-ਲੇਖ/ਮੁਲਾਕਾਤ/ਸਵੈ-ਕਥਨ


 


 

-ਪ੍ਰਿੰ; ਸਰਵਣ ਸਿੰਘ-

ਖੇਡ ਲੇਖਕ ਪ੍ਰਿੰ. ਸਰਵਣ ਸਿੰਘ

 

 ਮੁਲਾਕਾਤੀ: ਸਤਨਾਮ ਸਿੰਘ ਢਾਹ (ਕੈਲਗਰੀ,ਕੈਨੇਡਾ)

 


-sqnfm isMG Zfh-

ਪ੍ਰਿੰਸੀਪਲ ਸਰਵਣ ਸਿੰਘ ਪੰਜਾਬੀ ਦਾ ਸਰਬਾਂਗੀ ਲੇਖਕ ਹੈ ਪਰ ਉਸਦੀ ਵਧੇਰੇ ਪਛਾਣ ਖੇਡ ਲੇਖਕ ਵਜੋਂ ਹੋਈ ਹੈਉਸ ਨੇ ਕਹਾਣੀਆਂ ਵੀ ਲਿਖੀਆਂ, ਹਾਸ ਵਿਅੰਗ ਤੇ ਸਫ਼ਰਨਾਮੇ ਵੀਹੁਣ ਉਹ ਸਵੈਜੀਵਨੀ ਲਿਖ ਰਿਹਾ ਹੈ ਤੇ ਨਾਵਲ ਲਿਖਣ ਬਾਰੇ ਸੋਚ ਰਿਹਾ ਹੈਉਹ ਸਾਹਿਤਕਾਰ ਵੀ ਹੈ ਤੇ ਸਿਹਤਕਾਰ ਵੀਉਹ ਕਾਲਜਾਂ ਦਾ ਪ੍ਰੋਫ਼ੈਸਰ ਤੇ ਪ੍ਰਿੰਸੀਪਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸੈਨੇਟਰ ਤੇ ਸਿੰਡਕੇਟ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ ਹੈਰਿਟਾਇਰ ਹੋਣ ਪਿੱਛੋਂ ਉਹ ਘੁੰਮ ਫਿਰ ਕੇ ਦੁਨੀਆਂ ਵੇਖ ਰਿਹਾ ਹੈ ਤੇ ਨਾਲ ਦੀ ਨਾਲ ਲਿਖੀ ਵੀ ਜਾ ਰਿਹਾ ਹੈਪੇਸ਼ ਹੈ ਉਸ ਨਾਲ ਕੀਤੀ ਗੱਲਬਾਤ ਦੇ ਕੁੱਝ ਅੰਸ਼:

 ? ਸ੍ਰ. ਸਰਵਣ ਸਿੰਘ ਜੀ ਪਹਿਲਾਂ ਆਪਣੇ ਬਚਪਨ, ਵਿੱਦਿਆ ਅਤੇ ਪਰਿਵਾਰ ਬਾਰੇ ਕੁੱਝ ਦੱਸੋ?

 - ਸ੍ਰ. ਸਤਨਾਮ ਸਿੰਘ ਜੀ ਮੇਰਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ, ਜ਼ਿਲ੍ਹਾ ਲੁਧਿਆਣਾ ਵਿੱਚ ਸ੍ਰ. ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆਮੇਰੇ ਚਾਰ ਭਰਾ ਨੇ ਜੋ ਅਮਰੀਕਾ ਦੇ ਪਰਵਾਸੀ ਨੇਸਾਡੇ ਬਾਪੂ ਜੀ ਨੂੰ ਲੋਕ ਕਾਮਰੇਡ ਕਹਿੰਦੇ ਸਨ ਤੇ ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ ਸਾਡੇ ਵਡੇਰੇ ਸਰਹਾਲੀ ਤੋਂ ਉੱਠ ਕੇ ਚਕਰ ਆਏ ਸਨਮੈਂ ਚਕਰ ਤੋਂ ਚਾਰ, ਮੱਲ੍ਹੇ ਤੋਂ ਦਸ, ਫਾਜ਼ਿਲਕਾ ਤੋਂ ਚੌਦਾਂ ਤੇ ਦਿੱਲੀ ਤੋਂ ਸੋਲਾਂ ਪੜ੍ਹਿਆਮੁਕਤਸਰ ਤੋਂ ਬੀ. ਐੱਡ. ਕੀਤੀ ਮੇਰੀ ਪਤਨੀ ਹਰਜੀਤ ਕੌਰ ਵੀ ਐੱਮ. ਏ; ਬੀ. ਐੱਡ. ਐਮੈਂ ਰਿਟਾਇਰਡ ਪ੍ਰਿੰਸੀਪਲ ਆਂ ਤੇ ਉਹ ਰਿਟਾਇਰਡ ਮੁੱਖ ਅਧਿਆਪਕਾ ਐਸਾਡੇ ਦੋ ਲੜਕੇ ਹਨਵੱਡਾ ਜਗਵਿੰਦਰ ਸਿੰਘ ਤੇ ਉਹਦੀ ਪਤਨੀ ਪਰਮਜੀਤ, ਅਮਰਦੀਪ ਕਾਲਜ ਮੁਕੰਦਪੁਰ ਵਿੱਚ ਲੈਕਚਰਾਰ ਨੇ ਤੇ ਛੋਟਾ ਗੁਰਵਿੰਦਰ ਸਿੰਘ ਤੇ ਉਹਦੀ ਪਤਨੀ ਸੁਖਦੀਪ ਕੈਨੇਡਾ ਦੇ ਪੱਕੇ ਵਸਨੀਕ ਨੇ ਤਿੰਨ ਪੋਤੇ ਹਨ ਤੇ ਦੋ ਪੋਤੀਆਂਸਮਝ ਲਓ ਪੂਰੀ ਇਲੈਵਨ ਐ ਉੱਦਣ ਫੁੱਟਬਾਲ ਦੇ ਵਰਲਡ ਕੱਪ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਸੀ ਜ਼ਿੱਦਣ ਸਾਡੇ ਪੋਤੇ ਹਿੰਮਤ ਸਿੰਘ ਨੇ ਜਨਮ ਲਿਆ

? ਉੱਚ ਵਿੱਦਿਆ ਕਿੱਥੋਂ ਲਈ ਤੇ ਉਸ ਤੋਂ ਬਾਅਦ ਕੀ ਕੀਤਾ?

- ਮੈਂ ਦਿੱਲੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਤੋਂ ਐੱਮ. ਏ. ਕਰ ਕੇ ਉੱਥੇ ਹੀ ਲੈਕਚਰਰ ਲੱਗ ਗਿਆ ਸਾਂ ਫਿਰ ਤੀਹ ਸਾਲ ਢੁੱਡੀਕੇ ਦੇ ਕਾਲਜ ਵਿੱਚ ਪੜ੍ਹਾਇਆ ਤੇ ਚਾਰ ਸਾਲ ਅਮਰਦੀਪ ਕਾਲਜ ਮੁਕੰਦਪੁਰ ਦਾ ਪ੍ਰਿੰਸੀਪਲ ਰਹਿ ਕੇ ਰਿਟਾਇਰ ਹੋਇਆ

? ਤੁਸੀਂ ਦਿੱਲੀ ਵਰਗੇ ਵੱਡੇ ਸ਼ਹਿਰ ਵਿੱਚ ਪੜ੍ਹਾਉਂਦੇ ਹੋਏ ਢੁੱਡੀਕੇ ਦੇ ਪੇਂਡੂ ਕਾਲਜ ਵਿੱਚ ਕਿਸ ਤਰ੍ਹਾਂ ਆ ਗਏ ਜਦੋਂ ਕਿ ਆਮ ਲੋਕ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਨੂੰ ਨੱਸਦੇ ਹਨ?

- ਮੈਨੂੰ ਢੁੱਡੀਕੇ ਦੇ ਨਾਵਲਕਾਰ ਜਸਵੰਤ ਸਿੰਘ ਕੰਵਲ ਨੇ ਮਿਹਣਾ ਮਾਰਿਆ ਸੀ ਬਈ ਜੇ ਸਾਡੇ ਪਿੰਡਾਂ ਦੇ ਮੁੰਡਿਆਂ ਨੇ ਪੜ੍ਹ ਲਿਖ ਕੇ ਸ਼ਹਿਰਾਂ ਵਿੱਚ ਪੜ੍ਹਾਉਣ ਲੱਗ ਪੈਣਾ ਐਂ ਤਾਂ ਸਾਨੂੰ ਪੜ੍ਹਾਉਣ ਦਾ ਕੀ ਫਾਇਦਾ ਹੋਇਆ? ਸਾਡੇ ਪੇਂਡੂ ਕਾਲਜਾਂ ਵਿੱਚ ਫੇਰ ਕੌਣ ਪੜ੍ਹਾਊ? ਮਿਹਣਾ ਸੁਣ ਕੇ ਮੈਂ ਦਿੱਲੀ ਦੀ ਪੱਕੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਆਪਣੇ ਪਿੰਡ ਨੇੜੇ ਢੁੱਡੀਕੇ ਕਾਲਜ ਵਿੱਚ ਆ ਲੱਗਾ

 ? ਦਿੱਲੀ ਪੜ੍ਹਦਿਆਂ ਪੜ੍ਹਾਉਂਦਿਆਂ ਕੋਈ ਖੇਡਾਂ ਜਾਂ ਸਾਹਿਤੱਕ ਸਰਗਰਮੀਆਂ ਦਾ ਜ਼ਿਕਰ ਕਰਨਾ ਚਾਹੋਂਗੇ? ਉੱਥੇ ਪੰਜਾਬੀ ਦੇ ਉੱਘੇ ਲੇਖਕਾਂ ਨੂੰ ਵੀ ਮਿਲਦੇ ਰਹੇ ਹੋਵੋਂਗੇ?

