ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ

A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@googlemail.com Download Punjabi Fonts English Shahmukhi Devnagri

ਨਵੀਆਂ
ਪੁੱਜੀਆਂ ਪੁਸਤਕਾਂ

 

 

ਡੀਜ਼ੀਟਲ ਪੁਸਤਕਾਂ

ਨ੍ਹੇਰਾ:
ਪ੍ਰੀਤਮ ਸਿੰਘ ਧੰਜਲ

ਕਪਨ:
ਪ੍ਰੀਤਮ
ਸਿੰਘ ਧੰਜਲ

 

 

 

 

 

Sri Guru Granth Sahib
www.srigranth.org

 

Kalpana.it

ਗੁਲਾਮ ਕਲਮ

 

 

 

ਈ-ਮੇਲ: ਲਿਖਾਰੀ

 

 ਅਜੋਕਾ ਵਾਧਾ: Monday August 09, 2010

-ਲੇਖ/ਮੁਲਾਕਾਤ/ਸਵੈ-ਕਥਨ


-sqnfm isMG Zf-

ਚਾਂਦੀ ਦਾ ਗੇਟ ਵਾਲੀ ਮਿੰਨੀ ਗਰੇਵਾਲ

ਮੁਲਾਕਾਤੀ: ਸਤਨਾਮ ਸਿੰਘ ਢਾ (ਕੈਲਗਰੀ,ਕੈਨੇਡਾ)


ਮਿੰਨੀ ਗਰੇਵਾਲ ਪਰਵਾਸੀ ਪੰਜਾਬੀ ਸਾਹਿਤ ਵਿੱਚ ਇੱਕ ਚਰਚਿਤ ਨਾਂਅ ਹੈ। ਮਿੰਨੀ ਨੇ ਭਾਵੇਂ ਕਵਿਤਾ ਵੀ ਲਿਖੀ ਹੈ ਪਰ ਪਾਠਕਾਂ ਵਿੱਚ ਇੱਕ ਕਹਾਣੀਕਾਰਾ ਦੇ ਤੌਰ ਤੇ ਹੀ ਜਾਣੀ ਗਈ ਹੈ। ਉਸ ਦੀਆਂ ਕਹਾਣੀਆਂ ਪਿੱਛਲੇ ਦਹਾਕਿਆਂ ਦੀ ਬਾਤ ਤੋਂ ਸ਼ਰੂ ਹੋ ਕੇ ਅੱਜ ਦੇ ਹਾਲਾਤਾਂ ਤਕ ਫੈਲੀਆਂ ਹੋਈਆਂ ਹਨ। ਉਹ ਆਪਣੀ ਜ਼ਿਦੰਗੀ ਦੇ, ਤੇ ਆਪਣੇ ਆਲੇ ਦੁਆਲੇ ਦੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਬਿਆਨ ਕਰਦੀ, ਉਸ ਦੀ ਕਹਾਣੀ ਪਾਠਕ ਨੂੰ ਕੀਲ ਕੇ ਬਿਠਾ ਲੈਣ ਦੀ ਤਾਕਤ ਰੱਖਦੀ ਹੈ। ਉਸ ਦੀ ਕਹਾਣੀ ਇਕ ਬੈਠਕ ਵਿੱਚ ਹੀ ਪੜ੍ਹੀ ਜਾ ਸਕਦੀ ਹੈ। ਮਿੰਨੀ ਦੀਆਂ ਬਹੁਤੀਆਂ ਕਹਾਣੀਆਂ ਵਿੱਚ ਇੱਕ ਸਾਂਝੀਂ ਤੰਦ ਨਜ਼ਰ ਆਉਂਦੀ ਹੈ ਉਹ ਹੈ ਭਲਮਾਣਸੀ ਦੀ। ਮਿੰਨੀ ਦੇ ਬਹੁਤ ਸਾਰੇ ਪਾਤਰ ਇਸ ਬੀਬੇਪਨ ਦਾ ਭਾਰ ਚੁੱਕਦੇ, ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਤਾਂ ਕਰਦੇ ਹਨ ਪਰ ਹਾਰਦੇ ਨਹੀਂ। ਮਿੰਨੀ ਦੀਆਂ ਕਹਾਣੀਆਂ ਪਿੰਡਾ, ਸ਼ਹਿਰਾਂ, ਮਹਾਨਗਰਾਂ ਅਤੇ ਪ੍ਰਦੇਸ ਦੀ ਜ਼ਿੰਦਗੀ ਦੇ ਅਨੁਭਵਾਂ ਤੇ ਤਜ਼ਰਬਿਆਂ ਦਾ ਸੁਮੇਲ ਹੈ। ਜੋ ਪਾਠਕ ਨੂੰ ਹੱਲੂਣਦਾ ਵੀ ਹੈ ਤੇ ਕੁੱਝ ਕਰਨ ਲਈ ਵੀ ਪ੍ਰੇਰਦਾ ਹੈ। ਮਿੰਨੀ ਦਾ ਕਹਾਣੀ ਵਿੱਚ ਪਾਤਰ ਚਿੱਤਰਨ ਏਨਾ ਯਥਾਰਥਕ ਹੈ ਕਿ ਜਿਵੇ ਇਹ ਸਾਰੇ ਦੇ ਸਾਰੇ ਦੁੱਖ ਆਪ ਹੰਢਾ ਰਹੀ ਹੈ। ਮਿੰਨੀ ਨੂੰ ਪਰਵਾਸੀ ਔਰਤ, ਖ਼ਾਸ ਕਰਕੇ ਪੰਜਾਬੀ ਔਰਤ ਦੇ ਵੱਖ ਵੱਖ ਰਿਸ਼ਤੇ ਜਿਵੇ ਮਾਂ, ਸੱਸ, ਧੀ, ਭੈਣ ਅਤੇ ਨੂੰਹ ਆਦਿ ਨਿਭਾਉਦਿਆਂ, ਜੋ ਮੁਸੀਬਤਾਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਦਾ ਵਰਨਣ ਕਰਨ ਦੀ ਆਪਣੀ ਇਕ ਨਿਵੇਕਲੀ ਹੀ ਕਲਾ ਹੈ। ਇਸੇ ਕਰਕੇ ਬਹੁਤ ਸਾਰੇ ਪਾਠਕਾਂ ਵਲ੍ਹੋ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਮਿੰਨੀ ਕਾਦਰ ਦੀ ਕੁਦਰਤ ਦੇ ਨਜ਼ਾਰੇ ਮਾਨਣ ਅਤੇ ਇਨ੍ਹਾਂ ਬਾਰੇ ਲਿਖਣ ਦਾ ਸ਼ੌਕ ਪਹਿਲਾਂ ਤੋਂ ਹੀ ਰੱਖਦੀ ਹੈ। ਬਹੁਤ ਸਾਰੇ ਦੇਸ਼ਾ ਦਾ ਭਰਮਣ ਵੀ ਕੀਤਾ। ਅਜੇ ਇਹ ਨਿਰੰਤਰ ਜ਼ਾਰੀ ਹੈ। ਇਸ ਅਨੁਭਵ ਨੂੰ ਪਾਠਕਾਂ ਨਾਲ ਸਾਂਝਾ ਕਰਨ ਲਈ ਇੱਕ ਸਫ਼ਰਨਾਮਾਂ ਵੀ ਲਿਖ ਰਹੀ ਹੈ ਜੋ ਆਉਣ ਵਾਲੇ ਦਿਨਾਂ ਵਿਚ ਪਾਠਕਾਂ ਲਈ ਹਾਜ਼ਰ ਹੋਵੇਗਾ। ਜਿਥੇ ਪਾਠਕ ਵੱਖ ਵੱਖ ਦੇਸ਼ਾਂ ਦੇ ਸੱਭਿਆਚਾਰ ਤੇ ਲੋਕਾਂ ਬਾਰੇ ਜਾਣਕਾਰੀ ਹਾਸਲ ਕਰਨਗੇ ਉੱਥੇ ਮਿੰਨੀ ਵੀ ਸਫ਼ਰਨਾਮੇਂ ਵਰਗੀ ਵਿਧੀ, ਜਿਸ ਦੀ ਪੰਜਾਬੀ ਸਾਹਿਤਕ ਜਗਤ ਵਿੱਚ ਮਹਿਸੂਸ ਕੀਤੀ ਜਾ ਰਹੀ ਘਾਟ ਨੂੰ ਪੂਰਾ ਕਰਦਿਆਂ ਇੱਕ ਮੁੱਲਵਾਨ ਵਾਧਾ ਵੀ ਕਰੇਗੀ। ਮਿੰਨੀ ਆਪਣੀਆਂ ਕਹਾਣੀਆਂ ਬਾਰੇ ਆਪ ਕਹਿੰਦੀ ਹੈ, “ਕੁਝ ਆਪ ਉਤੇ ਬੀਤੀਆਂ ਜੋ ਮੈਂ ਸਹਿ ਲਈਆ ਅਤੇ ਕੁਝ ਚੁਗਿਰਦੇ ਬੀਤੀਆਂ ਜੋ ਮੇਰੇ ਦਿਲ ਅਤੇ ਅੱਖਾਂ ਨੇ ਆਪਣੇ ਜਜ਼ਬਿਆ ਵਿੱਚ ਸਮੋ ਲਈਆਂ। ਤੇ ਇਹੋ ਤੁਹਾਡੀਆਂ ਮੇਰੀਆਂ ਬੀਤੀਆਂ ਖ਼ਿਆਲਾਂ ਦੇ ਬੀਜਾਂ ਵਿਚੋਂ ਜਦ ਪੁੰਗਰ ਪਈਆਂ ਤਾਂ ਇਹ ਕਹਾਣੀਆਂ ਬਣ ਗਈਆਂ”। ਮਿੰਨੀ ਦੇਖਣ ਨੂੰ ਬਹੁਤ ਚੁੱਪ ਤੇ ਘਟ ਬੋਲਣ ਵਾਲ਼ੀ ਲੇਖਿਕਾ ਲੱਗਦੀ ਹੈ ਪਰ ਉਹਦੀ ਚੁੱਪ ਵੀ ਕੋਈ ਨਾ ਕੋਈ ਕਹਾਣੀ ਸਿਰਜ ਰਹੀ ਲੱਗਦੀ ਹੈ। ਪਿਛਲੇ ਦਿਨੀਂ ਮਿੰਨੀ ਅਤੇ ਬਲਬੀਰ ਕੌਰ ਸੰਘੇੜਾ ਕੈਨੇਡੀਅਨ ਰਾਈਟਰ ਯੂਨੀਅਨ ਦੀ ਕਾਨਫ਼ਰੰਸ ਵਿਚ ਸ਼ਾਮਲ ਹੋਣ ਲਈ ਕੈਲਗਰੀ ਆਈਆਂ ਤਾਂ ਮੈਨੂੰ ਮਿੰਨੀ ਗਰੇਵਾਲ ਨਾਲ ਗੱਲ ਬਾਤ ਕਰਨ ਦਾ ਖੁੱਲ੍ਹਾ ਮੌਕਾ ਮਿਲਿਆ। ਇਸ ਮੁਲਾਕਾਤ ਦੇ ਕੁੱਝ ਅੰਸ਼ ਪਾਠਕਾਂ ਨਾਲ ਸਾਂਝੇ ਕਰਨ ਜਾ ਰਹੇ ਹਾਂ।

