ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

ਮੁੱਖ ਪੰਨਾ           - ਲੇਖ/ਆਲਾ-ਦੁਆਲਾ/ਜਾਣਕਾਰੀ/ਵਿਚਾਰ- ਲਿਖਾਰੀ

ਲੱਚਰਤਾ ਤੋਂ ਕੋਹਾਂ ਦੂਰ ਅਜ ਦੀ ਪੰਜਾਬੀ ਫ਼ਿਲਮ (3)

ਮਿੰਟੂ ਬਰਾੜ, ਅਸਟਰੇਲੀਆ


ਕਹਿੰਦੇ ਹਨ ਕੇ ਜਦੋਂ ਮਾੜੀ ਹਵਾ ਵਗਦੀ ਹੈ ਤਾਂ ਸਭ ਕੁੱਝ ਆਪਣੇ ਨਾਲ ਉਡਾ ਕੇ ਲੈ ਜਾਂਦੀ ਹੈ ਤੇ ਜੇ ਕੋਈ ਇਹੋ ਜਿਹੇ ਵਕਤ ਵੀ ਆਪਣੇ ਆਪ ਨੂੰ ਮਾੜੀ ਹਵਾ ਤੋਂ ਬਚਾ ਕੇ ਉਲਟਾ ਕੁੱਝ ਚੰਗਾ ਕਰਨ ਦੀ ਕੋਸ਼ਸ਼ ਕਰਦਾ ਹੈ ਤਾਂ ਇਹ ਵੀ ਇਕ ਕੁਰਬਾਨੀ ਹੀ ਹੁੰਦੀ ਹੈ ਤੇ ਇਹੋ ਜਿਹੀ ਕੁਰਬਾਨੀ ਕੋਈ ਕਰ ਰਿਹਾ ਹੋਵੇ ਤੇ ਲੋਕ ਉਸ ਦੀ ਤਾਰੀਫ਼ ਨਾ ਕਰਨ ਤਾਂ ਇਹ ਵੀ ਇਨਸਾਫ਼ ਨਹੀਂ ਹੋਵੇਗਾ।ਮੇਰਾ ਇਹ ਗੱਲਾਂ ਕਰਨ ਦਾ ਕਾਰਣ ਅਜ ਪੰਜਾਬੀ ਫ਼ਿਲਮਾਂ ਵਿੱਚ ਆਇਆ ਇਹ ਜਬਰਦਸਤ ਬਦਲਾਅ ਹੈ।

ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕੇ ਪਿਛਲੇ ਦਸ ਸਾਲ ਬਹੁਤ ਹੀ ਬਦਲਾਓ ਭਰੇ ਰਹੇ ਹਨ। ਭਾਵੇਂ ਉਹ ਆਰਥਿਕ ਹੋਵੇ ਭਾਵੇਂ ਸਭਿਆਚਾਰਕ ਹੋਵੇ ਹਰ ਪਾਸੇ ਇਹੋ ਜਿਹੇ ਬਦਲਾਅ ਦੇਖਣ ਨੂੰ ਮਿਲੇ ਜੋ ਇਕ ਆਮ ਆਦਮੀ ਦੀ ਸੋਚ ਤੋਂ ਕਾਫ਼ੀ ਪਰੇ ਹਨ। ਬਾਕੀ ਗੱਲਾਂ ਨੂੰ ਕਦੇ ਫੇਰ ਦੇਖਾਂਗੇ ਅਜ ਆਪਾਂ ਇਕੱਲੇ ਸਭਿਆਚਾਰਕ ਬਦਲਾਅ ਤੇ ਹੀ ਵਿਚਾਰ ਕਰਾਂਗੇ। ਜਿਸ ਤਹਿਤ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਲੱਚਰਤਾ ਆ ਚੁੱਕੀ ਹੈ ਹਰ ਪਾਸੇ ਭਾਵੇਂ ਉਹ ਗੀਤ ਸੰਗੀਤ ਜਗਤ ਹੋਵੇ ਤੇ ਭਾਵੇਂ ਹਿੰਦੀ ਫ਼ਿਲਮ ਜਗਤ ਹੋਵੇ ਹਰ ਪਾਸੇ ਦੇਖ ਤੇ ਸੁਣ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਕੀ ਕਹਿਣਾ ਜੇ ਇੱਕਾ-ਦੁੱਕਾ ਤੇ ਇਹ ਗਲ ਲਾਗੂ ਨਾ ਹੁੰਦੀ ਹੋਵੇ ਨਹੀਂ ਤਾਂ ਇਹ ਸਾਰੇ ਹੀ ਹਨੇਰੀ ਵਿੱਚ ਰੁੜ੍ਹ ਗਏ ਲਗਦੇ ਹਨ ਤੇ ਜੇ ਕੋਈ ਅਜ ਇਸ ਤੂਫ਼ਾਨ ਦੇ ਸਾਹਮਣੇ ਡਟ ਕੇ ਕੋਈ ਖੜਾ ਹੈ, ਤੇ ਨਵੇਂ ਨਵੇਂ ਇਤਿਹਾਸ ਸਿਰਜ ਰਿਹਾ ਹੈ ਤਾਂ ਉਹ ਹੈ ਸਾਡਾ ਪੰਜਾਬੀ ਸਿਨਮਾ।

