ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@googlemail.com Download Punjabi Fonts English Shahmukhi Devnagri

ਮੁੱਖ ਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਸਵੈ-ਕਥਨ/ਚੇਤੇ ਦੀ ਚੰਗੇਰ/ਮੁਲਾਕਾਤ/ਯਾਤਰਾ

ਲਿਖਾਰੀ

'ਪੰਜਾਬੀ ਸਾਹਿਤ ਦਾ ਸ਼ਾਹ ਅਸਵਾਰ ਸੀ ਸੰਤੋਖ ਸਿੰਘ ਧੀਰ'
ਮੇਜਰ ਮਾਂਗਟ


ਮੈਨੂੰ ਸਾਹਿਤ ਨਾਲ ਜੋੜਨ ਵਾਲੀ ਕਹਾਣੀ ਸੀ 'ਕੋਈ ਇੱਕ ਸਵਾਰ'। ਜਿਸਦੇ ਲੇਖਕ ਸਨ ਸੰਤੋਖ ਸਿੰਘ ਧੀਰ। ਮੈਂ ਉਦੋਂ ਤੱਕ ਸਾਹਿਤ ਦੀ ਕੋਈ ਕਿਤਾਬ ਨਹੀਂ ਸੀ ਪੜ੍ਹੀ। ਅਜੇ ਤਾਂ ਬਚਪਨਾ ਹੀ ਸੀ। ਕਵਿਤਾ ਜਾਂ ਕਹਾਣੀ ਦਾ ਤਾਂ ਕੋਈ ਪਤਾ ਵੀ ਨਹੀਂ ਸੀ। ਮੈਂ ਅਜੇ ਨੌਵੀਂ ਜਮਾਤ ਵਿੱਚ ਹੋਇਆ ਹੀ ਸਾਂ। ਇਹ ਉਮਰ ਜਵਾਨੀ ਦੀ ਦਹਿਲੀਜ਼ ਵੀ ਕਹੀ ਜਾ ਸਕਦੀ ਹੈ। ਭਾਵਨਾਵਾਂ ਦੇ ਅਥਰੇ ਘੋੜੇ ਦੌੜਨ ਜੋ ਲੱਗ ਪਏ ਸਨ। ਹਰ ਖੂਬਸੂਰਤ ਰਚਨਾ ਖਿੱਚ੍ਹ ਪਾਉਣ ਲੱਗ ਪਈ ਸੀ। ਜਦੋਂ ਕਲਾਸ ਵਿੱਚ ਪੰਜਾਬੀ ਵਾਲੇ ਮਾਸਟਰ ਜੀ ਇਹ ਕਹਾਣੀ ਪੜ੍ਹਾ ਰਹੇ ਸਨ, ਮੈਂ ਤਾਂ ਕਿਸੇ ਹੋਰ ਹੀ ਦੁਨੀਆਂ ਵਿੱਚ ਪਹੁੰਚ ਗਿਆ। 'ਬਾਰੂ ਤਾਂਗੇ ਵਾਲਾ' ਜਿਵੇਂ ਮੇਰੇ ਸਾਹਮਣੇ ਖੜਾ 'ਕੋਈ ਇੱਕ ਸਵਾਰ' ਦੇ ਹੋਕਰੇ ਲਾ ਰਿਹਾ ਹੋਵੇ। ਕੋਈ ਅੱਖਰਾਂ ਵਿੱਚੋਂ ਕਿਰਦਾਰ ਜਿੰਦਾ ਕਰ ਕੇ ਇਸ ਤਰ੍ਹਾਂ ਤੁਹਾਡੇ ਸਾਹਮਣੇ ਖੜ੍ਹਾ ਕਰ ਸਕਦਾ ਹੈ? ਅਜਿਹਾ ਤਾਂ ਕੋਈ ਜਾਦੂਗਰ ਹੀ ਹੋਵੇਗਾ। ਹਾਂ ਜੀ ਇਹ ਸ਼ਬਦਾਂ ਦਾ ਜਾਦੂਗਰ ਸੀ ਸੰਤੋਖ ਸਿੰਘ ਧੀਰ।

ਮੰਚ ਤੇ ਮੇਜਰ ਮਾਂਗਟ ਕਵਿਤਾ ਪੜ੍ਹਦੇ ਹੋਏ। ਪ੍ਰਧਾਨਗੀ ਮੰਡਲ ਵਿੱਚ ਜਗਦੇਵ ਸਿੰਘ ਜੱਸੋਵਾਲ,ਸੰਤੋਖ ਸਿੰਘ ਧੀਰ ਅਤੇ ਕੁਲਵੰਤ ਨੀਲੋਂ।
 

