ਆਲਾ-ਦੁਆਲਾ/ਚੇਤੇ ਦੀ ਚੰਗੇਰ/

ਲਾਲ ਸਿੰਘ ਦਿਲ ਦੀਆਂ ਕਵਿਤਾਵਾਂ ਨਾਲ ਕੀ ਬੀਤਿਆ?

ਹਾਜ਼ਰ ਨੇ ਉਸਦੀਆਂ 5 ਕਵਿਤਾਵਾਂ ਅਤੇ ਅੰਗਰੇਜੀ ਅਨੁਵਾਦ

ਸਮਾਂ ਗਵਾਹ ਹੈ ਕਿ ਉਸ ਨੇ (ਲਾਲ ਸਿੰਘ ਦਿਲ) ਬਹੁਤ ਹੀ ਔਖਾ ਵੇਲਾ ਲੰਘਾਇਆ ਪਰ ਅਸੀਂ ਤੁਸੀਂ ਉਸ ਦੇ ਦਰਦ ਵਿਚ ਉਦੋਂ ਸ਼ਰੀਕ ਹੋਣ ਆਏ ਜਦ ਉਸ ਨੂੰ ਸਾਡੇ ਸਹਾਰੇ ਅਤੇ ਹਮਦਰਦੀ ਦੀ ਲੋੜ ਹੀ ਨਹੀਂ ਰਹੀ। ਅੱਜ ਜਦ ਉਹ ਨਹੀਂ ਰਿਹਾ ਅਤੇ ਸਾਡੇ ਵੈਣਾਂ ਨੂੰ ਸੁਣ ਵੀ ਨਹੀਂ ਸਕਦਾ ਤਾਂ ਅਸੀਂ ਹੁੰਮਹੁਮਾ ਕੇ ਉਸ ਨੂੰ ਸ਼ਰਧਾਂਜਲੀ ਪੇਸ਼ ਕਰਨ ਆਏ ਹਾਂ। ਦਰਅਸਲ ਅਸੀਂ ਮਗਰਮੱਛ ਦੇ ਹੰਝੂ ਵਹਾ ਇਕ ਤਰ੍ਹਾਂ ਆਪਣਾ ਫ਼ਰਜ਼ ਪੂਰਾ ਕਰਨ ਆਏ ਹਾਂ---(ਬਸ)-ਸੁਰਜੀਤ ਕਲਸੀ
 

 

ਲਾਲ ਸਿੰਘ ਦਿਲ------(ਦੁੱਖ ਵਿਚ/ ਸੁਰਜੀਤ ਕਲਸੀ)

