ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

ਮੁੱਖ ਪੰਨਾ

ਲੇਖ/ਆਲ਼ਾ-ਦੁਆਲ਼ਾ/ਜਾਣਕਾਰੀ/ਨਜ਼ਰੀਆ/ਚੇਤੇ ਦੀ ਚੰਗੇਰ

ਲਿਖਾਰੀ

ਕਿਹੜਾ ਧਿਆਨਪੁਰੀ
-ਭੂਸ਼ਨ ਧਿਆਨਪੁਰੀ-


ਕਿਹੜਾ ਧਿਆਨਪੁਰੀ----ਭੂਸ਼ਨ ਧਿਆਨਪੁਰੀ

ਪੰਜਾਬੀ ਸਾਹਿਤ ਜਗਤ ਦਾ ਭੂਸ਼ਨ ਧਿਆਨਪੁਰੀ ਦੇ ਨਾਂ ਨਾਲ ਵਗਦਾ ਦਰਿਆ ਹੁਣ ਮੁੱਕ ਗਿਆ ਹੈ। ਉਸ ਦੀਆਂ ਲਿਖਤਾਂ ਹਮੇਸ਼ਾ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਦੇ ਜ਼ਿਹਨ ਵਿੱਚ ਜਿਊਂਦੀਆਂ ਰਹਿਣਗੀਆਂ। ਜਿਸ ਦਿਨ ਭੂਸ਼ਨ ਧਿਆਨਪੁਰੀ ਦੀ ਯਾਦ ਵਿਚ ਅੰਤਿਮ ਅਰਦਾਸ ਹੋਈ, ਉਸ ਮੌਕੇ ਉਹਨਾਂ ਦੀ ਲਿਖਤ ਸਵੈਜੀਵਨੀ 'ਮੇਰੀ ਕਿਤਾਬ' ਰਿਲੀਜ਼ ਕੀਤੀ ਗਈ। ਇਸ ਕਿਤਾਬ ਵਿੱਚੋਂ ਇਕ ਖਾਸ ਲੇਖ 'ਕਿਹੜਾ ਧਿਆਨਪੁਰੀ' ਪਰਵਾਸੀ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।  - ਸੰਪਾਦਕ

ਪਿੰਡ ਰਹਿੰਦਿਆਂ ਸਾਹਿਤ ਨਾਲ ਵਾਹ ਐਵੇਂ ਜ਼ਬਾਨੀ-ਕਲਾਮੀ ਹੀ ਸੀ। ਪੜ੍ਹਨ ਲਈ ਬਹੁਤ ਘੱਟ ਮਸਾਲਾ ਮਿਲਦਾ ਸੀ। ਕੋਰਸ ਦੀਆਂ ਕਿਤਾਬਾਂ ਵਿਚ ਸ਼ਾਮਲ ਸਭ ਕਵਿਤਾ ਕਹਾਣੀਆਂ ਰਟੀਆਂ ਪਈਆਂ ਸਨ। ਐਵੇਂ ਇਕੱਲਿਆਂ ਹੀ ਗੁਣਗੁਣਾਉਂਦੇ ਫਿਰਨਾ। ਹੋਰਨਾਂ ਨੂੰ ਸੁਣਾਉਂਦੇ ਫਿਰਨਾ। ਕੋਈ ਕਿਸੇ ਵੀ ਕਿਸਮ ਦੀ ਕਿਤਾਬ, ਅਖਬਾਰ ਜਾਂ ਰਸਾਲਾ ਹੱਥ ਲੱਗ ਜਾਣਾ ਤਾਂ ਪੜ੍ਹ-ਪੜ੍ਹ ਕੇ ਉਹਦੀ ਪੀਚ੍ਹਕ ਕੱਢ ਦੇਣੀ। ਨਾਮਧਾਰੀਆਂ ਦਾ ਰਸਾਲਾ 'ਸਤਿਜੁਗ' ਅਤੇ ਰਾਧਾ ਸਵਾਮੀਆਂ ਦੀ 'ਸਾਰੀ ਦੁਨੀਆ' ਵੀ ਅੱਖਰ-ਅੱਖਰ ਵਾਚਣਾ। ਰੱਦੀ 'ਚ ਆਏ ਕਾਗਜ਼ਾਂ ਨੂੰ ਵੀ ਨਾ ਬਖਸ਼ਣਾ। ਦੇਵਨਾਗਰੀ ਅਤੇ ਗੁਰਮੁਖੀ ਵਿਚ ਛਪਿਆ ਕਿਤੋਂ ਵੀ, ਕੁਝ ਵੀ ਮਿਲ ਜਾਏ, ਬੱਸ ਚਾਅ ਚੜ੍ਹ ਜਾਣਾ। ਪਿੰਡ ਮੇਲਾ ਭਰਨਾ ਵਿਸਾਖੀ ਦਾ, ਤਾਂ ਬਹੁਤ ਸਮਾਂ ਕਿੱਸਿਆਂ ਵਾਲੀਆਂ ਦੁਕਾਨਾਂ 'ਤੇ ਫੋਲਾਫਾਲੀ ਕਰਦਿਆਂ ਲੰਘਾਉਣਾ। ਵੱਧ ਤੋਂ ਵੱਧ ਖਰੀਦਣ ਨੂੰ ਜੀਅ ਕਰਨਾ ਪਰ ਖਰਚਣ ਲਈ ਤਾਂ ਚੁਆਨੀ/ਅਠਿਆਨੀ ਹੀ ਮਿਲੀ ਹੁੰਦੀ ਸੀ। ਮਨ ਲਲਚਾਉਣਾ ਪਰ ਮਰਿਆਦਾ ਵਿੱਚ ਰਹਿਣਾ। ਟਾਈਟਲ ਵੇਖਦੇ ਰਹਿਣਾ। ਕੁਝ ਨਾ ਕੁਝ ਖਰੀਦ ਵੀ ਲੈਣਾ।