ਮੈਂ ਇਸ ਕਹਾਣੀ ਨੂੰ ਆਪਣੇ ਜੀਵਨ ਦੀ ਪ੍ਰੇਰਨਾ ਸਰੋਤ ਰਚਨਾ ਮੰਨਦਾ ਹਾਂ, ਤੇ ਸੰਤੋਖ ਸਿੰਘ ਧੀਰ ਦਾ ਮਾਸਟਰ ਪੀਸ। ਇਸੇ ਪ੍ਰਕਾਰ ਮੇਰੇ ਮੇਰੇ ਮਨ ਨੂੰ ਨਾਨਕ ਸਿੰਘ ਦੇ ਨਾਵਲ 'ਚਿੱਟਾ ਲਹੂ' ਨੇ ਪ੍ਰਭਾਵਤ ਕੀਤਾ ਸੀ। ਏਸੇ ਹੀ ਜਮਾਤ ਵਿੱਚ ਪੜ੍ਹਦਿਆਂ ਪ੍ਰਸਿੱਧ ਕਹਾਣੀਕਾਰ ਗੁਰਦਿਆਲ ਦਲਾਲ ਦੀ ਰਹਿਨੁਮਾਈ ਸਦਕਾ, ਮਨ ਦੀ ਵੱਤਰ ਜ਼ਮੀਨ ਵਿੱਚ ਸ਼ਬਦਾਂ ਦੇ ਬੀਜ ਡਿੱਗੇ ਅਤੇ ਫੇਰ ਪੁੰਗਰੇ ਵੀ। ਇਸ ਤੋਂ ਬਾਅਦ ਅੱਜ ਤੱਕ ਹਜ਼ਾਰਾਂ ਪੁਸਤਕਾਂ ਜਾਂ ਕਹਾਣੀਆਂ ਪੜ੍ਹੀਆਂ ਹੋਣਗੀਆਂ ਤੇ ਬਹੁਤ ਕੁੱਝ ਭੁੱਲ ਭੁਲਾ ਵੀ ਗਿਆ। ਪਰ 'ਕੋਈ ਇੱਕ ਸਵਾਰ' ਕਹਾਣੀ ਮੈਨੂੰ ਅਜੇ ਵੀ ਨਹੀਂ ਭੁੱਲਦੀ। ਜਿਵੇਂ ਕਿਸੇ ਨੂੰ ਆਪਣਾ ਪਹਿਲਾ ਪਿਆਰ ਨਹੀਂ ਭੁੱਲਦਾ। ਅੱਜ ਮੈਂ ਖੁਦ ਕਹਾਣੀ ਲਿਖਦਾ ਹਾਂ ਤੇ ਹਮੇਸ਼ਾਂ ਨਵੀਂ ਰਚਨਾ ਲਿਖਣ ਲੱਗੇ ਦੇ ਮਨ ਵਿੱਚ ਹੁੰਦਾ ਕਿ ਮੈਂ ਵੀ ਕੋਈ ਅਜਿਹਾ ਪਾਤਰ ਸਿਰਜ ਸਕਾਂ ਜੋ 'ਬਾਰੂ ਤਾਂਗੇ ਵਾਲਾ'ਵਰਗਾ ਹੋਵੇ।ਪਰ ਅਜਿਹੇ ਜਾਨਦਾਰ ਪਾਤਰ ਦੀ ਸਿਰਜਣਾ ਤਾਂ ਕੋਈ ਸਾਹਿਤ ਦਾ ਸ਼ਾਹ ਅਸਵਾਰ ਹੀ ਕਰ ਸਕਦਾ ਹੈ।

19 ਅਕਤੂਬਰ 1986 ਨੂੰ ਸਾਹਿਤ ਸਭਾ ਦੋਰਾਹਾ ਵਲੋਂ ਹਰਬੰਬ ਰਾਮਪੁਰੀ ਯਾਦਗਾਰੀ ਸਮਾਗਮ ਕਰਵਾਇਆ ਜਾ ਰਿਹਾ ਸੀ। ਮੈਂ ਉਨ੍ਹਾਂ ਦੀ ਕਹਾਣੀ ਕਲਾ ਬਾਰੇ ਪਰਚਾ ਪੜ੍ਹਨਾ ਸੀ।ਪ੍ਰਬੰਧਕਾਂ ਨੇ ਸਾਰੇ ਪਰਚੇ ਛਪਵਾ ਕੇ ਪਹਿਲਾਂ ਹੀ ਵੰਡ ਦਿੱਤੇ ਸਨ। ਇਹ ਪਰਚੇ ਸੰਤੋਖ ਸਿੰਘ ਧੀਰ ਕੋਲ ਵੀ ਪਹੁੰਚੇ ਜਿਨਾਂ ਸਮਾਗਮ ਦੀ ਪ੍ਰਧਾਨਗੀ ਕਰਨੀ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਪਰਚਾ ਪੜ੍ਹਨਾ ਸੀ ਉਹ ਉਸ ਕੱਦਾਵਰ ਲੇਖਕ ਸਾਹਮਣੇ ਜਿਸ ਦੇ ਦਰਸ਼ਨ ਕਰ ਲੈਣਾ ਹੀ ਮੇਰੇ ਵਾਸਤੇ ਬਹੁਤ ਵੱਡੀ ਗੱਲ ਸੀ। ਪਰ ਜਦੋਂ ਮੈਂ ਉਨ੍ਹਾਂ ਨੂੰ ਮਿਲਿਆ ਤਾਂ ਉਹ ਬਹੁਤ ਹੀ ਪਿਆਰ ਨਾਲ ਮਿਲੇ ਜਿਵੇਂ ਸਾਲਾਂ ਤੋਂ ਜਾਣਦੇ ਹੋਣ। ਜਦੋਂ ਮੈਂ ਆਪਣਾ ਨਾਂ ਦੱਸਿਆ ਤਾਂ ਮੈਨੂੰ 23-24 ਸਾਲ ਦਾ ਗਭਰੂ ਦੇਖ ਕੇ ਬੋਲੇ ''ਓਏ ਮੈਂ ਤਾਂ ਸੋਚਦਾ ਸੀ ਤੂੰ ਕੋਈ ਬੁੱਢਾ ਰਿਟਾਇਰ ਖੜੀਆਂ ਮੁੱਛਾ ਵਾਲਾ ਸਾਬਕਾ ਫੌਜੀ ਹੋਵੇਗਾਂ, ਤੂੰ ਤਾਂ ਅਜੇ ਕੱਲ ਦਾ ਜੁਆਕ ਏਂ। ਬਈ ਕਮਾਲ ਹੋ ਗਈ ਪਰਚਾ ਤਾਂ ਤੂੰ ਬੜਾ ਸੋਹਣਾ ਲਿਖਿਆ ਏ।'' ਉਨ੍ਹਾਂ ਮੈਨੂੰ ਜੱਫੀ 'ਚ ਲੈ ਲਿਆ। ਇਸ ਸਮਾਗਮ ਵਿੱਚ ਜਸਵੰਤ ਕੰਵਲ ਅਤੇ ਨਾਟਕਕਾਰ ਗੁਰਸ਼ਰਨ ਸਿੰਘ ਵੀ ਹਾਜ਼ਰ ਸਨ। ਅੰਤ ਤੇ ਮਹਿੰਦਰ ਰਾਮਪੁਰੀ ਨੇ ਜਦੋਂ ਕਿਹਾ ਕਿ 'ਹੁਣ ਪ੍ਰੋਗਰਾਮ ਨੂੰ ਸੰਤੋਖਣਗੇ ਸੰਤੋਖ ਸਿੰਘ ਧੀਰ' ਤਾਂ ਹਮੇਸ਼ਾਂ ਦੀ ਤਰ੍ਹਾਂ ਉਨ੍ਹਾਂ ਅੰਗੂੰਠੇ ਨਾਲ ਦੀ ਉਂਗਲੀ ਖੜੀ ਕੀਤੀ ਤੇ ਪੰਡਾਲ ਵਿੱਚ ਸੰਨਾਟਾ ਛਾ ਗਿਆ। ਲੋਕ ਇੱਕ ਇੱਕ ਲਫਜ਼ ਸੁਣ ਰਹੇ ਸਨ 'ਕੋਈ ਇੱਕ ਸਵਾਰ' ਕਹਾਣੀ ਲਿਖਣ ਵਾਲੇ ਸੰਤੋਖ ਸਿੰਘ ਧੀਰ ਦਾ। ਜੋ ਕਹਾਣੀ ਮੇਰੇ ਵਾਂਗੂੰ ਬਹੁਤਿਆਂ ਦੇ ਮਨਾਂ ਵਿੱਚ ਜੀਂਦੀ ਸੀ।


