ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

-ਲੇਖ/ਮੁਲਾਕਾਤ/ਸਵੈ-ਕਥਨ


-sqnfm isMG Zfh-

ਗੁਆਚੇ ਘਰ ਦੀ ਤਲਾਸ਼ ਵਾਲ਼ਾ ਜਗਤਾਰ ਢਾਅ
 ਮੁਲਾਕਾਤੀ: ਸਤਨਾਮ ਸਿੰਘ ਢਾਹ (ਕੈਲਗਰੀ,ਕੈਨੇਡਾ)


ਜਗਤਾਰ ਢਾਅ ਪੰਜਾਬੀ ਕਵਿਤਾ ਵਿੱਚ ਤੇ ਖ਼ਾਸ ਕਰਕੇ ਬਰਤਾਨਵੀ ਕਵੀਆਂ ਵਿੱਚ ਆਪਣਾ ਇੱਕ ਵਿਸ਼ੇਸ਼ ਸਥਾਨ ਬਣਾ ਚੁੱਕਿਆ ਹੈ। ਉਹ ਕਿਸੇ ਰਸਮੀ ਜਾਣਕਾਰੀ ਦਾ ਮੁਥਾਜ ਨਹੀਂ। ਚਾਰ ਦਹਾਕੇ ਪਹਿਲਾਂ ਆਮ ਪੰਜਾਬੀਆਂ ਵਾਂਗ ਹੀ ਉਹ ਵੀ ਰੋਟੀ ਰੋਜ਼ੀ ਅਤੇ ਚੰਗੇ ਭਵਿੱਖ ਦੀ ਭਾਲ ਵਿੱਚ ਇੰਗਲੈਂਡ ਆਇਆ ਸੀ। ਪਰ ਉਸ ਸਮੇਂ ਇੰਗਲੈਂਡ ਦਾ ਸਮਾਜਿਕ ਮਹੌਲ ਮਿੱਤਰਤਾ ਵਾਲ਼ਾ ਨਹੀਂ ਸਗੋਂ ਬਹੁਤ ਹੀ ਨਫ਼ਰਤ ਤੇ ਵਿਤੱਕਰੇ ਭਰਿਆ ਸੀ। ਜਿਨ੍ਹਾਂ ਲੋਕਾਂ ਨੇ ਉਹ ਸਮਾਂ ਦੇਖਿਆ ਹੋਇਆ ਹੈ, ਉਹ ਦੱਸਦੇ ਹਨ ਕਿ ਭਾਵੇਂ ਵਿਤੱਕਰਾ ਪੱਛਮੀ ਦੇਸ਼ਾਂ ਵਿੱਚ ਅੱਜ ਵੀ ਹੈ ਪਰ ਇਸਦੀ ਪਾਣ ਬਹੁਤ ਮੱਧਮ ਹੋ ਚੁੱਕੀ ਹੈ। ਇਸ ਫ਼ਰਕ ਨੂੰ ਜਗਤਾਰ ਢਾਅ ਨੇ ਆਪਣੀ ਕਵਿਤਾ ਵਿੱਚ ਬਹੁਤ ਹੀ ਬਰੀਕੀ ਨਾਲ, ਆਪਣੇ ਤੋਂ ਪਹਿਲਾਂ ਤੇ ਆਪਣੇ ਤੋਂ ਅਗਲੇ ਲੋਕਾਂ ਦੇ ਅਨੁਭਵ ਨੂੰ ਬਹੁਤ ਖ਼ੂਬੀ ਨਾਲ ਚਿੱਤਰਿਆ ਹੈ ਅਤੇ ਪੰਜਾਬ ਤੋਂ ਬਾਹਰ ਰਚੇ ਜਾ ਰਹੇ ਸਾਹਿਤ ਵਿੱਚ ਇੱਕ ਨਿੱਗਰ ਤੇ ਮੁੱਲਵਾਨ ਵਾਧਾ ਕੀਤਾ ਹੈ। ਕਿਉਂਕਿ ਇਸ ਵਿਤੱਕਰੇ ਨੂੰ ਮਹਿਸੂਸ ਤਾਂ ਭਾਵੇਂ ਹੋਰ ਲੋਕ ਵੀ ਕਰਦੇ ਹੋਣ ਪਰ ਇਸ ਨੂੰ ਕਿਸੇ ਵਿਧੀ ਰਾਹੀਂ ਦੂਸਰੇ ਲੋਕਾਂ ਤਾਈਂ ਪਹੁੰਚਾਉਣਾ, ਜਾਂ ਇਸਦਾ ਵਿਰੋਧ ਕਰਨਾ ਕਿਸੇ ਵਿਰਲੇ ਵਿਅਕਤੀ ਦੇ ਹਿੱਸੇ ਆਉਂਦਾ ਹੈ। ਪਿੱਛਲੇ ਦਿਨੀਂ ਜਗਤਾਰ ਢਾਅ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਤੇ ਖੁੱਲ੍ਹ ਕੇ ਗੱਲ ਬਾਤ ਹੋਈ। ਪੁਰਾਣੀਆਂ ਗੱਲਾਂ ਦੇ ਨਾਲ ਨਾਲ ਕਈ ਨਵੀਆਂ ਗੱਲਾਂਬਾਤਾਂ ਦਾ ਪਤਾ ਲਗਾ। ਇੱਕ ਗੱਲ ਮੈਂ ਆਪ ਨਾਲ ਹੋਰ ਸਾਂਝੀ ਕਰ ਲਵਾਂ, ਜਗਤਾਰ ਢਾਹ ਮੇਰਾ ਪੇਂਡੂ ਤੇ ਸਾਡੇ ਘਰਾਂ ਵਿੱਚੋਂ ਰਿਸ਼ਤੇ ਵਜੋਂ ਮੇਰਾ ਵੱਡਾ ਵੀਰ ਵੀ ਹੈ। ਪਰ ਮੁਲਾਕਾਤ ਕਰਦਿਆਂ, ਉਹਨੂੰ ਕੁਰੇਦਦਿਆਂ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਕੋਈ ਗੱਲ ਲੁਕੋ ਨਾ ਜਾਵੇ, ਪਰ ਹੋ ਸਕਦਾ ਬਹੁਤ ਸਾਰੀਆਂ ਗੱਲਾਂ ਪੁੱਛਣੋ ਰਹਿ ਗਈਆਂ ਹੋਣ। ਪੇਸ਼ ਹਨ ਜਗਤਾਰ ਢਾਅ ਨਾਲ ਕੀਤੀ ਮੁਲਾਕਾਤ ਦੇ ਕੁੱਝ ਅੰਸ਼:

? ਜਗਤਾਰ ਜੀ, ਪਹਿਲਾਂ ਆਪਣੇ ਬਚਪਨ ਅਤੇ ਪਿਛੋਕੜ ਬਾਰੇ ਕੁੱਝ ਦਸੋ?

ਬਚਪਨ ਬਾਰੇ ਦੱਸਣ ਲਈ ਕੁੱਝ ਖ਼ਾਸ ਨਹੀਂ। ਪਿੰਡ ਦੇ ਆਮ ਮੁੰਡਿਆਂ ਵਾਂਗ ਹੀ ਮੇਰਾ ਬਚਪਨ ਵੀ ਹਾਣੀਆਂ ਸੰਗ ਪਿੰਡ ਦੀਆਂ ਗਲ਼ੀਆਂ ਮੁਹੱਲਿਆਂ ਵਿੱਚ ਲੁਕਣ-ਮੀਚੀ ਖੇਡਦਿਆਂ ਅਤੇ ਆਪਣੇ ਪਿੰਡ ਦੀਆਂ ਬੋਹੜਾਂ, ਪਿੱਪਲ਼ਾਂ ਹੇਠਾਂ ਜੰਘ-ਪਲੰਘਾ ਖੇਡਦਿਆਂ ਗੁਜ਼ਰਿਆ। ਮੇਰਾ ਪਿੰਡ ਸਰਗੂੰਦੀ (ਨੇੜੇ) ਗੁਰਾਇਆ ਹੈ। ਮੇਰਾ ਜਨਮ ਇੱਕ ਸਧਾਰਨ ਕਿਸਾਨ ਘਰਾਣੇ ਵਿੱਚ ਹੋਇਆ। ਗੌਰਮਿੰਟ ਹਾਈ ਸਕੂਲ ਗੁਰਾਇਆ ਤੋਂ ਦਸਵੀਂ ਕੀਤੀ। ਜਿਵੇਂ ਆਪਣੇ ਸਕੂਲਾਂ ਵਿੱਚ ਉਸ ਵੇਲੇ ਹੁੰਦਾ ਸੀ, ਥੱਪੜ ਤੇ ਡੰਡੇ ਦਾ ਫਾਰਮੂਲਾ ਮੇਰੇ ’ਤੇ ਵੀ ਚਲਦਾ ਰਿਹਾ। ਅਸੀਂ ਦੋ ਭੈਣਾਂ ਤੇ ਚਾਰ ਭਰਾ ਹਾਂ। ਸਾਡੇ ਪਿਤਾ ਜੀ ਇੰਗਲੈਂਡ ਆਏ ਸਨ। ਪਰ ਇੱਥੇ ਗੋਰਿਆਂ ਦਾ ਨਸਲੀ ਵਿਤੱਕਰਾ ਨਾ ਸਹਾਰਦਾ ਹੋਇਆ ਇੰਗਲੈਂਡ ਨੂੰ ਠੋਕਰ ਮਾਰ ਵਾਪਸ ਇੰਡੀਆ ਜਾ ਕੇ ਹਲ਼ ਦਾ ਮੁੰਨਾ ਫੜ ਲਿਆ। ਤੁਹਾਨੂੰ ਪਤਾ ਹੈ ਕਿ ਇੱਕਲੇ ਵਿਅਕਤੀ ਦੀ ਕਮਾਈ, ਉਹ ਵੀ ਖੇਤੀ ਵਿੱਚੋਂ, ਪਰਿਵਾਰ ਦਾ ਗੁਜ਼ਾਰਾ ਬਹੁਤ ਔਖਾ ਸੀ। ਸੋ ਪਰਿਵਾਰਿਕ ਗਰੀਬੀ ਨਾਲ ਦੋ ਹੱਥ ਕਰਦੇ ਕਰਾਉਂਦੇ, ਮੇਰਾ ਵੱਡਾ ਭਾਈ ਇੰਗਲੈਂਡ ਆ ਗਿਆ ਤਾਂ ਸਾਹ ਕੁੱਝ ਸੌਖਾ ਹੋਇਆ।

? ਹਾਈ ਸਕੂਲ ਤੋਂ ਬਾਅਦ ਕਿਹੜੇ ਕਾਲਿਜ ਗਏ?

ਹਾਈ ਸਕੂਲ ਕਰਕੇ ਰਾਮਗੜ੍ਹੀਆ ਕਾਲਜ ਫ਼ਗਵਾੜੇ ਬੀ. ਏ. ਭਾਗ ਦੂਜਾ ਦੇ ਇਮਤਿਹਾਨ ਦੇ ਕੇ ਮੈਂ ਇੰਗਲੈਂਡ ਆ ਗਿਆ। ਇੱਥੇ ਕਾਲਜ ਦੇ ਦਿਨਾਂ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ। ਇੱਥੇ ਹੀ ਕਿਸੇ ਕੁੜੀ ਨੂੰ ਮੈਂ ਪਿਆਰ ਕੀਤਾ ਸੀ, ਜਿਸ ਨੂੰ ਅੱਜ ਵੀ ਕਈ ਵਾਰ ਮੈਂ ਆਪਣੇ ਸੁਪਨਿਆਂ ਵਿੱਚ ਲਭਦਾ ਫਿਰਦਾ ਹਾਂ। ਇੱਥੇ ਪੜ੍ਹਦਿਆਂ ਹੀ ਲਿਖਣ ਦੀ ਚਿਣਗ ਵੀ ਮੇਰੇ ਅੰਦਰ ਫੁੱਟੀ।

? ਇੰਗਲੈਂਡ ਆਉਣ ਦਾ ਸਬੱਬ ਕਦੋਂ ਤੇ ਕਿਸ ਤਰ੍ਹਾਂ ਬਣਿਆ?