? ਮਿੰਨੀ ਜੀ ਸਾਹਿਤਕ ਗੱਲਾਂ ਬਾਤਾਂ ਕਰਨ ਤੋਂ ਪਹਿਲਾਂ ਆਪਣੇ ਪਰਿਵਾਰਕ ਪਿਛੋਕੜ ਬਾਰੇ ਕੁਝ ਦਸੋ ? ਤੁਹਾਡੇ ਪਾਠਕ ਤੁਹਾਡੇ ਪਿਛੋਕੜ ਬਾਰੇ ਬਹੁਤ ਘੱਟ ਜਾਣਦੇ ਹਨ ?
: ਮੇਰਾ ਪਿਛੋਕੜ, ਕੀ ਦੱਸਾਂ ਇਸ ਬਾਰੇ। ਯਾਦਾਂ ਨੂੰ ਬਹੁਤ ਇਕੱਠਾ ਕਰਨਾ ਪੈਂਦਾ ਹੈ। ਆਮ ਬੱਚਿਆਂ ਵਰਗਾ ਬਚਪਨ ਨਹੀਂ ਸੀ ਮੇਰਾ। ਜਨਮ ਮੇਰਾ ਲੁਧਿਆਣੇ, ਪੰਜਾਬ ਦਾ ਹੈ, ਪਰ ਮੈਨੂੰ ਪੰਜਾਬ ਦੀਆਂ ਪਿਆਰ ਭਰੀਆਂ ਹਵਾਵਾਂ ਮਾਨਣ ਦਾ ਮੌਕਾ ਨਹੀਂ ਮਿਲ਼ਿਆ। । ਮੇਰੇ ਪਿਤਾ ਜੀ ਲੈਫ਼ਟੀਨੈਂਟ ਕਰਨਲ ਸੰਪੂਰਨ ਬਚਨ ਸਿੰਘ ਗਰੇਵਾਲ ਆਰਮੀ ਵਿਚ ਸਨ। ਜਿਸ ਕਰਕੇ ਉਹਨਾਂ ਦਾ ਤਬਾਦਲਾ ਹੁੰਦਾ ਰਹਿੰਦਾ ਸੀ ਇੰਝ ਬਚਪਨ ਵਿੱਚ ਲਾਹੌਰ,ਬੰਨੂ ਨੌਸ਼ਹਿਰਾ, ਆਸਾਮ, ਬੰਗਾਲ ਅਤੇ ਹਿੰਦੁਸਤਾਨ ਦੀਆਂ ਹੋਰ ਬਹੁਤ ਸਾਰੀਆ ਥਾਵਾਂ ਦੇਖਣ ਦਾ ਮੌਕਾ ਮਿਲ਼ਿਆ ਬਚਪਨ ਦੀਆਂ ਯਾਦਾਂ ਧੁੰਦਲੀਆ ਤੇ ਪਰਾਣੀਆਂ ਹਨ ਪਰ ਕਈ ਨਾਂਅ ਤੇ ਕਈ ਥਾਵਾਂ ਇਕ ਤਸਵੀਰ ਵਾਂਗ ਮੇਰੀਆਂ ਯਾਦਾਂ ਵਿੱਚ ਹੀਰੇ ਦੀ ਤਰ੍ਹਾਂ ਚਮਕ ਰਹੇ ਹਨ। ਮੇਰੇ ਪਿਤਾ ਜੀ ਦੂਜਾ ਮਹਾਂਯੁੱਧ ਬਰਮਾ ਵਿਚ ਲੜੇ। ਆਰਮੀ ਵਿੱਚ ਉਹ ਲੈਫਟੀਨੈਂਟ ਬਣ ਕੇ ਹੀ ਭਰਤੀ ਹੋਏ ਸਨ। ਫਿਰ ਕਸ਼ਮੀਰ ਦੀ ਲੜਾਈ ਵਿਚ ਹਿੱਸਾ ਲਿਆ। ਉੱਥੋਂ ਉਹ ਜ਼ਖ਼ਮੀ ਹੋ ਕੇ ਵਾਪਸ ਆਏ। ਉਨ੍ਹਾਂ ਦਾ ਜ਼ਿਕਰ ਦੋ ਕਿਤਾਬਾਂ ਵਿਚ ਵੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਕਿਤਾਬ “ਲੈਸਟ ਵੀ ਫੌਰਗੈੱਟ” ਅਤੇ ਦੂਜੀ ਕਿਤਾਬ ਰਿਟਾਇਰਡ ਲੈਫਟੀਨੈਂਟ ਜਨਰਲ ਹਰਬਖ਼ਸ਼ ਸਿੰਘ ਦੀ “ਇਨ ਦੀ ਲਾਈਨ ਔਫ ਡਿਊਟੀ, ਏ ਸੋਲਜ਼ੀਅਰ ਰਿਮੈਂਬਰਜ਼”। ਮੇਰੇ ਬੀਜੀ ਰਜਿੰਦਰ ਕੌਰ ਗਿੱਲ ਪਮਾਲ ਪਿੰਡ ਤੋਂ ਸਨ। ਉਹ ਪੜ੍ਹੇ ਸਿੱਧਵਾਂ ਸਕੂਲ ਤੋਂ ਸਨ। ਪਰ ਨਾਨਾ ਜੀ ਦੀ ਰਿਹਾਇਸ਼ ਆਪਣੀ ਡਿਜ਼ਾਇਨ ਕੀਤੀ ਕੋਠੀ ਗਿੱਲ ਵਿਲਾ ਲੁਧਿਆਣੇ ਵਿੱਚ ਸੀ। ਨਾਨਾ ਜੀ ਸ੍ਰ: ਬਦਨ ਸਿੰਘ ਗਿੱਲ ਨੇ ਇੰਜਨੀਰਿੰਗ ਬੈਲਫਾਸਟ ਯੂਨੀਵਰਸਿਟੀ, ਆਇਰਲੈਂਡ ਤੋਂ ਕੀਤੀ ਸੀ। ਉਹ ਜੰਗਲਾਂ ਵਿੱਚ ਪੁਲ ਡਿਜ਼ਾਈਨ ਕਰਦੇ ਹੁੰਦੇ ਸਨ। ਨਾਨੀ ਜੀ ਦਾ ਨਾਂ ਸੀ ਸਰਦਾਰਨੀ ਸ਼ਾਮ ਕੌਰ ਗਿੱਲ। ਨਾਨਾ ਜੀ ਨੂੰ ਇੰਗਲੈਂਡ ਅਤੇ ਅਮਰੀਕਾ ਤੋਂ ਕੰਮ ਦੀਆਂ ਆਫ਼ਰਜ ਆਈਆਂ ਸਨ ਪਰ ਨਾਨੀ ਜੀ ਨੇ ਨਹੀਂ ਜਾਣ ਦਿੱਤਾ। ਮੇਰੇ ਦਾਦਾ ਜੀ ਦਾ ਨਾਂ ਸੀ ਸ੍ਰਦਾਰ ਬਚਨ ਸਿੰਘ ਗਰੇਵਾਲ। ਪਿੰਡ ਸੀ ਮਹਿਮਾ ਸਿੰਘ ਵਾਲਾ। ਉਨ੍ਹਾਂ ਨੇ ਲਾਹੌਰ ਤੋਂ ਵਕਾਲਤ ਦੀ ਡਿਗਰੀ ਹਾਸਲ ਕਰਨ ਦੇ ਨਾਲ਼ –ਨਾਲ਼ ਗੋਲਡ ਮੈਡਲ ਵੀ ਜਿੱਤਿਆ ਸੀ। ਮਹਾਰਾਜਾ ਨਾਭਾ ਰਿਪੁਦਮਨ ਸਿੰਘ ਦੇ ਵੇਲੇ ਉਹ ਉੱਥੋਂ ਦੇ ਚੀਫ ਜਸਟਿਸ ਵੀ ਰਹੇ ਸਨ। ਬਾਅਦ ਵਿੱਚ ਲੁਧਿਆਣੇ ਪਰੈਕਟਿਸ ਕੀਤੀ। ਦਾਦੀ ਜੀ ਸਰਦਾਰਨੀ ਭਗਵਾਨ ਕੌਰ ਜੋ ‘ਅਦਨ” ਯਮਨ ਦੇਸ਼ ਵਿੱਚ ਪੈਦਾ ਹੋਏ ਸਨ। ਉਹ ਆਪ ਖੇਤੀ ਕਰਵਾਇਆ ਕਰਦੇ ਸਨ। ਮੇਰੇ ਨਾਨਕੇ ਅਤੇ ਦਾਦਕੇ ਦੋਨੋਂ ਪਰਿਵਾਰ ਲੁਧਿਆਣੇ ਵਿੱਚ ਰਹਿੰਦੇ ਸਨ। ਪਿਤਾ ਜੀ ਆਰਮੀ ਵਿਚ ਹੋਣ ਕਰਕੇ, ਮੇਰੇ ਬਚਪਨ ਦੀਆਂ ਯਾਦਾਂ ਵੱਖ-ਵੱਖ ਸ਼ਹਿਰਾਂ, ਸਕੂਲਾਂ, ਜਮਾਤਾਂ, ਦੋਸਤ ਅਤੇ ਸਹੇਲੀਆਂ ਦੀਆਂ ਹਨ। ਹਰ ਇੱਕ ਜਾਂ ਦੋ ਸਾਲ ਬਾਅਦ ਪਿਤਾ ਜੀ ਦੀ ਬਦਲੀ ਹੋ ਜਾਂਦੀ ਸੀ। ਪੰਜਾਬ, ਦੇਹਰਾਦੂਨ, ਲਾਹੌਰ, ਨੌਸ਼ਿਹਰਾ ਤੋਂ ਲੈ ਕੇ ਦਿੱਬਰੂਗੜ੍ਹ (ਅਸਾਮ) ਵਿੱਚ ਤੇ ਫਿਰ ਦੱਖਣ ਵਿੱਚ ਹੈਦਰਾਬਾਦ ਤੇ ਸਿਕੰਦਰਾਬਾਦ। ਰਜ਼ਾਕਾਰਾਂ ਦੇ ਝਗੜੇ ਸਮੇਂ ਸਿਕੰਦਰਾਬਾਦ ਵਿੱਚ 1949 ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਮੈਨੂੰ ਪਿੰਡ ਵਿੱਚ ਰਹਿਣ ਦਾ ਮੌਕਾ ਹੀ ਨਾ ਮਿਲਿਆ।