ਡਾ: ਗੁਰਮੇਲ ਸਿੰਘ ਦਿਓਲ ਸੰਤੋਖ ਸਿੰਘ ਧੀਰ ਨੂੰ ਪੁਸਤਕ ਭੇਂਟ ਕਰਦੇ ਹੋਏ।

ਕਲਾ ਸੰਗਮ ਨੀਲੋਂ ਪੁਲ ਵਲੋਂ ਜਦੋਂ ਸ਼ਾਇਰ ਮੋਹਣ ਸਿੰਘ ਕੁੱਬਾ ਜੋ ਕਿ ਮੇਰੇ ਤਾਇਆ ਜੀ ਸਨ, ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ ਤਾਂ ਅਸੀਂ ਸੰਤੋਖ ਸਿੰਘ ਧੀਰ ਜੀ ਨੂੰ ਪ੍ਰਧਾਨਗੀ ਲਈ ਸੱਦਾ ਭੇਜਿਆ ਤਾਂ ਉਨ੍ਹਾਂ ਹਸ ਕੇ ਪ੍ਰਵਾਨ ਕਰ ਲਿਆ। ਉਸ ਰਾਤ ਉਹ ਮੇਰੇ ਕੋਲ ਰਹੇ ਮੇਰੇ ਕਮਰੇ ਵਿੱਚ। ਬਿਲਕੁੱਲ ਉਸੇ ਸਕੂਲ ਦੇ ਨਾਲ ਜਿੱਥੇ ਮੈਂ ਉਨ੍ਹਾਂ ਦੀ ਕਹਾਣੀ 'ਕੋਈ ਇੱਕ ਸਵਾਰ' ਪੜ੍ਹੀ ਸੀ ਤੇ ਕਦੇ ਸੁਪਨਾ ਵੀ ਨਹੀਂ ਸੀ ਲਿਆ ਕਿ ਉਹ ਕਦੀ ਮੇਰੇ ਘਰ ਆਕੇ ਮੇਰੇ ਕੋਲ ਰਾਤ ਰਹਿਣਗੇ। ਉਸ ਦਿਨ ਮੇਰੇ ਕੋਲ 'ਸੋਹਣ ਸਿੰਘ ਹੰਸ' ਜਿਨਾਂ ਦਾ ਨਾਵਲ ਕਾਲ਼ੀ ਕਥਾ ਬਹੁਤ ਚਰਚਾ ਵਿੱਚ ਸੀ ਉਹ ਵੀ ਮੇਰੇ ਕੋਲ ਸਨ। ਉਸ ਦਿਨ ਧੀਰ ਸਾਹਿਬ ਬਹੁਤ ਵੱਡੀ ਮਾਨਸਿਕ ਪੀੜ ਵਿੱਚੋਂ ਲੰਘ ਰਹੇ ਸਨ ਕਿਉਂਕਿ ਕੁੱਝ ਦਿਨ ਪਹਿਲਾਂ ਹੀ ਅੱਤਵਾਦੀਆਂ ਨੇ ਪ੍ਰੀਤਲੜੀ ਦੇ ਸੰਪਾਦਕ ਸੁਮੀਤ ਸਿੰਘ ਦਾ ਕਤਲ ਕਰ ਦਿੱਤਾ ਸੀ। ਦੂਸਰੇ ਦਿਨ ਧੀਰ ਸਾਹਿਬ ਨੇ ਜੋ ਕਵੀ ਦਰਬਾਰ ਵਿੱਚ ਅੱਤਵਾਦ ਖਿਲਾਫ ਕਵਿਤਾ ਪੜ੍ਹੀ ਉਹ ਅੱਤਵਾਦ ਦੇ ਪਰਖਚੇ ਉਡਾ ਰਹੀ ਜਾਪਦੀ ਸੀ। ਬਗੈਰ ਕੋਈ ਸੁਰੱਖਿਆਂ ਦੇ ਭਰਿਆ ਹੋਇਆ ਪੰਡਾਲ ਤੇ ਸ਼ੇਰ ਦਹਾੜ ਰਿਹਾ ਸੀ। ਉਂਗਲ ਖੜੀ ਸੀ। ਅੱਖਾਂ 'ਚੋਂ ਅੱਗ ਕਿਰਦੀ ਸੀ ਜਿਵੇਂ ਕੋਈ ਜਬਰ ਦੇ ਖਿਲਾਫ ਯੁੱਧ ਲੜ੍ਹਦਾ ਹੈ। ਇਹ ਸੀ ਇੱਕ ਲੇਖਕ ਦਾ ਫਰਜ਼ ਜੋ ਉਹ ਨਿਭਾ ਰਿਹਾ ਸੀ। ਉਸ ਰਾਤ ਗੁਰਸ਼ਰਨ ਸਿੰਘ ਨੇ ਨਾਟਕ ਵੀ ਖੇਡੇ ਸਨ। ਦੋਨੋਂ ਯੋਧੇ ਆਪਣੀ ਕਲਾ ਸਹਾਰੇ ਲੜ੍ਹ ਰਹੇ ਸਨ।