ਪੰਜਾਬੀ ਸਿਨੇਮੇ ਦੀ ਉਮਰ ਲਗਭਗ ਪਝੱਤਰ ਸਾਲ ਦੀ ਹੋ ਚੁੱਕੀ ਹੈ ਜਾਂ ਫੇਰ ਆਪਾਂ ਫ਼ਿਲਮੀ ਭਾਸ਼ਾ 'ਚ ਇਸ ਨੂੰ ਪਲਾਟੀਨਮ ਜੁਬਲੀ ਦੇ ਕਰੀਬ ਹੋ ਚੁੱਕੀ ਕਹਿ ਸਕਦੇ ਹਾਂ।ਇਸ ਦਾ ਸਫ਼ਰ 1935 ਵਿੱਚ ਕੇ ਡੀ ਮਹਿਰਾ ਦੀ ਫ਼ਿਲਮ ''ਸ਼ੀਲਾ'' ਨਾਲ ਹੋਇਆ ਇਹ ਫ਼ਿਲਮ ''ਪਿੰਡ ਦੀ ਕੁੜੀ'' ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ।ਭਾਵੇਂ ਕੁੱਝ ਲੋਕ ਪੰਜਾਬੀ ਫ਼ਿਲਮਾਂ ਦੀ ਆਮਦ 1932 ਚ ਬਣੀ ''ਹੀਰ ਰਾਂਝਾ'' ਜੋ ਕਿ ਅਬਦਲ ਰਸ਼ੀਦ ਕਾਰਦਾਰ ਦੇ ਨਿਰਦੇਸ਼ਨ ਚ ਬਣੀ ਸੀ ਨੂੰ ਮੰਨਦੇ ਹਨ ਤੇ ਉਸ ਤੋਂ ਪਿਛੋਂ 1933 ਵਿੱਚ ''ਰਾਜਾ ਗੋਪੀ ਚੰਦ'' ਤੇ 1934 ਵਿੱਚ ਬਣੀ ''ਮਿਰਜ਼ਾ ਸਾਹਿਬਾ'' ਨੂੰ ਗਿਣਦੇ ਹਨ ਤੇ ''ਪਿੰਡ ਦੀ ਕੁੜੀ''(ਸ਼ੀਲਾ) ਨੂੰ ਚੌਥੀ ਪੰਜਾਬੀ ਫ਼ਿਲਮ ਮੰਨਦੇ ਹਨ। ਪਰ ਉਹਨਾਂ ਕੋਲ ਇਸ ਤੋਂ ਜਿਆਦਾ ਜਾਣਕਾਰੀ ਨਹੀਂ ਹੈ। ਸੋ ''ਪਿੰਡ ਦੀ ਕੁੜੀ'' ਨਾਲ ਜੋ ਪੰਜਾਬੀ ਫ਼ਿਲਮਾਂ ਨੂੰ ਥਾਂ ਮਿਲਿਆ ਉਹ ਇਤਿਹਾਸ ਦਾ ਸੁਨਹਿਰੀ ਮੋੜ ਹੋ ਗੁਜ਼ਰਿਆ।ਇਸੇ ਕਰਕੇ ਇਸ ਫ਼ਿਲਮ ਨੂੰ ਪਹਿਲੀ ਪੰਜਾਬੀ ਫ਼ਿਲਮ ਹੋਣ ਦਾ ਮਾਣ ਮਿਲਿਆ ।

ਪੰਜਾਬੀ ਫ਼ਿਲਮਾਂ ਦੀ ਗਿਣਤੀ ''ਪਿੰਡ ਦੀ ਕੁੜੀ'' ਤੋਂ ਲੈ ਕੇ ''ਲਗਦਾ ਇਸ਼ਕ ਹੋ ਗਿਆ'' ਤਕ ਤਕਰੀਬਨ ਇਕ ਹਜ਼ਾਰ ਦੇ ਆਂਕੜੇ ਦੇ ਬਹੁਤ ਹੀ ਕਰੀਬ ਹੈ।ਉਸ ਵਕਤ ਫ਼ਿਲਮ ਨਿਰਮਾਣ ਦਾ ਕੰਮ ਕਲਕੱਤੇ ਵਿੱਚ ਹੀ ਹੋਇਆ ਕਰਦਾ ਸੀ ਸੋ ਪਹਿਲੀ ਪੰਜਾਬੀ ਫ਼ਿਲਮ ਦਾ ਨਿਰਮਾਣ ਵੀ ਉਥੇ ਹੀ ਹੋਇਆ ਤੇ ਉਸ ਵਿੱਚ ਬੇਬੀ ਨੂਰ ਜਹਾਂ ਦੇ ਰੂਪ 'ਚ ਇਕ ਐਕਟ੍ਰੈੱਸ ਤੇ ਗਾਇਕਾ ਦੀ ਆਮਦ ਹੋਈ ਜਿਸ ਨੇ ਅੱਗੇ ਚੱਲ ਕੇ ਬਹੁਤ ਸਾਰੇ ਮੀਲ ਪੱਥਰ ਗੱਡੇ। ਇਸ ਫ਼ਿਲਮ ਨੂੰ ਉਸ ਵੇਲੇ ਦੇ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਪਹਿਲੀ ਵਾਰ ਰਿਲੀਜ਼ ਕੀਤਾ ਗਿਆ ਸੀ ਤੇ ਆਂਕੜੇ ਦੱਸਦੇ ਹਨ ਇਸ ਫ਼ਿਲਮ ਨੇ ਚਾਰੇ ਪਾਸੇ ਧੁੰਮਾ ਪਾ ਦਿਤੀਆਂ ਸਨ।ਬਸ ਫੇਰ ਕੀ ਸੀ ਇਸ ਸਫ਼ਲਤਾ ਨੇ ਕੇ ਡੀ ਮਹਿਰਾ ਦੇ ਨਾਲ ਨਾਲ ਹੋਰ ਬਹੁਤ ਸਾਰੇ ਨਿਰਮਾਤਾਵਾਂ ਨੂੰ ਵੀ ਵਿਸ਼ਾਲ ਪੰਜਾਬੀ ਭਾਈਚਾਰੇ ਦਾ ਅਹਿਸਾਸ ਹੋਇਆ ਤੇ ਫੇਰ ਕਹਿੰਦੇ ਕਹਾਉਂਦੇ ਕਲਾਕਾਰਾਂ ਨੇ ਲਾਹੌਰ ਵੱਲ ਵਹੀਰਾਂ ਘੱਤ ਲਈਆਂ ਤੇ ਦੇਖਦੇ ਹੀ ਦੇਖਦੇ ਲਾਹੌਰ ਬਾਲੀਵੁੱਡ ਦੀ ਤਰਜ਼ ਤੇ ਪੰਜਾਬ ਵੁੱਡ ਕਹਾਉਣ ਲੱਗਿਆ ਜੋ ਕਿ ਅੱਗੇ ਚੱਲ ਕੇ ਪਾਲੀ ਵੁੱਡ ਦਾ ਰੂਪ ਧਾਰਨ ਕਰ ਗਿਆ। ਕਲਾਕਾਰਾਂ ਦੇ ਨਾਲ ਨਾਲ ਪੱਤਰਕਾਰਾਂ ਤੇ ਅਖ਼ਬਾਰਾਂ ਵਾਲਿਆਂ ਵੀ ਲਾਹੌਰ ਆ ਡੇਰੇ ਲਾਏ। ਇਥੇ ਸਭ ਤੋਂ ਪਹਿਲਾਂ ਆਉਣ ਵਾਲੇ ਪੱਤਰਕਾਰਾਂ ਵਿੱਚ ਅਜ ਦੇ ਮਸ਼ਹੂਰ ਨਿਰਮਾਤਾ ਨਿਰਦੇਸ਼ਕ ਬੀ.ਆਰ. ਚੋਪੜਾ ਤੇ ਰਾਮਾਨੰਦ ਸਾਗਰ ਵੀ ਸ਼ਾਮਿਲ ਸਨ। ਜਿਨ੍ਹਾਂ ਆਪਣੇ ਕੈਰੀਅਰ ਦੀ ਸ਼ੁਰੂਆਤ ਇਕ ਫ਼ਿਲਮੀ ਪੱਤਰਕਾਰ ਦੇ ਤੋਰ ਤੇ ਕੀਤੀ ਸੀ।