ਵੱਡੇ ਭਾਈ ਸਾਬ੍ਹ (ਗੁਰਚਰਨ ਸ਼ਰਮਾ) ਬਟਾਲੇ ਦੀ ਇਕ ਫੈਕਟਰੀ ਵਿਚ ਮੁਲਾਜ਼ਮ ਸਨ। ਉਨ੍ਹਾਂ ਨੇ ਦੇਵਨਾਗਰੀ ਤੇ ਗੁਰਮੁਖੀ ਤੋਂ ਬਿਨਾ ਫਾਰਸੀ ਲਿਪੀ ਵਿਚ ਵੀ ਬਹੁਤ ਕੁਝ ਪੜ੍ਹਿਆ ਹੋਇਆ ਸੀ। ਹਫਤੇ ਪਿੱਛੋਂ ਸ਼ਨੀਵਾਰ ਸ਼ਾਮ ਨੂੰ ਪਿੰਡ ਆਉਂਦੇ ਸਨ। ਕੋਈ ਨਾ ਕੋਈ ਕਿਤਾਬ, ਰਸਾਲਾ ਹਰ ਵਾਰੀ ਲਿਆਉਂਦੇ ਸਨ। ਜੋ ਅਸੀਂ ਛੋਟੇ ਖੁਦ ਨਹੀਂ ਸਾਂ ਪੜ੍ਹ ਸਕਦੇ, ਉਹ ਸਾਨੂੰ ਪੜ੍ਹ-ਪੜ੍ਹ ਸੁਣਾਉਂਦੇ ਸਨ। ਮਾਅਨੇ ਵੀ ਸਮਝਾਉਂਦੇ ਸਨ। ਬਰਕਤ ਰਾਮ ਯੁਮਨ, ਵਿਧਾਤਾ ਸਿੰਘ ਤੀਰ, ਗੋਪਾਲ ਦਾਸ ਗੋਪਾਲ, ਸ਼ਿਵ ਕੁਮਾਰ ਬਟਾਲਵੀ ਅਤੇ ਹੋਰ ਬਹੁਤ ਸਾਰੇ ਸ਼ਾਇਰਾਂ ਦੀਆਂ ਨਜ਼ਮਾਂ ਦੇ ਚੋਣਵੇਂ ਸ਼ੇਅਰ ਉਨ੍ਹਾਂ ਨੂੰ ਖੂਬ ਆਉਂਦੇ ਸਨ। ਪਿਤਾ ਜੀ ਦੀਆਂ ਨਜ਼ਮਾਂ ਪੜ੍ਹ-ਸੁਣ ਕੇ ਉਹ ਵੀ ਛੰਦਬਾਜ਼ੀ ਕਰਨ ਲੱਗ ਗਏ ਸਨ। 'ਗਰੀਬਾਂ ਦੇ ਗੁਣ ਵਿੱਚੇ ਵਿਚ' ਸੱਚਾਈ ਨੂੰ ਉਨ੍ਹਾਂ ਹੱਡੀਂ ਹੰਢਾਇਆ। ਰੋਜ਼ੀ-ਰੋਟੀ ਦੇ ਖਲਜਗਣ ਨੇ ਏਨਾ ਉਲਝਾਇਆ ਕਿ ਕਲਮ ਨੂੰ ਸੁਆਰ ਕੇ ਫੜਨ ਦਾ ਵਕਤ ਹੀ ਨਾ ਮਿਲਿਆ। ਉਂਜ ਉਹ ਠੋਸ ਅਰਥਾਂ ਵਿਚ, ਆਖਰੀ ਦਮ ਤੱਕ ਸਾਹਿਤ ਨਾਲ ਜੁੜੇ ਰਹੇ। ਜ਼ਿੰਦਗੀ ਦੀ ਆਖਰੀ ਰਾਤ ਹਸਪਤਾਲ ਵਿਚ ਉਹ ਆਪਣੇ ਸਾਥੀ ਮਰੀਜ਼ਾਂ ਨੂੰ ਸ਼ਿਵ ਦੀ 'ਲੂਣਾ' ਗਾ ਕੇ ਸੁਣਾਉਂਦੇ ਰਹੇ। ਸਵੇਰ ਹੋਣ ਤੱਕ ਸ਼ਾਂਤ ਹੋ ਗਏ, ਹਮੇਸ਼ਾ ਲਈ।

ਸਾਹਿਤ ਦੀ ਲਾਗ ਕਹੋ ਭਾਵੇਂ ਜਾਗ, ਲੱਗਦੀ ਲੱਗਦੀ ਸਹਿਜ ਭਾਅ ਮੈਨੂੰ ਵੀ ਲੱਗ ਗਈ। ਕੋਸ਼ਿਸ਼ ਨਹੀਂ ਕਰਨੀ ਪਈ। ਸ਼ੁਰੂ ਵਿਚ ਤਾਂ ਐਵੇਂ ਖੇਡ ਜਿਹੀ ਸੀ। ਮਖੌਲ-ਮਖੌਲ ਵਿਚ ਤੁਕਾਂ ਜੋੜਦੇ ਰਹਿਣਾ।

