ਮੈਂ ਜਦੋਂ ਵੀ ਉਸਨੂੰ
ਵੇਖਦੀ ਤਾਂ ਉਹ ਕਾਗਜ਼ਾਂ ਦੇ ਢੇਰ ਵਿੱਚ ਰੁੱਝਾ ਪਿਆ ਹੁੰਦਾ।
ਹਰ ਸਵੇਰੇ, ਕੰਮ ਤੇ
ਜਾਣ ਤੋਂ ਪਹਿਲਾਂ ਮੈਂ ਕੌਫ਼ੀ ਪੀਣ ਵਾਸਤੇ ਕੌਫੀ-ਟਾਈਮ ਜ਼ਰੂਰ ਜਾਂਦੀ। ਕੌਫ਼ੀ ਲੈਂਦੀ, ਬਿਨਾਂ
ਖੰਡ ਤੋਂ, ਦੁੱਧ ਜਾਂ ਕਰੀਮ ਪਾਉਂਦੀ ਹੋਈ, ਕੱਪ ਫੜਦੀ ਅਤੇ ਆਪਣੇ ਨਿਯਤ ਟੇਬਲ ਤੇ ਆ ਬੈਠਦੀ।
ਇੱਥੋਂ ਬੈਠਿਆਂ ਪੂਰੀ ਸੜਕ ਵਿਖਾਈ ਦਿੰਦੀ ਸੀ। ਹਰ ਆਉਂਦੇ-ਜਾਂਦੇ ਨੂੰ ਵੇਖਿਆ ਜਾ ਸਕਦਾ ਸੀ।
ਹਰ ਨਵੀਂ ਉੱਗਦੀ ਸਵੇਰ ਨਾਲ਼ ਲੋਕਾਂ ਦੀ ਭੱਜ-ਦੌੜ, ਰੰਗ-ਬਿਰੰਗੇ ਲਿਬਾਸ, ਲਿਸ਼ਕਦੇ-ਪੁਸ਼ਕਦੇ
ਚਿਹਰੇ, ਉਦਾਸ-ਗਮਗੀਨ, ਉੱਤਰੇ ਹੋਏ ਚਿਹਰੇ, ਭਾਂਤ-ਸੁਭਾਂਤੀਆਂ ਕਾਰਾਂ, ਬੱਸ ਇਹੋ ਕੁਝ
ਵੇਖਦਿਆਂ ਕੌਫ਼ੀ ਪੀਤੀ ਜਾਂਦੀ ਅਤੇ ਵਕਤ ਅੱਖ ਦੇ ਫੋਰ ਵਿੱਚ ਨਿੱਕਲ ਜਾਂਦਾ।
ਉਸੇ ਤਰ੍ਹਾਂ, ਹਰ
ਸਵੇਰ, ਉਹ ਵੀ ਆਪਣਾ ਬਰੀਫ਼ ਕੇਸ ਹੱਥ ਵਿੱਚ ਫੜੀ, ਸੈੱਲ ਫੋਨ ਤੇ ਗੱਲ ਕਰਦਾ ਹੋਇਆ ਕੌਫੀ ਹਾਊਸ
ਵੜਦਾ। ਸ਼ਰਟ, ਟਾਈ, ਸੂਟ-ਬੂਟ ਕੱਸਿਆ ਹੋਇਆ, ਪਾਲਸ਼ ਚਿਹਰਾ, ਵਾਲ ਚਮਕਦੇ, ਬੇਧਿਆਨਾ ਜਿਹਾ,
ਗੱਲ ਕਰੀ ਜਾਂਦਾ ਅਤੇ ਆਪਣਾ ਕੌਫ਼ੀ ਦਾ ਕੱਪ ਅਤੇ ਕਰੌਸੌਂ ਲੈਂਦਾ, ਆਪਣੇ ਟੇਬਲ ਵੱਲ ਵੱਧ
ਜਾਂਦਾ। ਉੱਥੇ ਬੈਠਦਾ, ਕੌਫੀ ਸਿੱਪ ਕਰਦਾ ਅਤੇ ਫਾਈਲਾਂ ਦੇ ਥੱਬੇ ਫਰੋਲੀ ਜਾਂਦਾ। ਸਾਰਾ
ਬਰੀਫਕੇਸ ਖੋਲ੍ਹ ਕੇ ਮੋਹਰੇ ਖਿਲਾਰ ਲੈਂਦਾ। ਜਿਵੇਂ ਸਾਰੀ ਦੁਨੀਆਂ ਦਾ ਭਾਰ ਉਸਨੇ ਹੀ ਸੰਭਾਲਣਾ
ਹੋਵੇ।
ਉਸਦਾ ਹੱਥ ਕੌਫੀ ਦੇ
ਕੱਪ ਵੱਲ ਟੋਹ-ਟੋਹ ਕੇ ਵੱਧਦਾ। ਕਦੀ-ਕਦਾਈਂ ਫਾਈਲਾਂ ਵੇਖਦਾ-ਵੇਖਦਾ ਉਹ ਕੌਫੀ ਦਾ ਘੁੱਟ ਭਰਨਾ
ਵੀ ਭੁੱਲ ਜਾਂਦਾ।
ਮੈਂ ਕੌਫੀ ਪੀਣ ਦੇ ਨਾਲ਼-ਨਾਲ਼, ਉਸਨੂੰ ਹਰ ਰੋਜ਼ ਵੇਖ ਕੇ, ਉਸਦੀ ਵੀ ਐਡਿਕਟ ਜਿਹੀ ਹੋ ਗਈ।
ਉਹ ਜਿਵੇਂ ਮੇਰਾ, ਸਾਰਾ ਦਿਨ ਕੱਟਣ ਦਾ ਨਸ਼ਾ ਬਣ ਗਿਆ ਹੋਵੇ। ਜੇ ਕਰ ਉਹ ਲੇਟ ਹੋ ਜਾਂਦਾ ਤਾਂ
ਮੈਨੂੰ ਅਚੋਤਾਣੀ ਜਿਹੀ ਲੱਗ ਜਾਂਦੀ। ਫਿ਼ਕਰ ਮਨ ਨੂੰ ਖਾਣ ਲਗ ਪੈਂਦਾ। ਇੱਕ ਧੁਖ-ਧੁਖੀ ਜਿਹੀ
ਹਿੱਕ ਵਿੱਚ ਸੁਲਘਦੀ।
ਭਲਾ, ਕੋਈ ਇਵੇਂ ਵੀ
ਦਿਲ ਵਿੱਚ ਥਾਂਹ ਬਣਾ ਲੈਂਦਾ ਹੈ? ਨਹੀਂ ਸਾਂ ਮੈਂ ਜਾਣਦੀ। ਉਹ ਕੌਣ ਸੀ, ਉਹ ਵੀ ਨਹੀਂ ਸੀ
ਪਤਾ। ਪਰ ਉਸਦੀ ਆਮਦ ਦਾ ਇਕ ਨਸ਼ਾ ਸੀ, ਸਰੂਰ ਸੀ, ਜਿਸ ਨਾਲ਼ ਦਿਨ ਸੌਖਾ ਨਿੱਕਲ ਜਾਂਦਾ ਸੀ। …
ਤੇ ਫੇਰ, ਪੂਰਾ ਦਿਨ ਉਸ ਬਾਰੇ ਸੋਚਣ ਦੀ ਲੋੜ ਨਹੀਂ ਸੀ ਪੈਂਦੀ।
ਇਕ ਦਿਨ ਉਹ ਕੌਫੀ ਹਾਊਸ ਨਾ ਆਇਆ, ਮੇਰੀ ਨਜ਼ਰ ਸ਼ੀਸਿ਼ਆਂ ਵਿੱਚੀਂ ਜਿਵੇਂ ਹਰ ਕਾਰ ਦਾ ਰੰਗ
ਪਛਾਣ ਰਹੀ ਸੀ। ਹਰ ਕਾਰ ਵਿੱਚੋਂ ਨਿਕਲਦਾ ਹੋਇਆ ਚਿਹਰਾ ਪਛਾਣ ਰਹੀ ਸੀ। ਘੜੀ ਦੀ ਸੂਈ ਆਪਣੀ
ਰਫ਼ਤਾਰ ਦੇ ਨਾਲ਼ ਅੱਗੇ ਵੱਧੀ ਜਾ ਰਹੀ ਸੀ। ਨਾਲ਼ ਹੀ ਵਧ ਰਿਹਾ ਸੀ ਮੇਰਾ ਫਿਕਰ।
ਜੀਅ ਕੀਤਾ, ਕੌਫੀ ਵਾਲੀ ਵੇਟਰੈੱਸ ਨੂੰ ਜਾ ਕੇ ਪੁੱਛਾਂ।
ਭਲਾ ਕੀ ਪੁਛਾਂਗੀ?
ਕਿਹਦੇ ਬਾਰੇ ਪੁਛਾਂਗੀ? ਇਹ ਸੋਚ ਕੇ ਮੈਂ ਆਪਣੇ ਆਪ ਨੂੰ ਕੋਸਿਆ। ਕੌਣ ਹੈ ਉਹ? ਕਿਉਂ ਮੈਨੂੰ
ਚਿੰਤਾ ਹੈ? ਆਪਣੇ ਪਾਗਲ-ਪਨ ਨੂੰ, ਮੈਂ ਆਪ ਹੀ ਫਿਟਕਾਰਿਆ। ਸੋਚਿਆ, ਏਸ ਤਰ੍ਹਾਂ ਤਾਂ ਜੀਵਨ
ਵਿਚ ਅਨੇਕਾਂ ਇਨਸਾਨ ਆਉਂਦੇ ਹਨ। ਰਾਹ-ਗਲੀ, ਬਥੇਰੇ ਬੰਦੇ ਮਿਲਦੇ ਹਨ। ਸਾਰਿਆਂ ਦੀ ਚਿੰਤਾ ਤਾਂ
ਨਹੀਂ ਕੀਤੀ ਜਾ ਸਕਦੀ।
ਫੇਰ ਕਿਉਂ … ਮੈਂ ਉਸ ਦੇ ਬਾਰੇ ਸੋਚੀ ਜਾ ਰਹੀ ਸਾਂ?