ਪੰਜਾਬੀ ਕਵਿਤਾ ਦੀ ਜੁਝਾਰੂ ਲਹਿਰ ਦੇ ਇਕ ਇਨਕਲਾਬੀ ਕਵੀ ਲਾਲ ਸਿੰਘ ਦਿਲ 14 ਅਗਸਤ 2007 ਵਾਲੇ ਦਿਨ ਚਲਾਣਾ ਕਰ ਗਏ।
ਉਹ ਨਕਸਲਬਾੜੀ ਲਹਿਰ ਤੋਂ ਪ੍ਰਭਾਵਿਤ ਪੰਜਾਬੀ ਕਵੀਆਂ ਪਾਸ਼, ਸੰਤ ਰਾਮ ਉਦਾਸੀ, ਅਮਰਜੀਤ ਚੰਦਨ, ਦਰਸ਼ਨ ਖਟਕੜ ਅਤੇ ਸੰਤ ਸੰਧੂ ਦੇ ਨਾਲ ਪੰਜਾਬੀ ਕਵਿਤਾ ਵਿਚ ਨਵੀਆਂ ਪੈੜਾਂ ਪਾਉਣ ਵਾਲੇ ਮੋਢੀ ਕਵੀਆਂ ਵਿਚੋਂ ਇਕ ਸਨ। ਦਿਲ ਨੇ ਆਪਣੀ ਕਵਿਤਾ ਦੇ ਮਾਧਿਅਮ ਰਾਹੀਂ ਸਮਾਜ ਦੇ ਦੱਬੇ ਕੁਚਲੇ ਵਰਗ ਦੇ ਲੋਕਾਂ ਦਾ ਦਰਦ ਪਸੀਜ ਕੇ ਪੇਸ਼ ਕੀਤਾ। ਇਹ ਉਹਦਾ ਆਪਣਾ ਦਰਦ ਸੀ। ਜ਼ਹਿਨੀ ਤੌਰ ’ਤੇ ਹੰਢਾਈ ਹੋਈ ਮਾਨਸਿਕ ਪੀੜ ਅਤੇ ਦੇਹ ਤੇ ਝੱਲਿਆ ਹੋਇਆ ਤਸ਼ੱਦਦ ਸੀ, ਜਿਸਦੀ ਚੀਸ ਉਸਦੀ ਰੋਜ਼ਾਨਾ ਜ਼ਿੰਦਗ਼ੀ ਤੋਂ ਹੂਕ ਬਣ ਕੇ ਨਿਕਲਦੀ ਰਹੀ। ਅਸੀਂ ਸਾਰਿਆਂ ਨੇ ਉਸ ਨਾਲ ਹੋਈ ਇਸ ਬੇਇਨਸਾਫ਼ੀ ਨੂੰ ਮਹਿਸੂਸ ਤਾਂ ਕੀਤਾ ਹੈ ਪਰ ਦੂਰੋਂ ਦੂਰੋਂ। ਸਮਾਂ ਗਵਾਹ ਹੈ ਕਿ ਉਸ ਨੇ ਬਹੁਤ ਹੀ ਔਖਾ ਵੇਲਾ ਲੰਘਾਇਆ ਪਰ ਅਸੀਂ ਤੁਸੀਂ ਉਸ ਦੇ ਦਰਦ ਵਿਚ ਉਦੋਂ ਸ਼ਰੀਕ ਹੋਣ ਆਏ ਜਦ ਉਸ ਨੂੰ ਸਾਡੇ ਸਹਾਰੇ ਅਤੇ ਹਮਦਰਦੀ ਦੀ ਲੋੜ ਹੀ ਨਹੀਂ ਰਹੀ। ਅੱਜ ਜਦ ਉਹ ਨਹੀਂ ਰਿਹਾ ਅਤੇ ਸਾਡੇ ਵੈਣਾਂ ਨੂੰ ਸੁਣ ਵੀ ਨਹੀਂ ਸਕਦਾ ਤਾਂ ਅਸੀਂ ਹੁੰਮਹੁਮਾ ਕੇ ਉਸ ਨੂੰ ਸ਼ਰਧਾਂਜਲੀ ਪੇਸ਼ ਕਰਨ ਆਏ ਹਾਂ। ਦਰਅਸਲ ਅਸੀਂ ਮਗਰਮੱਛ ਦੇ ਹੰਝੂ ਵਹਾ ਇਕ ਤਰ੍ਹਾਂ ਆਪਣਾ ਫ਼ਰਜ਼ ਪੂਰਾ ਕਰਨ ਆਏ ਹਾਂ। ਅਸੀਂ ਜਿਉਂਦਿਆ ਦੇ ਦੁੱਖ ਦਰਦ ਵਿਚ ਸ਼ਾਮਿਲ ਹੋਣ ਨਾਲੋਂ ਮੜ੍ਹੀਆਂ ਪੂਜਣ ਦੇ ਆਦੀ ਬਣ ਚੁੱਕੇ ਹਾਂ। ਜੋ ਜ਼ਿਆਦਤੀਆਂ ਸਾਹਿਤ ਵਿਚ ਹੋ ਰਹੀਆਂ ਹਨ ਉਹਨਾਂ ਨੂੰ ਵੰਗਾਰਨ ਦੀ ਵੀ ਸਾਡੇ ਵਿਚ ਤਾਂ ਸੱਤਿਆ ਨਹੀਂ ਹੈ।
1974 ਵਿਚ ਪਾਸ਼, ਸੰਤ ਸੰਧੂ, ਚੰਦਨ ਅਤੇ ਹਰਭਜਨ ਹਲਵਾਰਵੀ ਦੀਆਂ ਕਵਿਤਾਵਾਂ ਸਮੇਤ ਲਾਲ ਸਿੰਘ ਦਿਲ ਦਾ ਕਲਾਮ ਅੰਗ੍ਰੇਜ਼ੀ ਵਿਚ ਅਨੁਵਾਦ ਕਰ ਕੇ ਐਨਥਾਲੌਜੀ ਵਿਚ ਛਾਪਣ ਲਈ ‘ਸਿਰਜਣਾ’ ਦੇ ਐਡੀਟਰ ਰਘਬੀਰ ਸਿੰਘ ਹੋਰਾਂ ਦੀ ਛਤਰ ਛਾਇਆ ਹੇਠ ਮੈਂ ਭੇਜਿਆ ਸੀ। ਪਰ ਜਦੋਂ ਐਨਥਾਲੌਜੀ ਛਪ ਕੇ ਆਈ ਤਾਂ ਦਿਲ ਦੀਆਂ ਕਵਿਤਾਵਾਂ ਸੰਗ੍ਰਹਿ ਵਿਚੋਂ ਕੱਢ ਕੇ ਐਸ. ਬਲਵੰਤ ਨੇ ਆਪਣੀਆ ਕਵਿਤਾਵਾਂ ਪਾ ਲਈਆਂ ਸਨ ਤੇ ਐਨਥਾਲੌਜੀ ਆਪਣੀ ਦਿੱਲੀ ਵਿਚ ਸਥਿਤ ਅਜੰਤਾ ਪ੍ਰੈੱਸ ਹੇਠ ਛਾਪ ਕੇ ਧੜਾ ਧੜ ਵੇਚ ਲਈ। ਮੈਂ ਇਕ ਕਾਪੀ ਆਪਣੇ ਲਈ ਪਿਛਲੀ ਵਾਰੀ $20 ਡਾਲਰ ਯਾਨੀ 700 ਰੁਪਏ ਵਿਚ ਖ੍ਰੀਦ ਕੇ ਲਿਆਂਦੀ ਸੀ। ਪਤਾ ਲੱਗਾ ਕਿ ਦਿਲ ਨੂੰ ਇਕ ਦਲਿਤ ਕਵੀ ਹੋਣ ਕਰਕੇ ਐਨਥਾਲੌਜੀ ਵਿਚੋਂ ਕੱਢ ਦਿੱਤਾ ਗਿਆ ਸੀ। ਹਾਜ਼ਰ ਹਨ ਲਾਲ ਸਿੰਘ ਦਿਲ ਦੀਆਂ ਦਸੰਬਰ 1979 ਵਿਚ ਅਨੁਵਾਦ ਕੀਤੀਆਂ ਕਵਿਤਾਵਾਂ ਵਿਚੋਂ ਕੁਝ ਕਵਿਤਾਵਾਂ:

(1)
ਸ਼ਾਮ ਦਾ ਰੰਗ

ਸ਼ਾਮ ਦਾ ਰੰਗ ਫਿਰ ਪੁਰਾਣਾ ਹੈ
ਜਾ ਰਹੇ ਨੇ ਬਸਤੀਆਂ ਨੂੰ ਫੁਟਪਾਥ
ਜਾ ਰਹੀ ਝੀਲ ਕੋਈ ਦਫਤਰੋਂ
ਨੌਕਰੀ ਤੋਂ ਲੈ ਜਵਾਬ
ਪੀ ਰਹੀ ਏ ਝੀਲ ਕੋਈ ਜਲ ਦੀ ਪਿਆਸ

ਤੁਰ ਪਿਆ ਏ ਸ਼ਹਿਰ ਕੁਝ ਪਿੰਡਾਂ ਦੇ ਰਾਹ
ਸੁੱਟ ਕੇ ਕੋਈ ਜਾ ਰਿਹਾ ਸਾਰੀ ਕਮਾਈ

ਹੂੰਝਦਾ ਕੋਈ ਆ ਰਿਹਾ ਧੋਤੀ ਦੇ ਨਾਲ
ਕਮਜ਼ੋਰ ਪਸ਼ੂਆਂ ਦੇ ਪਿੰਡੇ ਤੋਂ ਆਰਾਂ ਦਾ ਖ਼ੂਨ
ਸ਼ਾਮ ਦਾ ਰੰਗ ਫਿਰ ਪੁਰਾਣਾ ਹੈ
ਛੱਡ ਤੁਰੇ ਹਨ ਇਕ ਹੋਰ ਗ਼ੈਰਾਂ ਦੀ ਜ਼ਮੀਨ
ਛੱਜਾਂ ਵਾਲੇ
ਜਾ ਰਿਹਾ ਏ ਲੰਮਾ ਲਾਰਾ
ਝਿੜਕਾਂ ਦੇ ਭੰਡਾਰ ਲੱਦੀ

ਲੰਮੇ ਸਾਇਆਂ ਦੇ ਨਾਲ ਨਾਲ ਗਧਿਆਂ ਤੇ
ਬੈਠੇ ਨੇ ਜੁਆਕ

ਪਿਉਆਂ ਦੇ ਹੱਥ ਵਿਚ ਕੁੱਤੇ ਹਨ
ਮਾਵਾਂ ਦੀ ਪਿੱਠ ਪਿੱਛੇ ਬੰਨ੍ਹੇ ਪਤੀਲੇ ਹਨ
ਪਤੀਲਿਆਂ ’ਚ ਮਾਵਾਂ ਦੇ ਪੁੱਤ ਸੁੱਤੇ ਹਨ

ਜਾ ਰਿਹਾ ਏ ਲੰਮਾ ਲਾਰਾ
ਮੋਢਿਆਂ ’ਤੇ ਚੁੱਕੀ ਕੁੱਲੀਆਂ ਦੇ ਬਾਂਸ
ਇਹ ਭੁੱਖਾਂ ਦੇ ਮਾਰੇ ਕੌਣ ਆਰੀਆ ਹਨ?
ਇਹ ਜਾ ਰਹੇ ਹਨ ਰੋਕਣ ਕਿਸ ਭਾਰਤ ਦੀ ਜ਼ਮੀਨ?