ਅਗਲੇ ਬਾਰਾਂ ਕੁ ਸਾਲ ਚ ਹਾਲੇ ਪੰਜਾਬੀ ਫ਼ਿਲਮ ਇੰਡਸਟਰੀ ਪੰਜਾਹ ਦਾ ਆਂਕੜਾ ਵੀ ਨਹੀਂ ਛੂਹ ਸਕੀ ਸੀ ਕਿ 1947 ਵਾਲਾ ਦੁਖਾਂਤ ਵਾਪਰ ਗਿਆ ਤੇ ''ਦੀਵਾਨੀ'' ਸਾਂਝੇ ਪੰਜਾਬ ਚ ਬਣਨ ਵਾਲੀ ਆਖ਼ਰੀ ਫ਼ਿਲਮ ਸਾਬਤ ਹੋਈ। ਪਰ ਇਸ ਦੌਰਾਨ 45 ਦੇ ਕਰੀਬ ਪੰਜਾਬੀ ਫ਼ਿਲਮਾਂ ਲਾਹੌਰ ਵਿੱਚ ਬਣੀਆਂ ਜਿਨ੍ਹਾਂ ਵਿੱਚੋਂ ਕਈ ਫ਼ਿਲਮਾਂ ਨੇ ਟਿਕਟ ਖਿੜਕੀ ਤੇ ਹਿੰਦੀ ਫ਼ਿਲਮਾਂ ਨੂੰ ਮਾਤ ਪਾਈ ਜਿਨ੍ਹਾਂ ਵਿੱਚ ਕੁੱਝ ਇੱਕ ਫ਼ਿਲਮਾਂ ਧਾਰਮਿਕ ਤੇ ਕੁੱਝ ਇੱਕ ਪੰਜਾਬੀ ਕਿੱਸਿਆਂ ਤੇ ਅਧਾਰਤ ਸਨ।''ਜੱਗਾ ਡਾਕੂ, ਯਮ੍ਹਲਾ ਜੱਟ, ਪਾਪੀ, ਮੰਗਤੀ, ਮੇਰਾ ਮਾਹੀ ਅਤੇ ਸੱਸੀ ਪੁੰਨੂੰ''ਨੇ ਬੜਾ ਨਾਂ ਕਮਾਇਆ ਸੀ। ਇਥੇ ਇਹ ਵੀ ਦੱਸਣ ਯੋਗ ਹੈ ਕਿ ਉਸ ਵਕਤ ਜਿਆਦਾ ਤਰ ਫ਼ਿਲਮੀ ਨਿਰਮਾਤਾ ਨਿਰਦੇਸ਼ਕ ਗ਼ੈਰ ਪੰਜਾਬੀ ਸਨ।

ਦੋ ਹਿੱਸਿਆਂ 'ਚ ਵੰਡੀ ਪੰਜਾਬੀ ਫ਼ਿਲਮ ਇੰਡਸਟਰੀ ਦਾ ਕੁੱਝ ਹਿੱਸਾ ਤਾਂ ਲਾਹੌਰ ਵਿੱਚ ਰਹਿ ਗਿਆ ਤੇ ਉਹਨਾਂ ਆਪਣੇ ਬੈਨਰ ਦਾ ਨਾਂ ਲਾਲੀ ਵੁੱਡ ਰੱਖ ਲਿਆ ਤੇ ਦੂਜਾ ਹਿੱਸਾ ਬਾਲੀਵੁੱਡ ਦੇ ਬੈਨਰ ਥੱਲੇ ਬੰਬਈ ਜਾ ਪਹੁੰਚਿਆ। ਜਿਵੇਂ ਉੱਜੜੇ ਆਲ੍ਹਣੇ ਨੂੰ ਮੁੜ ਵਸਾਉਣ ਲਈ ਫੇਰ ਤੀਲਾ-ਤੀਲਾ ਇਕੱਠਾ ਕਰਨਾ ਪੈਂਦਾ ਹੈ ਤੇ ਇਕ ਵਾਰ ਜ਼ਿੰਦਗੀ ਵਿੱਚ ਖੜੋਤ ਜਿਹੀ ਆ ਜਾਂਦੀ ਹੈ ਉਸੇ ਤਰ੍ਹਾਂ ਦੇਸ਼ ਦੀ ਵੰਡ ਪਿਛੋਂ ਪੰਜਾਬੀ ਸਿਨਮਾ ਦੀ ਰਫ਼ਤਾਰ ਵੀ ਕੁੱਝ ਹੋਲੀ ਹੋ ਗਈ ਸੀ ਤੇ ਇਕ ਦੋ ਸਾਲ ਨਾ ਦੇ ਬਰਾਬਰ ਫ਼ਿਲਮਾਂ ਹੀ ਬਣ ਸਕੀਆਂ।ਪਰ ਭਾਵੇਂ 1948 ਵਿੱਚ ਇਕੋ ਇਕ ਫ਼ਿਲਮ ''ਲੱਛੀ'' ਹੀ ਰਿਲੀਜ਼ ਹੋ ਸਕੀ ਪਰ ਫੇਰ ਵੀ ਇਸ ਫ਼ਿਲਮ ਨੇ ਉਸ ਵਕਤ ਟਿਕਟ ਖਿੜਕੀ ਤੇ ਹਿੰਦੀ ਫ਼ਿਲਮਾਂ ਨੂੰ ਵੀ ਵਕਤ ਪਾ ਦਿਤਾ ਸੀ।