ਇੰਗਲੈਂਡ ਮੈਂ 1968 ਵਿੱਚ ਆਇਆ ਸੀ। ਕਿਉਂਕਿ ਮੇਰਾ ਵੱਡਾ ਵੀਰ ਮੱਖਣ ਸਿੰਘ 1964 ਵਿੱਚ ਇੰਗਲੈਂਡ ਆ ਗਿਆ ਸੀ। ਬਸ ਉਹਦਾ ਹੀ ਉਪਰਾਲਾ ਸੀ ਮੈਨੂੰ ਇੰਗਲੈਂਡ ਸੱਦਣ ਦਾ। ਜਿਵੇ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਕਿ ਛੋਟੀ ਕਿਸਾਨੀ ਨੂੰ ਗਰੀਬੀ ਨੇ ਘੇਰ ਰੱਖਿਆ ਸੀ ਅਤੇ ਅੱਜ ਵੀ ਛੋਟੇ ਕਿਸਾਨ ਦਾ ਉਹੀ ਹਾਲ ਹੈ। ਰੋਟੀ ਰੋਜ਼ੀ ਦੀ ਭਾਲ ਵਿੱਚ ਇੱਧਰ ਉੱਧਰ ਹੱਥ ਪੈਰ ਮਾਰਦਿਆਂ ਹੋਰ ਕੋਈ ਰਸਤਾ ਹੀ ਨਹੀਂ ਸੀ। ਜਿਹੜਾ ਬਾਪ ਇੰਗਲੈਂਡ ਦੇ ਨਸਲੀ ਵਿਤੱਕਰੇ ਦਾ ਸ਼ਿਕਾਰ ਹੋਇਆ ਇੰਗਲੈਂਡ ਨੂੰ ਛੱਡ ਕੇ ਵਾਪਿਸ ਆ ਗਿਆ ਸੀ; ਆਰਥਿਕ ਮੰਦਹਾਲੀ ਨੇ ਉਸ ਨੂੰ ਇੰਨਾ ਤੰਗ ਕਰ ਦਿੱਤਾ ਹੁਣ ਉਹ ਹਰ ਕੋਸ਼ਿਸ਼ ਕਰ ਰਿਹਾ ਸੀ ਕਿ ਮੇਰੇ ਬੱਚੇ ਕਿਸੇ ਤਰ੍ਹਾਂ ਇੰਗਲੈਂਡ ਚਲੇ ਜਾਣ। ਜਿਹੜਾ ਪਹਿਲਾਂ ਕਹਿੰਦਾ ਸੀ ਕਿ ਉਹਨੇ ਤਾਂ ਚੌਂਹ ਪੁੱਤਰਾਂ ਵਿੱਚ ਬੈਠਿਆਂ ਨਹੀਂ ਸੀ ਦਿਸਣਾ, ਉਸਦਾ ਇਹ ਸੁਪਨਾ ਚਕਨਾਚੂਰ ਹੋ ਚੁੱਕਿਆ ਸੀ। ਹੁਣ ਬਾਪ ਦਾ ਅਸਲੀਅਤ ਨਾਲ ਵਾਸਤਾ ਪੈ ਚੁੱਕਾ ਸੀ।

? ਤੁਸੀਂ ਕਵਿਤਾ ਲਿਖਣ ਵੱਲ ਕਿਸ ਤਰ੍ਹਾਂ ਖਿੱਚੇ ਗਏ? ਲਿਖਣ ਦੀ ਸ਼ੁਰੂਆਤ ਕਦੋਂ ਕੀਤੀ? ਕੀ ਪਹਿਲੀਆਂ ਰਚਨਾਵਾਂ ਕਿਧਰੇ ਸੰਭਾਲੀਆਂ ਵੀ ਕਿ ਕੱਚੀਆਂ ਪਿੱਲੀਆਂ ਸਮਝ ਕੇ ਦੱਬ ਲਈਆਂ ਜਾਂ ਸੁੱਟ ਦਿੱਤੀਆਂ?

ਮੇਰੇ ਲਿਖਣ ਵਿੱਚ ਵੀ ਮੈਂ ਸਮਝਦਾ ਹਾਂ ਕਿ ਮੇਰੇ ਪਿਤਾ ਜੀ ਦਾ ਹੱਥ ਹੈ। ਪਿੰਡ ਦੇ ਬਾਹਰਲੇ ਪਾਸੇ ਸਾਡੀ ਹਵੇਲੀ ਹੁੰਦੀ ਸੀ। ਪਿਤਾ ਜੀ ਮੰਜੇ ਦੇ ਸਰਾਹਣੇ ਹੇਠ ਕਾਦਰਯਾਰ ਦੇ, ਪੂਰਨ ਭਗਤ, ਹੀਰ ਰਾਂਝੇ, ਸੋਹਣੀ ਮਹੀਵਾਲ, ਲੈਲਾ ਮਜਨੂੰ ਦੇ ਕਿੱਸੇ ਪਏ ਹੁੰਦੇ ਸਨ। ਪਿਤਾ ਜੀ ਤੋਂ ਚੋਰੀ ਸਾਰੇ ਕਿੱਸਿਆਂ ਨੂੰ ਪੜ੍ਹਿਆਂ ਤਾਂ ਮੇਰੇ ਅੰਦਰ ਵੀ ਕੁੱਝ ਲਿਖਣ ਦੀ ਰੀਝ ਪੈਦਾ ਹੋ ਗਈ। ਕਈ ਕੁੱਝ ਕੱਚਾ ਪਿੱਲਾ ਲਿਖਦਾ ਵੀ ਸੀ। ਮੇਰੀ ਪਹਿਲੀ ਕਿਤਾਬ ਕਵਿਤਾ ਦੀ ਨਹੀਂ ਸਗੋਂ ਕਹਾਣੀਆਂ ਦੀ ‘ਨਿਰਮਲ ਬੂੰਦ’ ਛਪੀ ਸੀ। ਗੱਲ ਇਸ ਤਰ੍ਹਾਂ ਹੋਈ ਕਿ ਮੈਂ ਨਵਾਂ ਨਵਾਂ ਰਾਮਗੜ੍ਹੀਆ ਕਾਲਜ ਪੜ੍ਹਨ ਲੱਗਾ ਸਾਂ। ਕਾਲਜ ਦੇ ਨੋਟਿਸ ਬੋਰਡ ਤੇ ਇੱਕ ਨੋਟ ਲੱਗਾ ਦੇਖਿਆ ਕਿ ਕਾਲਜ ਦੇ ਮੈਗਜ਼ੀਨ ‘ਜੋਤੀ’ ਦੇ ਅਡੀਟਰ ਨੇ ਮੈਗਜ਼ੀਨ ਲਈ ਰਚਨਾਵਾਂ ਮੰਗੀਆਂ ਹਨ। ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਹਫ਼ਤੇ ਦੇ ਵਿੱਚ ਹੀ ਦੋ ਕਹਾਣੀਆ ਜਗਜੀਤ ਸਿੰਘ ਛਾਬੜਾ ਨੂੰ ਦੇ ਦਿੱਤੀਆਂ। ਜਦੋਂ ਪ੍ਰੋਫੈਸਰ ਨੇ ਦੇਖੀਆਂ ਤਾਂ ਮੈਨੂੰ ਦੱਸਿਆ ਕਿ ਇਹ ਅੰਕ ਇੱਕ ਸਪੈਸ਼ਲ ਅੰਕ ਹੈ ਜਿਹੜਾ ਕਿ ਜਵਾਹਰ ਲਾਲ ਨਹਿਰੂ ਤੇ ਕਾਲਜ ਦੇ ਪ੍ਰਧਾਨ ਮੋਹਣ ਸਿੰਘ ਨੂੰ ਸਮਰਪਤ ਹੈ। ਉਹ ਉਹਨਾਂ ਦਿਨਾਂ ਵਿੱਚ ਅਕਾਲ ਚਲਾਣਾ ਕਰ ਗਏ ਸਨ। ਪਰ ਉਸ ਨੇ ਮੇਰੀਆਂ ਕਹਾਣੀਆਂ ਪੜ੍ਹਨ ਨੂੰ ਰੱਖ ਲਈਆਂ ਤੇ ਕਿਹਾ ਕੁੱਝ ਕਹਾਣੀਆਂ ਹੋਰ ਲਿਖਾਂ। ਮੈਂ ਪੰਦਰਾਂ ਕਹਾਣੀਆਂ ਉਨ੍ਹਾਂ ਨੂੰ ਦੇ ਦਿੱਤੀਆਂ। ਉਨ੍ਹਾਂ ਵਿੱਚੋਂ ਬਾਰਾਂ ਦੀ ਚੋਣ ਕਰਕੇ ਮੈਨੂੰ ਇੱਕ ਕਹਾਣੀ ਸੰਗ੍ਰਹਿ ਛਾਪਣ ਦੀ ਪੇਸ਼ਕਸ਼ ਕੀਤੀ। ਮੈਂ ਉਸ ਨੂੰ ਦੋ ਸੌ ਰੁਪਏ ਦਿੱਤੇ, ਜਿਸ ਦੀਆਂ ਕਿਤਾਬਾਂ ਮੈਨੂੰ ਦੇ ਦਿੱਤੀਆਂ। ਕਿਤਾਬ ਨੂੰ ਵੇਚਣ ਲਈ ਉਸ ਨੇ ਇੱਕ ਚਲਾਕੀ ਇਹ ਕੀਤੀ ਕਿ ਕਿਤਾਬ ਦੇ ਅੰਦਰ ਤਾਂ ਮੇਰਾ ਨਾਂ ਛਪਵਾ ਦਿੱਤਾ ਪਰ ਬਾਹਰਲੇ ਪਾਸੇ ਇੱਕਲਾ ਜਗਤਾਰ ਹੀ ਲਿਖ ਦਿੱਤਾ। ਕਿਉਂਕਿ ਜਗਤਾਰ ਢਾਹ ਨੂੰ ਕੋਈ ਨਹੀਂ ਸੀ ਜਾਣਦਾ। ਡਾ. ਜਗਤਾਰ ਇੱਕ ਪ੍ਰਸਿੱਧ ਸ਼ਾਇਰ ਹੈ ਤੇ ਇੱਕ ਚਰਚਿਤ ਨਾਂਅ ਹੈ। ਇਹ ਸਭ ਕੁੱਝ ਦੇਖ ਕੇ ਮੇਰਾ ਮਨ ਬਹੁਤ ਖੱਟਾ ਹੋਇਆ। ਮੈਂ ਕਹਾਣੀਆ ਲਿਖਣੀਆਂ ਹੀ ਛੱਡ ਦਿੱਤੀਆਂ। ਮੈਂ ਆਪਣੀ ਜ਼ਿੰਦਗੀ ਦੀ ਕਵਿਤਾ ਜਿਸ ਕੁੜੀ ਨੂੰ ਪਿਆਰ ਕੀਤਾ, ਉਹਦੇ ਬਾਰੇ ਲਿਖੀ ਜੋ ਉਦੋਂ ‘ਸੁਰਤਾਲ’ ਵਿੱਚ ਕਿਸੇ ਹੋਰ ਨਾਂਅ ਹੇਠ ਛਪੀ।

? ਆਉ ਗੱਲ ਕਵਿਤਾ ਦੀ ਕਰੀਏ। ਤੁਸੀਂ ਕੀ ਸਮਝਦੇ ਹੋ ਕਿ ਵਧੀਆ ਕਵਿਤਾ ਲਿਖਣੀ ਸਿੱਖੀ ਜਾ ਸਕਦੀ ਹੈ? ਕਵਿ-ਵਿਧੀਆਂ ਨੂੰ ਜਾਂ ਅਲੰਕਾਰ ਨੂੰ ਕਵਿਤਾ ਲਈ ਜ਼ਰੂਰੀ ਮੰਨਦੇ ਹੋ? ਜਾਂ ਬਿਨਾਂ ਅਲੰਕਾਰ ਵੀ ਵਧੀਆ ਕਵਿਤਾ ਲਿਖੀ ਜਾ ਸਕਦੀ ਹੈ?

