ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

ਲੇਖ/ਸ਼ਰਧਾਂਜਲੀ


ਸੁਪਨ ਸੰਧੂ

 

ਕਰਨੈਲ ਸਿੰਘ ਪਾਰਸ ਦੇ ਤੁਰ ਜਾਣ 'ਤੇ

ਸੁਪਨ ਸੰਧੂ, (ਸੰਪਾਦਕ 'ਸੀਰਤ')


ਕਰਨੈਲ ਸਿੰਘ ਪਾਰਸ


'ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ' ਵਰਗੀ, ਪੰਜਾਬ ਦੇ ਬੱਚੇ ਬੱਚੇ ਦੇ ਬੁੱਲ੍ਹਾਂ 'ਤੇ ਫਰਕਣ ਵਾਲੀ, ਸਦਾ-ਬਹਾਰ ਕਵੀਸ਼ਰੀ ਲਿਖਣ ਵਾਲਾ ਸ਼ੋਮਣੀ ਕਵੀਸ਼ਰ ਕਰਨੈਲ ਸਿੰਘ 'ਪਾਰਸ' ਰਾਮੂਵਾਲੀਆ ਸਦੀ ਦੇ ਨੇੜੇ ਢੁੱਕਦੀ ਉਮਰ ਭੋਗ ਕੇ ਆਖ਼ਰਕਾਰ 28 ਫਰਵਰੀ ਨੂੰ ਦੁਨਿਆਵੀ 'ਜੰਕਸ਼ਨ' ਤੋਂ ਸਦਾ ਲਈ ਤੁਰ ਜਾਣ ਵਾਲੀ 'ਗੱਡੀ' ਵਿਚ ਬੈਠ ਕੇ ਅਮੁੱਕ ਸਫ਼ਰ 'ਤੇ ਤੁਰ ਗਿਆ ਤੇ ਪਿੱਛੇ 'ਪਲੇਟਫ਼ਾਰਮ' 'ਤੇ ਖੜੀ ਉਸਦੇ ਲੱਖਾਂ ਪ੍ਰਸੰਸਕ-ਪ੍ਰੇਮੀਆਂ ਦੀ ਭੀੜ ਮੋਹ ਭਰੀਆਂ ਅੱਖਾਂ ਨਾਲ ਉਸਨੂੰ ਜਾਂਦੇ ਨੂੰ ਹੱਥ ਹਿਲਾ ਰਹੀ ਹੈ ਤੇ ਉਸਦੀਆਂ ਯਾਦਾਂ ਨੂੰ ਚਿਤਵ ਰਹੀ ਹੈ।

ਕਰਨੈਲ ਸਿੰਘ 'ਪਾਰਸ' ਸੱਚਮੁੱਚ ਦਾ ਪਾਰਸ ਸੀ। ਉਸਦੀ ਸੂਝ ਦੀ ਛੋਹ ਨਾਲ ਸਾਧਾਰਨ ਜਿਹੇ ਸ਼ਬਦ ਹੁਸੀਨ ਤਰਤੀਬ ਵਿਚ ਜੁੜ ਕੇ ਅਜਿਹੇ ਲਿਸ਼ਕੇ ਕਿ ਉਹਨਾਂ ਦੀ ਰੌਸ਼ਨੀ ਵਿਚ ਸਾਧਾਰਨ ਪੇਂਡੂ ਪੰਜਾਬੀ ਆਪਣੇ ਲੋਕ ਵਿਰਸੇ, ਸਮਾਜ, ਸਭਿਆਚਾਰ ਅਤੇ ਇਤਿਹਾਸ ਦੇ ਨਾਲ ਨਾਲ ਆਪਣੀ ਰੂਹ ਨੂੰ ਵੇਖਣ, ਸਮਝਣ ਤੇ ਮਾਨਣ ਦੇ ਯੋਗ ਮਹਿਸੂਸ ਕਰਨ ਲੱਗਾ। ਅੱਧੀ ਸਦੀ ਤੋਂ ਵੱਧ ਉਸਦੀ ਕਵੀਸ਼ਰੀ, ਉਸਦੇ ਸਾਥੀਆਂ ਦੀ ਗਾਇਕੀ ਤੇ ਪਾਰਸ ਦੀ ਪੇਸ਼ਕਾਰੀ ਦਾ ਜਾਦੂ ਪੰਜਾਬੀਆਂ ਦੇ ਸਿਰ ਚੜ੍ਹ ਕੇ ਬੋਲਦਾ ਰਿਹਾ। ਕੋਈ ਮੇਲਾ ਜਾਂ ਵੱਡੇ ਤੋਂ ਵੱਡਾ ਧਾਰਮਿਕ, ਸਮਾਜਿਕ-ਸਭਿਆਚਾਰਕ ਸਮਾਗਮ ਉਸਦੇ ਕਵੀਸ਼ਰੀ ਜੱਥੇ ਦੀ ਸ਼ਮੂਲੀਅਤ ਤੋਂ ਬਿਨਾਂ ਅਧੂਰਾ ਸਮਝਿਆ ਜਾਂਦਾ ਸੀ। ਲੋਕ ਮੀਲਾਂ ਤੱਕ ਪੈਂਡਾ ਕਰਕੇ ਉਸਦੇ ਅਖਾੜੇ ਸੁਣਨ ਜਾਂਦੇ। ਉਸਦੇ ਲਿਖੇ ਕਿੱਸੇ ਖ਼ਰੀਦ ਕੇ ਪੜ੍ਹਦੇ ਤੇ ਉਹਨਾਂ ਕਿੱਸਿਆਂ ਨੂੰ ਪੜ੍ਹਦੇ-ਪੜ੍ਹਦੇ 'ਪਾਰਸ-ਛੋਹ' ਨਾਲ ਕੀਲੇ ਖ਼ੁਦ ਕਵੀਸ਼ਰ ਬਣ ਜਾਂਦੇ।