ਮੈਂ ਹੋਰ ਕਈ ਸਮਾਗਮਾਂ ਤੇ ਉਨ੍ਹਾਂ ਨੂੰ ਮਿਲਦਾ ਰਿਹਾ। ਕਈ ਵਾਰ ਅਸੀਂ ਕੁਲਵੰਤ ਨੀਲੋਂ ਦੇ ਘਰ ਰਾਤ ਵੀ ਰਹੇ। ਉਹ ਦੇਰ ਰਾਤ ਤੱਕ ਕੁੜਤਾ ਪਜਾਮਾਂ ਪਹਿਨ ਮੰਜੇ ਤੇ ਬੈਠ ਗੱਲਾਂ ਮਾਰਦੇ ਰਹਿੰਦੇ। ਕੌਮੀ ਪੱਧਰ ਦੇ ਸਮਾਗਮਾਂ ਵਿੱਚ ਹਰੀਵੰਸ਼ ਰਾਏ ਬਚਨ ਨਾਲ ਹੋਈਆਂ ਗੱਲਾਂ ਨੂੰ ਸਾਂਝਿਆ ਕਰਦੇ। ਅੰਤਰਾਸ਼ਟਰੀ ਲਹਿਰਾਂ ਅਤੇ ਲੇਖਕਾਂ ਦੀਆਂ ਗੱਲਾਂ ਕਰਦੇ ਤੇ ਅਸੀਂ ਸੁਣਦੇ ਰਹਿੰਦੇ। ਅੰਤਿਮ ਵਾਰ ਮੈਂ ਉਨ੍ਹਾਂ ਨੂੰ 1993 ਵਿੱਚ ਮਿਲਿਆ ਜਦੋਂ ਉਹ ਪੰਜਾਬੀ ਭਵਨ ਵਿੱਚ ਹੋ ਰਹੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਵਿੱਚ ਭਾਗ ਲੈਣ ਆਏ ਸਨ। ਇਸੇ ਸਮੇਂ ਮੇਰਾ ਕਹਾਣੀ ਸੰਗ੍ਰਹਿ 'ਕੂੰਜਾਂ ਦੀ ਮੌਤ' ਪ੍ਰਕਾਸ਼ਤ ਹੋਇਆ ਸੀ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੰਚ ਤੋਂ ਉਨ੍ਹਾਂ ਦੇ ਨਾਲ ਮੈਨੂੰ ਵੀ ਬੋਲਣ ਦਾ ਮੌਕਾ ਡਾ: ਐੱਮ ਤਰਸੇਮ ਜੀ ਵਲੋਂ ਦਿੱਤਾ ਗਿਆ ਸੀ। ਇਹ ਉਨ੍ਹਾਂ ਦੇ ਆਖਿਰੀ ਦਰਸ਼ਨ ਸਨ। ਉਨ੍ਹਾਂ ਦਾ ਭਤੀਜਾ ਸੰਜੀਵਨ 2003 ਵਿੱਚ ਜਦੋਂ ਕਨੇਡਾ ਆਇਆ ਤਾਂ ਮਿਲਿਆ ਸੀ। ਧੀਰ ਸਾਹਿਬ ਦਾ ਹਾਲ ਚਾਲ ਉਨ੍ਹਾਂ ਪਾਸੋਂ ਪੁੱਛਦੇ ਰਹੀਦਾ ਸੀ। ਹਰ ਵਾਰ ਜਦੋਂ ਭਾਰਤ ਜਾਣ ਲੱਗਦਾ ਤਾਂ ਸੋਚ ਕੇ ਜਾਂਦਾ ਕਿ ਇਸ ਵਾਰ ਧੀਰ ਸਾਹਿਬ ਨੂੰ ਜਰੂਰ ਮਿਲ ਕੇ ਆਉਣਾ ਹੈ ਤੇ ਉਨ੍ਹਾਂ ਤੇ ਦਸਤਾਵੇਜ਼ੀ ਫਿਲਮ ਵੀ ਬਣਾ ਕੇ ਲਿਆਉਣੀ ਹੈ। ਪਰ ਅਜਿਹਾ ਕਦੀ ਵੀ ਸੰਭਵ ਨਾ ਹੋ ਸਕਿਆ।