ਸੱਠ ਦੇ ਦਹਾਕੇ ਤਕ ਪੰਜਾਬੀ ਫ਼ਿਲਮ ਇੰਡਸਟਰੀ ਫੇਰ ਲੀਹ ਤੇ ਚੜ੍ਹ ਗਈ ਤੇ ਉਸ ਤੋਂ ਲੈ ਕੇ ਅਜ ਤਕ ਤਕਰੀਬਨ ਸਤ-ਅੱਠ ਫ਼ਿਲਮਾਂ ਹਰ ਸਾਲ ਰਿਲੀਜ਼ ਹੁੰਦੀਆਂ ਰਹੀਆਂ ਹਨ ਤੇ ਸਮੇਂ-ਸਮੇਂ ਸਿਰ ਕਹਿੰਦੇ ਕਹਾਉਂਦੇ ਹਿੰਦੀ ਫ਼ਿਲਮੀ ਸਟਾਰ ਪੰਜਾਬੀ ਫ਼ਿਲਮਾਂ ਚ ਆਪਣੇ ਜੌਹਰ ਦਿਖਾਉਂਦੇ ਰਹੇ। ਹੁਣ ਤਕ ਆਪਣੇ ਆਪਣੇ ਵਕਤ ਮਸ਼ਹੂਰ ਹੋਈਆਂ ਨਾਇਕਾਂ ਵਿੱਚੋਂ ਨੂਰ ਜਹਾਨ, ਇੰਦਰਾ ਬਿੱਲੀ, ਮਿਸ ਮੰਜੂ, ਨਿਸ਼ੀ, ਸਿੰਮੀ ਗਰੇਵਾਲ, ਦਲਜੀਤ ਕੌਰ, ਪ੍ਰੀਤੀ ਸਪਰੂ, ਭਾਵਨਾ ਭੱਟ, ਦਿਵਿਆ ਦੱਤਾ, ਕਿਮੀ ਵਰਮਾ, ਨੀਰੂ ਬਾਜਵਾ ਆਦਿ ਮੁੱਖ ਹਨ। ਜੇ ਹੁਣ ਤਕ ਦੇ ਮਸ਼ਹੂਰ ਹੋਏ ਨਾਇਕ ਦੇਖੀਏ ਤਾਂ ਇਸਲਾਮ, ਬਲਰਾਜ ਸਾਹਨੀ, ਪ੍ਰਿਥਵੀ ਰਾਜ ਕਪੂਰ, ਆਈ.ਐਸ. ਜੌਹਰ, ਦਾਰਾ ਸਿੰਘ, ਵਰਿੰਦਰ, ਰਾਜ ਬੱਬਰ, ਯੋਗਰਾਜ, ਗੁਗੂ ਗਿੱਲ, ਗੁਰਦਾਸ ਮਾਨ, ਹਰਭਜਨ ਮਾਨ, ਜਿੰਮੀ ਸ਼ੇਰਗਿੱਲ ਅਤੇ ਬੱਬੂ ਮਾਨ ਦੇ ਨਾ ਲਏ ਜਾ ਸਕਦੇ ਹਨ ਤੇ ਇਹਨਾਂ ਤੋਂ ਇਲਾਵਾ ਹਿੰਦੀ ਫ਼ਿਲਮਾਂ ਦੇ ਮਸ਼ਹੂਰ ਸਿਤਾਰੇ ਵੀ ਸਮੇਂ ਸਮੇਂ ਸਿਰ ਪੰਜਾਬੀ ਫ਼ਿਲਮਾਂ ਦਾ ਸ਼ਿੰਗਾਰ ਬਣਦੇ ਰਹੇ ਹਨ ਜਿਨ੍ਹਾਂ ਵਿੱਚ ਅਮਿਤਾਭ ਬਚਨ, ਧਰਮਿੰਦਰ, ਸੰਜੀਵ ਕੁਮਾਰ, ਮਨੋਜ ਕੁਮਾਰ, ਅਸ਼ੋਕ ਕੁਮਾਰ, ਅਮਰੀਸ਼ ਪੁਰੀ ਓਮ ਪੁਰੀ, ਕੁਲਭੂਸ਼ਨ ਖਰਬੰਦਾ, ਜੀਵਨ ਆਦਿ ਪ੍ਰਮੁੱਖ ਹਨ। ਕਾਮੇਡੀ ਵਿੱਚ ਆਈ.ਐਸ. ਜੌਹਰ, ਸੁੰਦਰ, ਮਿਹਰ ਮਿੱਤਲ, ਸੁਰਿੰਦਰ ਸ਼ਰਮਾ, ਗੁਰਪ੍ਰੀਤ ਘੁੱਗੀ, ਰਣਬੀਰ ਰਾਣਾ, ਜਸਵਿੰਦਰ ਭੱਲਾ, ਜਸਪਾਲ ਭੱਟੀ, ਭਗਵੰਤ ਮਾਨ ਆਦਿ ਦੇ ਨਾਂ ਲਏ ਜਾ ਸਕਦੇ ਹਨ।

