ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@googlemail.com Download Punjabi Fonts English Shahmukhi Devnagri

ਮੱਖ ਪੰਨਾ

ਲੇਖ/ਚੇਤੇ ਦੀ ਚੰਗੇਰ/ਸ਼ੋਕ ਸਮਾਚਾਰ/ਸ਼ਰਧਾਂਜਲੀ

ਲਿਖਾਰੀ

ਹਰਮਹਿੰਦਰ ਚਾਹਲ

ਅਗਲੇ ਸਾਲ ਪਹਿਲਾਂ ਤਾਂ ਆਪਾਂ....!
ਰਾਮ ਸਰੂਪ ਅਣਖੀ ਨਾਲ ਮੇਰੀ ਆਖ਼ਰੀ ਮੁਲਾਕਾਤ
-ਹਰਮਹਿੰਦਰ ਹਿਲ-

 


ਰਾਮ ਸਰੂਪ ਅਣਖੀ ਹੁਰਾਂ ਨੂੰ ਮੈਂ ਪਿਛਲੇ ਤਕਰੀਬਨ ਤੀਹ ਬੱਤੀ ਸਾਲਾਂ ਤੋਂ ਪੜ੍ਹ ਰਿਹਾ ਹਾਂ, ਪਰ ਕਦੇ ਮੁਲਾਕਾਤ ਨਹੀਂ ਹੋਈ ਸੀ। ਮੇਰਾ ਪਹਿਲਾ ਕਹਾਣੀ-ਸੰਗ੍ਰਹਿ 'ਅੰਨ੍ਹੀ ਗਲੀ ਦੇ ਬਾਸ਼ਿੰਦੇ' ਛਪਿਆ ਤਾਂ ਮੈਂ ਪਿੰਡ ਫੋਨ ਕਰਕੇ ਉਸਦੀ ਇਕ ਕਾਪੀ ਅਣਖੀ ਹੋਰਾਂ ਨੂੰ ਭਿਜਵਾ ਦਿੱਤੀ। ਕਿਤਾਬ ਪੜ੍ਹ ਕੇ ਉਹਨਾਂ ਨੇ ਮੈਨੂੰ ਅਮਰੀਕਾ ਵਿਚ ਚਿੱਠੀ ਲਿਖੀ। ਕਹਾਣੀ-ਸੰਗ੍ਰਹਿ ਸਰਾਹੁਣ ਉਪਰੰਤ ਉਹਨਾਂ ਮੈਨੂੰ ਨਿਰਸੰਕੋਚ ਅਗਾਂਹ ਵਧਣ ਦੀ ਹੱਲਾਸ਼ੇਰੀ ਦਿੱਤੀ। ਫਿਰ ਪਹਿਲੀ ਵਾਰ ਮੇਰਾ ਨਾਵਲ 'ਬਲੀ' ਛਪਿਆ ਤਾਂ ਮੈਂ ਬਰਨਾਲੇ ਉਹਨਾਂ ਦੇ ਘਰ ਜਾ ਕੇ ਆਪ ਭੇਂਟ ਕਰਕੇ ਆਇਆ। ਉਸਦੇ ਥੋੜ੍ਹੀ ਦੇਰ ਬਾਦ ਫ਼ਰਵਰੀ 2009 ਵਿਚ ਮੈਨੂੰ 'ਐਨ ਆਰ ਆਈ ਸਰੋਕਾਰ' ਮੈਗਜ਼ੀਨ ਦੀ ਕਾਪੀ ਮਿਲੀ। ਮੈਗਜ਼ੀਨ ਖੋਲ੍ਹਿਆ ਤਾਂ ਵੇਖਿਆ ਕਿ ਅਣਖੀ ਸਾਹਿਬ ਨੇ ਮੇਰੇ ਬਾਰੇ ਇਕ ਲੇਖ ਲਿਖਿਆ ਹੋਇਆ ਸੀ। ਪੜ੍ਹ ਕੇ ਮੈਨੂੰ ਬਹੁਤ ਹੀ ਜ਼ਿਆਦਾ ਖ਼ੁਸ਼ੀ ਹੋਈ, ਕਿਉਂਕਿ ਏਨੇ ਵੱਡੇ ਉੱਚੇ ਕੱਦ ਵਾਲੇ ਲੇਖਕ ਦਾ ਮੇਰੇ ਵਰਗੇ ਨਵੇਂ ਲੇਖਕ ਬਾਰੇ ਲਿਖਣਾ ਕੋਈ ਮਾੜੀ-ਮੋਟੀ ਗੱਲ ਨਹੀਂ ਸੀ। ਉਹਨਾਂ ਦੇ ਆਪਣੇ ਸ਼ਬਦਾਂ ਵਿਚ:

'ਪਿੱਛੇ ਜਿਹੇ ਬੁਢਲਾਡਾ ਦੇ ਕੋਲ ਪਿੰਡ ਆਲਮਪੁਰ ਮੰਦਰਾਂ ਤੋਂ ਇਕ ਕਹਾਣੀ-ਸੰਗ੍ਰਹਿ 'ਅੰਨ੍ਹੀ ਗਲੀ ਦੇ ਬਾਸ਼ਿੰਦੇ' ਮੈਨੂੰ ਡਾਕ ਰਾਹੀਂ ਮਿਲਿਆ। ਇਹ ਕਹਾਣੀ-ਸੰਗ੍ਰਹਿ ਅਮਰੀਕਾ ਰਹਿੰਦੇ ਹਰਮਹਿੰਦਰ ਚਹਿਲ ਦਾ ਸੀ ਅਤੇ ਪਿੰਡੋਂ ਉਸਦੇ ਭਰਾ ਨੇ ਮੈਨੂੰ ਭੇਜਿਆ ਸੀ। ਸੰਗ੍ਰਹਿ ਖੋਲ੍ਹ ਕੇ ਦੇਖਿਆ ਤਾਂ ਇਹ ਹਰਮਹਿੰਦਰ ਚਹਿਲ ਉਸੇ ਪਿੰਡ ਆਲਮਪੁਰ ਮੰਦਰਾਂ ਦਾ ਸੀ, ਜਿਸਦੇ ਚਾਰ ਮੀਲ ਦੇ ਫ਼ਾਸਲੇ 'ਤੇ ਮੱਲ ਸਿੰਘ ਵਾਲਾ ਪਿੰਡ ਹੈ। ਮੈਂ ਹਰਮਹਿੰਦਰ ਚਹਿਲ ਦਾ ਨਾਂ ਪਹਿਲਾਂ ਕਦੇ ਨਹੀਂ ਸੁਣਿਆ ਸੀ ਅਤੇ ਨਾ ਹੀ ਕਿਧਰੇ ਉਸਦੀ ਕੋਈ ਕਹਾਣੀ ਪੜ੍ਹੀ ਸੀ। ਇਸ ਗੱਲ ਦੀ ਖ਼ੁਸ਼ੀ ਬੇਅੰਤ ਹੋਈ ਕਿ ਇਹ ਲੇਖਕ ਕੋਈ ਆਲਮਪੁਰ ਮੰਦਰਾਂ ਦਾ ਜੰਮਪਲ ਹੈ ਅਤੇ ਇਸ ਪਿੰਡ ਤੋਂ ਮੱਲ ਸਿੰਘ ਵਾਲਾ ਨੇੜੇ ਹੀ ਹੈ। ਮੈਨੂੰ ਲੱਗਿਆ ਕਿ ਇਹ ਕੋਈ ਹਰਮਹਿੰਦਰ ਚਹਿਲ ਮੰਦਰਾਂ ਦਾ ਨਹੀਂ, ਮੱਲ ਸਿੰਘ ਵਾਲੇ ਦਾ ਹੀ ਹੋਵੇ। ਇਹ ਮੰਦਰਾਂ ਦਾ ਹਰਮਹਿੰਦਰ ਮੈਨੂੰ ਬਹੁਤ ਪਿਆਰਾ ਲੱਗਿਆ। ਜਿਵੇਂ ਮੇਰਾ ਇਹ ਕੋਈ ਸਕੇ ਮਾਮੇ ਦਾ ਪੁੱਤ ਹੋਵੇ। 'ਅੰਨ੍ਹੀ ਗਲੀ ਦੇ ਬਾਸ਼ਿੰਦੇ' ਸੰਗ੍ਰਹਿ ਦੀਆਂ ਮੈਂ ਸਾਰੀਆਂ ਕਹਾਣੀਆਂ ਮੈਂ ਪਾਣੀ ਵਾਂਗ ਪੀ ਗਿਆ। ਇਹਨਾਂ ਕਹਾਣੀਆਂ ਵਿਚ ਉਹਨਾਂ ਪਿੰਡਾਂ ਦੀ ਮਹਿਕ ਸੀ।'

ਉਹ ਅੱਗੇ ਲਿਖਦੇ ਹਨ:

'ਹਰਮਹਿੰਦਰ ਚਹਿਲ ਦਾ ਪਹਿਲਾ ਨਾਵਲ 'ਬਲੀ' ਜੋ ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਿਤ ਕੀਤਾ ਹੈ, ਦੀ ਵਿਚਾਰ ਗੋਸ਼ਟੀ ਪਿਛਲੇ ਦਿਨਾਂ ਵਿਚ ਬਰਨਾਲਾ ਵਿਖੇ ਆਯੋਜਿਤ ਕੀਤੀ ਗਈ। ਇਸ ਗੋਸ਼ਟੀ ਵਿਚ ਨਾਵਲ ਬਾਰੇ ਪੂਰਾ ਸੰਵਾਦ ਰਚਾਇਆ ਗਿਆ। ਖੋਜ-ਪੱਤਰ ਡਾ. ਭੁਪਿੰਦਰ ਸਿੰਘ ਬੇਦੀ ਨੇ ਪੜ੍ਹਿਆ ਸੀ। ਸਿਹਤ ਢਿੱਲੀ-ਮੱਠੀ ਹੋਣ ਕਰਕੇ ਮੈਂ ਗੋਸ਼ਟੀ ਵਿਚ ਤਾਂ ਨਾ ਜਾ ਸਕਿਆ, ਪਰ ਹਰਮਹਿੰਦਰ ਚਹਿਲ ਮੇਰੇ ਘਰ ਆਇਆ ਸੀ। ਉਸ ਨੂੰ ਦੇਖ ਕੇ ਅਤੇ ਗੱਲਾਂ ਕਰਕੇ ਚੰਗਾ ਚੰਗਾ ਲੱਗਿਆ। 'ਬਲੀ' ਨਾਵਲ ਚਹਿਲ ਨੇ ਗ਼ੈਰ-ਭਾਵੁਕ ਹੋ ਕੇ ਉਹ ਨਾਵਲ ਲਿਖਿਆ ਹੈ, ਜੋ ਸੱਚਾਈ ਦੁਆਲੇ ਇਕ ਵੀ ਪਰਦਾ ਤਣਿਆ ਨਹੀਂ ਰਹਿਣ ਦਿੰਦਾ।'