? ਆਪਣੀ ਮੁੱਢਲੀ ਵਿੱਦਿਆ ਤੇ ਉੱਚੇਰੀ ਵਿੱਦਿਆ ਤੋਂ ਬਾਅਦ ਕੰਮਾਂ ਕਾਰਾਂ ਬਾਰੇ ਵੀ ਦਸੋ?
: ਮੁੱਢਲੀ ਵਿੱਦਿਆ ਅੱਡੋ-ਅੱਡ ਸਕੂਲਾਂ ਵਿੱਚ ਹੋਈ। ਜਿਵੇਂ ਕਿ ਕਾਂਨਵੈਂਟ ਆਫ ਜੀਸਸ ਐਂਡ ਮੈਰੀ ਦੇਹਰਾਦੂਨ, ਖਾਲਸਾ ਸਕੂਲ ਫਾਰ ਗਰਲਜ਼ ਲੁਧਿਆਣਾ, ਕਾਂਨਵੈਂਟ ਆਫ ਜੀਸਸ ਐਡ ਮੈਰੀ ਸ਼ਿਮਲਾ ਵਿਖੇ, ਦਸਵੀਂ ਫੇਰ ਲੁਧਿਆਣੇ ਤੋਂ ਹੀ ਕੀਤੀ। ਬੈਚਲਰ ਔਫ ਆਰਟਸ ਦੀ ਡਿਗਰੀ ਪੰਜਾਬ ਤੋਂ। ਨੌਕਰੀ ਕਰਦਿਆਂ ਦਿੱਲੀ ਤੋਂ ਐਮ. ਏ. ਦੀ ਪੜ੍ਹਾਈ ਕੀਤੀ। ਦਿੱਲੀ ਯੁਨੀਵਰਸਿਟੀ ਤੋਂ ਹੀ ਰਸ਼ੀਅਨ ਲੈਂਗੁਏਜ਼ ਦਾ ਡਿਪਲੋਮਾ ਕੀਤਾ।ਇਸਦੇ ਨਾਲ ਨਾਲ ਪੰਜਾਬੀ ਵਿੱਚ ਛਪਦੇ ਇਕ ਰੋਜ਼ਾਨਾ ਅਖ਼ਬਾਰ ਵਿੱਚ ਔਰਤਾਂ ਹਫ਼ਤਾਵਾਰੀ ਕਾਲਮ ਵੀ ਲਿਖਦੀ ਰਹੀ। ਦਿੱਲੀ ਤੋਂ ਬਾਅਦ ਮੇਰੀ ਬਦਲੀ ਬੰਬਈ ਹੋ ਗਈ ਇਥੇ ਕਈ ਵਰ੍ਹੇ ‘ਸੋਵੀਅਤ ਲੈਂਡ’ ਅੰਗਰੇਜ਼ੀ ਮੈਗਜ਼ੀਨ ਦੀ ਐਡੀਟਰ ਅਤੇ ਫੇਰ ਚੀਫ਼ ਐਡੀਟਰ ਦੀ ਹੈਸੀਅਤ ਵਿੱਚ ਕੰਮ ਕੀਤਾ। ਇਹ ਮੈਗਜ਼ੀਨ ‘ਇਨਫ਼ਮੇਸ਼ਨ ਡਿਪਾਰਟਮੈਂਟ ਆਫ਼ ਦੀ ਸੋਵੀਅਤ ਕੌਂਸਲੇਟ’, ਮੰਬਈ ਵਲੋਂ ‘ਟਾਈਂਮਜ਼ ਆਫ਼ ਇੰਡੀਆ ਵਲੋਂ ਵਿੱਚ ਵੀ ਛਾਪਿਆ ਜਾਂਦਾ ਸੀ। ਨੌਕਰੀ ਕਰਦਿਆਂ, ਭਾਰਤੀ ਵਿੱਦਿਆ ਭਵਨ ਜੋ ਬੰਬਈ ਯੁਨੀਵਰਸਿਟੀ ਦਾ ਹਿੱਸਾ ਸੀ, ਡਿਪਲੋਮਾ ਇਨ ਜਰਨਲਿਜ਼ਮ ਕੀਤਾ। ਫੇਰ ਕੈਨੇਡਾ ਆ ਕੇ ਟੋਰਾਂਟੋ ਸੰਨ ਵਿੱਚ ਵੀ ਕੰਮ ਕੀਤਾ ਉਨਟੈਰੀਓ ਪ੍ਰਿਵੰਸ਼ੀਅਲ ਗੌਰਿਮੰਟ ਦੀ ਨੌਕਰੀ ਕੀਤੀ। ਇਥੇ ਕੰਮ ਕਰਿਦਆਂ ਹੀ ਡਿਪਲੋਮਾ ਇਨ ਟਰੈਵਲਿੰਗ ਕੀਤਾ।

? ਲਿਖਣਾ ਸ਼ੁਰੂ ਕਦੋ ਕੀਤਾ? ਦੂਜੇ ਲੇਖਕਾਂ ਵਾਂਗ ਕਵਿਤਾ ਤੋਂ ਸ਼ੂਰੂ ਕੀਤਾ ਜਾਂ ਪਹਿਲਾਂ ਹੀ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ ਸੀ?

: ਕਾਲਜ ਵਿੱਚ ਲੇਖ ਲਿਖਣਾ, ਖਾਸ ਤੌਰ ਤੇ ਕੁਦਰਤੀ ਨਜ਼ਾਰਿਆਂ ਬਾਰੇ ਲਿਖਣ ਦਾ ਸ਼ੌਕ ਸੀ। ਦਿੱਲੀ ਕੰਮ ਕਰਦਿਆਂ ਕਹਾਣੀ ਲਿਖਣ ਦਾ ਸ਼ੌਕ ਪਿਆ। ਭਾਪਾ ਪ੍ਰੀਤਮ ਸਿੰਘ ਨਵਯੁਗ ਵਾਲਿਆਂ ਨੇ ਬਹੁਤ ਪ੍ਰੇਰਿਆ ਸੀ। ਮੈਂ ਕਹਾਣੀ ਤੋਂ ਲਿਖਣਾ ਸ਼ੁਰੂ ਕੀਤਾ। ਪਰ ਕਵਿਤਾ ਦਾ ਸ਼ੌਕ ਹੈ।

? ਤਹਾਡਾ ਪ੍ਰੇਰਨਾ ਸਰੋਤ ਕੀ ਹੈ? ਕੀ ਘਰ ਵਿਚ ਸਾਹਿੱਤਕ ਮਾਹੌਲ ਸੀ ਜਾਂ ਫੇਰ ਪੰਜਾਬੀ ਸਾਹਿਤ ਹੀ ਪ੍ਰੇਰਨਾ ਤੁਹਾਡਾ ਸਰੋਤ ਬਣਿਆ?
: ਮੇਰੇ ਪਰਿਵਾਰ ਵਿੱਚ ਅਖ਼ਬਾਰ, ਮੈਗ਼ਜ਼ੀਨ, ਕਿਤਾਬਾਂ ਪੜ੍ਹਨ ਦਾ ਸ਼ੌਕ ਮੇਰੀ ਨਾਨੀ, ਦਾਦੀ ਤੋਂ ਲੈ ਕੇ ਸਭ ਨੂੰ ਸੀ। ਦਾਦਾ ਜੀ ਦੀ ਲਾਇਬਰੇਰੀ ਵਿੱਚ ਵਕਾਲਤ ਤੋਂ ਇਲਾਵਾ ਸਾਂਇਸ ਦੀਆਂ ਕਿਤਾਬਾਂ ਅਤੇ ਬ੍ਰਹਿਮੰਡ ਬਾਰੇ ਬਹੁਤ ਕਿਤਾਬਾਂ ਸਨ। ਲਿਖਣ ਦੀ ਪ੍ਰੇਰਨਾ ਇਨ੍ਹਾਂ ਕਿਤਾਬਾਂ ਤੋਂ ਹੀ ਪਈ।

? ਤੁਸੀਂ ਹੁਣ ਤੱਕ ਕੀ ਕੁੱਝ ਲਿਖਿਆ ਹੈ?
: ਕਹਾਣੀਆਂ ਦੀਆਂ ਤਿੰਨ ਕਿਤਾਬਾਂ ‘ਕੈਕਟਸ ਦੇ ਫੁੱਲ’, ‘ਚਾਂਦੀ ਦਾ ਗੇਟ’, ‘ਫਾਨੂਸ’, ਇਕ ਕਵਿਤਾ ਦੀ ਕਿਤਾਬ ‘ਫੁੱਲ ਪੱਤੀਆਂ ਅਤੇ ਹਿੰਦੀ ਵਿੱਚ ਕੁਝ ਕਹਾਣੀਆਂ ਦਾ ਤਰਜਮਾ ‘ਦੋ ਆਸਮਾਨ’ ਛਪ ਚੁੱਕੀਆਂ ਹਨ।

? ਤੁਸੀਂ ਇਕ ਕਾਵਿ ਸੰਗ੍ਰਹਿ ‘ਫੁੱਲ ਪੱਤੀਆਂ’ ਵੀ ਲਿਖਿਆ ਪਰ ਆਪਣੀ ਗੱਲ ਪਾਠਕਾਂ ਤਕ ਪੁੰਹਚਾਉਣ ਲਈ ਪਹਿਲ ਕਹਾਣੀ ਨੂੰ ਹੀ ਦਿੱਤੀ ਕੀ ਕਾਰਨ ਹੈ ਤੁਸੀਂ ਮੁੜ ਕਵਿਤਾ ਵਲ਼ ਨਹੀਂ ਆਏ?
: ਸ਼ਾਇਦ ਕਦੇ ਆਵਾਂਗੀ ਕਵਿਤਾ ਵੱਲ ਮੁੜ। ਮੈਂ ਸੋਚਦੀ ਹਾਂ ਕਿ ਮੈਂ ਕਹਾਣੀ ਵਿਚ ਗੱਲ ਵਧੇਰੇ ਚੰਗੀ ਤਰ੍ਹਾਂ ਕਰ ਸਕਦੀ ਹਾਂ।

? ਸਿਰਜਣਾ ਕਰਦੇ ਵੇਲੇ ਕੀ ਸਮਾਂ ਸਥਾਨ ਤੇ ਹਾਲਾਤ ਤੁਹਾਨੂੰ ਪ੍ਰਭਾਵਿਤ ਕਰਦੇ ਹਨ ? ਜਾਂ ਤੁਸੀਂ ਜਦੋਂ ਪਾਤਰਾਂ ਨੂੰ ਆਪਣੇ ਦੁਆਲੇ ਵਿਚਰਦੇ ਦੇਖਦੇ ਹੋ ੳਦੋਂ ਹੀ ਸਿਰਜਣਾ ਕਰਮ ਸ਼ੁਰੂ ਹੋ ਜਾਂਦਾ ਹੈ ?
: ਲਿਖਣ ਵੇਲੇ ਸਮਾਂ ਸਥਾਨ ਅਤੇ ਹਾਲਾਤ ਦਾ ਕੁਝ ਹਿੱਸਾ ਜ਼ਰੂਰ ਹੈ ਪਰ ਜਦੋਂ ਪਾਤਰ ਮੈਨੂੰ ਆਪਣੀ ਕਹਾਣੀ ਲਿਖਣ ਲਈ ਮਜ਼ਬੂਰ ਕਰਦੇ ਹਨ, ਕਹਿੰਦੇ ਹਨ ਕਿ ਮੇਰੀ ਕਹਾਣੀ ਲਿਖ। ਉਨ੍ਹਾਂ ਪਾਤਰਾਂ ਨੂੰ ਆਪਣੇ ਖਿਆਲਾਂ ਵਿੱਚ ਰਚਾ ਲੈਂਦੀ ਹਾਂ, ਮਹਿਸੂਸ ਕਰਦੀ ਹਾਂ, ਫਿਰ ਲਿਖਦੀ ਹਾਂ।

