ਸ਼ਰਧਾਂਜਲੀ/ਚੇਤੇ ਕਰਦਿਆਂ

 

ਹੁਣ ਕਿਤਾਬਾਂ 'ਚ ਹੀ ਮਿਲਾਂਗੇ,  ਮੱਤਰੋ!

-ਸਿੱਧੂ ਦਮਦਮੀ-
(ਮੁੱਖ ਸੰਪਾਦਕ, ਪੰਜਾਬੀ ਟਰਿਬੀਊਨ, ਚੰਡੀਗੜ੍ਹ)

 


ਕਿਸੇ ਬੰਦੇ ਦੇ ਕੰਮ ਕਰਦਿਆਂ ਪੂਰਾ ਹੋ ਜਾਣ ਨੂੰ ਪ੍ਰਾਚੀਨ ਗ੍ਰੰਥਾਂ ਵਿੱਚ ਕਰਮਯੋਗੀ ਦੀ ਮੌਤ ਕਿਹਾ ਗਿਆ ਹੈ। ਮੇਰਾ ਸਹਿਕਰਮੀ ਤੇ ‘ਪੰਜਾਬੀ ਟ੍ਰਿਬਿਊਨ’ ਦੇ ਹਫਤਾਵਾਰੀ ਕਾਲਮ ‘ਜਗਤ ਤਮਾਸ਼ਾ’ ਦਾ ਕਾਲਮ ਨਵੀਸ ਦਲਬੀਰ ਸਿੰਘ ਕੱਲ੍ਹ ਇਕ ਕਰਮਯੋਗੀ ਦੀ ਤਰ੍ਹਾਂ ਪੂਰਾ ਹੋ ਗਿਆ ਹੈ। ਬਾਅਦ ਦੁਪਹਿਰੇ ਆਪਣੀ ਜ਼ਿੰਦਗੀ ਦੀ ਅੰਤਿਮ ਘੜੀ ਦਾ ਘੜਿਆਲ ਖੜਕਣ ਤਕ ਉਹ ਉਸ ਮੇਜ਼-ਕੁਰਸੀ ’ਤੇ ਬੈਠਾ ਕੰਮ ਕਰ ਰਿਹਾ ਸੀ, ਜਿਸ ’ਤੇ ਬੈਠਿਆਂ ਪਿਛਲੇ ਲਗਭਗ ਡੇਢ ਦਹਾਕੇ ਦੌਰਾਨ ਉਸ ਨੇ ਹਜ਼ਾਰਾਂ ਸੰਪਾਦਕੀਆਂ, ਕਾਲਮ-ਕਿਸ਼ਤਾਂ, ਅਖ਼ਬਾਰੀ ਲੇਖ ਤੇ ਰਚਨਾਤਮਕ ਕ੍ਰਿਤਾਂ ਲਿਖੀਆਂ ਸਨ। ਕੰਮ ਵਾਲੀ ਕੁਰਸੀ ’ਤੇ ਢਾਸਣਾ ਲਾ ਕੇ ਸਰੀਰ ਛੱਡਣ ਵੇਲੇ ਉਸ ਦਾ ਕੰਪਿਊਟਰ ਚੱਲ ਰਿਹਾ ਸੀ ਤੇ ਕਲਮ ਖੁੱਲੀ ਹੋਈ ਸੀ ਜਿਵੇਂ ਕੋਈ ਕਿਸਾਨ ਹੱਲ ਵਾਹੁੰਦਾ ਵਾਹੁੰਦਾ ਬਲਦਾਂ ਨੂੰ ਖਲਿਆਰ ਕੇ ਹਲ ਦੀ ਹੱਥੀ ਕੋਲ ਹੀ ਆਪੂੰ ਵਾਹੀ ਮਿੱਟੀ ਦੀ ਗੱਦੀ ’ਤੇ ਸੌਂ ਗਿਆ ਹੋਵੇ ਤੇ ਬਲਦ ਜੁਗਾਲੀ ਪੈ ਗਏ ਹੋਣ।

