![]() |
ਮੇਜਰ
ਮਾਂਗਟ ਦੀ ਕਹਾਣੀ “ਮੋਮ ਦੇ ਖੰਭ”
-ਬਲਬੀਰ
ਸੰਘੇੜਾ- |
ਪੰਜਾਬੀ ਕਹਾਣੀ ਵਿੱਚ ਮੇਜਰ ਮਾਂਗਟ ਇੱਕ ਐਸਾ ਲੇਖਕ ਹੈ ਜੋ ਬਹੁਤ ਕੁੱਝ ਬਹੁਤ ਥੋੜੇ ਸਮੇਂ ਵਿੱਚ ਸਮੇਟਣਾ ਚਾਹੁੰਦਾ ਹੈ। ਉਹ ਬਹੁਤ ਤੇਜ਼ੀ ਨਾਲ਼ ਲਿਖਣ ਵਾਲਾ ਲੇਖਕ ਹੈ। ਕੋਈ ਪਰਚਾ, ਕੋਈ ਮੈਗਜ਼ੀਨ ਪੜ੍ਹੋ ਉਸਦੀ ਰਚਨਾ ਕਿੱਧਰੇ ਨਾ ਕਿੱਧਰੇ ਤੁਹਾਡੀ ਨਜ਼ਰ ਪੈਂਦੀ ਰਹਿੰਦੀ ਹੈ। ਇਹ ਵੀ ਹੋ ਸਕਦਾ ਹੈ ਕਿ ਲੇਖਕ ਦੇ ਅੰਦਰ ਦੱਸਣ ਲਈ ਬਹੁਤ ਕੁੱਝ ਹੋਵੇ। ਲੇਖਕ ਦੀਆਂ ਕਹਾਣੀਆਂ ਅਕਸਰ ਉਸਦੇ ਆਲੇ-ਦੁਆਲੇ ਵਿਚੋਂ ਹੁੰਦੀਆਂ ਹਨ। ਤੁਹਾਨੂੰ ਉਨ੍ਹਾਂ ਦੇ ਪਾਤਰ ਕਿੱਧਰੇ ਨਾ ਕਿੱਧਰੇ ਗਲੀ ਬਜ਼ਾਰ ਵਿੱਚ ਤੁਰੇ-ਫਿਰਦੇ, ਜਿਉਂਦੇ-ਜਾਗਦੇ ਮਹਿਸੂਸ ਹੁੰਦੇ ਹਨ। ਮਾਂਗਟ ਬਹੁਤ ਲਿਖਦਾ ਹੈ ਫੇਰ ਵੀ ਇਹ ਨਵੇਂ-ਨਵੇਕਲੇ ਵਿਸ਼ੇ ਲੈ ਕੇ ਪਾਠਕਾਂ ਦੇ ਰੂਬਰੂ ਹੁੰਦਾ ਹੈ।
ਅਜ ਦੀ ਕਹਾਣੀ ਮੋਮ ਦੇ ਖੰਭ ਪੜ੍ਹਦਿਆਂ-ਸੁਣਦਿਆਂ ਮਹਿਸੂਸ ਹੁੰਦਾ ਹੈ ਕਿ ਕਿਵੇਂ ਅਜ ਰਿਸ਼ਤਿਆਂ ਨੂੰ ਖੋਰਾ ਲਗ ਗਿਆ ਹੈ। ਰਿਸ਼ਤੇ ਕੰਧਾਂ ਵਾਂਗ ਮਜ਼ਬੂਤ ਨਹੀਂ ਰਹੇ। ਮੋਮ ਵਰਗੇ ਹੋ ਗਏ ਹਨ ਜਿਹੜੇ ਮਾੜਾ ਜਿਹਾ ਸੇਕ ਲੱਗਣ ਨਾਲ਼ ਖੁਰ ਜਾਂਦੇ ਹਨ। ਹੋਂਦ ਤਾਂ ਰਹਿੰਦੀ ਹੈ ਪਰ ਉਸਦਾ ਵਜ਼ੂਦ ਕੋਈ ਨਹੀਂ ਰਹਿੰਦਾ।
ਮੋਮ ਦੇ ਖੰਭ ਦੀ ਪਾਤਰ ਮਾਨਸਿਕ ਰੋਗਣ ਹੋ ਚੁੱਕੀ ਹੈ। ਉਸਨੂੰ ਖੁਦ ਨੂੰ ਨਹੀਂ ਪਤਾ ਕਿ ਉਸਨੂੰ ਚਾਹੀਦਾ ਕੀ ਹੈ। ਜੇ ਕਰ ਪਤਾ ਵੀ ਹੈ ਤਾਂ ਉਹ ਉਸਨੇ ਹਾਲਾਤਾਂ ਦੇ ਵੱਸ ਵਿੱਚ ਪੈ ਕੇ ਆਪ ਗੁਆ ਲਿਆ ਹੈ। ਇਹ ਕਹਾਣੀ ਮਨੋਬਚਨੀ ਵਿੱਚ ਵਾਪਰਦੀ ਹੈ। ਕਹਾਣੀ ਦੀ ਪਾਤਰ ਸੁਰਿੰਦਰਜੀਤ ਜੋ ਆਪਣੇ ਆਪ ਨਾਲ਼ ਹੀ ਗੱਲਾਂ ਕਰਦੀ ਹੈ ਤੇ ਆਪਣੇ ਬੀਤੇ ਸਮਿਆਂ ਦਾ ਪੱਲਾ ਫੜੀ ਬੈਠੀ ਰਹਿੰਦੀ ਹੈ। ਕਹਾਣੀਕਾਰ ਕਹਾਣੀ ਸ਼ੁਰੂ ਕਰਨ ਵੇਲੇ ਦੱਸਦਾ ਹੈ ਕਿ ਉਹ ਬਹੁਤ ਲਾਡਲੀ ਧੀ ਹੈ। ਪੜ੍ਹੀ ਲਿਖੀ ਵੀ ਹੈ। ਉਸਦੇ ਢੇਰ ਸਾਰੇ ਸੁਪਨੇ ਹਨ। ਮੈਂ ਪਾਤਰ ਦੇ ਬਾਪ ਨੂੰ ਵੀ ਧੀ ਲਈ ਖੁਸ਼ੀਆਂ ਦੀ ਚਾਹਤ ਹੈ। ਇੱਥੋ ਅਹਿਸਾਸ ਹੁੰਦਾ ਹੈ ਕਿ ਬਾਪ ਦਕੀਆਨੂਸੀ ਇਨਸਾਨ ਨਹੀਂ ਹੈ। ਮਿਲਟਰੀ ਦਾ ਆਫ਼ੀਸਰ ਹੈ। ਪਰ ਜਿਸ ਤਰ੍ਹਾਂ ਅਜ ਹੋ ਰਿਹਾ ਹੈ, ਕਿੱਧਰੇ ਨਾ ਕਿੱਧਰੇ ਉਸਦੀ ਮਾਨਸਿਕਤਾ ਵਿੱਚ ਵੀ ਲਾਲਚ ਬੈਠਾ ਹੈ ਕਿ ਬਾਹਰ ਦੇ ਦੇਸ਼ ਵਲ, ਹਰੀ ਧਰਤੀ ਵਲ ਆਪਣੀ ਲਾਡਲੀ ਧੀ ਰਾਹੀਂ ਮੂੰਹ ਕੀਤਾ ਜਾ ਸਕਦਾ ਹੈ। ਭਾਵੇਂ ਉਹ ਸੋਚਦਾ ਧੀ ਦੀ ਭਲਾਈ ਹੈ ਪਰ ਆਪਣਾ ਸਵਾਰਥ ਵੀ ਨਾਲ਼ ਹੀ ਤਹਿ ਹੇਠਾਂ ਛੁਪਿਆ ਹੋਇਆ ਹੈ। ਬਾਹਰੋਂ ਗਿਆ ਹੋਇਆ ਪੜ੍ਹਿਆ ਲਿਖਿਆ ਅਕਾਉਂਟੈਂਟ ਬਲਜਿੰਦਰ ਸਿੰਘ ਉਸਨੂੰ ਵਿਆਹ ਕਰਾਉਣ ਗਿਆ ਮਿਲ ਜਾਂਦਾ ਹੈ।
ਧੀ ਨੂੰ ਬਾਹਰ ਭੇਜਣ ਦੀ ਲਾਲਸਾ ਤੇ, ਮਾਂ-ਬਾਪ ਜੋਰ ਲਾ ਕੇ ਵਿਆਹ ਦੀ ਤਿਆਰੀ ਕਰਦੇ ਹਨ। ਦਾਜ-ਦਹੇਜ (ਬਰੀ ਨਹੀਂ) ਦੀ ਖਰੀਦੋ-ਫਰੋਖਤ ਕਰਦੇ ਹਨ। ਸਮਾਂ ਕੁੱਝ ਹੋਰ ਚਾਹੁੰਦਾ ਹੈ। ਇਸ ਭੱਜ-ਨੱਠ ਵਿੱਚ ਮਾਂ-ਬਾਪ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਉਹ ਲਾਡਲੀ ਧੀ ਨੂੰ ਸਦਾ ਦਾ ਵਿਛੋੜਾ ਦੇ ਜਾਂਦੇ ਹਨ। ਬਲਵਿੰਦਰ ਸਿੰਘ ਸਮਝਦਾਰੀ ਤੋਂ ਕੰਮ ਲੈਂਦਾ ਹੈ ਅਤੇ ਵਿਆਹ ਨੂੰ ਕੁੱਝ ਦਿਨ ਠਹਿਰ ਕੇ ਕਰਨ ਲਈ ਰਾਜ਼ੀ ਹੋ ਜਾਂਦਾ ਹੈ। ਇਸ ਤੋਂ ਸਾਫ਼ ਜਾਹਰ ਹੁੰਦਾ ਹੈ ਕਿ ਬਲਵਿੰਦਰ ਸਿੰਘ ਸੁਲਝਿਆ ਅਤੇ ਸਮਝਦਾਰ ਇਨਸਾਨ ਹੈ।
ਮਾਂ-ਬਾਪ ਦੇ ਵਿਛੋੜੇ ਨਾਲ਼ ਧੀ ਦੇ ਅੰਦਰ ਇੱਕ ਟੋਆ ਪੁੱਟਿਆ ਜਾਂਦਾ ਹੈ। ਦਰਦ ਦਾ ਟੋਆ। ਬਲਵਿੰਦਰ ਦੀ ਅਣਥੱਕ ਮਿਹਨਤ, ਵਧੀਆ ਘਰ, ਕਾਰਾਂ, ਪੈਸਾ ਧੇਲਾ ਵੀ ਇਹ ਟੋਆ ਨਹੀਂ ਭਰਦੇ। ਜਦੋਂ ਸੁਰਿੰਦਰਜੀਤ ਨੂੰ ਆਪਣੀ ਜ਼ਿੰਦਗੀ ਦੀ ਸੁਰਤ ਆਉਂਦੀ ਹੈ ਤਾਂ ਸਭ ਕੁੱਝ ਉਸਤੋਂ ਦੂਰ ਹੋ ਚੁੱਕਾ ਹੁੰਦਾ ਹੈ। ਹੁਣ ਉਹ ਸਮੇਟੇ ਤਾਂ ਕਿਵੇਂ? ਧੀ ਯੁਨੀਵਰਸਿਟੀ ਜਾ ਚੁੱਕੀ ਹੈ। ਪਤੀ ਨਾਲ਼ ਉਹ ਰਿਸ਼ਤਾ ਹੀ ਨਹੀਂ ਬੱਝਾ। ਜਿਸ ਨਾਲ਼ ਉਹ ਉਸਦੇ ਕਰੀਬ ਹੋ ਕੇ ਬੈਠੇ। ਪਤੀ ਦੇ ਕਈ ਕਾਰਨ ਹਨ ਕੰਮ ਵਿੱਚ ਮਘਨ ਰਹਿਣ ਦੇ। ਇਹ ਸਾਫ਼ ਸਮਝ ਆਉਂਦੀ ਹੈ ਕਿ ਉਸਨੇ ਆਪਣਾ ਆਪ ਕੰਮ ਵਿੱਚ ਮਘਨ ਕਿਉਂ ਕਰ ਲਿਆ ਹੈ। ਫੇਰ ਵੀ ਮੈਂ ਪਾਤਰ ਸਮਝਣ ਤੋਂ ਅਸਮਰਥ ਲਗਦੀ ਹੈ, ਜਦੋਂ ਕਹਿੰਦੀ ਹੈ: “ਲੈਬ ਟੌਪ ਨੂੰ ਇਸਨੇ ਸਾਰੀ ਉਮਰ ਗੋਦ ‘ਚ ਖਿਡਾਇਆ। ਹੋਟਲ ਹੀ ਇਸਦਾ ਘਰ ਨੇ। ਤੇ ਕਲਾਇੰਟ ਆਪਣੀ ਤੀਂਵੀ ਤੋਂ ਵੀ ਵੱਧ। ਹੋਰ ਕੋਈ ਰਿਸ਼ਤਾ ਰਹੇ ਜਾਂ ਨਾ ਰਹੇ ਪਰ ਕਲਾਇੰਟ ਨਾਲ਼ ਰਿਸ਼ਤਾ ਨਹੀਂ ਟੁੱਟਣਾ ਚਾਹੀਦਾ।”