? ਤਸੀਂ ਕਹਾਣੀ ਸਿਰਜਣ ਕਰਨ ਵੇਲੇ ਕਹਾਣੀ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਕਿੰਨੀ ਕੁ ਵਾਰ ਸੋਧਦੇ ਜਾਂ ਮੁੜ ਸੋਚ ਵਿਚਾਰ ਕਰਦੇ ਹੋ ?
: ਅੰਤਿਮ ਰੂਪ ਹੁੰਦਾ ਹੈ ਘੱਟ ਤੋਂ ਘੱਟ ਤਿੰਨ ਚਾਰ ਵਾਰ ਸੋਧਣ ਤੋਂ ਪਿੱਛੋਂ।

? ਤੁਸੀਂ ਕਹਾਣੀ ਲਿਖਣ ਲਈ ਕਿਹੜੇ ਕਿਹੜੇ ਦੇਸੀ ਬਿਦੇਸ਼ੀ ਜਾਂ ਕਹਿ ਲੌ ਕਿਸੇ ਦੂਸਰੀਆਂ ਭਾਸ਼ਾਵਾ ਦੇ ਲੇਖਕਾਂ ਨੂੰ ਪੜ੍ਹਿਆ ?
: ਹਿੰਦੀ ਪੰਜਾਬੀ ਸਾਹਿਤ ਦੇ ਨਾਲ਼ ਤਾਂ ਅਸੀਂ ਜੁੜੇ ਹੀ ਹੋਏ ਹਾਂ। ਭਾਈ ਵੀਰ ਸਿੰਘ ਤੋਂ ਲੈ ਕੇ, ਕਿੱਸਾ ਕਾਵਿ, ਅਧਿਆਤਮਿਕ ਸਾਹਿਤ ਪੜ੍ਹਿਆ ਹੀ ਹੋਇਆ ਹੈ। ਪਰ ਵਿਦੇਸ਼ੀ ਸਾਹਿਤ ਨੇ ਵੀ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਜਿਨ੍ਹਾਂ ਵਿੱਚ ਲੀਓ ਟਾਲਸਟਾਇ, ਦਸਤੋਵਿਸਕੀ, ਜੌਸਫ਼ ਕੌਨਰੈਡ, ਜੈਕ ਲੰਡਨ, ਅਰਨਿਸਟ ਹੈਮਿੰਗਵੇਅ ਆਦਿ ਪੜ੍ਹੇ ਅਤੇ ਮਾਣੇ।

? ਤੁਹਾਡਾ ਕੋਈ ਬੱਚਾ ਵੀ ਪੰਜਾਬੀ ਜਾਂ ਅੰਗਰੇਜੀ ਸਾਹਿੱਤ ਵਲ ਰੁਚੀ ਰੱਖ ਰਿਹਾ ਹੈ ਜਾਂ ਉਨ੍ਹਾਂ ਦੇ ਰੁਝੇਵੇਂ ਵੱਖਰੇ ਹਨ ?
: ਮੇਰੇ ਬੱਚਿਆਂ ਨੂੰ ਪੜ੍ਹਨ ਦਾ ਸ਼ੌਕ ਜ਼ਰੂਰ ਸੀ ਪਰ ਹੁਣ ਜ਼ਿੰਦਗੀ ਦੇ ਰੁਝੇਵਿਆਂ ਕਾਰਨ ਇਹ ਸ਼ੌਕ ਘੱਟ ਗਿਆ ਹੈ।

? ਕੈਨੇਡਾ ਆਉਂਣ ਤੋਂ ਪਹਿਲਾਂ ਤੁਸੀਂ ਇੰਡੀਆ ਵਿਚ ਬਹੁਤ ਸਾਰਾ ਸਮਾਂ ਦਿੱਲੀ ਅਤੇ ਮੁੰਬਈ ਸੋਵੀਅਤ ਅੰਗਰੇਜ਼ੀ ਰਿਸਾਲੇ ਦੇ ਐਡੀਟਰ ਵਜ਼ੋ ਕੰਮ ਕੀਤਾ। ਉਸ ਸਮੇਂ ਦਾ ਕੋਈ ਅਨੁਭਵ ਸਾਂਝਾ ਕਰਨਾ ਚਾਹੋਂਗੇ?
: ਦਿੱਲੀ ਵਿੱਚ ਜਦੋਂ ਮੈਂ ਨੌਕਰੀ ਕਰਦੀ ਸੀ ਤਾਂ ਉਸ ਵੇਲੇ ਮੈਨੂੰ ਖਰੁਸ਼ਚੋਵ ਅਤੇ ਬੁਲਗੈਨਨ ਨੂੰ ਮਿਲਣ ਦਾ ਮੌਕਾ ਮਿਲਿਆ। ਯੂਰੀ ਗਾਗਾਰਿਨ ਅਤੇ ਵੈਲਿਨਟੀਨਾ ਤੈਰਿਸ਼ਕੋਵਾ ਪੁਲਾੜ ਦੇ ਪਹਿਲੇ ਯਾਤਰੀ ਜਦੋਂ ਦਿੱਲੀ ਆਏ ਤਾਂ ਉਨ੍ਹਾਂ ਵਾਸਤੇ ਇੱਕ ਸਮਾਰੋਹ ਕੀਤਾ ਗਿਆ ਸੀ। ਜਿਸ ਵਿੱਚ ਸਟੇਜ ਉੱਤੇ ਕੁਝ ਸੁਨੇਹੇ ਪੜ੍ਹਨ ਦੀ ਮੇਰੀ ਜਿੰਮੇਵਾਰੀ ਸੀ। ਮੇਰੀਆਂ ਨਜ਼ਰਾਂ ਇਨ੍ਹਾਂ ਦੋਹਾਂ ਉੱਤੇ ਸਨ ਅਤੇ ਮੈਂ ਬਹੁਤ ਹੀ ਨਰਵਸ ਸਾਂ। ਸੁਨੇਹੇ ਤਾਂ ਪੜ੍ਹ ਹੀ ਦਿੱਤੇ ਪਰ ਇਹ ਸਮਾਂ ਯਾਦ ਬਣਕੇ ਮੇਰੇ ਨਾਲ਼ ਹਮੇਸ਼ਾ ਰਿਹਾ। ਮੁੰਬਈ ਵਿੱਚ ਮਹਾਨ ਹਸਤੀਆਂ ਮਿਲੀਆਂ, ਜਿਵੇ ਅਲੀ ਸਰਦਾਰ ਜ਼ਾਫ਼ਰੀ, ਕੈਫ਼ੀ ਆਜ਼ਮੀ, ਗੁਲਜ਼ਾਰ, ਸਬਾਨਾ ਆਜ਼ਮੀ,ਐਸ ਸਵਰਣ, ਸਾਗਰ ਸਰਹੱਦੀ ਅਤੇ ਕਈ ਹੋਰ ਸਾਹਿਤਕ, ਰਾਜਨੀਤਕ ਹਸਤੀਆਂ ਮਿਲੀਆਂ।

? ਮਿੰਨੀ ਗਰੇਵਾਲ ਤੇ ਕਹਾਣੀਕਾਰਾ ਮਿੰਨੀ ਗਰੇਵਾਲ ਵਿੱਚ ਕੀ ਕੋਈ ਫ਼ਰਕ ਦੇਖਦੇ ਹੋ?
: ਮੈਨੂੰ ਤਾਂ ਕੋਈ ਫ਼ਰਕ ਨਹੀਂ ਲਗਦਾ।

? ਮਿੰਨੀ ਜੀ ਤੁਹਾਡਾ ਕਹਾਣੀ ਲਿਖਣ ਦਾ ਮੰਤਵ ਕੀ ਹੈ ? ਕੀ ਤੁਸੀਂ ਆਪਣੀਆਂ ਕਹਾਣੀਆਂ ਨੂੰ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਇੱਕ ਹਥਿਆਰ ਵਜੋਂ ਵਰਤ ਰਹੇ ਹੋ ? ਜਾਂ ਕੋਈ ਹੋਰ ਮੰਤਵ ਹੈ ?
: ਕਹਾਣੀ ਲਿਖਣ ਦਾ ਮੰਤਵ ਤਾਂ ਜੋ ਕੁਝ ਮੇਰੇ ਆਲ਼ੇ ਦੁਆਲ਼ੇ ਵਾਪਰ ਰਿਹਾ ਹੈ, ਉਸਨੂੰ ਪਾਠਕਾਂ ਤਕ ਪੁਹੰਚਾਉਣਾ ਹੈ। ਇਸ ਨੂੰ ਪੜ੍ਹਨ ਪਿੱਛੋਂ ਸ਼ਾਇਦ ਕਿਸੇ ਨੂੰ ਕੋਈ ਹੌਸਲਾ ਜਾਂ ਹਿੰਮਤ ਮਿਲ ਜਾਵੇ ਤਾਂ ਮੈਂ ਸਮਝਦੀ ਹਾਂ ਕਿ ਮੈਂ ਕਹਾਣੀ ਲਿਖਣ ਵਿੱਚ ਸ਼ਾਇਦ ਸਫ਼ਲ ਰਹੀ ਹਾਂ। ਮੈਂ ਕਹਾਣੀ ਪ੍ਰਚਾਰ ਵਾਸਤੇ ਨਹੀਂ ਲਿਖਦੀ।

? ਤੁਹਾਡੀਆਂ ਕਹਾਣੀਆਂ ਵਿੱਚ ਜ਼ਿੰਦਗੀ ਦੇ ਅਨੁਭਵ ਦੇ ਸਾਰੇ ਰੰਗ ਨਜ਼ਰ ਆਉਦੇ ਹਨ। ਤੁਹਾਡੀ ਕਹਾਣੀ ਪੜ੍ਹ ਕੇ ਜਿਥੇ ਪਾਠਕ ਨੂੰ ਜ਼ਿੰਦਗੀ ਜ਼ਿਉਂਣ ਦੀ ਭੁੱਖ ਵਧਦੀ ਹੈ ਉੱਥੇ ਕੁੱਝ ਗੁੱਸਾ ਤੇ ਰੋਹ ਵੀ ਜਾਗਦਾ ਹੈ। ਤੁਸੀਂ ਇਨ੍ਹਾਂ ਦੋਹਾਂ ਗੱਲਾਂ ਦਾ ਸੰਤੁਲਨ ਕਿਵੇ ਕਾਇਮ ਰੱਖਿਆ ?
: ਸਾਹਿਤ ਇੱਕ ਸ਼ੀਸ਼ਾ ਹੈ। ਸ਼ਾਇਦ ਪਾਠਕਾਂ ਨੂੰ ਪੜ੍ਹਦਿਆਂ ਹੋਇਆਂ ਆਪਣਾ ਜਾਂ ਆਪਣੇ ਆਲ਼ੇ-ਦੁਆਲ਼ੇ ਦੇ ਚਿਹਰੇ-ਮੋਹਰੇ ਨਜ਼ਰ ਆਉਂਦੇ ਹੋਣ। ਜ਼ਿੰਦਗੀ ਵਿੱਚ ਜਿਵੇਂ ਸੰਤੁਲਨ ਕਾਇਮ ਰਹਿੰਦਾ ਹੈ ਬੱਸ ਉਸੇ ਤਰ੍ਹਾਂ ਹੀ।

? ਤੁਹਾਡੇ ਇੱਕ ਕਹਾਣੀ ਸੰਗ੍ਰਹਿ ਚਾਂਦੀ ਦਾ ਗੇਟ ਵਿਚਲੀਆਂ ਕਹਾਣੀਆਂ ਪੂਰਬੀ ਤੇ ਪੱਛਮੀ ਸੱਭਿਆਚਾਰਾਂ ਦੇ ਅੰਤਰ ਜਾਂ ਖਿਚੋਤਾਣ ਨੂੰ ਪੇਸ਼ ਕਰਨ ਦਾ ਇੱਕ ਯਤਨ ਲੱਗਦਾ। ਤੁਸੀਂ ਇਹਦੇ ਬਾਰੇ ਕੁੱਝ ਦਸਣਾ ਚਾਹੋਗੇ ?