ਮੇਰਾ ਇਥੇ ਇੰਨ੍ਹਾ ਸਿਤਾਰਿਆਂ ਦਾ ਨਾਂ ਲਿਖਣ ਦਾ ਮਕਸਦ ਪੰਜਾਬੀ ਫ਼ਿਲਮਾਂ ਦੀ ਵਿਸ਼ਾਲਤਾ ਨੂੰ ਦਰਸਾਉਣਾ ਹੈ।ਇਸ ਲਿਸਟ ਵਿੱਚ ਭਾਵੇਂ ਮੈਂ ਸਾਰੇ ਨਾਂ ਇਥੇ ਲਿਖ ਨਾ ਸਕਿਆ ਹੋਵਾਂ ਪਰ ਇਹ ਸਾਬਤ ਕਰਨ ਲਈ ਕਾਫ਼ੀ ਹਨ ਕਿ ਕਹਿੰਦੇ ਤੋਂ ਕਹਾਉਂਦਾ ਸਿਤਾਰਾ ਵੀ ਆਪਣੇ ਆਪ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜਨ ਤੋਂ ਨਾ ਰੋਕ ਸਕਿਆ।

ਹੁਣ ਗਲ ਆਉਂਦੀ ਹੈ ਫੇਰ ਉਥੇ ਜਿਥੋਂ ਮੈਂ ਸ਼ੁਰੂ ਕੀਤੀ ਸੀ ਯਾਨੀ ਕਿ ਅਜ ਦੀ ਪੰਜਾਬੀ ਫ਼ਿਲਮ ਇੰਡਸਟਰੀ ਦੀ। ਅਜ ਦੀ ਪੰਜਾਬੀ ਫ਼ਿਲਮ ਇੰਡਸਟਰੀ ਨੇ ਜੋ ਆਪਣੇ ਆਪ 'ਚ ਬਦਲਾਓ ਲਿਆਂਦਾ ਹੈ ਉਹ ਕਾਬਲੇ ਤਾਰੀਫ਼ ਹੈ।ਜਿਸ ਇਕ ਗਲ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ ਉਹ ਹੈ ਅਜ ਦੀ ਪੰਜਾਬੀ ਫ਼ਿਲਮ ਦਾ ਲੱਚਰਤਾ ਤੋਂ ਕੋਹਾਂ ਦੂਰ ਹੋਣਾ। ਭਾਵੇਂ ਵਕਤ ਦੇ ਨਾਲ-ਨਾਲ ਹਰ ਖੇਤਰ ਵਿੱਚ ਲੱਚਰਤਾ ਦਾ ਬੋਲ ਬਾਲਾ ਵਧਦਾ ਜਾ ਰਿਹਾ ਹੈ ਪਰ ਐਨ ਇਸ ਦੇ ਉਲਟ ਪੰਜਾਬੀ ਫ਼ਿਲਮਾਂ ਲੱਚਰਤਾ ਨੂੰ ਅੰਗੂਠਾ ਦਿਖਾ ਕੇ ਕਾਮਯਾਬੀ ਦਾ ਇਤਿਹਾਸ ਸਿਰਜ ਰਹੀਆਂ ਹਨ। ਇਹੋ ਜਿਹਾ ਵੱਡਾ ਇਨਕਲਾਬ ਕੋਈ ਇੰਜ ਹੀ ਨਹੀਂ ਆ ਜਾਂਦਾ ਇਸ ਪਿੱਛੇ ਬਹੁਤ ਹੀ ਘਾਲਣਾ ਘਾਲਣੀ ਪੈਂਦੀ ਹੈ ਤੇ ਜੇ ਅਜ ਦੇ ਇਸ ਬਦਲਾਓ ਦਾ ਸਿਹਰਾ ਆਪਾਂ ਕੁੱਝ ਇੱਕ ਬੰਦਿਆ ਦੇ ਸਿਰ ਬੰਨ੍ਹਣਾ ਚਾਹੀਏ ਤਾਂ ਉਸ ਵਿੱਚ ਗੁਰਦਾਸ ਮਾਨ ਦੀ ਸਾਈਂ ਪ੍ਰੋਡਕਸ਼ਨ, ਮਨਮੋਹਨ ਸਿੰਘ ਦੀ ਟੀਮ ਤੇ ਇਹਨਾਂ ਸਾਰਿਆ ਤੋਂ ਵੱਧ ਕੇ ਹਰਭਜਨ ਮਾਨ ਦੇ ਸਿਰ ਵੱਜਦਾ ਹੈ। ਗਲ ਫੇਰ ਮਾਨਾਂ ਤੇ ਆ ਕੇ ਰੁਕਦੀ ਹੈ ਜੇ ਆਪਾਂ ਇਕੱਲੇ ਮਾਨਾਂ ਦੇ ਸਹਿਯੋਗ ਨੂੰ ਇਸ ਵਿੱਚੋਂ ਕੱਢ ਦਿੰਦੇ ਹਾਂ ਤਾਂ ਪਿੱਛੇ ਕੁੱਝ ਖ਼ਾਸ ਨਹੀਂ ਬਚਦਾ ਕਿਉਂਕਿ ਇੰਨਾ ਦੋ ਮਾਨਾਂ ਤੋਂ ਇਲਾਵਾ ਬਾਬਾ ਬੋਹੜ ਬਾਬੂ ਸਿੰਘ ਮਾਨ ਮਰਾੜ੍ਹ ਤੇ ਬੱਬੂ ਮਾਨ ਨੂੰ ਵੀ ਆਪਾਂ ਉਹਨਾਂ ਵੱਲੋਂ ਪਾਏ ਯੋਗਦਾਨ ਲਈ ਵੀ ਅੱਖੋਂ ਉਹਲੇ ਨਹੀਂ ਕਰ ਸਕਦੇ।