ਮੇਰੇ ਖ਼ਿਆਲ ਵਿੱਚ ਕਵਿਤਾ ਲਿਖਣੀ ਸਿੱਖੀ ਨਹੀਂ ਜਾ ਸਕਦੀ। ਇਹ ਤਾਂ ਆਪ ਮੁਹਾਰੀ ਅੰਦਰੋਂ ਹੀ ਉੱਠਦੀ ਹੈ। ਮੈਂ ਕਵਿਤਾ ਲਈ ਅਲੰਕਾਰ ਨੂੰ ਜ਼ਰੂਰੀ ਨਹੀਂ ਮੰਨਦਾ। ਬਿਨਾਂ ਅਲੰਕਾਰਾਂ ਤੋਂ ਵੀ ਵਧੀਆ ਕਵਿਤਾ ਲਿਖੀ ਜਾ ਸਕਦੀ ਹੈ। ਤੁਕਬੰਦੀ ਵਿੱਚ ਮੇਰਾ ਯਕੀਨ ਨਹੀਂ। ਕਵਿਤਾ ਉੱਤੇ ਗ਼ਜ਼ਲ ਵਾਲਾ ਡਸਿਪਲਨ ਲਾਗੂ ਨਹੀਂ ਕੀਤਾ ਜਾ ਸਕਦਾ। ਇਸ ਨਾਲ ਕਵਿਤਾ ਮਰ ਜਾਵੇਗੀ। ਕਵਿਤਾ ਉਹੀ ਵਧੀਆ ਹੈ ਜਿਸ ਦਾ ਬਹਾਉ ਪਾਣੀ ਵਾਂਗੂੰ ਹੋਵੇ। ਕਵਿਤਾ ਲਿਖਣ ਲਈ ਮੈਂ ਸ਼ਿਲਪ ਨੂੰ ਇਸ ਹੱਦ ਤੀਕ ਮਹੱਤਤਾ ਦਿੰਦਾ ਹਾਂ ਕਿ ਵਾਰਤੱਕ ਨੂੰ ਹੇਠਾਂ ਉੱਪਰ ਲਿਖਣ ਨਾਲ ਕਵਿਤਾ ਨਹੀਂ ਬਣ ਜਾਂਦੀ। ਸ਼ਿਲਪ ਤੋਂ ਮੇਰਾ ਭਾਵ ਤੁਕਬੰਦੀ ਨਹੀਂ। ਕਵਿਤਾ ਸੋਹਣੀ ਕੁੜੀ ਵਰਗੀ ਹੈ, ਤੇ ਅਲੰਕਾਰ ਉਸਦੇ ਗਹਿਣੇ ਹਨ। ਗਹਿਣੇ ਇੰਨੇ ਜ਼ਿਆਦਾ ਨਹੀਂ ਚਾਹੀਦੇ ਕਿ ਉਸਦਾ ਸੋਹਣਾ ਮੁੱਖੜ੍ਹਾ ਹੀ ਨਾ ਦਿਸੇ। ਕਵਿਤਾ ਉਹੀ ਵਧੀਆ ਹੈ ਜੋ ਸਿੱਧੀ ਤੁਹਾਡੇ ਦਿਲ ਨਾਲ ਸੰਪਰਕ ਜੋੜਦੀ ਹੈ।

? ਇੰਗਲੈਂਡ ਵਿੱਚ ਰੋਟੀ ਰੋਜ਼ੀ ਦੀ ਨੱਸ ਭੱਜ ਵਿੱਚ ਕਵਿਤਾ ਵਰਗੇ ਕੋਮਲ ਹੁਨਰ ਦੀਆਂ ਕਰੂਬਲਾ ਕਿਸ ਤਰ੍ਹ੍ਹਾਂ ਫੁੱਟਦੀਆਂ ਰਹੀਆਂ?

ਮੇਰਾ ਖ਼ਿਆਲ ਹੈ ਕਿ ਕਵਿਤਾ ਲਿਖਣ ਦਾ ਜ਼ਿੰਦਗੀ ਦੇ ਕਾਰੋਬਾਰਾਂ ਨਾਲ ਬਹੁਤਾ ਵਾਸਤਾ ਨਹੀਂ। ਮੇਰੇ ਅਨੁਭਵ ਵਿੱਚ ਤਾਂ ਇਹ ਆਇਆ ਹੈ ਕਿ ਜਦੋਂ ਮੈਂ ਰੁਝੇਵਿਆਂ ਵਿੱਚ ਜ਼ਿਆਦਾ ਹੋਵਾਂ, ਉਦੋਂ ਬਹੁਤੀ ਕਵਿਤਾ ਲਿਖ ਹੁੰਦੀ ਹੈ। ਕਵਿਤਾ ਦਾ ਮਾਨਸਿਕਤਾ ਨਾਲ ਬਹੁਤ ਗੂੜ੍ਹਾ ਸਬੰਧ ਹੈ। ਜੇਕਰ ਦਿਨ ਰਾਤ ਪੈਸੇ ਧੇਲੇ, ਜਾਇਦਾਦ ਬਾਰੇ ਸੋਚਦੇ ਹੋਵੋਂ ਤਾ ਕਵਿਤਾ ਦਾ ਪੱਲੂ ਛੁੱਟ ਜਾਂਦਾ ਹੈ। ਪ੍ਰੰਤੂ ਕਿਰਤ ਕਰਦਿਆਂ ਵਧੀਆ ਕਵਿਤਾ ਲਿਖੀ ਜਾ ਸਕਦੀ ਹੈ। ਅਸਲ ਗੱਲ ਤਾਂ ਸੋਚ ਦੀ ਹੈ ਕਿ ਸੋਚ ਵਿੱਚ ਪੈਸਾ ਧੰਨ ਦੋਲਤ ਹੈ, ਜਾਂ ਕਵਿਤਾ। ਹੱਥਾਂ ਪੈਰਾਂ ਨਾਲ ਕੰਮ ਕਰਦਿਆਂ ਸੋਚਾਂ ਵਿੱਚ ਕਵਿਤਾ ਨਾਲ ਇੱਕ ਸੁਰਤਾ ਪੈਦਾ ਕੀਤੀ ਜਾ ਸਕਦੀ ਹੈ।

? ਜਗਤਾਰ ਜੀ ਕਵਿਤਾ ਲਿਖਣ ਲਈ ਪਰਿਵਾਰਕ ਸਹਿਯੋਗ ਕਿੰਨਾ ਕੁ ਰਿਹਾ? ਤੁਹਾਡੀ ਸੁਪਤਨੀ ਵਲੋਂ ਕੋਈ ਹੱਲਾਸ਼ੇਰੀ ਮਿਲ਼ੀ? ਮੈਂ ਦੇਖਦਾ ਹਾਂ ਕਿ ਆਹ ‘ਗੁਆਚੇ ਘਰ ਦੀ ਤਲਾਸ਼’ ਦੇ ਅੰਗਰੇਜ਼ੀ ਅਨੁਵਾਦ ਦਾ ਫਰੰਟ ਕਵਰ ਤੁਹਾਡੀ ਛੋਟੀ ਲੜਕੀ ਸੀਮਾ ਨੇ ਡੀਜ਼ਾਇਨ ਕੀਤਾ ਹੈ। ਕੀ ਤੁਹਾਡੇ ਬੱਚੇ ਤੁਹਾਡੀਆਂ ਰਚਨਾਵਾਂ ਨੂੰ ਪੜ੍ਹਦੇ, ਸਮਝਦੇ ਹਨ?

ਮੇਰੇ ਪਰਿਵਾਰ ਵਲੋਂ ਨਾ ਹੀ ਵਿਰੋਧ ਹੋਇਆ ਤੇ ਨਾ ਹੀ ਬਹੁਤੀ ਹੱਲਾਸ਼ੇਰੀ ਮਿਲੀ। ਉਨ੍ਹਾਂ ਵਲੋਂ ਮੈਂ ਲਿਖਾਂ ਤਾਂ ਵੀ ਠੀਕ ਹੈ ਨਾ ਵੀ ਲਿਖਾਂ ਤਾਂ ਵੀ। ਮੇਰੀਆਂ ਵੱਡੀਆਂ ਦੋ ਧੀਆਂ ਆਪਣੇ ਘਰੀਂ ਹਨ ਤੇ ਆਪਣੇ ਟੱਬਰਾਂ ਵਿੱਚ ਬੀਜ਼ੀ ਹਨ। ਨਿੱਕੀ ਧੀ ਸੀਮਾ ਸਾਡੇ ਕੋਲ ਹੈ। ਮੇਰਾ ਨਹੀਂ ਖ਼ਿਆਲ ਕਿ ਮੇਰੇ ਬੱਚਿਆਂ ਨੂੰ ਮੇਰੀਆਂ ਰਚਨਾਵਾਂ ਵਿੱਚ ਕੋਈ ਦਿਲਚਸਪੀ ਹੈ। ਸ਼ਾਇਦ ਮੇਰੀ ਨਿੱਕੀ ਧੀ ਵਿੱਚ ਕਲਾਕਾਰਾਂ ਵਾਲੇ ਕੁੱਝ ਗੁਣ ਹੋਣ। ਮੇਰੀ ਪਤਨੀ ਮੇਰੀਆਂ ਕਵਿਤਾਵਾਂ ਜ਼ਰੂਰ ਪੜ੍ਹਦੀ ਹੈ ਕਿਉਂਕਿ ਮੈਂ ਪੰਜਾਬੀ ਵਿੱਚ ਲਿਖਦਾਂ ਹਾਂ ਪਰ ਉਹ ਏਨੀ ਸਾਹਿਤ ਪ੍ਰੇਮਣ ਨਹੀਂ।

? ਪਹਿਲਾਂ ਪਹਿਲ ਕੁੱਝ ਲੋਕਾਂ ਦਾ ਗ਼ਿਲਾ ਸੀ ਕਿ ਪਰਵਾਸੀ ਲੇਖਕ ਸਿਰਫ਼ ਆਪਣੇ ਪਿੱਛਲੇ ਹੇਰਵੇ ਨੂੰ ਲੈ ਕੇ ਹੀ ਲਿਖ ਰਹੇ ਹਨ। ਉਨ੍ਹਾਂ ਲੋਕਾਂ ਨੂੰ ਕੀ ਕਹਿਣਾ ਚਾਹੋਂਗੇ ਜਿਹੜੇ ਇਸ ਹੇਰਵੇ ਨੂੰ ਮਹਿਸੂਸ ਨਹੀਂ ਕਰ ਸਕਦੇ?

ਹੇਰਵੇ ਦਾ ਇੱਕ ਉਸਾਰੂ ਪੱਖ ਵੀ ਹੈ; ਚੰਗੇ ਦਾ ਹੇਰਵਾ ਮਾੜਾ ਨਹੀਂ, ਮਾੜੇ ਦਾ ਹੇਰਵਾ ਮਾੜਾ ਹੈ। ਉਂਝ ਦੇਖੋ ਕਿ ਮਾੜੇ ਦਾ ਹੇਰਵਾ ਹੀ ਕੌਣ ਕਰਦਾ ਹੈ? ਮੇਰੀ ਕਵਿਤਾ ਵਿੱਚ ਹੇਰਵਾ ਬਹੁਤਾ ਨਹੀਂ। ‘ਗੁਆਚੇ ਘਰ ਦੀ ਤਲਾਸ਼’ ਤੇ ‘ ਚਾਂਦੀ ਨਗਰ ਤੇ ਪਰਿੰਦੇ’ ਵਿੱਚ ਮੈਂ ਹੇਰਵੇ ਦੀਆਂ ਚੰਗੀਆਂ ਮਾੜੀਆਂ ਕਦਰਾਂ ਕੀਮਤਾਂ ਨੂੰ ਪਛਾਣਦਿਆਂ ਉਨ੍ਹਾਂ ਉੱਤੇ ਉਂਗਲ ਧਰੀ ਹੈ। ਜਿਨ੍ਹਾਂ ਲੋਕਾਂ ਨੇ ਪ੍ਰਵਾਸ ਭੋਗਿਆ ਹੀ ਨਹੀਂ, ਉਨ੍ਹਾਂ ਨੂੰ ਹੇਰਵੇ ਜਾਂ ਭੂ-ਹੇਰਵੇ ਦਾ ਕੀ ਪਤਾ? ਜੋ ਅਸੀਂ ਪੱਚੀ ਤੀਹ ਸਾਲ ਪਹਿਲਾਂ ਲਿਖ ਚੁੱਕੇ ਹਾਂ, ਪੰਜਾਬੀ ਗੀਤਕਾਰ, ਗਾਇਕ ਅਤੇ ਫ਼ਿਲਮਾਂ ਵਾਲੇ ਉਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਵਿੱਚ ਲੈ ਕੇ ਆਏ ਹਨ। ਉਹ ਇੱਕ ਦੌਰ ਦੀਆਂ ਗੱਲਾਂ ਸਨ। ਮੈਂ ਹੁਣ ਇਸ ਵਿਸ਼ੇ ਬਾਰੇ ਕਵਿਤਾਵਾਂ ਨਹੀਂ ਲਿਖਦਾ। ਉਹ ਦੌਰ ਲੰਘ ਚੁੱਕਾ ਹੈ।