ਉਨ੍ਹੀਂ ਦਿਨੀਂ ਧਿਆਨਪੁਰ ਦਾ ਇਕ ਮੁੰਡਾ ਕਵੀਆਂ ਵਰਗਾ ਲਿਬਾਸ ਪਾ ਕੇ ਪਿੰਡ ਵਿਚ ਫਿਰਦਾ ਸੀ। ਹੈ ਰਾਮ ਲੁਭਾਇਆ ਪਰ ਆਪਣਾ ਤਖੱਲੁਸ, ਉਹਨੇ 'ਪੈਦਲ' ਰੱਖ ਕੇ ਨਾਲ ਧਿਆਨਪੁਰੀ ਜੋੜ ਲਿਆ। ਅੰਮ੍ਰਿਤਸਰੋਂ ਛਪਣ ਵਾਲੇ ਰਸਾਲੇ 'ਫਿਲਮੀ ਕਲੀਆਂ' ਵਿਚ ਹਰ ਮਹੀਨੇ ਇਕ ਸਮੱਸਿਆ ਦਿੱਤੀ ਹੁੰਦੀ ਸੀ। ਉਹਨੂੰ ਆਧਾਰ ਬਣਾ ਕੇ ਅੱਠ-ਦਸ ਤੁਕਾਂ ਜੋੜਨੀਆਂ ਹੁੰਦੀਆਂ ਸਨ। ਇਹ ਇਕ ਤਰ੍ਹਾਂ ਦਾ ਲਿਖਤੀ ਕਵੀ ਦਰਬਾਰ ਹੁੰਦਾ ਸੀ। ਇਨ੍ਹਾਂ ਪੰਨਿਆਂ 'ਤੇ ਕਦੀ-ਕਦੀ ਇਸ ਕਵੀ ਦੀ 'ਰਚਨਾ' ਵੀ ਛਪਦੀ ਸੀ। ਉਹ ਰਸਾਲਾ ਲੈ ਕੇ, ਬੜੀ ਸ਼ਾਨ ਨਾਲ ਸਾਡੇ ਘਰ ਆਉਂਦਾ। ਰਸਾਲਾ ਵਿਖਾਉਂਦਾ। ਰਚਨਾ ਸੁਣਾਉਂਦਾ। ਮੈਨੂੰ ਵੀ ਲਿਖਣ ਅਤੇ ਛਪਣ ਲਈ ਉਕਸਾਉਂਦਾ।

ਇਕ ਵਾਰੀ ਇਸੇ ਤਰ੍ਹਾਂ 'ਪੈਦਲ' ਆਇਆ। ਇਕ ਲਿਫਾਫਾ ਉਹਦੇ ਹੱਥ ਵਿਚ ਸੀ। ਆਖਣ ਲੱਗਾ, ''ਮੈਂ ਸਮੱਸਿਆ ਭੇਜਣ ਲੱਗਾ ਹਾਂ। ਜੇ ਤੂੰ ਵੀ ਲਿਖ ਲਈ ਹੈ ਤਾਂ ਦੇ ਦੇ। ਇਕੋ ਲਿਫਾਫੇ ਵਿੱਚ ਦੋਵੇਂ ਚਲੀਆਂ ਜਾਣਗੀਆਂ।'' ... ਸੱਚੀਂ ਮੈਂ ਲਿਖ ਲਈ ਸੀ। ਬਿਲਕੁਲ ਯਾਦ ਨਹੀਂ ਕਿ ਕੀ ਨਾਂ ਛਪਿਆ ਸੀ। ਸ਼ਾਇਦ 'ਬੀ ਐਸ ਸ਼ਰਮਾ' ਹੋਵੇਗਾ, ਕਿਉਂਕਿ 'ਭੂਸ਼ਨ' ਤਾਂ ਮੈਂ ਦਸਵੀਂ ਪਾਸ ਕਰਨ ਤੋਂ ਪਿੱਛੋਂ ਬਣਿਆ ਸਾਂ।

ਗੱਲ ਚੱਲੀ ਹੈ ਤਾਂ ਦੱਸ ਹੀ ਦਿਆਂ ਕਿ 'ਪੈਦਲ ਧਿਆਨਪੁਰੀ' ਮੇਰੇ ਨਾਲੋਂ ਦਸ-ਪੰਦਰਾਂ ਵਰ੍ਹੇ ਵੱਡਾ ਹੈ ਅਤੇ ਉਹਦੀਆਂ ਦਸ ਪੰਦਰਾਂ ਕਿਤਾਬਾਂ ਛਪ ਚੁੱਕੀਆਂ ਹਨ। ਬਾਲ ਸਾਹਿਤ ਵਿਚ ਥਾਂ ਬਣਾ ਚੁੱਕਾ ਹੈ। ਰਿਸ਼ਤੇਦਾਰੀ 'ਚੋਂ ਮੇਰਾ ਭਾਈ ਹੈ। ਸਭ ਤੋਂ ਪਹਿਲਾਂ ਕਰਤਾਰ ਸਿੰਘ ਬਲੱਗਣ ਦੇ ਕਵਿਤਾ ਰਸਾਲੇ ਅਤੇ ਬਟਾਲੇ ਵਾਲੇ ਕਵੀ ਸ਼ਿਵ ਕੁਮਾਰ ਦਾ ਨਾਂ ਮੈਂ ਉਹਦੇ ਮੂੰਹੋਂ ਹੀ ਸੁਣਿਆ ਸੀ। ਉਹ ਅੰਮ੍ਰਿਤਸਰ ਦੇ ਇਕ ਗਿਆਨੀ ਕਾਲਜ ਦਾ ਕਈ ਸੈਸ਼ਨ ਵਿਦਿਆਰਥੀ ਰਿਹਾ ਸੀ। ਇਸ ਲਈ ਸਾਹਿਤ ਅਤੇ ਸਾਹਿਤਕਾਰਾਂ ਬਾਰੇ ਉਹਦਾ ਗਿਆਨ ਕਾਫੀ 'ਵਸੀਹ' ਸੀ। ਕਵਿਤਾ, ਪੰਜ ਦਰਿਆ, ਗੁਰੂ ਵਿਦਿਆ, ਫਿਲਮੀ ਕਲੀਆਂ, ਬਾਲਕ... ਵਗੈਰਾ ਕਈ ਰਸਾਲੇ ਮੈਂ ਪਹਿਲਾਂ ਪਹਿਲ ਉਹਦੇ ਰਾਹੀਂ ਹੀ ਵੇਖੇ ਸਨ। ਅਟੱਲ ਵੀ।