ਪਰ ਮੈਂ ਤੰਦੋਤਾਣੀ
ਵਿੱਚ ਉਲਝੀ ਹੀ ਜਾ ਰਹੀ ਸਾਂ, ਜਦੋਂ ਨੂੰ ਉਹ ਉੱਘੜ-ਦੁੱਘੜ ਕੱਪੜਿਆਂ ਵਿੱਚ ਉੱਥੇ ਆ ਪਹੁੰਚਾ।
ਉਸਦਾ ਸੈੱਲ ਫੋਨ ਬੰਦ ਸੀ। ਬਰੀਫ ਕੇਸ ਵੀ ਕੋਲ ਨਹੀਂ ਸੀ। ਟਾਈ-ਛਾਈ ਵੀ ਢਿੱਲੀ ਜਿਹੀ ਬੰਨੀ
ਹੋਈ ਸੀ। ਸ਼ੇਵ ਵੀ ਨਹੀਂ ਸੀ ਕੀਤੀ ਹੋਈ। … ਤੇ ਉਹ ਕੌਫੀ ਦਾ ਕੱਪ ਲੈ ਕੇ ਆਪਣੇ ਟੇਬਲ ਤੇ ਜਾ
ਬੈਠਾ। ਕੌਫੀ ਨੂੰ ਘੂਰਦਾ ਰਿਹਾ। ਘੁੱਟ ਭਰਦਾ, ਜਿਵੇਂ ਉਹ ਸੰਘੋਂ ਨਾ ਉੱਤਰ ਰਹੀ ਹੋਵੇ।
ਮੈਂ ਬੈਠੀ ਵੇਖ ਰਹੀ ਸਾਂ। ਜੀਅ ਕੀਤਾ ਜਾ ਕੇ ਪੁੱਛ ਹੀ ਲਵਾਂ।
ਮਨ ਨੇ ਆਖਿਆ, ਕੀ ਆਖੇਂਗੀ? ਕੀ ਪੁੱਛੇਂਗੀ?
ਕੁੱਝ ਮਿੰਟਾਂ ਬਾਅਦ
ਇਕ ਔਰਤ ਉਸਦੇ ਕੋਲ ਆ ਬੈਠੀ। ਨਿੰਮੋਝੂਣੀ ਜਿਹੀ। ਡਰੀ-ਸਹਿਮੀ ਹੋਈ।
ਉਸਨੇ, ਉਸ ਔਰਤ ਦੇ ਬੈਠਣ ਨਾਲ਼ ਮੇਰੇ ਵੱਲ ਇੰਜ ਵੇਖਿਆ ਜਿਵੇਂ ਮੈਥੋਂ ਸ਼ਰਮਿੰਦਾ ਹੋ ਗਿਆ
ਹੋਵੇ।
ਮੈਂ ਧਿਆਨ ਅਖ਼ਬਾਰ ਵਿੱਚ ਲਾਉਣ ਲੱਗ ਪਈ। ਪੜ੍ਹ ਨਹੀਂ ਰਹੀ ਸਾਂ, ਸਿਰਫ਼ ਵਰਕੇ ਫਰੋਲ ਰਹੀ ਸਾਂ
ਉਹ ਔਰਤ ਕੁਝ ਦੇਰ ਬੈਠ ਕੇ, ਕੁਝ ਕਾਗ਼ਜ਼ਾਂ ਤੇ ਦਸਤਖ਼ਤ ਕਰਾ ਕੇ ਆਪਣਾ-ਆਪ ਸਮੇਟਦੀ ਹੋਈ ਚਲੀ
ਗਈ।
ਉਹ ਵੀ ਉੱਠਿਆ, ਆਪਣਾ
ਆਪ ਧਰੀਕਦਾ ਹੋਇਆ ਤੁਰ ਗਿਆ। ਕਾਰ ਵਿੱਚ ਬੈਠਣ ਲੱਗਿਆਂ, ਉਸਦੀ ਨਜ਼ਰ ਇਕ ਵਾਰੀ ਫੇਰ ਮੇਰੇ
ਨਾਲ਼ ਟਕਰਾਈ, ਮੈਨੂੰ ਉਸਦੀ ਬੇਚਾਰਗੀ ਤੋਂ ਤਰਸ ਜਿਹਾ ਵੀ ਆਇਆ।
ਉਹ ਸਾਰਾ ਦਿਨ ਮੇਰਾ
ਚਿੰਤਾ ਵਿਚ ਨਿੱਕਲ ਗਿਆ। ਸਲੇਟੀ ਧੂਆਂ, ਮੇਰੀ ਹਿੱਕ ਨੂੰ ਚਿੰਬੜ ਗਿਆ। ਸਾਹ ਆਉਣਾ ਔਖਾ ਹੋ
ਗਿਆ। ਮੇਰੇ ਨਾਲ਼ ਕੰਮ ਕਰਦੀ ਕੁੜੀ ਨੇ ਆ ਕੇ ਪੁੱਛਿਆ, “ਕੀ ਗੱਲ ਅਜ ਤੇਰੀ ਤਬੀਅਤ ਠੀਕ ਨਹੀਂ
ਲਗਦੀ?”
“ਕੀ ਹੋਇਆ ਮੈਨੂੰ?
ਚੰਗੀ ਭਲੀ ਹਾਂ ਮੈਂ।” ਆਖ ਕੇ ਮੈਂ ਉਸਨੂੰ ਟਾਲ ਦਿੱਤਾ।
ਉਹ ਮੁੜ-ਮੁੜ ਮੇਰੇ
ਵਲ ਤੱਕਦੀ ਹੋਈ ਚਲੀ ਗਈ।
ਮੈਂ ਉੱਠੀ, ਵਾਟਰ ਕੂਲਰ ਤੋਂ ਪਾਣੀ ਦਾ ਕੱਪ ਇੱਕੋ ਸਾਹੇ ਡੀਕ ਗਈ। ਮਨ ਸ਼ਾਂਤ ਫੇਰ ਵੀ ਨਹੀਂ
ਸੀ ਹੋ ਰਿਹਾ। ਅੰਦਰ ਜਿਵੇਂ ਭੱਠੀ ਮਘ ਰਹੀ ਸੀ।
ਮੈਨੂੰ ਉਸਦੀ ਸਮੱਸਿਆ ਆਪਣੀ ਬਣ ਗਈ ਜਾਪਦੀ ਸੀ। ਉਸਦੀ ਪਰੇਸ਼ਾਨੀ, ਮੇਰੇ ਅੰਦਰ ਘਰ ਕਰ ਗਈ
ਜਾਪਦੀ ਸੀ।
ਪਰ ਉਹ ਹੈ ਕੌਣ? ਉਸਦਾ ਨਾਂ ਕੀ ਹੈ? ਕੀ ਰਿਸ਼ਤਾ ਹੈ ਮੇਰਾ ਉਸ ਨਾਲ਼? ਇਸ ਰਿਸ਼ਤੇ ਦੀ ਵੀ ਸਮਝ
ਨਹੀਂ ਸੀ ਆ ਰਹੀ। ਕਿਉਂ ਮੈਂ ਉਸ ਦੇ ਬਾਰੇ ਚਿੰਤਾ ਕਰ ਰਹੀ ਸਾਂ? ਸਮਝੋ, ਸਾਰਾ ਦਿਨ ਮੇਰਾ
ਚਿੰਤਾ ਵਿੱਚ ਹੀ ਨਿੱਕਲ ਗਿਆ।
ਫੇਰ ਸੋਚਿਆ, ‘ਕਲ ਸੁਵੇਰੇ, ਉਸਨੂੰ ਬੁਲਾ ਹੀ ਲਵਾਂਗੀ’, ਆਖ ਕੇ ਮਨ ਨੂੰ ਦਿਲਾਸਾ ਦਿੱਤਾ, ਅਤੇ
ਰਾਤ ਨੂੰ ਸੌਣ ਦੀ ਕੋਸਿ਼ਸ਼ਸ਼ਸ਼ ਕੀਤੀ। ਸਵੇਰੇ ਉੱਠੀ ਤਾਂ ਸਿਰ ਭਾਰਾ ਸੀ, ਸਾਰੀ ਰਾਤ ਨਾ
ਨੀਂਦ ਆਈ, ਨਾ ਚੈਨ।
ਮੈਂ ਤਿਆਰ ਹੋ ਕੇ
ਕੰਮ ਤੇ ਫੇਰ ਚਲੀ ਗਈ। ਉਸੇ ਕੌਫੀ ਹਾਊਸ ਵਿਚ ਰੋਜ਼ਾਨਾ ਵਾਂਗ ਕੌਫੀ ਪੀਣ ਗਈ। ਨਜ਼ਰ ਉਸਨੂੰ
ਭਾਲ ਰਹੀ ਸੀ। ਅਖ਼ਬਾਰ ਚੁੱਕਿਆ, ਫਰੋਲਿਆ, ਜਿਵੇਂ ਧਿਆਨ ਉੱਥੇ ਹੈ ਹੀ ਨਹੀਂ ਸੀ। ਪੂਰਾ ਘੰਟਾ
ਮੈਂ ਉੱਥੇ ਬੈਠੀ ਰਹੀ। ਉਹ ਨਹੀਂ ਆਇਆ। ਆਖਰ ਮੈਂ ਆਪਣਾ ਬੈਗ ਚੁੱਕਿਆ ਅਤੇ ਆਪਣੇ ਦਫ਼ਤਰ ਵੱਲ
ਤੁਰ ਪਈ।
ਕਾਰ ਸਟਾਰਟ ਕੀਤੀ ਹੀ
ਸੀ ਜਦੋਂ ਨੂੰ ਉਹ ਆਉਂਦਾ ਨਜ਼ਰੀਂ ਪਿਆ। ਜੀਅ ਕੀਤਾ ਜਾ ਕੇ ਪੁੱਛਾਂ, “ਕਿਉਂ ਦੇਰ ਕਰ ਦਿੱਤੀ
ਸੀ? ਕਿੱਥੇ ਸੈਂ ਤੂੰ? ਮੈਂ ਚਿੰਤਾ ਕਰਦੀ ਰਹੀ।”
ਫੇਰ ਸੋਚਿਆ, ਕਿਹੜੇ ਹੱਕ ਨਾਲ਼ ਪੁਛਾਂਗੀ। ਕੌਣ ਬੰਦਾ ਹੈ ਉਹ? ਮੈਨੂੰ ਤਾਂ ਉਸਦੇ ਨਾਂ ਦਾ ਵੀ
ਨਹੀਂ ਪਤਾ।
ਅੱਜ ਫੇਰ ਉਹ ਬਣਿਆ-ਸੰਵਰਿਆ ਆ ਰਿਹਾ ਸੀ। ਬਰੀਫਕੇਸ ਹੱਥ ਵਿੱਚ, ਸੈੱਲ ਫੋਨ ਤੇ ਗੱਲ ਕਰਦਾ
ਹੋਇਆ।
ਮੈਂ ਕਾਰ, ਕਾਰ ਪਾਰਕ ਵਿੱਚੋਂ ਕੱਢ ਕੇ, ਦੁਬਾਰਾ ਫੇਰ ਪਾਰਕ ਕਰ ਦਿੱਤੀ। ਅੰਦਰ ਆ ਕੇ ਕੌਫੀ ਦਾ
ਕੱਪ ਹੋਰ ਲੈ ਲਿਆ। ਸੋਚਿਆ, ਕੰਮ ਤੇ ਫੋਨ ਕਰ ਦਿੰਦੀ ਹਾਂ, ਅੱਜ ਮੈਂ ਦੇਰ ਨਾਲ਼ ਆਵਾਂਗੀ। ਕੋਈ
ਜ਼ਰੂਰੀ ਕੰਮ ਪੈ ਗਿਆ ਹੈ।
ਕੌਫੀ ਦਾ ਕੱਪ ਲੈ ਕੇ ਮੇਰੇ ਪੈਰ ਆਪ-ਮੁਹਾਰੇ ਉਸਦੇ ਟੇਬਲ ਵੱਲ ਹੋ ਤੁਰੇ।
ਖੜੀ ਸਾਂ ਮੈਂ ਉਸਦੇ ਟੇਬਲ ਦੀ ਨੁੱਕਰ ਕੋਲ। ਜਿਵੇਂ ਮੈਂ ਉਸਨੂੰ ਗਰਮ-ਗਰਮ ਸੁਣਾਉਣੀਆਂ ਹੋਣ।
ਉਹ ਮੈਨੂੰ ਵੇਖ ਕੇ ਬੋਲਿਆ, “ਮੇ ਆਈ ਹੈਲਪ ਯੂ?”