? ਤੁਹਾਡੀ ਇੱਕ ਕਿਤਾਬ ‘ਗੁਆਚੇ ਘਰ ਦੀ ਤਲਾਸ਼’ ਦੀ ਇੱਕ ਕਵਿਤਾ ‘ਖਲਾ ਦਾ ਆਦਮੀ’ ਇੱਕ ਤਰ੍ਹਾਂ ਨਾਲ ਲੋਕ ਅਖਾਣ ਹੀ ਬਣ ਗਿਆ ਸੀ “ਮੈਥੋਂ ਗੁਆਚ ਚੁੱਕੇ ਨੇ ਲੋਕ ਮੇਰੇ, ਆਪਣੇ ਦੇਸ਼ ਬਿਨਾਂ ਆਪਣਾ ਦੇਸ਼ ਨਹੀਂ ਹੁੰਦਾ” ਇਹ ਕਿਤਾਬ ਮਕਬੂਲ ਵੀ ਬਹੁਤ ਹੋਈ। ਇਹ ਇੱਕ ਲੰਬੀ ਕਵਿਤਾ ਹੈ। ਇਹ ਕਵਿਤਾ ਲਿਖਣ ਦਾ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਸੁੱਝਾ? ਕੀ ਤੁਸੀਂ ਅੱਜ ਵੀ ਉਹੀ ਭਾਵਨਾ ਮਹਿਸੂਸ ਕਰਦੇ ਹੋ?

ਸਤਨਾਮ ਜੀ, ‘ਗੁਆਚੇ ਘਰ ਦੀ ਤਲਾਸ਼’ ਪਰਵਾਸ ਭੋਗਦੀਆਂ ਤਿੰਨ ਪੀੜ੍ਹੀਆਂ ਦੀ ਗਾਥਾ ਹੈ। ਇਹ ਕਿਤਾਬ ਅੱਜ ਤੋਂ ਛੱਬੀ, ਸਤਾਈ ਸਾਲ ਪਹਿਲਾਂ ਛਪੀ ਸੀ। ਸਾਡੀ ਪੀੜ੍ਹੀ ਨੇ ਪ੍ਰਵਾਸ ਭੋਗਦਿਆਂ ਜੋ ਮਾਨਸਿਕਤਾ ਭੋਗੀ ਹੈ, ਇਹ ਉਸਦੀ ਦਾਸਤਾਂ ਹੈ। ਪੰਜਾਬੀ ਸਾਹਿਤ ਵਿੱਚ ਤੇ ਕਵਿਤਾ ਦੇ ਖ਼ੇਤਰ ਵਿੱਚ ਇਸਦਾ ਗੰਭੀਰ ਨੋਟਿਸ ਲਿਆ ਗਿਆ ਸੀ। ਇਸ ਨੂੰ ਅੱਜ ਵੀ ਇੱਕ ਕਲਾਸਕ ਰਚਨਾ ਮੰਨਿਆ ਜਾਂਦਾ ਹੈ। ਇਸ ਵਿੱਚ ਕੁੱਝ ਮੇਰੀ ਆਪਣੀ ਨਿੱਜੀ ਪੀੜ ਹੈ। ਜਦੋਂ ਮੇਰੇ ਪਿਤਾ ਜੀ ਇੰਗਲੈਂਡ ਆਏ, ਉਸ ਬਾਰੇ, ਮੇਰੇ ਬਾਰੇ ਤੇ ਮੇਰੇ ਬੱਚਿਆਂ ਬਾਰੇ ਹੈ। ਇਹਨਾਂ ਤਿੰਨਾਂ ਪੀੜ੍ਹੀਆਂ ਦੀ ਮਾਨਸਿਕਤਾ ਦਾ ਇਸ ਵਿੱਚ ਕਾਵਿ ਅਨੁਭਵ ਹੈ। ਇਹ ਰੋਟੀ ਰੋਜ਼ੀ ਲਈ ਪ੍ਰਦੇਸ ਗਏ ਭਾਰਤੀਆਂ ਦੀ ਮਾਨਸਿਕਤਾ ਦੇ ਬਹੁਤ ਨੇੜੇ ਹੈ। ‘ਚਾਂਦੀ ਨਗਰ ਪਰਿੰਦਾ’ ਨੂੰ ਕਈ ਆਲੋਚਕ ‘ਗੁਆਚੇ ਘਰ ਦੀ ਤਲਾਸ਼’ ਨਾਲੋਂ ਵੀ ਵਧੀਆ ਮੰਨਦੇ ਹਨ। ਪਰ ਮੇਰਾ ਖ਼ਿਆਲ ਹੈ ਕਿ ਵਿਸ਼ੇ ਦਾ ਦੁਹਰਾਉ ਹੋਣ ਕਰਕੇ ਇਹ ਪਿੱਛੇ ਰਹੀ। ਉਂਝ ਇਹ ਆਮ ਪਾਠਕ ਦੀ ਸਮਝ ਦੇ ਬਹੁਤ ਨੇੜੇ ਹੈ।

? ਤੁਸੀਂ ਕਵਿਤਾ ਕਿਸ ਮੰਤਵ ਨੂੰ ਲੈ ਕੇ ਲਿਖ ਰਹੇ ਹੋ? ਕੀ ਤਸੀਂ ਕਲਮ ਨੂੰ ਸਮਾਜਿਕ, ਰਾਜਨੀਤਿਕ ਤਬਦੀਲੀ ਲਈ ਹਥਿਆਰ ਸਮਝਦੇ ਹੋ?

ਕਵਿਤਾ ਲਿਖਣ ਦਾ ਕੋਈ ਮੰਤਵ ਨਹੀਂ ਹੁੰਦਾ। ਕਿਸੇ ਮੰਤਵ ਨੂੰ ਲੈ ਕੇ ਕਵਿਤਾ ਲਿਖੀ ਜਾਵੇ ਤਾਂ ਉਹ ਕਵਿਤਾ ਨਹੀਂ, ਇੱਕ ਨਾਹਰਾ ਜਾਂ ਸਿਆਸੀ ਭਾਸ਼ਨ ਬਣ ਜਾਵੇਗਾ। ਇਹ ਵੱਖਰੀ ਗੱਲ ਹੈ ਕਿ ਸਿਆਸਤਦਾਨ ਵਧੀਆ ਕਵਿਤਾਵਾਂ ਨੂੰ ਵੀ ਹਥਿਆਰ ਦੇ ਤੌਰ ਤੇ ਵਰਤ ਲੈਂਦੇ ਹਨ।

? ਤੁਹਾਡੀਆਂ ਕਵਿਤਾਵਾਂ ਵਿੱਚ ਪਹਿਲਾਂ ਆਪਣੇ ਬਚਪਨ ਦੀਆਂ ਯਾਦਾਂ, ਦੇਸ਼ ਛੱਡਣ ਦਾ ਹੇਰਵਾ, ਸਮਾਜਿਕ ਨਾ-ਬਰਾਬਰੀ ਤੇ ਨਸਲਵਾਦ ਦਾ ਵਿਸ਼ਾ ਭਾਰੂ ਰਿਹਾ। ਕੀ ਹੁਣ ਤੁਹਾਡੀ ਕਵਿਤਾ ਨਵੇਂ ਵਿਸ਼ਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਰਹੀ ਹੈ?

ਮੈਂ ਸੁਚੇਤ ਤੌਰ ਤੇ ਵਿਸ਼ੇ ਦੀ ਚੋਣ ਕਰਕੇ ਕਵਿਤਾ ਨਹੀਂ ਲਿਖਦਾ। ਮੇਰੀ ਕਵਿਤਾ ਦਾ ਵਿਸ਼ਾ ਅਚੇਤ ਤੌਰ ਤੇ ਹੀ ਬਣਦਾ ਹੈ। ਨਸਲਵਾਦ ਨੂੰ ਆਪਣੇ ਪਰਵਾਸ ਦੇ ਪਹਿਲੇ ਦਿਨਾਂ ਵਿੱਚ ਮੈਂ ਜਿਵੇਂ ਮਹਿਸੂਸਿਆ, ਅੱਜਕੱਲ ਮੈਂ ਇਸ ਤਰ੍ਹਾਂ ਮਹਿਸੂਸ ਨਹੀਂ ਕਰਦਾ। ਮੇਰੇ ਵਿਚਾਰ ਇਸ ਬਾਰੇ ਬਦਲ ਗਏ ਹਨ। ਤੁਸੀਂ ਦੇਖੋ ਕਿ ਹਿੰਦੋਸਤਾਨ ਵਰਗਾ ਘਿਨਾਉਣਾ ਨਸਲਵਾਦ ਜਾਂ ਵਿਤਕਰਾ ਦੁਨੀਆਂ ਵਿੱਚ ਕਿਤੇ ਨਹੀਂ ਮਿਲਦਾ ਜੋ ਵਿਤਕਰਾ ਧਰਮ ਦੇ ਨਾਂ, ਜ਼ਾਤਪਾਤ ਦੇ ਨਾਂ ਅਤੇ ਸਭ ਤੋਂ ਵੱਡੇ ਵਿਤਕਰੇ ਜੋ ਜਮਾਤੀ ਵਿਤਕਰੇ ਹਨ; ਉਨ੍ਹਾਂ ਦੀ ਮਿਸਾਲ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲਦੀ।

? ਤੁਹਾਡੀ ਕਿਤਾਬ ‘ਚਾਂਦੀ ਨਗਰ ਦਾ ਪਰਿੰਦਾ’ ਦੀ ਇੱਕ ਕਵਿਤਾ ਹੈ ‘ਮੈਂ ਹੁਣ ਉੱਡ ਨਹੀਂ ਸਕਦਾ’ ਇਹ ਕਵਿਤਾ ਪਿੱਛੇ ਨਾ ਮੁੜ ਸਕਣ ਦੀ ਕੋਈ ਮਜਬੂਰੀ ਹੈ ਜਾਂ ਬਦਲਦੇ ਹਾਲਾਤ ਦੀ ਬਾਤ ਪਾਉਂਦੀ ਹੈ?

‘ਚਾਂਦੀ ਨਗਰ ਤੇ ਪਰਿੰਦਾ’ ਦੀਆਂ ਨਜ਼ਮਾਂ ‘ਗੁਆਚੇ ਘਰ ਦੀ ਤਲਾਸ਼’ ਦੀਆਂ ਨਜ਼ਮਾਂ ਤੋਂ ਬਾਅਦ ਦੀਆਂ ਹਨ। ‘ਹੁਣ ਮੈਂ ਉੱਡ ਨਹੀਂ ਸਕਦਾ’ ਅਸਲ ਵਿੱਚ ਪਰਵਾਸੀ ਮਾਨਸਿਕਤਾ ਦੇ ਤਿਆਗ ਦੀ ਕਵਿਤਾ ਹੈ। ਪਰਵਾਸੀ ਮਾਨਸਿਕਤਾ ਤੋਂ ਜੋ ਸਾਡਾ ਅਬਾਦਕਾਰ ਹੋਣ ਵਿੱਚ ਰੂਪਾਂਤਰਣ ਹੋਇਆ ਹੈ, ਇਹ ਕਵਿਤਾ ਉਸ ਨੂੰ ਪ੍ਰਗਟਾਉਂਦੀ ਹੈ। ਇਹ ਕਵਿਤਾ ਤੇ ਚਾਂਦੀ ਨਗਰ ਦੀਆਂ ਬਹੁਤੀਆਂ ਕਵਿਤਾਵਾਂ ਉਸੇ ਸੱਚ ਨੂੰ ਸਮਝਣ ਦੀਆਂ ਬਾਤਾਂ ਪਾਉਂਦੀਆਂ ਹਨ।

? ਤੁਸੀਂ ਹੁਣ ਤੱਕ ਕੀ ਕੁੱਝ ਲਿਖਿਆ?