'ਅਟੱਲ' ਮਾਸਿਕ ਪਰਚਾ ਸੀ। ਖੰਡਾ ਖੋਲਾ, ਬਟਾਲਾ ਤੋਂ ਨਿਕਲਦਾ ਸੀ। ਕੋਈ ਗੁਪਤਾ ਸੀ ਉਹਦਾ ਐਡੀਟਰ। ਉਸ ਪਰਚੇ ਵਿੱਚ 'ਪੈਦਲ' ਬਕਾਇਦਾ ਛਪਦਾ ਸੀ। ਹੁਣ ਉਹ ਬੁੱਢਿਆਂ ਨੂੰ ਪੜ੍ਹਾਉਣ ਵਾਲੇ ਮਹਿਕਮੇ ਵਿਚ ਨੌਕਰੀ ਕਰਦਾ ਸੀ। ਇਕ ਅੰਕ ਵਿਚ ਉਹਦੀ ਭਗਤ ਸਿੰਘ ਬਾਰੇ ਕਵਿਤਾ ਛਪੀ ਜਿਸ ਦਾ ਉਨਵਾਨ ਸੀ 'ਅਮਨ ਦਾ ਰਾਖਾ ਨੌਜਵਾਨ' ਅਤੇ ਲੇਖਕ ਵਜੋਂ ਛਪਿਆ ਸੀ ਇਹ ਵੇਰਵਾ :

ਗਿਆਨੀ ਰਾਮ ਲੁਭਾਇਆ 'ਪੈਦਲ' ਧਿਆਨਪੁਰੀ (ਗੁਰਦਾਸਪੁਰ)
ਇੰਚਾਰਜ ਸੋਸ਼ਲ ਐਜੂਕੇਸ਼ਨ ਸੈਂਟਰ, ਮੀਆਂ ਮੁਹੱਲਾ, ਬਟਾਲਾ,
ਜ਼ਿਲ੍ਹਾ ਗੁਰਦਾਸਪੁਰ, ਪੰਜਾਬ (ਇੰਡੀਆ)

ਇਸ ਪ੍ਰਭਾਵਸ਼ਾਲੀ ਸਿਰਨਾਵੇਂ ਦਾ ਮੇਰੇ ਉੱਤੇ ਕਾਫੀ ਪ੍ਰਭਾਵ ਪਿਆ। ਦਸਵੀਂ ਕਰ ਚੁੱਕਾ ਸਾਂ, ਪਰ ਵਿਹਲਾ ਸਾਂ, ਨਾਬਾਲਿਗ ਹੋਣ ਕਰਕੇ। ਵਿਹਲ ਕਰਕੇ ਲਿਖਣ ਦਾ ਭੁਸ ਵਧੀ ਗਿਆ। ਛਪਣ ਲਈ ਵੀ ਜੀਅ ਕਰਿਆ ਕਰੇ। ਪਰ ਤਖੱਲੁਸ ਦੀ ਘਾਟ ਖਟਕਦੀ ਸੀ। ਪਿਤਾ ਜੀ ਦਾ ਤਖੱਲੁਸ ਸੀ 'ਸ਼ਾਦਾਬ'। ਸ਼ੁਰੂ ਸ਼ੁਰੂ ਵਿਚ ਉਹ 'ਬੇਤਾਬ' ਹੁੰਦੇ ਸਨ। ਜਦੋਂ ਕਿਤਾਬ ਛਾਪੀ ਤਾਂ 'ਸ਼ਾਦਾਬ' ਹੋ ਗਏ। ਵੱਡੇ ਭਾਈ ਸਾਬ੍ਹ ਨੂੰ ਤਖੱਲੁਸ ਦੀ ਲੋੜ ਨਹੀਂ ਪਈ ਕਿਉਂਕਿ ਛਪਣ ਦੀ ਨੌਬਤ ਹੀ ਨਾ ਆਈ। ਮੈਨੂੰ ਤਾਂ ਹੁਣ ਪੂਰੀ ਲੋੜ ਸੀ। 'ਧਿਆਨਪੁਰੀ' ਤਾਂ ਮੈਂ ਲਿਖਣਾ ਹੀ ਸੀ, ਪਰ ਕਿਹੜਾ ਧਿਆਨਪੁਰੀ!

ਮੇਰਾ ਜਨਮ-ਨਾਮ ਬੇਅੰਤ ਸਰੂਪ ਹੈ, ਪਰ ਪੜ੍ਹਨੇ ਪਾਉਣ ਵੇਲੇ ਬੇਨਤੀ ਸਰੂਪ ਕਰ ਦਿੱਤਾ ਗਿਆ। ਇਹਦੇ 'ਚੋਂ ਕੋਈ ਹਿੱਸਾ ਵੀ ਤਖੱਲੁਸ ਵਰਗਾ ਨਹੀਂ ਸੀ ਲੱਗਦਾ। ਕਿਸੇ ਦੀ ਸਲਾਹ ਲੈਣਾ ਮੇਰੀ ਫਿਤਰਤ ਵਿਚ ਸ਼ਾਮਲ ਨਹੀਂ। ਕੋਸ਼ਿਸ਼ ਰਹੀ ਹੈ ਚੰਗਾ ਹੋਵੇ, ਮਾੜਾ ਹੋਵੇ, ਪਰ ਮੇਰਾ ਆਪਣਾ ਹੋਵੇ। ਆਪਣੀ ਸੋਚ ਦੁੜ੍ਹਾਉਣੀ ਸ਼ੁਰੂ ਕੀਤੀ। 'ਭੂਸ਼ਨ' ਨਾਲੋਂ ਵੱਧ ਕੁਝ ਨਾ ਜਾਚਿਆ। ਰੱਖ ਲਿਆ... ਤੇ ਬਣ ਗਿਆ, 'ਭੂਸ਼ਨ ਧਿਆਨਪੁਰੀ'। ਬੋਲ ਕੇ ਵੇਖਿਆ। ਲਿਖ ਕੇ ਵੇਖਿਆ। ... ਬਸ, ਹੋ ਗਿਆ।