ਇਹ ਮੇਰੀ ਅਣਖੀ ਸਾਹਿਬ ਨਾਲ ਪਹਿਲੀ ਮੁਲਾਕਾਤ ਸੀ। ਆਪਣੇ ਸੁਭਾਅ ਮੁਤਾਬਕ ਮੈਨੂੰ ਵੱਡੇ ਲੇਖਕਾਂ ਨਾਲ ਮਿਲਦਿਆਂ-ਗਿਲਦਿਆਂ ਅਤੇ ਗੱਲਾਂ ਕਰਦਿਆਂ ਥੋੜ੍ਹਾ ਸੰਕੋਚ ਹੁੰਦਾ ਹੈ, ਪਰ ਅਣਖੀ ਸਾਹਿਬ ਨਾਲ ਗੱਲਾਂ ਕਰਦਿਆਂ ਤਾਂ ਮੈਨੂੰ ਇਹਸਾਸ ਹੀ ਨਾ ਹੋਇਆ ਕਿ ਮੈਂ ਇੰਨੇ ਵੱਡੇ ਲੇਖਕ ਕੋਲ ਬੈਠਾ ਹਾਂ। ਉਹਨਾਂ ਨੇ ਬਹਿੰਦਿਆਂ ਹੀ ਆਪਣੇ ਨਾਨਕੇ ਪਿੰਡ ਮੱਲ ਸਿੰਘ ਵਾਲਾ ਦੀਆਂ ਗੱਲਾਂ ਛੇੜ ਲਈਆਂ। ਮੈਂ ਮਹਿਸੂਸ ਕੀਤਾ ਕਿ ਉਹਨਾਂ ਨੂੰ ਆਪਣੇ ਨਾਨਕੇ ਪਿੰਡ ਨਾਲ ਡਾਢਾ ਹੀ ਮੋਹ ਸੀ। ਉਹ ਛੋਟੇ ਹੁੰਦਿਆਂ ਆਮ ਹੀ ਆਪਣੇ ਨਾਨਕੇ ਪਿੰਡ ਆਉਂਦੇ-ਜਾਂਦੇ ਸਨ ਅਤੇ ਹਫਤਿਆਂ ਬੱਧੀ ਉਥੇ ਰਹਿੰਦੇ ਸਨ। ਜਦੋਂ ਉਹ ਨਾਨਕੇ ਪਿੰਡ ਦੀਆਂ ਗੱਲਾਂ ਕਰ ਰਹੇ ਸਨ ਤਾਂ ਮੈਂ ਮਹਿਸੂਸ ਕੀਤਾ ਕਿ ਉਹ ਆਪਣੇ ਬਚਪਨ ਵਿਚ ਵਿਚਰ ਰਹੇ ਸਨ। ਉਹ ਆਪਣੀਆਂ ਯਾਦਾਂ 'ਚ ਵਿਚਰਦੇ ਕਦੇ ਮੈਨੂੰ ਪੁਛਦੇ ਕਿ ਜਿਹੜਾ ਰਾਹ ਮੱਲ ਸਿੰਘ ਵਾਲਾ ਤੋਂ ਫਲਾਣੇ ਪਿੰਡ ਨੂੰ ਜਾਂਦਾ ਸੀ, ਉਹ ਪੱਕਾ ਹੋ ਗਿਆ ਕਿ ਨਹੀਂ। ਕਦੇ ਮੈਨੂੰ ਪੁਛਦੇ ਕਿ ਬੋਹਾ ਨੂੰ ਜੋ ਕੱਚਾ ਰਾਹ ਜਾਂਦਾ ਸੀ, ਉਸ ਵਿਚਕਾਰ ਇਕ ਵੱਡਾ ਟਿੱਬਾ ਹੁੰਦਾ ਸੀ, ਉਸਦਾ ਕੀ ਬਣਿਆ। ਵਿਚ ਵਿਚ ਦੀ ਉਹ ਨਾਨਕੇ ਪਿੰਡ ਗੁਜ਼ਾਰੇ ਬਚਪਨ ਦੇ ਦਿਨਾਂ ਦੀ ਕੋਈ ਗੱਲ ਸੁਣਾਉਣ ਲੱਗ ਪੈਂਦੇ। ਇਸ ਪਹਿਲੀ ਮੁਲਾਕਾਤ ਵਿਚ ਹੀ ਅਸੀਂ ਇਕ ਦੂਜੇ ਦੇ ਏਨੇ ਨੇੜੇ ਹੋ ਗਏ ਕਿ ਮੈਨੂੰ ਵੀ ਲੱਗਣ ਲੱਗਿਆ ਕਿ ਇਹ ਰਾਮ ਸਰੂਪ ਅਣਖੀ ਮੱਲ ਸਿੰਘ ਵਾਲਾ ਦਾ ਨਹੀਂ ਸਗੋਂ ਮੇਰੇ ਪਿੰਡ ਆਲਮਪੁਰ ਮੰਦਰਾਂ ਦਾ ਭਾਣਜਾ ਹੈ ਅਤੇ ਮੇਰੀ ਹੀ ਭੂਆ ਦਾ ਪੁੱਤ ਭਰਾ ਹੈ।

ਉਸ ਤੋਂ ਬਾਦ ਸਾਡੀ ਫੋਨ ਉਪਰ ਆਮ ਹੀ ਗੱਲਬਾਤ ਹੁੰਦੀ ਰਹਿੰਦੀ ਸੀ। ਕਦੇ ਮੈਂ ਕਾਲ ਕਰ ਲੈਂਦਾ ਤੇ ਕਦੇ ਉਹ। ਪਰ ਸਾਡੀਆਂ ਮੁਲਾਕਾਤਾਂ ਸਿਰਫ਼ ਚਾਰ ਹੀ ਹੋਈਆਂ। ਇਹਨਾਂ ਮੁਲਾਕਾਤਾਂ ਵਿਚ ਮੈਂ ਉਹਨਾਂ ਤੋਂ ਸਾਹਿਤ ਰਚਨਾ ਬਾਰੇ ਬਹੁਤ ਸੁਆਲ ਪੁੱਛਦਾ ਸੀ। ਜਿਵੇਂ ਇਕ ਵਿਦਿਆਰਥੀ ਆਪਣੇ ਅਧਿਆਪਕ ਤੋਂ ਪੁਛਦਾ ਹੈ। ਪਰ ਸਾਡੀਆਂ ਗੱਲਾਂ ਵਿਚ ਅਛੋਪਲੇ ਜਿਹੇ ਮੱਲ ਸਿੰਘ ਵਾਲਾ ਪਤਾ ਨਹੀਂ ਕਦੋਂ ਆ ਵੜਦਾ ਸੀ। ਨਾਲ ਦੀ ਨਾਲ ਹੀ ਉਹਨਾਂ ਦਾ ਚਿਹਰਾ ਖਿੜ ਜਾਂਦਾ ਸੀ।