ਮੇਰੀ ਤੀਹ ਸਾਲ ਦੀ ਕਾਵਿ ਯਾਤਰਾ ਦੌਰਾਨ ਮੇਰੀਆਂ ਕਵਿਤਾਵਾਂ ਦੀਆਂ ਕੁਲ ਛੇ ਕਿਤਾਬਾਂ ਛਪੀਆਂ ਹਨ। ਇਨਾਂ ਵਿੱਚ ਦੋ ਲੰਬੀਆਂ ਕਵਿਤਾਵਾ ਤੇ ਇੱਕ ਕਵਿ-ਕਥਾ ਦੀ ਪੁਸਤਕ ਸੀ। ‘ਗੁਆਚੇ ਘਰ ਦੀ ਤਲਾਸ਼’ ਗੁਜਰਾਤੀ ਤੇ ਇੰਗਲਿਸ਼ ਵਿੱਚ ਵੀ ਅਨੁਵਾਦ ਹੋ ਕੇ ਛਪ ਚੁੱਕੀ ਹੈ।

? ਜਗਤਾਰ ਜੀ ਤੁਸੀਂ ਦੋ ਕਿਤਾਬਾਂ ਲੰਬੀ ਕਵਿਤਾ ਦੀਆਂ ਲਿਖੀਆਂ ਹਨ ਜਿਨ੍ਹਾਂ ਦੇ ਕਈ ਕਈ ਕਾਂਡ ਹੁੰਦੇ ਹਨ। ਕਵਿਤਾ ਲਿਖ ਕੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕੀ ਕਵਿਤਾ ਪੂਰੀ ਹੋ ਗਈ ਹੈ? ਕੀ ਕਵਿਤਾ ਕਦੇ ਪੂਰੀ ਵੀ ਹੋ ਸਕਦੀ ਹੈ?

ਜੀ ਨਹੀਂ, ਕੋਈ ਵੀ ਕਵਿਤਾ ਕਦੇ ਪੂਰੀ ਨਹੀਂ ਹੋ ਸਕਦੀ। ਜ਼ਿੰਦਗੀ ਬਦਲਦੀ ਹੈ, ਸਭ ਕੁੱਝ ਬਦਲਦਾ ਹੈ ਤੇ ਬਦਲਣਾ ਕੁਦਰਤ ਦਾ ਅਸੂਲ ਹੈ। ਕੁੱਝ ਵੀ ਸਥਿਰ ਨਹੀਂ। ਫੇਰ ਕਵਿਤਾ ਕਿਵੇਂ ਪੂਰੀ ਹੋ ਸਕਦੀ ਹੈ, ਜਦ ਸਭ ਕੁੱਝ ਬਦਲ ਜਾਂਦਾ ਹੈ। ਬਦਲ ਲਈ ਨਵੀਂ ਕਵਿਤਾ ਦੀ ਲੋੜ ਹੁੰਦੀ ਹੈ। ਇਸ ਲਈ ਮੇਰੀ ਹਰ ਇੱਕ ਕਵਿਤਾ ਅਧੂਰੀ ਹੁੰਦੀ ਹੈ।

? ਤੁਹਾਡੀਆਂ ਕਵਿਤਾ ਦੀਆਂ ਕਿਤਾਬਾਂ ਇੰਡੀਆ ਵਿੱਚ ਪੜ੍ਹਾਈ ਦੇ ਸਿਲੇਬਸ ਦਾ ਹਿੱਸਾ ਵੀ ਰਹੀਆਂ ਹਨ। ਕਿਹੜੀ ਕਿਹੜੀ ਯੂਨੀਵਰਸਿਟੀ ਵਿੱਚ ਤੁਹਾਡੀ ਕਵਿਤਾ ਪੜ੍ਹਾਈ ਜਾਂਦੀ ਹੈ?

ਸਤਨਾਮ ਜੀ, ਗੁਰੂ ਨਾਨਕ ਦੇਵ ਯੂਨੀਵਰਸਟੀ ਵਿੱਚ ‘ਚਾਂਦੀ ਨਗਰ ਤੇ ਪਰਿੰਦਾ’ ਐਮ. ਏ. ਦੇ ਸਿਲੇਬਸ ਵਿੱਚ ਸ਼ਾਇਦ ਤਿੰਨ ਸਾਲ ਲਈ ਲੱਗੀ ਰਹੀ ਹੈ। ਇਸੇ ਤਰ੍ਹਾਂ ‘ਗੁਆਚੇ ਘਰ ਦੀ ਤਲਾਸ਼’ ਦਿੱਲੀ ਯੂਨੀਵਰਸਿਟੀ ਵਿੱਚ ਲੱਗੀ ਰਹੀ ਹੈ ਪਰ ਇਹਦੇ ਬਾਰੇ ਮੈਨੂੰ ਪੂਰੀ ਜਾਣਕਾਰੀ ਨਹੀਂ।

?
ਕਵਿਤਾ ਨੇ ਤੁਹਾਡੀ ਨਿੱਜੀ ਜ਼ਿੰਦਗੀ ਉੱਤੇ ਕਿਹੋ ਜਿਹਾ ਪ੍ਰਭਾਵ ਪਾਇਆ?

ਮੈਂ ਨਿੱਜੀ ਜ਼ਿੰਦਗੀ ਨੂੰ ਕਵਿਤਾ ਵਾਂਗ ਹੀ ਜਿਉਣਾ ਚਾਹੁੰਦਾ ਹਾਂ ਤੇ ਮੇਰਾ ਯਤਨ ਵੀ ਇਹੋ ਰਿਹਾ ਹੈ ਕਿ ਮੈਂ ਕਵਿਤਾ ਵਾਂਗ ਹੀ ਕੋਮਲ ਭਾਵੀ, ਨਿਸੰਗ ਤੇ ਬਿਨਾਂ ਵੈਰ ਵਿਰੋਧ ਤੇ ਸੱਚ ਵਾਂਗੂੰ ਜੀਵਾਂ। ਪਰ ਮੈਂ ਦਾਅਵਾ ਨਹੀਂ ਕਰਦਾ ਕਿ ਮੈਂ ਅਜਿਹਾ ਕਰ ਸਕਿਆ ਹਾਂ। ਪਰ ਮੇਰਾ ਯਤਨ ਇਹੋ ਰਹਿੰਦਾ ਹੈ ਕਿ ਜ਼ਿੰਦਗੀ ਨੂੰ ਕਵਿਤਾ ਵਾਂਗ ਜੀਵਾਂ।

? ਕਈ ਲੋਕਾਂ ਦਾ ਵਿਚਾਰ ਹੈ ਕਿ ਜੇਕਰ ਤੁਸੀਂ ਕਵਿਤਾ ਲਿਖਣੀ ਹੈ ਤਾਂ ਤੁਹਾਨੂੰ ਆਪ ਕਵਿਤਾ ਬਣਨਾ ਪੈਂਦਾ ਹੈ। ਤੁਸੀਂ ਇਸ ਕਥਨ ਨਾਲ ਕਿੰਨਾ ਕੁ ਸਹਿਮਤ ਹੋ?

ਮੇਰਾ ਖ਼ਿਆਲ ਹੈ ਕਿ ਇੱਕ ਵਧੀਆ ਵਿਅਕਤੀ ਹੀ ਵਧੀਆ ਕਵਿਤਾ ਲਿਖ ਸਕਦਾ ਹੈ। ਇਸ ਗੱਲ ਨਾਲ ਪੂਰਾ ਸਹਿਮਤ ਹਾਂ ਕਿ ਤੁਹਾਨੂੰ ਕਵਿਤਾ ਲਿਖਣ ਲਈ ਆਪ ਕਵਿਤਾ ਬਣਨਾ ਪੈਂਦਾ ਹੈ, ਤਦ ਹੀ ਵਧੀਆ ਰਚਨਾ ਕੀਤੀ ਜਾ ਸਕਦੀ ਹੈ। ਸਾਡੇ ਪੁਰਾਤਨ ਕਵੀਆਂ ਦੀਆਂ ਉਦਾਹਰਣਾਂ ਸਾਡੇ ਸਾਹਮਣੇ ਹਨ। ਉਹੀ ਵਧੀਆ ਕਵੀ ਹੋਏ ਹਨ ਜੋ ਆਪ ਕਵਿਤਾ ਵਾਂਗ ਜੀਏ ਹਨ।

? ਤੁਸੀਂ ਆਪਣੇ ਵਿਚਾਰ ਪ੍ਰਗਟ ਕਰਨ ਲਈ ਕਵਿਤਾ ਵਿਧੀ ਨੂੰ ਹੀ ਅਪਣਾਇਆ ਹੈ। ਜਦੋਂ ਕਿ ਵਾਰਤਕ ਦਾ ਘੇਰਾ ਕਾਫ਼ੀ ਵਿਸ਼ਾਲ ਮੰਨਿਆ ਜਾਂਦਾ ਹੈ?

ਵਾਰਤਕ ਦਾ ਆਪਣਾ ਸਥਾਨ ਹੈ ਤੇ ਕਵਿਤਾ ਦਾ ਆਪਣਾ। ਹੁਣ ਤੁਸੀਂ ਦੇਖੋ, ਸਾਡੀ ਧਰਤੀ ’ਤੇ ਮਹਾਨ ਗ੍ਰੰਥਾਂ ਦੀ ਰਚਨਾ ਹੋਈ। ਰਿਗਵੇਦ ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਰਚਨਾ ਕਵਿ ਰੂਪ ਵਿੱਚ ਹੀ ਹੋਈ ਹੈ। ਮੈਂ ਸਮਝਦਾ ਹਾਂ ਕਿ ਇਸ ਵਿਧੀ ਵਿੱਚ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰਨ ਦੀ ਸਮਰਥਾ ਹੁੰਦੀ ਹੈ।ਇਸ ਵਿਧਾ ਵਿਚਲੇ ਵਿਚਾਰ ਸਿੱਧੇ ਦਿਲ ਦੀਆਂ ਡੂੰਘਾਈਆਂ ਤੱਕ ਉੱਤਰਨ ਦੀ ਸਮਰੱਥਾ ਰੱਖਦੇ ਹਨ। ਕਾਵਿ ਵਿਧਾ ਸਭ ਤੋਂ ਪ੍ਰਭਾਵਸ਼ਾਲੀ, ਮਿੱਠੀ ਤੇ ਮੋਹ ਵਾਲੀ ਹੁੰਦੀ ਹੈ। ਮੈਨੂੰ ਕਵਿ-ਕਲਾ ਸਭ ਕਲਾਵਾਂ ਦੀ ਸਿਰਤਾਜ ਲੱਗਦੀ ਹੈ, ਜਿਸ ਵਿੱਚ ਤੁਸੀਂ ਆਪਣੇ ਹਾਵ ਭਾਵ ਤੇ ਵਿਚਾਰਾਂ ਦਾ ਪ੍ਰਗਟਾ ਕਰ ਸਕਦੇ ਹੋ।

? ਜਗਤਾਰ ਜੀ, ਤੁਸੀਂ ਕਵਿਤਾ ਲਿਖਣ ਲਈ ਕਿਸੇ ਵਿਸ਼ੇਸ਼ ਸਮੇਂ ਸਥਾਨ ਦੀ ਲੋੜ ਸਮਝਦੇ ਹੋ। ਜਾਂ ਕਿਸੇ ਵੇਲੇ ਵੀ ਤੇ ਕਿਸੇ ਵੀ ਥਾਂ ਮਨ ਨੂੰ ਇਕਾਗਰ ਕਰ ਲੈਂਦੇ ਹੋ? ਆਪਣੀ ਸਿਰਜਣ ਪਰਕਿਰਿਆ ਬਾਰੇ ਵੀ ਕੁੱਝ ਦਸੋ?