- ਮੈਂ ਦਿੱਲੀ ਯੂਨੀਵਰਸਿਟੀ ਦਾ ਸੈਕੰਡ ਬੈੱਸਟ ਅਥਲੀਟ ਸਾਂ ਤੇ ਐੱਮ. ਏ. ਵਿੱਚ ਵੀ ਯੂਨੀਵਰਸਿਟੀ ਚੋਂ ਸੈਕੰਡ ਆਇਆ ਸਾਂਇੱਕ ਅੰਕ ਦੇ ਫਰਕ ਨਾਲ ਮੇਰਾ ਫਸਟ ਕਲਾਸ ਫਸਟ ਦਾ ਗੋਲਡ ਮੈਡਲ ਮਿੱਸ ਹੋ ਗਿਆਮੈਂ ਸਿੱਖ ਸਟੂਡੈਂਟਸ ਫੈਡਰੇਸ਼ਨ ਦਿੱਲੀ ਸਰਕਲ ਦਾ ਪ੍ਰਧਾਨ ਸਾਂ ਤੇ ਦਿੱਲੀ ਦੀਆਂ ਸਾਹਿਤੱਕ ਸਰਗਰਮੀਆਂ ਵਿੱਚ ਵੀ ਸ਼ਾਮਲ ਹੁੰਦਾ ਸਾਂਹਰ ਹਫ਼ਤੇ ਹੁੰਦੀ ਸਾਹਿਤ ਸਭਾ ਦੀ ਮੀਟਿੰਗ ਵਿੱਚ ਹਿੱਸਾ ਲੈਂਦਾ ਸਾਂ ਤੇ ਕਈ ਵਾਰ ਮੀਟਿੰਗ ਦੀ ਕਾਰਵਾਈ ਵੀ ਰਜਿਸਟਰ ਉੱਤੇ ਨੋਟ ਕਰਦਾ ਸਾਂਮੀਟਿੰਗਾਂ ਵਿੱਚ ਬਹੁਤ ਸਾਰੇ ਲੇਖਕਾਂ ਨਾਲ ਮੇਲ ਹੁੰਦਾ ਸੀ ਜਿਨ੍ਹਾਂ ਵਿੱਚ ਬਲਵੰਤ ਗਾਰਗੀ, ਡਾ. ਹਰਿਭਜਨ ਸਿੰਘ, ਬਾਵਾ ਬਲਵੰਤ, ਪਿਆਰਾ ਸਿੰਘ ਸਹਿਰਾਈ, ਡਾ. ਹਰੀ ਸਿੰਘ, ਗਿਆਨੀ ਕੁਲਦੀਪ ਸਿੰਘ, ਹਜ਼ਾਰਾ ਸਿੰਘ ਗੁਰਦਾਸਪੁਰੀ, ਬਿਸ਼ਨ ਸਿੰਘ ਉਪਾਸ਼ਕ, ਤਾਰਾ ਸਿੰਘ ਕਾਮਲ, ਗੁਲਜ਼ਾਰ ਸਿੰਘ ਸੰਧੂ, ਗੁਰਬਚਨ ਸਿੰਘ ਭੁੱਲਰ, ਗੁਰਦੇਵ ਰੁਪਾਣਾ, ਨਵਤੇਜ ਪੁਆਧੀ, ਦਵਿੰਦਰ ਸਤਿਆਰਥੀ ਤੇ ਪ੍ਰੀਤਮ ਸਿੰਘ ਸਫ਼ੀਰ ਆਦਿ ਸ਼ਾਮਲ ਸਨਉੱਥੇ ਮੈਂ ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਸੁਖਬੀਰ ਤੇ ਕੁਲਵੰਤ ਸਿੰਘ ਵਿਰਕ ਨੂੰ ਵੀ ਮਿਲਿਆਭਾਪਾ ਪ੍ਰੀਤਮ ਸਿੰਘ ਤੇ ਪਿਆਰਾ ਸਿੰਘ ਦਾਤਾ ਦੀਆਂ ਦੁਕਾਨਾਂ ਤੇ ਜਿਹੜੇ ਲੇਖਕ ਪੰਜਾਬ ਤੋਂ ਆਉਂਦੇ, ਮੈਂ ਉਨ੍ਹਾਂ ਨੂੰ ਵੀ ਮਿਲਦਾ ਗਿਲਦਾ ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ ਤੇ ਬੂਟਾ ਸਿੰਘ ਸ਼ਾਦ ਉੱਥੇ ਮਿਲਦੇਕਾਫੀ ਹਾਊਸ ਵਿੱਚ ਵੀ ਲੇਖਕਾਂ ਨਾਲ ਮੇਲ ਹੁੰਦਾਦਿੱਲੀ ਵਿੱਚ ਬੜਾ ਵਧੀਆ ਸਾਹਿਤੱਕ ਮਾਹੌਲ ਸੀ ਤੇ ਦਿੱਲੀ ਪੰਜਾਬੀ ਲੇਖਕਾਂ ਨਾਲ ਭਰੀ ਪਈ ਸੀਦਿੱਲੀ ਤੋਂ ਹੀ ਮੈਨੂੰ ਸਾਹਿਤੱਕ ਜਾਗ ਲੱਗੀ

? ਤੁਹਾਡਾ ਕੈਨੇਡਾ ਆਉਣ ਦਾ ਸਬੱਬ ਕਦੋਂ ਤੇ ਕਿਵੇਂ ਬਣਿਆ?

- 1990 ਤੋਂ ਮੈਂ ਅਮਰੀਕਾ ਤੇ ਕੈਨੇਡਾ ਵਿੱਚ ਬਤੌਰ ਵਿਜ਼ਟਰ ਆਉਣ ਲੱਗ ਪਿਆ ਸਾਂ1998 ਵਿੱਚ ਮੇਰਾ ਲੜਕਾ ਕੈਨੇਡੀਅਨ ਲੜਕੀ ਨਾਲ ਵਿਆਹਿਆ ਗਿਆ ਤੇ ਕੈਨੇਡਾ ਆ ਗਿਆਅਸੀਂ ਰਿਟਾਇਰਮੈਂਟ ਤੋਂ ਪਿੱਛੋਂ 2001 ਵਿੱਚ ਬਤੌਰ ਇੰਮੀਗਰਾਂਟ ਕੈਨੇਡਾ ਆ ਗਏਹੁਣ ਗਰਮੀਆਂ ਕੈਨੇਡਾ ਵਿੱਚ ਕੱਟੀਦੀਆਂ ਨੇ ਤੇ ਸਰਦੀਆਂ ਪੰਜਾਬ ਵਿੱਚ

? ਤੁਹਾਡੇ ਕਿਸੇ ਲੜਕੇ ਨੇ ਵੀ ਖੇਡਾਂ ਵਿੱਚ ਦਿਲਚਸਪੀ ਲਈ?

- ਹਾਂ, ਵੱਡਾ ਲੜਕਾ ਡਿਕੈਥਲੋਨ ਰਿਹਾ ਉਹ ਪੰਜਾਬ ਯੂਨੀਵਰਸਿਟੀ ਦਾ ਨਵਾਂ ਰਿਕਾਰਡ ਰੱਖਣ ਪਿੱਛੋਂ ਇੰਟਰਵਰਸਿਟੀ ਮੈਡਲ ਜਿੱਤਿਆ ਤੇ ਜੂਨੀਅਰ ਨੈਸ਼ਨਲ ਚੈਂਪੀਅਨ ਬਣਿਆਜੇਕਰ ਗੋਡੇ ਦੀ ਸੱਟ ਨਾ ਲੈ ਬਹਿੰਦੀ ਤਾਂ ਸੰਭਵ ਸੀ ਉਹ ਏਸ਼ੀਆ ਲੈਵਲ ਤੇ ਮੈਡਲ ਜਿੱਤਦਾਛੋਟਾ ਲੜਕਾ ਪੰਜਾਬ ਸਿੰਧ ਬੈਂਕ ਦੀ ਹਾਕੀ ਟੀਮ ਦਾ ਮੈਂਬਰ ਸੀ ਤੇ ਇੰਡੀਆ ਦੀ ਜੂਨੀਅਰ ਹਾਕੀ ਟੀਮ ਵਿੱਚ ਚੁਣਿਆ ਗਿਆ ਸੀਉਹ ਕੈਨੇਡਾ ਵਿੱਚ ਵੀ ਹਾਕੀ ਖੇਡਦਾ ਹੈ ਤੇ ਉਨ੍ਹਾਂ ਦੇ ਬਰੈਂਪਟਨ ਹਾਕੀ ਕਲੱਬ ਨੇ ਦੋ ਵਾਰ ਕੈਨੇਡਾ ਦੀ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ ਐਕੋਸ਼ਿਸ਼ ਕਰਾਂਗੇ ਅੱਗੋਂ ਪੋਤੇ ਪੋਤੀਆਂ ਵੀ ਖੇਡਾਂ ਵਿੱਚ ਭਾਗ ਲੈਣ

? ਤੁਸੀਂ ਆਪਣੀ ਪੜ੍ਹਾਈ ਦੌਰਾਨ ਕਿਹੜੀ ਕਿਹੜੀ ਖੇਡ ਖੇਡਦੇ ਰਹੇ?

- ਮੈਂ ਗੋਲਾ ਸੁੱਟਣ ਵਿੱਚ ਯੂਨੀਵਰਸਿਟੀ ਦਾ ਚੈਂਪੀਅਨ ਸਾਂ ਤੇ ਕਾਲਜ ਦੀ ਹਾਕੀ ਟੀਮ ਦਾ ਕੈਪਟਨ ਸਾਂਉਂਜ ਤਾਂ ਕਬੱਡੀ ਵੀ ਖੇਡਿਆ ਤੇ ਫੁੱਟਬਾਲ ਦੀਆਂ ਕਿੱਕਾਂ ਵੀ ਲਾਈਆਂ ਪਰ ਵੱਡਾ ਮਾਅਰਕਾ ਕਿਸੇ ਵੀ ਖੇਡ ਵਿੱਚ ਨਹੀਂ ਮਾਰ ਸਕਿਆ

? ਤੁਹਾਡਾ ਲਿਖਣ ਦਾ ਵਿਲੱਖਣ ਖੇਤਰ ਹੈ ਜਿਸ ਵਿੱਚ ਖੇਡਾਂ ਦੀ ਜਾਣਕਾਰੀ ਦੇ ਨਾਲ ਤੁਹਾਡੀਆਂ ਲਿਖਤਾਂ ਨੂੰ ਪੜ੍ਹਨ ਦੀ ਇੱਕ ਅਨੋਖੀ ਖਿੱਚ ਹੈਖੇਡਾਂ ਬਾਰੇ ਲਿਖਣ ਦਾ ਖਿਆਲ ਤੁਹਾਨੂੰ ਕਦੋਂ ਤੇ ਕਿਵੇ ਆਇਆ?

- 1962 ਵਿੱਚ ਜਦੋਂ ਮੈਂ ਦਿੱਲੀ ਪੜ੍ਹਨ ਲੱਗਾ ਤਾਂ ਅਸੀਂ ਪ੍ਰੈਕਟਿਸ ਕਰਨ ਨੈਸ਼ਨਲ ਸਟੇਡੀਅਮ ਜਾਇਆ ਕਰਦੇ ਸਾਂਉੱਥੇ ਜਕਾਰਤਾ ਦੀਆਂ ਏਸ਼ਿਆਈ ਖੇਡਾਂ ਲਈ ਅਥਲੀਟਾਂ ਦਾ ਕੋਚਿੰਗ ਕੈਂਪ ਲੱਗਾ ਹੋਇਆ ਸੀਮੈਨੂੰ ਮਿਲਖਾ ਸਿੰਘ, ਮੱਖਣ ਸਿੰਘ, ਪ੍ਰਦੁੱਮਣ ਸਿੰਘ, ਬਲਕਾਰ ਸਿੰਘ, ਗੁਰਬਚਨ ਰੰਧਾਵਾ, ਜੋਗਿੰਦਰ ਸਿੰਘ ਤੇ ਮੁਲਕ ਦੇ ਹੋਰ ਨਾਮੀ ਅਥਲੀਟਾਂ ਨੂੰ ਮਿਲਣ ਦੇ ਮੌਕੇ ਮਿਲ ਗਏਮੈਨੂੰ ਖੇਡਾਂ ਤੇ ਖਿਡਾਰੀਆਂ ਬਾਰੇ ਲਿਖੀਆਂ ਕਿਤਾਬਾਂ ਪੜ੍ਹਨ ਦਾ ਵੀ ਸ਼ੌਂਕ ਹੋ ਗਿਆਉਹਨਾਂ ਦਿਨਾਂ ਵਿੱਚ ਬਲਵੰਤ ਗਾਰਗੀ ਨੇ ਲੇਖਕਾਂ ਦੇ ਰੇਖਾ ਚਿੱਤਰ ਲਿਖੇ ਜੋ ਨਿੰਮ ਦੇ ਪੱਤੇ ਤੇ ਸੁਰਮੇ ਵਾਲੀ ਅੱਖ ਨਾਂ ਦੀਆਂ ਕਿਤਾਬਾਂ ਵਿੱਚ ਛਪੇਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਖਿਡਾਰੀਆਂ ਦੇ ਰੇਖਾ ਚਿੱਤਰ ਲਿਖਣ ਲੱਗ ਪਿਆਅਸਲ ਵਿੱਚ ਮੇਰੀ ਤੱਕੜਾ ਖਿਡਾਰੀ ਬਣਨ ਦੀ ਰੀਝ ਸੀ ਜੋ ਪੂਰੀ ਨਾ ਹੋ ਸਕੀਬੱਸ ਉਸੇ ਰੀਝ ਨੂੰ ਪੂਰੀ ਕਰਨ ਲਈ ਮੈਂ ਖੇਡ ਲੇਖਕ ਬਣ ਗਿਆ

? ਖੇਡਾਂ ਅਤੇ ਖਿਡਾਰੀਆਂ ਬਾਰੇ ਤੁਸੀਂ ਬਹੁਤ ਕੁੱਝ ਲਿਖਿਆ ਹੈਖੇਡਾਂ ਦੇ ਖੇਤਰ ਵਿੱਚ ਅਸੀਂ ਦੁਨੀਆਂ ਦੇ ਦੂਸਰੇ ਦੇਸ਼ਾਂ ਨਾਲੋਂ ਬਹੁਤ ਪਛੜ ਗਏ ਹਾਂ, ਖ਼ਾਸ ਕਰਕੇ ਸਾਡਾ ਪੰਜਾਬ ਤੁਸੀਂ ਇਸਦਾ ਕੀ ਕਾਰਨ ਸਮਝਦੇ ਹੋ?

- ਕਾਰਨ ਕਈ ਨੇਮੁੱਖ ਕਾਰਨ ਏ ਕਿ ਇੰਡੀਆ ਵਿੱਚ ਖੇਡਾਂ ਨੂੰ ਕੋਈ ਪ੍ਰਾਥਮਿਕਤਾ ਨਹੀਂ ਦਿੱਤੀ ਜਾਂਦੀਖੇਡਾਂ ਲਈ ਰੱਖਿਆ ਬਜਟ ਜੀਅ ਪ੍ਰਤੀ ਪੰਜ ਰੁਪਏ ਵੀ ਨਹੀਂ ਆਉਂਦਾਖੁਸ਼ਹਾਲ ਵਰਗ ਦੇ ਬੱਚੇ ਵੈਸੇ ਈ ਖੇਡਾਂ ਵਿੱਚ ਭਾਗ ਨਹੀਂ ਲੈਂਦੇਪੜ੍ਹੇ ਲਿਖੇ ਵੀ ਖੇਡਾਂ ਵਿੱਚ ਸਮਾਂ ਲਾਉਣਾ ਫਜ਼ੂਲ ਸਮਝਦੇ ਨੇਕੌਮਾਂਤਰੀ ਮੁਕਾਬਲਿਆਂ ਲਈ ਆਧੁਨਿਕ ਸਹੂਲਤਾਂ ਦੀ ਵੀ ਘਾਟ ਐਖੇਡਾਂ ਨੂੰ ਉਸ ਸ਼ਿੱਦਤ ਨਾਲ ਨਹੀਂ ਅਪਨਾਇਆ ਜਾ ਰਿਹਾ ਜਿਸ ਸ਼ਿੱਦਤ ਨਾਲ ਚੀਨ, ਕੋਰੀਆ, ਜਰਮਨੀ ਤੇ ਹੋਰ ਕਈ ਮੁਲਕਾਂ ਨੇ ਅਪਨਾਇਆ ਹੋਇਐਸਾਡੇ ਦੇਸ਼ ਵਿੱਚ ਕੌਮੀ ਜਜ਼ਬਾ ਵੀ ਓਨਾ ਪਰਬਲ ਨਹੀਂਪੰਜਾਬ ਦੀ ਕਰੀਮ ਤਾਂ ਵੈਸੇ ਈ ਬਾਹਰ ਨਿਕਲੀ ਜਾਂਦੀ ਐਜਿਹੜੇ ਪਿੱਛੇ ਰਹਿ ਜਾਂਦੇ ਨੇ ਉਹ ਬਾਹਰਲਿਆਂ ਦੇ ਭੇਜੇ ਪੌਂਡਾਂ ਤੇ ਡਾਲਰਾਂ ਨਾਲ ਨਸ਼ੇ ਪੱਤੇ ਕਰੀ ਜਾਂਦੇ ਨੇ ਬਹੁਤੇ ਖਿਡਾਰੀਆਂ ਦਾ ਨਿਸ਼ਾਨਾ ਖੇਡਾਂ ਵਿੱਚ ਮਾੜੀ ਮੋਟੀ ਕਾਰਗੁਜ਼ਾਰੀ ਵਿਖਾ ਕੇ ਮਾੜੀ ਮੋਟੀ ਨੌਕਰੀ ਹਥਿਆਉਣਾ ਹੀ ਰਹਿ ਗਿਐ ਜਦੋਂ ਉਨ੍ਹਾਂ ਨੂੰ ਭਰਤੀ ਕਰ ਲਿਆ ਜਾਂਦੈ ਤਾਂ ਉਹ ਮਿਹਨਤ ਕਰਨ ਦੀ ਥਾਂ ਢਿੱਡ ਛੱਡ ਜਾਂਦੇ ਨੇਉਹਨਾਂ ਨੂੰ ਠਾਣੇਦਾਰੀ ਈ ਲੈ ਬਹਿੰਦੀ ਐਪੰਜਾਬ ਓਨਾ ਤੰਗੀ ਦਾ ਨਹੀਂ ਮਾਰਿਆ ਜਿੰਨਾ ਵੇਖ ਵਿਖਾਵੇ ਤੇ ਨਸ਼ਿਆਂ ਨੇ ਪੱਟਿਆ ਹੋਇਐਪੰਜਾਬ ਵਿੱਚ ਫੋਨਾਂ ਦੀ ਗਿਣਤੀ ਸਵਾ ਕਰੋੜ ਹੋ ਗਈ ਐਸਵਾ ਕਰੋੜ ਫੋਨ ਭਲਾ ਉਨ੍ਹਾਂ ਨੇ ਕੀ ਕਰਨੇ ਨੇ? ਪੰਜ ਹਜ਼ਾਰ ਕਰੋੜ ਦੀ ਤਾਂ ਪੰਜਾਬੀ ਸ਼ਰਾਬ ਈ ਪੀ ਜਾਂਦੇ ਨੇ ਜਦ ਕਿ ਖੇਡਾਂ ਲਈ ਤਾਂ ਪੰਜ ਸੌ ਕਰੋੜ ਦੀ ਖੁਰਾਕ ਵੀ ਨਹੀਂ ਮੁੱਕਦੀਕਾਰਨ ਬਥੇਰੇ ਨੇ ਜਿਨ੍ਹਾਂ ਦਾ ਵੇਰਵਾ ਪੂਰੇ ਲੇਖ ਦੀ ਮੰਗ ਕਰਦਾ ਹੈ

? ਵਿਦਿਆ ਦੇ ਖੇਤਰ ਵਿੱਚ ਵੀ ਤੁਸੀਂ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਕੰਮ ਕੀਤਾਤੁਸੀਂ ਕੀ ਕਾਰਨ ਸਮਝਦੇ ਹੋ ਕਿ ਪੰਜਾਬ ਵਿੱਚ ਅੱਜ ਦਾ ਨੌਜੁਆਨ ਵਰਗ ਦਿਸ਼ਾ-ਹੀਣ ਹੋਇਆ ਫਿਰਦਾ ਹੈ? ਕੀ ਵਰਤਮਾਨ ਵਿਦਿਅਕ ਢਾਂਚੇ ਨਾਲ ਵਿਦਿਆਰਥੀਆਂ ਦਾ ਕੋਈ ਉੱਜਲਾ ਭਵਿੱਖ ਦੇਖਿਆ ਜਾ ਸਕਦਾ ਹੈ? ਜਾਂ ਫੇਰ ਕੁੱਝ ਤਬਦੀਲੀਆਂ ਦੀ ਲੋੜ ਸਮਝਦੇ ਹੋ?

- ਇਸ ਸਵਾਲ ਦਾ ਜਵਾਬ ਵੀ ਬੜੇ ਵਿਸਥਾਰ ਦੀ ਮੰਗ ਕਰਦਾ ਹੈਸੰਖੇਪ ਉੱਤਰ ਇਹੋ ਐ ਕਿ ਪੰਜਾਬ ਵਿੱਚ ਸਰਕਾਰੀ ਸਕੂਲਾਂ ਕਾਲਜਾਂ ਦੀ ਸਿੱਖਿਆ ਕੋਈ ਸਿੱਖਿਆ ਨਹੀਂ ਰਹਿ ਗਈਉੱਥੇ ਅਧਿਆਪਕ ਹੀ ਨਹੀਂ ਤੇ ਪ੍ਰਾਈਵੇਟ ਅਦਾਰਿਆਂ ਦੀ ਸਿੱਖਿਆ ਨੇ ਲੁੱਟ ਮਚਾਈ ਹੋਈ ਐਉਹ ਸਿੱਖਿਆ ਉਂਜ ਵੀ ਆਮ ਲੋਕਾਂ ਦੀ ਪਹੁੰਚ ਤੋਂ ਪਰੇ ਹੈਟਾਈਆਂ ਵਾਲੇ ਬਹੁਤੇ ਸਕੂਲ ਨਿਰੀ ਸ਼ੋਸ਼ਾਬਾਜ਼ੀ ਨੇਅਜਿਹੀ ਸਿੱਖਿਆ ਲੈ ਕੇ ਵਿਦਿਆਰਥੀ ਦਿਸ਼ਾਹੀਣ ਨਹੀਂ ਹੋਣਗੇ ਤਾਂ ਹੋਰ ਕੀ ਹੋਣਗੇ? ਪੰਜਾਬ ਵਿੱਚ ਵਿਦਿਅਕ ਇਨਕਲਾਬ ਦੀ ਲੋੜ ਐ ਜਿਸ ਨਾਲ ਵਿਦਿਆਰਥੀ ਸਰਬਪੱਖੀ ਸਿੱਖਿਆ ਹਾਸਲ ਕਰ ਕੇ ਬਾਹਰ ਨੂੰ ਨਾ ਭੱਜਣ ਸਗੋਂ ਆਪਣੇ ਰੁਜ਼ਗਾਰ ਚਲਾਉਣ ਦੇ ਯੋਗ ਹੋਣਹੁਣ ਉਹ ਆਪ ਬਾਹਰ ਨੂੰ ਭੱਜੀ ਜਾਂਦੇ ਨੇ ਤੇ ਭੱਈਏ ਉਨ੍ਹਾਂ ਦੀਆਂ ਥਾਵਾਂ ਮੱਲੀ ਜਾਂਦੇ ਨੇਪੰਜਾਬ ਸਰਕਾਰ ਨੂੰ ਚਾਹੀਦੈ ਕਿ ਰੁਜ਼ਗਾਰਮੁਖੀ ਵਿਦਿਅਕ ਢਾਂਚਾ ਉਸਾਰੇ ਤਾਂ ਕਿ ਕਿਸੇ ਨੌਜੁਆਨ ਨੂੰ ਦਿਸ਼ਾਹੀਣ ਹੋਣਾ ਜਾਂ ਵਿਦੇਸ਼ਾਂ ਨੂੰ ਨਾ ਭੱਜਣਾ ਪਵੇ

? ਕਿਲਾ ਰਾਏਪੁਰ ਦਾ ਖੇਡ ਮੇਲਾ ਪੰਜਾਬ ਦੇ ਖੇਡ-ਸਭਿਆਚਾਰ ਦੀ ਰੂਹ ਮੰਨਿਆ ਜਾਂਦਾ ਹੈਕੀ ਅਜਿਹੇ ਖੇਡ ਮੇਲੇ ਹੋਰ ਵੀ ਹਨ?

- ਕਿਲਾ ਰਾਏਪੁਰ ਦੀਆਂ ਖੇਲ੍ਹਾਂ ਨੂੰ ਪੰਜਾਬ ਦੀਆਂ ਪੇਂਡੂ ਖੇਡਾਂ ਦੀ ਮਾਂ ਕਿਹਾ ਜਾਂਦਾ ਹੈਇਹ ਗੱਲ ਸੱਚੀ ਹੈ ਕਿ ਜੀਹਨੇ ਖੇਡਦੇ ਮੱਲ੍ਹਦੇ ਤੇ ਨੱਚਦੇ ਗਾਉਂਦੇ ਪੰਜਾਬ ਦੇ ਦਰਸ਼ਨ ਕਰਨੇ ਹੋਣ ਉਹ ਕਿਲਾ ਰਾਏਪੁਰ ਦੀਆਂ ਖੇਲ੍ਹਾਂ ਵੇਖ ਲਵੇਉਹ ਪੰਜਾਬੀ ਸੱਭਿਆਚਾਰ ਦੀ ਜਿਊਂਦੀ ਜਾਗਦੀ ਮੂਰਤ ਹੁੰਦਾ ਹੈਉਹਦੀ ਰੀਸ ਨਾਲ ਪੰਜਾਬ ਤੇ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿੱਚ ਵੀ ਬਹੁਤ ਸਾਰੇ ਖੇਡ ਮੇਲੇ ਲੱਗਣ ਲੱਗ ਪਏ ਨੇ

? ਪਿਛਲੇ ਕੁੱਝ ਸਾਲਾਂ ਤੋਂ ਇੱਧਰ ਵਿਦੇਸ਼ਾਂ ਵਿੱਚ ਵੀ ਖੇਡ ਮੇਲਿਆਂ ਦਾ ਬੱਜਟ ਲੱਖਾਂ ਡਾਲਰਾਂ ਤੱਕ ਪਹੁੰਚ ਚੁੱਕਾ ਹੈਇਹ ਲੱਖਾਂ ਡਾਲਰ ਲਾਉਣ ਦਾ ਮੰਤਵ ਕੀ ਹੈ?

- ਖੇਡ ਮੇਲਿਆਂ ਦਾ ਮੁੱਖ ਮੰਤਵ ਤਾਂ ਹੋਰਨਾਂ ਮੇਲਿਆਂ ਵਾਂਗ ਮਨੋਰੰਜਨ ਈ ਏਵਿਦੇਸ਼ਾਂ ਵਿੱਚ ਲੱਗਦੇ ਪੰਜਾਬੀ ਖੇਡ ਮੇਲੇ ਵੀ ਮੁੱਖ ਤੌਰ ਤੇ ਪੰਜਾਬੀਆਂ ਦਾ ਮਨੋਰੰਜਨ ਈ ਕਰ ਰਹੇ ਨੇਗਾਉਣ ਮੇਲਿਆਂ ਤੇ ਤੀਆਂ ਦੇ ਮੇਲਿਆਂ ਨਾਲੋਂ ਖੇਡ ਮੇਲਿਆਂ ਦਾ ਏਹੋ ਫਰਕ ਐ ਕਿ ਇਹਨਾਂ ਨਾਲ ਨਵੀਂ ਪੀੜ੍ਹੀ ਨੂੰ ਖੇਡਾਂ ਦੀ ਚੇਟਕ ਲੱਗਦੀ ਏ ਤੇ ਜੁੱਸੇ ਤਕੜੇ ਬਣਾਉਣ ਦਾ ਸ਼ੌਂਕ ਵੀ ਪੈਦਾ ਹੁੰਦਾ ਹੈ ਕਿਸੇ ਖੇਡ ਵਿੱਚ ਵਧੀਆ ਪ੍ਰਦਰਸ਼ਨ ਕਰ ਕੇ ਬੱਲੇ ਬੱਲੇ ਕਰਾਉਣ ਦਾ ਅਨੰਦ ਵੀ ਆਉਂਦੈਖੇਡਾਂ ਸਿਹਤਮੰਦ ਮਨੋਰੰਜਨ ਦੇ ਖਾਤੇ ਵਿੱਚ ਗਿਣੀਆਂ ਜਾਂਦੀਆਂ ਨੇ ਜਦ ਕਿ ਕੁੱਝ ਹੋਰ ਮਨੋਰੰਜਨ ਗ਼ੈਰ ਸਿਹਤਮੰਦ ਗਿਣੇ ਜਾਂਦੇ ਨੇਮਸਲਨ ਕੰਜਰੀ ਦਾ ਮਨੋਰੰਜਨ ਈ ਲੈ ਲਓਕਿੱਥੇ ਪਹਿਲਵਾਨ ਦਾ ਮਨੋਰੰਜਨ ਤੇ ਕਿੱਥੇ ਕੰਜਰੀ ਦਾ? ਖੇਡ ਮੇਲਿਆਂ ਦੇ ਬੱਜਟ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਵਰਤਿਆ ਜਾਵੇ ਤਾਂ ਕਈ ਹੋਰ ਵੀ ਚੰਗੇ ਮੰਤਵ ਪੂਰੇ ਹੋ ਸਕਦੇ ਨੇ

? ਜਿਹੜਾ ਬੱਜਟ ਅਸੀਂ ਇੱਕਲੀ ਕਬੱਡੀ ਉੱਤੇ ਲਾ ਰਹੇ ਹਾਂ ਕੀ ਉਸ ਨੂੰ ਵੰਡ ਕੇ ਹੋਰਨਾਂ ਖੇਡਾਂ ਉੱਤੇ ਵੀ ਲਾਉਣਾ ਨਹੀਂ ਬਣਦਾ?

- ਜ਼ਰੂਰ ਬਣਦਾ ਹੈਖੇਡਾਂ ਸਾਰੀਆਂ ਹੀ ਮਹੱਤਵਪੂਰਨ ਨੇਕਬੱਡੀ ਪੰਜਾਬੀਆਂ ਦੀ ਹਰਮਨ ਪਿਆਰੀ ਦੇਸੀ ਖੇਡ ਐ ਜਦ ਕਿ ਹਾਕੀ ਫੁਟਬਾਲ ਬਗੈਰਾ ਕੌਮਾਂਤਰੀ ਖੇਡਾਂ ਹਨਕਬੱਡੀ ਨਾਲ ਕੇਵਲ ਪੰਜਾਬੀਆਂ ਵਿੱਚ ਭੱਲ ਬਣਦੀ ਐ ਜਦ ਕਿ ਕੌਮਾਂਤਰੀ ਖੇਡਾਂ ਵਿੱਚ ਨਾਮਣਾ ਖੱਟਣ ਨਾਲ ਖਿਡਾਰੀ ਦੀ ਕੌਮਾਂਤਰੀ ਪੱਧਰ ਤੇ ਮਸ਼ਹੂਰੀ ਹੁੰਦੀ ਐਮਿਲਖਾ ਸਿੰਘ ਤੇ ਬਲਬੀਰ ਸਿੰਘ ਹੋਰੀਂ ਕਬੱਡੀ ਨਹੀਂ ਖੇਡੇ ਪਰ ਉਨ੍ਹਾਂ ਨੂੰ ਜੱਗ ਜਾਣਦੈਫਿੱਡੂ ਤੇ ਹਰਜੀਤ ਹੋਰਾਂ ਨੂੰ ਪੰਜਾਬੀਆਂ ਤੋਂ ਬਿਨਾਂ ਕੋਈ ਨਹੀਂ ਜਾਣਦਾਜੇਕਰ ਖੇਡ ਮੇਲਿਆਂ ਦੇ ਬੱਜਟ ਹਾਕੀ, ਫੁਟਬਾਲ, ਵਾਲੀਬਾਲ, ਅਥਲੈਟਿਕਸ, ਵੇਟ ਲਿਫਟਿੰਗ, ਸ਼ੂਟਿੰਗ, ਮੁੱਕੇਬਾਜ਼ੀ, ਕੁਸ਼ਤੀਆਂ ਤੇ ਹੋਰਨਾਂ ਖੇਡਾਂ ਉੱਤੇ ਵੰਡ ਕੇ ਲਾਏ ਜਾਣ ਤਾਂ ਸਾਰੇ ਖਿਡਾਰੀਆਂ ਦੀ ਬਿਹਤਰ ਹੌਸਲਾ ਅਫ਼ਜ਼ਾਈ ਹੋਵੇਗੀ ਤੇ ਨਤੀਜੇ ਵੀ ਚੰਗੇਰੇ ਨਿਕਲਣਗੇਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਫੀਲਡ ਹਾਕੀ ਰਾਹੀਂ ਓਲੰਪਿਕ ਖੇਡਾਂ ਤੇ ਵਿਸ਼ਵ ਕੱਪਾਂ ਤੱਕ ਸਹਿਜੇ ਹੀ ਪੁੱਜ ਸਕਦੇ ਨੇ ਜੇਕਰ ਹਾਕੀ ਦੇ ਖਿਡਾਰੀਆਂ ਦੀ ਵੀ ਕਬੱਡੀ ਦੇ ਖਿਡਾਰੀਆਂ ਵਾਂਗ ਹੌਂਸਲਾ ਅਫ਼ਜ਼ਾਈ ਹੋਵੇ ਤਾਂ ਉਹ ਓਲੰਪਿਕ ਖੇਡਾਂ ਦੇ ਮੈਡਲ ਜਿੱਤ ਸਕਦੇ ਨੇਖੇਡ ਮੇਲਿਆਂ ਦੇ ਬਜਟ ਖੇਡਾਂ ਉੱਤੇ ਵੰਡਵੇਂ ਲਾਉਣੇ ਚਾਹੀਦੇ ਨੇਖੇਡਾਂ ਵਿੱਚ ਪੱਖਪਾਤ ਚੰਗੀ ਗੱਲ ਨਹੀਂਕੱਲੀ ਕਬੱਡੀ ਨੇ ਪੰਜਾਬੀਆਂ ਦਾ ਕਲਿਆਣ ਨਹੀਂ ਕਰਨਾ

? ਭਾਰਤ ਵਿੱਚ ਹਾਕੀ ਦੀ ਥਾਂ ਕ੍ਰਿਕਟ ਨੇ ਮੱਲ ਲਈ ਹੈਕ੍ਰਿਕਟ ਦਾ ਬੁਖ਼ਾਰ ਹਰ ਪਿੰਡ ਵਿੱਚ ਦੇਖਿਆ ਜਾ ਸਕਦਾ ਹੈਉੱਥੇ ਕਦੇ ਅਥਲੈਟਿਕਸ, ਹਾਕੀ, ਫੁਟਬਾਲ, ਛਿੰਝਾਂ ਤੇ ਭਾਰ ਚੁੱਕਣ ਦੇ ਮੁਕਾਬਲੇ ਹੋਇਆ ਕਰਦੇ ਸਨਹੁਣ ਜਾਂ ਕ੍ਰਿਕਟ ਹੈ ਜਾਂ ਕਬੱਡੀ ਕਾਰਨ ਕੀ ਹੈ?

- ਕਾਰਨ ਹੈ ਪੈਸਾ ਤੇ ਪਰਚਾਰਕੰਪਨੀਆਂ ਤੇ ਮੀਡੀਏ ਦਾ ਵੱਡਾ ਭਾਗ ਕ੍ਰਿਕਟ ਪਿੱਛੇ ਐ ਤੇ ਪਰਵਾਸੀ ਪੰਜਾਬੀ ਕਬੱਡੀ ਕਬੱਡੀ ਕਰੀ ਜਾਂਦੇ ਨੇਇੱਕ ਇੱਕ ਪੈਂਟ੍ਹ ਉੱਤੇ ਲੱਖ ਲੱਖ ਰੁਪਏ ਦਾ ਇਨਾਮ ਦੇਣ ਤੱਕ ਚਲੇ ਗਏ ਨੇਖੇਡਾਂ ਪ੍ਰਤੀ ਕਈ ਖੇਡ ਪ੍ਰਮੋਟਰਾਂ ਦਾ ਨਜ਼ਰੀਆ ਬੜਾ ਉਲਾਰ ਐਉਹ ਇੱਕੋ ਖੇਡ ਦੇ ਦਿਵਾਨੇ ਹੋ ਜਾਂਦੇ ਨੇ ਤੇ ਬਾਕੀ ਖੇਡਾਂ ਉਨ੍ਹਾਂ ਨੂੰ ਦਿਸਦੀਆਂ ਈ ਨਹੀਂਚਾਹੀਦਾ ਇਹ ਵੇ ਕਿ ਸਾਰੀਆਂ ਖੇਡਾਂ ਤੇ ਉਨ੍ਹਾਂ ਦੇ ਖਿਡਾਰੀਆਂ ਨੂੰ ਬਣਦਾ ਸਰਦਾ ਮਾਣ ਸਨਮਾਨ ਦੇਈਏ

? ਪਿਛਲੇ ਚਾਲੀ ਪੰਤਾਲੀ ਸਾਲਾਂ ਤੋਂ ਤੁਸੀਂ ਖੇਡਾਂ ਤੇ ਖੇਡ ਮੇਲਿਆਂ ਦੇ ਅੰਗ ਸੰਗ ਰਹੇ ਹੋਤੁਹਾਡੇ ਵੇਖਣ ਵਿੱਚ ਆਇਆ ਹੋਵੇਗਾ ਕਿ ਮਾੜੀ ਸਿਆਸਤ, ਚੌਧਰ ਤੇ ਧੜੇਬੰਦੀਆਂ ਖੇਡਾਂ ਵਿੱਚ ਵੀ ਚਲਦੀਆਂ ਹੋਣਗੀਆਂ?