: ਅੱਧੀ ਜ਼ਿੰਦਗੀ ਭਾਰਤ ਅਤੇ ਅੱਧੀ ਜ਼ਿੰਦਗੀ ਕੈਨੇਡਾ ਗੁਜ਼ਾਰਨ ਕਾਰਨ, ਇਹ ਸੁਭਾਵਿਕ ਹੈ ਕਿ ਦੋਹਾਂ ਸਭਿਆਤਾਵਾਂ ਦੀ ਖਿਚੋਤਾਣ ਦਾ ਕਹਾਣੀ ਦਾ ਹਿੱਸਾ ਬਣਨਾ। ਕਦੀ ਚੇਤਨ ਤੌਰ ਤੇ ਕਦੀ ਅਚੇਤਨ ਤੌਰ ਤੇ ਇਹ ਕਸ਼ਮਕਸ਼ ਕਹਾਣੀ ਵਿੱਚ ਉਜਾਗਰ ਹੋ ਹੀ ਜਾਂਦੀ ਹੈ।

? ਉਂਝ ਤਾਂ ਲੇਖਕ ਨੂੰ ਹਰ ਰਚਨਾ ਬੜੀ ਪਿਆਰੀ ਹੁੰਦੀ ਹੈ। ਜੇਕਰ ਤੁਹਾਨੂੰ ਆਪਣੀ ਕਿਸੇ ਸ਼ਾਹਕਾਰ ਰਚਨਾ ਚੁਣਨ ਲਈ ਕਿਹਾ ਜਾਵੇ ਤਾਂ ਤੁਸੀਂ ਕਿਹੜੀ ਚੁਣੋਗੇ?
: ਬਹੁਤ ਮੁਸ਼ਕਲ ਸਵਾਲ ਹੈ। ਮੇਰੀਆਂ ਸਾਰੀਆਂ ਕਹਾਣੀਆਂ ਵਿਚ ਕੁਝ ਨਾ ਕੁਝ ਮੇਰੇ ਦਿਲ ਦੇ ਕਰੀਬ ਹੈ। ਪਰ ਜੇ ਕਰ ਕੋਈ ਇਕ ਕਹਾਣੀ ਜਾਂ ਦੌਂ ਦਾ ਜ਼ਿਕਰ ਕਰਨਾ ਹੋਵੇ ਤਾਂ ਮੈਂ , ਵਹਿੰਦੇ ਪਾਣੀਆਂ ਦੇ ਪਰਛਾਂਵੇ, ਅਤੇ ਚਾਂਦੀ ਦਾ ਗੇਟ, ਦਾ ਜ਼ਿਕਰ ਕਰਾਂਗੀ।‘ ਦੋ ਅਸਮਾਨ’ ਵੀ ਮੇਰੇ ਦਿਲ ਦੇ ਕਰੀਬ ਹੈ।

? ਕਈ ਲੋਕਾਂ ਦਾ ਵਿਚਾਰ ਹੈ ਕਿ ਪੰਜਾਬੀ ਵਿੱਚ ਪਾਠਕਾਂ ਦੀ ਬਹੁਤ ਘਾਟ ਹੈ। ਪਰ ਇਸ ਗੱਲ ਦੇ ਨਾਲ ਹੀ ਕਈ ਪਾਠਕਾਂ ਦੀ ਸ਼ਕਾਇਤ ਹੈ ਕਿ ਪੰਜਾਬੀ ਵਿੱਚ ਦੁਜੀਆਂ ਬੋਲੀਆਂ ਦੇ ਸਾਹਿਤਕ ਮਿਆਰ ਦੀ ਰਚਨਾਂ ਹੀ ਨਹੀਂ ਮਿਲਦੀ। ਡਾ. ਗੁਰਬਚਨ ਦਾ ਤਾਂ ਕਹਿਣਾ ਹੈਕਿ ਪੰਜਾਬੀ ਲੇਖਕ ਨਵੇਂ ਯੁਗ ਦੀ ਚੇਤਨਾ ਨਾਲ ਲੈਸ ਪਾਠਕ ਨੂੰ ਖਿੱਚਣ ਦੇ ਸਮਰਥ ਹੀ ਨਹੀਂ ਹਨ। ਤੁਸੀਂ ਕਿਸ ਵਿਚਾਰ ਨਾਲ ਕਿਥੇ ਕੁ ਤਕ ਸਹਿਮਤ ਹੋ?

: ਨਵਾਂ ਪਾਠਕ ਕੰਪਿਊਟਰ ਯੁੱਗ ਵਿੱਚ ਬਹੁਤ ਅਗਾਂਹ ਵੱਧ ਗਿਆ ਹੈ। ਉਸਦੇ ਨਾਲ਼ ਨਾਲ਼ ਹੀ ਦੁਨੀਆਂ ਅਤੇ ਸਮਾਜ ਵਿੱਚ ਬਹੁਤ ਪਰਿਵਰਤਨ ਆ ਗਿਆ ਹੈ। ਸਾਹਿਤ ਸ਼ਾਇਦ ਏਨੀ ਤੇਜ਼ੀ ਨਾਲ਼ ਨਹੀਂ ਬਦਲ ਰਿਹਾ। ਇਸ ਦੌੜ ਵਿੱਚ ਪਿੱਛੇ ਰਹਿ ਜਾਂਦਾ ਹੈ। ਪੰਜਾਬੀ ਵਿੱਚ ਪਾਠਕਾਂ ਦੀ ਘਾਟ ਨਹੀਂ ਹੈ। ਪਰ ਅਜ ਸਾਹਿਤ ਵਿੱਚ ਉਹ ਕੁਝ ਵੀ ਛਪ ਰਿਹਾ ਹੈ ਜੋ ਬਹੁਤ ਪੇਤਲਾ ਹੈ। ਜੇਕਰ ਪਾਠਕ ਦੀ ਸੋਚ ਨੂੰ ਹਿਲੂਣਾ ਦੇਣ ਵਾਲਾ ਸਾਹਿਤ ਨਾ ਮਿਲੂ ਤਾਂ ਪਾਠਕ ਕੀ ਕਰੂ।

? ਮਿੰਨੀ ਜੀ ਤੁਹਾਡੀਆਂ ਕਹਾਣੀਆਂ ਦੇ ਇਸਤਰੀ-ਪਾਤਰ ਮਾਣ ਤਾਣ ਨਾਲ ਜ਼ਿਉਂਣਾ ਚਾਹੰਦੇ ਹਨ ਪਰ ਮਰਦ ਪ੍ਰਧਾਨ ਸਮਾਜ ਵਿਚ ਉਹਨਾਂ ਦੀ ਪੇਸ਼ ਨਹੀਂ ਜਾਂਦੀ। ਮੇਰਾ ਖ਼ਿਆਲ ਹੈ ਕਿ ਅੱਜ ਦੀ ਔਰਤ ਵਿੱਦਿਆ ਦੇ ਚਾਨਣ ਨਾਲ ਪਿੱਛਲੇ ਸਮੇਂ ਦੀ ਔਰਤ ਨਾਲੋਂ ਕਈ ਗੁਣਾ ਜ਼ਿਆਦਾ ਜਾਗਰੂਕ ਹੋ ਚੁੱਕੀ ਹੈ ? ਇਹਦੇ ਬਾਰੇ ਕੀ ਕਹਿਣਾ ਚਾਹੋਗੇ ?

: ਵਿਦਿਆ ਕਾਰਨ ਜਾਣਕਾਰੀ ਦੇ ਸਾਰੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ। ਅੱਜ ਦੀ ਔਰਤ ਬਹੁਤ ਹੱਦ ਤੀਕਰ ਜਾਗਰੂਕ ਹੋ ਚੁੱਕੀ ਹੈ। ਮਰਦ ਪ੍ਰਧਾਨ ਸਮਾਜ ਵਿੱਚ ਸਹੀ ਆਜ਼ਾਦੀ ਦਾ ਦਰਵਾਜ਼ਾ ਲੱਭ ਰਹੀ ਹੈ। ਕਹਿੰਦੇ ਹਨ ਰੋਮ ਇੱਕ ਦਿਨ ਵਿੱਚ ਨਹੀਂ ਸੀ ਬਣਿਆ। ਸਦੀਆਂ ਦੀ ਗੁਲਾਮ ਔਰਤ ਨੂੰ ਵੀ ਇਹ ਸਫ਼ਰ ਪਾਰ ਕਰਨ ਲਈ ਸਮਾਂ ਲੱਗੇਗਾ। ਉਸਨੇ ਪਹਿਲੇ ਕਦਮ ਪੁੱਟ ਲਏ ਹਨ। ਜਾਗਰੂਕ ਉਹ ਜ਼ਰੂਰ ਹੋ ਚੁੱਕੀ ਹੈ ਪਰ ਪੂਰਨ ਤੌਰ ਤੇ ਆਪਣੀ ਹੋਂਦ ਪਛਾਨਣ ਲਈ ਸਮਾਂ ਲਗੇਗਾ।