ਸਤਨਾਮ ਜੀ, ਮੈਨੂੰ ਕਵਿਤਾ ਲਿਖਣ ਲਈ ਕਦੀ ਵੀ ਸਮੇਂ ਤੇ ਸਥਾਨ ਦੇ ਸਬੰਧ ਦੀ ਲੋੜ ਮਹਿਸੂਸ ਨਹੀਂ ਹੋਈ। ਮੇਰੇ ਖ਼ਿਆਲ ਨਾਲ ਕਵਿਤਾ ਦਾ ਸਬੰਧ ਸਮੇਂ ਤੇ ਸਥਾਨ ਨਾਲ ਨਹੀਂ, ਸਗੋਂ ਮਨ ਦੀ ਇਕਾਗਰਤਾ ਨਾਲ ਹੈ। ਮੈਂ ਉਨ੍ਹਾਂ ਦਿਨਾਂ ਵਿੱਚ ਸਗੋਂ ਵੱਧ ਲਿਖਦਾ ਹਾਂ ਜਦੋਂ ਮੈਂ ਕਿਰਤ ਕਰਦਾ ਹੋਵਾਂ ਜਾਂ ਉਨੀਂਦਰਾ ਹੋਵਾਂ। ਪਰ ਪੈਸੇ ਧੇਲੇ ਦੀ ਸੋਚ ਤੋਂ ਦੂਰ ਹੋਵਾਂ।

? ਤੁਹਾਡੀਆਂ ਕਵਿਤਾਵਾਂ ਦਾ ਦੂਜੀਆਂ ਬੋਲੀਆਂ ਵਿੱਚ ਅਨੁਵਾਦ ਵੀ ਹੋਇਆ ਹੈ। ਕੀ ਤੁਸੀਂ ਸਮਝਦੇ ਹੋ ਕਿ ਅਨੁਵਾਦ ਹੋਈ ਕਵਿਤਾ ਦੀ ਅਸਲੀ ਰੂਹ ਉਸੇ ਤਰ੍ਹਾਂ ਕਾਇਮ ਰਹਿੰਦੀ ਹੈ ਜਾਂ ਉਹ ਗੱਲ ਨਹੀਂ ਬਣਦੀ ਜੋ ਆਪਣੀ ਬੋਲੀ ਵਿੱਚ ਬਣਦੀ ਹੈ?

ਮੇਰੇ ਖ਼ਿਆਲ ਵਿੱਚ ਅਨੁਵਾਦ ਕਵਿਤਾ ਦੀ ਰੂਹ ਨੂੰ ਮਾਰ ਦਿੰਦਾ ਹੈ। ਅਨੁਵਾਦ ਇਉਂ ਕਰਦਾ ਜਿਸ ਤਰ੍ਹਾਂ ਕਿ ਬੁਰਕਾ ਪਹਿਨਣ ਵਾਲੀ ਔਰਤ ਦੇ ਮਿੰਨੀ ਸਕਰਟ ਪੁਆ ਦਿੱਤੀ ਜਾਵੇ ਤੇ ਉਹਨੂੰ ਕਿਹਾ ਜਾਵੇ ਕਿ ਹੁਣ ਲੋਕਾਂ ਦੀ ਭੀੜ ਵਿੱਚੀਂ ਪਹਿਲਾਂ ਵਾਂਗ ਲੰਘ ਕੇ ਦਿਖਾ। ਉਹ ਚੱਲੇਗੀ ਜ਼ਰੂਰ ਪਰ ਅੰਦਰੋਂ ਮਰੀ ਹੋਈ।

? ਤੁਹਾਡੀ ਕਿਤਾਬ “ਭਟਕਣ ਦਾ ਸਫ਼ਰ” ਵਿੱਚ ਇੱਕ ਕਵਿਤਾ ਦੀਆਂ ਸਤਰਾਂ ਹਨ: ‘ਹਰ ਸ਼ਾਮ ਬੱਚਿਆਂ ਵਿੱਚ ਬੈਠਾ ਨਿਰਨਾ ਨਹੀਂ ਕਰ ਸਕਦਾ ਮੇਰਾ ਦੇਸ਼ ਕਿਹੜਾ ਹੈ’ ਕੀ ਤੁਸੀਂ ਅੱਜ ਵੀ ਇਹੋ ਕਹਿ ਰਹੇ ਜਾਂ ਨਿਰਨਾ ਕਰ ਲਿਆ ਹੈ ਕਿ ਮੇਰਾ ਦੇਸ਼ ਕਿਹੜਾ ਹੈ?

ਇਹ ਨਿਰਨਾ ਪੱਚੀ ਸਾਲ ਪਹਿਲਾਂ ਕਰ ਲਿਆ ਸੀ। ਇਸਦਾ ਐਲਾਨ ਮੈਂ ‘ਚਾਂਦੀ ਨਗਰ ਤੇ ਪਰਿੰਦਾ’ ਵਿੱਚ ਕਰ ਚੁੱਕਾ ਹਾਂ। ਇਸਦੀ ਇੱਕ ਕਵਿਤਾ ਹੈ ‘ਸਾਡਾ ਟਿਕਾਣਾ’। ਇਹ ਇੱਥੋਂ ਸ਼ੁਰੂ ਹੁੰਦੀ ਹੈ:

‘ਚਾਂਦੀ ਨਗਰ
ਹੁਣ ਅਸੀਂ ਪਰਤ ਨਹੀਂ ਜਾਣਾ
ਤੇਰੀਆਂ ਕੰਧਾਂ ਵਿੱਚ ਹੀ ਲੱਭਾਂਗੇ
ਆਪਣਾ ਟਿਕਾਣਾ’

? ਜ਼ਿੰਦਗੀ ਦੇ ਹੁਸੀਨ ਪਲਾਂ ਦਾ ਜ਼ਿਕਰ ਕਰਨਾ ਚਾਹੋਂਗੇ?

ਹੁਸੀਨ ਪਲ ਦੇਖਣ ਲਈ ਹੀ ਤਾਂ ਸਾਰੀ ਜ਼ਿੰਦਗੀ ਨੂੰ ਜਦੋ ਜ਼ਹਿਦ ਵਿੱਚ ਪਾਈ ਰੱਖਿਆ ਤੇ ਇਹ ਹੁਸੀਨ ਪਲ ਦੇਖਣੇ ਅੱਜ ਤੱਕ ਨਸੀਬ ਨਹੀਂ ਹੋਏ। ਹੁਣ ਤਾਂ ਹੁਸੀਨ ਪਲ ਦੇਖਣ ਦੀ ਖਾਹਿਸ਼ ਹੀ ਨਹੀਂ ਰਹੀ। ਹੁਣ ਤਾਂ ਹੁਸੀਨ ਪਲ ਨਹੀਂ, ਸਹਿਜ ਪਲ ਭਾਲਦਾ ਹਾਂ। ਦੇਖੋ ਕੀ ਹੁੰਦਾ ਹੈ।

? ਤੁਸੀਂ ਪੰਜਾਬੀ ਕਵਿਤਾ ਨੂੰ ਦੂਜੀਆਂ ਬੋਲੀਆਂ ਦੇ ਮੁਕਾਬਲੇ ਤੇ ਕਿੱਥੇ ਖੜ੍ਹੀ ਦੇਖਦੇ ਹੋ? ਕੀ ਤੁਹਾਨੂੰ ਲੱਗਦਾ ਕਿ ਪੰਜਾਬੀ ਵਿੱਚ ਵੀ ਦੂਜੀਆਂ ਬੋਲੀਆਂ ਦੀ ਤਰ੍ਹਾਂ ਉੱਚ ਪੱਧਰ ਦੀ ਕਵਿਤਾ ਰਚੀ ਜਾ ਰਹੀ ਹੈ?

ਸਤਨਾਮ ਜੀ, ਪੰਜਾਬੀ ਕਵਿਤਾ ਵਿੱਚ ਬਹੁਤ ਮਾਅਰਕੇ ਦੀਆਂ ਗੱਲਾਂ ਹੋਈਆਂ ਹਨ। ਪੰਜਾਬੀ ਕਵਿਤਾ ਦੂਜੀਆਂ ਬੋਲੀਆਂ ਦੇ ਮੁਕਾਬਲੇ ਤੇ ਕਿਸੇ ਤਰ੍ਹਾਂ ਵੀ ਘੱਟ ਨਹੀਂ। ਸਾਡੇ ਵੱਡੇ ਕਵੀ ਬਾਬਾ ਬੁਲੇ ਸ਼ਾਹ, ਬਾਬਾ ਫ਼ਰੀਦ, ਵਾਰਿਸ ਸ਼ਾਹ ਤੇ ਹੋਰ ਕਿੱਸਾਕਾਰ ਕਵੀਆਂ ਉਪਰੰਤ ਸਾਡੇ ਗੁਰੂ ਨਾਨਕ ਦੇਵ ਜੀ, ਗੁਰੁ ਅਰਜਨ ਦੇਵ ਜੀ, ਗੁਰੁ ਤੇਗ ਬਹਾਦਰ ਜੀ ਸਮੇਤ ਭਗਤੀ ਲਹਿਰ ਦੇ ਕਵੀਆਂ ਦੀ ਕੀ ਤੁਲਨਾ ਹੈ। ਸਾਡੇ ਨਵੇਂ ਕਵੀਆਂ ਦੀ ਵੀ ਪੰਜਾਬੀ ਕਵਿਤਾ ਨੂੰ ਵੱਡਮੁਲੀ ਦੇਣ ਹੈ। ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਬੇਸ਼ਕ ਪੰਜਾਬੀ ਸਾਹਿਤ ਦੀ ਮੰਦਹਾਲੀ ਹੈ ਪਰ ਇਸਦਾ ਇਹ ਮਤਲਬ ਨਹੀਂ ਕਿ ਵਧੀਆ ਕਵਿਤਾ ਨਹੀਂ ਲਿਖੀ ਜਾ ਰਹੀ। ਪੰਜਾਬੀ ਦੇ ਸਮੁੱਚੇ ਸਾਹਿਤ ਦਾ ਮੰਦਹਾਲੀ ਦਾ ਕਾਰਨ ਇਹ ਹੈ ਕਿ ਪੰਜਾਬੀ ਜ਼ੁਬਾਨ ਕਦੇ ਹਾਕਮਾਂ ਦੀ ਜ਼ੁਬਾਨ ਨਹੀਂ ਬਣੀ। ਇੱਥੇ ਤੱਕ ਕਿ ਮਾਹਾਰਾਜਾ ਰਣਜੀਤ ਸਿੰਘ ਦੇ ਰਾਜ ਅੰਦਰ ਵੀ ਨਹੀਂ। ਭਾਵੇਂ ਇਹ ਲੋਕਾਂ ਦੀ ਭਾਸ਼ਾ ਰਹੀ ਹੈ ਪਰ ਰਾਜ ਭਾਸ਼ਾ ਨਹੀਂ ਬਣ ਸਕੀ। ਇਹ ਪੰਜਾਬੀ ਭਾਸ਼ਾ ਦੀ ਬਦਕਿਸਮਤੀ ਰਹੀ ਹੈ।

? ਤੁਸੀਂ ਆਪਣੀ ਕਵਿਤਾ ਬਾਰੇ ਆਲੋਚਕਾਂ ਦੀ ਰਾਏ ਨੂੰ ਕਿਸ ਤਰ੍ਹਾਂ ਲੈਂਦੇ ਹੋ? ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕਵਿਤਾ ਨਾਲ ਆਲੋਚਕਾਂ ਨੇ ਨਿਆਂ ਕੀਤਾ ਜਾਂ ਪੱਖਪਾਤ ਦੀ ਨਜ਼ਰ ਨਾਲ ਹੀ ਦੇਖਿਆ?