- ਜ਼ਰੂਰ ਚਲਦੀਆਂ ਨੇਮਾੜੀ ਸਿਆਸਤ ਨੇ ਕੋਈ ਖੂੰਜਾ ਖਾਲੀ ਨਹੀਂ ਛੱਡਿਆਚੰਗੇ ਮਾੜੇ ਬੰਦੇ ਹਰ ਖੇਤਰ ਵਿੱਚ ਹੁੰਦੇ ਨੇਮਾੜੇ ਬੰਦਿਆਂ ਨੇ ਤਾਂ ਧਰਮ ਵੀ ਨਹੀਂ ਬਖਸ਼ਿਆਉੱਥੇ ਵੀ ਗੋਲਕਾਂ ਪਿੱਛੇ ਯੁੱਧ ਹੋਈ ਜਾਂਦੇ ਐਖੰਡੇ ਖੜਕੀ ਜਾਂਦੇ ਨੇਖੇਡਾਂ ਕੌਣ ਵਿਚਾਰੀਆਂ ਨੇ? ਮਾੜੇ ਬੰਦੇ ਖੇਡਾਂ ਨੂੰ ਵੀ ਪਲੀਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਖੇਡਾਂ ਤੇ ਖਿਡਾਰੀਆਂ ਦਾ ਖੇਤਰ ਅਜੇ ਵੀ ਹੋਰਨਾਂ ਖੇਤਰ੍ਹਾਂ ਨਾਲੋਂ ਕੁੱਝ ਬਚਿਆ ਹੋਇਐ

? ਪੰਜਾਬ ਵਿੱਚ ਕੋਈ ਪਿੰਡ ਹੀ ਐਸਾ ਹੋਵੇਗਾ ਜਿੱਥੋਂ ਦੇ ਲੋਕ ਬਾਹਰਲੇ ਮੁਲਕਾਂ ਵਿੱਚ ਨਾ ਆਏ ਹੋਣ ਪਰ ਪੰਜਾਬ ਵਿੱਚ ਬਾਹਰਲੇ ਪੈਸੇ ਨਾਲ ਜਿੱਥੇ ਖੁਸ਼ਹਾਲੀ ਚਾਹੀਦੀ ਸੀ, ਚੰਗੀ ਸਿਹਤ ਚਾਹੀਦੀ ਸੀ ਉੱਥੇ ਅਫ਼ੀਮਾਂ ਡੋਡਿਆਂ ਤੇ ਸਮੈਕ ਦੇ ਨਸ਼ੇ ਵਧ ਰਹੇ ਨੇ, ਕੀ ਕਾਰਨ ਸਮਝਦੇ ਹੋ?

- ਜਵਾਬ ਤੁਹਾਡੇ ਸਵਾਲ ਵਿੱਚ ਈ ਐਬਹੁਤੇ ਨਸ਼ਿਆਂ ਪਿੱਛੇ ਬਾਹਰਲਾ ਪੈਸਾ ਈ ਕੰਮ ਕਰ ਰਿਹੈਵਿਹਲੜਾਂ ਨੂੰ ਡਾਲਰ ਤੇ ਪੌਂਡ ਮਿਲੀ ਜਾਂਦੇ ਨੇ ਤੇ ਉਹ ਨਸ਼ਿਆਂ ਵਿੱਚ ਉਡਾਈ ਜਾਂਦੇ ਨੇ

? ਤੁਸੀਂ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ਰਹਿੰਦੇ ਹੋਜਿੰਨੇ ਵੀ ਵੱਡੇ ਵੱਡੇ ਖੇਡ ਮੇਲੇ ਹੁੰਦੇ ਹਨ ਟੋਰਾਂਟੋ, ਵੈਨਕੂਵਰ, ਐਡਮਿੰਟਨ, ਕੈਲਗਰੀ ਜਾਂ ਅਮਰੀਕਾ ਦੇ ਵੱਡੇ ਸ਼ਹਿਰਾਂ ਵਿੱਚ ਹੁੰਦੇ ਹਨਇਨ੍ਹਾਂ ਹੀ ਸ਼ਹਿਰਾਂ ਵਿੱਚ ਸੈਕੜੇ ਪੰਜਾਬੀ ਨੌਜਵਾਨ ਡਰੱਗਜ਼ ਦਾ ਸ਼ਿਕਾਰ ਹੋ ਕੇ ਮਰ ਰਹੇ ਹਨਕੀ ਸਾਡੇ ਭਾਈਚਾਰੇ ਦਾ ਪੈਸਾ ਇੱਧਰਲੀ ਜਵਾਨੀ ਨੂੰ ਖੇਡਾਂ ਵੱਲ ਪ੍ਰੇਰਤ ਕਰਕੇ ਬਚਾਉਣ ਲਈ ਨਹੀਂ ਲਾਇਆ ਜਾ ਸਕਦਾ? ਕੀ ਤੁਸੀਂ ਖੇਡ ਕਮੇਟੀਆਂ ਨੂੰ ਕਦੇ ਇਹ ਸੁਝਾਉ ਦਿੱਤਾ?

- ਭਾਈ ਸਾਹਿਬ ਇਹੋ ਕੁੱਝ ਤਾਂ ਮੈਂ ਕਰ ਰਿਹਾਂਤੁਸੀਂ ਵੀ ਕਰੋ ਤੇ ਬਾਕੀ ਵੀ ਕਰਨਮੇਰੀ ਖੇਡ ਲੇਖਣੀ ਦਾ ਨਿਸ਼ਾਨਾ ਈ ਨੌਜਵਾਨਾਂ ਨੂੰ ਨਸ਼ਿਆਂ ਤੇ ਲੱਚਰਪੁਣੇ ਵੱਲੋਂ ਮੋੜ ਕੇ ਸਿਹਤ ਬਣਾਉਣ ਵੱਲ ਲਾਉਣਾ ਐਂ ਉਹ ਖੇਡਾਂ ਰਾਹੀਂ ਮਿਲਵਰਤਣ ਤੇ ਉਸਾਰੂ ਮੁਕਾਬਲੇ ਦੇ ਗੁਣ ਧਾਰਨ ਕਰਨ ਤੇ ਵਧੀਆ ਇਨਸਾਨ ਬਣਨਮੇਰੀਆਂ ਲਿਖਤਾਂ ਅਜਿਹੇ ਸੁਝਾਵਾਂ ਨਾਲ ਭਰੀਆਂ ਪਈਆਂ ਨੇ

? ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਸਾਡੀ ਹਰਮਨ ਪਿਆਰੀ ਖੇਡ ਹੈਅਸੀਂ ਇਸਦਾ ਵਿਰੋਧ ਨਹੀਂ ਕਰਦੇ ਜੇਕਰ ਕੋਈ ਖਿਡਾਰੀ ਚੰਗੀ ਖੇਡ ਖੇਡਦਾ ਤਾਂ ਉਹਦੀ ਕਦਰ ਜ਼ਰੂਰ ਕਰਨੀ ਚਾਹੀਦੀ ਹੈਕੀ ਕਬੱਡੀ ਦੀ ਖੇਡ ਇੱਕ ਵਿਉਪਾਰ ਨਹੀਂ ਬਣ ਚੁੱਕਾ?

- ਨਹੀਂ ਵਪਾਰ ਵਾਲੀ ਤਾਂ ਕੋਈ ਗੱਲ ਨਹੀਂ ਨਾਲੇ ਕਿਸੇ ਖੇਡ ਦਾ ਵਿਰੋਧ ਕਾਹਦੇ ਲਈ ਕਰਨੈਂ?

 ? ਕਬੱਡੀ ਵਿੱਚ ਆ ਰਹੇ ਕੁੱਝ ਭੈੜਾਂ, ਜਿਸ ਤਰ੍ਹਾਂ ਕਈ ਤਾਂ ਇਸ ਬਹਾਨੇ ਕੈਨੇਡਾ ਅਮਰੀਕਾ ਆ ਕੇ ਉਡਾਰੀਆਂ ਵੀ ਮਾਰ ਗਏਪਤਾ ਲੱਗਾ ਕਿ ਬਹੁਤ ਸਾਰੇ ਖਿਡਾਰੀ ਨਸ਼ੇ ਵੀ ਕਰਦੇ ਹਨਕਈਆਂ ਨੇ ਕਈ ਕਲੱਬਾਂ ਤੋਂ ਪੈਸੇ ਲੈ ਲਏ ਪਰ ਖੇਡੇ ਕਿਸੇ ਵੱਲੋਂ ਵੀ ਨਹੀਂਕੀ ਇਹ ਸਭ ਕੁੱਝ ਸੱਚ ਹੈ? ਇਸ ਬਾਰੇ ਕੀ ਕਹਿਣਾ ਚਾਹੋਂਗੇ?

- ਦੱਸਿਆ ਤਾਂ ਹੈ ਕਿ ਹਰ ਖੇਤਰ ਵਿੱਚ ਚੰਗੇ ਮਾੜੇ ਬੰਦੇ ਹੁੰਦੇ ਨੇਕਬੱਡੀ ਵਿੱਚ ਵੀ ਕੁੱਝ ਕਾਲੀਆਂ ਭੇਡਾਂ ਹੈਨ ਜਿਨ੍ਹਾਂ ਨੇ ਚੰਗੀ ਭਲੀ ਖੇਡ ਨੂੰ ਬਦਨਾਮ ਕਰ ਦਿੱਤੈਰੱਬ ਉਨ੍ਹਾਂ ਨੂੰ ਸੁਮੱਤ ਬਖਸ਼ੇ

? ਤੁਸੀਂ ਹੁਣ ਤੱਕ ਕੀ ਕੁੱਝ ਲਿਖਿਆ ਹੈ ਤੇ ਅੱਜ ਕੱਲ੍ਹ ਕੀ ਲਿਖ ਰਹੇ ਹੋ?