ਮੈਂ ਅਕਤੂਬਰ ਪੰਦਰਾਂ 2009 ਤੋਂ ਅਗਲੇ ਦੋ ਕੁ ਮਹੀਨੇ ਇੰਡੀਆ ਰਿਹਾ। ਅਣਖੀ ਸਾਹਿਬ ਦੀ ਪੁਰਜ਼ੋਰ ਕੋਸ਼ਿਸ਼ ਸੀ ਕਿ ਮੇਰੇ ਨਾਵਲ 'ਬਲੀ' ਉਪਰ ਮਾਨਸਾ ਵਿਖੇ ਗੋਸ਼ਟੀ ਕਰਵਾਈ ਜਾਵੇ। ਉਹਨਾਂ ਇਸ ਲਈ ਆਪਣੇ ਅਜ਼ੀਜ਼ ਦਰਸ਼ਣ ਜੋਗਾ ਦੀ ਡਿਊਟੀ ਲਾ ਦਿੱਤੀ। ਨਾਲ ਹੀ ਉਹਨਾਂ ਮੈਨੂੰ ਦੱਸਿਆ ਕਿ ਗੋਸ਼ਟੀ ਸਵੇਰ ਵੇਲੇ ਰੱਖਾਂਗੇ। ਫਿਰ ਦੋ ਤਿੰਨ ਵਜਦੇ ਨੂੰ ਵਿਹਲੇ ਹੋ ਕੇ ਆਪਾਂ ਆਪਦੇ ਪ੍ਰੋਗਰਾਮ ਬਣਾਵਾਂਗੇ। ਮੈਂ ਸਮਝ ਗਿਆ ਕਿ ਗੋਸ਼ਟੀ ਤੋਂ ਬਾਦ ਇਹ ਮੈਨੂੰ ਨਾਲ ਲੈ ਕੇ ਨਾਨਕੇ ਪਿੰਡ ਦੀਆਂ ਗਲੀਆਂ 'ਚ ਘੁੰਮਣਾ ਚਾਹੁੰਦੇ ਨੇ। ਮੈਨੂੰ ਵੀ ਇਹ ਖ਼ਿਆਲ ਬਹੁਤ ਚੰਗਾ ਲਗਿਆ। ਪਰ ਕੰਮਾਂ ਦੇ ਰੁਝੇਵਿਆਂ ਨੇ ਐਸਾ ਬਖੇੜਾ ਪਾਇਆ ਕਿ ਮਾਨਸਾ ਦੀ ਗੋਸ਼ਟੀ ਵਿਚੇ ਹੀ ਰਹਿ ਗਈ। ਫਿਰ ਉਹਨਾਂ ਦੀ ਕਾਲ ਆਈ ਕਿ ਗੋਸ਼ਟੀ ਕਦੇ ਫਿਰ ਕਰਾਂਗੇ, ਪਰ ਤੂੰ ਅਮਰੀਕਾ ਵਾਪਸ ਮੁੜਨ ਤੋਂ ਪਹਿਲਾਂ ਮੈਨੂੰ ਮਿਲ ਕੇ ਜਾਈਂ।

ਨਵੰਬਰ ਦੇ ਅਖ਼ੀਰਲੇ ਹਫ਼ਤੇ ਕਿਸੇ ਦਿਨ ਮੈਂ ਉਹਨਾਂ ਨੂੰ ਕਾਲ ਕਰ ਦਿੱਤੀ ਕਿ ਮੈਂ ਆ ਰਿਹਾ ਹਾਂ। ਸ਼ਾਮ ਦੇ ਤਿੰਨ ਕੁ ਵਜੇ ਮੈਂ ਘਰ ਅੱਗੇ ਪਹੁੰਚਿਆਂ ਤਾਂ ਗੇਟ ਭਿੜਿਆ ਹੋਇਆ ਸੀ, ਪਰ ਉਹ ਅੱਧ ਭਿੜੇ ਗੇਟ ਵਿਚੋਂ, ਵਿਹੜੇ 'ਚ ਪਰਾਂਹ ਨੂੰ ਮੂੰਹ ਕਰੀ ਖੜ੍ਹੇ ਮੈਨੂੰ ਦਿਸ ਰਹੇ ਸਨ। ਮੈਂ ਡੋਰ ਬੈੱਲ ਵਜਾਉਣ ਦੀ ਬਜਾਏ, ਗੇਟ ਨੂੰ ਜ਼ਰਾ ਕੁ ਖੜਕਾਇਆ ਤੇ ਬਿਨਾਂ ਕੋਈ ਉੱਤਰ ਉਡੀਕੇ ਸਿੱਧਾ ਅੰਦਰ ਹੀ ਲੰਘ ਗਿਆ। ਉਹਨਾਂ ਦਾ ਮੈਨੂੰ ਵੇਖਦਿਆਂ ਹੀ ਚਿਹਰਾ ਖਿੜ ਗਿਆ,'ਉਇ ਆ ਉਇ ਮਾਮੇ ਦਿਆ ਪੁੱਤਾ, ਮੈਨੂੰ ਪਤਾ ਸੀ ਤੂੰ ਹੀ ਹੋਵੇਂਗਾ।' ਇੰਨਾਂ ਕਹਿੰਦਿਆਂ ਉਹਨਾਂ ਮੈਨੂੰ ਜੱਫ਼ੀ ਪਾ ਲਈ। ਫਿਰ ਚਾਹ ਪਾਣੀ ਪੀਂਦਿਆਂ ਉਹਨਾਂ ਥੋੜ੍ਹਾ ਸੰਸੇ ਜਿਹੇ 'ਚ ਕਿਹਾ, 'ਹਰਮਹਿੰਦਰ ਯਾਰ ਮੈਂ ਇਹ ਗੋਸ਼ਟੀ ਕਰਵਾਉਣੀ ਚਾਹੁੰਦਾ ਸੀ, ਸਹੁਰੀ ਦਾ ਟਾਈਮ ਈ ਨਹੀਂ ਲੋਟ ਆਇਆ।'

ਮੈਂ ਕਿਹਾ,'ਜੀ ਕੋਈ ਗੱਲ ਨਹੀਂ, ਉਹ ਗੱਲ ਛੱਡੋ। ਅੱਜ ਆਪਾਂ ਇਥੇ ਹੀ ਗੋਸ਼ਟੀ ਕਰ ਲੈਨੇ ਆਂ।'

