਬਰਫ਼ ਵਾਂਗ ਖੁਰਨ ਲੱਗ ਪੈਂਦਾ ਹੈ-

ਕਿਹਾ ਪੁੱਤਰ ਨੇ ਇਕ ਦਿਨ-
ਕਾਸ਼! ਮੈਂ ਰਾਜੇ ਦਾ ਪੁੱਤ ਹੁੰਦਾ,
ਪਿਤਾ ਹੱਸਿਆ, ਬਹੁਤ ਹੱਸਿਆ
ਤੇ ਫਿਰ ਪਥਰਾ ਗਿਆ ਆਖ਼ਿਰ।

ਨਿੱਜੀ ਦੁੱਖਾਂ-ਦਰਦਾਂ ਦੀਆਂ ਵਲਗਣਾਂ ਤੋਂ ਪਾਰ ਵਿਚਰਦੀ ਸੁਖਵਿੰਦਰ ਦੀ ਸ਼ਾਇਰੀ ਜਿੱਥੇ ਸਭਿਆਚਾਰਕ, ਸਮਾਜਿਕ ਕੀਮਤਾਂ ਦੇ ਮੁੱਲਹੀਣ ਹੋਣ ਦੀ ਨਿਸ਼ਾਨਦੇਹੀ ਕਰਦੀ ਹੈ, ਉੱਥੇ ਰਾਜਨੀਤਿਕ ਪੱਖ ਤੋਂ ਵੀ ਅਭਿੱਜ ਨਹੀਂ ਹੈ-

ਉਹਨਾਂ ਨੂੰ ਕੀ ਨਜ਼ਰ ਆਉਣੇ
ਬਿਖਰਦੇ ਆਲ੍ਹਣੇ ਸਾਡੇ,
ਜੋ ਇਕ ਕੁਰਸੀ ਲਈ
ਜੰਗਲ ਹੀ ਸਾਰਾ ਦਾਅ 'ਤੇ ਲਾਅ ਦਿੰਦੇ।

ਅਜਿਹੀ ਸਥਿਤੀ ਵਿਚ ਕੂੜ ਰਾਜਨੀਤੀ ਦਾ ਸ਼ਿਕਾਰ ਹੋਈ ਖਲਕਤ ਵਾਸਤੇ ਬੋਲ ਵੀ ਮੁੱਕ ਜਾਂਦੇ ਹਨ, ਜਿਹਨਾਂ ਨਾਲ ਦੁਖੀ ਖਲਕਤ ਨੂੰ ਵਰਾਇਆ ਜਾ ਸਕੇ-

ਚੁਫ਼ੇਰੇ ਅੱਗ ਮੱਚਦੀ ਸੀ
ਅਤੇ ਰੂਪੋਸ਼ ਸੀ ਪਾਣੀ
ਅਸੀਂ ਸਹਿਮੇ ਹੋਏ ਰੁੱਖਾਂ ਨੂੰ
ਕੀਕਣ ਹੌਸਲਾ ਦਿੰਦੇ।

ਇਸ ਤਰ੍ਹਾਂ ਦੇ ਮਾਨਵ-ਵਿਰੋਧੀ ਹਾਲਾਤ ਪੈਦਾ ਕਰਨ ਵਾਲੇ ਰਹਿਬਰਾਂ 'ਤੇ ਢੁਕਵਾਂ ਵਿਅੰਗ ਕਰਦੀ ਸੁਖਵਿੰਦਰ ਆਖਦੀ ਹੈ-

ਉਮੀਦਾਂ 'ਤੇ ਖਰੇ ਉੱਤਰੇ
ਬੜੇ ਹੀ ਮੋਅਤਬਰ ਸਾਡੇ
ਕਿਤੇ ਕੋਈ ਗੁਲ ਖਿਲਾ ਦਿੰਦੇ
ਕਿਤੇ ਕੋਈ ਚੰਨ ਚੜ੍ਹਾ ਦਿੰਦੇ।

ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਦੀ ਬਾਤ ਪਾਉਂਦੀ ਸ਼ਾਇਰਾ ਆਪਣੀ ਕਾਵਿ-ਸਿਰਜਣਾ ਦੀ ਗੱਲ ਵੀ ਅਛੋਪਲੇ ਜਿਹੇ ਕਰ ਜਾਂਦੀ ਹੈ-

ਕਦੇ ਮਰ ਮਰ ਕੇ ਬਣਦੀ ਹੈ
ਮਸਾਂ ਇਕ ਸਤਰ ਕਵਿਤਾ ਦੀ
ਕਦੇ ਇਉਂ ਉਤਰਦੀ ਹੈ
ਜਿਸ ਤਰ੍ਹਾਂ ਇਲਹਾਮ ਹੋ ਜਾਵੇ।

ਸੁਖਵਿੰਦਰ ਦੀ ਸੂਖਮ ਦ੍ਰਿਸ਼ਟੀ ਵਿਚ ਕਮਾਲ ਦੀ ਅਨੁਭਵ ਸ਼ਕਤੀ ਹੈ ਤੇ ਉਸ ਅਨੁਭਵ ਨੂੰ ਪੇਸ਼ ਕਰਨ ਲਈ ਉਸ ਕੋਲ ਬਾਕਮਾਲ ਹੁਨਰ ਹੈ-

ਕਿਨਾਰੇ 'ਤੇ ਤਾਂ ਹਰ ਕੋਈ ਸੀ
ਫਿਰਦਾ ਖ਼ੈਰ-ਖ਼ਾਹ ਬਣਿਆ।
ਪਰ ਉਸਦੀ ਡੁਬ ਰਹੀ ਬੇੜੀ ਦਾ
ਕੋਈ ਨਾ ਮਲਾਹ ਬਣਿਆ।