ਆਪਣੀ ਬੇਵਕੂਫੀ ਦਾ
ਅਹਿਸਾਸ, ਮੇਰੇ ਅੰਦਰ ਚੂੰਢੀਆਂ ਵੱਢਣ ਲਗ ਪਿਆ। ਸੌ ਰੀਂਘਦੀਆਂ ਕੀੜੀਆਂ ਮੇਰੇ ਅੰਦਰ ਨੂੰ ਖਾਣ
ਲਗ ਪਈਆਂ। ਤੇ ਮੈਂ, ‘ਆਈ ਐਮ ਸੌਰੀ’ ਆਖਦੀ ਹੋਈ ਮੁੜਨ ਲੱਗੀ।
“ਸੌਰੀ ਫਾਰ ਵੱਟ?” ਉਸਨੇ ਜਿਵੇਂ ਠੀਮ ਵਾਂਗ ਮੇਰੇ ਸਵਾਲ ਮਾਰਿਆ।
ਜੀਅ ਕੀਤਾ ਆਖ ਦੇਵਾਂ, ‘ਸੌਰੀ ਮੈਂ ਤੇਰੇ ਲਈ ਚਿੰਤਾ ਕਰਦੀ ਰਹੀ, ਸੌਰੀ ਮੈਂ ਕਮਲਿਆਂ ਵਾਂਗ
ਤੈਨੂੰ ਉਡੀਕਦੀ ਰਹੀ, ਸੌਰੀ ਮੈਂ ਤੈਨੂੰ ਬੈਠੇ ਨੂੰ ਵੇਖਦੀ ਰਹੀ। ਸੌਰੀ ਮੈਂ ਤੇਰੀ ਸਮੱਸਿਆ ਦਾ
ਕਿਆਸ ਕਰਦੀ ਰਹੀ … ਤੇ ਹੋਰ ਵੀ ਬਹੁਤ ਕੁਝ।’ ਪਰ ਮੈਂ ਕੁਝ ਨਹੀਂ ਆਖਿਆ।
“ਓਹ ਨਥਿੰਗ …” ਆਖ ਕੇ ਮੈਂ ਆਪਣੇ ਟੇਬਲ ਵੱਲ ਨੂੰ ਤੁਰ ਪਈ।
“ਪਲੀਜ਼ ਟੇਕ ਏ ਸੀਟ … ਮੈਂ ਤੁਹਾਨੂੰ ਹਰ ਰੋਜ਼ ਹੀ ਵੇਖਦਾ-ਮਿਲਦਾ ਹਾਂ। ਲਗਦੈ ਤੁਹਾਡਾ ਵੀ
ਇਹੋ ਕੌਫੀ ਹਾਊਸ ਐ।” ਉਸਨੇ ਪਿਛਿਓਂ ਆਖਿਆ। ਜਿਵੇਂ ਇਹ ਕੌਫੀ ਹਾਊਸ ਅਸੀਂ ਰਿਜ਼ਰਵ ਕਰਾਇਆ
ਹੋਵੇ।
“ਤੁਸੀਂ ਕਲ ਨਹੀਂ ਆਏ, ਸੋਚਿਆ ਪੁੱਛ ਹੀ ਲਵਾਂ, ਕਿੱਧਰੇ ਬਿਮਾਰ ਹੀ ਨਾ ਹੋਵੋਂ।” ਮੈਂ ਆਪਣੇ
ਦਿਲ ਦੀ ਗੱਲ ਆਖ ਸੁਣਾਈ।
“ਨਹੀਂ, ਬਿਮਾਰ ਨਹੀਂ ਸਾਂ … ਪਰ ਬਿਮਾਰੀ ਜਿਹੀ ਹੀ ਬਿਮਾਰੀ ਸੀ। ਉਸਦਾ ਅਪਰੇਸ਼ਨ ਕਰਨਾ ਸੀ।”
“ਮੈਂ ਸਮਝੀ ਨਹੀਂ … ।”
“ਬੈਠੋ …” ਉਸਨੇ ਸਾਮ੍ਹਣੀ ਕੁਰਸੀ ਵੱਲ ਹੱਥ ਦਾ ਇਸ਼ਾਰਾ ਕੀਤਾ।
ਮੈਂ ਕੁਰਸੀ ਖਿੱਚ ਕੇ
ਬੈਠ ਗਈ। ਉਸਨੇ ਆਪਣੇ ਕਾਗ਼ਜ਼ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਮੈਨੂੰ ਅਹਿਸਾਸ ਹੋਇਆ ਕਿ ਮੈਂ
ਉਸਦੇ ਕੰਮ ਵਿੱਚ ਰੁਕਾਵਟ ਪਾ ਦਿੱਤੀ ਹੈ। ਮੈਂ ਫੇਰ ਆਖਿਆ, “ਲਗਦੈ, ਤੁਸੀ ਬਹੁਤ ਬਿਜ਼ੀ ਹੋ।
ਮੈਨੂੰ ਬੈਠਣਾ ਨਹੀਂ ਸੀ ਚਾਹੀਦਾ।”
“ਜੇ ਕਰ ਬੈਠ ਗਏ ਹੋ ਤਾਂ ਬੈਠੇ ਰਹੋ …” ਉਸਨੇ ਠਾਹ ਕਰਦੀ ਗੱਲ ਮੇਰੇ ਮੂੰਹ ’ਤੇ ਚੁਪੇੜ ਵਾਂਗ
ਮਾਰੀ।
ਮੈਂ ਝੂਠੀ ਜਿਹੀ ਹੋ ਗਈ। ਸੋਚਿਆ, ਬੇਵਕੂਫ਼ੀ ਦੀ ਸਜ਼ਾ ਵੀ ਮਿਲਣੀ ਹੀ ਚਾਹੀਦੀ ਸੀ। ਅੱਗੇ ਤੋਂ
ਏਸ ਤਰ੍ਹਾਂ ਦੀ ਹਰਕਤ ਨਹੀਂ ਕਰੇਂਗੀ।
ਉਸਨੇ ਕਾਗ਼ਜ਼ ਇਕੱਠੇ ਕੀਤੇ ਅਤੇ ਆਪਣਾ ਹੱਥ ਵਧਾਉਂਦਾ ਹੋਇਆ ਬੋਲਿਆ, “ਮੇਰਾ ਨਾਂ ਜੈਕ ਹੈ। ਤੇ
ਤੁਸੀ …?”