ਉਹ ਪੰਜਾਬ ਦਾ ਪਹਿਲਾ ਕਵੀਸ਼ਰ ਸੀ ਜਿਸਨੇ ਸਭ ਤੋਂ ਪਹਿਲਾਂ 'ਆਲ ਇੰਡੀਆ ਰੇਡੀਓ ਜਲੰਧਰ' ਤੋਂ ਆਪਣੇ ਜੱਥੇ ਨਾਲ ਕਵੀਸ਼ਰੀ ਗਾਉਣੀ ਸ਼ੁਰੂ ਕੀਤੀ। ਰੀਕਾਰਡ ਕੰਪਨੀਆਂ ਨੇ ਉਸਦੀ ਕਵੀਸ਼ਰੀ ਦੇ ਤਵੇ ਭਰੇ। ਪਾਰਸ ਦੀ ਕਵਿਤਾ ਤੇ ਗਾਇਕੀ ਪੰਜਾਬ ਦੇ ਘਰ ਘਰ ਪਹੁੰਚ ਗਈ। ਉਹ ਹਰੇਕ ਪੰਜਾਬੀ ਘਰ ਦਾ ਆਪਣਾ ਜੀਅ ਬਣ ਗਿਆ। ਲੋਕ ਘਰਾਂ, ਸੱਥਾਂ ਅਤੇ ਖੇਤਾਂ ਵਿਚ ਕੰਮ ਵੀ ਕਰੀ ਜਾਂਦੇ, ਗੱਲਾਂ ਵੀ ਕਰੀ ਜਾਂਦੇ ਤੇ ਜਦੋਂ ਕੋਠਿਆਂ ਉੱਤੇ ਮੰਜੇ ਜੋੜ ਕੇ ਉਹਨਾਂ ਨਾਲ ਲਟਕਾਏ ਸਪੀਕਰਾਂ ਵਿਚੋਂ ਪਾਰਸ ਦੀ ਕਵੀਸ਼ਰੀ ਦੇ ਰੀਕਾਰਡ ਵੱਜਦੇ ਤਾਂ ਲੋਕ ਵਿਚੋਂ ਸਾਹ ਰੋਕ ਕੇ ਪਾਰਸ ਦੀ ਕਵੀਸ਼ਰੀ ਦੀ ਹੂਕ ਨਾਲ ਇਕਸੁਰ ਹੋਕੇ ਉਸਦਾ ਆਨੰਦ ਵੀ ਲੈਂਦੇ ਰਹਿੰਦੇ। ਉਸਦੀ ਕਵੀਸ਼ਰੀ ਦੀ ਸੰਗਤ ਵਿਚ ਸੁੱਤਾ ਹੋਇਆ ਪੰਜਾਬ ਜਾਗ ਕੇ ਅੰਗੜਾਈ ਭਰਨ ਲੱਗਦਾ। ਭਗਤ ਸਿੰਘ, ਸੁਭਾਸ਼ ਚੰਦਰ ਬੋਸ ਅਤੇ ਸੇਵਾ ਸਿੰਘ ਠੀਕਰੀਵਾਲਾ ਵਰਗੇ ਲੋਕ-ਨਾਇਕ ਬਣ ਚੁੱਕੇ ਰਾਜਸੀ ਆਗੂ ਤੇ ਪੂਰਨ ਭਗਤ, ਕੌਲਾਂ, ਦਹੂਦ ਬਾਦਸ਼ਾਹ, ਸਰਵਣ ਕੁਮਾਰ ਤੇ ਤਾਰਾ ਰਾਣੀ ਜਿਹੀਆਂ ਲੋਕ-ਗਥਾਵਾਂ ਉਸਦੀ ਕਵੀਸ਼ਰੀ ਨਾਲ ਜੁੜ ਕੇ ਮੁੜ ਪੰਜਾਬੀ ਲੋਕ-ਮਨ ਵਿਚ ਜਿਊ ਉੱਠੀਆਂ। ਉਸਦੀ ਕਵੀਸ਼ਰੀ ਲੋਕ-ਕਵਿਤਾ ਵਾਂਗ ਪੰਜਾਬੀ ਮਨ ਦਾ ਹਿੱਸਾ ਬਣ ਗਈ।