ਸੰਤੋਖ ਸਿੰਘ ਧੀਰ ਭਾਵੇਂ ਸਧਾਰਨ ਪਰਿਵਾਰ ਵਿੱਚ ਜਨਮੇ ਸਨ ਪਰ ਉਨ੍ਹਾਂ ਦਾ ਸਾਹਿਤਕ ਕੱਦ ਬਹੁਤ ਉੱਚਾ ਸੀ। ਉਨ੍ਹਾਂ ਕਦੇ ਕਿਸੇ ਚੀਜ ਨੂੰ ਆਪਣੀ ਕਮਜ਼ੋਰੀ ਨਹੀਂ ਸੀ ਬਣਨ ਦਿੱਤਾ। ਉਨ੍ਹਾਂ ਦੇ ਆਪਣੇ ਅਸੂਲ ਸਨ ਜਿਨਾਂ ਤੋਂ ਉਹ ਕਦੀ ਵੀ ਨਾ ਥਿੜਕਦੇ। ਉਹ ਪ੍ਰਗਤੀਵਾਦ ਨੂੰ ਪਰਨਾਏ ਹੋਏ ਲੇਖਕ ਸਨ। ਉਹ ਕਿਤੇ ਵੀ ਵਿਚਰਨ ਸੂਟਿਡ ਬੂਟਿਡ ਹੋ ਕੇ ਵਿਚਰਦੇ। ਕੋਟ ਪੈਂਟ, ਟਾਈ, ਸ਼ਾਨਦਾਰ ਐਨਕ, ਲਿਸ਼ਕਦੇ ਬੂਟ ਅਤੇ ਅੱਖਾਂ ਵਿੱਚ ਸੁਰਮਾਂ ਵੀ ਸ਼ਾਇਦ ਉਨ੍ਹਾਂ ਦੀ ਸਖਸ਼ੀਅਤ ਦਾ ਅੰਗ ਸਨ। ਸ਼ਾਇਦ ਏਸੇ ਕਰਕੇ ਬਲਵੰਤ ਗਾਰਗੀ ਨੇ ਉਨ੍ਹਾਂ ਦੇ ਲਿਖੇ ਰੇਖਾ ਚਿੱਤਰ ਦਾ ਨਾਂ 'ਸੁਰਮੇਂ ਵਾਲੀ ਅੱਖ' ਰੱਖਿਆ ਸੀ। ਉਨ੍ਹਾਂ ਦਾ ਖਿਆਲ ਸੀ ਕਿ ਲੇਖਕ ਦਾ ਪਾਠਕਾਂ ਵਿੱਚ ਮਾੜਾ ਅਕਸ ਨਹੀਂ ਜਾਣਾ ਚਾਹੀਦਾ। ਉਨ੍ਹਾਂ ਦਾ ਬੈਠਣਾ, ਉੱਠਣਾ, ਪਹਿਨਣਾ, ਖਾਣਾ ਪੀਣਾ ਤੇ ਵਿਚਰਨਾ ਇੱਕ ਸਲੀਕੇ ਵਿੱਚ ਹੋਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੇ ਪਾਠਕ ਉਨ੍ਹਾਂ ਤੋਂ ਚੰਗਾ ਪ੍ਰਭਾਵ ਲੈ ਸਕਣ। ਉਨ੍ਹਾਂ ਦਾ ਖਿਆਲ ਸੀ ਕਿ ਲੇਖਕ ਅੰਦਰੋਂ ਬਾਹਰੋਂ ਇੱਕ ਹੋਣਾ ਚਾਹੀਦਾ ਹੈ, ਪਾਰਦਰਸ਼ੀ ਅਤੇ ਆਪਣੇ ਕਾਜ਼ ਪ੍ਰਤੀ ਇਮਾਨਦਾਰ। ਬੁਰਾਈ ਦੇ ਖਿਲਾਫ ਲੇਖਕ ਨੂੰ ਡਟ ਜਾਣਾ ਚਾਹੀਦਾ ਹੈ ਨਾ ਕਿ ਅੱਖਾਂ ਮੀਟ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਦਾ ਜੀਵਨ ਅੱਜ ਦੇ ਲੇਖਕਾਂ ਲਈ ਇੱਕ ਉਦਾਹਰਣ ਹੈ। ਉਨ੍ਹਾਂ ਦੀ ਸ਼ਾਇਰੀ ਅਤੇ ਲੇਖਣੀ ਵਿੱਚ ਇੱਕ ਵੰਗਾਰ ਸੀ, ਜਿਸ ਦਾ ਪ੍ਰਤੀਕ ਉਨ੍ਹਾਂ ਦੀ ਖੜ੍ਹੀ ਉਂਗਲ ਸੀ ਜੋ ਉਨ੍ਹਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਦੀ।

