ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

   ਮੁੱਖਪੰਨਾ

             ਲੇਖ/ਖੋਜ/ਆਲੋਚਨਾ/ਰੀਵੀਊ/ਵਿਚਾਰ/ਚੇਤੇ ਦੀ ਚੰਗੇਰ

likhari2001@yahoo.co.uk


ਸੁਰਿੰਦਰ ਸੋਹਲ

ਗੁਰਦੇਵ ਸਿੰਘ ਘਣਗਸ ਦੀ
ਨਵੀਂ ਕਾਵਿ-ਪੁਸਤਕ ‘ਧੁਖਦੇ ਅਹਿਸਾਸ’

-ਸੁਰਿੰਦਰ ਸੋਹਲ-


ਗੁਰਦੇਵ ਸਿੰਘ ਘਣਗਸ


ਗੁਰਦੇਵ ਸਿੰਘ ਘਣਗਸ ਲੰਮੇ ਸਮੇਂ ਤੋਂ ਅਮਰੀਕਾ ਵਿਚ ਰਹਿ ਰਿਹਾ ਹੈ। ਉਸਨੇ ਕਲਮ ਜ਼ਿੰਦਗੀ ਦੀਆਂ ਸੱਠ ਬਹਾਰਾਂ ਦੇਖਣ ਤੋਂ ਬਾਅਦ ਉਠਾਈ। ਹੁਣ ਤੱਕ ਉਸਦੇ ਚਾਰ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ, ‘ਸੱਠਾਂ ਤੋਂ ਬਾਦ’ ‘ਤੁਰਦੇ ਭੁਰਦੇ ਜੁੜਦੇ ਰਿਸ਼ਤੇ’, ‘ਕੁਝ ਆਰ ਦੀਆਂ-ਕੁਝ ਪਾਰ ਦੀਆਂ’, ‘ਧੁਖਦੇ ਅਹਿਸਾਸ’।

‘ਧੁਖਦੇ ਅਹਿਸਾਸ’ ਉਸਦਾ 2009 ਵਿਚ ਪ੍ਰਕਾਸ਼ਿਤ ਹੋਇਆ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸਦੀਆਂ ਕੁਝ ਨਜ਼ਮਾਂ ਅਤੇ ਕੁਝ ਗੀਤ ਹਨ। ਬਾਕੀ ਸਾਰੀਆਂ ਗ਼ਜ਼ਲਾਂ ਹੀ ਹਨ। ਦੂਜੇ ਸ਼ਬਦਾਂ ਵਿਚ ਇਸ ਨੂੰ ਗ਼ਜ਼ਲ ਸੰਗ੍ਰਹਿ ਕਹਿ ਲੈਣਾ ਇਤਰਾਜ਼ਯੋਗ ਨਹੀਂ।

ਕਵੀ ਦੀ ਸੁਰ ਵਿਅੰਗਮਈ, ਪ੍ਰਹਸਨ ਵਿਚ ਗੁੰਨ੍ਹੀ ਹੋਈ ਹੈ। ਜ਼ਿੰਦਗੀ ਨਾਲ ਜੁੜੀਆਂ ਸਮੱਸਿਆਂ ਨੂੰ ਹਾਸ-ਰਸ ਅੰਦਾਜ਼ ਵਿਚ ਪੇਸ਼ ਕਰਦਾ ਹੋਇਆ ਵੀ ਕਵੀ ਸਮੱਸਿਆ ਨਾਲ ਜੁੜੇ ਕਾਰਨ ਤੱਕ ਜਾਣ ਦੀ ਲਗਨ ਨੂੰ ਨਹੀਂ ਛੱਡਦਾ।

ਕਵੀ ਨੇ ਅੱਤਵਾਦ, ਜੰਗ, ਪ੍ਰਦੂਸ਼ਣ, ਰਿਸ਼ਵਤਖੋਰੀ ਵਰਗੇ ਵਿਸ਼ਵ-ਵਿਆਪੀ ਵਿਸ਼ਿਆਂ ਨੂੰ ਸੰਜੀਦਗੀ ਨਾਲ ਪੇਸ਼ ਕਰਨਾ ਆਪਣੀ ਜ਼ਿੰਮੇਵਾਰੀ ਸਮਝੀ ਹੈ।

ਕਾਰ ਸੇਵਾ ਦੇ ਨਾਮ ’ਤੇ ਇਤਿਹਾਸਿਕ ਥਾਵਾਂ ਨੂੰ ਮਿਟਾ ਮਿਟਾ ਕੇ, ਮਨੁੱਖੀ ਸੋਚ ਵਿਚੋਂ ਇਤਿਹਾਸਕ ਥਾਵਾਂ ਦੀ ਮਹੱਤਤਾ ਨੂੰ ਮਨਫ਼ੀ ਕਰਨ ਵਾਲੇ ਬਾਬਿਆਂ ਦੀ ਕਾਰਗੁਜ਼ਾਰੀ ਕਾਰਨ ਸ਼ਾਇਰ ਬੇਹੱਦ ਚਿੰਤਤ ਹੈ-