ਉਹ ਆਪ ਹੀ ਨਹੀਂ ਸਗੋਂ ਉਸਦੇ ਲਿਸ਼ਕਾਏ ਸੈਂਕੜੇ ਕਵੀਸ਼ਰ, ਉਸਦੇ 'ਸ਼ਾਗਿਰਦਾਂ' ਨੇ, ਉਸਦੇ ਨਾਂ ਦੀ ਚਮਕ ਨੂੰ, ਉਸ ਵਾਂਗ ਹੀ ਦੇਸ਼-ਵਿਦੇਸ਼ ਵਿਚ ਫ਼ੈਲਾਇਆ। ਇੰਜ ਪਾਰਸ ਨੇ ਕਵੀਸ਼ਰੀ ਦੀ ਮਹਾਨ ਪਰੰਪਰਾ ਨੂੰ ਫੈਲਾਉਣ ਦੇ ਨਾਲ ਨਾਲ ਜਿਊਂਦੀ ਰੱਖਣ ਦਾ ਕਾਰਜ ਵੀ ਕੀਤਾ। ਉਸਦੇ ਸ਼ਾਗਿਰਦਾਂ ਵਿਚੋਂ ਸਿਖ਼ਰਲੀ ਉਦਾਹਰਣ ਪ੍ਰਸਿੱਧ ਪੰਜਾਬੀ ਗਾਇਕ ਅਤੇ ਫ਼ਿਲਮ ਐਕਟਰ ਹਰਭਜਨ ਮਾਨ ਦੀ ਦਿੱਤੀ ਜਾ ਸਕਦੀ ਹੈ ਜਿਸਨੂੰ ਗਾਇਨ, ਕਵੀਸ਼ਰੀ ਅਤੇ ਸੁਰ-ਸ਼ਬਦ ਦੀ ਪਹਿਲੀ ਸਮਝ 'ਆਪਣੇ ਬਾਪੂ' ਪਾਰਸ ਕੋਲੋਂ ਹੀ ਮਿਲੀ। ਜਿਹੜੇ ਕਵੀਸ਼ਰ ਸਿੱਧੇ ਤੌਰ ਤੇ ਉਸਦੇ ਸ਼ਾਗਿਰਦ ਨਹੀਂ ਵੀ ਸਨ ਉਹ ਵੀ ਉਸਦੀਆਂ ਕਵਿਤਾਵਾਂ ਪਿੱਛੇ ਆਪਣਾ ਨਾਂ ਜੋੜ ਕੇ ਉਸਦੇ ਹਵਾਲੇ ਨਾਲ ਹੀ ਸਥਾਪਤ ਹੋਣ ਦੇ ਯਤਨ ਵਿਚ ਲੱਗੇ ਰਹਿੰਦੇ। ਢਾਡੀ ਪਰੰਪਰਾ ਨੂੰ ਸਥਾਪਤ ਅਤੇ ਵਿਕਸਿਤ ਕਰਨ ਵਿਚ ਜਿੱਡਾ ਵੱਡਾ ਨਾਂ ਗਿਆਨੀ ਸੋਹਣ ਸਿੰਘ ਸੀਤਲ ਦਾ ਹੈ, ਕਵੀਸ਼ਰੀ ਦੀ ਪਰੰਪਰਾ ਵਿਚ ਕਰਨੈਲ ਸਿੰਘ ਪਾਰਸ ਵੀ ਓਡਾ-ਕੇਡਾ ਨਾਂ ਹੈ।

28 ਜੂਨ 1916 ਨੂੰ ਆਪਣੇ ਨਾਨਕੇ ਪਿੰਡ ਮਹਿਰਾਜ (ਤਹਿਸੀਲ ਫੂਲ) ਵਿਚ ਜਨਮ ਲੈਣ ਵਾਲਾ ਅਤੇ ਮੋਗੇ ਨੇੜੇ ਪੈਂਦੇ ਪਿੰਡ ਰਾਮੂਵਾਲੇ ਦੇ ਸਾਧਾਰਨ ਕਿਰਸਾਣ ਦਾ ਪੁੱਤਰ ਕਰਨੈਲ ਕੇਵਲ ਬਾਰਾਂ ਸਾਲ ਦੀ ਉਮਰ ਵਿਚ ਹੀ ਯਤੀਮ ਹੋ ਗਿਆ। ਸਕੂਲ ਜਾਣਾ ਉਸਦਾ ਨਸੀਬ ਨਾ ਬਣ ਸਕਿਆ। ਮਾਰੂ ਜ਼ਮੀਨ ਰਜਵੀਂ ਰੋਟੀ ਦੇਣ ਤੋਂ ਇਨਕਾਰੀ ਸੀ। ਬੇਸਰੋਸਾਮਾਨੀ ਦੀ ਹਾਲਤ ਵਿਚ ਆਰਥਿਕ ਤੰਗਦਸਤੀ ਦਾ ਜੀਵਨ ਗੁਜ਼ਾਰਨ ਲਈ ਤੇ ਅਨਪੜ੍ਹ ਬੱਚੇ ਦੇ ਤੌਰ 'ਤੇ ਦੁਨੀਆਂ ਦੇ ਧੱਕੇ ਖਾਣ ਲਈ ਇਕੱਲੇ ਰਹਿ ਗਏ ਕਰਨੈਲ ਨੇ ਆਪਣੇ ਅੰਦਰ ਨੂੰ ਮਰਨ ਨਾ ਦਿੱਤਾ। ਵਿਦਿਆ ਤੇ ਗਿਆਨ ਭੁੱਖ ਉਸਨੂੰ ਸੰਤ ਗਿਆਨੀ ਸਿੰਘ ਦੇ ਡੇਰੇ 'ਤੇ ਖਿੱਚ ਕੇ ਲੈ ਗਈ। ਉਸਨੇ ਉਸਤੋਂ ਹਿੰਦੀ ਅਤੇ ਪੰਜਾਬੀ ਦਾ ਗਿਆਨ ਹਾਸਲ ਕੀਤਾ ਅਤੇ ਛੇਤੀ ਹੀ ਉਹ ਵੱਡੇ ਵੱਡੇ ਧਾਰਮਿਕ ਗ੍ਰੰਥਾਂ ਦਾ ਅਧਿਅਨ ਕਰਨ ਲੱਗਾ। ਇਹ ਉਸਦੀ ਖੋਜੀ ਬਿਰਤੀ, ਨਿੱਤ ਨਵਾਂ ਜਾਨਣ ਦੀ ਤਾਂਘ ਅਤੇ ਅੰਦਰਲੀ ਅਲੋਕਾਰੀ ਪ੍ਰਤਿਭਾ ਦਾ ਹੀ ਕ੍ਰਿਸ਼ਮਾ ਸੀ ਕਿ ਸੰਤ ਗਿਆਨੀ ਸਿੰਘ ਨੂੰ ਉਸ ਵਿਚ ਭਵਿੱਖ ਦੇ ਮਹਾਨ ਵਿਦਵਾਨ ਦੀ ਝਲਕ ਦਿਖਾਈ ਦੇਣ ਲੱਗੀ। ਉਸ ਝਲਕ ਦੀ ਆਭਾ ਨਾਲ ਲਿਸਕਦੇ ਕਰਨੈਲ ਨੂੰ ਵੇਖ ਕੇ ਸੰਤਾਂ ਨੇ ਕਰਨੈਲ ਸਿੰਘ ਨੂੰ 'ਪਾਰਸ' ਦੇ ਤਖੱਲੁਸ ਨਾਲ ਸਨਮਾਨਿਤ ਕਰ ਦਿੱਤਾ।