'ਉਹ ਹਾਂ ਇਹ ਵੀ ਠੀਕ ਐ।' ਆਦਤਨ ਉਹ ਥੋੜ੍ਹਾ ਜਿਹਾ ਹੱਸੇ।

ਫਿਰ ਗੱਲਾਂ ਕਰਦਿਆਂ ਮੈਂ ਉਹਨਾਂ ਨੂੰ ਉਸ ਰਾਹ ਪਾ ਲਿਆ, ਜਿੱਧਰ ਮੈਂ ਪਾਉਣਾ ਚਾਹੁੰਦਾ ਸੀ। ਮਤਲਬ ਕਿ ਉਹਨਾਂ ਦਾ ਸਾਹਿਤਕ ਸਫ਼ਰ। ਮੈਂ ਉਹਨਾਂ ਤੋਂ ਪੁੱਛਣ ਲੱਗਾ ਕਿ ਤੁਸੀਂ ਲੇਖਕ ਕਿਵੇਂ ਬਣੇ, ਕਦੋਂ ਕਿਹੜੀ ਕਹਾਣੀ ਲਿਖੀ, ਕਦੋਂ ਕਿਹੜਾ ਨਾਵਲ ਲਿਖਿਆ। ਕਿਸ ਨਾਵਲ ਦਾ ਪਲਾ ਕਿਥੋਂ ਪਿੱਕਅਪ ਕੀਤਾ, ਵਗੈਰਾ ਵਗੈਰਾ।

ਉਹਨਾਂ ਨੇ ਜ਼ਿੰਦਗੀ ਦੀਆਂ ਬਹੁਤ ਗੱਲਾਂ ਸਾਂਝੀਆਂ ਕੀਤੀਆਂ। ਬਹੁਤੀਆਂ ਅਜਿਹੀਆਂ ਵੀ ਜਿਹੜੀਆਂ 'ਮਲ੍ਹੇ-ਝਾੜੀਆਂ' ਵਿਚ ਨਹੀਂ। ਮੈਂ ਉਹਨਾਂ ਤੋਂ ਸਾਹਿਤਕ ਪ੍ਰਕਿਰਿਆ ਬਾਰੇ ਬਹੁਤ ਕੁਝ ਪੁਛਿਆ। ਇਸ ਬਾਰੇ ਲੰਬੇ-ਚੌੜੇ ਝਮੇਲੇ ਵਿਚ ਨਾਂ ਪੈਂਦਿਆਂ ਹੋਇਆਂ ਉਹਨਾਂ ਇਤਨਾ ਹੀ ਕਿਹਾ ਕਿ ਹਰਮਹਿੰਦਰ ਮੈਂ ਤੇਰਾ ਨਾਵਲ ਬਹੁਤ ਬਰੀਕੀ ਨਾਲ ਪੜ੍ਹਿਆ ਹੈ। ਮੈਂ ਇਸੇ ਨਤੀਜੇ 'ਤੇ ਪਹੁੰਚਿਆਂ ਕਿ ਤੇਰੇ ਵਿਚ ਨਾਵਲ ਲਿਖਣ ਦੀ ਕਲਾ ਹੈ। ਬਸ ਅੱਖਾਂ ਮੀਚ ਕੇ ਦੱਬੀ ਤੁਰਿਆ ਆ। ਕੋਈ ਕੁਛ ਕਹੀ ਜਾਵੇ, ਕਿਸੇ ਸਾਲੇ ਲੰਡੇ ਲਾਟ ਦੀ ਪਰਵਾਹ ਨਾ ਮੰਨੀ। ਇਕ ਲਿਖਤ ਬਾਰੇ ਕਦੇ ਕੋਈ ਸਮਝੌਤਾ ਨਾ ਕਰੀਂ।

ਫਿਰ ਮੈਂ ਆਪਣੇ ਆਖ਼ਰੀ ਸੁਆਲ 'ਤੇ ਆ ਗਿਆ। ਕਿਉਂਕਿ ਉਦੋਂ 'ਹੁਣ' ਰਸਾਲੇ ਵਿਚ ਉਹਨਾਂ ਦਾ ਤਾਜ਼ੀ ਤਾਜ਼ੀ ਇੰਟਰਵਿਊ ਛਪੀ ਸੀ।

'ਅਣਖੀ ਸਾਹਿਬ ਤੁਸੀਂ 'ਕੋਠੇ ਖੜਕ ਸਿੰਘ' ਦਾ ਪਲਾਟ ਕਿੱਥੋਂ ਲਿਆ ਤੇ ਇਸ ਦਾ ਤਾਣਾ-ਬਾਣਾ ਕਿਵੇਂ ਬੁਣਿਆ?'

ਅਣਖੀ ਸਾਹਿਬ ਹੱਸ ਕੇ ਚੁੱਪ ਕਰ ਗਏ। ਮੈਂ ਫਿਰ ਬੋਲਿਆ, 'ਤੁਸੀਂ ਆਪਦੀ ਇੰਟਰਵਿਊ ਵਿਚ ਲਿਖਿਆ ਕਿ ਤੁਸੀਂ ਇਧਰ ਭਾਈ ਰੂਪੇ ਵੱਲ ਬਹੁਤ ਚਿਰ ਸਾਈਕਲ 'ਤੇ ਘੁੰਮਦੇ ਰਹੇ, ਇਹ ਵੇਖਣ ਲਈ ਕਿ ਕੋਠੇ ਖੜਕ ਸਿੰਘ ਕਿੱਥੇ ਕੁ ਵਸਾਇਆ ਜਾਵੇ।'

ਜਿਉਂ ਹੀ ਮੈਂ ਚੁੱਪ ਹੋਇਆ ਤਾਂ ਮੈਂ ਵੇਖਿਆ, ਕਿ ਉਹ ਬੋਲਣ ਲਈ ਤਿਆਰ ਹੋ ਗਏ ਸਨ।

'ਹਰਮਹਿੰਦਰ ਤੂੰ ਵੀ ਨਾਵਲ ਲਿਖਦੈਂ। ਇਹ ਜਿਹੜੇ ਨਾਵਲ ਦੇ ਪਲਾਟਾਂ ਲਈ ਜਗ੍ਹਾ ਭਾਲਣੀ ਹੁੰਦੀ ਐ ਉਹ ਤਾਂ ਨਾਵਲਕਾਰ ਦੇ ਮਨ ਅੰਦਰ ਪਹਿਲਾਂ ਹੀ ਆਪਦਾ ਰੂਪ ਧਾਰੀ ਬੈਠੀ ਹੁੰਦੀ ਐ। ਇਵੇਂ ਹੀ ਪਾਤਰ ਵੀ ਆਪਣੀਆਂ ਸ਼ਕਲਾਂ ਅਤੇ ਪਰਸਨੈਲਟੀਆਂ ਸਮੇਤ ਲੇਖਕ ਦੇ ਮਨ ਵਿਚ ਹੁੰਦੇ ਨੇ। ਉਸਨੇ ਇਹ ਥੋੜ੍ਹਾ ਵੇਖਣਾ ਹੁੰਦੈ ਕਿ ਮੇਰਾ ਫ਼ਲਾਣਾ ਪਾਤਰ ਉਸ ਵਰਗਾ ਜਾਂ ਇਸ ਵਰਗਾ ਦਿਸੇ।'

'ਫਿਰ ਤੁਹਾਡੀ ਉਹ ਇੰਟਰਵਿਊ...?'