ਇਹ 'ਭੂਸ਼ਨ' ਆਇਆ ਕਿੱਥੋਂ? ਇਸ ਨਾਂ ਦਾ ਬਸ਼ਰ ਮੇਰਾ ਜਮਾਤੀ ਸੀ। ਧਿਆਨਪੁਰ ਲਾਗੇ ਇਕ ਪਿੰਡ ਹੈ ਡਾਲੇ ਚੱਕ। ਉਥੋਂ ਦਾ ਮੁੰਡਾ ਭੂਸ਼ਨ ਦਾਸ ਨੇਬ। ਪੰਜਵੀਂ ਤੋਂ ਦਸਵੀਂ ਤੱਕ ਅਸੀਂ ਜਮਾਤੀ ਰਹੇ। ਨੌਵੀਂ-ਦਸਵੀਂ ਵਿਚ ਤਾਂ ਬਾਹਲਾ ਨੇੜ ਹੋ ਗਿਆ। ਮਜ਼ਮੂਨ ਸਾਂਝੇ ਸਨ, ਸਾਇੰਸ ਤੇ ਹਿੰਦੀ। ਉਹਦੀ ਅੰਗਰੇਜ਼ੀ ਮਜ਼ਬੂਤ ਸੀ ਅਤੇ ਮੇਰੀ ਹਿੰਦੀ। ਅੰਗਰੇਜ਼ੀ ਕਰਕੇ ਉਹਦੀ ਸਾਇੰਸ ਵੀ ਚੰਗੀ ਸੀ ਮੇਰੇ ਨਾਲੋਂ। ਅੰਗਰੇਜ਼ੀ ਦੀ ਲਿਖਾਈ ਵੀ ਕਮਾਲ। ਪਰ ਕੱਚੇ-ਪੱਕੇ ਇਮਤਿਹਾਨਾਂ ਵਿਚ ਉਹ ਹਮੇਸ਼ਾ ਦੂਜੇ ਨੰਬਰ 'ਤੇ ਰਹਿੰਦਾ, ਮੈਂ ਪਹਿਲੇ 'ਤੇ। ਮਾਸਟਰ ਬਹੁਤੀ ਵਾਰੀ ਸਾਡੇ ਦੋਹਾਂ ਦਾ ਇਕੱਠਾ ਨਾਂ ਲੈਂਦੇ: ਬੇਨਤੀ ਤੇ ਭੂਸ਼ਨ। ਜਮਾਤੀਆਂ ਨੇ ਤਾਂ ਸਾਡੀ ਜੋੜੀ ਨੂੰ ਭਾਣੇ ਵਾਂਗ ਮੰਨ ਲਿਆ ਹੋਇਆ ਸੀ।

ਉਸ ਮੁੰਡੇ ਵਿਚ ਇਹ ਖਾਸੀਅਤ ਸੀ ਕਿ ਈਰਖਾ ਉਹਦੇ ਕਦੇ ਨੇੜੇ ਤੇੜੇ ਵੀ ਨਹੀਂ ਸੀ ਫਟਕੀ। ਉਹ ਮੇਰੇ ਨਾਲੋਂ ਸੋਹਣਾ ਸੀ, ਸਿਆਣਾ ਸੀ, ਤਕੜਾ ਸੀ ... ਪਰ ਹਮੇਸ਼ਾ ਸਿਫਤ ਮੇਰੀ ਕਰਦਾ। ਇਕ ਵਾਰੀ ਸਕੂਲ ਵਾਲਿਆਂ ਨੇ ਚੰਗੀ ਲਿਖਾਈ ਵਾਲੇ ਮੁੰਡਿਆਂ ਤੋਂ ਅੰਗਰੇਜ਼ੀ ਵਿਚ ਚਾਰਟ ਲਿਖਵਾਏ। ਅਸੀਂ ਤਿੰਨ ਜਾਣੇ ਸਾਂ। ਤੀਜਾ ਪੁਰਸ਼ੋਤਮ ਸੀ। ਮੈਂ ਪੁਰਸ਼ੋਤਮ ਵਾਲੇ ਚਾਰਟ ਦੇ ਸਾਮ੍ਹਣੇ ਆਪਣੇ ਵਾਲੇ ਨੂੰ ਛੁਟਿਆਉਣ ਲੱਗਾ ਤਾਂ ਭੂਸ਼ਨ ਦਾ ਕਹਿਣਾ ਸੀ, ''ਇਹ ਵੀ ਕੋਈ ਲਿਖਾਈ ਐ? ਕੱਲਾ ਕੱਲਾ ਅੱਖਰ। ਕੁੜੀਆਂ ਵਾਲੀ ਸ਼ੋਸ਼ੇਬਾਜ਼ੀ। ... ਲਿਖਾਈ ਦਾਂ ਤੇਰੀ ਐ। ਵੇਖ, ਇਕ ਦੂਜੇ ਨਾਲ ਜੁੜੇ ਹੋਏ ਕਿਵੇਂ ਜਾਨਦਾਰ ਲੱਗਦੇ ਨੇ।'' ਉਹ ਹਰ ਮੌਕੇ ਮੇਰਾ ਪੱਖ ਪੂਰਦਾ। ਲੋੜ ਪੈਣ 'ਤੇ ਦੂਜਿਆਂ ਨੂੰ ਘੂਰਦਾ। ਦਸਵੀਂ ਦੇ ਇਮਤਿਹਾਨ ਤੋਂ ਪਹਿਲਾਂ ਸਕੂਲ ਵਿਚ ਕਈ ਮਹੀਨੇ ਹੜਤਾਲ ਰਹੀ। ਨਤੀਜਾ ਬਹੁਤ ਮਾੜਾ ਆਇਆ। ਡੇਢ ਸੌ 'ਚੋਂ ਮਸਾਂ ਪੰਝੀ-ਤੀਹ ਜਣੇ ਪਾਸ ਹੋਏ। ਫਸਟ ਡਵੀਜ਼ਨਾਂ ਸਿਰਫ ਦੋ ਆਈਆਂ। ਮੈਂ ਫਸਟ ਅਤੇ ਭੂਸ਼ਨ ਸੈਕਿੰਡ। ਯਾਨੀ ਦੋਏਂ ਫਸਟ ਦੋਏਂ ਸੈਕਿੰਡ! ...