'ਪਾਰਸ' ਬਣੇ ਕਰਨੈਲ ਸਿੰਘ ਨੇ ਆਪਣੇ ਪਹਿਲੇ ਗੁਰੂ ਦੇ ਬਖ਼ਸ਼ੇ ਨਾਂ ਦੀ ਲਾਜ ਰੱਖਣ ਲਈ ਉਸਦੇ ਹਾਣ ਦਾ ਬਣਨ ਦਾ ਪ੍ਰਣ ਕਰ ਲਿਆ। ਉਸਨੇ ਸੱਚਾ ਵਿਦਵਾਨ ਤੇ ਸੁੱਚਾ ਇਨਸਾਨ ਬਣਨ ਦੀ ਧਾਰ ਲਈ। ਹਿੰਦੀ ਪੰਜਾਬੀ ਦੇ ਨਾਲ ਉਸਨੇ ਕਿਸੇ ਮੌਲਵੀ ਤੋਂ ਉਰਦੂ ਵੀ ਸਿੱਖਿਆ। ਉਸਨੇ ਹਿੰਦੂ, ਸਿੱਖ ਅਤੇ ਇਸਲਾਮ ਆਦਿ ਧਰਮਾਂ ਦਾ ਡੂੰਘਾ ਅਧਿਅਨ ਵੀ ਕੀਤਾ। ਆਧੁਨਿਕ ਸਾਹਿਤ ਵੀ ਪੜ੍ਹਨਾ ਸ਼ੁਰੂ ਕੀਤਾ। ਵਿਦਿਆ ਦੀ ਅਜਿਹੀ ਡੂੰਘੀ ਲਗਨ ਨੇ ਉਸ ਅੰਦਰ ਸਾਹਿਤ ਅਤੇ ਕਵਿਤਾ ਨਾਲ ਪਿਆਰ ਕਰਨ ਦਾ ਤੀਬਰ ਜਜ਼ਬਾ ਪੈਦਾ ਕਰ ਦਿੱਤਾ। ਉਹ ਉਸ ਵੇਲੇ ਦੇ ਪ੍ਰਸਿੱਧ ਕਵੀਸ਼ਰ ਮੋਹਨ ਸਿੰਘ ਰੋਡੇ ਦਾ ਸ਼ਾਗਿਰਦ ਜਾ ਬਣਿਆਂ। ਉਸ ਅੰਦਰ ਕਵੀਸ਼ਰੀ ਦਾ ਅਜਿਹਾ ਚਿਰਾਗ਼ ਬਲਿਆ ਕਿ ਇਸਦੀ ਲਾਟ ਨਾਲ ਪੰਜਾਬ ਵਿਚ ਕਵੀਸ਼ਰੀ ਦੀ ਪਰੰਪਰਾ ਨਵੇਂ ਰੰਗਾਂ ਤੇ ਅਰਥਾਂ ਵਿਚ ਝਿਲਮਿਲਾ ਉੱਠੀ।