ਪੰਜਾਬੀ ਪੱਤਰਕਾਰੀ ਵਿੱਚ ਤੁਰਸ਼ ਅਤੇ ਪਾਠਕ ਨੂੰ ਬੰਨ੍ਹ ਕੇ ਬਿਠਾਉਣ ਵਾਲੀ ਠੁੱਕਦਾਰ ਸ਼ੈਲੀ ਦਾ ਸਿਰਨਾਵਾਂ ਮੰਨਿਆ ਜਾਣ ਵਾਲਾ ਦਲਬੀਰ ਇਸਪਾਤੀ ਦ੍ਰਿੜ੍ਹਤਾ ਤੇ ਇਰਾਦੇ ਦਾ ਮਾਲਕ ਸੀ। ਆਪਣੇ ਜਿਸਮਾਨੀ ਦੁੱਖ-ਤਕਲੀਫ ਨੂੰ ਇਸੇ ਇਸਪਾਤੀ ਇਰਾਦੇ ਦੀ ਢਾਲ ’ਤੇ ਉਹ ਲੰਬਾ ਚਿਰ ਨਾ ਸਿਰਫ਼ ਝੱਲਦਾ ਰਿਹਾ ਸਗੋਂ ਕਈ ਵਾਰ ਤਾਂ ਆਪਣੀ ਚਾਲ-ਢਾਲ ਨਾਲ ਉਹ ਇੰਜ ਵੀ ਜਤਾ ਦਿੰਦਾ ਸੀ ਕਿ ਇਨ੍ਹਾਂ ’ਤੇ ਉਹ ਜਿੱਤ ਪ੍ਰਾਪਤ ਕਰ ਚੁੱਕਾ ਹੈ। ਜਿਸਮਾਨੀ ਤੇ ਪਰਿਵਾਰਕ ਦੁੱਖਾਂ ਦਾ ਰੋਣਾ-ਧੋਣਾ ਕਰਦੇ ਰਹਿਣ ਦੀ ਥਾਂ, ਜ਼ਿੰਦਗੀ ਨੂੰ ਆਖਰੀ ਤੁਪਕੇ ਤਕ ਜਸ਼ਨੀ ਤੀਬਰਤਾ ਨਾਲ ਡੀਕ ਲਾ ਕੇ ਪੀਣਾ ਦਲਬੀਰ ਦੇ ਸੁਭਾਅ ਦਾ ਖਾਸਾ ਸੀ। ਇਸ ਨੂੰ ਉਸ ਨੇ ਆਖਰੀ ਪਲਾਂ ਤਕ ਨਿਭਾਇਆ।

ਜਿਸਮਾਨੀ ਦੁੱਖਾਂ ਨਾਲ ਬੰਦੇ ਦੀ ਲੜਾਈ ਬਹੁਤ ਨਿੱਜੀ ਹੁੰਦੀ ਹੈ। ਇਸੇ ਲਈ ਲੰਬਾ ਚਿਰ ਚੱਲਦੇ ਰਹਿਣ ਵਾਲੇ ਦੁੱਖਾਂ ਨਾਲ ਨਿਪਟਣ ਲਈ ਬੰਦਾ ਸੁਭਾਵਕ ਹੀ ਆਪਣੇ ਅੰਦਰ ਅਜਿਹੇ ਅਸਤਰ-ਸ਼ਸਤਰ ਘੜ ਲੈਂਦਾ ਹੈ ਜਿਨ੍ਹਾਂ ਦੀ ਵਰਤੋਂ ਕਿਵੇਂ ਤੇ ਕਿੱਥੇ ਕਰਨੀ ਹੈ, ਇਸਦਾ ਭੇਦ ਉਹ ਨਾਲ ਹੀ ਲੈ ਕੇ ਮਰ ਜਾਂਦਾ ਹੈ। ਲੰਬੇ ਸਮੇਂ ਤੋਂ ਦਿਲ, ਅੱਖਾਂ ਅਤੇ ਮਿਹਦੇ ਦੇ ਰੋਗਾਂ ਤੋਂ ਪੀੜਤ ਦਲਬੀਰ ਨੇ ਵੀ ਸਹਿਜੇ ਸਹਿਜੇ ਆਪਣੇ ਅੰਦਰ ਅਜਿਹੇ ਹਥਿਆਰਾਂ ਦੀ ਖੇਪ ਸਿਰਜੀ ਹੋਈ ਸੀ ਜਿਸ ਬਾਰੇ ਪ੍ਰਸ਼ਨ ਦੇ ਜਵਾਬ ਵਿੱਚ ਅਕਸਰ ਉਸ ਦਾ ਗੋਲ ਮੋਲ ਜਵਾਬ ਹੁੰਦਾ ਸੀ, “ਮਿਆਨ ਨਹੀਂ, ਤਲਵਾਰ ਦੀ ਧਾਰ ਵੇਖੋ।”