ਪੰਜਾਬੀ ਦੇ ਇਸ ਮਹਾਨ ਲੇਖਕ ਦਾ ਜਨਮ ਦੋ ਦਸੰਬਰ 1920 ਨੂੰ ਖੰਨੇ ਲਾਗੇ ਡਡਹੇੜੀ ਪਿੰਡ ਵਿੱਚ ਹੋਇਆ। ਆਪ ਜੀ ਦੇ ਪਿਤਾ ਜੀ ਦਾ ਨਾਂ ਗਿਆਨੀ ਈਸ਼ਰ ਸਿੰਘ ਅਤੇ ਮਾਤਾ ਜੀ ਦਾ ਨਾਂ ਸ੍ਰੀ ਮਤੀ ਮਾਇਆ ਦੇਵੀ ਸੀ। ਆਪ ਜੀ ਨੇ ਚਾਰ ਦਰਜਣ ਦੇ ਕਰੀਬ ਕਿਤਾਬਾਂ ਲਿਖੀਆਂ ਜਿਨਾਂ 'ਚੋਂ ਬਹੁਤ ਸਾਰੀਆਂ ਦੇ ਅੰਗਰੇਜ਼ੀ, ਹਿੰਦੀ, ਉਰਦੂ ਅਤੇ ਦੂਜੀਆਂ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋਏ। ਬਹੁਤ ਸਾਰੇ ਇਨਾਮ ਸਨਮਾਨ ਵੀ ਮਿਲੇ ਜੋ ਹੇਠ ਲਿਖੇ ਅਨੁਸਾਰ ਹਨ:-
ਹੀਰਾ ਸਿੰਘ ਦਰਦ ਪੁਰਸਕਾਰ (1979)
ਪੰਜਾਬ ਭਾਸ਼ਾ ਵਿਭਾਗ ਪੁਰਸਕਾਰ (1980)
ਨਾਗਮਣੀ ਪੁਰਸਕਾਰ (1982)
ਪੰਜਾਬ ਸਾਹਿਤ ਅਕਾਦਮੀ ਪੁਰਸਕਾਰ (1991)
ਪੰਜਾਬ ਸਾਹਿਤ ਅਕਾਦਮੀ ਫੈਲੋਸ਼ਿੱਪ (1993)

ਆਪ ਜੀ ਨੇ ਕਵਿਤਾਵਾਂ, ਕਹਾਣੀਆਂ ਲੇਖ ਅਤੇ ਵਾਰਤਕ ਵਿੱਚ ਅਨੇਕਾਂ ਪੁਸਤਕਾਂ ਰਚੀਆਂ। ਭਾਵ ਆਪ ਕੁੱਲ ਵਕਤੀ ਲੇਖਕ ਰਹੇ ਜੋ ਕਿ ਪੰਜਾਬੀ ਵਿੱਚ ਬਹੁਤ ਹੀ ਕਠਨ ਕੰਮ ਹੈ। ਆਪ ਸਾਹਿਤ ਦੇ ਸੱਚੇ ਸੇਵਾਦਾਰ ਸਨ। ਆਪ ਵਲੋਂ ਰਚੀਆਂ ਕਿਤਾਬਾਂ ਦਾ ਵੇਰਵਾ ਕੁੱਝ ਇਸ ਪ੍ਰਕਾਰ ਹੈ।

ਕਾਵਿ ਸੰਗ੍ਰਹਿ :-
ਗੁੱਡੀਆਂ ਪਟੋਲੇ (1944), ਪਹੁਫੁਟਾਲਾ (1948), ਧਰਤੀ ਮੰਗਦੀ ਮੀਂਹ ਵੇ (1952), ਪੱਤ ਝੜੇ ਪੁਰਾਣੇ (1955), ਬਿਰਹੜੇ (1960), ਅੱਗ ਦੇ ਪੱਤੇ (1976), ਕਾਲ਼ੀ ਬਰਛੀ (1980), ਸੰਜੀਵਨੀ (1983), ਸਿੰਘਾਵਲੀ (1983), ਆਉਣ ਵਾਲਾ ਸੂਰਜ (1985), ਜਦੋਂ ਅਸੀਂ ਆਵਾਂਗੇ (1988)
ਕਹਾਣੀ ਸੰਗ੍ਰਹਿ:-
ਸਤੀਆਂ ਦੇ ਚਾਅ (1950), ਸਵੇਰ ਹੋਣ ਤੱਕ (1955), ਸਾਂਝੀ ਕੰਧ (1958), ਸ਼ਰਾਬ ਦਾ ਗਲਾਸ (1970), ਊਸ਼ਾ ਭੈਣ ਜੀ ਚੁੱਪ ਸਨ (1991), ਪੱਖੀ (1991)
ਨਾਵਲ :-
ਸ਼ਰਾਬੀ ਜਾਂ ਦੋ ਫੂਲ (1963)
ਯਾਦਗਾਰ (1979)
ਅਤੀਤ ਦੇ ਪਰਛਾਵੇਂ (1981)
ਮੈਨੂੰ ਇੱਕ ਸੁਪਨਾ ਆਇਆ (1991)
ਹਿੰਦੋਸਤਾਨ ਹਮਾਰਾ (1994)

ਪਿਛਲੇ ਕੁੱਝ ਸਾਲਾਂ ਤੋਂ ਸੰਤੋਖ ਸਿੰਘ ਧੀਰ ਮੁਹਾਲ਼ੀ ਰਹਿ ਰਹੇ ਸਨ। ਵਧ ਰਹੀ ਉਮਰ ਕਾਰਨ ਸਿਹਤ ਡਿੱਗ ਰਹੀ ਸੀ ਅਤੇ ਕੁੱਝ ਸਮੇਂ ਤੋਂ ਬਿਮਾਰ ਵੀ ਚਲੇ ਆ ਰਹੇ ਸਨ। ਸਾਡੇ ਪੰਜਾਬੀਆਂ ਦਾ ਇਹ ਦੁਖਾਂਤ ਹੈ ਕਿ ਅਸੀਂ ਜੀਂਦੇ ਜੀ ਕਿਸੇ ਦੀ ਕਦਰ ਨਹੀਂ ਕਰਦੇ ਤੇ ਫੇਰ ਮਰੇ ਤੇ ਬਹੁਤ ਬੂਕਦੇ ਹਾਂ। ਸਾਨੂੰ ਆਪਣੇ ਲੇਖਕਾਂ ਦੀ ਮਹਾਨਤਾ ਦਾ ਖਿਆਲ ਵੀ ਉਨ੍ਹਾਂ ਦੇ ਮਰਨ ਪਿੱਛੋਂ ਹੀ ਆਂਉਦਾ ਹੈ।