ਸਾਹਿਤ ਪੜ੍ਹਨ ਦੇ ਸ਼ੌਕ ਨੇ ਉਸਨੂੰ ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਦਾ ਸ਼ੈਦਾਈ ਬਣਾ ਦਿੱਤਾ। ਜਦੋਂ ਗੁਰਦਵਾਰਿਆਂ ਵਿਚ 'ਪ੍ਰੀਤ-ਲੜੀ' ਦਾ ਵੜਨਾ ਮਨ੍ਹਾਂ ਕੀਤਾ ਹੋਇਆ ਸੀ ਤਾਂ ਉਹ ਗੁਰਦਵਾਰਿਆਂ ਵਿਚ ਧਾਰਮਿਕ ਦੀਵਾਨਾਂ 'ਤੇ ਹਾਜ਼ਰ ਹੋਣ ਸਮੇਂ ਆਪਣੇ ਝੋਲੇ ਵਿਚ 'ਪ੍ਰੀਤ-ਲੜੀ' ਲੁਕਾ ਕੇ ਲੈ ਜਾਂਦਾ ਤੇ ਰਾਤ ਨੂੰ ਦੀਵੇ ਦੇ ਚਾਨਣ ਵਿਚ ਗੁਰਦਵਾਰੇ ਵਿਚਲੀ ਠਾਹਰ ਵਿਚ ਪੜ੍ਹਦਾ ਰਹਿੰਦਾ। ਪ੍ਰੀਤ ਲੜੀ ਦੇ ਨਿਰੰਤਰ ਪਾਠ ਨਾਲ ਉਸ ਅੰਦਰਲੇ ਵਹਿਮ-ਭਰਮ ਤੇ ਧਾਰਮਿਕ ਅੰਧਵਿਸ਼ਵਾਸ ਦਾ ਨਦੀਨ ਪੁੱਟਿਆ ਗਿਆ। ਉਸਦੇ ਮਨ ਦੀ ਧਰਤੀ ਪੱਧਰੀ ਹੋ ਗਈ, ਵਾਹੀ ਤੇ ਸੁਹਾਗੀ ਗਈ। ਇਸ ਵਿਚ ਤਰਕ, ਮਾਨਵ-ਪ੍ਰੇਮ, ਬਰਾਬਰੀ ਤੇ ਸਮਾਜਵਾਦ ਦੇ ਨਵੇਂ ਅੰਕੁਰ ਫੁੱਟ ਨਿਕਲੇ। ਉਸਦੀ ਰੂਹ ਰੌਸ਼ਨ ਹੋ ਗਈ। ਉਹ 'ਹਿੰਦੂ, ਮੁਸਲਿਮ, ਸਿੱਖ, ਜੱਟ, ਬਾਹਮਣ, ਸ਼ੂਦਰ' ਆਦਿ ਦੀਆਂ ਵਲਗਣਾਂ ਵਿਚੋਂ ਨਿਕਲ ਗਿਆ। ਇਨਸਾਨੀ ਮੁਹੱਬਤ ਉਸਦਾ ਸਦੀਵੀ ਸੁਨੇਹਾਂ ਬਣ ਗਈ। ਇਹੋ ਕਾਰਨ ਸੀ ਕਿ ਜਦੋਂ ਸੰਤਾਲੀ ਵੇਲੇ ਧਰਮ ਦੇ ਨਾਂ 'ਤੇ ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡੀ ਜਾ ਰਹੀ ਸੀ ਤਾਂ ਉਹ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਗੁੰਡਿਆਂ ਕੋਲੋਂ ਆਪਣੇ ਪਿੰਡ ਦੇ ਮੁਸਲਮਾਨਾਂ ਨੂੰ ਬਚਾ ਕੇ ਉਹਨਾਂ ਨੂੰ ਕੈਂਪਾਂ ਵਿਚ ਪਹੁੰਚਾਉਣ ਦਾ ਧਰਮ ਨਿਭਾ ਰਿਹਾ ਸੀ।
ਪੜ੍ਹਦੇ ਰਹਿਣਾ ਅਤੇ ਨਿਰੰਤਰ ਅਧਿਅਨ ਕਰਦੇ ਰਹਿਣਾ ਉਸਨੂੰ ਸਾਹ ਲੈਣ ਵਰਗਾ ਕਾਰਜ ਹੀ ਲੱਗਦਾ ਸੀ। ਉਮਰ ਦੇ ਅੰਤਲੇ ਦਿਨਾਂ ਤੱਕ ਉਸਨੇ ਆਪਣੇ ਇਸ ਸ਼ੌਕ ਨੂੰ ਜਿਊਂਦੇ ਰੱਖਿਆ। ਚੰਗੀ ਲਿਖਤ ਦਾ ਉਹ ਡੁੱਲ੍ਹ ਡੁੱਲ੍ਹ ਪੈਂਦਾ ਆਸ਼ਕ ਸੀ। ਜਿਸ ਕਿਸੇ ਦੀ ਕੋਈ ਲਿਖਤ ਉਸਨੂੰ ਚੰਗੀ ਲੱਗਦੀ ਤਾਂ ਲੇਖਕ ਭਾਵੇਂ ਉਸਦੇ ਪੋਤਰਿਆਂ ਦੇ ਹਾਣ ਦਾ ਹੁੰਦਾ, ਉਹ ਉਸਨੂੰ ਫ਼ੋਨ ਕਰਦਾ; ਪਹੁੰਚ ਵਿਚ ਹੁੰਦਾ ਤਾਂ ਭਾਵੇਂ ਕਨੇਡਾ ਬੈਠਾ ਹੁੰਦਾ ਜਾਂ ਪੰਜਾਬ ਵਿਚ, ਕਾਰ ਕਢਵਾਉਂਦਾ 'ਤੇ ਕਿਸੇ ਆਪਣੇ ਦੇ ਸਾਥ ਵਿਚ ਲੇਖਕ ਦੇ ਘਰ ਤੱਕ ਵੀ ਪਹੁੰਚ ਜਾਂਦਾ। ਲਿਖਤ ਲਿਖਣ ਵਾਲੇ ਉਸਦੇ ਹੱਥਾਂ ਨੂੰ ਚੁੰਮਦਾ, ਲਾਡ ਕਰਦਾ ਤੇ ਚੰਗੀ ਲਿਖਤ ਲਿਖਣ ਦੇ ਸ਼ਗਨ ਵਜੋਂ ਸੌ ਜਾਂ ਪੰਜ ਸੌ ਦਾ ਨੋਟ ਉਸਦੇ ਸਿਰ ਤੋਂ ਵਾਰ ਕੇ ਉਹਦੀ ਜੇਬ ਵਿਚ ਪਾ ਦਿੰਦਾ। ਚਾਅ ਵਿਚ ਭਰ ਕੇ ਉਹਦੀਆਂ ਅੱਖਾਂ 'ਚੋਂ ਖ਼ੁਸ਼ੀ ਦੇ ਅੱਥਰੂ ਡੁੱਲ੍ਹਣ ਲੱਗਦੇ।