“ਸ਼ੀਲਾ … ” ਮੈਂ ਹੱਥ ਮਿਲਾਉਂਦਿਆਂ ਆਖਿਆ।
“ਮੈਨੂੰ ਦੋ ਮਿੰਟ ਦਿਉ, ਮੈਂ ਕੰਮ ਸਮੇਟ ਲਵਾਂ …” ਉਸਨੇ ਇਸ ਤਰ੍ਹਾਂ ਆਖਿਆ, ਜਿਵੇਂ ਜਿ਼ੰਦਗੀ
ਭਰ ਦਾ ਕੰਮ ਮੁਕਾ ਕੇ ਵਕਤ ਮੈਨੂੰ ਦੇ ਰਿਹਾ ਹੋਵੇ।
ਉਹ ਆਪਣੇ ਧਿਆਨ ਕਾਗ਼ਜ਼ ਇੱਕਠੇ ਕਰਦਾ ਰਿਹਾ। … ਤੇ ਮੈਂ ਬੈਠੀ ਸੋਚਦੀ ਰਹੀ, ਏਹ ਵੀ ਕਿਸ
ਤਰ੍ਹਾਂ ਦੀ ਮਿਲਣੀ ਹੈ, ਜਾਣ-ਪਛਾਣ ਰਹਿਤ। ਕਿਉਂ ਅਸੀਂ ਹੋਰ ਲੋਕਾਂ ਲਈ ਸੋਚਣ ਲੱਗ ਪੈਂਦੇ
ਹਾਂ? ਇਹ ਸੋਚਦਿਆਂ ਹੋਇਆ ਮੇਰਾ ਧਿਆਨ ਮੇਰੇ ਹੀ ਅਤੀਤ ਵੱਲ ਮੁੜ ਗਿਆ।
ਏਸੇ ਕੌਫੀ ਹਾਊਸ ਵਿਚ
ਮੈਨੂੰ ਅਜੀਤ ਨੇ ਆਖਿਆ ਸੀ, “ਕੀ ਮਰਦ-ਔਰਤ ਦਾ ਰਿਸ਼ਤਾ, ਇੱਕੋ ਹੁੰਦੈ? ਕੀ ਦੇਖਿਆ ਐ ਤੂੰ
ਜਿਹੜਾ ਐਂਜ ਭੜਕ ਪਈ ਐਂ। ਉਹ ਔਰਤ ਤਾਂ ਮੇਰੀ ਦੋਸਤ ਸੀ। ਮੇਰੀ ਦੋਸਤ ਉਦਾਸ ਸੀ, ਮੈਂ ਤਾਂ
ਸਿਰਫ਼ ਹਾਲ ਹੀ ਪੁੱਛਿਆ ਸੀ। ਵਰ੍ਹੇ ਭਰ ਅਸੀਂ ਇੱਕ ਦੂਜੇ ਦਾ ਹਾਲ-ਚਾਲ ਪੁੱਛਦੇ ਆ ਰਹੇ ਹਾਂ।
ਇਕੱਠੇ ਪਲ਼ੇ-ਪੜ੍ਹੇ ਹਾਂ। ਜੀਵਨ ਦੇ ਵਰ੍ਹੇ ਅਸੀਂ ਇਕੱਠੇ ਬਿਤਾਏ ਹਨ। ਕੀ ਹੋਇਆ ਜੇ ਕਰ ਮੈਂ
ਉਸਦੇ ਦੁੱਖ ਦੀ ਘੜੀ ਵਿੱਚ ਉਸਦਾ ਪਲ ਭਰ ਲਈ ਸਾਥ ਦੇ ਦਿੱਤਾ? ਤੁਸੀਂ ਇੰਡੀਆ ਤੋਂ ਆਈਆਂ ਹੋਈਆਂ
ਕੁੜੀਆਂ ਕਿੰਨੀਆਂ ਸ਼ੱਕੀ ਹੁੰਦੀਆਂ ਹੋ। ਦੋਸਤੀ ਦੇ ਅਰਥ ਜਾਣਦੀਆਂ ਹੀ ਨਹੀਂ। ਤੁਸੀਂ ਇਹ
ਵੇਖਦੀਆਂ ਹੋ, ਇਹ ਆਦਮੀ ਹੈ, ਐਹ ਔਰਤ ਹੈ, ਇਨ੍ਹਾਂ ਨੂੰ ਤਾਂ ਗੱਲ ਵੀ ਨਹੀਂ ਕਰਨੀ ਚਾਹੀਦੀ।
ਤੁਸੀਂ ਆਪਣੇ ਮਨ ਵਿੱਚ ਪਹਿਲਾਂ ਹੀ ਇਕ ਤਸਵੀਰ ਬਣਾ ਲੈਂਦੀਆਂ ਹੋ ਕਿ ਇਸ ਔਰਤ ਨਾਲ਼ ਜ਼ਰੂਰ
ਤੁਹਾਡਾ ਆਦਮੀ ਸੌਂਦਾ ਹੋਵੇਗਾ। ਏਸ ਤਰ੍ਹਾਂ ਦੀ ਸ਼ੱਕੀ ਜ਼ਹਿਨੀਅਤ ਵਿੱਚ ਮੈਂ ਨਹੀਂ ਕੱਟ
ਸਕਦਾ।”
ਮੈਂ ਆਖ ਦਿੱਤਾ ਸੀ,
“ਹਰ ਦੂਸਰੀ ਔਰਤ ਨੂੰ ਤੇਰੇ ਕੋਲ ਬੈਠਾ, ਮੈਂ ਵੀ ਨਹੀਂ ਵੇਖ ਸਕਦੀ। ਤਹਿਜ਼ੀਬ ਵੀ ਕੋਈ ਚੀਜ਼
ਹੁੰਦੀ ਐ। ਸਮਾਜ ਵਿੱਚ ਮੂੰਹ-ਮੱਥਾ ਵੀ ਵਿਖਾਉਣਾ ਪੈਂਦੈ। ਹਰ ਵੇਲੇ ਚਿੰਤਾ ਵਿੱਚ ਗ੍ਰਸਤ ਮੈਂ
ਵੀ ਨਹੀਂ ਰਹਿ ਸਕੂੰਗੀ। … ਤੇ ਤੁਸੀਂ ਵੈਸਟ ਵਿੱਚ ਜੰਮ ਪਲ ਕੇ, ਜਾਣਦੇ ਕੀ ਹੋ? ਇੱਜ਼ਤ-ਮਾਣ
ਦਾ ਤੁਹਾਨੂੰ ਪਤਾ ਹੀ ਨਹੀਂ …। ਜਦੋਂ ਜੀਅ ਕੀਤਾ ਦੋਸਤੀ ਦੇ ਨਾਂ ਹੇਠ, ਕਿਸੇ ਨੂੰ ਬੁੱਕਲ
ਵਿੱਚ ਬਿਠਾਲ ਲਿਆ। ਨਹੀਂ ਮੰਜ਼ੂਰ ਮੈਨੂੰ ਇਹ ਸਭ … ।”
ਮੇਰੀ ਗੱਲ ਸੁਣ ਕੇ, ਅਜੀਤ ਉੱਠਿਆ ਸੀ ਅਤੇ ਇਹ ਕਹਿੰਦਾ ਹੋਇਆ ਕਿ, “ਨੈਰੋ ਮਾਂਈਂਡ ਨੂੰ ਇੱਜ਼ਤ
ਦਾ ਨਾਂ ਨਾ ਦਿਓ। ਏਸ ਸਭਿਆਚਾਰ ਦੇ ਪਾੜੇ ਵਿੱਚ ਮੈਂ ਪੁਲਾਂਘ ਪਿੱਛੇ ਨਹੀਂ ਪਰਤ ਸਕਦਾ। ਸਮਾਂ
ਅੱਗੇ ਤੁਰਨ ਦਾ ਹੈ। ਮੇਰੇ ਨਾਲ਼ ਕਦਮ ਅੱਗੇ ਵਧਾਉਣਾ ਹੈ ਤਾਂ ਨਾਲ਼ ਤੁਰ ਪਵੋ, ਵਰਨਾ … ” …
ਤੇ ਉਹ ਇਹ ਆਖਦਾ ਹੋਇਆ ਤੁਰ ਗਿਆ ਸੀ।
ਮੈਂ ਬੈਠੀ ਰਹੀ ਸਾਂ। ਉਸਦੇ ਨਾਲ਼ ਭੱਜ ਨਹੀਂ ਸਾਂ ਸਕਦੀ। ਮੈਂ ਰਿਸ਼ਤਿਆਂ ਦੇ ਸੰਗਲਾਂ ਨਾਲ਼
ਬੱਝ ਕੇ ਰਹਿਣਾ ਚਾਹੁੰਦੀ ਸਾਂ। ਇਸ ਬੰਨਣ ਨਾਲ਼ ਅਜੀਤ ਦਾ ਦਮ ਘੁੱਟਦਾ ਸੀ।
ਨਾ ਉਸਨੇ ਮੁੜਕੇ
ਮੇਰੀ ਬੱਤੀ ਵਾਹੀ ਅਤੇ ਨਾ ਮੈਂ ਉਸਦੇ ਮਗਰ ਹੀ ਗਈ। ਉਸਨੇ ਘਰੋਂ ਸੂਟਕੇਸ ਕੱਸਿਆ ਅਤੇ ਕਿੱਧਰੇ
ਹੋਰ ਡੇਰਾ ਜਾ ਲਾਇਆ। ਨਿੱਤ ਦੀ ਕਿੜ-ਕਿੜ ਨਾ ਉਸਨੂੰ ਪਸੰਦ ਸੀ ਨਾ ਮੈਨੂੰ।
ਮੈਂ ਵੀ ਸੋਚਿਆ, ਏਸ ਤਰ੍ਹਾਂ ਦੇ ਰਿਸ਼ਤੇ ਦੀ ਕੀ ਲੋੜ ਹੈ? ਜਦੋਂ ਕੁਝ ਸਾਂਝਾ ਹੈ ਹੀ ਨਹੀਂ।
ਇੱਕ ਛੱਤ ਹੇਠਾਂ, ਦੋ ਲਾਸ਼ਾਂ ਤੁਰੀਆਂ ਫਿਰਨ। ਨਾ ਉਸਨੂੰ ਮੇਰਾ ਪਤਾ ਅਤੇ ਨਾ ਮੈਨੂੰ ਉਸਦਾ
ਪਤਾ। ਵਗਦੀ ਹਵਾ ਵਿੱਚ ਪੱਤਿਆਂ ਵਾਂਗ ਭਟਕੀ ਜਾਣਾ ਕਿੱਥੋਂ ਦੀ ਅਕਲਮੰਦੀ ਹੈ? ਸ਼ੁਕਰ ਐ, ਕੋਈ
ਬੱਚਾ ਵੀ ਨਹੀਂ ਸੀ। ਮੈਂ ਤਾਂ ਪਹਿਲਾਂ ਹੀ ਵਿਆਹ ਲਈ ਰਾਜ਼ੀ ਨਹੀਂ ਸਾਂ। ਆਖਰ ਯੂਨੀਵਰਸਿਟੀ