ਤਿਲ ਤਿਲ ਕਰਕੇ ਮਰਿਆ ਸੀ ਜਦ,ਪੁੱਛਿਆ ਨਹੀਂ ਸੀ ਲੋਕਾਂ
ਉਸ ਲੇਖਕ ਨੂੰ ਯਾਦ ਕਰੇਂਦੇ ਲੋਕੀ ਮਰਨੋਂ ਬਾਅਦ।

ਸਾਡੇ ਕੋਲ ਬਹੁਤ ਸਾਰੇ ਪ੍ਰਸਿੱਧ ਲੇਖਕਾਂ ਦੀਆਂ ਨਾਂ ਤਾਂ ਕੋਈ ਤਸਵੀਰਾਂ ਹੀ ਹਨ ਅਤੇ ਨਾਂ ਹੀ ਰਿਕਾਰਡਿਡ ਬੋਲ। ਉਂਝ ਅਸੀਂ ਬਹੁਤ ਤਰੱਕੀ ਕਰ ਲਈ ਹੈ। ਹੋਣਾ ਤਾਂ ਇਹ ਚਾਹੀਦਾ ਹੈ ਕਿ ਸਾਡੇ ਕੋਲ ਇਨ੍ਹਾਂ ਮਹਾਨ ਲੇਖਕਾਂ ਦੀਆਂ ਵੀ ਡੀ ਉ ਫਿਲਮਾਂ ਹੋਣ। ਉਨ੍ਹਾਂ ਨਾਲ ਸਬੰਧਤ ਚੀਜ਼ਾਂ ਵਸਤਾਂ ਨੂੰ ਅਸੀ ਅਜਾਇਬ ਘਰਾਂ 'ਚ ਸੰਭਾਲ ਕੇ ਰੱਖੀਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਨੂੰ ਜਾਣ ਸਕਣ ਤੇ ਖੋਜ ਕਰ ਸਕਣ। ਅਸੀਂ ਪੱਛਮੀ ਮੁਲਕਾਂ ਤੋਂ ਹੋਰ ਬਹੁਤ ਕੁੱਝ ਤਾਂ ਸਿੱਖ ਲਿਆ ਹੈ ਪਰ ਇਹ ਗੱਲਾਂ ਨਹੀਂ ਸਿੱਖੀਆਂ। ਅਮਰੀਕਾ ਕਨੇਡਾ ਵਿੱਚ ਹਜ਼ਾਰਾਂ ਰੇਡੀਉ ਟੈਲੀਵੀਯਨ ਪ੍ਰੋਗਰਾਮ ਚੱਲਦੇ ਨੇ ਪਰ ਕਿਸੇ ਕੋਲ ਸੰਤੋਖ ਸਿੰਘ ਧੀਰ ਬਾਰੇ ਦਿਖਾਉਣ ਲਈ ਕੁੱਝ ਨਹੀਂ ਹੋਵੇਗਾ। ਅਸੀਂ ਕਿਸੇ ਲੇਖਕ ਨੂੰ ਵੀ ਨਹੀਂ ਸੰਭਾਲਿਆ ਅਤੇ ਨਾ ਹੀ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਲਾੲਬ੍ਰੇਰੀ ਹੀ ਹੈ ਜਿੱਥੋਂ ਲੋੜ ਪੈਣ ਤੇ ਇਹ ਚੀਜ਼ਾਂ ਕਢਾਈਆਂ ਜਾ ਸਕਣ। ਅਸੀਂ ਤਾਂ ਸਰਕਾਰਾਂ ਤੇ ਆਸ ਲਾਈਂ ਬੈਠੇ ਹਾਂ ਜਿਨਾਂ ਨੇ ਏਧਰ ਕਦੀ ਵੀ ਧਿਆਨ ਨਹੀਂ ਦੇਣਾ। ਪਰਵਾਸੀ ਪੰਜਾਬੀ ਮੀਡੀਏ ਕੋਲ ਤਾਂ ਅਜੇ ਆਲੂ ਗੰਢੇ ਵੇਚਣ ਜਾਂ ਸਿਆਸਤਦਾਨਾਂ ਨੂੰ ਛਿੱਟੇ ਮਾਰਨ ਤੋਂ ਹੀ ਵਿਹਲ ਨਹੀਂ ਸਾਹਿਤ ਨੂੰ ਉਨ੍ਹਾਂ ਕੀ ਸੁਆਹ ਪੁੱਛਣਾ ਹੈ। ਹਾਂ, ਲੇਖਕ ਜਾਂ ਸਾਹਿਤ ਸਭਾਵਾਂ ਧੜੇਬੰਦੀ ਤੋਂ ਉੱਪਰ ਉੱਠ ਕੇ ਕੋਈ ਏਹੋ ਜਿਹੇ ਉਪਰਾਲੇ ਕਰ ਸਕਦੀਆਂ ਨੇ ਤਾਂ ਕਿ ਆਪਣੇ ਮਹਾਨ ਸਾਹਿਤਕਾਰਾਂ ਨੂੰ ਅਤੇ ਵਿਰਸੇ ਨੂੰ ਸੰਭਾਲਿਆ ਜਾ ਸਕੇ ਤੇ ਇਹ ਖਜ਼ਾਨਾ ਆਉਣ ਵਾਲੀਆਂ ਪੀੜੀਆਂ ਨੂੰ ਭੇਂਟ ਕੀਤਾ ਜਾ ਸਕੇ।