- ਮੈਂ ਸੈਂਕੜੇ ਆਰਟੀਕਲ ਲਿਖੇ ਨੇਡੇਢ ਦਰਜਨ ਕਿਤਾਬਾਂ ਛਪਵਾਈਆਂ ਨੇ ਮੇਰੀਆਂ ਕਿਤਾਬਾਂ ਦੇ ਨਾਂ ਪੰਜਾਬ ਦੇ ਚੋਣਵੇਂ ਖਿਡਾਰੀ, ਖੇਡ ਸੰਸਾਰ, ਖੇਡ ਜਗਤ ਵਿੱਚ ਭਾਰਤ, ਪੰਜਾਬੀ ਖਿਡਾਰੀ, ਖੇਡ ਮੈਦਾਨ ਚੋਂ, ਓਲੰਪਿਕ ਖੇਡਾਂ, ਖੇਡ ਜਗਤ ਦੀਆਂ ਬਾਤਾਂ, ਖੇਡ ਪਰਿਕਰਮਾ, ਖੇਡ ਦਰਸ਼ਨ, ਖੇਡ ਮੇਲੇ ਵੇਖਦਿਆਂ, ਓਲੰਪਿਕ ਖੇਡਾਂ ਦੀ ਸਦੀ, ਕਬੱਡੀ ਕਬੱਡੀ ਕਬੱਡੀ, ਪੰਜਾਬ ਦੇ ਚੋਣਵੇਂ ਖਿਡਾਰੀ, ਪਿੰਡ ਦੀ ਸੱਥ ਚੋਂ, ਬਾਤਾਂ ਵਤਨ ਦੀਆਂ, ਅੱਖੀਂ ਵੇਖ ਨਾ ਰੱਜੀਆਂ, ਫੇਰੀ ਵਤਨਾਂ ਦੀ, ਭਾਰਤ ਵਿੱਚ ਹਾਕੀ ਅਨੁਵਾਦ ਤੇ ਡਾਕ ਟਿਕਟਾਂ ਦਾ ਸ਼ੌਕਸਪੋਰਟਸਮੈੱਨ ਆਫ਼ ਪੰਜਾਬ ਅੰਗਰੇਜ਼ੀ ਦੀ ਕਿਤਾਬ ਐਅੱਜ ਕੱਲ੍ਹ ਆਪਣੀ ਸਵੈਜੀਵਨੀ ਲਿਖ ਰਿਹਾਂਕਹਾਣੀ ਸੰਗ੍ਰਹਿ ਛਪਵਾਉਣ ਤੇ ਨਾਵਲ ਲਿਖਣ ਦਾ ਵੀ ਵਿਚਾਰ ਐਅਜੇ ਸਫ਼ਰਨਾਮਿਆਂ ਦਾ ਸਫ਼ਰਨਾਮਾ ਲਿਖਣਾ ਵੀ ਬਾਕੀ ਐਆਹਰੇ ਲੱਗਾ ਹੋਇਆਂ ਤੇ ਜਿੰਨਾ ਚਿਰ ਉਮਰ ਐ ਲਿਖੀ ਜਾਵਾਂਗਾਇਹ ਤਾਂ ਸਮਾਂ ਈ ਦੱਸੇਗਾ ਕਿ ਮੇਰੀ ਸੀਮਾ ਕਿੱਥੇ ਤੱਕ ਐ?

? ਤੁਹਾਡੀਆਂ ਲਿਖੀਆਂ ਕੁੱਝ ਕਿਤਾਬਾਂ ਯੂਨੀਵਰਸਟੀ ਦੇ ਸਲੇਬਸ ਵਿੱਚ ਵੀ ਲੱਗੀਆਂ ਹਨਉਹਨਾਂ ਬਾਰੇ ਵੀ ਕੁੱਝ ਦੱਸੋ ਕਿਹੜੀ ਕਿਹੜੀ ਕਿਤਾਬ ਸਲੇਬਸ ਵਿੱਚ ਪੜ੍ਹਾਈ ਜਾਂਦੀ ਹੈ?

- ਮੇਰਾ ਅਮਰੀਕਾ ਤੇ ਕੈਨੇਡਾ ਦਾ ਸਫ਼ਰਨਾਮਾ ਅੱਖੀਂ ਵੇਖ ਨਾ ਰੱਜੀਆਂ ਛੇ ਸਾਲ ਬੀ. ਏ. ਦੀਆਂ ਜਮਾਤਾਂ ਵਿੱਚ ਪੜ੍ਹਾਇਆ ਜਾਂਦਾ ਰਿਹਾਪਿੰਡ ਦੀ ਸੱਥ ਚੋਂਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਵਿੱਚ ਲੱਗੀ ਰਹੀਅਨੇਕਾਂ ਆਰਟੀਕਲ ਵੱਖ ਵੱਖ ਪਾਠ ਪੁਸਤਕਾਂ ਵਿੱਚ ਪੜ੍ਹਾਏ ਜਾ ਰਹੇ ਨੇ

? ਤੁਸੀਂ ਬਹੁਤ ਸਾਰੇ ਖਿਡਾਰੀਆਂ ਨੂੰ ਬਹੁਤ ਨੇੜਿਓ ਤੱਕਿਆ ਹੈ ਤੇ ਉਨ੍ਹਾਂ ਨਾਲ ਮੁਲਾਕਾਤਾਂ ਵੀ ਕੀਤੀਆਂ ਹਨਕਈ ਓਲੰਪੀਅਨਾਂ ਨੂੰ ਵੀ ਮਿਲੇ ਹੋ ਜਿਨ੍ਹਾਂ ਖਿਡਾਰੀਆਂ ਨੂੰ ਤੁਸੀਂ ਮਿਲੇ ਹੋ ਉਹ ਸਭ ਤੋਂ ਵਧ ਸ਼ਿਕਾਇਤ ਕਿਸ ਗੱਲ ਦੀ ਕਰਦੇ ਹਨ?

- ਖੁਰਾਕ ਦੀ ਕਮੀ ਤੇ ਖੇਡ ਸਹੂਲਤਾਂ ਦੀ ਘਾਟ ਦੀਆਂ ਸ਼ਿਕਾਇਤਾਂ ਆਮ ਸੁਣੀਆਂ ਨੇਕਈ ਕਹਿੰਦੇ ਨੇ ਕਿ ਖਿਡਾਰੀ ਦਾ ਕੋਈ ਭਵਿੱਖ ਨਹੀਂਬੁਢਾਪੇ ਵਿੱਚ ਅਣਗੌਲੇ ਰਹਿ ਜਾਣ ਦਾ ਰੋਣਾ ਵੀ ਰੋਂਦੇ ਨੇਖੇਡਾਂ ਦੀਆਂ ਐਸੋਸੀਏਸ਼ਨਾਂ ਤੇ ਫੈਡਰੇਸ਼ਨਾਂ ਪ੍ਰਤੀ ਵੀ ਸ਼ਿਕਾਇਤਾਂ ਨੇਸ਼ਿਕਾਇਤਾਂ ਦਾ ਕੋਈ ਅੰਤ ਨਹੀਂ

? ਕੀ ਕਦੇ ਕਿਸੇ ਖਿਡਾਰੀ ਨੇ ਰਿਸ਼ਵਤ ਜਾਂ ਭਤੀਜਾਵਾਦ ਦੇ ਕੰਡੇ ਦਾ ਵੀ ਜਿਕਰ ਕੀਤਾ ਕਿਉਂਕਿ ਆਮ ਸੁਣਿਆ ਹੈ ਕਿ ਸਿਲੈਕਸ਼ਨ ਕਮੇਟੀਆਂ ਸਿਫ਼ਾਰਸ਼ੀ ਖਿਡਾਰੀਆਂ ਨੂੰ ਅੱਗੇ ਕਰ ਕੇ ਕਿਸੇ ਯੋਗ ਖਿਡਾਰੀ ਨੂੰ ਮੌਕਾ ਨਹੀਂ ਲੈਣ ਦਿੰਦੀਆਂਕੋਈ ਦਾਸਤਾਨ ਪਾਠਕਾਂ ਨਾਲ ਸਾਂਝੀ ਕਰਨੀ ਚਾਹੋਗੇ?

- ਇੱਕ ਦਾਸਤਾਨ ਹੋਵੇ ਤਾਂ ਦੱਸਾਂਮੇਰੀਆਂ ਲਿਖਤਾਂ ਬਥੇਰੀਆਂ ਦਾਸਤਾਨਾਂ ਨਾਲ ਭਰੀਆਂ ਪਈਆਂ ਨੇਬਿਹਤਰ ਹੋਵੇਗਾ ਜੇ ਮੇਰੀਆਂ ਪੁਸਤਕਾਂ ਪੜ੍ਹੀਆਂ ਜਾਣ

? ਕਈ ਵਾਰੀ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਕਈ ਖਿਡਾਰੀ ਬੁਢੇਪੇ ਵਿੱਚ ਬਹੁਤ ਹੀ ਮਾੜੀ ਮਾਲੀ ਹਾਲਤ ਵਿੱਚੀਂ ਗੁਜ਼ਰ ਰਹੇ ਹਨ ਸਰਕਾਰੀ ਜਾਂ ਖੇਡ ਵਿਭਾਗ ਵੱਲੋਂ ਕੋਈ ਇਹੋ ਜਿਹੇ ਉਪਰਾਲੇ ਨਹੀਂ ਹੋ ਰਹੇ ਕਿ ਇਹਨਾਂ ਅਨਮੋਲ ਹੀਰਿਆਂ ਨੂੰ ਬੁਢੇਪੇ ਵਿੱਚ ਰੁਲ਼ਣੇ ਤੋਂ ਬਚਾਇਆ ਜਾ ਸਕੇ?

- ਪੰਜਾਬ ਦੇ ਖੇਡ ਵਿਭਾਗ ਨੇ ਕੁੱਝ ਕੁ ਨਿਗੂਣੀਆਂ ਜਿਹੀਆਂ ਪੈਨਸ਼ਨਾਂ ਦਾ ਪ੍ਰਬੰਧ ਕੀਤੈਕੁੱਝ ਅਵਾਰਡ ਵੀ ਰੱਖੇ ਨੇ ਕੁੱਝ ਗਰਾਂਟਾਂ ਨੇਪਰ ਇਹ ਕਾਫੀ ਨਹੀਂਇਹ ਗੱਲ ਸੱਚੀ ਐ ਕਿ ਕਈ ਚੈਂਪੀਅਨ ਖਿਡਾਰੀਆਂ ਦਾ ਬੁਢੇਪਾ ਬੁਰੇ ਹਾਲੀਂ ਗੁਜ਼ਰ ਰਿਹੈਸਰਕਾਰਾਂ ਤੇ ਖੇਡ ਕਲੱਬਾਂ ਨੂੰ ਉਨ੍ਹਾਂ ਦੀ ਸਾਰ ਲੈਣੀ ਚਾਹੀਦੀ ਐਮੈਂ ਅਕਸਰ ਉਨ੍ਹਾਂ ਖਿਡਾਰੀਆਂ ਬਾਰੇ ਲਿਖਦਾ ਰਹਿਨਾਂ

? ਤੁਸੀਂ ਖਿਡਾਰੀਆਂ ਨੂੰ ਵਧ ਨੇੜੇ ਹੋ ਕੇ ਤੱਕਿਆ ਹੈਤੁਸੀਂ ਦੇਖਿਆ ਹੋਵੇਗਾ ਕਿ ਅੱਜ ਕੱਲ੍ਹ ਦੇ ਖਿਡਾਰੀਆਂ ਵਿੱਚ ਪਹਿਲੇ ਖਿਡਾਰੀਆਂ ਵਰਗਾ ਡਿਸਿਪਲਿਨ ਨਹੀਂ?

- ਹਾਂ, ਕਿਸੇ ਹੱਦ ਤੱਕ ਤੁਹਾਡੀ ਗੱਲ ਠੀਕ ਐਖੇਡਾਂ ਤਾਂ ਡਿਸਿਪਲਿਨ ਸਿਖਾਉਣ ਲਈ ਹਨ

? ਕਬੱਡੀ ਦੇ ਨਿਯਮਾਂ ਬਾਰੇ ਸਵਾਲ ਹੈ ਜਿਸ ਤਰ੍ਹਾਂ ਪਿਛਲੇ ਕੁੱਝ ਸਮੇਂ ਤੋਂ ਕਬੱਡੀ ਦਾ ਦਾਇਰਾ ਵੀ ਘਟਾ ਦਿੱਤਾ ਤੇ ਸਾਹ ਦਾ ਸਮਾਂ 30 ਸੈਕਿੰਡ ਕਰ ਦਿੱਤਾਕੀ ਤੁਸੀਂ ਸਮਝਦੇ ਹੋ ਕਿ ਇਹਨਾਂ ਤਬਦੀਲੀਆਂ ਦੀ ਲੋੜ ਸੀ? ਕਿਹੜੀ ਸੰਸਥਾ ਇਹੋ ਜਿਹੀਆਂ ਤਬਦੀਲੀਆਂ ਕਰ ਸਕਦੀ ਹੈ?

- ਸਾਰੀਆਂ ਹੀ ਖੇਡਾਂ ਦੇ ਨਿਯਮਾਂ ਵਿੱਚ ਸਮੇਂ ਸਮੇਂ ਕੁੱਝ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਨੇਕਬੱਡੀ ਵਿੱਚ ਵੀ ਕੁੱਝ ਤਬਦੀਲੀਆਂ ਹੋਈਆਂ ਨੇਇਸ ਖੇਡ ਨੂੰ ਹੋਰ ਦਰਸ਼ਨੀ ਬਣਾਉਣ ਲਈ ਹੋਰ ਤਬਦੀਲੀਆਂ ਦੀ ਵੀ ਲੋੜ ਐਕਬੱਡੀ ਦਾ ਸਮਾਂ ਤੀਹ ਸਕਿੰਟ ਜ਼ਿਆਦਾ ਐਇਹ ਪੱਚੀ ਸਕਿੰਟ ਕੀਤਾ ਜਾਣਾ ਚਾਹੀਦੈ ਤਾਂ ਜੋ ਜੱਫਿਆਂ ਦੇ ਨੰਬਰ ਕੁੱਝ ਵਧ ਸਕਣਦਾਇਰਾ ਵੀ ਪਝੰਤਰ ਫੁੱਟ ਈ ਰੱਖਣਾ ਚਾਹੀਦੈਟੀਮਾਂ ਦੇ ਅੱਠ ਅੱਠ ਖਿਡਾਰੀ ਦਾਇਰੇ ਵਿੱਚ ਹੋਣ ਤੇ ਬਾਕੀ ਸਾਈਡ ਲਾਈਨ ਤੇ ਬਹਿ ਕੇ ਬਦਲਵੇਂ ਖਿਡਾਰੀ ਵਜੋਂ ਇੰਤਜ਼ਾਰ ਕਰਨਦਾਇਰੇ ਵਿੱਚ ਕੱਛਾਂ ਵਿੱਚ ਬਾਂਹਾਂ ਦੇਈ ਵਿਹਲੇ ਖੜ੍ਹੇ ਖਿਡਾਰੀ ਨਹੀਂ ਜੱਚਦੇਦਾਇਰੇ ਵਿੱਚ ਕੋਚ ਦਾ ਪਾਣੀ ਦੀ ਬੋਤਲ ਲੈ ਕੇ ਤੁਰੇ ਫਿਰਨ ਦਾ ਵੀ ਕੋਈ ਮਤਲਬ ਨਹੀਂਇੰਜ ਪਾਣੀ ਦੀ ਦੁਰਵਰਤੋਂ ਕੀਤੀ ਜਾਂਦੈ ਐਕਿਸੇ ਮਿਆਰੀ ਖੇਡ ਵਿੱਚ ਅਜਿਹਾ ਨਹੀਂ ਹੁੰਦਾਚੰਗਾ ਹੋਵੇ ਜੇ ਮਾਨਤਾ ਪ੍ਰਾਪਤ ਆਲਮੀ ਕਬੱਡੀ ਫੈਡਰਸ਼ਨ ਬਣੇਓਹੀ ਨਿਯਮ ਬਣਾਵੇ ਤੇ ਲਾਗੂ ਕਰੇ ਤਦ ਈ ਕਬੱਡੀ ਦਾ ਕਲਿਆਣ ਹੋਵੇਗਾ

? ਤੁਸੀਂ ਖੇਡਾਂ ਵਿੱਚ ਕਦੇ ਰੈਫ਼ਰੀ ਵੀ ਬਣੇ ਹੋਵੋਗੇ? ਇਹ ਬਹੁਤ ਔਖਾ ਕੰਮ ਹੈਭਾਵੇਂ ਤੁਸੀਂ ਪੂਰੀ ਇਮਾਨਦਾਰੀ ਨਾਲ ਇਹ ਕੰਮ ਕਰੋ ਪਰ ਫੇਰ ਵੀ ਕਿਸੇ ਵੇਲੇ ਦਰਸ਼ਕਾਂ ਦੀ ਹਮਦਰਦੀ ਕਿਸੇ ਦੂਜੇ ਖਿਡਾਰੀ ਨਾਲ ਹੋਵੇ ਤਾਂ ਰੌਲ਼ਾ ਪੈ ਜਾਂਦਾ ਹੈਕੋਈ ਇਹੋ ਜਿਹਾ ਤਜਰਬਾ ਸਾਂਝਾ ਕਰਨਾ ਚਾਹੋਂਗੇ?

- ਮੈਂ ਕਬੱਡੀ ਦੇ ਮੈਚਾਂ ਸਮੇਂ ਵਿਸਲ ਵੀ ਫੜ ਲੈਂਦਾ ਰਿਹਾਂ ਤੇ ਮਾਈਕ ਤਾਂ ਹੁਣ ਤੱਕ ਫੜੀ ਜਾਨਾਂਮੈਨੂੰ ਕਦੇ ਕੋਈ ਖ਼ਾਸ ਔਖ ਨਹੀਂ ਆਈ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਐ ਤੇ ਮਾੜੇ ਮੋਟੇ ਰੌਲੇ ਗੌਲੇ ਦੀ ਪਰਵਾਹ ਨਹੀਂ ਕਰੀਦੀਦਰਸ਼ਕ ਆਪੋ ਆਪਣੀਆਂ ਟੀਮਾਂ ਦੇ ਹਮਾਇਤੀ ਹੁੰਦੇ ਨੇ ਉਹ ਰੈਫਰੀ ਜਾਂ ਅੰਪਾਇਰ ਨਹੀਂ ਹੁੰਦੇਵੈਸੇ ਇਹ ਵੇਖਿਆ ਗਿਐ ਕਿ ਕਬੱਡੀ ਦੇ ਦਰਸ਼ਕ ਰੈਫਰੀਆਂ ਦੇ ਨਿਰਣਿਆਂ ਵਿੱਚ ਕੁੱਝ ਵਧੇਰੇ ਈ ਦਖਲ-ਅੰਦਾਜ਼ੀ ਕਰਦੇ ਨੇ

? ਰੈਫ਼ਰੀ ਦੇ ਕੰਮ ਨਾਲ ਇੱਕ ਹੋਰ ਕੰਮ ਹੈ ਕੁਮੈਂਟਰੀ ਕਰਨ ਦਾ, ਤੁਸੀਂ ਕੁਮੈਂਟਰੀ ਵੀ ਕਰਦੇ ਹੋਤੁਸੀਂ ਕਿਹੜੇ ਕਿਹੜੇ ਕੁਮੈਂਟੇਟਰਾਂ ਨੂੰ ਸਮਝਦੇ ਹੋ ਕਿ ਉਹਨਾਂ ਨੇ ਖੇਡ ਮੇਲਿਆਂ ਨੂੰ ਦਿਲਚਸਪ ਬਣਾਉਣ ਵਿੱਚ ਯੋਗਦਾਨ ਪਾਇਆ? ਹੁਣ ਤੱਕ ਦੇ ਕੁਮੈਂਟੇਟਰਾਂ ਬਾਰੇ ਕੁੱਝ ਦਸੋ?

- ਕਬੱਡੀ ਦਾ ਪਹਿਲਾ ਕੁਮੈਂਟੇਟਰ ਮੈਂ ਕਿਲਾ ਰਾਏਪੁਰ ਦੇ ਪੀ. ਟੀ. ਜੋਗਿੰਦਰ ਸਿੰਘ ਨੂੰ ਸਮਝਦਾਂਜਸਵੰਤ ਸਿੰਘ ਕੰਵਲ ਤੇ ਮੈਂ ਢੁੱਡੀਕੇ ਦੇ ਖੇਡ ਕੇਲੇ ਤੇ ਕੁਮੈਂਟਰੀ ਕਰਦੇ ਰਹੇ ਆਂਜਗਤਪੁਰ ਦਾ ਨਿਰੰਜਣ ਸਿੰਘ, ਹਰਮੋਹਿੰਦਰ ਸਿੰਘ ਭੁੱਲਰ, ਦਾਰਾ ਸਿੰਘ ਗਰੇਵਾਲ, ਗਿਆਨੀ ਹਰਜੀਤ ਸਿੰਘ, ਡਾ. ਦਰਸ਼ਨ ਬੜੀ, ਪ੍ਰੋ. ਮੱਖਣ ਸਿੰਘ, ਅਰਵਿੰਦਰ ਸਿੰਘ ਕੋਛੜ, ਗੁਰਪ੍ਰੀਤ ਸਿੰਘ ਬੇਰ ਕਲਾਂ, ਰਿੰਪੀ ਬਰਾੜ, ਕੁਲਵੰਤ ਸਿੰਘ ਬੁਢਲਾਡਾ, ਮੱਖਣ ਅਲੀ, ਮੱਖਣ ਬਰਾੜ, ਸੁਖਚੈਨ ਬਰਾੜ, ਸੁਰਜੀਤ ਸਿੰਘ, ਮਾਸਟਰ ਸੁਖਚਰਨਜੀਤ ਸਿੰਘ, ਮਾਸਟਰ ਅਜੀਤ ਸਿੰਘ ਤੇ ਮਾਸਟਰ ਗੁਰਪਾਲ ਸਿੰਘ ਆਦਿ ਕਈ ਕੁਮੈਂਟੇਟਰਾਂ ਨੇ ਖੇਡ ਮੇਲਿਆਂ ਨੂੰ ਦਿਲਚਸਪ ਬਣਾਉਣ ਵਿੱਚ ਯੋਗਦਾਨ ਪਾਇਆ ਹੈਹੁਣ ਤਾਂ ਗਾਇਕਾਂ ਵਾਂਗ ਇੱਟ ਪੁੱਟਿਆਂ ਕੁਮੈਂਟੇਟਰ ਨਿਕਲਦੇ ਹਨਅਜੋਕੇ ਸਮੇਂ ਵਿੱਚ ਮੱਖਣ ਸਿੰਘ ਹਕੀਮਪੁਰ ਕੁਮੈਂਟਰੀ ਦਾ ਗੁਰਦਾਸ ਮਾਨ ਗਿਣਿਆ ਜਾਂਦੈ

? ਆਪਣੀ ਜਿੰਦਗੀ ਦੀ ਕੋਈ ਖੁਸ਼ਗਵਾਰ ਜਾਂ ਦੁੱਖਗਵਾਰ ਘਟਨਾ ਸਾਂਝੀ ਕਰਨਾ ਚਾਹੋਂਗੇ?

- ਖ਼ੁਸ਼ੀਆਂ ਬਹੁਤੀਆਂ ਮਿਲੀਆਂ ਤੇ ਦੁੱਖ ਘੱਟ ਮਿਲੇਹੁਣ ਇਹੋ ਸੰਸਾ ਕਿ ਦੁੱਖ ਵਧ ਨਾ ਜਾਣ

 ? ਸ੍ਰ. ਸਰਵਣ ਸਿੰਘ ਜੀ ਕੋਈ ਮਾਣ ਸਨਮਾਨ?