ਲੈਵਲ ਤਕ ਪੜ੍ਹੀ ਸਾਂ। ਪਰ ਇਹ ਇਨਸਾਨ ਮੈਨੂੰ ਜ਼ਾਹਲ ਔਰਤ ਸਾਬਤ ਕਰਨ ਤੇ ਤੁਲਿਆ ਹੋਇਆ ਸੀ।
ਸੋਚਿਆ, ਗੰਵਾਰ ਮੈਂ ਨਹੀਂ, ਗੰਵਾਰ ਤਾਂ ਇੱਥੋਂ ਦੀ ਸਭਿਤਾ ’ਚ ਪਲੇ ਹੋਏ ਬੰਦੇ ਨੇ। ਨਹੀਂ
ਗਵਾਰਾ ਸੀ ਮੈਨੂੰ ਇਹ ਸਾਥ। ਨਹੀਂ ਚਾਹੂੰਦੀ ਸਾਂ ਮੈਂ ਹਰ ਰੋਜ਼ ਕੱਚੇ ਭਾਂਡੇ ਵਾਂਗ ਤਿੜਕੀ
ਜਾਣਾ। ਮੈਂ ਵੀ ਸੋਚਿਆ, ਕਿਸੇ ਨੂੰ ਇੰਡੀਆ ਤੋਂ ਮੰਗਵਾ ਲਵਾਂਗੀ, ਆਪਣੇ ਲੈਵਲ ਦੀ ਸਾਂਝ
ਪਾਵਾਂਗੀ। ਇੱਥੇ ਦੇ ਜੰਮ ਪਲ ਨੂੰ ਕੀ ਸਾਰ ਇੱਜ਼ਤ ਕੀ ਚੀਜ਼ ਹੁੰਦੀ ਐ।
… ਤੇ ਮੈਂ ਉਸਦਾ ਪਿੱਛਾ ਨਾ ਕੀਤਾ। ਮਾਂ ਨੇ ਵਾਸਤੇ ਪਾ-ਪਾ ਚਿੱਠੀਆਂ ਲਿਖੀਆਂ। ਮੈਂ ਸਭ
ਅਣਸੁਣੀਆਂ ਕਰ ਦਿੱਤੀਆਂ। ਕੋਈ ਜਵਾਬ ਨਾ ਦਿੱਤਾ। ਸੋਚਿਆ, ਮਾਂ ਨੂੰ ਕੀ ਪਤਾ ਪ੍ਰਦੇਸਾਂ ਵਿੱਚ
ਵਸਣ ਵਾਲਿਆਂ ਦੀ ਫਿਤਰਤ ਦਾ, ਉਨ੍ਹਾਂ ਦੇ ਦੁੱਖਾਂ, ਤਕਲੀਫ਼ਾਂ ਦਾ।
ਫੇਰ ਪੂਰਾ ਸਾਲ ਲੱਗਾ
ਤਲਾਕ ਲੈਣ ਵਾਸਤੇ। ਮੈਂ ਉਸਦੇ ਅਤੇ ਆਪਣੇ, ਸਾਰੇ ਹੱਕਾਂ ਨੂੰ ਵੀ ਤਲਾਕ ਦੇ ਕੇ, ਉਸਤੋਂ
ਤਲਾਂਜਲੀ ਲੈ ਲਈ। ਅਜੀਤ ਨੇ ਰਸਮੀਂ ਤੌਰ ਤੇ ਘਰ, ਪੈਸੇ ਸਭ ਆਫਰ ਕੀਤੇ। ਮੈਨੂੰ ਕੁਝ ਵੀ ਗਵਾਰਾ
ਨਾ ਹੋਇਆ। ਆਖ ਦਿੱਤਾ, “ਮੈਂ ਪੜ੍ਹੀ ਲਿਖੀ ਹਾਂ। ਨਹੀਂ ਲੋੜ ਮੈਨੂੰ ਤੇਰੇ ਪੈਸੇ-ਧੇਲੇ ਦੀ।
ਕਮਾ ਲਵਾਂਗੀ ਮੈਂ ਆਪੇ।”
ਮੈਂ ਆਪਣਾ ਕੰਮ ਕਰਦੀ, ਜਿ਼ੰਦਗੀ ਜਿਉਂਦੀ।
ਅਜੀਤ ਨੇ ਐਸੀ ਪਿੱਠ ਮੋੜੀ, ਕਦੇ ਮੁੜ ਕੇ ਵਿਖਾਈ ਹੀ ਨਾ ਦਿੱਤਾ।
ਦੋ ਕੁ ਵਰ੍ਹੇ ਬਾਅਦ,
ਮੈਂ ਕੋਸਿ਼ਸ਼ ਕੀਤੀ ਸੀ ਕਿਸੇ ਨਾਲ਼ ਨਾਤਾ ਗੰਢਣ ਦੀ। ਨਵੀਂ ਸਾਂਝ ਪਾਉਣ ਦੀ। ਇੰਡੀਆ ਗਈ ਤਾਂ
ਮਹਿਸੂਸ ਹੋਇਆ, ਰਿਸ਼ਤਾ ਘੱਟ ਅਤੇ ਲਾਲਚ ਦਾ ਸਾਥ ਵੱਧ ਮਿਲ ਰਿਹਾ ਸੀ। ਪਹਿਲਾਂ ਵਿਆਹੀ-ਵਰੀ ਦਾ
ਠੱਪਾ ਵੀ ਮੱਥੇ ਦਾ ਦਾਗ਼ ਬਣਿਆ ਹੋਇਆ ਸੀ। ਸੋਚ ਦੇ ਹਾਣੀ ਦੀ ਸਾਂਝ ਤਾਂ ਮਿਲ ਹੀ ਨਹੀਂ ਸੀ
ਰਹੀ। ਹਰ ਇੱਕ ਲਈ ਮੈਂ ਸਿਰਫ਼ ਰਾਹਦਾਰੀ ਸਾਂ। ਲੋਕਾਂ ਦੀਆਂ ਗੱਲਾਂ ਸੁਣ-ਸੁਣ ਕੇ ਮੇਰੇ ਦਿਮਾਗ
ਵਿੱਚ ਜਿਵੇਂ ਧੂਏਂ ਦਾ ਗੁਬਾਰ ’ਕੱਠਾ ਹੋਈ ਜਾਂਦਾ ਸੀ। ਮੇਰੀ ਮਾਂ ਦੀ ਹਿੱਕ ’ਚ ਉੱਠਦੀ ਚੀਸ,
ਅਤੇ ਅੱਖਾਂ ਵਿੱਚ ਝਲਕਦੀ ਬੇਚਾਰਗੀ ਜਿਵੇਂ ਮੇਰਾ ਅੰਦਰ ਚੀਰ ਜਾਂਦੀ ਸੀ। ਮੈਂ ਉੱਥੋਂ ਵੀ ਸਭ
ਕੁਝ ਛੱਡ-ਛਡਾ ਕੇ ਖਾਲੀ ਹੱਥ ਵਾਪਿਸ ਮੁੜ ਆਈ।
ਉਸ ਵੇਲੇ ਮੈਨੂੰ ਅਹਿਸਾਸ ਹੋਇਆ ਸੀ ਕਿ ਇੱਕ ਮੈਲੀ ਚਾਦਰ ਨੂੰ ਪਹਿਨਣ ਵਾਲਿਆਂ ਦੇ ਮਨ ਕਿੰਨੇ
ਕੱਪਟੀ ਸਨ ਤੇ ਮਿੱਠੇ ਬੋਲਾਂ ਦੇ ਪਿੱਛੇ ਚੱਲਦੀਆਂ ਤੇਜ਼ ਕਟਾਰਾਂ ਸਨ। ਹਰ ਇੱਕ ਨੂੰ ਮੈਂ ਨਹੀਂ
ਸਾਂ ਚਾਹੀਦੀ, ਮੇਰੇ ਦਸਤਖ਼ਤ ਕੀਤੇ ਹੋਏ ਰਾਹਦਾਰੀ ਚਾਹੀਦੀ ਸੀ। ਜਿਸ ਦੇ ਬਦਲੇ ਉਹ ਮੈਨੂੰ
ਲੱਖਾਂ ਰੁਪੈ ਦੇਣ ਨੂੰ ਤਿਆਰ ਸਨ। … ਦੁਨੀਆਂ ਦੀ ਮੰਡੀ ਵਿੱਚ ਮੇਰਾ ਮੁੱਲ ਪੈ ਰਿਹਾ ਸੀ।
ਉਸ ਵੇਲੇ ਮੈਨੂੰ ਅਜੀਤ ਚੇਤੇ ਆਇਆ ਸੀ। ਉਸਦੀ ਸੋਚ ਵੀ ਸੱਚੀ-ਸੁੱਚੀ ਜਾਪੀ। ਵਕਤ ਪੈਣ ਨਾਲ਼
ਮੈਨੂੰ ਵੀ ਏਸ ਦੇਸ਼ ਦੇ ਲੋਕਾਂ ਬਾਰੇ ਪਤਾ ਲੱਗ ਗਿਆ ਸੀ ਕਿ ਜੋ ਕੁਝ ਹੈ, ਉਹ ਸਭ ਦੇ ਸਾਮ੍ਹਣੇ
ਹੈ। ਕੋਈ ਓਹਲਾ ਨਹੀਂ ਹੈ। ਬੱਸ ਸਮਝਣ ਦੀ ਲੋੜ ਹੈ।
ਅਜੀਤ ਕੋਲ ਜਾਣ ਨੂੰ ਦਿਲ ਤਾਂ ਕੀਤਾ, ਫੇਰ ਸੋਚਿਆ, ਉਸਦੇ ਪੈਰਾਂ ਦੀ ਬੇੜੀ ਵੀ ਕਿਉਂ ਬਣਾਂ?
ਮੇਰੇ ਸਵੈਮਾਨ ਨੂੰ ਵੀ ਇਹ ਗਵਾਰਾ ਨਾ ਹੋਇਆ। ਸੋਚਿਆ, ਉਸਨੂੰ ਦੋ ਕਦਮ ਅੱਗੇ ਜਾਣਾ ਚਾਹੀਦਾ ਹੈ
ਨਾ ਕਿ ਪਿੱਛੇ। ਇਹੋ ਤਾਂ ਉਸਨੇ ਆਖਿਆ ਵੀ ਸੀ।
ਉਸ ਵੇਲੇ ਤੋਂ ਲੈ ਕੇ
ਅੱਜ ਤੀਕਰ, ਮੈਂ ਏਸੇ ਕੌਫੀ ਹਾਊਸ ਵਿੱਚ ਆਉਂਦੀ ਰਹੀ। ਮਨ ਦੀ ਤਾਂਘ ਬਣੀ ਰਹੀ ਕਿ, ਕਦੀ ਅਜੀਤ
ਇੱਥੇ ਆ ਹੀ ਜਾਵੇ। ਪਰ ਉਹ ਨਾ ਆਇਆ। ਉਸਨੂੰ ਭਾਲਣ ਦੀ ਮੈਂ ਵੀ ਕੋਸਿ਼ਸ਼ ਨਾ ਕੀਤੀ। ਸੋਚਿਆ,
ਕੀ ਫਾਇਦਾ?