ਉਹ ਮੈਡੀਟੇਸ਼ਨ/ਯੋਗ ਵਿੱਚ ਵਿਸ਼ਵਾਸ ਨਹੀਂ ਸੀ ਕਰਦਾ, ਫਿਰ ਵੀ ਕਿਧਰੇ ਉਸ ਨੇ ਕਰਮਯੋਗ ਦਾ ਇੱਕ ਸੂਤਰ ਵਰਤਦਿਆਂ ਕੰਮ ਵਿੱਚ ਚੋਟੀ ਤੱਕ ਖੁੱਭ ਕੇ ਆਪਣੇ ਸੁਚੇਤ ਨੂੰ ਜਿਸਮ ਨਾਲੋਂ ਅਲਹਿਦਾ ਕਰ ਦੇਣ ਦਾ ਗੁਰ ਸਿੱਖ ਲਿਆ ਹੋਇਆ ਸੀ। ਇਸੇ ਲਈ ਇੱਕ ਅੱਖ ਚਲੀ ਜਾਣ ਦੇ ਬਾਵਜੂਦ ਉਹ ਸੈਂਕੜੇ ਦੋ-ਅੱਖਾਂ ਵਾਲਿਆਂ ਤੋਂ ਵੱਧ ਪੜ੍ਹ ਅਤੇ ਲਿਖ ਸਕਿਆ। ਜਿਸਮਾਨੀ ਤਕਲੀਫ਼ ਉਸ ਦੀ ਜਿੰਨੀ ਕੁ ਊਰਜਾ ਪੀਂਦੀ ਸੀ, ਉਸ ਤੋਂ ਕਈ ਗੁਣਾਂ ਵੱਧ ਉਰਜਾ ਉਹ ਆਪਣੀਆਂ ਅਖ਼ਬਾਰੀ ਤੇ ਸਾਹਿਤਕ ਰਚਨਾਵਾਂ ਰਚ ਕੇ ਹਾਸਲ ਕਰ ਲੈਂਦਾ ਸੀ। ਅਖ਼ਬਾਰੀ ਤੇ ਸੰਪਾਦਕੀ ਬੰਦਸ਼ਾਂ ਦੇ ਬਾਵਜੂਦ ਜਦੋਂ ਉਹ ਆਪਣੀ ਲਿਖਤ ਵਿੱਚ ਚੁਪਕੇ ਜਿਹੇ ਆਪਣੀ ਤਿੱਖੀ ਰਾਇ ਬੁਣ ਜਾਂਦਾ ਸੀ ਤਾਂ ਉਸ ਦੇ ਚਿਹਰੇ ਦਾ ਆਭਾ ਮੰਡਲ ਸਤਰੰਗਾ ਹੋ ਜਾਂਦਾ ਸੀ। ਅਸਲ ਵਿੱਚ ਇਹੀ ਸਤਰੰਗੀ ਦਲਬੀਰ ਸੀ, ਤਿੱਖੇ ਤੁਰਸ਼, ਬੇਖੌਫ਼, ਬੇਲਾਗ ਸ਼ਬਦਾਂ ਤੇ ਰੰਗਾਂ ਦੀ ਸਤਰੰਗੀ।