 - ਕੋਈ ਬਾਕੀ ਨਹੀਂ ਰਹੀਢੁੱਡੀਕੇ ਸਾਹਿਤ ਟ੍ਰੱਸਟ ਦੇ ਪੁਰਸਕਾਰ ਤੋਂ ਲੈ ਕੇ ਪੰਜਾਬੀ ਸੱਥ ਲਾਂਬੜਾ ਦਾ ਸੱਯਦ ਵਾਰਸ ਸ਼ਾਹ ਪੁਰਸਕਾਰ, ਪੰਜਾਬੀ ਸਾਹਿਤ ਅਕਾਡਮੀ ਦਾ ਕਰਤਾਰ ਸਿੰਘ ਧਾਲੀਵਾਲ ਅਵਾਰਡ, ਪੰਜਾਬ ਸਰਕਾਰ ਦਾ ਸ਼੍ਰੋਮਣੀ ਲੇਖਕ ਪੁਰਸਕਾਰ ਤੇ ਖੇਡ ਲੇਖਕ ਹੋਣ ਦੇ ਅਨੇਕਾਂ ਮਾਨ ਸਨਮਾਨ ਮਿਲੇਭਾਰਤ ਸਰਕਾਰ ਦੀ ਸਪੋਰਟਸ ਅਥਾਰਟੀ ਆਫ਼ ਇੰਡੀਆ ਦਾ ਖੇਡ ਸਾਹਿਤ ਦਾ ਨੈਸ਼ਨਲ ਅਵਾਰਡ ਵੀ ਮਿਲਿਆਵੱਖ ਵੱਖ ਖੇਡ ਮੇਲਿਆਂ ਤੋਂ ਸੌ ਦੇ ਕਰੀਬ ਪਲੇਕਾਂ ਮਿਲੀਆਂਮੈਂ ਏਨੇ ਮਾਣ ਦੇ ਯੋਗ ਨਹੀਂ ਸੀ ਜਿੰਨਾ ਮਾਣ ਪੰਜਾਬੀ ਪਿਆਰਿਆਂ ਨੇ ਬਖਸ਼ਿਆਮੈਂ ਇਸ ਮਾਣ ਸਨਮਾਨ ਨੂੰ ਪੰਜਾਬੀ ਵਿੱਚ ਲਿਖ ਰਹੀਆਂ ਕਲਮਾਂ ਦਾ ਮਾਣ ਸਨਮਾਨ ਸਮਝਦਾਂ

? ਅੱਜ ਕੱਲ੍ਹ ਖੇਡ ਮੇਲ਼ਿਆਂ ਵਿੱਚ ਕਾਫੀ ਮਗਨ ਹੋਵੋਗੇ? ਹੁਣ ਤੁਸੀਂ ਰਿਟਾਇਰਡ ਹੋਆਪਣਾ ਵਿਹਲਾ ਸਮਾਂ ਕਿਸ ਤਰ੍ਹਾਂ ਬਤੀਤ ਕਰਦੇ ਹੋ?

- ਮੇਰੇ ਕੋਲ ਵਿਹਲਾ ਸਮਾਂ ਹੈ ਈ ਕੋਈ ਨਹੀਂ ਰਿਟਾਇਰ ਹੋਣ ਨਾਲ ਮੈਂ ਆਪਣੇ ਟਾਇਰ ਬਦਲ ਲਏ ਨੇਹੁਣ ਮੈਂ ਖੇਡ ਮੇਲਿਆਂ ਤੇ ਚੜ੍ਹਿਆ ਰਹਿੰਨਾਂ ਤੇ ਲਿਖਣ ਪੜ੍ਹਨ ਵਿੱਚ ਮਸਤ ਆਂਹਰ ਸਾਲ ਨਵੀਂ ਪੁਸਤਕ ਪ੍ਰਕਾਸ਼ਤ ਕਰਵਾ ਰਿਹਾਂਐਤਕੀਂ ਦੋ ਕਿਤਾਬਾਂ ਛਪੀਆਂ ਨੇ, ਕਬੱਡੀ ਕਬੱਡੀ ਕਬੱਡੀ ਤੇ ਫੇਰੀ ਵਤਨਾਂ ਦੀ ਰੰਗੀਨ ਮੈਗਜ਼ੀਨ ਖੇਡ ਸੰਸਾਰ ਵੀ ਕੱਢ ਰਹੇ ਆਂਅਖ਼ਬਾਰਾਂ ਰਸਾਲਿਆਂ ਲਈ ਕਾਲਮ ਲਿਖ ਰਿਹਾਂ ਤੇ ਸੁਬ੍ਹਾ ਸ਼ਾਮ ਸੈਰ ਕਰ ਰਿਹਾਂਏਨਾ ਜ਼ਰੂਰ ਐ ਕਿ ਮੈਨੂੰ ਕਿਸੇ ਕੰਮ ਦਾ ਕੋਈ ਬੰਨ੍ਹਣ ਨਹੀਂਰੁਟੀਨ ਹੈ ਪਰ ਮੈਂ ਰੁਟੀਨ ਦਾ ਗ਼ੁਲਾਮ ਨਹੀਂ

? ਕਮਾਈ ਦਾ ਕੋਈ ਸਾਧਨ?

- ਬਥੇਰੀਆਂ ਕਮਾਈਆਂ ਕਰ ਲਈਆਂਜਿਹੜਾ ਕੋਈ ਸੱਦਦੈ ਟਿਕਟ ਭੇਜ ਦਿੰਦੈ ਤੇ ਤੋਰਾ ਫੇਰਾ ਚੱਲੀ ਜਾਂਦੈਹੋਰ ਆਪਾਂ ਕੀ ਲੈਣਾ?

? ਕੋਈ ਦਿਲੀ ਤਮੰਨਾ ਜੋ ਪੂਰੀ ਕਰਨਾ ਲੋਚਦੇ ਹੋਵੋ?

- ਹੁਣ ਮੇਰੀ ਇਸ਼ਕ ਕਰਨ ਦੀ ਤਾਂ ਉਮਰ ਨਹੀਂ ਏਹੋ ਤਮੰਨਾ ਸਮਝ ਲਓ ਕਿ ਲੰਮੀ ਸਿਹਤਮੰਦ ਜ਼ਿੰਦਗੀ ਜੀਵਾਂ ਤੇ ਪੰਜਾਬੀ ਖੇਡ ਅਦਬ ਨੂੰ ਹੋਰ ਮਾਲਾਮਾਲ ਕਰਾਂਤਮੰਨਾ ਐ ਕਿ ਸਾਡੇ ਪੰਜਾਬੀ ਖਿਡਾਰੀ ਵੀ ਓਲੰਪਿਕ ਖੇਡਾਂ ਦੇ ਜਿੱਤ ਮੰਚ ਤੇ ਚੜ੍ਹਨ

? ਕੋਈ ਸਵਾਲ ਜੋ ਮੈਂ ਪੁੱਛ ਨਾ ਸਕਿਆ ਹੋਵਾਂ?

- ਹਾਲੇ ਏਨੇ ਈ ਬਹੁਤ ਨੇਬਾਕੀ ਕਦੇ ਫੇਰ ਸਹੀ

? ਖਿਡਾਰੀਆਂ ਨੂੰ, ਖੇਡ ਮੇਲੇ ਕਰਾਉਣ ਵਾਲਿਆਂ ਨੂੰ ਜਾਂ ਫੇਰ ਦਰਸ਼ਕਾਂ ਨੂੰ ਕੋਈ ਸੁਨੇਹਾ?

- ਕਿਸੇ ਲੇਖਕ ਦੀਆਂ ਲਿਖਤਾਂ ਸੁਨੇਹਿਆਂ ਨਾਲ ਹੀ ਭਰੀਆਂ ਹੁੰਦੀਆਂ ਨੇਮੇਰੀਆਂ ਲਿਖਤਾਂ ਵਿੱਚ ਵੀ ਬਥੇਰੇ ਸੁਨੇਹੇ ਨੇਖੇਡਾਂ ਮਨੁੱਖੀ ਜੀਵਨ ਲਈ ਬੜੀ ਵੱਡੀ ਨਿਆਮਤ ਨੇਖੇਡਾਂ ਰਾਹੀਂ ਜੁੱਸੇ ਵਧੇਰੇ ਫਿੱਟ ਰੱਖੇ ਜਾ ਸਕਦੇ ਨੇ ਤੇ ਸਰੀਰਾਂ ਦੀ ਹੰਢਣਸਾਰੀ ਵਧਾਈ ਜਾ ਸਕਦੀ ਐਫਿੱਟ ਜੁੱਸਾ ਹਰ ਕੰਮ ਲਈ ਫਿੱਟ ਹੁੰਦੈਵਿਹਲੇ ਸਮੇਂ ਦੀ ਸਦਵਰਤੋਂ ਲਈ ਖੇਡਾਂ ਬੜਾ ਵਧੀਆ ਸਾਧਨ ਨੇਖੇਡਾਂ ਖੇਡਦਿਆਂ ਵਾਧੂ ਜ਼ੋਰ ਦਾ ਸਹਿਜ ਨਿਕਾਸ ਹੋ ਜਾਂਦੈ ਤੇ ਜੁਆਨ ਲੜਾਈਆਂ ਝਗੜਿਆਂ ਤੋਂ ਬਚੇ ਰਹਿੰਦੇ ਨੇਖੇਡਾਂ ਰਾਹੀਂ ਸਿਹਤਮੰਦ ਮਨੋਰੰਜਨ ਹੁੰਦੈਖੇਡਾਂ ਵਿੱਚ ਦੀ ਬਹੁਤ ਕੁੱਝ ਸਿੱਖਿਆ ਸਿਖਾਇਆ ਜਾ ਸਕਦੈਖੇਡਾਂ ਨੂੰ ਬੱਸ ਸਹੀ ਰਸਤੇ ਤੇ ਅੱਗੇ ਵਧਾਉਣ ਦੀ ਲੋੜ ਐਸਾਨੂੰ ਆਪਸੀ ਝਗੜੇ ਝੇੜੇ ਛੱਡ ਕੇ ਸਮਰਪਿਤ ਭਾਵਨਾ ਨਾਲ ਖੇਡਾਂ ਦੇ ਲੜ ਲੱਗਣਾ ਚਾਹੀਦੈਖੇਡਾਂ ਦਾ ਨਾਅਰਾ ਐ - ਕਰੋ ਖੇਡਾਂ ਦਾ ਵਪਾਰ, ਹੋਵੇ ਜਿੱਤ ਚਾਹੇ ਹਾਰਆਪਣੀ ਗੱਲ ਮੈਂ ਗੁਰਭਜਨ ਗਿੱਲ ਦੇ ਗੀਤ ਨਾਲ ਮੁਕਾਉਂਦਾ ਹਾਂ:

ਖੇਡਾਂ ਖੇਡੋ ਤੇ ਖਿਡਾਓ ਐ ਪੰਜਾਬ ਵਾਸੀਓ, ਜੜ੍ਹੋਂ ਈਰਖਾ ਮੁਕਾਓ ਐ ਪੰਜਾਬ ਵਾਸੀਓ ...

*****  

© (10 October 2007) Unicode Chatrik

ਸਤਨਾਮ ਸਿੰਘ ਢਾਹ ਦੀਆਂ 'ਲਿਖਾਰੀ' ਵਿੱਵਚ ਛਪੀਆਂ ਹੋਰ ਰਟਚਨਾਵਾਂ ਪੜ੍ਹਨ ਲਈ ਕਲਿੱਕ ਕਰੋ:

ਪੰਜਾਬੀ ਸਾਹਿਤ ਨੂੰ ਅਰਪਿਤ ਸ਼ਖਸ਼ੀਅਤ ਇਕਬਾਲ ਅਰਪਨ (ਇੱਕ ਮੁਲਾਕਾਤ)

ਇਕ ਸ਼ਰਧਾਂਜਲੀ: ਬਹੁ-ਪੱਖੀ ਸ਼ਖ਼ਸੀਅਤ, ਇਕਬਾਲ ਅਰਪਨ ਦੇ ਅਚਾਨਕ ਤੁਰ ਜਾਂਣ ‘ਤੇ

ਲਿਖਾਰੀ
Likhari


© likhari: Punjabi Likhari Forum-2001-2007