ਅੱਜ ਪੰਜਾਬੀ ਗ਼ਜ਼ਲ ਦੀ ਸਿਰਜਣ-ਪ੍ਰਕਿਰਿਆ ਵਿਚੋਂ ਉਸਤਾਦ-ਸ਼ਾਗਿਰਦ ਦਾ ਰਿਸ਼ਤਾ ਘਟਦਾ ਜਾ ਰਿਹਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਪੰਜਾਬੀ ਗ਼ਜ਼ਲ ਤਾਂ ਢੇਰ ਸਾਰੀ ਲਿਖੀ ਜਾ ਰਹੀ ਹੈ, ਪਰ 'ਕੰਮ ਦੀ' ਗ਼ਜ਼ਲ ਘੱਟ ਉਪਲਬਧ ਹੋ ਰਹੀ ਹੈ। 'ਹਜ਼ਾਰ ਰੰਗਾਂ ਦੀ ਲਾਟ' ਗ਼ਜ਼ਲ-ਸੰਗ੍ਰਹਿ ਦੇ ਅੰਤ ਵਿਚ 'ਮੁਰਸ਼ਦ-ਨਾਮਾ' ਦਰਜ ਹੈ। ਇਹ ਸੁਰਜੀਤ ਪਾਤਰ ਬਾਰੇ ਲਿਖੀ ਲੰਬੀ ਗ਼ਜ਼ਲ ਹੈ। ਮੇਰਾ ਨਿੱਜੀ ਵਿਚਾਰ ਹੈ ਕਿ ਇਹ ਪੰਜਾਬੀ ਗ਼ਜ਼ਲ ਦੇ ਵਰਤਮਾਨ ਅਤੇ ਉੱਜਲ ਭਵਿੱਖ ਲਈ ਇਕ ਸ਼ੁਭ-ਸ਼ਗਨ ਹੈ। ਨਵੇਂ ਗ਼ਜ਼ਲਗੋਆਂ ਵਾਸਤੇ ਇਹ ਪ੍ਰੇਰਣਾਦਾਇਕ ਹੋ ਸਕਦਾ ਹੈ। ਮੁਰਸ਼ਦ-ਨਾਮਾ ਉਹੀ ਸ਼ਾਇਰ ਲਿਖੇਗਾ, ਜਿਸਦਾ ਕੋਈ ਮੁਰਸ਼ਦ ਜਾਂ ਉਸਤਾਦ ਹੋਵੇਗਾ। ਪੰਜਾਬੀ ਵਿਚ ਆਰਿਫ਼ ਗੋਬਿੰਦਪੁਰੀ ਨੇ ਵੀ ਆਪਣੀ ਪੁਸਤਕ 'ਮੇਰੇ ਤੁਰ ਜਾਣ ਦੇ ਮਗਰੋਂ' ਵਿਚ ਆਪਣੇ ਉਸਤਾਦ ਜਨਾਬ ਉਲਫ਼ਤ ਬਾਜਵਾ ਬਾਰੇ ਗ਼ਜ਼ਲ ਲਿਖੀ ਹੈ। ਹੁਣ ਸੁਖਵਿੰਦਰ ਅੰਮ੍ਰਿਤ ਨੇ ਆਪਣੇ ਉਸਤਾਦ ਸੁਰਜੀਤ ਪਾਤਰ ਬਾਰੇ ਰਚਨਾ ਕੀਤੀ ਹੈ। ਇੰਝ ਜੇਕਰ ਇਹ ਰਿਵਾਇਤ ਸ਼ੁਰੂ ਹੋ ਜਾਵੇ ਤਾਂ ਨਵੇਂ ਸ਼ਾਇਰਾਂ ਨੂੰ ਉਸਤਾਦ ਦਾ ਮਹੱਤਵ ਸਮਝ ਆ ਜਾਵੇਗਾ। ਉਸਤਾਦਾਂ ਨਾਲ ਜੁੜ ਕੇ ਗ਼ਜ਼ਲ ਦੀ ਬਣਤਰ, ਵਿਸ਼ੇ, ਐਬਾਂ, ਖ਼ੂਬੀਆਂ ਬਾਰੇ ਜਾਣਕਾਰੀ ਹਾਸਿਲ ਕਰਨ ਨਾਲ ਜਿੱਥੇ ਸ਼ਾਇਰ ਦਾ ਭਲਾ ਹੋਵੇਗਾ, ਉੱਥੇ ਉਹਨਾਂ ਦੀ ਰਚਨਾ ਪੰਜਾਬੀ ਗ਼ਜ਼ਲ ਵਿਚ ਗਿਣਾਤਮਕ ਨਹੀਂ, ਗੁਣਾਤਮਕ ਵਾਧਾ ਕਰ ਸਕਦੀ ਹੈ।

ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਵਲੋਂ ਪ੍ਰਕਾਸ਼ਿਤ 'ਹਜ਼ਾਰ ਰੰਗਾਂ ਦੀ ਲਾਟ' ਗ਼ਜ਼ਲ-ਸੰਗ੍ਰਹਿ ਦੀ ਕੀਮਤ 100 ਰੁਪਏ ਹੈ, ਜੋ ਸੰਗ੍ਰਹਿ ਵਿਚ ਪੇਸ਼ ਮੁੱਲਵਾਨ ਗ਼ਜ਼ਲਾਂ ਦੇ ਮੁਕਾਬਲੇ ਕੁਛ ਵੀ ਨਹੀਂ ਹੈ।
 

****
(12 ਦਸੰਬਰ 2008)

e-mail:
ilKfrI


© likhari: Punjabi Likhari Forum-2001-2008

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.