? ਤੁਹਾਡੇ ਇਕ ਕਹਾਣੀ ਸੰਗ੍ਰਹਿ “ਚਾਂਦੀ ਦੇ ਗੇਟ” ਵਿੱਚ ਕਹਾਣੀ ‘ਮੇਹਿਰਬਾਨੀਆਂ’ ਵਿੱਚ ਤੁਸੀਂ ਇੱਕ ਪਾਤਰ ਦੇ ਮੂੰਹੋਂ ਅਖਵਾਇਆ ਹੈ ਕਿ ਅਖ਼ਬਾਰਾ ਮੈਗਜ਼ੀਨਾਂ ਵਿੱਚ ਬਾਹਰਲੇ ਮੁਲਕਾਂ ਦੀ ਚਮਕ ਦਮਕ ਦੇਖ ਕੇ ਇੱਧਰਲੇ ਮੁਲਕਾਂ ਨੂੰ ਆਉਣ ਦਾ ਲਾਲਚ ਬੰਦੇ ਦੇ ਦਿਲ ਵਿੱਚ ਬਦੋ ਬਦੀ ਆ ਜਾਂਦਾ ਹੈ। ਨਹੀਂ ਤਾਂ ਆਪਣੇ ਮੁਲਕ ਵਿੱਚ ਕਿਸ ਚੀਜ਼ ਦਾ ਘਾਟਾ ਹੈ ? ਪਰ ਬਹੁਤ ਸਾਰੇ ਲੋਕ ਬਾਹਰ ਆਉਣ ਦਾ ਕਾਰਨ ਮਾੜਾ ਵਿੱਦਿਆਕ ਢਾਂਚਾ, ਨੋਜ਼ੁਆਨ ਵਰਗ ਦਾ ਦਿਸ਼ਾਹੀਣ ਹੋਣਾ, ਮੁਲਕ ਦੇ ਢਾਂਚੇ ਦਾ ਭਰਿਸ਼ਟ ਹੋਣਾ ਤੇ ਰੋਜ਼ਗਾਰ ਦੇ ਮੌਕਿਆਂ ਦੀ ਘਾਟ ਹੋਣਾ ਮਹਿਸੂਸ ਕਰਦੇ ਹਨ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਂਗੇ ?
: ਇਹ ਠੀਕ ਹੈ ਕਿ ਯੂਥ ਭਟਕ ਰਿਹਾ ਹੈ। ਉਸਦੇ ਜ਼ਿੰਦਗੀ ਪ੍ਰਤੀ ਅਰਥ ਨਹੀਂ ਰਹੇ। ਕੁਝ ਉਨ੍ਹਾਂ ਲੋਕਾਂ ਦਾ ਵੀ ਕਸੂਰ ਹੈ ਜਿਹੜੇ ਇੱਧਰੌਂ ਵਾਪਸ ਦੇਸ਼ ਪਰਤ ਕੇ ਉਨ੍ਹਾਂ ਨੂੰ ਸਬਜ਼ ਬਾਗ ਦਿਖਾਉਂਦੇ ਹਨ। ਉਸ ਚਮਕ ਦਮਕ ਕਾਰਨ ਉਹ ਵੀ ਇੱਧਰਲੇ ਦੇਸ਼ਾਂ ਨੂੰ ਆਉਣ ਵਾਸਤੇ ਤਾਂਘਦੇ ਹਨ। ਮੇਰੇ ਕਹਿਣ ਦਾ ਇਹੀ ਮਤਲਬ ਸੀ।

? ਇੱਕ ਹੋਰ ਕਹਾਣੀ ਸੰਗ੍ਰਹਿ ਹੈ “ਫ਼ਾਨੂਸ” ਵਿੱਚ ਇੱਕ ਕਹਾਣੀ ਹੈ ਦੋ ਤਸਵੀਰਾਂ ਇੱਕ ਫਰੇਮ ਇਸ ਕਹਾਣੀ ਵਿੱਚ ਲਗਦਾ ਕਿ ਪਾਤਰ ਇੱਕ ਵਾਰ ਫੇਰ ਹਾਲਾਤ ਦੇ ਵਹਾ ਵਿੱਚ ਬਹਿ ਗਏ ਲਗੱਦੇ ਹਨ। ਇਨੇ ਕਲਾਤਮਕ ਢੰਗ ਨਾਲ ਇਸ ਕਹਾਣੀ ਦੇ ਪਾਤਰ ਤੁਸੀਂ ਕਿਸ ਤਰ੍ਹਾਂ ਸਿਰਜੇ ਹਨ ਇਹਦੇ ਬਾਰੇ ਕੁਝ ਦਸੋ ?
: ਦੋ ਤਸਵੀਰਾਂ ਇਕ ਫਰੇਮ ਤੁਹਾਨੂੰ ਪਸੰਦ ਆਈ ਬਹੁਤ ਸ਼ੁਕਰੀਆ। ਕੀ ਲਗਦਾ ਨਹੀਂ ਕਿ ਜ਼ਿੰਦਗੀ ਵਿੱਚ ਇਵੇਂ ਹੀ ਹੁੰਦਾ ਹੈ ? ਉਮਰ ਦੇ ਪੁਲ ਹੇਠੋਂ ਜ਼ਿੰਦਗੀ ਦੇ ਦਿਨ ਵਹਿ ਜਾਂਦੇ ਹਨ। ਜੋ ਮੁੜ ਕੇ ਨਹੀਂ ਆਊਂਦੇ। ਜ਼ਿੰਦਗੀ ਨਾਲ਼ ਸਮਝੌਤਾ ਹੀ ਹੈ।

? ਇੱਕ ਹੋਰ ਕਹਾਣੀ ਵਿੱਚ ਨੂੰਹ ਸੱਸ ਦੇ ਤਿੱੜਕਦੇ ਰਿਸ਼ਤੇ ਦੀ ਬਾਤ ਪਾਈ ਗਈ ਹੈ ਕਿ ਹਰ ਸੱਸ ਆਪਣੇ ਨਾਲ ਹੋਈਆਂ ਵਧੀਕੀਆਂ ਦਾ ਬਦਲਾ ਆਪਣੀ ਨੂੰਹ ਨਾਲ ਵਧੀਕੀਆਂ ਕਰ ਕੇ ਲੈ ਰਹੀ ਹੈ। ਮੈਨੂੰ ਤਾਂ ਇੰਜ ਲੱਗਦਾ ਕਿ ਅਸੀਂ ਸਾਰੇ ਲੋਕ ਆਪਣੇ ਹੱਕਾ ਤੇ ਫਰਜ਼ਾਂ ਦਾ ਸੰਤੁਲਤਨ ਅੱਜ ਦੇ ਬਦਲਦੇ ਯੁਗ ਨੂੰ ਦੇਖਦੇ ਹੋਏ ਰੱਖੀਏ, ਤਾਂ ਕਦੇ ਵੀ ਰੂਹ ਦੇ ਜ਼ਖ਼ਮ ਹੋਣਗੇ ਹੀ ਨਹੀਂ। ਇਸ ਕਹਾਣੀ ਬਾਰੇ ਕੀ ਕਹਿਣਾ ਚਾਹੋਗੇ?

: ਸ਼ਾਇਦ ਤੁਸੀਂ ਬੇਨਾਮ ਕਹਾਣੀ ਦੀ ਗੱਲ ਕਰ ਰਹੇ ਹੋ। ਅੱਜ ਤੱਕ ਇਹੋ ਹੁੰਦਾ ਆਇਆ ਹੈ ਕਿ ਜੋ ਸੱਸ ਨਾਲ਼ ਹੁੰਦਾ ਹੈ, ਉਹੀ ਨੂੰਹ ਨੂੰ ਭੁਗਤਣਾ ਪੈਂਦਾ ਹੈ। ਇਹ ਕਬਜ਼ੇ ਦੀ ਭਾਵਨਾ ਵੀ ਹੋ ਸਕਦੀ ਹੈ। ਪਰ ਅੱਜ ਸਮਾਂ ਜ਼ਰੂਰ ਬਦਲ ਰਿਹਾ ਹੈ। ਅੱਜ ਨੂੰਹ ਦਾ ਪਤੀ ਵੀ ਉਸਦੇ ਨਾਲ਼ ਖੜੌਂਦਾ ਹੈ।

? ਤੁਹਾਡੇ ਕੋਲ ਪਾਤਰ ਚਿੱਤ੍ਰਨ ਤੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦਾ ਇਕ ਲੰਬਾ ਤਜ਼ਰਬਾ ਹੈ। ਕੀ ਕਦੇ ਤੁਸੀਂ ਇਸ ਕਲਾ ਨੂੰ ਨਾਵਲ ਵਿਧਾ ਰਾਹੀ ਪਾਠਕਾਂ ਨਾਲ ਸਾਂਝਾ ਕਰਨ ਬਾਰੇ ਨਹੀਂ ਸੋਚਿਆ?
: ਮੈਂ ਸੋਚਿਆ ਜ਼ਰੂਰ ਹੈ। ਕੋਸ਼ਿਸ਼ ਕਰਾਂਗੀ ਕਿ ਇਸ ਵੱਲ ਵੀ ਆਉਂਦੇ ਸਮੇਂ ਧਿਆਨ ਦਿਆਂ।

? ਤੁਹਾਡੀਆਂ ਕਹਾਣੀਆਂ ਨੂੰ ਪਾਠਕਾਂ ਵਲੋਂ ਕਿਹੋ ਜਿਹਾ ਹੁੰਗਾਰਾ ਮਿਲਿਆ ?
: ਪਾਠਕਾਂ ਵੱਲੋਂ ਹੁੰਗਾਰਾ ਚੰਗਾ ਮਿਲਦਾ ਰਿਹਾ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਪਾਠਕ ਕਹਿੰਦਾ ਹੈ ਕਿ ਤੁਹਾਡੀ ਕਹਾਣੀ ਪੜ੍ਹਨ ਵੇਲੇ ਲੱਗਦਾ ਹੈ ਜਿਵੇਂ ਮੈਂ ਆਪ ਉੱਥੇ ਸੀ।

? ਤੁਸੀਂ ਜਾਣਦੇ ਹੋ ਕਿ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਸਾਹਿੱਤਕ ਸਭਾਵਾਂ ਬਣੀਆਂ ਹੋਈਆਂ ਹਨ। ਕੀ ਇਹ ਸਭਾਵਾਂ ਪੰਜਾਬੀ ਬੋਲੀ ਦੇ ਵਿਕਾਸ ਜਾਂ ਫੈਲਾਉ ਵਿੱਚ ਸੱਚ ਮੁੱਚ ਕੋਈ ਹਿੱਸਾ ਪਾਉਦੀਆਂ ਹਨ ? ਇਹਦੇ ਬਾਰੇ ਕੀ ਕਹਿਣਾ ਚਾਹੋਂਗੇ ?
: ਖੁਸ਼ੀ ਦੀ ਗੱਲ ਹੈ ਕਿ ਤਕਰੀਬਿਨ ਹਰ ਸ਼ਹਿਰ ਵਿੱਚ ਕੋਈ ਨਾ ਕੋਈ ਸਾਹਿਤਕ ਸੰਸਥਾ ਬਣੀ ਹੋਈ ਹੈ। ਇਨ੍ਹਾਂ ਸੰਸਥਾਵਾਂ ਕਾਰਨ ਹੋਰ ਕਮਿਉਨਿਟੀ ਵਿੱਚ ਵੀ ਚੇਤੰਨਤਾ ਜਾਗਦੀ ਹੈ। ਹੋ ਸਕਦੈ ਵੱਡੇ ਪੱਧਰ ਤੇ ਪੰਜਾਬੀ ਬੋਲੀ ਦੇ ਵਿਕਾਸ ਵਿੱਚ ਨਾ ਕੋਈ ਯੋਗਦਾਨ ਹੋਵੇ। ਪਰ ਫੈਰ ਵੀ ਅਵਾਮ ਵਿੱਚ ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਬਾਰੇ ਜਾਗਰੂਕਤਾ ਜ਼ਰੂਰ ਲਿਆਉਂਦੀਆਂ ਹਨ।