ਬਾਬੇ ਚਿੱਟੀਆਂ ਕਾਰਾਂ ਵਾਲੇ
ਢਾਵਣ ਲੱਗ ਪਏ ਕੰਧਾਂ,
ਨਾਮ ਨਿਸ਼ਾਨ ਨਾ ਛੱਡਿਆ ਲੋਕਾਂ,
ਫਤਹਿਗੜ੍ਹ, ਚਮਕੌਰ।
(ਪੰਨਾ 52)

ਕੁਦਰਤ ਦੀ ਅਕੱਥ ਖ਼ੂਬਸੂਰਤੀ ਹੈ। ਕੁਦਰਤ ਦੇ ਰਹੱਸਾਂ ਵਿਚ ਬੇਓੜਕ ਸੁੰਦਰਤਾ ਵਿਸਮਾਦ ਰੂਪ ਵਿਚ ਪਈ ਹੈ। ਮਨੁੱਖ ਨੇ ਕੁਦਰਤ ਦੇ ਭੇਦਾਂ ਨੂੰ ਫਰੋਲਦੇ ਫਰਲੋਦੇ ਪ੍ਰਦੂਸ਼ਣ ਦਾ ਦੈਂਤ ਪੈਦਾ ਕਰ ਦਿੱਤਾ ਹੈ, ਜਿਹੜਾ ਹੌਲੀ ਹੌਲੀ ਇਸ ਸੁੰਦਰਤਾ ਦੀ ਪਰੀ ਨੂੰ ਗ਼ੁਲਾਮ ਬਣਾਉਂਦਾ ਜਾ ਰਿਹਾ ਹੈ। ਇਸੇ ਫਿਕਰ ਵਿਚੋਂ ਸ਼ਾਇਰ ਦੀ ਸ਼ਾਇਰੀ ਜਨਮ ਲੈਂਦੀ ਹੈ-

ਕਰ ਦਿੱਤਾ ਹੈ ਅੰਬਰ ਕਾਲਾ ਬੰਦੇ ਨੇ,
ਚੰਨ ਤਾਰੇ ਸਨ ਲਾਏ ਵੇਖੋ ਕੁਦਰਤ ਨੇ।
ਮੌਸਮ ਗੰਦਾ ਕਰ ਦਿੱਤਾ ਹੈ ਬੰਦਿਆਂ ਨੇ,
ਪੌਦੇ ਬਹੁਤ ਉਗਾਏ ਵੇਖੋ ਕੁਦਰਤ ਨੇ।
(ਪੰਨਾ 44)

ਕਵੀ ਵਾਸਤੇ ਕਵਿਤਾ ਦਾ ਪ੍ਰਯੋਜਨ ਜਿੱਥੇ ਗ਼ਲਤ ਸਥਾਪਤੀਆਂ ਦਾ ਵਿਰੋਧ ਕਰਨਾ ਹੈ, ਉੱਥੇ ਆਪਣੇ ਦਿਲ ਦੇ ਦਰਦ ਦੀ ਦਵਾ ਵੀ ਹੈ-

ਕਵਿਤਾ ਲਿਖ ਲਿਆ ਕਰ ‘ਘਣਗਸ’,
ਕੋਈ ਹੋਰ ਜੇ ਚਾਰਾ ਨਹੀਂ ਮਿਲਦਾ।
(ਪੰਨਾ 36)

ਹਰ ਪਾਸੇ ਮਾਰੂ ਜੰਗ, ਪ੍ਰਦੂਸ਼ਣ ਦੀ ਸਮੱਸਿਆ, ਭ੍ਰਿਸ਼ਟ ਰਾਜਨੀਤੀ ਦੇ ਮਾਹੌਲ ਵਿਚ ਵੀ ਸ਼ਾਇਰ ਆਸ-ਪਸੰਦ ਤੇ ਆਸਵੰਦ ਵੀ ਹੈ-