ਆਪਣੀ ਧਰਤੀ ਤੇ ਆਪਣੇ ਲੋਕਾਂ ਨਾਲ ਉਸਦੇ ਡੂੰਘੇ ਮੋਹ ਦੀ ਮਿਸਾਲ ਹੀ ਹੈ ਕਿ ਉਹ ਪਿਛਲੇ ਕਈ ਦਹਾਕਿਆਂ ਤੋਂ ਰਹਿੰਦਾ ਤਾਂ ਭਾਵੇਂ ਕਨੇਡਾ ਵਿਚ ਆਪਣੇ ਬੱਚਿਆਂ ਕੋਲ ਸੀ ਪਰ ਸਿਆਲ ਦੇ ਦਿਨਾਂ ਵਿਚ ਛੇ ਮਹੀਨੇ ਆਪਣੇ ਪਿੰਡ ਰਾਮੂਵਾਲੇ ਹੀ ਕੱਟਦਾ। ਉਸ ਕੋਲ ਮਿਲਣ ਆਉਣ ਵਾਲਿਆਂ ਦਾ ਤਾਂਤਾ ਲੱਗਾ ਰਹਿੰਦਾ। ਹਰ ਕਿਸਮ ਦੀ ਖਾਣ-ਪੀਣ ਦੀ ਸੇਵਾ ਤੋਂ ਇਲਾਵਾ ਉਹ ਆਪਣੇ ਸ਼ਬਦਾਂ ਦੇ ਅਨਾਰਾਂ ਨਾਲ ਉਹਨਾਂ ਦੀ ਰੂਹ ਰੁਸ਼ਨਾਉਂਦਾ ਰਹਿੰਦਾ। ਉਸਦੇ ਪਿੰਡ ਦਾ ਹਾਈ ਸਕੂਲ ਉਸਦੇ ਨਾਂ 'ਤੇ ਬਣਿਆਂ ਹੋਇਆ ਹੈ। ਉਹ ਹਰੇਕ ਸਾਲ ਆਪਣੇ ਕੋਲੋਂ ਲੱਖਾਂ ਰੁਪਈਏ ਆਪਣੇ ਪਿੰਡ ਦੀ ਭਲਾਈ ਵਾਸਤੇ ਖ਼ਰਚਦਾ। ਉਸਨੇ ਆਪਣੇ ਖ਼ਰਚ 'ਤੇ ਪਿੰਡ ਵਿਚ ਬਿਰਧ-ਘਰ, ਡਿਸਪੈਂਸਰੀ, ਲਾਇਬ੍ਰੇਰੀ, ਜਿਮਖਾਨਾ, ਦਲਿਤਾਂ ਲਈ ਧਰਮਸਾਲਾ ਬਣਵਾ ਕੇ ਦਿੱਤੇ। ਉਹ ਗੁਰੂ ਨਾਨਕ ਦਾ ਸੱਚਾ ਸਿੱਖ ਸੀ। ਉਸਨੂੰ ਉਸ ਵਾਂਗ ਹੀ 'ਤੇਰਾ ਤੇਰਾ' ਕਹਿ ਕੇ ਆਪਣੇ ਲੋਕਾਂ ਲਈ ਆਪਾ ਲੁਟਾਉਣ ਦਾ ਚਾਅ ਰਹਿੰਦਾ ਸੀ। ਬਾਬੇ ਨਾਨਕ ਵਾਂਗ ਹੀ ਉਸਨੂੰ ਜਾਤਾਂ ਪਾਤਾਂ ਦੇ ਆਧਾਰ 'ਤੇ ਵੰਡਿਆ ਸਮਾਜ ਪਰਵਾਨ ਨਹੀਂ ਸੀ, ਇਸੇ ਕਰਕੇ ਜਦੋ ਉਸਨੇ ਆਪਣੇ ਪਿੰਡ ਦੇ ਸਿਵਿਆਂ ਨੂੰ ਸਵਾਰਨ ਲਈ ਦਾਨ ਦਿੱਤਾ ਤਾਂ 'ਤਥਾ-ਕਥਿਤ' ਸਵਰਨ ਜਾਤੀਆਂ ਦੇ ਸਿਵਿਆਂ ਨਾਲੋਂ ਦਲਿਤ ਜਾਤੀਆਂ ਦੇ ਸਿਵਿਆਂ ਲਈ ਦੁਗਣੇ ਪੈਸੇ ਦਿੱਤੇ ਸਨ ਤਾਂ ਇਹ ਐਲਾਨ ਵੀ ਕੀਤਾ ਕਿ ਉਹ ਆਪਣੇ ਮਰ ਜਾਣ ਤੋਂ ਬਾਅਦ ਇਹਨਾਂ ਸਿਵਿਆਂ ਵਿਚ ਹੀ ਸਸਕਾਰੇ ਜਾਣਾ ਚਾਹੇਗਾ। ਇੰਜ ਉਸਨੇ 'ਤਿਨ ਕੇ ਸੰਗਿ ਸਾਥ, ਵੱਡਿਆਂ ਸਿਉਂ ਕਿਆ ਰੀਸ' ਦੇ ਕਥਨ ਨੂੰ ਅਮਲ ਵਿਚ ਧਾਰ ਕੇ ਦੱਸਿਆ।