? ਤੁਸੀਂ ‘ਕੈਨੇਡੀਅਨ ਰਾਇਟਰਜ਼ ਯੂਨੀਅਨ’ ਦੇ ਮੈਂਬਰ ਵੀ ਹੋ। ਪੰਜਾਬੀ ਦੇ ਹੋਰ ਵੀ ਕਈ ਲੇਖਕ ਇਸ ਸੰਸਥਾ ਦੇ ਮੈਂਬਰ ਹਨ। ਤੁਸੀਂ ਕੈਲਗਰੀ ਯੂਨੀਵਰਸਿਟੀ ਵਿਖੇ ਕੈਨੇਡੀਅਨ ਲੇਖਕਾਂ ਦੀ ਇੱਕ ਕਾਨਫ਼ਰੰਸ ਵਿੱਚ ਹਿੱਸਾ ਲੈਂਣ ਲਈ ਆਏ ਹੋ। ਕੀ ਕੈਨੇਡੀਅਨ ਲਿਟਰੇਚਰ ਪੰਜਾਬੀ ਲਿਟਰੇਚਰ ਦਾ ਕੋਈ ਨੋਟਿਸ ਲੈ ਰਹੇ ਹਨ ਜਾਂ ਕੋਈ ਮਾਨਤਾ ਦੇ ਰਹੇ ਹਨ? ਇਸ ਸਭਾ ਦੇ ਮੈਂਬਰ ਬਣਨ ਦਾ ਤੁਹਾਡਾ ਕੀ ਮੰਤਵ ਹੈ?
: ਕਨੇਡੀਅਨ ਰਾਈਟਰਜ਼ ਯੂਨੀਅਨ ਦੇ ਮੈਂਬਰ ਬਣਨ ਦਾ ਮੰਤਵ ਇਹੋ ਸੀ ਕਿ ਸਾਨੂੰ ਵੀ ਪਤਾ ਲੱਗੇ ਕਿ ਇੱਧਰਲੇ ਲੇਖਕ ਕੀ ਕਰ ਰਹੇ ਹਨ। ਹੁਣ ਤੱਕ ਤਾਂ ਕੋਈ ਨੋਟਿਸ ਨਹੀਂ ਲਿਆ ਗਿਆ। ਪਰ ਘੱਟੋ ਘੱਟ ਸਾਡੀ ਸ਼ਮੂਲੀਅਤ ਕਾਰਨ ਅਸੀਂ ਵੀ ਉਨ੍ਹਾਂ ਦੀ ਨਜ਼ਰ ਵਿੱਚ ਆ ਰਹੇ ਹਾਂ ਕਿ ਅਸੀਂ ਵੀ ਕਿੰਨੀ ਗੰਭੀਰਤਾ ਨਾਲ਼ ਕੰਮ ਕਰ ਰਹੇ ਹਾਂ।

? ਤੁਸੀਂ ਕੈਨੇਡਾ ਕਦੋਂ ਆਏ ? ਇਥੇ ਆ ਕੇ ਕੈਨੇਡੀਅਨ ਜ਼ਿੰਦਗੀ ਬਾਰੇ ਕੋਈ ਨਸਲੀ ਵਿਤਕਰੇ ਬਾਰੇ ਆਪਣਾ ਕੋਈ ਅਨੁਭਵ ਸਾਂਝਾ ਕਰਨਾ ਚਾਹੋਗੇ ?
: ਮੈਂ 1973 ਵਿੱਚ ਕੈਨੇਡਾ ਆਈ ਸਾਂ। ਮੈਨੂੰ ਕੋਈ ਨਸਲੀ ਵਿਤਕਰੇ ਦਾ ਅਨੁਭਵ ਨਹੀਂ ਹੋਇਆ।

? ਆਮ ਕਹਾਵਤ ਹੈ ਜ਼ਿੰਦਗੀ ਖੁਸ਼ੀ ਤੇ ਉਦਾਸੀ ਦੇ ਪਲਾਂ ਦਾ ਮਿਸ਼ਰਣ ਹੈ। ਜਿੰਦਗੀ ਵਿੱਚ ਆਏ ਸੁੱਖਾਂ ਦੁੱਖਾਂ ਦਾ ਕੋਈ ਪਲ ਆਪਣੇ ਪਾਠਕਾਂ ਨਾਲ ਸਾਂਝਾ ਕਰਨਾ ਚਾਹੋਂਗੇ ?
: ਸੁੱਖ ਦੇ ਪਲ ਵੀ ਬਹੁਤ ਆਏ ਅਤੇ ਦੁੱਖ ਦੇ ਵੀ। ਪਰ ਕਿਸੇ ਇਕ ਪਲ ਦਾ ਜ਼ਿਕਰ ਕਰਨਾ ਬਹੁਤ ਔਖਾ ਹੈ।

? ਇੱਕ ਪੰਜਾਬੀ ਬੋਲੀ ਨਾਲ ਜੁੜੇ ਹੋਏ ਤੇ ਇੱਕ ਕਹਾਣੀਕਾਰਾ ਦੇ ਤੌਰ ਤੇ ਪੰਜਾਬੀ ਬੋਲੀ ਦਾ ਭਵਿੱਖ ਕਿਸ ਤਰ੍ਹਾਂ ਦੇਖ ਰਹੇ ਹੋ?
: ਮੈਨੂੰ ਤਾਂ ਪੰਜਾਬੀ ਬੋਲੀ ਦਾ ਭਵਿੱਖ ਉੱਜਲਾ ਲਗਦਾ ਹੈ। ਪੰਜਾਬੀ ਬੋਲੀ ਦੁਨੀਆਂ ਦੇ ਹਰ ਕੋਨੇ ਵਿਚ ਬੋਲੀ ਜਾ ਰਹੀ ਹੈ।

? ਬਹੁਤ ਸਾਰੇ ਲੋਕ ਪਰਵਾਸੀ ਲੇਖਕਾਂ ਨੂੰ ਡਾਲਰਾਂ ਪੌਡਾਂ ਦੀ ਤੱਕੜੀ ਨਾਲ਼ ਹੀ ਤੋਲਦੇ ਹਨ। ਕੀ ਤੁਹਾਨੂੰ ਕਦੇ ਇਹ ਗੱਲ ਮਹਿਸੂਸ ਹੋਈ ਕਿ ਇਹ ਲੋਕ ਪਰਵਾਸੀ ਸਾਹਿੱਤਕ ਗੰਭੀਰਤਾ ਨੂੰ ਨਹੀਂ ਦੇਖ ਰਹੇ ? ਜਾਂ ਫੇਰ ਇਹ ਵੀ ਸੱਚ ਹੈ ਕਿ ਨਵੇ ਲੇਖਕ ਆਪਣੀ ਸਥਾਪਤੀ ਲਈ ਕਾਹਲ ਵਿੱਚ ਹਨ। ਕਈ ਪਬਲਿਸ਼ਰ ਪੈਸੇ ਲੈ ਕੇ ਕੱਚੀਆਂ ਪਿਲੀਆਂ ਰਚਨਾਵਾਂ ਵੀ ਛਾਪ ਰਹੇ ਹਨ। ਤੁਸੀਂ ਕਿਸ ਕਥਨ ਨਾਲ ਕਿਥੇ ਕੁ ਤਕ ਸਹਿਮਤ ਹੋ ?

: ਕੋਈ ਸਮਾਂ ਸੀ ਜਦੋਂ ਪਰਵਾਸੀ ਸਾਹਿਤ ਨੂੰ ਪੌਂਡਾਂ ਅਤੇ ਡਾਲਰਾਂ ਦਾ ਸਹਿਤ ਗਿਣਿਆ ਜਾਂਦਾ ਸੀ ਪਰ ਅੱਜ ਪਰਵਾਸੀ ਸਾਹਿਤ ਦੀ ਮਾਨਤਾ ਹੈ। ਸਾਹਿਤਕਾਰਾਂ ਨੇ ਆਪਣੀ ਮਿਹਨਤ ਸਦਕਾ ਮੁੱਖਧਾਰਾ ਦੇ ਸਾਹਿਤ ਵਿੱਚ ਆਪਣਾ ਬਣਦਾ ਸਥਾਨ ਬਣਾਇਆ ਹੈ। ਯੂਨੀਵਰਸਿਟੀਆਂ ਵਿੱਚ ਖੋਜਾਰਥੀ ਪਰਵਾਸੀ ਸਾਹਿਤ ਉੱਤੇ ਕੰਮ ਕਰ ਰਹੇ ਹਨ। ਪਰ ਹਾਂ ਕੋਈ ਵਿਰਲੇ ਟਾਂਵੇ ਉਹ ਵੀ ਹਨ ਜੋ ਕੱਚੀ ਪਿੱਲੀ ਲਿਖਤ ਪੈਸਿਆਂ ਦੇ ਜੋਰ ਤੇ ਛਪਵਾ ਲੈਂਦੇ ਹੋਣਗੇ। ਉਸ ਵਾਸਤੇ ਪਬਲਿਸ਼ਰਾਂ ਨੂੰ ਚਾਹੀਦਾ ਹੈ ਕਿ ਲਿਖਤਾਂ ਨੂੰ ਪੜ੍ਹ ਕੇ ਛਾਪਣ।

? ਆਪਣੇ ਸੁਭਾਅ ਬਾਰੇ ਭਾਵੇਂ ਗੱਲ ਕਰਨੀ ਔਖੀ ਹੁੰਦੀ ਹੈ। ਤੁਹਾਨੂੰ ਬਹੁਤ ਨੇੜਿਓ ਜਾਨਣ ਵਾਲਿਆਂ ਦਾ ਕਹਿਣਾ ਹੈ ਕਿ ਮਨੁੱਖੀ ਪਿਆਰ, ਹਮਦਰਦੀ ਤੇ ਸਿਆਣਪ ਦਾ ਨਾਂ ਹੀ ਮਿੰਨੀ ਗਰੇਵਾਲ ਹੈ। ਆਪਣੇ ਸੁਭਾਅ ਦੇ ਸੱਚ ਬਾਰੇ ਕੀ ਕਹਿਣਾ ਚਾਹੋਗੇ?
:ਜੋ ਤੁਸੀਂ ਸੋਚਦੇ ਹੋ, ਸ਼ਾਇਦ ਉਹੀ ਸੱਚ ਹੈ। ਸ਼ੁਕਰੀਆ।