…ਤੇ ਮੈਂ ਏਸ ਕੌਫੀ ਹਾਊਸ ਦੀ ਜਿਵੇਂ ਐਡਿਕਟ ਹੋ ਗਈ। ਇਸ ਦੇ ਨਾਲ਼ ਮੈਨੂੰ ਮੇਰੇ ਏਸ ਸਾਥੀ ਦਾ
ਨਸ਼ਾ ਹੋ ਗਿਆ, ਜਿਸਨੂੰ ਮੈਂ ਜਾਣਦੀ ਹੀ ਨਹੀਂ ਸਾਂ। ਇਹ ਹਰ ਰੋਜ਼ ਆਪਣੇ ਟੇਬਲ ਤੇ ਬੈਠਾ ਕਦੀ
ਕਾਗ਼ਜ਼ ਫ਼ਰੋਲਦਾ ਅਤੇ ਕਦੀ ਲੈਬ-ਟੌਪ ਤੇ ਕੁਝ ਦੇਖ ਰਿਹਾ ਹੁੰਦਾ ਤੇ ਮੈਂ ਆਪਣਾ ਅਖ਼ਬਾਰ
ਪੜ੍ਹਦੀ। ਉਸਦੀ ਹੋਂਦ ਦਾ ਹੀ ਇੱਕ ਸਰੂਰ ਜਿਹਾ ਰਹਿੰਦਾ।
“ਕਿੱਥੇ ਗੁਆਚ ਗਏ
…?” ਜੈਕ ਨੇ ਮੇਰੀ ਸੋਚ ਤੋੜੀ।
“ਕਾਇਨਾਤ ਦੇ ਧੂੰਏਂ ਵਿੱਚ ਬਹੁਤ ਕੁਝ ਗੁਆਚਿਆ ਹੋਇਆ ਹੁੰਦੈ, ਉਸਨੂੰ ਫੜਨ ਦੀ ਕੋਸਿ਼ਸ਼ ਕਰ
ਰਹੀ ਸਾਂ।”
“ਇਹ ਕਦੀ ਹੱਥ ਨਹੀਂ ਆਉਂਦੈ … । ਅਜ਼ਮਾ ਕੇ ਵੇਖ ਲੈਣਾ।” ਉਸਨੇ ਚਿਹਰੇ ਤੇ ਮੁਸਕਾਨ
ਲਿਆਉਂਦਿਆਂ ਆਖਿਆ।
“ਤੁਹਾਡਾ ਵੀ ਚੰਗਾ ਤਜ਼ਰੁਬਾ ਜਾਪਦੈ …?” ਮੈਂ ਸਵਾਲ ਕੀਤਾ।
“ਹਾਂ ਕੁਝ ਏਸ ਤਰ੍ਹਾਂ ਦੀ ਹੀ ਗੱਲ ਸਮਝੋ …।” ਉਸਨੇ ਬੇਧਿਆਨੇ ਜਿਹੇ ਨੇ ਆਖਿਆ।
ਮੈਂ ਇਸ ਤੋਂ ਅੱਗੇ
ਕੁਝ ਪੁੱਛਣਾ ਜਾਇਜ਼ ਨਾ ਸਮਝਿਆ। ਮੈਨੂੰ ਇਹ ਵੀ ਮਹਿਸੂਸ ਹੋਇਆ ਜਿਵੇਂ ਮੈਂ ਉਸਦੇ ਟੇਬਲ ਤੇ
ਬੈਠ ਕੇ ਭੁੱਲ ਕੀਤੀ ਹੋਵੇ।
ਉਸਨੇ ਕਾਗ਼ਜ਼ ਸਮੇਟੇ ਅਤੇ ਇਹ ਕਹਿੰਦਾ ਹੋਇਆ ਉੱਠ ਖੜੋਤਾ, “ਮੈਂ ਤਾਂ ਅੱਜ ਕੋਰਟ ਜਾਣਾ ਹੈ।
ਬਹੁਤ ਲੇਟ ਹੋ ਗਿਆ ਹਾਂ।”
ਮੈਂ ਆਪਣੇ ਆਪ ਨੂੰ ਲਾਹਣਤ ਪਾਈ ਕਿ ਕਿਉਂ ਆਪਣੇ ਕੰਮ ਦਾ ਵਕਤ ਵੀ ਖਰਾਬ ਕੀਤਾ? ਕਿੱਡਾ ਰੂਡ
ਬੰਦਾ ਹੈ। … ਤੇ ਮੈਂ ਵੀ ਭਰਿਆ ਜਿਹਾ ਮਨ ਲੈ ਕੇ ਆਪਣੇ ਕੰਮ ਤੇ ਚਲੀ ਗਈ। ਮਨ ਪਛਤਾਵੇ ਦੀ ਅੱਗ
ਵਿੱਚ ਝੁਲਸ ਹੁੰਦਾ ਰਿਹਾ।
ਦੂਜੀ ਸਵੇਰ, ਮੈਨੂੰ
ਉਹ ਫੇਰ ਉਸੇ ਥਾਂ ਮਿਲ ਪਿਆ। ਮੈਂ ਕੌਫੀ ਲੈ ਕੇ ਆਪਣੇ ਟੇਬਲ ਵੱਲ ਹੋ ਤੁਰੀ। ਸੋਚਿਆ, ਅੱਜ
ਉਸਨੂੰ ਬੁਲਾ ਕੇ, ਕਲ ਵਾਲੀ ਭੁੱਲ ਨਹੀਂ ਕਰਾਂਗੀ।
ਜੈਕ ਆਪਣੇ ਟੇਬਲ ਤੇ ਬੈਠਾ, ਉਸੇ ਤਰ੍ਹਾਂ ਫਾਈਲਾਂ ਫਰੋਲ ਰਿਹਾ ਸੀ। ਦੋ ਕੁ ਮਿੰਟ ਹੀ ਹੋਏ ਸਨ
ਜਦੋਂ ਉਹ ਮੇਰੇ ਟੇਬਲ ਦੇ ਕੋਨੇ ਕੋਲ ਖੜਾ ਮੈਨੂੰ ਬੈਠਣ ਲਈ ਪੁੱਛ ਰਿਹਾ ਸੀ।
“ਹਾਂ ਬੈਠੋ …” ਮੈਂ ਸੁਭਾਵਕ ਹੀ ਆਖਿਆ।
“ਕਲ ਮੈਂ ਵੇਲੇ ਸਿਰ ਕੋਰਟ ਵਿੱਚ ਪਹੁੰਚਣਾ ਸੀ। ਕਿਸੇ ਦੀ ਰੀਪਰੈਜੈਂਟੇਸ਼ਨ ਸੀ। ਏਸੇ ਲਈ ਚਲਾ
ਗਿਆ। ਮੁਆਫ਼ ਕਰਨਾ ਮੈਂ ਵੈਸੇ, ਐਨਾ ਬੇ-ਰੁਖ਼ਾ ਨਹੀਂ ਹਾਂ।” ਉਸਨੇ ਆਪਣੀ ਸਫ਼ਾਈ ਪੇਸ਼ ਕੀਤੀ।
“ਇੱਟ ਇਜ਼ ਓ.ਕੇ.।
ਯੂ ਡੌਂਟ ਹੈਵ ਟੂ ਅਕਸਪਲੇਨ ਟੂ ਮੀ।” ਮੈਂ ਤਹਿਜ਼ੀਬ ਦੇ ਤੌਰ ਤੇ ਆਖਿਆ।
“ਨਹੀਂ, ਇਨਸਾਨ ਨੂੰ ਐਨਾ ਬੇਧਿਆਨਾ ਵੀ ਨਹੀਂ ਹੋ ਜਾਣਾ ਚਾਹੀਦਾ। ਮੈਂ ਤਾਂ ਜਦੋਂ ਵੀ ਕੋਈ ਕੇਸ
ਲੈਂਦਾ ਹਾਂ, ਸਮਝੋ ਮੇਰਾ ਆਪਣਾ ਆਪ ਵੀ ਉਸ ਕੇਸ ਵਿੱਚ ਹੀ ਲਪੇਟਿਆ ਜਾਂਦਾ ਹੈ। ਬਸ ਬੌਂਦਲ
ਜਾਂਦਾ ਹਾਂ। ਮੇਰੇ ਕੋਲੋਂ ਕਿਸੇ ਦਾ ਦੁੱਖ ਦੇਖਿਆ ਹੀ ਨਹੀਂ ਜਾਂਦਾ।” ਉਹ ਆਖ ਰਿਹਾ ਸੀ।
“ਤੁਸੀਂ ਜ਼ਰੂਰ ਹੋਰ ਲੋਕਾਂ ਤੋਂ ਵੱਖਰੀ ਮਿੱਟੀ ਦੇ ਬਣੇ ਹੋਏ ਹੋਵੋਗੇ, ਤਾਂ?” ਮੈਂ ਮਖੌਲ
ਕੀਤਾ।
ਬਸ ਏਸੇ ਤਰ੍ਹਾਂ ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਰਹੇ। ਉਸਦੀਆਂ ਗੱਲਾਂ ਤੋਂ ਪਤਾ
ਲੱਗਾ, ਉਹ ਇਕ ਵਕੀਲ ਸੀ। ਉਸਦਾ ਕੰਮ ਕਸੂਰਵਾਰ ਨੂੰ ਵੀ ਛਡਵਾਉਣਾ ਸੀ। ਕਨੂੰਨ ਦੇ ਦਾਅ-ਪੇਚ
ਉਸਨੂੰ ਚੰਗੇ ਆਉਂਦੇ ਸਨ। ਜਦੋਂ ਉਸਦਾ ਕੋਈ ਕੇਸ ਕੋਰਟ ਵਿੱਚ ਜੱਜ ਦੇ ਸਾਮ੍ਹਣੇ ਪੇਸ਼ ਹੁੰਦਾ
ਤਾਂ, ਕਟਿਹਰੇ ਵਿੱਚ ਖੜੇ ਬੰਦੇ ਨੂੰ ਉਹ ਇਸ ਤਰ੍ਹਾਂ ਚੱਕਰ ਵਿੱਚ ਪਾਉਂਦਾ ਸੀ, ਕਿ ਉਸਦੇ ਹੋਸ਼
ਉਡ ਜਾਂਦੇ ਸਨ। ਗਵਾਹ ਸੱਚ ਬੋਲਦਾ-ਬੋਲਦਾ ਝੂਠ ਬੋਲਣ ਲਗ ਪੈਂਦਾ ਅਤੇ ਝੂਠ ਬੋਲਦਾ ਹੋਇਆ ਸੱਚ।
ਬੰਦਾ ਬੌਂਦਲ ਜਾਂਦਾ ਸੀ।
ਜਿਉਂ-ਜਿਉਂ ਮੈਂ ਉਸਦੇ ਨੇੜੇ ਹੋ ਰਹੀ ਸਾਂ, ਤਿਉਂ ਹੀ ਮੈਨੂੰ ਉਸਦੀ ਅਸਲੀਅਤ ਦਾ ਪਤਾ ਲੱਗ
ਰਿਹਾ ਸੀ।
ਉਹ ਵਿਆਹਿਆ-ਵਰਿਆ ਬੰਦਾ ਸੀ। ਦੋ ਉਸਦੇ ਬੱਚੇ ਸਨ।
ਇੱਕ ਦਿਨ ਉਹ ਹਾਲੇ
ਕੌਫ਼ੀ ਹਾਊਸ ਵਿੱਚ ਨਹੀਂ ਸੀ ਆਇਆ, ਜਦੋਂ ਇੱਕ ਔਰਤ ਆ ਕੇ ਮੇਰੇ ਕੋਲ ਬੈਠ ਗਈ। ਇਹ ਉਹੋ ਔਰਤ