ਪਹਿਲਾਂ ਵੀ ਬਹੁਤ ਸਾਰੇ ਸਾਹਿਤਕਾਰ ਤੁਰ ਗਏ ਭਾਈ ਵੀਰ ਸਿੰਘ, ਨਾਨਕ ਸਿੰਘ, ਮੋਹਣ ਸਿੰਘ, ਅਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ, ਧਨੀ ਚਾਤ੍ਰਿਕ, ਬਾਵਾ ਬਲਵੰਤ, ਹਰਿਭਜਨ ਸਿੰਘ, ਸ਼ਿਵ ਕੁਮਾਰ ਬਟਾਲਵੀ, ਕੁਲਵੰਤ ਸਿੰਘ ਵਿਰਕ ਅਤੇ ਅਨੇਕਾਂ ਹੋਰ, ਪਰ ਸਾਡੇ ਕੋਲ ਇਨ੍ਹਾਂ ਦੀ ਕਿਤਾਬਾਂ ਤੋਂ ਬਗੈਰ ਹੋਰ ਕੁੱਝ ਵੀ ਯਾਦਗਾਰੀ ਨਹੀਂ ਹੈ। ਅਸੀਂ ਸਾਰੇ ਜਦੋਂ ਇੰਗਲੈਂਡ ਜਾਂਦੇ ਹਾਂ ਤਾਂ ਲੇਖਕਾਂ ਦੇ ਸੰਭਾਲੇ ਹੋਏ ਘਰ(ਵਿਲੀਅਮ ਸ਼ੈਕਸਪੀਅਰ ਵਰਗਿਆਂ ਦੇ) ਉਹਨਾਂ ਦੀਆਂ ਕਲਮਾਂ, ਪੈੱਨ, ਕੱਪੜੇ, ਘੜੀਆਂ, ਖੂੰਡੀਆਂ ਐਨਕਾਂ ਅਤੇ ਉਨ੍ਹਾਂ ਨਾਲ ਸਬੰਧਤ ਹੋਰ ਬਹੁਤ ਸਾਰੀਆਂ ਵਸਤਾਂ ਤਾਂ ਦੇਖਦੇ ਹਾਂ ਪਰ ਆਪਣੇ ਲੇਖਕਾਂ ਦੀਆਂ ਵਸਤਾਂ ਸੰਭਾਲਣ ਬਾਰੇ ਅਜਿਹੀ ਸੋਚ ਨਹੀਂ ਰੱਖਦੇ।

ਸੰਤੋਖ ਸਿੰਘ ਧੀਰ ਵਰਗੇ ਲੇਖਕਾਂ ਨੂੰ ਸੰਭਾਲਿਆ ਜਾਣਾ ਬਹੁਤ ਜਰੂਰੀ ਹੈ। ਉਨ੍ਹਾਂ ਦੇ ਵਿਛੜਨ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਿਆਂ ਹੋਣ ਵਾਲਾ ਘਾਟਾ ਪਿਆ ਹੈ। ਅਜਿਹੇ ਲੇਖਕ ਤਾਂ ਹੀ ਸਾਡੇ ਰੋਲ ਮਾਡਲ ਬਣ ਸਕਦੇ ਹਨ ਜੇ ਸਾਡਾ ਮੀਡੀਆ ਇਨ੍ਹਾਂ ਨੂੰ ਬਣਦੀ ਮਹੱਤਤਾ ਦੇਵੇ। ਤਾਂ ਹੀ ਉਹ ਆਪਣੇ ਆਪ ਨੂੰ ਸਾਹਿਤ ਅਤੇ ਸੱਭਿਆਚਾਰ ਦਾ ਮੁਦਈ ਅਖਵਾਉਣ ਦਾ ਹੱਕਦਾਰ ਹੈ। ਪਰ ਅਸੀਂ ਤਾਂ ਕਿਸੇ ਸਾਹਿਤਕਾਰ ਨੂੰ ਉਨੀ ਦੇਰ ਰੇਡੀਉ ਟੀ ਵੀ ਦੇ ਨੇੜੇ ਵੀ ਨਹੀਂ ਫਟਕਣ ਦਿੰਦੇ ਜਿਨੀ ਦੇਰ ਤੱਕ ਉਨ੍ਹਾਂ ਦੇ ਕੋਈ ਤੁਰ ਜਾਣ ਦੀ ਖਬਰ ਨਾ ਆ ਜਾਵੇ। ਇਸੇ ਤਰ੍ਹਾਂ ਤੁਰ ਗਿਆ ਹੈ ਪੰਜਾਬੀ ਸਾਹਿਤ ਦਾ ਸ਼ਾਹ ਅਸਵਾਰ ਸੰਤੋਖ ਸਿੰਘ ਧੀਰ ਵੀ!
 

****

ਮੇਜਰ ਮਾਂਗਟ
57 Morton Way
Brampton ON.
Canada L6Y 2R6
Ph. 905-796-9797
Cell. 416-727-2071

 (12 ਫਰਵਰੀ 2010)

 ਮੇਜਰ ਮਾਂਗਟ ਦੀਆਂ ਲਿਖਾਰੀ ਵੱਚ ਛਪੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

e-mail:
ਲਿਖਾਰੀ

Likhari

Copyright Likhari: Panjabi Likhari Forum-2001-2010