ਨੌਜਵਾਨਾਂ ਨੂੰ ਕੁੱਤੇ ਪਿਆਰੇ ਹਨ
ਉਹ ਕਿੱਥੇ ਪਾਲਣ
ਮਹਿਲਾਂ ਦੇ ਚਿਹਰਿਆਂ ਦਾ ਪਿਆਰ?

ਉਹ ਭੁੱਖਾਂ ਦੇ ਸ਼ਿਕਾਰ ਛੱਡ ਤੁਰੇ ਹਨ
ਇਕ ਹੋਰ ਗੈਰਾਂ ਦੀ ਜ਼ਮੀਨ

ਜਾ ਰਿਹਾ ਏ ਲੰਮਾ ਲਾਰਾ
ਇਹਨੂੰ ਕੀ ਪਤਾ ਹੈ?
ਕਿੰਨੇ ਕੁ ਬੰਨ੍ਹੇ ਕੀਲਿਆਂ ਦੇ ਨਾਲ
ਜਾਲੇ ਜਾਂਦੇ ਨੇ ਰੋਜ਼ ਲੋਕ
ਜੋ ਛੱਡ ਵੀ ਸਕਦੇ ਨਹੀਂ
ਬਸਤੀਆਂ ਨੂੰ ਕਿਸੇ ਰੋਜ਼

ਜਾ ਰਿਹਾ ਹੈ ਨਾਲ ਨਾਲ
ਬਸਤੀ ਦੇ ਰੁੱਖਾਂ ਦਾ ਸਾਇਆ
ਫੜ ਰਿਹਾ ਹੈ ਓਦਰੇ ਪਸ਼ੂਆਂ ਦੇ ਪੈਰ
ਓਦਰੇ ਪਿਆਰਾਂ ਦੇ ਪੈਰ
ਜਾ ਰਿਹਾ ਏ ਲੰਮਾ ਲਾਰਾ
ਜਾ ਰਿਹਾ ਏ ਲੰਮਾ ਲਾਰਾ
ਹਰ ਜਗ੍ਹਾ

(2)
ਜਾਤ

ਮੈਨੂੰ ਪਿਆਰ ਕਰਦੀਏ
ਪਰ-ਜਾਤ ਕੁੜੀਏ
ਸਾਡੇ ਸਕੇ ਮੁਰਦੇ ਵੀ
ਇਕ ਥਾਂ ਨਹੀਂ ਜਲਾਉਂਦੇ।

(3)
ਨਾਚ

ਜਦ ਮਜੂਰਨ ਤਵੇ ’ਤੇ
ਦਿਲ ਨੂੰ ਪਕਾਉਂਦੀ ਹੈ
ਚੰਨ ਟਾਹਲੀ ਥੀਂ ਹੱਸਦਾ ਹੈ

ਬਾਲ ਛੋਟੇ ਨੂੰ ਪਿਉ
ਬਹਿ ਕੇ ਵਰਾਉਂਦਾ ਹੈ
ਕੌਲੀ ਵਜਾਉਂਦਾ ਹੈ

ਤੇ ਬਾਲ ਜਦ ਦੂਜਾ ਵੱਡਾ
ਤੜਾਗੀ ਦੇ ਘੁੰਗਰੂ ਵਜਾਉਂਦਾ ਹੈ
ਤੇ ਨੱਚਦਾ ਹੈ

ਇਹ ਗੀਤ ਨਹੀਂ ਮਰਦੇ
ਨਾ ਦਿਲਾਂ ’ਚੋਂ ਨਾਚ ਮਰਦੇ ਨੇ।

(4)
ਸਵੇਰ

ਜ਼ਿੰਦਗ਼ੀ ਦੇ ਯੁਗ ਦੀ ਸਵੇਰ
ਆਏਗੀ ਜ਼ਰੂਰ ਇਕ ਵੇਰ।
ਕੱਲ੍ਹ ਹੋਣਗੇ ਸਾਡੇ ਪੈਰਾਂ ਹੇਠ
ਡਿੱਗੀਆਂ ਇਮਾਰਤਾਂ ਦੇ ਢੇਰ।
ਗਲ ਜਾਣੇ ਗੋਹਿਆਂ ’ਚ ਤਾਜ
ਆਸਣਾਂ ਤੋਂ ਸੁੱਕਣੇ ਕਨੇਰ।