'ਤੂੰ ਇੰਟਰਵਿਊ ਨੂੰ ਵੀ ਪਾਸੇ ਰੱਖ, ਆਪਾਂ ਆਪਸ ਵਿਚ ਵਿਚ ਗੱਲਾਂ ਕਰ ਰਹੇ ਆਂ।' ਉਹਨਾਂ ਨੇ ਮੇਰੀ ਗੱਲ ਵਿਚਕਾਰੋਂ ਹੀ ਟੋਕ ਦਿੱਤੀ। ਫਿਰ ਉਹ ਕੁਝ ਪਲ ਚੁਪ ਰਹੇ ਤੇ ਕੰਧ ਉਪਰ ਲੱਗੀ ਆਪਣੇ ਪਿਤਾ ਦੀ ਫੋਟੋ ਵੱਲ ਵੇਖਦੇ ਰਹੇ। ਸ਼ਾਇਦ ਉਹਨਾਂ ਦੇ ਕੋਏ ਗਿੱਲੇ ਹੋ ਚੁੱਕੇ ਸਨ। ਫਿਰ ਉਹਨਾਂ ਲੰਬੀ ਚੁੱਪ ਤੋੜੀ,'ਇਹ ਮੇਰੇ ਬਾਪੂ ਐ। ਜਦੋਂ ਇਹ ਜੰਮਿਆ ਤਾਂ ਇਹ ਸੱਠ ਕਿੱਲੇ ਜ਼ਮੀਨ ਦਾ ਮਾਲਕ ਸੀ। ਉਦੋਂ ਏਨੀ ਜ਼ਮੀਨ ਕਿਸੇ ਖੱਬੀਖਾਨ ਜੱਟ ਕੋਲ ਨਹੀਂ ਸੀ ਹੁੰਦੀ। ਪੰਡਤਾਂ ਦੇ ਮੁੰਡੇ ਕੋਲ ਏਨੀ ਜ਼ਮੀਨ ਹੋਣਾ ਮਾਇਨਾ ਰੱਖਦੀ ਸੀ। ਪਰ ਅਫ਼ਸੋਸ ਇਹ ਕਿ ਜਦੋਂ ਮੈਂ ਵੱਡਾ ਹੋਇਆ ਤਾਂ ਇਹਨਾਂ ਸੱਠਾਂ ਵਿਚੋਂ ਸਾਡੇ ਕੋਲ ਸਿਰਫ਼ ਪੰਝੀ ਕਿੱਲੇ ਜ਼ਮੀਨ ਰਹਿ ਗਈ ਸੀ। ਮੇਰਾ ਪਿਉ ਇਕ ਸਾਧੂ ਸੁਭਾਅ ਤੇ ਦਰਵੇਸ਼ ਆਦਮੀ ਸੀ। ਖੇਤੋਂ ਘਰ ਅਤੇ ਘਰੋਂ ਖੇਤ। ਬਸ ਇਹੀ ਉਸਦੀ ਦੁਨੀਆਦਾਰੀ ਸੀ। ਪਿੰਡ 'ਚ ਇਕ ਖ਼ਾਸ ਕਿਸਮ ਦੇ ਲੋਕ ਹੁੰਦੇ ਐ, ਜਿਹਨਾਂ ਨੂੰ ਆਪਾਂ ਘੜੰਮ ਚੌਧਰੀ ਕਹਿ ਸਕਦੇ ਆਂ। ਅਜਿਹੇ ਲੋਕਾਂ 'ਚ ਕੋਈ ਸਰਪੰਚ ਵਜਦੈ, ਕੋਈ ਨੰਬਰਦਾਰ ਤੇ ਕੋਈ ਜ਼ੈਲਦਾਰ। ਪਰ ਮਾਨਸਿਕਤਾ ਉਹਨਾਂ ਦੀ ਸਭ ਦੀ ਇਕੋ ਜਿਹੀ ਹੁੰਦੀ ਐ। ਜਿਵੇਂ ਸਮੁੰਦਰ ਵਿਚ ਵੱਡੀਆਂ ਮੱਛੀਆਂ ਛੋਟੀਆਂ ਨੂੰ ਖਾ ਕੇ ਹੀ ਸਾਹ ਲੈਂਦੀਆਂ ਨੇ, ਇਵੇਂ ਹੀ ਇਹ ਘੜੰਮ ਚੌਧਰੀ ਆਪਣੇ ਆਲੇ-ਦੁਆਲੇ ਦੇ ਛੋਟੇ ਜ਼ਿੰਮੀਦਾਰਾਂ ਨੂੰ ਨਿਗਲ ਜਾਂਦੇ ਨੇ। ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਕੇ ਇਹ ਛੋਟੇ ਜਿੰਮੀਦਾਰਾਂ ਨੂੰ ਹੇਠਾਂ ਲਾ ਕੇ ਰੱਖਦੇ ਐ। ਫਿਰ ਕਦੇ ਉਹਨਾਂ ਦੀ ਜ਼ਮੀਨ ਗਹਿਣੇ ਲੈ ਲਈ ਤੇ ਕਦੇ ਬੈਅ। ਅਜਿਹੇ ਹੀ ਇਕ ਸਾਡੇ ਪਿੰਡ ਦੇ ਚੌਧਰੀ ਨੇ ਮੇਰੇ ਪਿਉ 'ਤੇ ਨਜ਼ਰ ਟਿਕਾ ਲਈ। ਪਹਿਲਾਂ ਉਸ ਚੌਧਰੀ ਨੇ ਮੇਰੇ ਸੰਤ ਸੁਭਾਅ ਪਿਉ ਨੂੰ ਆਪਣੇ ਪ੍ਰਭਾਵ ਹੇਠ ਲਿਆ। ਫਿਰ ਉਹ ਵੱਖਰੇ-ਵੱਖਰੇ ਢੰਗ ਤਰੀਕੇ ਸੋਚਣ ਲੱਗਿਆ ਕਿ ਇਸ ਆਦਮੀ ਨੂੰ ਨਿੱਕਾ ਨਿੱਕਾ ਕਰਕੇ ਕਿਵੇਂ ਨਿਗਲਾਂ। ਗੱਲ ਇਸ ਤਰ੍ਹਾਂ ਸ਼ੁਰੂ ਹੋਈ। ਮੇਰੀ ਇਕ ਭੂਆ ਦੇ ਵਿਆਹ ਵੇਲੇ ਉਸ ਚੌਧਰੀ ਨੇ ਲੋੜ ਨਾਲੋਂ ਦੁਗਣਾ ਖਰਚ ਕਰਵਾ ਕੇ ਹੀ ਸਾਹ ਲਿਆ। ਪੈਸੇ ਉਸਨੇ ਪੱਲਿਓਂ ਉਧਾਰ ਸਮਝ ਕੇ ਦਿੱਤੇ ਤੇ ਬਾਦ 'ਚ ਚਾਰ ਕਿਲਿਆਂ 'ਤੇ ਅੰਗੂਠਾ ਲੁਆ ਲਿਆ। ਅਗਲੇ ਕਿਸੇ ਹੋਰ ਵਿਆਹ ਵੇਲੇ ਇਵੇਂ ਹੀ ਮੇਰੇ ਬਾਪੂ ਤੋਂ ਹੱਦੋਂ ਵੱਧ ਖਰਚ ਕਰਵਾ ਕੇ ਪਿਛਲੇ ਚਾਰ ਕਿੱਲੇ ਬੈਅ ਲਿਖਾ ਲਏ ਅਤੇ ਅਗਲੇ ਪੰਜ ਚਾਰ ਹੋਰ ਗਹਿਣੇ ਲਿਖਵਾ ਲਏ। ਫਿਰ ਤਾਂ ਇਹ ਸਿਲਸਿਲਾ ਚੱਲ ਪਿਆ। ਕਿਸੇ ਦਾ ਵਿਆਹ ਹੋਣਾ, ਕਿਸੇ ਬਜ਼ੁਰਗ ਦਾ ਮਰਨਾ ਹੋਣਾ, ਕਿਸੇ ਕੁੜੀ ਦੀ ਸ਼ੂਸ਼ਕ ਭੇਜਣੀ ਹੁੰਦੀ, ਕਿਸੇ ਰਿਸ਼ਤੇਦਾਰੀ 'ਚ ਵਿਆਹ-ਸਾਹੇ 'ਤੇ ਜਾਣਾ ਹੁੰਦਾ, ਉਹ ਚੌਧਰੀ ਪਹਿਲਾਂ ਮੂਹਰੇ ਲੱਗ ਕੇ ਖੁੱਲ੍ਹਾ ਖਰਚ ਕਰਵਾਉਂਦਾ ਤੇ ਬਾਦ 'ਚ ਪੰਜ ਚਾਰ ਕਿੱਲੇ ਬੈਅ ਲਿਖਵਾ ਲੈਂਦਾ। ਇਸ ਤਰ੍ਹਾਂ ਵਿੰਹਦਿਆਂ ਵਿੰਹਦਿਆਂ ਉਹ ਚੌਧਰੀ ਸਾਡੀ ਪੈਂਤੀ ਕਿੱਲੇ ਜ਼ਮੀਨ ਹੜੱਪ ਗਿਆ। ਸਾਨੂੰ ਜ਼ਮੀਨ ਜਾਇਦਾਦ ਵਾਲਿਆਂ ਨੂੰ ਉਸਨੇ ਖ਼ਤਮ ਕਰ ਦਿੱਤਾ ਤੇ ਆਪ ਪਿੰਡ ਦੀ ਸਿਰਕੱਢ ਹਸਤੀ ਬਣ ਬੈਠਾ।' ਲੰਬੀ ਗੱਲ ਮੁਕਾ ਕੇ ਅਣਖੀ ਸਾਹਿਬ ਨੇ ਹੌਕਾ ਭਰਿਆ।