ਏਸੇ ਤਰ੍ਹਾਂ ਧੀ ਆਪਣੀ ਦੁਨੀਆਂ ਵਿੱਚ ਚਲੀ ਗਈ ਹੈ। ਫਰੈਂਡਜ਼ ਹਨ, ਬੁਆਏ ਫਰੈਂਡ ਵੀ ਹੈ। ਪਰ ਜਾਪਦੈ ਕਿ ਮੈਂ ਪਾਤਰ ਨੇ ਨਾ ਆਪਣੀ ਜ਼ਿੰਦਗੀ ਵਲ ਧਿਆਨ ਦਿੱਤਾ ਹੈ ਤੇ ਨਾ ਘਰ ਦੇ ਜੀਆਂ ਵੱਲ। ਮਾਨਸਿਕ ਉਲਝਣ ਦਾ ਸੰਕੇਤ ਮਿਲਦਾ ਹੈ ਪਰ ਉਸਦਾ ਕੋਈ ਇਲਾਜ਼, ਘਰਦਿਆਂ ਵੱਲੋਂ ਕੋਈ ਤਰੱਦਦ ਨਜ਼ਰ ਨਹੀਂ ਆਉਂਦਾ। ਇਸ ਤੋਂ ਸਾਫ਼ ਜਾਹਰ ਹੁੰਦਾ ਹੈ ਕਿ ਮੈਂ ਪਾਤਰ ਦੇ ਰਿਸ਼ਤੇ ਦੂਰ ਹੋਣ ਵਿੱਚ ਉਸਦਾ ਆਪਣਾ ਹੱਥ ਕਿੱਧਰੇ ਨਾ ਕਿੱਧਰੇ ਜ਼ਰੂਰ ਹੈ। ਭਾਵੇਂ ਇਹ ਅਣਜਾਣੇ ਵਿੱਚ ਹੈ ਜਿਸਨੂੰ ਉਹ ਕਬੂਲਦੀ ਨਹੀਂ ਸਗੋਂ ਰਿਸ਼ਤਿਆਂ ਨੂੰ ਦੋਸ਼ੀ ਸਮਝਦੀ ਹੈ। ਵੀਹ ਵਰ੍ਹੇ ਉਹ ਆਪਣੀ ਦੁਨੀਆਂ ਵਿੱਚ ਰਹੀ। ਕੰਮ ਕਰਦੀ ਨਹੀਂ ਜਾਂ ਕਰਨ ਦਿੱਤਾ ਨਹੀਂ ਜਾਂਦਾ? ਉਸ ਵੱਲੋਂ ਕੋਈ ਹਿੰਮਤ ਕਰਦਿਆਂ ਨਹੀਂ ਵਿਖਾਇਆ ਗਿਆ।
ਕਹਾਣੀ ਦੀ ਮੈਂ ਪਾਤਰ ਵੈਸੇ ਆਂਢ-ਗੁਆਂਢ ਦੇ ਬਾਰੇ ਪੂਰਾ ਗਿਆਨ ਰੱਖਦੀ ਹੈ। ਉਸਨੂੰ ਕਰੀਮਾਂ ਤੋਂ ਬਣੀ ਕੈਮੀ ਤੇ ਜਾਵੇਦ ਤੋਂ ਬਣੇ ਜੇਸਨ ਬਾਰੇ ਉਸਦੇ ਘਰ ਦੇ ਰਿਸ਼ਤਿਆਂ ਬਾਰੇ ਪੂਰੀ ਜਾਣਕਾਰੀ ਹੈ। ਕੁੱਤੇ ਵਾਲੀ ਗੋਰੀ ਬਾਰੇ ਵੀ ਪਤਾ ਹੈ ਕਿ ਕਿਵੇਂ ਇੱਕਲ ਭੋਗ ਰਹੀ ਹੈ। ਉਸ ਸਮੱਸਿਆ ਨੂੰ ਐਨਾਲਾਈਜ਼ ਵੀ ਕਰਦੀ ਹੈ ਪਰ ਜਦੋਂ ਉਸਦੀ ਆਪਣੀ ਵਾਰੀ ਆਉਂਦੀ ਹੈ ਤਾਂ ਉਸਨੂੰ ਕਿਸੇ ਸਮੱਸਿਆ ਨਾਲ਼ ਜੂਝਣ ਦਾ ਪਤਾ ਹੀ ਨਹੀਂ ਹੈ। ਜਦੋਂ ਧੀ ਵੀ ਇਹ ਆਖ ਕੇ ਤੁਰ ਜਾਂਦੀ ਹੈ ਕਿ “ਮੌਮ ਥੋਨੂੰ ਕੀ ਪਤੈ” ਤਾਂ ਮੈਂ ਪਾਤਰ ਕੋਈ ਉੱਤਰ ਨਹੀਂ ਦਿੰਦੀ। ਉਸਦਾ ਵਿਵਹਾਰ ਅਨਪੜ੍ਹ ਔਰਤ ਵਰਗਾ ਹੋ ਜਾਂਦਾ ਹੈ। ਅਖੀਰ ਤੇ ਵੀ ਕੁੱਤੇ ਵਾਲੀ ਗੋਰੀ ਦੇ ਖੁਸ਼ ਰਹਿਣ ਤੇ ਸੋਚਦੀ ਹੈ ਕਿ ਰਿਸ਼ਤੇ ਤਾਂ “ਮੋਮ ਦੇ ਖੰਭ” ਹਨ। ਰਤਾ ਕੁ ਸੇਕ ਲੱਗਾ ਖੁਰ ਜਾਂਦੇ ਹਨ।
ਕਹਾਣੀ ਦੇ ਨਿਭਾਅ ਲਈ ਪਾਤਰ ਉਸਾਰੀ ਅਤੇ ਵਿਸ਼ੇ ਦੀ ਗੰਭੀਰਤਾ ਹੋਰ ਵਧੀਆ ਹੋ ਸਕਦੀ ਸੀ। ਕਲਾ ਪੱਖ ਵਲ ਵੀ ਧਿਆਨ ਦਿੱਤਾ ਜਾ ਸਕਦਾ ਸੀ। ਕਿੱਧਰੇ ਨਾ ਕਿੱਧਰੇ ਵਾਕ ਬਣਤਰ ਵੀ ਸਪਸ਼ਟ ਨਹੀਂ ਹੈ। ਇਹ ਛੋਟੀਆਂ-ਛੋਟੀਆਂ ਗੱਲਾਂ ਹਨ। ਪਰ ਇਸ ਤੋਂ ਬਿਨਾਂ ਸਮੁੱਚੇ ਰੂਪ ਵਿੱਚ ਕਹਾਣੀ ਦਾ ਵਿਸ਼ਾ ਵਧੀਆ ਹੈ। ਮਾਨਣਯੋਗ ਹੈ। ਪੜ੍ਹਨਯੋਗ ਹੈ।
***
ਤਿੰਨਾਂ ਹੀ ਕਹਾਣੀਆਂ ਸਬੰਧੀ ਤਿੰਨ ਲੇਖਕਾਂ ਦੇ ਵਿਚਾਰ ਪੜ੍ਹਨ ਲਈ ਕਲਿੱਕ ਕਰੋ:
‘ਵਹਿੰਦੇ ਪਾਣੀਆਂ ਦੇ ਪਰਛਾਵੇਂ’ ‘ਤੇ ਇੱਕ ਪਾਠਕੀ ਝਾਤ----ਸੁਦਾਗਰ ਬਰਾੜ ਲੰਡੇ
ਮੇਜਰ ਮਾਂਗਟ ਦੀ ਕਹਾਣੀ “ਮੋਮ ਦੇ ਖੰਭ”--ਰਿਸ਼ਤਿਆਂ ਨੂੰ ਲੱਗਾ ਖੋਰਾ-- ਬਲਬੀਰ ਸੰਘੇੜਾ
ਪਾਣੀ ਦੀ ਕਹਾਣੀ, ਜੀਵਨ ਦੀ ਕਹਾਣੀ----ਕਿਰਪਾਲ ਸਿੰਘ ਪੰਨੂੰ
***
ਕਹਾਣੀ ਵਿਚਾਰ ਮੰਚ ਦੇ ਵਾਰਸ਼ਿਕ ਸਮਾਗਮ ਵਿਚ ਪੜ੍ਹੀਆਂ/ਵਿਚਾਰੀਆਂ ਗਈਆਂ ਅਤੇ 'ਲਿਖਾਰੀ' ਵਿਚ ਛਪੀਆਂ ਕਹਾਣੀਆਂ ਪੜ੍ਹਨ ਲਈ ਕਲਿੱਕ ਕਰੋ:
ਵਹਿੰਦੇ ਪਾਣੀਆਂ ਦੇ ਪਰਛਾਵੇਂ---ਮਿੰਨੀ ਗਰੇਵਾਲ
ਮੋਮ ਦੇ ਖੰਭ---ਮੇਜਰ ਮਾਂਗਟ
ਪਾਣੀ---ਜਰਨੈਲ ਸਿੰਘ
(12 ਅਕਤੂਬਰ 2007)
e-mail:
ਲਿਖਾਰੀ
© likhari: Punjabi Likhari Forum-2001-2007