ਤੁਹਾਨੂੰ ਪਤਾ ਹੈ ਕਿ ਪੰਜਾਬੀ ਵਿੱਚ ਚੰਗੇ ਮਾੜੇ ਦੋਵੇਂ ਤਰ੍ਹਾਂ ਦੇ ਆਲੋਚਕ ਹਨ। ਮੇਰੇ ਬਾਰੇ ਆਲੋਚਕਾਂ ਦੀ ਰਾਏ ਨੂੰ ਮੈਂ ਬਹੁਤੀ ਅਹਿਮੀਅਤ ਨਹੀਂ ਦਿੰਦਾ। ਅੱਜ ਪੰਜਾਬੀ ਆਲੋਚਨਾ ਦਾ ਇਹ ਹਾਲ ਹੈ ਕਿ ਤੁਸੀਂ ਪੈਸੇ ਖਰਚੋ ਤੇ ਆਲੋਚਕਾਂ ਤੋਂ ਜੋ ਮਰਜ਼ੀ ਆਪਣੇ ਬਾਰੇ ਲਿਖਵਾ ਲਵੋ। ਪਰ ਦੇਖੋ, ਉਸ ਨਾਲ ਫ਼ਰਕ ਕੀ ਪੈਂਦਾ। ਇਹ ਤਾਂ ਆਪਣੀ ਹਉਮੈ ਨੂੰ ਪੱਠੇ ਪਾਉਣ ਵਾਲੀ ਗੱਲ ਹੈ। ਵਕਤ ਨੇ ਸਭ ਫੈਸਲੇ ਕਰ ਦੇਣੇ ਹਨ। ਨਿੱਜੀ ਮੁਫ਼ਾਦਾਂ ਦੇ ਇਸ ਦੌਰ ਵਿੱਚ ਆਲੋਚਕਾਂ ਦਾ ਮੁਫ਼ਾਦ ਕਵਿਤਾ ਨਹੀਂ, ਸਗੋਂ ਆਪਣੀ ਮਤਲਬ ਪ੍ਰਸਤੀ ਹੈ।

? ਜਗਤਾਰ ਜੀ, ਜੇਕਰ ਤੁਹਾਨੂੰ ਆਪਣੀ ਕਵਿਤਾ ਦੀਆਂ ਕਿਤਾਬਾਂ ਵਿੱਚੋਂ ਕਿਸੇ ਇੱਕ ਕਿਤਾਬ ਦੀ ਚੋਣ ਕਰਨੀ ਪਵੇ ਤਾਂ ਕਿਹੜੀ ਕਿਤਾਬ ਦੀ ਚੋਣ ਕਰੋਗੇ?

ਆਲੋਚਕ ਮੇਰੀ ਪੁਸਤਕ ‘ਗੁਆਚੇ ਘਰ ਦੀ ਤਲਾਸ਼’ ਨੂੰ ਚੁਨਣਗੇ ਪਰ ਮੈਂ ‘ਚਾਂਦੀ ਨਗਰ ਤੇ ਪਰਿੰਦਾ’ ਨੂੰ ਚੁਣਾਂਗਾ। ਜਲਦੀ ਹੀ ਮੈਂ ਦੋਨਾਂ ਕਿਤਾਬਾਂ ਨੂੰ ਇੱਕ ਕਿਤਾਬੀ ਰੂਪ ਦੇਣ ਜਾ ਰਿਹਾ ਹਾਂ।

? ਤੁਸੀਂ ਪੈਂਤੀ ਚਾਲ਼ੀ ਸਾਲ ਪਹਿਲਾਂ ਦੇ ਇੰਗਲੈਂਡ ਤੇ ਅੱਜ ਦੇ ਇੰਗਲੈਂਡ ਵਿੱਚ ਕਿਹੜੀਆਂ ਤਬਦੀਲੀਆਂ ਮਹਿਸੂਸ ਕਰਦੇ ਹੋ?

ਅੱਜ ਦਾ ਇੰਗਲੈਂਡ ਚਾਲ਼ੀ ਸਾਲ ਪਹਿਲਾਂ ਵਾਲਾ ਇੰਗਲੈਂਡ ਨਹੀਂ ਰਿਹਾ। ਇਹ ਤਬਦੀਲੀਆਂ ਸੰਸਾਰਕ ਤਬਦੀਲੀਆਂ ਦਾ ਇੱਕ ਹਿੱਸਾ ਹਨ। ਇਨ੍ਹਾਂ ਤਬਦੀਲੀਆਂ ਨੂੰ ਸਾਰੇ ਹੀ ਸੰਸਾਰ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ। ਹਾਂ, ਮੈਂ ਇਹ ਦੱਸ ਸਕਦਾ ਹਾਂ ਕਿ ਮੇਰੇ ਵਿੱਚ ਪ੍ਰਮੁੱਖ ਤਬਦੀਲੀ ਇੱਥੇ ਰਹਿੰਦਿਆਂ ਕੀ ਹੋਈ, ਉਹ ਇਹ ਹੈ ਕਿ ਮੈਂ ਹੁਣ ਇੱਥੇ ਪ੍ਰਵਾਸੀ ਨਹੀਂ ਹਾਂ। ਇੱਕ ਅਬਾਦਕਾਰ ਹਾਂ। ਮੇਰੇ ਬੱਚਿਆਂ ਦੀ ਮਾਤਭੂਮੀ ਇੰਗਲੈਂਡ ਦੀ ਇਹ ਧਰਤੀ ਹੈ।

? ਇੰਗਲੈਂਡ ਵਿੱਚ ਰਚੇ ਗਏ ਪੰਜਾਬੀ ਸਾਹਿਤ ਦਾ ਕੀ ਅੰਗਰੇਜ਼ੀ ਲੇਖਕਾਂ ਨੇ ਕੋਈ ਨੋਟਿਸ ਲਿਆ ਜਾਂ ਅਨੁਵਾਦ ਹੋ ਕੇ ਮੇਨ ਸਟਰੀਮ ਦੇ ਧਿਆਨ ਵਿੱਚ ਆਇਆ?

ਇੱਕ ਹੀ ਸ਼ਬਦ ਵਿੱਚ ਇਸਦਾ ਜਵਾਬ ਹੈ, ਨਹੀਂ। ਪੰਜਾਬੀ ਕਵਿਤਾ ਜਰੂਰ ਕੁੱਝ ਲੇਖਕਾਂ ਦੇ ਯਤਨਾਂ ਨਾਲ ਅੰਗਰੇਜ਼ੀ ਵਿੱਚ ਅਨੁਵਾਦ ਹੋਈ ਹੈ ਪਰ ਬਦਕਿਸਮਤੀ ਨਾਲ ਇਹ ਮੇਨ ਸਟਰੀਮ ਤੱਕ ਨਹੀਂ ਪਹੁੰਚ ਸਕੀ।

? ਸਾਡੀ ਪੰਜਾਬੀਆਂ ਦੀ ਤੀਜੀ ਪੀੜ੍ਹੀ ਇੰਗਲੈਂਡ ਵਿੱਚ ਵਸ ਰਹੀ ਹੈ। ਨਵੀਂ ਪੀੜ੍ਹੀ ਨੂੰ ਤਾਂ ਸ਼ਾਇਦ ਕੋਈ ਫ਼ਰਕ ਨਾ ਮਹਿਸੂਸਸ ਹੋਵੇ ਪਰ ਸਾਡੀ ਪਰਾਣੀ ਪੀੜ੍ਹੀ ਅਜੇ ਵੀ ਬੇਗਾਨਗੀ ਦਾ ਅਹਿਸਾਸ ਮਹਿਸੂਸ ਕਰ ਰਹੀ ਹੈ। ਲੱਗਦਾ ਹੈ, ਉਹ ਆਪਣੇ ਪਿੱਛੇ ਨਾਲੋਂ ਮੋਹ-ਮੁਕਤ ਨਹੀਂ ਹੋ ਸਕੀ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਂਗੇ?

ਸਤਨਾਮ ਜੀ, ਇਹ ਬੇਗਾਨਗੀ ਦਾ ਇਹਸਾਸ ਤਾਂ ਸਾਡੀ ਉਸ ਪੀੜ੍ਹੀ ਨੂੰ ਰਹੇਗਾ ਹੀ। ਜਿਹੜੇ ਹਾਲਾਤਾ ਨਾਲ ਸਮਝੌਤਾ ਕਰਕੇ ਆਬਾਦਕਾਰ ਬਣ ਗਏ ਹਨ। ਪਰ ਇੱਥੇ ਤਾਂ ਆਏ ਸੀ ਰੋਟੀ ਰੋਜ਼ੀ ਕਮਾਉਣ ਲਈ, ਉਹ ਮਰਦੇ ਦਮ ਤੱਕ ਆਪਣੇ ਪਿਛੋਕੜ ਨਾਲੋਂ ਮੋਹ-ਮੁਕਤ ਨਹੀਂ ਹੋ ਸਕਣਗੇ। ਪ੍ਰੰਤੂ ਇੱਥੇ ਜੰਮੇ ਬੱਚਿਆਂ ਦੀ ਇਹ ਮਾਨਸਿਕਤਾ ਨਹੀਂ ਹੈ। ਉਹ ਇੱਥੇ ਜੰਮੇ, ਉਨ੍ਹਾਂ ਦੇ ਕਾਰੋਬਾਰ ਇੱਥੇ ਹਨ। ਉਹ ਕਦੇ ਵੀ ਇਹ ਮਹਿਸੂਸ ਨਹੀਂ ਕਰਦੇ ਕਿ ਇਹ ਦੇਸ਼ ਉਨ੍ਹਾਂ ਲਈ ਬੇਗਾਨਾ ਦੇਸ਼ ਹੈ। ਇਸੇ ਮਾਨਸਿਕਤਾ ਨੂੰ ਲੈ ਕੇ ਮੈਂ ‘ਗੁਆਚੇ ਘਰ ਦੀ ਤਲਾਸ਼’ ਤੇ ‘ਚਾਂਦੀ ਨਗਰ ਤੇ ਪਰਿੰਦਾ’ ਵਰਗੀਆਂ ਕਵਿਤਾਵਾਂ ਲਿਖੀਆਂ।

? ਹੁਣ ਗੱਲ ਕਰਦੇ ਹਾਂ ਪੰਜਾਬੀ ਕਾਨਫ਼ਰੰਸਾਂ ਦੀ। ਇਹ ਕਦੇ ਨਾ ਕਦੇ ਕਿਸੇ ਨਾ ਕਿਸੇ ਦੇਸ਼ ਵਿੱਚ ਹੁੰਦੀਆਂ ਹੀ ਰਹਿੰਦੀਆਂ ਹਨ। ਕੀ ਤੁਸੀਂ ਸਮਝਦੇ ਹੋ ਕਿ ਇਹਨਾਂ ਕਾਨਫ਼ਰੰਸਾਂ ਨੇ ਪੰਜਾਬੀ ਬੋਲੀ ਦੇ ਵਿਕਾਸ ਵਿੱਚ ਜਾਂ ਫੈਲਾਉ ਵਿੱਚ ਵੀ ਕੋਈ ਯੋਗਦਾਨ ਪਾਇਆ ਹੈ?

ਪੰਜਾਬੀ ਅੰਤਰਰਾਸ਼ਟਰੀ ਕਾਨਫ਼ਰੰਸਾਂ, ਜੋ ਕਿ ਕਿਸੇ ਨਾ ਕਿਸੇ ਮੁਲਕ ਵਿੱਚ ਹਰ ਸਾਲ ਹੁੰਦੀਆਂ ਹੀ ਰਹਿੰਦੀਆਂ ਹਨ, ਇਨ੍ਹਾਂ ਦੀ ਸ਼ੁਰੂਆਤ ਇੰਗਲੈਂਡ ਵਿੱਚ ਸਾਊਥਾਲ ਵਾਲਿਆਂ ਨੇ ਹੀ ਕੀਤੀ ਸੀ। ਪਰ ਇਸ ਵਿੱਚ ਨਿੱਜੀ ਮੁਫ਼ਾਦਾ ਨੇ ਘਚੋਲ਼ਾ ਪਾ ਦਿੱਤਾ ਹੈ। ਇਨ੍ਹਾਂ ਕਾਨਫ਼ਰੰਸਾਂ ਦੇ ਕੋਈ ਸਾਰਥਕ ਸਿੱਟੇ ਨਹੀਂ ਮਿਲਦੇ ਪਰ ਤਾਂ ਵੀ ਮੈਂ ਇਨ੍ਹਾਂ ਨੂੰ ਬੁਰਾ ਨਹੀਂ ਮੰਨਦਾ। ਭਾਵੇਂ ਇਨ੍ਹਾਂ ਦੇ ਸਾਰਥਕ ਸਿੱਟੇ ਨਹੀਂ ਮਿਲਦੇ ਪਰ ਇਨ੍ਹਾ ਦਾ ਨੁਕਸਾਨ ਵੀ ਕੋਈ ਨਹੀਂ। ਇਨ੍ਹਾਂ ਨਾਲ ਪੂਰਬੀ ਤੇ ਪੱਛਮੀਂ ਪੰਜਾਬ ਵਿੱਚ ਆਪਸੀ ਮੇਲ਼ਜੋਲ ਤੇ ਭਾਈਚਾਰਕ ਸਾਂਝ ਜ਼ਰੂਰ ਉਤਸ਼ਾਹਿਤ ਹੋਈ ਹੈ। ਹਿੰਦੋਸਤਾਨ ਤੇ ਪਕਿਸਤਾਨ ਦੀਆਂ ਸਰਕਾਰਾਂ ਨੂੰ ਵੀ ਇਨ੍ਹਾਂ ਕਾਨਫ਼ਰੰਸਾਂ ਕਰਕੇ ਮੂੰਹ ਮੁਲਾਹਜੇ ਰੱਖਣੇ ਪੈ ਰਹੇ ਹਨ। ਇਨ੍ਹਾਂ ਕਾਨਫਰੰਸਾਂ ਨਾਲ ਹੀ ਸ਼ਾਇਦ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਨੂੰ ਕੁੱਝ ਤਾਕਤ ਮਿਲੀ ਹੋਵੇ। ਇਸ ਗੱਲੋਂ ਹੀ ਇਨ੍ਹਾਂ ਕਾਨਫ਼ਰੰਸਾਂ ਦਾ ਯੋਗਦਾਨ ਮੈਨੂੰ ਲੱਗਦਾ ਕਰਕੇ ਮੈਂ ਇਨ੍ਹਾਂ ਦਾ ਵਿਰੋਧ ਨਹੀਂ ਕਰਦਾ।

? ਸਾਊਥਾਲ ਵਿੱਚ ਰਹਿੰਦਿਆਂ, ਇੱਥੇ ਦੀਆਂ ਸਹਿਤਕ ਸਰਗਰਮੀਆਂ ਬਾਰੇ ਤੇ ਨਾਲ ਹੀ ਆਪਣੀਆਂ ਸਾਹਿਤਕ ਦੋਸਤੀਆਂ ਬਾਰੇ ਵੀ ਕੁੱਝ ਦਸੋ?