ਭਾਵੇਂ ਗੁਰਦਾਸ ਮਾਨ ਅੱਸੀ ਦੇ ਦਹਾਕੇ ਵਿੱਚ ਹੀ ਫ਼ਿਲਮਾਂ ਨਾਲ ਜੁੜ ਗਿਆ ਸੀ ਪਰ ਉਹਨਾਂ ਨਿੱਜੀ ਤੌਰ ਤੇ ਫ਼ਿਲਮਾਂ ਦਾ ਨਿਰਮਾਣ ਨੱਬੇ ਦੇ ਦਹਾਕੇ ਚ ਸ਼ੁਰੂ ਕੀਤਾ ਤੇ ਅਜ ਤਕ ਕਈ ਯਾਦਗਾਰੀ ਅਤੇ ਸਾਫ਼ ਸੁਥਰੀਆਂ ਫ਼ਿਲਮਾਂ ਪੰਜਾਬੀਆਂ ਦੀ ਝੋਲੀ ਪਾਈਆਂ।ਇਹ ਉਹ ਦੌਰ ਸੀ ਜਦੋਂ ਜੱਟ ਵਾਦ ਪੰਜਾਬੀ ਸਿਨਮਾ ਤੇ ਭਾਰੂ ਹੋ ਗਿਆ ਸੀ। ਪਰ ਇਕ ਗਲ ਹੈ ਇਸ ਵਕਤ ਤਕਰੀਬਨ ਦਸ ਫ਼ਿਲਮਾਂ ਹਰ ਸਾਲ ਰਿਲੀਜ਼ ਹੁੰਦੀਆਂ ਰਹੀਆਂ ਹਨ। ਭਾਵੇਂ ਵਰਿੰਦਰ ਦੇ ਦੌਰ ਤੋਂ ਸ਼ੁਰੂ ਹੋ ਕੇ ਯੋਗਰਾਜ ਤੇ ਗੁੱਗੂ ਗਿੱਲ ਤਕ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਪੰਜਾਬੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੀਆਂ ਪਰ ਕਿਸੇ ਨਾ ਕਿਸੇ ਪੱਖੋਂ ਇਹਨਾਂ ਨੂੰ ਸਾਫ਼ ਸੁਥਰੀਆਂ ਫ਼ਿਲਮਾਂ ਦਾ ਦਰਜਾ ਨਹੀਂ ਦੇ ਸਕਦੇ ਕਿਉਂਕਿ ਇਹਨਾਂ ਚ ਜਿਆਦਾ ਫ਼ਿਲਮਾਂ ਬਿਨਾਂ ਕਿਸੇ ਸੰਦੇਸ਼ ਦੇ ਕੇਵਲ ਲੜਾਈ-ਝਗੜਿਆਂ ਤੇ ਹੀ ਆਧਾਰਿਤ ਸਨ।ਪਰ ਇਹ ਗੱਲ ਸਾਰੀਆਂ ਫ਼ਿਲਮਾਂ ਤੇ ਲਾਗੂ ਨਹੀਂ ਹੁੰਦੀ ਉਸ ਵਕਤ ਵੀ ਕੁੱਝ ਯਾਦਗਾਰ ਫ਼ਿਲਮਾਂ ਬਣੀਆਂ।ਇਕ ਖ਼ਾਸ ਗੱਲ ਪਿਛਲੇ ਦੋ-ਤਿੰਨ ਦਹਾਕਿਆਂ ਦੀ ਇਹ ਰਹੀ ਕਿ ਤੁਹਾਨੂੰ ਅਜਿਹੀ ਫ਼ਿਲਮ ਲੱਭਣੀ ਮੁਸ਼ਕਿਲ ਹੋ ਜਾਵੇਗੀ ਜਿਸ ਵਿੱਚ ਹਾਸਿਆਂ ਦਾ ਬਾਦਸ਼ਾਹ ਮਿਹਰ ਮਿੱਤਲ ਨਾ ਹੋਵੇ। ਭਾਵੇਂ ਉਹਨਾਂ ਦੇ ਜ਼ਿਆਦਾਤਰ ਸੰਵਾਦ ਦੋ ਅਰਥੀ ਹੁੰਦੇ ਸਨ ਪਰ ਇਸ ਨੂੰ ਫ਼ਿਲਮ ਦੀ ਕਾਮਯਾਬੀ ਦੀ ਚਾਬੀ ਸਮਝਿਆ ਜਾਂਦਾ ਸੀ।

ਫੇਰ ਨਵੀਂ ਸਦੀ ਚੜ੍ਹਦੇ-ਚੜ੍ਹਦੇ ਪੰਜਾਬੀ ਫ਼ਿਲਮਾਂ ਦੇ ਨਿਰਮਾਣ 'ਚ ਕੁੱਝ ਖੜੋਤ ਜਿਹੀ ਆ ਗਈ 'ਤੇ ਅਗਲੇ ਦੋ ਤਿੰਨ ਸਾਲ ਸਿਰਫ਼ ਇੱਕਾ-ਦੁੱਕਾ ਪੰਜਾਬੀ ਫ਼ਿਲਮਾਂ ਹੀ ਰਿਲੀਜ਼ ਹੋ ਸਕੀਆਂ ਸਨ।ਪਰ 2003 ਸਾਲ ਨੇ ਇਕ ਇਹੋ ਜਿਹੀ ਟੀਮ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਦਿੱਤੀ ਜਿਸ ਨੇ ਕਿ ਪੰਜਾਬੀ ਸਿਨੇਮੇ ਦਾ ਮੁਹਾਂਦਰਾ ਹੀ ਬਦਲ ਕੇ ਰੱਖ ਦਿਤਾ। ਇਹ ਟੀਮ ਦੀ ਕਮਾਨ ਸੀ ਮਨਮੋਹਨ ਸਿੰਘ ਦੇ ਤਜਰਬੇਕਾਰ ਹੱਥਾਂ 'ਚ ਤੇ ਨਵੀਂ ਤਾਜ਼ਗੀ ਨਾਲ ਭਰਿਆ ਹਰਭਜਨ ਮਾਨ ਦਾ ਜੋਸ਼ ਇਸ ਟੀਮ ਦੀ ਜਾਨ ਸੀ। ਬੱਸ ਫੇਰ ਕੀ ਸੀ ਇਹ ਟੀਮ ਹੁਣ ਤਕ ਉੱਤੇ ਥੱਲੇ ਪੰਜ-ਛੇ ਫ਼ਿਲਮਾਂ ਦੀ ਕਾਮਯਾਬੀ ਦਾ ਆਨੰਦ ਮਾਣ ਚੁੱਕੀ ਹੈ। ਇਹਨਾਂ ਦੀਆਂ ਫ਼ਿਲਮਾਂ ਦੀ ਇਕ ਖ਼ਾਸੀਅਤ ਇਹ ਰਹੀ ਹੈ ਕਿ ਜਿਸ ਨੂੰ ਆਪਾਂ ਲੱਚਰ ਜਾ ਅੱਸਭਿਅਕ ਕਹਿ ਸਕੀਏ ਉਹੋ ਜਿਹਾ ਤਿੰਨ ਘੰਟਿਆਂ ਦੀ ਫ਼ਿਲਮ 'ਚ ਇਕ ਪਲ ਵੀ ਨਹੀਂ ਮਿਲਦਾ ਤੇ ਹਰ ਫ਼ਿਲਮ ਇਕ ਨਵਾਂ ਸੰਦੇਸ਼ ਲੈ ਕੇ ਹਾਜਿਰ ਹੁੰਦੀ ਹੈ। ਇਸ ਟੀਮ ਦੇ ਨਾਲ ਨਾਲ ਗੁਰਦਾਸ ਮਾਨ ਹੋਰਾਂ ਦੀ ਟੀਮ ਵੀ ਮਿਆਰੀ ਫ਼ਿਲਮਾਂ, ਦਰਸ਼ਕਾਂ ਦੀ ਝੋਲੀ ਪਾਉਂਦੀ ਰਹੀ ਤੇ ਅੰਤਰਰਾਸ਼ਟਰੀ ਪੱਧਰ ਤੇ ਨਾਮਜ਼ਦ ਹੋਣ ਵਾਲੀਆਂ ਫ਼ਿਲਮਾਂ ਵੀ ਇਸੇ ਟੀਮ ਦੀ ਹੀ ਦੇਣ ਸੀ।