'ਜਿਉਂ ਮੇਰੀ ਸੁਰਤ ਸੰਭਲੀ ਐ, ਮੇਰੇ ਤਾਂ ਦਿਲ 'ਚੋਂ ਇਹੀ ਝੋਰਾ ਨਹੀਂ ਜਾਂਦਾ ਕਿ ਕਿਵੇਂ ਕੋਈ ਸਾਡੀ ਮਾਸੂਮੀਅਤ ਦਾ ਫਾਇਦਾ ਉਠਾ ਕੇ ਸਾਡਾ ਸਭ ਕੁਝ ਨਿਗਲ ਗਿਆ। ਸੁਰਤ ਸੰਭਲਣ ਤੋਂ ਲੈ ਕੇ ਅੱਜ ਤੱਕ ਇਸ ਦੁੱਖ ਦਾ ਇਹਸਾਸ ਮੇਰਾ ਖਹਿੜਾ ਨਹੀਂ ਛੱਡਦਾ ਕਿ ਮੇਰੇ ਸਾਧੂ ਸੁਭਾਅ ਬਾਪੂ ਨੂੰ ਕਿਵੇਂ ਕੋਈ ਲੁੱਟ ਕੇ ਖਾ ਗਿਆ। ਜੇ ਅਸਲੀ ਪੁੱਛਦੈਂ ਤਾਂ 'ਕੋਠੇ ਖੜਕ ਸਿੰਘ' ਮੇਰਾ ਆਪਦਾ ਪਿੰਡ ਐ। ਜਗੀਰਦਾਰ ਤਰ੍ਹਾਂ ਦਾ ਕਿਰਦਾਰ ਉਹ ਇਨਸਾਨ ਐ ਜਿਸਨੇ ਸਾਡੀ ਸਾਰੀ ਜ਼ਮੀਨ ਹੜੱਪੀ ਅਤੇ ਕਹਾਣੀ ਵਿਚਲਾ ਬੇਵਸ ਪਰਿਵਾਰ ਮੇਰਾ ਆਪਣਾ ਪਰਿਵਾਰ ਐ।'
ਮਾਹੌਲ ਕਾਫ਼ੀ ਬੋਝਲ ਹੋ ਗਿਆ ਸੀ।