ਹਾਂ ਜੀ, ਜਦੋਂ ਮੈਂ ਇਗੰਲੈਂਡ ਆਇਆ, ਪਹਿਲਾਂ ਮੈਂ ਸਾਉਥਹਾਲ ਹੀ ਆਇਆ ਸੀ। ਤੇ ਉਦੋਂ ਤੋਂ ਇੱਥੇ ਹੀ ਰਹਿ ਰਿਹਾ ਹਾਂ। ਇੱਥੇ ਸਾਹਿਤਕ ਸਰਗਰਮੀਆਂ ਬਹੁਤ ਸਨ। ਇੱਥੇ ਬਹੁਤ ਸਾਰੇ ਸਾਹਿਤਕਾਰ ਰਹਿੰਦੇ ਸਨ। ਕੱਝ ਤਾਂ ਸੁਰਗਵਾਸ ਹੋ ਗਏ ਹਨ, ਜਿਸ ਤਰ੍ਹਾਂ ਸ਼ੇਰਜੰਗ ਜਾਂਗਲੀ, ਬਿਸ਼ੰਬਰ ਸਿੰਘ ਸਾਕੀ, ਤਰਸੇਮ ਨੀਲਗਿਰੀ, ਤਰਸੇਮ ਪੁਰੇਵਾਲ ਆਦਿ। ਹੋਰ ਜੋਗਿੰਦਰ ਸ਼ਮਸ਼ੇਰ, ਬਲਬੀਰ ਕੌਰ ਸੰਘੇੜਾ ਕੈਨੇਡਾ ਵਸ ਗਏ ਤੇ ਬਾਕੀ ਵੀ ਇੱਧਰ ਉੱਧਰ ਖਿੰਡ ਪੁੰਡ ਗਏ। ਸਾਹਿਤਕ ਸਰਗਰਮੀਆਂ ਤਾਂ ਹੁਣ ਵੀ ਚਲਦੀਆਂ ਹਨ ਪਰ ਪਹਿਲਾਂ ਵਾਂਗ ਹੁੰਮ ਹੁੰਮਾ ਕੇ ਨਹੀਂ। ਸਭਾਵਾਂ ਚਲਾਉਣ ਵਾਲੇ ਚਲਾਈ ਜਾਂਦੇ ਹਨ ਤੇ ਲਿਖਣ ਵਾਲੇ ਲਿਖੀ ਜਾਂਦੇ ਹਨ। ਬਾਕੀ ਸਾਹਿਤਕ ਦੋਸਤੀਆਂ ਮੇਰੀਆਂ ਬਹੁਤੀਆਂ ਨਹੀਂ, ਬਸ ਥੋੜ੍ਹੇ ਹੀ ਸਾਹਿਤਕ ਦੋਸਤ ਹਨ, ਜਿਨ੍ਹਾਂ ਉੱਤੇ ਮਾਣ ਕਰ ਸਕਦਾ ਹਾਂ ਤੇ ਉਨ੍ਹਾਂ ਦੀ ਦੋਸਤੀ ਮੇਰੇ ਖ਼ੰਭ ਹਨ, ਮੇਰਾ ਸਰਮਇਆ ਹੈ।

? ਜਗਤਾਰ ਜੀ, ਤੁਹਾਡੀ ਪਹਿਚਾਣ ਇੰਗਲੈਂਡ ਦੇ ਵਧੀਆਂ ਲਿਖਣ ਵਾਲੇ ਕਵੀਆਂ ਵਿੱਚ ਹੋ ਚੁੱਕੀ ਹੈ? ਇਸ ਮੁਕਾਮ ਤੇ ਪਹੁੰਚ ਕੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ?

ਸਤਨਾਮ ਜੀ, ਮੈਂ ਚੰਗਾ ਕਵੀ ਹਾਂ ਜਾਂ ਮਾੜਾ, ਇਹਦੇ ਬਾਰੇ ਤਾਂ ਮੇਰੇ ਪਾਠਕਾਂ ਨੂੰ ਹੀ ਪਤਾ ਹੋਵੇਗਾ। ਜਿਸ ਮੁਕਾਮ ’ਤੇ ਪਹੁੰਚਿਆ ਤੁਸੀਂ ਮੈਨੂੰ ਦਸ ਰਹੇ ਹੋ, ਮੈਂ ਆਪਣੇ ਆਪ ਨੂੰ ਉਸ ਮੁਕਾਮ ਤੇ ਪਹੁੰਚਿਆ ਮਹਿਸੂਸ ਨਹੀਂ ਕਰਦਾ। ਮੇਰਾ ਕਰਮ ਕਵਿਤਾ ਲਿਖਣਾ ਹੈ, ਕਿਸੇ ਮੁਕਾਮ ਤੇ ਪੰਹਚਣਾ ਮੇਰੀ ਖ਼ਾਹਿਸ਼ ਨਹੀਂ।

? ਜਗਤਾਰ ਜੀ, ਆਪਣੇ ਸੁਭਾਅ ਬਾਰੇ ਵੀ ਕੁੱਝ ਦਸੋ (ਗੁਣ ਜਾਂ ਔਗੁਣ)?

ਸਤਨਾਮ ਜੀ, ਇਹ ਇੱਕ ਔਖਾ ਸਵਾਲ ਹੈ। ਮੇਰੇ ਸੁਭਾਅ ਬਾਰੇ ਬਹੁਤਾ ਲੋਕ ਹੀ ਦੱਸ ਸਕਦੇ ਹਨ। ਮੇਰੇ ਵਿਚ ਗੁਣ ਤੇ ਕੀ ਔਗੁਣ ਹਨ? ਮੈਂ ਕੀ ਕਹਾਂ? ਕਈ ਵਾਰ ਮੇਰੇ ਨਾਲ ਇਉਂ ਹੋਇਆ ਕਿ ਜਿਨ੍ਹਾਂ ਨੂੰ ਮੈਂ ਗੁਣ ਸਮਝਦਾ ਰਿਹਾ ਵਖ਼ਤ ਨੇ ਉਹ ਮੇਰੇ ਔਗੁਣ ਸਾਬਤ ਕੀਤੇ ਹਨ। ਮੇਰਾ ਯਤਨ ਇਹੀ ਰਹਿੰਦਾ ਹੈ ਇੱਕ ਚੰਗਾ ਇਨਸਾਨ ਬਣਾ। ਸਮੇਂ ਨਾਲ ਸਭ ਕੁੱਝ ਬਦਲਦਾ ਰਹਿੰਦਾ ਹੈ। ਜੋ ਕਦੇ ਔਗੁਣ ਹੁੰਦੇ ਹਨ ਉਹੀ ਗੁਣ ਬਣ ਜਾਂਦੇ ਹਨ ਤੇ ਜੋ ਕਦੇ ਗੁਣ ਹੁੰਦੇ ਹਨ, ਉਹੀ ਔਗੁਣ ਲਗਦੇ ਹਨ।

? ਇੱਕ ਨਵਾਂ ਸ਼ੌਕ, ਜਿਸਦਾ ਮੈਨੂੰ ਹੁਣੇ ਪਤਾ ਲੱਗਾ ਹੈ, ਘੁੰਮ ਫਿਰ ਕੇ ਦੁਨੀਆਂ ਦੇਖਣ ਦਾ; ਤੁਸੀਂ ਕਿੱਥੇ ਕਿੱਥੇ ਗਏ? ਕੀ ਇਹਦੇ ਬਾਰੇ ਕੁੱਝ ਲਿਖਿਆ ਵੀ?

ਹਾਂ ਜੀ, ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਪਰਿਵਾਰ ਸੈੱਟ ਕਰਦੇ ਰਹੇ ਤੇ ਆਪ ਸੈੱਟ ਹੁੰਦੇ ਰਹੇ। ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀਆਂ ਹਨ। ਹੁਣ ਆਹ ਚਾਰ ਕੁ ਦਿਨ ਹਨ ਉਹ ਵੀ ਕੁਦਰਤ ਦੇ ਹੱਥ ਹੈ। ਜਿਸ ਦੇਸ਼ ਵਿੱਚ ਜਨਮੇ ਤੇ ਵੀਹ ਸਾਲ ਉੱਥੇ ਰਹੇ ਵੀ ਪਰ ਉਸ ਨੂੰ ਦੇਖ ਨਹੀਂ ਸਕੇ ਹੁਣ ਸਭ ਤੋਂ ਪਹਿਲਾਂ ਆਪਣੇ ਦੇਸ਼ ਨੂੰ ਦੇਖਣ ਦੀ ਤਮੰਨਾ ਹੈ। ਆਪਣੇ ਦੇਸ਼ ਦੀ ਪੁਰਾਤਨ ਸੰਸਕ੍ਰਿਤੀ ਨੂੰ ਦੇਖਣ ਸਮਝਣ ਦਾ ਯਤਨ ਕਰ ਰਿਹਾ ਹਾਂ। ਹਾਲੇ ਤੱਕ ਤਾਂ ਇੰਡੀਆ ਦਾ ਸਾਊਥ ਹੀ ਦੇਖ ਸਕਿਆਂ ਹਾਂ। ਜੋ ਤੁਸੀਂ ਲਿਖਣ ਬਾਰੇ ਪੁੱਛਿਆ ਜ਼ਰੂਰ ਕਿਸੇ ਦਿਨ ਆਪਣੀਆਂ ਇਹਨਾਂ ਯਾਤਰਾਵਾਂ ਬਾਰੇ ਵੀ ਲਿਖਾਂਗਾ।

? ਨਵੇਂ ਕਵੀਆਂ ਨੂੰ ਕੋਈ ਸੁਨੇਹਾ?

ਸਤਨਾਮ ਜੀ, ਮੈਂ ਆਪਣੇ ਆਪ ਨੂੰ ਸੁਨੇਹੇ ਦੇਣ ਦੇ ਯੋਗ ਨਹੀਂ ਸਮਝਦਾ। ਨਵੇਂ ਕਵੀ ਬਹੁਤ ਸਿਆਣੇ ਹਨ। ਫੇਰ ਵੀ ਉਨ੍ਹਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਵਧੀਆ ਕਵਿਤਾ ਲਿਖਣ ਲਈ ਕਵਿਤਾ ਵਾਂਗ ਜਿਉਣਾ ਸਿੱਖਣਾ ਚਾਹੀਦਾ ਹੈ।
*****
(22 ਮਈ 2009) ਸੂਰਜ ਯੂਨੀਕੋਡ

 

ਸਤਨਾਮ ਢਾਅ ਦੀਆਂ ਲਿਖਾਰੀ ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

e-mail:
ਲਿਖਾਰੀ
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.