ਬੇਝਿਜਕ ਹੋ ਕੇ ਖ਼ਰੀ ਗੱਲ ਕਹਿ ਦੇਣਾ ਉਸਦੇ ਸੁਭਾਅ ਦਾ ਹਿੱਸਾ ਸੀ। ਉਹ ਤਰਕਸ਼ੀਲ ਦ੍ਰਿਸ਼ਟੀਕੋਨ ਦਾ ਧਾਰਨੀ ਸੀ। ਇਸ ਵਾਰ ਉਹ ਦੋਵੇਂ ਜੀਅ ਕਨੇਡਾ ਵੱਸਦੇ ਪੁੱਤਾਂ( 'ਸੀਰਤ' ਦੇ ਮੁਖ ਸੰਪਾਦਕ ਹਰਚਰਨ ਸਿੰਘ, ਪ੍ਰਸਿੱਧ ਸ਼ਾਇਰ ਤੇ ਗਲਪਕਾਰ ਇਕਬਾਲ ਰਾਮੂਵਾਲੀਆ ਤੇ ਪ੍ਰਸਿੱਧ ਵਿਦਿਆ-ਸ਼ਾਸਤਰੀ ਰਛਪਾਲ ਸਿੰਘ) ਤੇ ਧੀ ਚਰਨਜੀਤ ਨੂੰ ਇਹ ਕਹਿ ਕੇ ਆਏ ਕਿ ਅਸੀਂ ਤਾਂ ਹੁਣ ਆਪਣੇ ਅੰਤਿਮ ਸਾਹ ਆਪਣੀ ਧਰਤੀ 'ਤੇ ਲੈਣ ਜਾ ਰਹੇ ਹਾਂ। ਉਹਨਾਂ ਦਾ ਜਹਾਜ਼ ਰਾਹ ਵਿੱਚ ਹੀ ਖ਼ਰਾਬ ਹੋ ਗਿਆ। ਪਾਇਲਟ ਨੇ ਜਹਾਜ਼ ਦੀ ਖ਼ਰਾਬੀ ਦਾ ਐਲਾਨ ਕੀਤਾ ਤਾਂ ਜਹਾਜ਼ ਵਿਚ ਮੌਤ ਵਰਗੀ ਖ਼ਾਮੋਸ਼ੀ ਛਾ ਗਈ ਤੇ ਫਿਰ ਲੋਕ ਹੱਥ ਜੋੜ ਕੇ ਪਾਠ ਕਰਨ ਲੱਗੇ, ਅਰਦਾਸਾਂ ਕਰਨ ਲੱਗੇ। ਉਸਦੀ ਪਤਨੀ ਦਲਜੀਤ ਕੌਰ ਵੀ ਹੱਥ ਜੋੜ ਕੇ 'ਵਾਹਿਗੁਰੂ ਵਾਹਿਗਰੂ' ਕਰਨ ਲੱਗੀ ਤਾਂ ਪਾਰਸ ਹੱਸ ਕੇ ਕਹਿੰਦਾ, ''ਦਲਜੀਤ ਕੁਰੇ! ਤੈਨੂੰ ਤੇਰੇ ਕਿਸੇ ਰੱਬ-ਰੁੱਬ ਨੇ ਨਹੀਂ ਬਚਾਉਣਾ। ਜੇ ਬਚਾਇਆ ਤਾਂ ਓਸੇ ਪਾਇਲਟ ਨੇ ਹੀ ਬਚਾਉਣਾ ਹੈ!" ਤੇ ਸੱਚਮੁਚ ਉਹਨਾਂ ਦੇ ਪਾਇਲਟ ਨੇ ਉਹਨਾਂ ਨੂੰ ਬਚਾ ਲਿਆ। ਉਹ ਜਹਾਜ਼ ਮੋੜ ਕੇ ਪਟੜੀ 'ਤੇ ਲੈ ਆਇਆ ਤੇ ਨਵੀਂ ਉਡਾਣ ਰਾਹੀਂ ਉਹ ਦੋਵੇਂ ਭਾਰਤ ਰਵਾਨਾ ਹੋ ਗਏ। ਮੌਤ ਨੂੰ ਏਨਾ ਸਾਹਮਣੇ ਵੇਖ ਕੇ ਆਪਣੀ ਤਰਕਸ਼ੀਲ ਸੋਚ ਨਾਲ ਜੁੜੇ ਰਹਿਣਾ ਇਹ ਸਾਧਾਰਨ ਬੰਦੇ ਦੇ ਹਿੱਸੇ ਨਹੀਂ ਆਉਣ ਵਾਲਾ ਜਿਗਰਾ ਨਹੀਂ।