ਹੁਣ ਪੰਜਾਬੀ ਫ਼ਿਲਮਾਂ 'ਚ ਪੈਸਾ ਲਾਉਣ 'ਚ ਨਿਰਮਾਤਾ ਪਿੱਛੇ ਨਹੀਂ ਹਟਦੇ ਕਿਉਂਕਿ ਹੁਣ ਉਹਨਾਂ ਨੂੰ ਪਤਾ ਹੈ ਕਿ ਪੰਜਾਬੀ ਸਿਨਮਾ ਦਾ ਘੇਰਾ ਹੱਦਾਂ ਬਣੇ ਟੱਪ ਕਿ ਬਹੁਤ ਵਿਸ਼ਾਲ ਹੋ ਚੁੱਕਿਆ ਹੈ। ਦੂਜੇ ਪਾਸੇ ਇਕ ਹੋਰ ਇਨਸਾਨ ਦਾ ਜਿਕਰ ਕਰਨਾ ਵੀ ਇਥੇ ਬਣਦਾ ਹੈ ਜਿਸ ਨੇ ਬਿਨਾਂ ਕਿਸੇ ਬਜਟ ਦੇ ਅਤੇ ਬਿਨਾਂ ਨਾਮੀ ਸਿਤਾਰਿਆਂ ਦੇ, ਦਰਸ਼ਕਾਂ ਦਾ ਇਕ ਵੱਡਾ ਵਰਗ ਆਪਣੇ ਵੱਲ ਖਿੱਚ੍ਹਿਆ। ਉਹ ਹੈ ਗੁਰਚੇਤ ਚਿੱਤਰਕਾਰ। ਇਸ ਇਨਸਾਨ ਨੇ ਸੀਮਤ ਸਾਧਨਾਂ ਨਾਲ ਨਿਰੋਲ ਪੇਂਡੂ ਸਭਿਆਚਾਰ ਲੋਕਾਂ ਸਾਹਮਣੇ ਪੇਸ਼ ਕੀਤਾ ਤੇ ਕੁੱਝ ਸਮਾਜਿਕ ਕੁਰੀਤੀਆਂ ਤੇ ਕਰਾਰੀ ਚੋਟ ਕੀਤੀ। ਫੌਜੀ ਕਿ ਫੈਮਿਲੀ ਤੋਂ ਲੈ ਕੇ ਹੁਣ ਤਕ ਉਹ ਸੱਤ-ਅੱਠ ਟੈਲੀ ਫ਼ਿਲਮਾਂ ਦਰਸ਼ਕਾਂ ਦੀ ਝੋਲੀ ਪਾ ਚੁੱਕਿਆ ਹੈ।