ਨਿੱਤ ਨਵੇਂ ਸੁਪਨੇ ਲਿਆ ਕਰ,
ਜਿਮੀਂ, ਅਸਮਾਨ, ਤਾਰੇ ਚੰਦ ਲਿਖ।

ਸ਼ਾਇਰ ਦਾ ਅੰਦਾਜ਼ ਜਦੋਂ ਫਲਸਫਾਨਾ ਹੋ ਜਾਂਦਾ ਹੈ ਤਾਂ ਉਹ ਖ਼ੂਬਸੂਰਤ ਖ਼ਿਆਲ ਪੈਦਾ ਕਰਦਾ ਹੈ-

ਕੀਹਦੇ ਸੰਗ ਦੁਖ ਸੁਖ ਫਰੋਲੀਏ,
ਖ਼ੁਦ ਜਿਹਾ ਪਿਆਰਾ ਨਹੀਂ ਮਿਲਦਾ।
(ਪੰਨਾ 36)

ਰਹੱਸਵਾਦੀ ਦ੍ਰਿਸ਼ਟੀਕੋਣ ਵੇਲੇ ਸ਼ਾਇਰ ਦੇ ਖ਼ਿਆਲ ਦੀ ਬੁਲੰਦੀ ਦੇਖਣਯੋਗ ਹੈ-

ਕੀ ਲੈਣਾ ਹੈ ਸਾਰੀ ਖ਼ਲਕਤ ਤੋਂ,
ਤੇਰਾ ਜੇ ਹੁੰਗਾਰਾ ਨਹੀਂ ਮਿਲਦਾ।
(ਪੰਨਾ 35)

ਸ਼ਾਇਰ ਕਾਵਿ-ਸਿਰਜਣਾ ਪ੍ਰਤੀ ਸੁਚੇਤ ਬੁੱਧੀ ਰੱਖਦਾ ਹੈ-

ਲਿਖਦੇ ਵੀ ਰਹੋ ਬਾਬਿਓ
ਤੇ ਸਿਖਦੇ ਵੀ ਰਹੋ,
ਲਗਦੇ ਹੱਥ ਗ਼ਜ਼ਲ ਨੂੰ,
ਬੇਬਹਿਰ ਨਾ ਕਰੋ।
(ਪੰਨਾ )

ਪਰ ਘਣਗਸ-ਕਾਵਿ ਦਾ ਅਧਿਐਨ ਕਰਦਿਆਂ ਵਿਰੋਧਾਤਮਕ ਸਥਿਤੀਆਂ ਦਾ ਬੋਧ ਹੁੰਦਾ ਹੈ। ਉਹ ਏਨਾ ਸੁਚੇਤ ਹੋਣ ਦੇ ਬਾਵਜੂਦ ਖ਼ੁਦ ਬਾ-ਬਹਿਰ ਨਹੀਂ ਰਹਿੰਦਾ। ਕਈ ਵਾਰ ਕਾਫ਼ੀਏ ਦੀਆਂ ਖੁੱਲ੍ਹਾਂ ਵੀ ਲੈ ਜਾਂਦਾ ਹੈ। ਤਿੰਨ ਅੱਖਰੀ ਸ਼ਬਦਾਂ ਦੀ ਬੰਦਿਸ਼ ਵੇਲੇ ਹੀ ਅਵੇਸਲਾ ਨਹੀਂ ਹੁੰਦਾ, ਸਗੋਂ ਤਿੰਨ ਅੱਖਰੀ ਸ਼ਬਦਾਂ ਦੇ ਕਾਫ਼ੀਏ ਵੇਲੇ ਬੇਧਿਆਨੀ ਕਰ ਜਾਂਦਾ ਹੈ। ‘ਗ਼ਜ਼ਲ’ (ਜਿਸ ਦਾ ਵਜ਼ਨ ਮੁਫ਼ਾ ਹੈ) ਨਾਲ ‘ਅਕਲ’ (ਜਿਸ ਦਾ ਵਜ਼ਨ ਫਾਇ ਹੈ) ਬੰਨ੍ਹ ਜਾਂਦਾ ਹੈ।

ਪੁਸਤਕ ਦੀ ਭੂਮਿਕਾ ਵਿਚੋਂ ਟੋਹ ਮਿਲਦੀ ਹੈ ਕਿ ਸ਼ਾਇਰ ਉਸਤਾਦ ਸ਼ਾਇਰ ਸੁਲੱਖਣ ਸਰਹੱਦੀ ਦੀ ਸੰਗਤ ਵਿਚ ਆ ਗਿਆ ਹੈ। ਉਮੀਦ ਕੀਤੀ ਜਾਂਦੀ ਹੈ ਕਿ ਸ਼ਾਇਰ ਦਾ ਅਗਲਾ ਗ਼ਜ਼ਲ-ਸੰਗ੍ਰਹਿ ਅਜਿਹੇ ਐਬਾਂ ਤੋਂ ਮੁਕਤ ਹੋਵੇਗਾ।