'ਹੁਣ ਤਾਂ ਤੂੰ ਆਪ ਹੀ ਸਮਝ ਗਿਆ ਹੋਵੇਂਗਾ ਕਿ ਇਹ ਨਾਵਲ ਤੇ ਕਹਾਣੀਆਂ ਕਿੱਥੋਂ ਆਉਂਦੀਆਂ ਨੇ।' ਉਹ ਥੋੜ੍ਹਾ ਜਿਹਾ ਹੱਸੇ।

'ਹਾਂ ਜੀ ਬਿਲਕੁਲ।'

'ਹਰਮਹਿੰਦਰ ਇਕ ਲੇਖਕ ਹੀ ਦੂਜੇ ਲੇਖਕ ਦੀ ਗੱਲ ਸਮਝ ਸਕਦੈ।' ਦੁਬਾਰਾ ਆਈ ਚਾਹ ਅਸੀਂ ਮੁਕਾ ਚੁੱਕੇ ਸੀ ਤੇ ਹੁਣ ਤੁਰਨ ਦੀ ਤਿਆਰੀ ਸੀ।
'ਲੇਖਕ ਲਈ ਜਿੰਨਾਂ ਲਿਖਣਾ ਜ਼ਰੂਰੀ ਐ, ਓਨਾ ਹੀ ਪੜ੍ਹਨਾ ਵੀ ਜ਼ਰੂਰੀ ਐ। ਆਪਦੇ ਮੁਲਕ ਦੇ ਅਤੇ ਹੋਰਨਾਂ ਮੁਲਕਾਂ ਦੇ ਵੱਡੇ ਲੇਖਕਾਂ ਨੂੰ ਪੜ੍ਹੋ, ਫਿਰ ਵੇਖੋ ਉਹ ਕਿਵੇਂ ਲਿਖਦੇ ਨੇ।' ਗੇਟ ਵੱਲ ਆਉਂਦਿਆਂ ਉਹ ਲਗਾਤਾਰ ਕੁਝ ਨਾ ਕੁਝ ਸਮਝਾਉਂਦੇ ਆ ਰਹੇ ਸਨ। ਅਖੀਰ ਤੇ ਅਸੀਂ ਹੱਥ ਮਿਲਾਏ, ਜੱਫੀਆਂ ਪਾਈਆਂ ਤੇ ਤੁਰਨ ਦੀ ਇਜਾਜ਼ਤ ਮੰਗੀ ਤਾਂ ਉਹਨਾਂ ਮੈਨੂੰ ਅਚਾਨਕ ਰੋਕ ਲਿਆ।

'ਹਰਮਹਿੰਦਰ ਹੁਣ ਤੂੰ ਕਦੋਂ ਆਉਣੈ?'

'ਜੀ ਅਗਲੇ ਸਾਲ ਦੀਵਾਲੀ ਦੇ ਇਰਦ-ਗਿਰਦ।'

'ਚੱਲ ਠੀਕ ਐ ਫਿਰ। ਅਗਲੇ ਸਾਲ ਪਹਿਲਾਂ ਤਾਂ ਆਪਾਂ ਤੇਰੇ ਨਾਵਲ 'ਬਲੀ' 'ਤੇ ਮਾਨਸਾ ਵਿਖੇ ਭਰਵੀਂ ਗੋਸ਼ਟੀ ਕਰਾਵਾਂਗੇ। ਫਿਰ ਸ਼ਾਮ ਜਿਹੇ ਮੇਰੇ ਨਾਨਕੇ ਪਿੰਡ ਮੱਲ ਸਿੰਘ ਵਾਲੇ ਚੱਲਾਂਗੇ। ਉਦੋਂ ਜਿਹੇ ਕੱਤੇ ਦੇ ਦਿਨਾਂ 'ਚ ਆਥਣ ਵੇਲੇ ਦੀ ਸੂਹੀ ਸੂਹੀ ਤੇ ਮਿੱਠੀ ਮਿੱਠੀ ਧੁੱਪ ਬੜੀ ਪਿਆਰੀ ਲੱਗਦੀ ਐ। ਆਥਣੇ ਆਪਾਂ ਮੱਲ ਸਿੰਘ ਵਾਲੇ ਦੀਆਂ ਬੀਹੀਆਂ 'ਚ ਘੁੰਮਾਂਗੇ। ਰਾਤ ਨੂੰ ਤੇਰੇ ਖੇਤ ਮੋਟਰ 'ਤੇ ਚੱਲ ਕੇ ਘਰ ਦੀ ਕੱਢੀ ਦਾਰੂ ਪੀਵਾਂਗੇ ਨਾਲੇ ਬੋਲੀਆਂ ਪਾਵਾਂਗੇ।'

ਮੈਂ ਕਿਹਾ,'ਜੀ ਪੱਕਾ ਵਾਅਦਾ ਰਿਹਾ।'

'ਜਮਾਂ ਇੱਟ ਵਰਗਾ ਪੱਕਾ' ਅਣਖੀ ਸਾਹਿਬ ਨੇ ਠੋਕਵਾਂ ਉੱਤਰ ਦਿੱਤਾ, ਪਰ ਉਦੋਂ ਕੀ ਪਤਾ ਸੀ ਕਿ ਕੁਦਰਤ ਨੇ ਅਣਖੀ ਸਾਹਿਬ ਨੂੰ ਇਹ ਵਾਅਦਾ ਪੁਗਾਉਣ ਦਾ ਵਕਤ ਹੀ ਨਹੀਂ ਦੇਣਾ।

25 ਫਰਵਰੀ 2010

ਹਰਮਹਿੰਦਰ ਚਹਿਲ ਦੀਆਂ ਲਿਖਾਰੀ ਵਿੱਚ ਛਪੀਆਂ ਸਾਰੀਆਂ ਲਿਖਤਾਂ ਪੜ੍ਹਂ ਲਈ ਕਲਿੱਕ ਕਰੋ

e-mail:
ਲਿਖਾਰੀ

Likhari

Copyright - Likhari: Panjabi Likhari Forum-2001-2010