ਪਿਛਲੇ ਦਿਨੀਂ ਹਰਭਜਨ ਮਾਨ ਤੇ ਰਾਣਾ ਰਣਬੀਰ ਹੋਰਾਂ ਦੀ ਆਸਟ੍ਰੇਲੀਆ ਫੇਰੀ ਤੇ ਜਦ ਪੰਜਾਬੀ ਫ਼ਿਲਮਾਂ ਬਾਰੇ ਹਰਭਜਨ ਨਾਲ ਗਲ ਹੋਈ ਤਾਂ ਉਹਨਾਂ ਦੱਸਿਆ ਕੇ ਅਜ ਡੇਢ ਸੋ ਮੁਲਕਾਂ 'ਚ ਪੰਜਾਬੀ ਵਸਦੇ ਹਨ ਤੇ ਮੇਰੀ ਦਿਲੀ ਇੱਛਾ ਹੈ ਕੇ ਇੰਨਾ ਸਾਰੇ ਮੁਲਕਾਂ 'ਚ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਸਕਣ। ਇਸ ਲਈ ਜਦੋ-ਜਹਿਦ ਵੀ ਜਾਰੀ ਹੈ। ਉਹਨਾਂ ਦੀਆਂ ਇਹ ਗੱਲਾਂ ਮੈਨੂੰ ਉਸ ਵਕਤ ਸੱਚੀਆਂ ਜਾਪੀਆਂ ਜਦੋਂ ਅਗਲੇ ਕੁੱਝ ਹਫ਼ਤਿਆਂ ਬਾਅਦ ਆਸਟ੍ਰੇਲੀਆ ਦੇ ਇਕ ਬਿਲਕੁਲ ਹੀ ਪੇਂਡੂ ਹਲਕੇ ਰਿਵਰਲੈਂਡ ਦੇ ਸਿਨਮਾ 'ਚ ਉੱਤੇ ਥੱਲੇ ਦੋ ਨਵੀਆਂ ਪੰਜਾਬੀ ਫ਼ਿਲਮਾਂ ਦੇਖਣ ਨੂੰ ਮਿਲੀਆਂ ਜਿਥੇ ਕਦੇ ਕੋਈ ਪੰਜਾਬੀ ਬੜੀ ਮੁਸ਼ਕਿਲ ਨਾਲ ਦੇਖਣ ਨੂੰ ਮਿਲਦਾ ਸੀ ਉਥੇ ਅਜ ਪੰਜਾਬੀ ਫ਼ਿਲਮਾਂ ਦੇਖਣ ਨੂੰ ਮਿਲ ਰਹੀਆਂ ਹਨ। ਜਦੋਂ ਮੈਂ ਉਸੇ ਵਕਤ ਰਾਣਾ ਰਣਬੀਰ ਨੂੰ ਸਵਾਲ ਕੀਤਾ ਕਿ ਅਜ ਦੀਆਂ ਤੇ ਪੁਰਾਣੀਆਂ ਪੰਜਾਬੀ ਫ਼ਿਲਮਾਂ 'ਚ ਤੁਸੀਂ ਕੀ ਅੰਤਰ ਦੇਖਦੇ ਹੋ ਤਾਂ ਉਹਨਾਂ ਕਿਹਾ ਸੀ ਕਿ ਅਜ ਦੀ ਫ਼ਿਲਮ ਮੈਂ ਆਪਣੀ ਮਾਂ ਭੈਣ ਨਾਲ ਬੈਠ ਕੇ ਦੇਖਣ 'ਚ ਮਾਣ ਮਹਿਸੂਸ ਕਰਦਾ ਹਾਂ ਨਾ ਕਿ ਪਿਛਲੀਆਂ ਫ਼ਿਲਮਾਂ ਵਾਂਗੂੰ ਦੋ ਅਰਥੀ ਕਾਮੇਡੀ ਤੇ ਮਿਆਰ ਤੋਂ ਥੱਲੇ ਦੇ ਸੀਨ ਦੇਖਣ ਲਈ ਮਾਂ ਭੈਣ ਤਾਂ ਕੀ ਆਪਣੇ ਵੱਡੇ ਭਰਾ ਤੋਂ ਵੀ ਸੰਗ ਆਉਂਦੀ ਸੀ। ਭਾਵੇਂ ਉਸ ਵਕਤ ਮੈਨੂੰ ਰਾਣਾ ਰਣਬੀਰ ਦੀਆਂ ਇਹਨਾਂ ਗੱਲਾਂ ਵਿੱਚ ਕੁੱਝ ਨਿੰਦਿਆ ਝਲਕੀ ਪਰ ਮੇਰਾ ਮੂੰਹ ਛੇਤੀ ਹੀ ਅਗਲੀਆਂ ਦੋ ਪੰਜਾਬੀ ਫ਼ਿਲਮਾਂ ਦੇਖ ਕੇ ਬੰਦ ਹੋ ਗਿਆ ਜਦੋਂ ਮੈਂ ਮਿਆਰ ਤਾਂ ਕੀ ਉਸ ਤੋਂ ਵੀ ਕਈ ਗੁਣਾ ਸਾਫ਼ ਸੁਥਰੀਆਂ ਤੇ ਅਸਲੀ ਮਨੋਰੰਜਨ ਅਤੇ ਗਿਆਨ ਭਰਪੂਰ ਪੰਜਾਬੀ ਫ਼ਿਲਮਾਂ ਦੇਖੀਆਂ। ਮੈਨੂੰ ਇਸ ਛੋਟੇ ਜਿਹੇ ਕੱਦ ਦੇ ਇਨਸਾਨ ਵਿੱਚ ਛਿਪਿਆ ਇਕ ਮਾਂ ਬੋਲੀ ਦਾ ਮਹਾਨ ਚਿੰਤਕ ਦਿਖਾਈ ਦਿਤਾ।

ਅਖੀਰ ਵਿੱਚ ਅਜ ਦੇ ਇਸ ਯੁੱਗ 'ਚ ਜਦੋਂ ਹਰ ਕੋਈ ਆਪਣੇ ਆਪ ਨੂੰ ਪੰਜਾਬੀ ਮਾਂ ਬੋਲੀ ਦਾ ਪਹਿਰੇਦਾਰ ਕਹਿ-ਕਹਾ ਰਿਹਾ ਹੈ ਪਰ ਕਰ ਆਪਣੀ ਮਾਂ ਦਾ ਮੂੰਹ ਕਾਲਾ ਹੀ ਕਰ ਰਿਹਾ ਹੈ ਤਾਂ ਇਹਨਾਂ ਪੰਜਾਬੀ ਫ਼ਿਲਮਾਂ ਨੇ ਇਕ ਆਸ ਦੀ ਕਿਰਨ ਜਗਾਈ ਹੈ। ਹੁਣ ਲਗਦਾ ਹੈ ਉਹ ਦਿਨ ਵੀ ਕੋਈ ਦੂਰ ਨਹੀਂ ਜਦੋਂ ਸਾਡੇ ਸਭਿਆਚਾਰ ਦੇ ਇਹ ਭਟਕੇ ਹੋਏ ਸਰਮਾਏਦਾਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਘਰ ਵਾਪਿਸ ਆਉਣਗੇ।
*****
ਮਿੰਟੂ ਬਰਾੜ
ਸਾਊਥ ਆਸਟ੍ਰੇਲੀਆ
Gurshminder Singh (Mintu Brar)
Berri, South Australia
Mobile: +61434289905
Email: mintubrar_009@yahoo.co.in

*****

(3 ਜੁਲਾਈ 2009)

ਮਿੰਟੂ ਬਰਾੜ (ਅਸਟਰੇਲੀਆ) ਦੀਆਂ 'ਲਿਖਾਰੀ' ਵਿੱਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰ

e-mail:
ilKfrI

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.