? ਘੁੰਮ ਫਿਰ ਕੇ ਦੁਨੀਆ ਨੂੰ ਵੇਖਣਾ ਤੇ ਕਾਦਰ ਦੀ ਕੁਦਰਤ ਦੇ ਨਜ਼ਰਿਆਂ ਨੂੰ ਮਾਨਣਾ ਵੀ ਤੁਹਡੇ ਸੁਭਾਅ ਦਾ ਇਕ ਹਿੱਸਾ ਹੈ। ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋਰ ਕਿਹੜੇ ਕਿਹੜੇ ਦੇਸ਼ਾ ਵਿੱਚ ਗਏ? ਉੱਥੇ ਦੇ ਲੋਕਾਂ ਦੇ ਜੀਵਨ ਨੂੰ ਬੜੀ ਨੀਝ ਨਾਲ ਦੇਖਿਆ ਤੇ ਘੋਖਿਆ ਹੋਵੇਗਾ। ਕੋਈ ਤਜ਼ਰਬਾ ਸਾਂਝਾ ਕਰਨਾ ਚਾਹੋਂਗੇ ?
: ਬਚਪਨ ਵਿੱਚ ਆਪਣੀ ਜਨਮ ਭੂਮੀ ਦੀ ਸੈਰ ਕਰਨ ਦਾ ਸ਼ੌਕ ਵੱਡੇ ਹੋ ਕੇ ਦੁਨੀਆ ਦੀ ਸੈਰ ਕਰਨ ਵਿੱਚ ਬਦਲ ਗਿਆ ਹੈ। ਕੁਦਰਤ ਦੇ ਨਜ਼ਾਰਿਆਂ ਨੂੰ ਦੇਖਣਾ, ਮਾਨਣਾ ਜ਼ਰੂਰ ਮੇਰਾ ਸ਼ੌਕ ਹੈ ਪਰ ਕਿਸੇ ਇਕ ਤਜ਼ਰਬੇ ਨੂੰ ਬਿਆਨ ਕਰਨਾ ਇੱਥੇ ਮੁਸ਼ਕਲ ਹੈ। ਉਂਝ ਮੈ ਤੀਹ ਕੁ ਵਰ੍ਹੇ ਪਹਿਲਾਂ ਜਦ ਕੈਨੇਡਾ ਆਈ ਸੀ ਮੈਂ ਆਪਣੇ ਦੋ ਬੱਚਿਆਂ, ਬੇਟੀ ਮੌਨੀਸ਼ਾ ਅਤੇ ਬੇਟਾ ਪਰਾਗ ਨੂੰ ਨਾਲ ਲੈ ਕੇ ਗਰੇ-ਹਾਊਂਡ ਬੱਸ ਰਾਹੀ ਤਕਰੀਬਨ ਸਾਰਾ ਕੈਨੇਡਾ ਘੰਮ ਆਈ। ਅਮਰੀਕਾ ਦਾ ਵੀ ਕਾਫ਼ੀ ਹਿੱਸਾ ਬੱਸ ਰਾਹੀ ਦੇਖਿਆ ਹੈ। ਈਜਪਟ ਵਿੱਚ ਕੈਰੋ, ਸਾਰਾ ਈਜ਼ਾਈਲ, ਯੂਰਪ ਦੇ ਕਈ ਦੇਸ਼ ਮੈਂ ਦੇਖੇ ਹਨ। ਹੋਰ ਮਾਸਕੋ ਤੋਂ ਸਾਇਬੇਰੀਆ ਦੇ ਇਰਕੁਤਸਕ ਸ਼ਹਿਰ ਤਕ ‘ਟਰਾਂਸ-ਸਾਇਬੇਰੀਅਨ ਟਰੇਨ’ ਤੇ ਗਈ। ਸਾਇਬੇਰੀਆ ਵਿੱਚ ਯੁਰੇਸ਼ੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਡੂੰਘੀ ਤਾਜ਼ੇ ਪਾਣੀ ਦੀ ਝੀਲ ‘ਲੇਕ ਬਾਈਕਾਲ’ ਦੇਖੀ। ਉਲਾਨ-ਬਾਤੌਰ (ਮੰਗੋਲੀਆ) ਵਿਚੋਂ ਹੁੰਦੇ ਹੋਏ ਬੇਜ਼ਿੰਗ ਦੀ ‘ਗਰੇਟਵਾਲ ਆਫ਼ ਚਾਇਨਾ’ ਵੀ ਦੇਖੀ ਹੈ। ਦੱਖਣੀ ਅਮਰੀਕਾ ਦੇ ਕਈ ਮੁਲਕ ਦੇਖੇ। ਇਨਕਾ –ਸਿਵਲਾਇਜ਼ੇਸ਼ਨ’ ਦੀਆ ਮਸ਼ਹੂਰ ਥਾਵਾਂ ‘ਕੁਜ਼ਕੋ’ ਅਤੇ ‘ਮਾਚੂ- ਪੀਚ’ ਵੀ ਦੇਖੀਆਂ। ਐਕੁਆਡੋਰ ਦੀ ਰਾਜਧਾਨੀ ‘ਕੀਟੋ” (ਜੋ ਦੁਨੀਆ ਵਿੱਚ ਸਭ ਤੋਂ ਉੱਚੀਆਂ ਰਾਜਧਾਨੀਆ ਵਿਚੋਂ ਦੂਜੇ ਨੰਬਰ ਤੇ ਹੈ) ਦੇ ਨੇੜੇ ਧਰਤੀ ਉੱਤੇ ਖਿੱਚੀ ਇਕੁਏਟਰ ਦੀ ਖ਼ਿਆਲੀ ਪੀਲ਼ੀ ਲਕੀਰ ਵੀ ਦੇਖੀ। ਪੈਸਿਫ਼ਿਕ ਓਸ਼ੀਅਨ ਵਿੱਚ ਨਿੱਕੇ ਨਿੱਕੇ ‘ਗਲਾਪਾਗੋਸ ਆਈਲੈਂਡਜ਼’ ਜਿੰਨਾ ਨੂੰ ਚਾਰਲਸ ਡਾਰਵਿਨ ਨੇ ਮਸ਼ਹੂਰ ਕੀਤਾ ਸੀ ਵੀ ਦੇਖੇ ।ਪਰ ਇੰਨਾ ਸਾਰੀਆਂ ਥਾਵਾਂ ਦਾ ਵਿਸਥਾਰ ਨਾਲ ਵਰਨਣ ਤਾਂ ਮੈਂ ਅਪਣੇ ਸਫ਼ਨਾਮੇਂ ਵਿੱਚ ਹੀ ਕੀਤਾ ਹੈ। ਸੋ ਉਸ ਲਈ ਤੁਹਾਨੂੰ ਮੇਰਾ ਸਫ਼ਰਨਾਮਾ ਹੀ ਪੜ੍ਹਨਾ ਪਵੇਗਾ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਛਪੇਗਾ।

? ਕੀ ਕੈਨੇਡੀਅਨ ਪੰਜਾਬੀ ਲੇਖਕ ਇਥੋਂ ਦੇ ਸਮਾਜਿਕ ਰਾਜਨੀਤਿਕ ਤੇ ਧਾਰਮਿਕ ਸਮੱਸਿਆਵਾਂ ਨੂੰ ਆਪਣੀ ਪਕੜ ਵਿੱਚ ਲੈ ਰਹੇ ਨਜ਼ਰ ਆ ਰਹੇ ਹਨ ? ਜਾਂ ਉਨ੍ਹਾਂ ਦਾ ਦਾਇਰਾ ਸੀਮਤ ਜਾਪਦਾ ? ਕੀ ਕਹਿਣਾ ਚਾਹੋਂਗੇ?
:ਕਨੇਡੀਅਨ ਪੰਜਾਬੀ ਲੇਖਕਾਂ ਨੇ ਸਮੇਂ ਸਮੇਂ ਸਿਰ ਹਰ ਵਿਸ਼ੇ ਨੂੰ ਲੈ ਕੇ ਨਿਭਾਇਆ ਹੈ। ਅੱਜ ਦਾ ਲੇਖਕ ਕਿਸੇ ਦਾਇਰੇ ਵਿੱਚ ਸੀਮਤ ਨਹੀਂ ਹੈ।

? ਤੁਸੀਂ ਦੱਸ ਰਹੇ ਸੀ ਇੱਕ ਹੋਰ ਕਿਤਾਬ ‘ਸਰਹੱਦੋਂ ਪਾਰ ਮੀਲ’ ਪ੍ਰੈੱਸ ਵਿੱਚ ਹੈ ਇਹਦੇ ਵਿੱਚ ਪਾਠਕਾਂ ਨੂੰ ਪੜਨ ਨੂੰ ਕੀ ਮਿਲੇਗਾ ? ਤੁਸੀਂ ਅੱਜ ਕੱਲ੍ਹ ਹੋਰ ਕੀ ਲਿਖ ਰਹੇ ਹੋ?
: ਇਹ ਮੇਰਾ ਸਫ਼ਰਨਾਮਾ ਹੈ। ਪਾਠਕਾਂ ਨੂੰ ਇਸ ਵਿੱਚ ਮੇਰੇ ਰੂਸ ਅਤੇ ਸਾਊਥ ਅਮਰੀਕਾ ਦੇ ਬਹੁਤੇ ਦੇਸ਼ਾਂ ਦਾ ਸਫ਼ਰ ਪੜ੍ਹਨ ਨੂੰ ਮਿਲਣਗੇ।

? ਜ਼ਿੰਦਗੀ ਦੀ ਕੋਈ ਰੀਝ ਜੋ ਪੂਰੀ ਕਰਨਾਂ ਲੋਚਦੇ ਹੋਵੋਂ?
: ਚਾਹੁੰਦੀ ਹਾਂ ਕਿ ਸਾਊਥਪੋਲ( ਅੰਟਾਰਕਟਿਕਾ) ਵੀ ਜਾਵਾਂ। ਇਹ ਰੀਝ ਹੈ ਮੇਰੀ।

? ਆਪਣੇ ਲਿਖਣ ਦੇ ਅਨੁਭਵ ਤੋਂ ਤੁਸੀਂ ਨਵੇਂ ਲਿਖਣ ਵਾਲਿਆਂ ਨੂੰ ਕਿਹੜੇ ਕਿਹੜੇ ਲੇਖਕਾਂ ਨੂੰ ਪੜ੍ਹਨ ਦੀ ਸ਼ਿਫ਼ਾਰਸ਼ ਕਰਦੇ ਹੋ ? ਪਾਠਕ ਲਈ ਕੋਈ ਸੁਨੇਹਾ ਦਿਉ?
: ਮੈਂ ਚਾਹਾਂਗੀ ਕਿ ਪਾਠਕ ਸਭ ਨੂੰ ਪੜ੍ਹਨ ਪਰ ਮੈਨੂੰ ਜ਼ਰੂਰ ਪੜ੍ਹਨ। ਪਾਠਕਾਂ ਲਈ ਤਾਂ ਮੈਂ ਇਹੋ ਕਹਾਂਗੀ ਕਿ ਦੁਨੀਆਂ ਦਾ ਚੰਗਾ ਸਾਹਿਤ ਜ਼ਰੂਰ ਪੜ੍ਹੋ ਅਤੇ ਆਪਣੀ ਲਾਇਬਰੇਰੀ ਦਾ ਹਿੱਸਾ ਬਣਾਵੋ।

*****
(30 ਜੁਲਾਈ 2010) ਯੂਨੀਕੋਡ

 

ਸਤਨਾਮ ਢਾਅ ਦੀਆਂ ਲਿਖਾਰੀ ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

ਮਿੰਨੀ ਗਰੇਵਾਲ ਦੀਆਂ ਲਿਖਾਰੀ ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

e-mail:
ਲਿਖਾਰੀ
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.