ਤਖੱਲੁਸ ਲੱਭ ਗਿਆ ਤਾਂ ਛਪਣਾ ਵੀ ਚਾਹੀਦਾ ਸੀ। ਭਗਤ ਸਿੰਘ ਬਾਰੇ ਲੰਬੀ ਕਵਿਤਾ ਲਿਖੀ ਪਈ ਸੀ। ਲੰਬੇ ਸਾਈਜ਼ ਦੀ ਲਾਈਨਦਾਰ ਸ਼ੀਟ 'ਤੇ ਹਾਸ਼ੀਆ ਛੱਡ ਕੇ ਕਵਿਤਾ ਉਤਾਰੀ। 'ਅਟੱਲ' ਨੂੰ ਭੇਜ ਦਿੱਤੀ। ਸਿਰਨਾਵਾਂ ਵੱਡੇ ਭਾਈ ਸਾਬ੍ਹ ਦਾ ਮਾਰਫਤ 'ਰੋਸ਼ਨ ਫਾਊਂਡਰੀ', ਰੇਲਵੇ ਰੋਡ, ਬਟਾਲਾ। ਅਗਲੇ ਮਹੀਨੇ ਦੇ ਪਹਿਲੇ ਸ਼ਨੀਵਾਰ ਭਾਈ ਸਾਬ੍ਹ ਆਏ। 'ਅਟੱਲ' ਉਨ੍ਹਾਂ ਦੋ ਝੋਲੇ ਵਿੱਚ ਸੀ। ਉਨ੍ਹਾਂ ਨੇ ਬੜੀ ਇਹਤਿਆਤ ਨਾਲ ਰਸਾਲਾ ਕੱਢ ਕੇ ਖੋਲ੍ਹਿਆ। ਛਪੀ ਹੋਈ ਕਵਿਤਾ ਸਾਰੇ ਟੱਬਰ ਨੂੰ ਵਿਖਾਈ। ਪੜ੍ਹ ਕੇ ਸੁਣਾਈ। ਮੇਰੀ ਹਾਲਤ ਬੜੀ ਅਜੀਬ ਸੀ ਉਸ ਵੇਲੇ। ਛਪਿਆ ਹੋਇਆ ਨਾਂ ਅੱਖਾਂ ਮੂਹਰੇ ਚਿਪਕ ਗਿਆ ਸੀ। ਹੋਰ ਕੁਝ ਦਿਸਦਾ ਹੀ ਨਹੀਂ ਸੀ : ਬੇਨਤੀ ਸਰੂਪ ਸ਼ਰਮਾ 'ਭੂਸ਼ਨ ਧਿਆਨਪੁਰੀ'। ਕਵਿਤਾ ਨਾਲ ਪੂਰੇ ਤਿੰਨ ਸਫੇ ਭਰੇ ਹੋਏ ਸਨ। .. ਇਨ੍ਹੀਂ ਦਿਨੀਂ ਅੰਮ੍ਰਿਤਸਰ ਤੋਂ ਨਿਕਲਦੇ 'ਕੰਵਲ' ਅਤੇ 'ਬਾਲਕ' ਨੂੰ ਕਵਿਤਾਵਾਂ ਘੱਲੀਆਂ ਸਨ, ਪਿੰਡ ਦਾ ਸਿਰਨਾਵਾਂ ਦੇ ਕੇ। ਉਹ ਵੀ ਛਪ ਗਈਆਂ। ਖੁਦ ਵਿਚ ਯਕੀਨ ਵਧ ਗਿਆ।

ਮੈਂ ਤਾਂ ਖੁਸ਼ ਸਾਂ ਪਰ ਭੂਸ਼ਨ ਨੂੰ ਕਿਵੇਂ ਪਤਾ ਲੱਗੇ। ਉਹ ਪਿੱਛੋਂ ਚਲਾ ਗਿਆ ਸੀ। ਕਿੱਥੇ ਗਿਆ ਸੀ, ਇਹ ਪਤਾ ਨਹੀਂ ਸੀ ਲੱਗਦਾ। ਅਸਲ ਵਿਚ ਉਹ ਆਪਣੇ ਕਿਸੇ ਰਿਸ਼ਤੇਦਾਰ ਕੋਲ ਰਹਿ ਕੇ ਸਾਡੇ ਨਾਲ ਪੜ੍ਹਦਾ ਸੀ ਅਤੇ ਦਸਵੀਂ ਕਰਕੇ ਚਲਾ ਗਿਆ। ਕੋਈ ਰਾਬਤਾ ਨਾ ਰਿਹਾ। ਹੁਣ ਜਦੋਂ ਪੱਕਾ ਰਾਬਤਾ ਕਾਇਮ ਕਰਨ ਦਾ ਮੌਕਾ ਆਇਆ ਤਾਂ ਕੁਝ ਸਮਝ ਹੀ ਨਾ ਆਏ। ਇਕ ਵਾਰੀ ਫੇਰ ਸੋਚ ਦਾ ਘੜਾ ਦੁੜਾਇਆ। ਇਕ ਸਕੀਮ ਸੁੱਝੀ।