ਜਿਸਮਾਨੀ ਪੀੜ ਤੋਂ ਡੀਟੈਚ ਹੋਣ ਦਾ ਹੁਨਰ ਦਲਬੀਰ ਨੇ ਇਸ ਢੰਗ ਨਾਲ ਸਿੱਧ ਕਰ ਲਿਆ ਸੀ ਕਿ ਕਿਸੇ ਜਿਸਮਾਨੀ ਤਕਲੀਫ਼ ਨੂੰ ਉਹ ਉਦੋਂ ਹੀ ਗੌਲਦਾ ਸੀ, ਜਦੋਂ ਇਸ ਦਾ ਅਖੀਰ ਨੇੜੇ ਆਉਂਦਾ ਲੱਗੇ। ਮਸਲਨ ਇੱਕ ਅੱਖ ਦੀ ਰੌਸ਼ਨੀ ਜਦੋਂ ਏਨੀ ਘਟ ਗਈ ਕਿ ਸਵੇਰ ਦੀ ਸੰਪਾਦਕੀ ਮੀਟਿੰਗ ਵਿੱਚ ਉਸ ਨੂੰ ਸਹਿਯੋਗੀਆਂ ਦੇ ਚਿਹਰੇ ਧੁੰਦਲੇ ਨਜ਼ਰ ਆਉਣ ਲੱਗੇ ਤਾਂ ਅਪ੍ਰੇਸ਼ਨ ਬਾਰੇ ਖਿਆਲ ਆਇਆ, ਜਦੋਂ ਦਿਲ ਦੀ ਤਕਲੀਫ਼ ਅਸਹਿ ਹੋਣ ਲੱਗੀ ਤਾਂ ਹਸਪਤਾਲ ਬਾਰੇ ਸੋਚਿਆ, ਕਦੇ ਸ਼ੂਗਰ ਅਚਾਨਕ ਘਟ ਗਈ ਤਾਂ ਸਹਿਯੋਗੀ ਤੋਂ ਫੜੇ ਮਿੱਠੇ ਬਿਸਕੁਟ ਨਾਲ ਹੀ ਸਾਰ ਲਿਆ। ਪਰ ਸਥਾਪਤੀ ਤੇ ਸਿਆਸੀ ਲੋਕਾਂ ਨਾਲ ਦਸਤਪੰਜਾਂ ਲੈਂਦੀਆਂ ਲਿਖਤਾਂ ਲਿਖਣ, ਚੁਸਤ ਤੇ ਰੌਚਿਕ ਫਿਕਰੇ ਘੜਨ, ਸ਼ਬਦਾਂ ਨੂੰ ਉਲਟਾ-ਪੁਲਟਾ ਕਰ ਕੇ ਉਨ੍ਹਾਂ ਦੇ ਨਵੇਂ ਅਰਥ ਪੈਦਾ ਕਰਨ, ਸਿਆਸੀ ਪੇਚਾਂ ਨੂੰ ਨਿਖੇੜਨ, ਦੁਨੀਆਂ ਦੀ ਹਰ ਰੌਚਿਕ ਤੇ ਵਧੀਆ ਕਿਤਾਬ ਪੜ੍ਹਨ, ਦੋਸਤਾਂ ਨੂੰ ਗਰਮਜੋਸ਼ੀ ਨਾਲ ਮਿਲਣ ਤੇ ਉਨ੍ਹਾਂ ਦੇ ਕੰਮ ਆਉਣ ਤੋਂ ਉਹ ਕਦੇ ਅਵੇਸਲਾ ਨਹੀਂ ਸੀ ਹੁੰਦਾ। ਆਪਣੇ ਦੁੱਖਾਂ ’ਤੇ ਕਾਬੂ ਪਾਉਣ ਦਾ ਤੇ ਲੋਕਾਂ ਦੇ ਦੁੱਖਾਂ ਲਈ ਲੜਨ ਦਾ ਉਸ ਦਾ ਇਹ ਅਜਿਹਾ ਅਸਤਰ ਸੀ, ਜਿਸ ਨੂੰ ਉਸ ਨੇ ਅੰਤਿਮ ਸਾਹ ਤਕ ਸਫਲਤਾ ਨਾਲ ਚਲਾਇਆ।

(‘ਪੰਜਾਬੀ ਟ੍ਰਿਬਿਊਨ’ ਚੰਡੀਗੜ੍ਹ 29 ਜੁਲਾਈ 2007 ਵਿੱਚੋਂ ਧੰਨਵਾਦ ਸਹਿਤ)


*****

(27 ਅਗਸਤ 2007)

 

e-mail:
ਲਿਖਾਰੀ


© likhari: Punjabi Likhari Forum-2001-2007