ਪੰਜਾਬ ਵਿਚ ਆਪਣੇ ਪਿੰਡ ਰਾਮੂਵਾਲੇ ਦੀ ਜੂਹ ਵਿਚ ਜਾ ਕੇ ਹੀ ਉਸਨੂੰ ਸੁਖ ਦਾ ਸਾਹ ਆਉਂਦਾ ਸੀ। ਕੇਂਦਰੀ ਸਰਕਾਰ ਵਿਚ ਵਜ਼ੀਰ ਰਹਿ ਚੁੱਕੇ ਤੇ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਉਸਦੇ ਪੁੱਤਰ ਬਲਵੰਤ ਸਿੰਘ ਰਾਮੂਵਾਲੀਏ ਦੇ ਤਰਲੇ ਵੀ ਉਸਨੂੰ ਦਿੱਲੀ ਦੀ ਕੋਠੀ ਵਿਚ ਰਹਿਣ ਲਈ ਨਹੀਂ ਸਨ ਮਨਾ ਸਕਦੇ! ਬਲਵੰਤ ਅਤੇ ਸੰਗਰੂਰ ਰਹਿੰਦੀ ਪ੍ਰੋਫ਼ੈਸਰ ਧੀ ਕਰਮਜੀਤ ਉਸਨੂੰ ਰਾਮੂਵਾਲੇ ਹੀ ਆ ਕੇ ਮਿਲ ਸਕਦੇ! ਹਰ ਸਾਲ ਉਸਦਾ ਵੱਡਾ ਪੁੱਤਰ ਹਰਚਰਨ ਵੀ ਉਸ ਨਾਲ ਰਾਮੂਵਾਲੇ ਚਾਰ ਪੰਜ ਮਹੀਨੇ ਉਸਦੀ ਛਾਂ ਮਾਨਣ ਲਈ ਕਨੇਡਾ ਤੋਂ ਭਾਰਤ ਤੁਰ ਜਾਂਦਾ। ਕਦੀ ਕਦੀ ਇਕਬਾਲ ਤੇ ਰਛਪਾਲ ਵੀ ਗੇੜਾ ਮਾਰ ਲੈਂਦੇ। ਪਰ ਬਾਪੂ ਪਾਰਸ ਦਾ 'ਪਿਤਰੀਤਵ' ਪਰਿਵਾਰ ਦੇ ਜੀਆਂ ਤੋਂ ਬਾਹਰ ਨਿਕਲ ਕੇ ਦੂਰ ਦੂਰ ਤੱਕ ਫ਼ੈਲ ਗਿਆ ਸੀ। ਉਸਨੇ ਸੈਂਕੜੇ ਪੰਜਾਬੀਆਂ ਨੂੰ ਆਪਣੇ ਮੋਹ ਦੇ ਕਲਾਵੇ ਵਿਚ ਘੁੱਟਿਆ ਹੋਇਆ ਸੀ। ਆਪਣੇ ਪਿੰਡ ਦੀ ਹਵਾ ਵਿਚ ਅੰਤਿਮ ਸਾਹ ਲੈਂਿਦਆਂ ਸਾਲ ਕੁ ਪਹਿਲਾਂ ਬੇਬੇ ਦਲਜੀਤ ਕੌਰ ਤੁਰ ਗਈ ਤੇ ਹੁਣ ਕਰਨੈਲ ਸਿੰਘ ਪਾਰਸ ਵੀ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ।

ਇਸ ਸਮੇਂ ਮੈਂ ਉਸ ਲਈ ਇਹ ਅਰਦਾਸ ਕਰਨ ਤੋਂ ਵੀ ਝਿਜਕਦਾ ਹਾਂ ਕਿ 'ਪ੍ਰਮਾਤਮਾਂ ਉਸਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ!' ਕਿਉਂਕਿ ਬਾੜੇਵਾਲ ਪਿੰਡ ਵਿਚ ਉਸਦੇ ਕੁੜਮ ਦੇ ਭੋਗ ਦੀ ਰਸਮ ਮੌਕੇ ਵੱਡੇ ਵੱਡੇ ਅਮੀਰਾਂ ਵਜ਼ੀਰਾਂ ਨੇ ਆਪਣੇ ਸ਼ਰਧਾਂਜਲੀ ਸ਼ਬਦਾਂ ਵਿਚ 'ਉਸਦੀ ਆਤਮਾਂ ਨੂੰ ਪ੍ਰਮਾਤਮਾਂ ਵੱਲੋਂ ਆਪਣੇ ਚਰਨਾਂ ਵਿਚ ਨਿਵਾਸ ਦੇਣ ਦੀ ਬੇਨਤੀ ਹੀ ਕੀਤੀ ਸੀ' ਤਾਂ ਪਾਰਸ ਨੇ ਸਮਾਗ਼ਮ ਦੇ ਅਖ਼ੀਰ 'ਤੇ ਸੰਗਤ ਨੂੰ ਧੰਨਵਾਦੀ ਸ਼ਬਦ ਕਹਿੰਦਿਆਂ ਇਹ ਕਿਹਾ ਸੀ ਕਿ, ''ਅਸੀਂ ਆਪ ਹੀ ਤਾਂ ਆਖਦੇ ਹਾਂ ਕਿ ਪ੍ਰਮਾਤਮਾਂ ਨਿਰ-ਆਕਾਰ ਹੈ, ਉਸਦਾ ਕੋਈ ਆਕਾਰ ਨਹੀਂ। ਜੇ ਉਸਦਾ ਆਕਾਰ ਨਹੀਂ ਤਾਂ ਫਿਰ ਉਸਦਾ ਸਰੀਰ ਕਿੱਥੋਂ ਆਇਆ! ਉਸਦੇ ਕਰ-ਪੈਰ ਕਿੱਥੋਂ ਆਏ! ਜੇ ਉਸਦੇ ਚਰਨ ਹੈ ਹੀ ਨਹੀਂ ਤਾਂ ਚਰਨਾਂ ਵਿਚ ਨਿਵਾਸ ਕਾਹਦਾ!"

ਅਸੀਂ ਏਨਾ ਤਾਂ ਜ਼ਰੂਰ ਕਹਿ ਸਕਦੇ ਹਾਂ ਕਿ ਆਪਣੀ ਕਵੀਸ਼ਰੀ, ਅਗਾਂਹਵਧੂ ਤਰਕਸ਼ੀਲ ਸੋਚ, ਮਿਲਣਸਾਰ ਤੇ ਮੁਹੱਬਤੀ ਸ਼ਖ਼ਸੀਅਤ ਦਾ ਜਲੌਅ ਉਸਦੇ ਪ੍ਰਸੰਸਕਾਂ-ਪ੍ਰੇਮੀਆਂ ਦੇ ਦਿਲਾਂ ਵਿਚ ਦੇਰ ਤੱਕ ਜਗਦਾ ਮਘਦਾ ਰਹੇਗਾ।
-0-
11 ਮਾਰਚ  2009

ਸੁਪਨ ਸੰਧੂ ਦੀਆਂ ਲਿਖਾਰੀ ਵਿੱਚ ਪ੍ਰਕਾਸ਼ਿਤ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.