ਅਕਾਸ਼ਵਾਣੀ ਜਲੰਧਰ ਦੇ ਦਿਹਾਤੀ ਪ੍ਰੋਗਰਾਮ 'ਚ ਉਦੋਂ ਚਿੱਠੀਆਂ ਦੇ ਜਵਾਬ ਦਿੱਤੇ ਜਾਂਦੇ ਸਨ। ਇਹ ਪ੍ਰੋਗਰਾਮ ਸ਼ਾਮ ਨੂੰ ਪ੍ਰਸਾਰਿਤ ਹੁੰਦਾ ਸੀ। ਸਾਰੇ ਸੁਣਦੇ ਸਨ। ਆਪਣਾ ਰੇਡੀਓ ਤਾਂ ਵਿਰਲੇ ਟਾਵੇਂ ਕੋਲ ਹੁੰਦਾ ਸੀ, ਬਹੁਤੇ ਪੰਚਾਇਤੀ ਰੇਡੀਓ ਦੁਆਲੇ ਜੁੜ ਬਹਿੰਦੇ ਸਨ। ਮੈਂ ਇਸ ਪ੍ਰੋਗਰਾਮ ਵਿਚ ਚਿੱਠੀ ਲਿਖੀ। ਆਪਣਾ ਪੂਰਾ ਪਤਾ ਲਿਖਿਆ ਤਖੱਲੁਸ ਸਮੇਤ। ਜਵਾਬ ਦੇਣ ਵਾਲੇ ਖਤਾਂ ਵਿਚ ਸ਼ਾਮਲ ਹੋਣ ਕਰਕੇ ਮੇਰਾ ਨਾਂ ਤਿੰਨ-ਚਾਰ ਵਾਰ ਬੋਲਿਆ ਗਿਆ। ਤੀਜੇ ਚੌਥੇ ਦਿਨ ਭੂਸ਼ਣ ਦੀ ਚਿੱਠੀ ਆਈ। ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਬਹੁਤ ਖੂਬਸੂਰਤ ਅੰਗਰੇਜ਼ੀ ਵਿਚ ਲਿਖੀ ਹੋਈ ਉਹਦੀ ਚਿੱਠੀ ਮੈਂ ਕਈ ਵਰ੍ਹੇ ਸੰਭਾਲ ਕੇ ਰੱਖੀ। ਫੇਰ ਪਤਾ ਨਹੀਂ ਕਦੋਂ ਕਾਗਜ਼ਾਂ ਦੀ ਭੀੜ ਵਿਚ ਏਧਰ ਓਧਰ ਹੋ ਗਈ। ਪਿੱਛੋਂ ਸਾਡਾ ਦੋਹਾਂ ਦਾ ਸੰਪਰਕ ਵੀ ਕਾਇਮ ਨਾ ਰਹਿ ਸਕਿਆ। ਪਰ ਹੁਣ ਵੀ ਲੋਕ ਮੈਨੂੰ ਉਹਦੇ ਨਾਂ ਕਰਕੇ ਹੀ ਜਾਂਦੇ ਨੇ।

ਹਾਂ, ਤੇ ਜਦੋਂ ਕੁਝ ਲੋਕਲ ਜਿਹੇ ਪਰਚਿਆਂ ਵਿਚ ਨਾਂ ਛਪ ਗਿਆ ਤਾਂ ਮੈਂ ਜ਼ਰਾ ਵੱਡੀ ਉਡਾਰੀ ਲਾਉਣੀ ਚਾਹੀ। 'ਸਾਵੇ ਪੱਤਰ' ਪੜ੍ਹੀ ਹੋਈ ਸੀ। 'ਪੰਜ ਦਰਿਆ' ਦੇ ਕੁਝ ਅੰਕ ਵੀ ਹੱਥ ਲੱਗ ਕੇ ਦਿਲ ਦਿਮਾਗ ਤੱਕ ਛਾ ਚੁੱਕੇ ਸਨ। ਹੌਸਲਾ ਕਰਕੇ ਕੁਝ ਨਜ਼ਮਾਂ ਪ੍ਰੋ. ਮੋਹਨ ਸਿੰਘ ਹੁਰਾਂ ਨੂੰ ਭੇਜ ਦਿੱਤੀਆਂ। ਨਾਲ ਟਿਕਟ-ਲੱਗਾ, ਪਤਾ-ਲਿਖਿਆ ਲਿਫਾਫਾ ਵੀ ਨੱਥੀ ਕੀਤਾ। ਮਹੀਨਾ ਭਰ ਉਡੀਕਿਆ ਅਤੇ ਯਾਦ ਕਰਾਉਣ ਲਈ ਖਤ ਲਿਖਿਆ। ਕੁਝ ਦਿਨਾਂ ਪਿੱਛੋਂ ਅੰਗਰੇਜ਼ੀ ਵਿਚ ਟਾਈਪ ਕੀਤਾ ਜਵਾਬ ਮਿਲਿਆ ਜਿਸ 'ਤੇ ਪ੍ਰੋਫੈਸਰ ਸਾਹਿਬ ਦੇ ਦਸਤਖ਼ਤ ਵੀ ਅੰਗਰੇਜ਼ੀ ਵਿਚ ਸਨ। ਛਾਪਣ ਤੋਂ ਅਸਮਰਥਤਾ ਪ੍ਰਗਟਾਈ ਸੀ, ਪਰ ਪੰਜ ਦਰਿਆ ਦਾ ਚੰਦਾ ਭੇਜਣ ਦੀ ਹਦਾਇਤ ਕੀਤੀ ਸੀ। ਹਦਾਇਤ ਤਾਂ ਮੈਂ ਨਾ ਮੰਨੀ ਪਰ ਉਹ ਖਤ ਵੀ ਪੰਜ-ਸੱਤ ਸਾਲ ਮੇਰੇ ਜ਼ਰੂਰੀ ਕਾਗਜ਼ਾਂ ਦਾ ਹਿੱਸਾ ਬਣਿਆ ਰਿਹਾ ਕਿਉਂਕਿ ਉਸ 'ਤੇ ਇਕ ਮਹਾਨ ਕਵੀ ਨੇ ਆਪਣੇ ਹੱਥ ਨਾਲ ਦਸਤਖ਼ਤ ਕੀਤੇ ਹੋਏ ਸਨ।