‘ਮਾਡਰਨ ਗ਼ਜ਼ਲਾਂ’ ਦੇ ਨਾਲ ਨਾਲ ਸ਼ਾਇਰ ਨੇ ‘ਮਾਡਰਨ ਬੋਲੀਆਂ’ ਦੀ ਰਚਨਾ ਵੀ ਕੀਤੀ ਹੈ, ਜਿਹਨਾਂ ਦੇ ਥੀਮ ਦਾ ਸਰੋਕਾਰ ਆਧੁਨਿਕ ਮਨੁੱਖ ਦੀਆਂ ਪ੍ਰਸਥਿਤੀਆਂ ਨਾਲ ਹੈ।

ਇਸ ਸੰਗ੍ਰਹਿ ਵਿਚਲੇ ਗੀਤ, ਪ੍ਰਚੱਲਤ ਗੀਤਾਂ ਦੀ ਰਿਵਾਇਤ ਨੂੰ ਰੂਪਕ ਅਤੇ ਵਿਸ਼ੈ ਦੋਹਾਂ ਪੱਖਾਂ ਤੋਂ ਤੋੜਦੇ ਹਨ। ਇਹਨਾਂ ਗੀਤਾਂ ਦੀ ਬੋਲੀ ਸਾਦਾ, ਤਾਸੀਰ ਸਾਹਿਤਕ ਹੈ। ਵਿਸ਼ੇ ਪੱਖੋਂ ਵਿਭਿੰਨਤਾ ਹੈ ਪਾਠਕ (ਸਰੋਤੇ) ਦੀ ਸੁਹਜ-ਭੁੱਖ ਪੂਰੀ ਕਰਨ ਦੀ ਸਮਰੱਥਾ ਰੱਖਦੀ ਹੈ।

ਰਿਵਾਇਤੀ ਕਾਵਿ-ਰੂਪ ਕਵੀਸ਼ਰੀ ਨੂੰ ਸ਼ਾਇਰ ਨੇ ਆਪਣੇ ਪ੍ਰਯੋਜਨ ਦੀ ਸਿੱਧੀ ਲਈ ਸ਼ਲਾਘਾਯੋਗ ਢੰਗ ਨਾਲ ਵਰਤਿਆ ਹੈ। ਰਿਵਾਇਤੀ ਕਾਵਿ-ਰੂਪ ਵਿਚ ਅੱਜ ਦੀਆਂ ਮਾਨਸਿਕ ਗੁੰਝਲਾਂ ਪੇਸ਼ ਕਰਨਾ ਲੇਖਕ ਦੀ ਸਮਰੱਥਾ ਪ੍ਰਗਟ ਕਰਦਾ ਹੈ।

‘ਬਾਬਾ ਫਰੀਦ’ ਦੇ ਸ਼ਲੋਕਾਂ ਨੂੰ ਜ਼ਮੀਨ ਵਜੋਂ ਵਰਤ ਕੇ ਲਿਖੇ ਗੁਰਦੇਵ ਸਿੰਘ ਘਣਗਸ ਦੇ ਸ਼ਲੋਕ ਵਰਤਮਾਨ ਸਮੱਸਿਆਵਾਂ ਨੂੰ ਪੇਸ਼ ਕਰਨ ਦਾ ਕਾਮਯਾਬ ਵਾਹਨ ਬਣੇ ਹਨ-

ਫਰੀਦਾ ਸਾਡੇ ਇਸ਼ਕ ’ਚੋਂ ਵਿਸਰੀ ਤੇਰੀ ਯਾਦ।
ਅੱਜ ਕੱਲ੍ਹ ਤੇਰੇ ਸ਼ਹਿਰ ਵਿਚ ਉੱਗ ਰਿਹਾ ਅੱਤਵਾਦ।
ਫਰੀਦਾ ਸਾਡੇ ਮੁਲਕ ਦੇ ਆਗੂਆਂ ਲਾਹੀ ਸੰਗ।
ਕੋਠੇ ਭਰ ਭਰ ਦੇਖਦੇ, ਘਰ ਘਰ ਭੁਜਦੀ ਭੰਗ।
(ਪੰਨਾ 96)

ਖ਼ੂਬਸੂਰਤ ਦਿੱਖ ਵਾਲੀ ਇਹ ਕਾਵਿ-ਪੁਸਤਕ ਲੋਕਗੀਤ ਪ੍ਰਕਾਸ਼ਨ ਵਲੋਂ ਛਾਪੀ ਗਈ ਹੈ। 96 ਸਫਿਆਂ ਦੀ ਇਸ ਕਿਤਾਬ ਦੀ ਕੀਮਤ 150 ਰੁਪਏ ਹੈ।
****
(7 ਅਪਰੈਲ  2009)

e-mail:
ilKfrI

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.