ਸੀ ਜਿਸਨੇ ਇਕ ਦਿਨ ਜੈਕ ਤੋਂ ਕੁਝ ਕਾਗ਼ਜ਼ਾਂ ਤੇ ਦਸਤਖ਼ਤ ਕਰਵਾਏ ਸਨ। ਸ਼ਾਇਦ ਇਸਨੇ ਮੈਨੂੰ
ਕਦੀ ਜੈਕ ਦੇ ਕੋਲ ਬੈਠਾ ਵੇਖਿਆ ਹੋਵੇਗਾ। ਉਹ ਮੈਨੂੰ ਜੈਕ ਦੇ ਬਾਰੇ ਦੱਸਣ ਲੱਗ ਪਈ ਕਿ, “ਜੈਕ
ਬਹੁਤ ਹੀ ਸ਼ੱਕੀ ਕਿਸਮ ਦਾ ਆਦਮੀ ਹੈ। ਉਹ ਆਪਣੀ ਬੀਵੀ ਜੈਨਟ ਨੂੰ ਘਰੋਂ ਬਾਹਰ ਨਹੀਂ ਨਿਕਲਣ
ਦਿੰਦਾ। ਜੇ ਕਰ ਉਹ ਕਿਸੇ ਨਾਲ਼ ਗੱਲ ਵੀ ਕਰਦੀ ਹੈ ਤਾਂ ਉਸਨੂੰ ਕੁੱਟਦਾ, ਮਾਰਦਾ ਹੈ। ਉਸਦੇ
ਦੋਨੋਂ ਬੱਚੇ ਡਰਦੇ ਉਸ ਦੇ ਕੋਲ ਨਹੀਂ ਆਉਂਦੇ। ਲੋਕਾਂ ਵਿੱਚ ਉਹ ਮੰਨਿਆ-ਦੱਨਿਆ ਵਕੀਲ ਹੈ, ਪਰ
ਆਪਣੇ ਹੀ ਟੱਬਰ ਲਈ ਜੱਲਾਦ ਹੈ।”
ਮੈਂ ਸੋਚ ਰਹੀ ਸਾਂ ਕਿ ਮੇਰੇ ਨਾਲ਼ ਗੱਲ ਕਰਨ ਦੇ ਦਰਮਿਆਨ ਵੀ ਉਹ ਕਈ ਵਾਰ ਆਪਣੀ ਬੀਵੀ ਨੂੰ ਘਰ
ਫੋਨ ਕਰਦਾ ਸੀ। ਨਿੱਕੀ-ਨਿੱਕੀ ਡੀਟੇਲ ਪੁੱਛਦਾ ਸੀ। ਜੈਕ ਨਾਲ਼ ਗੱਲਾਂ ਕਰਦਿਆਂ ਹੋਇਆਂ ਮੈਨੂੰ
ਉਸ ਔਰਤ ਤੇ ਤਰਸ ਆਉਂਦਾ। ਕਿਵੇਂ ਸਵਾਲਾਂ ਦੀ ਬੁਛਾੜ ਸਹਿੰਦੀ ਹੋਵੇਗੀ ਉਹ? ਮੈਂ ਸੋਚੀਂ ਪੈ
ਜਾਂਦੀ ਸਾਂ।
ਹੁਣ ਇਸ ਔਰਤ ਦੇ ਦੱਸਣ ਤੇ ਮੈਂ ਵੀ ਸੋਚਿਆ, ਜਦੋਂ ਜੈਕ ਆਪਣੀ ਘਰ ਵਾਲੀ ਦੀ ਗੱਲ ਕਰਦਾ ਸੀ ਤਾਂ
ਰੋਹ ਵਿੱਚ ਆ ਜਾਂਦਾ ਸੀ।
ਉਸਨੇ ਫੇਰ ਦੱਸਿਆ,
“ਜਦੋਂ ਜੈਨਟ ਦੇ ਜਿਸਮ ਉੱਤੇ ਨੀਲ ਪੈਣ ਲਈ ਹੋਰ ਕੋਈ ਥਾਂਹ ਨਾ ਰਹੀ ਤਾਂ ਉਸਨੇ ਕਿਸੇ ਸ਼ੈਲਟਰ
(ਕੁੱਟ-ਮਾਰ ਸਹਿ ਕੇ ਘਰੋਂ-ਬੇਘਰ ਹੋਈਆਂ ਔਰਤਾਂ ਦਾ ਅਦਾਰਾ) ਦਾ ਸਹਾਰਾ ਲੈ ਲਿਆ। ਵਕੀਲ ਹੋਣ
ਦੇ ਨਾਤੇ ਜੈਕ ਨੇ ਉਸਨੂੰ ਉੱਥੇ ਵੀ ਜਾ ਭਾਲਿਆ ਅਤੇ ਆਪਣੇ ਬੱਚੇ ਲੈ ਕੇ ਘਰ ਆ ਗਿਆ। ਬੱਚਿਆਂ
ਦੀ ਖਾਤਰ ਜੈਨਟ ਨੂੰ ਵੀ ਘਰ ਪਰਤਣਾ ਪਿਆ। ਕਹਿੰਦੇ ਹਨ, ਮਰਦੀ ਕੀ ਨਾ ਕਰਦੀ।”
ਮੈਂ ਉਸਨੂੰ ਪੁੱਛਿਆ, “ਉਹ ਪੁਲੀਸ ਦਾ ਸਹਾਰਾ ਕਿਉਂ ਨਹੀਂ ਲੈਂਦੀ?”
ਉਹ ਆਖਣ ਲੱਗੀ,
“ਉਸਨੇ ਇੱਕ ਵੇਰਾਂ ਕੋਸਿ਼ਸ਼ ਕੀਤੀ ਸੀ। ਪੁਲੀਸ ਆ ਵੀ ਗਈ। ਡੁਮੈਸਟਿਕ ਵਾਇਲੈਂਸ ਵਾਸਤੇ ਇਸਨੂੰ
ਫੜ ਕੇ ਲੈ ਵੀ ਗਈ। ਇਹ ਇੱਕ ਰਾਤ ਪੁਲੀਸ ਸਟੇਸ਼ਨ ਰਹਿ ਕੇ ਵਾਪਸ ਆ ਗਿਆ। ਉਸ ਦਿਨ ਇਹ ਪੁਲੀਸ
ਸਟੇਸ਼ਨ ਤੋਂ ਰਾਤ ਕੱਟ ਕੇ ਸਿੱਧਾ ਹੀ ਆਇਆ ਸੀ ਜਿਸ ਦਿਨ ਮੈਂ ਇਸ ਨੂੰ ਮਿਲਣ ਆਈ ਸਾਂ। ਇਸੇ ਲਈ
ਇਸ ਦੀ ਹਾਲਤ ਭੈੜੀ ਸੀ। ਵੈਸੇ ਵੀ ਡੁਮੈਸਟਿਕ ਵਾਇਲੈਂਸ ਵੱਲ ਪੁਲੀਸ ਧਿਆਨ ਤਾਂ ਦਿੰਦੀ ਹੈ …
ਪਰ ਇਹ ਠਹਿਰਿਆ ਇਕ ਵਕੀਲ। ਆਖਰ ਸੁਣਵਾਈ ਏਸ ਦੀ ਹੀ ਹੋਈ।
ਇਸ ਕੋਸਿ਼ਸ਼ ਦੀ
ਸਜ਼ਾ ਜੈਨਟ ਨੂੰ ਐਨੀ ਭੁਗਤਣੀ ਪਈ ਹੈ ਕਿ, ਮਾਰ ਖਾ-ਖਾ ਕੇ ਉਸਨੂੰ ਇੱਕ ਕੰਨ ਤੋਂ ਸੁਣਨਾ ਵੀ
ਬੰਦ ਹੋ ਗਿਆ ਹੈ। ਉਹ ਤਾਂ ਆਪਣੇ ਘਰਦਿਆਂ ਨੂੰ ਵੀ ਨਹੀਂ ਮਿਲ ਸਕਦੀ। ਘਰ ਵਾਲੇ ਉਸਨੂੰ ਫੋਨ ਵੀ
ਨਹੀਂ ਕਰ ਸਕਦੇ। ਉਸ ਨਾਲ਼ ਗੱਲ ਨਹੀਂ ਕਰ ਸਕਦੇ, ਉਸਦਾ ਹਾਲ ਨਹੀਂ ਪੁੱਛ ਸਕਦੇ। ਅਸੀਂ ਪੁਲੀਸ
ਕੋਲ ਜੈਨਟ ਦੀ ਰੱਖਿਆ ਵਾਸਤੇ ਤਰਲੇ ਪਾ ਚੁੱਕੇ ਹਾਂ, ਪਰ ਸਾਡੀ ਕੋਈ ਸੁਣਵਾਈ ਹੀ ਨਹੀਂ ਹੁੰਦੀ।
ਪੁਲੀਸ ਦਾ ਕਹਿਣਾ ਹੈ ਕਿ ਜੈਨਟ ਜਿੰਨਾ ਚਿਰ ਆਪ ਇਸਦੇ ਵਿਰੁਧ ਗਵਾਹੀ ਨਹੀਂ ਦਿੰਦੀ, ਉੱਨਾਂ
ਚਿਰ, ਉਨ੍ਹਾਂ ਦੇ ਹੱਥ-ਵੱਸ ਕੁਝ ਨਹੀਂ ਹੈ।”
“ਉਸਨੂੰ ਗਵਾਹੀ ਦੇ
ਦੇਣੀ ਚਾਹੀਦੀ ਹੈ।” ਮੈਂ ਜਿਵੇਂ ਸੁਝਾਅ ਪੇਸ਼ ਦਿੱਤਾ।
“ਇਹੋ ਤਾਂ ਅਸੀਂ ਵੀ ਕਹਿੰਦੇ ਹਾਂ। ਪਰ ਉਸਨੂੰ ਤਾਂ ਆਪਣੀ ਜਾਨ ਦਾ ਖਤਰਾ ਹੈ। ਉਹ ਆਖਦੀ ਹੈ ਕਿ
ਭਾਵੇਂ ਉਹ ਦੁਨੀਆਂ ਦੇ ਕਿਸੇ ਕੋਨੇ ਵਿੱਚ ਜਾ ਕੇ ਲੁਕ ਜਾਵੇ, ਜੈਕ ਉਸਨੂੰ ਹਰ-ਹਾਲ ਵਿੱਚ ਭਾਲ
ਲਵੇਗਾ। ਜਦੋਂ ਉਹ ਉਸਨੂੰ ਮਿਲ ਗਈ ਤਾਂ ਉਸਦੀ ਜਾਨ ਗਈ। ਸੈਪਰੇਟ ਹੋਣ ਵਾਸਤੇ ਵੀ ਇਹੋ ਸਮੱਸਿਆ
ਹੈ। ਜੈਨਟ ਮਾਰ ਖਾ-ਖਾ ਕੇ ਐਨੀ ਡਰੀ ਹੋਈ ਹੈ ਕਿ, ਉਹ ਇਸਦੇ ਵਿਰੁਧ ਕੁਝ ਆਖ ਹੀ ਨਹੀਂ ਸਕੇਗੀ।
ਜਦੋਂ ਵਕੀਲਾਂ ਦੇ ਨਾਲ਼ ਗੱਲ ਕਰਦੇ ਹਾਂ ਤਾਂ ਕੋਈ ਹੋਰ ਛੋਟਾ-ਮੋਟਾ ਵਕੀਲ ਉਸਦਾ ਕੇਸ ਵੀ ਨਹੀਂ
ਲੈਂਦਾ। ਜੈਕ ਇਕ ਪਾਵਰਫੁੱਲ ਵਕੀਲ ਹੈ, ਵੱਡੀ ਕੰਪਨੀ ਦਾ ਹਿੱਸੇਦਾਰ। ਜੇ ਕੋਈ ਵਕੀਲ ਇਸਦੇ