ਚੰਡੀਗੜ੍ਹ ਆ ਕੇ ਤਾਂ ਮੈਂ ਥੋਕ ਦੇ ਹਿਸਾਬ ਨਾਲ ਛਪਣ ਲੱਗਾ। ਹੌਲੀ-ਹੌਲੀ ਆਪਣੇ ਨਾਂ ਨੂੰ ਹੌਲਾ ਕਰਦਾ ਗਿਆ। ਅਖੀਰ 'ਧਿਆਨਪੁਰੀ' ਵੀ ਲਹਿ ਗਿਆ। ਸਿਰਫ਼ 'ਭੂਸ਼ਨ' ਹੀ ਰਹਿ ਗਿਆ। 1965-66 ਦੀ ਗੱਲ ਹੈ। ਜੀ. ਡੀ. ਚੌਧਰੀ ਦੀ ਕਿਤਾਬ ਛਪ ਰਹੀ ਸੀ, ਜਵਾਲਾਮੁਖੀ। ਉਹਨੇ ਆਪਣੇ ਜੋਤਿਸ਼ ਦੇ ਜ਼ੋਰ ਨਾਲ ਮੇਰਾ ਸਾਹਿਤਕ ਭਵਿੱਖ ਪੜ੍ਹਿਆ ਅਤੇ ਆਪਣੀ ਕਿਤਾਬ ਲਈ ਮੈਨੂੰ ਕੁਝ ਪੰਨੇ ਲਿਖਣ ਲਈ ਕਿਹਾ। ਨਾਲ ਹੀ ਕਿਹਾ ਕਿ ਆਪਣਾ ਉਹੀ ਨਾਂ ਲਿਖੀਂ ਜਿਹੜਾ ਆਪਣੀ ਕਿਤਾਬ ਛਪਣ ਵੇਲੇ ਲਿਖਣਾ ਚਾਹੇਂਗਾ। ਮੈਂ ਸਿਰਫ ਭੂਸ਼ਨ ਲਿਖਿਆ। ਇਹੋ ਛਪਿਆ।

ਜਦੋਂ ਮੇਰੀ ਪਹਿਲੀ ਕਿਤਾਬ 'ਇਕ ਮਸੀਹਾ ਹੋਰ' ਛਪਣ ਜਾਣ ਲੱਗੀ ਤਾਂ ਸ਼ਿਵ ਕੁਮਾਰ ਨੇ ਭੂਮਿਕਾ ਲਿਖਣ ਦੇ ਨਾਲ ਨਾਲ ਇਹ ਸਲਾਹ ਵੀ ਦਿੱਤੀ ਕਿ ਪਹਿਲੀ ਕਿਤਾਬ ਉੱਤੇ 'ਧਿਆਨਪੁਰੀ' ਦੀ ਲੋੜ ਹੈ। ਪਿੱਛੋਂ ਭਾਵੇਂ ਲਾਹ ਦੇਈਂ। ਆਪਣੇ ਵਲੋਂ ਕਦੋਂ ਦਾ ਲਾਹ ਦਿੱਤਾ ਹੋਇਆ ਹੈ। ਪਰ ਕੀ ਇਹ ਲੱਥ ਸਕਦਾ ਹੈ?

ਪਹਿਲਾਂ ਪੁੱਛਦੇ ਸਨ : ਕਿਹੜਾ ਧਿਆਨਪੁਰੀ?
ਕਹਿਣਾ ਪੈਂਦਾ ਸੀ : ਭੂਸ਼ਨ
ਹੁਣ ਪੁੱਛਦੇ ਨੇ : ਕਿਹੜਾ ਭੂਸ਼ਨ?
ਕਹਿਣਾ ਪੈਂਦਾ ਹੈ : ਧਿਆਨਪੁਰੀ।

(ਇਸ ਲੇਖ ਲਈ ਅਸੀਂ www.parvasi.com  ਦੇ ਸੰਪਾਦਕ ਦੇ ਬਹੁਤ ਬਹੁਤ ਧੰਨਵਾਦੀ ਹਾਂ।)

***

( 31 ਜੁਲਾਈ 2009) ਸੂਰਜ ਯੂਨੀਕੋਡ

ਭੂਸ਼ਣ ਧਿਆਨਪੁਰੀ ਦੀਆਂ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ
 

ਲਿਖਾਰੀ
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.