(5)
ਇਹ ਔਰਤਾ

ਇਹ ਵੇਸਵਾਵਾਂ ਤ੍ਰੀਮਤਾਂ ਕੁੜੀਆਂ
ਮੇਰੀਆਂ ਮਾਵਾਂ, ਭੈਣਾਂ ਤੇ ਧੀਆਂ ਹਨ
ਤੇ ਤੁਹਾਡੀਆਂ ਵੀ।
ਇਹ ਗਊਆਂ ਪੂਜਣ ਵਾਲੇ ਹਿੰਦੁਸਤਾਨ ਦੀਆਂ
ਮਾਵਾਂ, ਭੈਣਾਂ ਤੇ ਧੀਆਂ ਹਨ
ਅਹਿੰਸਾ ਤੇ ਬੁੱਧ ਦੇ ਪੁਜਾਰੀ ਭਾਰਤ ਦੀਆਂ
ਮਾਵਾਂ, ਭੈਣਾਂ ਤੇ ਧੀਆਂ ਹਨ
ਇਹ ਵੱਡੇ ਪੂੰਜੀਦਾਰਾਂ ਦੀਆਂ
ਮਾਵਾਂ, ਭੈਣਾਂ ਤੇ ਧੀਆਂ ਹਨ
ਜੇ ਨਹੀਂ
ਤਾਂ ਇਹ ਆਉਣ ਵਾਲੇ ਇਨਕਲਾਬ ਦੀਆਂ
ਮਾਵਾਂ ਭੈਣਾਂ ਤੇ ਧੀਆਂ ਹਨ।


(1)
The Colour of Evening

The colour of evening is worn out again.

The footpaths are going towards the colonies.
Some lake like girl is leaving the office after being laid off.
Some lake left behind drinks the thirst out of the water.

The city has started following the path of some villages.

Someone is left after thrown away all the earnings.
Someone wipes blood with his “dhoti” from scratches of pokers on the bodies of the frail cattle.

The colour of evening is worn out again.

The grain swifters walk away from the land of the strangers.
Marching on is the long caravan carrying the burden of scorns.

Along with the long shadows
are going children sitting
on the backs of donkies.

Fathers are holding dogs in their hands.
Mothers are carrying the empty pots
on their backs
and their sons are sleeping in the pots.

Marching on is the long caravan
carrying on their shoulders the bamboos of their huts.
Who are these starved to death Aryans?
Which Bharat’s land are they going to occupy?

Youngmen love the dogs.
Where could they find the love of faces of palaces?

These victims of hunger have walked away from the land of the strangers.

The long caravan is going on.
What does it know -
How many people are being burnt everyday tied to the stakes?

They cannot even leave
their colonies on any day.

The shadows
of the trees in the colony
are going along and
catching on the foot-steps
of homesick cattle -
touching the feet of homesick love.
Marching on is the long caravan
like a lingering promise.
Marching on is the long caravan
every where.


(2)
Cast

O, you loving me
a girl from the other cast!
Our significant-others do not
even cremate our deads
in the same crematory.

(3)
Dance

When a labourer woman
cooks her heart on the skillet
the moon laughs through
the branches of the birch tree.

Father calms down
the crying younger child
with musical chimes
created by striking at
a metal bowl.
And then the older child
plays small tinkling bells
stringed in the black cord
wrapped around his loins
and he dances.

These songs never die.
Nor die the dances from the heart.

(4)
The Morning

The morning of the life’s era
shall dawn one day!
Tomorrow the debris of
these tall buildings
shall be under our feet.
The crowns will perish
buried under the cow-dung
the red flowers of the thrones
would wither away.

(5)
These Women

These prostitute women and girls
are my mothers, sisters and daughters
and so do yours.

These are the mothers, sisters and daughters of the Hindustan (India) which worship cows.
These are the mothers, sisters and daughters of the Bharat (India) the worshipper of non-violence and Buddha.
These are the mothers, sisters and daughters of the big capitalists.
If they are not
then they will be
the mothers, sisters and daughters of
the coming revolution.

****

(25 ਅਗਸਤ 2007) ਚਾਤ੍ਰਿਕ ਯੂਨੀਕੋਡ

 

ਸੁਰਜੀਤ ਕਲਸੀ (ਬਰਨਬੀ) ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

ilKfrI
Likhari


© likhari: Punjabi Likhari Forum-2001-2007