ਮੋਹਰੇ ਖੜਦਾ ਹੈ ਤਾਂ ਕੀ ਉਨ੍ਹਾਂ ਨੇ ਆਪਣੇ-ਆਪ ਤੇ ਜਾਂ ਆਪਣੀ ਕੰਪਨੀ ਤੇ ਕਾਉਂਟਰ ਕੇਸ
ਕਰਵਾਉਣਾ ਹੈ? ਕੌਣ ਆਪਣੇ ਆਪ ਨੂੰ ਇਸ ਤਰ੍ਹਾਂ ਦੀ ਸਥਿਤੀ ਵਿੱਚ ਪਾਵੇ। ਕੌਣ ਆਪਣਾ ਆਪ, ਆਪਣਾ
ਧੰਨ, ਆਪਣੀ ਪਰੈਕਟਸ ਗੁਆਵੇ? ਇਹ ਹਰ ਤਰ੍ਹਾਂ ਨਾਲ਼, ਆਪਣਾ ਬਚਾਅ ਕਰ ਲੈਂਦਾ ਹੈ।”
“ਤੁਹਾਨੂੰ ਇਹ ਸਭ
ਕਿਵੇਂ ਪਤਾ ਲੱਗਾ?” ਮੈਂ ਉਸਨੂੰ ਸਵਾਲ ਕੀਤਾ।
“ਮੈਂ ਜੈਨਟ ਦੀ ਭੈਣ ਕਲੇਅਰਾ ਹਾਂ। ਕੋਸਿ਼ਸ਼ ਕਰ ਰਹੀ ਹਾਂ, ਕਿਸੇ ਨਾ ਕਿਸੇ ਤਰ੍ਹਾਂ ਆਪਣੀ
ਭੈਣ ਨੂੰ ਇਸਦੇ ਜਾਲ ਵਿੱਚੋਂ ਕੱਢ ਸਕਾਂ। ਉਸਦੀ ਜਾਨ ਬਚਾ ਸਕਾਂ। ਵਰਨਾ … ” ਤੇ ਉਸਨੇ ਗੱਲ
ਅਧੂਰੀ ਛੱਡ ਦਿੱਤੀ।
ਕੁਝ ਮਿੰਟ ਠਹਿਰ ਕੇ, ਉਹ ਮੇਰੇ ਦੋਨੋਂ ਹੱਥ ਫੜਦੀ ਹੋਈ ਬੋਲੀ, “ਮੈਂ ਤੈਨੂੰ ਉਸਦੇ ਕੋਲ
ਬੈਠਿਆਂ ਬਹੁਤ ਵਾਰ ਤੱਕਿਆ ਹੈ।
ਪਹਿਲਾਂ ਤਾਂ ਸੋਚਦੀ
ਸਾਂ, ਤੁਸੀਂ ਕੋਈ ਕਲਾਇੰਟ ਹੋਵੋਗੇ। ਜਦੋਂ ਹਰ ਰੋਜ਼ ਤੁਹਾਨੂੰ ਇਕੱਠੇ ਬੈਠੇ ਵੇਖਿਆ ਤਾਂ ਮਨ
ਡਰ ਗਿਆ। ਮੈਂ ਤਾਂ ਇਹੋ ਆਖਣਾ ਸੀ, ਪਲੀਜ਼ ਬੀ-ਕੇਅਰਫੁੱਲ …। ਹੀ ਹੈਜ਼ ਏ ਡਾਰਕ ਸਾਈਡ, ਵਿਚ
ਇੱਜ਼ ਵੈਰੀ ਡੇਂਜਰੈੱਸ। ਹੀ ਇਜ਼ ਨੌਟ ਵੱਟ ਹੀ ਸੀਮਜ਼। ਇਹ ਉਹ ਬੰਦਾ ਨਹੀਂ ਹੈ ਜੋ ਵਿਖਾਈ
ਦਿੰਦਾ ਹੈ।” ਤੇ ਉਹ ਮੈਨੂੰ ਵਾਰਨਿੰਗ ਦੇ ਕੇ ਆਪਾ ਧਰੀਕਦੀ ਹੋਈ ਚਲੀ ਗਈ।
ਜਦੋਂ ਮੈਨੂੰ ਜੈਕ ਦੀ
ਜਿ਼ੰਦਗੀ ਬਾਰੇ ਪਤਾ ਲੱਗਾ ਤਾਂ ਮੈਂ ਕੌਫੀ ਪੀਣੀ ਹੀ ਛੱਡ ਦਿੱਤੀ। ਉਹ ਰਾਹ ਵੀ ਬਦਲ ਲਿਆ।
ਸੋਚਿਆ, ਬੰਦਾ ਹੈ ਹੀ ਇੱਕ ਖਤਰਨਾਕ ਜਾਨਵਰ। ਕੌਣ ਕਿਸ ਤਰ੍ਹਾਂ ਦਾ ਹੈ, ਕਿਸੇ ਨੂੰ ਪਤਾ ਹੀ
ਨਹੀਂ ਚਲਦਾ। ਕੌਣ ਕਿਸੇ ਦੇ ਮਨ ਦੀ ਤਹਿ ਤੱਕ ਪਹੁੰਚ ਸਕਦਾ ਹੈ? ਕੀ ਲੋੜ ਪਈ ਹੈ ਮੈਨੂੰ, ਏਸ
ਤਰ੍ਹਾਂ ਦੀ ਦੋਸਤੀ ਦੀ।
ਜੈਕ ਦੀ ਆਦਤ ਤੋਂ ਮੈਨੂੰ ਆਪਣਾ ਚੇਤਾ ਵੀ ਆਇਆ। ਮੇਰੇ ਅੰਦਰ ਅਜੀਤ ਨੂੰ ਕਿਸੇ ਹੋਰ ਨਾਲ਼ ਗੱਲ
ਕਰਦਿਆਂ ਵੇਖ ਕੇ ਏਸੇ ਤਰ੍ਹਾਂ ਦੀ ਜਲਣ ਹੋਣ ਲੱਗ ਪੈਂਦੀ ਸੀ। ਇਹ ਜਲਣ ਅੱਗੇ ਜਾ ਕੇ ਇਸ
ਤਰ੍ਹਾਂ ਦਾ ਭੈੜਾ ਰੂਪ ਧਾਰਦੀ ਹੈ, ਬੰਦਾ ਏਸ ਤਰ੍ਹਾਂ ਆਪਣਾ ਆਪ ਗੁਆ ਬੈਠਦਾ ਹੈ, ਮੈਨੂੰ ਨਹੀਂ
ਸੀ ਪਤਾ।
ਉਸ ਵੇਲੇ ਮੈਨੂੰ ਆਪਣਾ-ਆਪ, ਆਪਣਾ ਮਨ, ਬਹੁਤ ਕੋਝਾ ਜਾਪਿਆ। ਜੈਕ ਨਾਲ਼ੋਂ ਵੀ ਬੁਰਾ। ਮੈਂ ਸੋਚ
ਰਹੀ ਸਾਂ, ਜੇ ਕਰ ਅਜੀਤ ਮੈਨੂੰ ਜੈਕ ਦੇ ਨਾਲ਼ ਗੱਲ ਕਰਦਿਆਂ ਵੇਖਦਾ ਤਾਂ ਕੀ ਸੋਚਦਾ? ਬੱਸ
ਏਨੀਂ ਕੁ ਹੀ ਤਾਂ ਗੱਲ ਸੀ।
ਤੇ ਫੇਰ ਇਕ ਸ਼ਾਮ
ਮੈਂ ਬੈਠੀ ਟੀ.ਵੀ ਵੇਖ ਰਹੀ ਸਾਂ, ਜਦੋਂ ਜੈਕ ਦੀ ਤਸਵੀਰ ਟੀ.ਵੀ. ਉੱਤੇ ਵਿਖਾਈ ਦਿੱਤੀ।
ਖ਼ਬਰਾਂ ਵਾਲਾ ਬੰਦਾ ਆਖ ਰਿਹਾ ਸੀ, “ਇੱਕ ਔਰਤ ਨੇ ਆਪਣੇ ਸੁੱਤੇ ਪਏ ਆਦਮੀ ਦਾ ਸਿਰ, ਧੜ
ਨਾਲ਼ੋਂ ਲਾਹ ਦਿੱਤਾ।”
ਮੈਨੂੰ ਉਸ ਵੇਲੇ ਆਪਣੀ ਗਰਦਨ ’ਤੇ ਤੇਜ਼ ਧਾਰ ਦੀ ਕਟਾਰ ਫਿਰਦੀ ਮਹਿਸੂਸ ਹੋਈ। ਕੱਚੀਆਂ
ਤ੍ਰੇਲੀਆਂ ਨੇ ਮੇਰਾ ਜਿਸਮ ਭੇਂਅ ਦਿੱਤਾ। … ਤੇ ਮੈਂ ਟੀ.ਵੀ. ਬੰਦ ਕਰ ਦਿੱਤਾ।
ਮਨ ਦੀ ਘੁੰਮਣਘੇਰੀ
ਵਿੱਚ ਉਲਝੀ, ਮੈਂ ਕਈ ਕੁਝ ਸੋਚ ਗਈ। ਆਪਣੇ ਬਾਰੇ, ਅਜੀਤ ਬਾਰੇ, ਜੈਕ ਬਾਰੇ ਅਤੇ ਜੈਨਟ ਬਾਰੇ।
ਜੈਨਟ, ਜਿਸਦੇ ਅੰਦਰ ਜ਼ੁਲਮ ਸਹਿ-ਸਹਿ ਕੇ, ਇੱਕ ਜਵਾਲਾਮੁਖ਼ੀ ਫੁੱਟ ਨਿਕਲੀ ਸੀ। ਜਿਸਨੇ ਉਸਦਾ,
ਅਤੇ ਉਸਦੇ ਬੱਚਿਆਂ ਦਾ ਜੀਵਨ ਤਬਾਹ ਕਰ ਦਿੱਤਾ ਸੀ।
ਉਸ ਵੇਲੇ ਮੈਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਤਸਵੀਰ ਜੈਕ ਦੀ ਨਹੀਂ, ਮੇਰੀ ਹੋਵੇ। ਉਹ
ਸਿਰ ਜੈਕ ਦਾ ਨਹੀਂ ਮੇਰਾ ਹੋਵੇ। … ਤੇ ਅਜੀਤ ਹੱਥਕੜੀਆਂ ਵਿੱਚ ਜਕੜਿਆ ਹਿਰਾਸਤ ਵਿੱਚ ਹੋਵੇ।
(ਯੁਨੀਫੌਂਟ 'ਚ ਤਬਦੀਲ ਕੀਤਾ 13 ਮਈ 2008)
(ਈ-ਮੇਲ ਰਾਹੀਂ ਕਹਾਣੀ ਮਿਲੀ : 5 ਫਰਵਰੀ 2002 ਨੂੰ)
**************************************
ਬਲਬੀਰ ਕੌਰ ਸੰਘੇੜਾ
2945 Gulfstream Way
Mississauga, Ont. (Canada)
L5N 6J9