ਲੇਖ/ਖੋਜ/ਵਿਚਾਰ/ਰੀਵੀਊ/ਆਲੋਚਨਾ

 ਪੰਜਾਬੀ ਵਾਰਤਕ : ਪਰੰਪਰਾ ਅਤੇ ਵਿਕਾਸ

-ਡਾ. ਨੀਲਮ ਰਾਣੀ-
 ਲੈਚਰਰਰ
, ਪੰਜਾਬੀ ਵਿਭਾਗ, ਗੁਰੂ ਨਾਨਕ ਗਰਲਜ ਕਾਲਜ, ਯਮੁਨਾਨਗਰ

 

          ਇਹ ਵਿਚਾਰ ਤਾਂ ਹੁਣ ਨਿਰ-ਵਿਵਾਦ ਸਵੀਕਾਰ ਕੀਤਾ ਜਾਂਦਾ ਹੈ ਕਿ ਵਿਸ਼ਵ ਦੇ ਹਰ ਸਾਹਿਤ ਵਿਚ ਕਵਿਤਾ ਪਹਿਲਾਂ ਸਿਰਜੀ ਗਈ ਅਤੇ ਗੱਦ ਜਾਂ ਵਾਰਤਕ ਉਸ ਤੋਂ ਕਾਫੀ ਦੇਰ ਨਾਲ ਸਿਰਜੀ ਜਾਣ ਲੱਗੀਇਸ ਸਮੇਂ ਇਹ ਨਾਲੋਂ ਨਾਲ ਪ੍ਰਾਪਤ ਹੁੰਦੀਆਂ ਹਨਵੈਸੇ ਤਾਂ ਇਹ ਕਿਹਾ ਜਾਂਦਾ ਹੈ ਕਿ ਆਧੁਨਿਕ ਯੁੱਗ ਵਾਰਤਕ ਦਾ ਯੁੱਗ ਹੈ ਪਰ ਅਜਿਹੀ ਧਾਰਨਾ ਨੂੰ ਪ੍ਰਮਾਣਿਤ ਕਰਨਾ ਅਸੰਭਵ ਹੈ ਕਿਉਂਕਿ ਕਵਿਤਾ ਹਮੇਸ਼ਾ ਹੀ ਨਵੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੀ ਹੋਈ ਸਮੇਂ ਦੇ ਹਾਣ ਦੀ ਹੋਂਦ ਬਣਾਉਂਦੀ ਰਹੀ ਹੈਪੰਜਾਬੀ ਸਾਹਿਤ ਦੇ ਸਬੰਧ ਵਿਚ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਉਪਰੋਕਤ ਵਿਚਾਰ ਇਸ ਸਬੰਧ ਵਿਚ ਢੁਕਵਾਂ ਕਿਹਾ ਜਾ ਸਕਦਾ ਹੈ

          ਪੰਜਾਬੀ ਵਾਰਤਕ ਦਾ ਜਨਮ ਮੱਧਕਾਲ ਵਿਚ ਹੋਇਆਮੱਧਕਾਲੀ ਪੰਜਾਬੀ ਵਾਰਤਕ ਪਰੰਪਰਾ ਉਪਰ ਜਦੋਂ ਅਸੀਂ ਝਾਤ ਮਾਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਮੱਧਕਾਲ ਵਿਚ ਪੰਜਾਬੀ ਵਾਰਤਕ ਦੀ ਸ਼ੁਰੂਆਤ ਜਨਮ-ਸਾਖੀਆਂ, ਪਰਚੀਆਂ, ਪੋਥੀਆਂ, ਟੀਕੇ, ਗੋਸ਼ਟਾਂ, ਪਰਮਾਰਥ, ਬਚਨ/ਸੁਖਨ, ਅਨੁਵਾਦ ਹੁਕਮਨਾਮੇ ਅਤੇ ਰਹਿਤਨਾਮਿਆਂ ਨਾਲ ਹੁੰਦੀ ਹੈਜਿਵਂੇ ਕਿ ਅਸੀਂ ਜਾਣਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਪ੍ਰਸਿੱਧ ਜਨਮ-ਸਾਖੀਆਂ ਹਨ - ਪੁਰਾਤਨ ਜਨਮਸਾਖੀ, ਮਿਹਰਬਾਨ ਵਾਲੀ ਜਨਮ-ਸਾਖੀ, ਆਦਿ ਸਾਖੀਆਂ, ਭਾਈ ਬਾਲਾ ਵਾਲੀ ਜਨਮਸਾਖੀ ਅਤੇ ਗਿਆਨ ਰਤਨਾਵਲੀਇਨ੍ਹਾਂ ਵਿਚ ਗੁਰੂ ਸਾਹਿਬ ਦੇ ਜੀਵਨ ਸਬੰਧੀ ਘਟਨਾਵਾਂ ਨੂੰ ਬੜੇ ਪ੍ਰਭਾਵਸ਼ਾਲੀ ਵਿਧੀ ਨਾਲ ਪੇਸ਼ ਕਰਕੇ ਗੁਰੂ ਸਾਹਿਬ ਦੀ ਮਹਾਨਤਾ ਨੂੰ ਸਿਰਜਿਆ ਹੈਬੇਸ਼ੱਕ ਇਨ੍ਹਾਂ ਵਿਭਿੰਨ ਜਨਮ-ਸਾਖੀਆਂ ਦੀ ਪ੍ਰਮਾਣਿਕਤਾ ਸਬੰਧੀ ਵਾਦ-ਵਿਵਾਦ ਪ੍ਰਾਪਤ ਹੁੰਦਾ ਹੈ ਪਰ ਇਨ੍ਹਾਂ ਦੇ ਇਤਿਹਾਸਕ ਮਹੱਤਵ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾਮੱਧਕਾਲੀ ਪੰਜਾਬੀ ਵਾਰਤਕ ਦਾ ਇਕ ਹੋਰ ਮਹੱਤਵਪੂਰਨ ਰੂਪ ਗੋਸ਼ਟ ਵਜੋਂ ਪ੍ਰਾਪਤ ਹੁੰਦਾ ਹੈਇਹ ਜਨਮ-ਸਾਖੀ ਸਾਹਿਤ ਨਾਲ ਮਿਲਦਾ-ਜੁਲਦਾ ਰੂਪ ਹੈਅੰਤਰ ਸਿਰਫ਼ ਏਨਾ ਹੈ ਕਿ ਜਨਮ-ਸਾਖੀ ਸਾਹਿਤ ਵਿਚ ਗੁਰੂ ਜੀ ਦੇ ਜੀਵਨ ਨੂੰ ਗੁਰੂ ਬਾਣੀ ਦੇ ਪ੍ਰਸੰਗਾਂ ਵਿਚ ਉਭਾਰਿਆ ਗਿਆ ਹੈਇਸ ਦੇ ਮੁਕਾਬਲੇ ਤੇ ਗੋਸ਼ਟ ਸਾਹਿਤ ਵਿਚ ਗੁਰੂ ਜੀਵਨੀ ਨੂੰ ਗੱਲਬਾਤ ਜਾਂ ਚਰਚਾ ਰਾਹੀਂ ਉਸਾਰਿਆ ਗਿਆ ਹੈਮਿਹਰਬਾਨ ਦੀਆਂ ਲਿਖੀਆਂ ਗੋਸ਼ਟਾਂ ਪੰਜਾਬੀ ਸਾਹਿਤ ਦਾ ਅਮੀਰ ਵਿਰਸਾ ਹਨਪੰਜਾਬੀ ਵਿਚ ਪ੍ਰਾਪਤ ਮਿਹਰਬਾਨ ਦੀਆਂ ਗੋਸ਼ਟਾਂ, ਸਿੱਧਾਂ ਨਾਲ ਗੋਸ਼ਟ, ਨਿਰੰਕਾਰ ਨਾਲ ਗੋਸ਼ਟ, ਆਤਮੇ ਪਰਮਾਤਮੇ ਦੀ ਗੋਸ਼ਟ, ਗੋਰਖ ਨਾਥ ਨਾਲ ਗੋਸ਼ਟ, ਆਦਿ ਅਜਿਹੀਆਂ ਰਚਨਾਵਾਂ ਹਨ ਜਿਨ੍ਹਾਂ ਵਿਚ ਪੁਰਾਤਨ ਸ਼ੈਲੀ ਤਾਂ ਪ੍ਰਾਪਤ ਹੁੰਦੀ ਹੀ ਹੈ ਪਰ ਆਤਮਾ, ਪਰਮਾਤਮਾ ਅਤੇ ਜਗਤ ਆਦਿ ਦੇ ਸਬੰਧਾਂ ਨੂੰ ਵੀ ਬੜੇ ਵਿਸਥਾਰ ਵਿਚ ਪੇਸ਼ ਕੀਤਾ ਗਿਆ ਹੈਮੱਧਕਾਲੀ ਪੰਜਾਬੀ ਵਾਰਤਕ ਦਾ ਇਕ ਹੋਰ ਮਹੱਤਵਪੂਰਨ ਰੂਪ ਗੁਰਬਾਣੀ ਦੇ ਅਰਥਾਂ, ਟੀਕਿਆਂ ਜਾਂ ਪਰਮਾਰਥਾਂ ਵਿਚ ਮਿਲਦਾ ਹੈਜਪੁ ਪਰਮਾਰਥ, ਟੀਕਾ ਸਿਧ ਗੋਸ਼ਟ, ਟੀਕਾ ਕੀਰਤਨ ਸੋਹਿਲਾ ਅਤੇ ਟੀਕਾ ਆਸਾ ਦੀ ਵਾਰ ਆਦਿ ਅਜਿਹੀਆਂ ਰਚਨਾਵਾਂ ਹਨ ਜਿਨ੍ਹਾਂ ਦਾ ਮੱਧਕਾਲੀ ਪੰਜਾਬੀ ਵਾਰਤਕ ਵਿਚ ਨਿਵੇਕਲਾ ਸਥਾਨ ਹੈਇਹ ਆਮ ਤੌਰ ਤੇ ਸਰਲ, ਸਪੱਸ਼ਟ ਤੇ ਸਾਧਾਰਨ ਬੋਲੀ ਸ਼ੈਲੀ ਵਿਚ ਸਿਰਜੀਆਂ ਮਿਲਦੀਆਂ ਹਨਸਤਾਰ੍ਹਵੀਂ ਸਦੀ ਵਿਚ ਪ੍ਰਾਪਤ ਮੱਧਕਾਲੀ ਪੰਜਾਬੀ ਵਾਰਤਕ ਵਿਚ ਹੁਕਮਨਾਮਾ ਸਾਹਿਤ ਰੂਪ ਦਾ ਮਹੱਤਵਪੂਰਨ ਯੋਗਦਾਨ ਹੈਗੁਰੂ ਗੋਬਿੰਦ ਸਿੰਘ, ਗੁਰੂ ਤੇਗ਼ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਹੁਕਮਨਾਮਿਆਂ ਦੇ ਰੂਪ ਵਿਚ ਸਿੱਖ ਸੰਗਤਾਂ ਨੂੰ ਚਿੱਠੀਆਂ ਲਿਖਦੇ ਸਨ ਜਿਨ੍ਹਾਂ ਵਿਚ ਮਾਇਆ, ਸ਼ਸਤਰ, ਘੋੜੇ, ਸੋਨਾ, ਲੰਗਰ ਲਈ ਰਸਦ ਤੇ ਕੱਪੜੇ ਬਾਰੇ ਲਿਖਿਆ ਜਾਂਦਾ ਸੀਹੁਕਮਨਾਮਾ ਸਾਹਿਤ ਭਾਸ਼ਾ ਪੱਖੋਂ ਵਿਸ਼ੇਸ਼ ਮਹੱਤਵ ਰੱਖਦਾ ਹੈਗੁਰੂਆਂ ਦੁਆਰਾ ਲਿਖੇ ਹੁਕਮਨਾਮਿਆਂ ਵਿਚ ਆਮ ਤੌਰ ਤੇ ਸਰਲ, ਸਪੱਸ਼ਟ ਤੇ ਸਾਧਾਰਨ ਪੰਜਾਬੀ ਬੋਲੀ ਤੋਂ ਇਲਾਵਾ ਫ਼ਾਰਸੀ ਤੇ ਬ੍ਰਜ ਭਾਸ਼ਾ ਦੇ ਸ਼ਬਦ ਵੀ ਕਾਫੀ ਮਾਤਰਾ ਵਿਚ ਵਰਤੇ ਮਿਲਦੇ ਹਨਮੱਧਕਾਲੀ ਪੰਜਾਬੀ ਵਾਰਤਕ ਵਿਚ ਬਚਨ ਜਾਂ ਸੁਖਨ ਰੂਪ ਵਿਚ ਵੀ ਕੁਝ ਰਚਨਾ ਮਿਲਦੀ ਹੈਦਰਅਸਲ ਇਸ ਵਿਚ ਗੁਰੂ ਸਾਹਿਬਾਨ ਵੱਲੋਂ ਸਿੱਖਾਂ ਨੂੰ ਕੀਤੇ ਗਏ ਉਪਦੇਸ਼ ਸਾਧ ਭਾਸ਼ਾ ਵਿਚ ਮਿਲਦੇ ਹਨ ਜੋ ਮੱਧਕਾਲੀ ਪੰਜਾਬੀ ਵਾਰਤਕ ਦਾ ਮਹੱਤਵਪੂਰਨ ਨਮੂਨਾ ਹਨਰਹਿਤਨਾਮੇ ਵੀ ਇਸ ਕਾਲ ਦੀ ਵਾਰਤਕ ਦਾ ਇਕ ਹੋਰ ਮਹੱਤਵਪੂਰਨ ਰੂਪ ਹੈਇਨ੍ਹਾਂ ਵਿਚ ਗੁਰੂ ਸਾਹਿਬਾਨ ਵੱਲੋਂ ਸਿੱਖਾਂ ਨੂੰ ਸਿੱਖੀ ਮਾਰਗ ਉੱਪਰ ਚੱਲਣ ਲਈ ਵਿਸ਼ੇਸ਼ ਪ੍ਰਕਾਰ ਦੀ ਰਹਿਤ ਮਰਿਆਦਾ ਦੀ ਪਾਲਣਾ ਕਰਨਾ ਉਪਦੇਸ਼ ਹੈ ਰਹਿਤਨਾਮਿਆਂ ਵਿਚ ਵਰਤੀ ਭਾਸ਼ਾ - ਸ਼ੈਲੀ ਸਰਲ ਤੇ ਸਪੱਸ਼ਟ ਹੈਪ੍ਰੇਮ ਸੁਮਾਰਗ ਗ੍ਰੰਥ, ਪਰਮ ਮਾਰਗ ਗ੍ਰੰਥ ਇਸ ਕਾਲ ਦੇ ਪ੍ਰਸਿੱਧ ਰਹਿਤਨਾਮੇ ਹਨਮੱਧਕਾਲੀ ਪੰਜਾਬੀ ਵਾਰਤਕ ਵਿਚ ਹੀ ਅਨੁਵਾਦ ਰੂਪ ਵਿਚ ਵੀ ਵਾਰਤਕ ਪ੍ਰਾਪਤ ਹੁੰਦੀ ਹੈਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਨਿਗਰਾਨੀ ਹੇਠ ਆਪਣੇ ਅਨੇਕ ਦਰਬਾਰੀ ਸਾਹਿਤਕਾਰਾਂ ਕੋਲੋਂ ਮੌਲਿਕ ਅਤੇ ਅਨੁਵਾਦਤ ਸਾਹਿਤ ਦੀ ਰਚਨਾ ਕਰਵਾਈਇਹ ਸਾਰੇ ਸਾਹਿਤ ਭੰਡਾਰ ਵਿਦਿਆ ਸਾਗਰ ਨਾਮ ਦੇ ਗ੍ਰੰਥ ਵਿਚ ਦਰਜ ਹੈ

          ਮੱਧਕਾਲੀ ਪੰਜਾਬੀ ਵਾਰਤਕ ਨੂੰ ਜਦੋਂ ਅਸੀਂ ਕਲਾ ਪੱਖੋਂ ਵਿਚਾਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਇਸ ਵਿਚ ਖ਼ਾਸੀ ਵੰਨ-ਸੁਵੰਨਤਾ ਹੈਇਸ ਵਿਚ ਕਥਾਤਮਕ, ਵਰਣਾਤਮਕ, ਵਿਵਰਣਾਤਮਕ, ਵਾਰਤਾਲਾਪੀ ਅਤੇ ਭਾਵਾਤਮਕ ਸ਼ੈਲੀ ਦੇ ਦਰਸ਼ਨ ਹੁੰਦੇ ਹਨਪੁਰਾਤਨ ਜਨਮ-ਸਾਖੀ ਦੇ ਕਰਤਾ ਦਾ ਲਿਖਣ-ਢੰਗ ਵਾਰਤਾਲਾਪੀ ਹੈਕਾਵਿ-ਮਈ ਰੰਗਣ, ਅਨੁਪ੍ਰਾਸ ਯੁਕਤ ਨਿੱਕੇ-ਨਿੱਕੇ ਵਾਕ ਸੰਗੀਤਾਤਮਕ ਗੋਂਦ, ਸੰਜਮਤਾਵਾਦੀ ਸੁਝਾਉ ਅਤੇ ਸਰਲਤਾ ਇਸ ਦੀ ਗੱਦ ਸ਼ੈਲੀ ਦੇ ਪ੍ਰਮੁੱਖ ਲੱਛਣ ਹਨਭਾਸ਼ਾ ਪੱਖੋਂ ਵੀ ਇਹ ਵਾਰਤਕ ਵਿਸ਼ੇਸ਼ ਮਹੱਤਵ ਰੱਖਦੀ ਹੈਮੱਧਕਾਲੀ ਪੰਜਾਬੀ ਵਾਰਤਕ ਵਿਚ ਅਰਬੀ ਫ਼ਾਰਸੀਆਂ ਬ੍ਰਜ ਭਾਸ਼ਾ ਦੀ ਕਾਫੀ ਵਰਤੋਂ ਹੋਈ ਮਿਲਦੀ ਹੈਇਸ ਕਾਲ ਦੀ ਭਾਸ਼ਾ ਦਾ ਵਿਸ਼ੇਸ਼ ਗੁਣ ਸੰਯੋਗਾਤਮਕ ਹੈਵਾਕ ਨਿੱਕੇ- ਨਿੱਕੇ, ਪਾਤਰ, ਪ੍ਰਸੰਗ ਤੇ ਭਾਵ ਅਨੁਕੂਲ ਹੋਣ ਕਰਕੇ ਇਨ੍ਹਾਂ ਵਿਚ ਰੌਚਕਤਾ ਪ੍ਰਾਪਤ ਹੁੰਦੀ ਹੈਮੱਧਕਾਲੀ ਪੰਜਾਬੀ ਵਾਰਤਕ ਦਾ ਜੇਕਰ ਸਮੁੱਚੇ ਤੌਰ ਤੇ ਮੁਲਾਂਕਣ ਕਰਨਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਵਾਰਤਕ ਦਾ ਚਰਿਤਰ ਮੂਲ ਰੂਪ ਵਿਚ ਧਾਰਮਕ ਹੈਭਾਵ ਮੱਧਕਾਲੀ ਪੰਜਾਬੀ ਵਾਰਤਕ ਦੇ ਕੇਂਦਰ ਵਿਚ ਧਰਮ ਹੈਬ੍ਰਹਮ ਦੀ ਗੱਲ ਵਿਸ਼ੇਸ਼ ਤੌਰ ਤੇ ਕੀਤੀ ਗਈ ਹੈਉਸ ਦੀ ਸ਼ਕਤੀ ਦੀ ਵਿਆਪਕਤਾ ਨੂੰ ਉਸਾਰਿਆ ਗਿਆ ਹੈਮੱਧਕਾਲੀ ਪੰਜਾਬੀ ਵਾਰਤਕ ਚ ਜਿੰਨੇ ਵੀ ਰੂਪ ਪ੍ਰਾਪਤ ਹੁੰਦੇ ਹਨ ਉਨ੍ਹਾਂ ਦੇ ਨਾਮ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਸ ਵਾਰਤਕ ਦੀ ਵਸਤੂ ਕੀ ਹੋਵੇਗੀਇਹੀ ਉਹ ਨਿਖੇੜ ਬਿੰਦੂ ਹੈ ਜੋ ਮੱਧਕਾਲੀ ਪੰਜਾਬੀ ਵਾਰਤਕ ਨੂੰ ਆਧੁਨਿਕ ਪੰਜਾਬੀ ਵਾਰਤਕ ਤੋਂ ਨਿਖੇੜਦਾ ਹੈਜਿੱਥੇ ਮੱਧਕਾਲੀ ਪੰਜਾਬੀ ਵਾਰਤਕ ਵਿਚ ਬ੍ਰਹਮ ਕੇਂਦਰ ਵਿਚ ਹੈ ਉਥੇ ਆਧੁਨਿਕ ਪੰਜਾਬੀ ਵਾਰਤਕ ਵਿਚ ਮਨੁੱਖ ਕੇਂਦਰ ਵਿਚ ਹੈਬੇਸ਼ੱਕ ਆਧੁਨਿਕ ਪੰਜਾਬੀ ਵਾਰਤਕ ਦੇ ਆਰੰਭ ਵਿਚ ਬ੍ਰਹਮ ਤੇ ਧਰਮ ਦੀ ਗੱਲ ਵਧੇਰੇ ਹੋਈ ਪਰ ਜਿਵੇਂ-ਜਿਵੇਂ ਆਧੁਨਿਕ ਪੰਜਾਬੀ ਵਾਰਤਕ ਦਾ ਵਿਕਾਸ ਹੋਇਆ ਇਸ ਵਿਚ ਮਾਨਵ ਜੀਵਨ ਨਾਲ ਸਬੰਧਤ ਮਸਲਿਆਂ ਨੂੰ ਵਧੇਰੇ ਵਿਚਾਰਿਆ ਜਾਣ ਲੱਗਾਸੰਕ੍ਰਾਂਤੀ ਕਾਲ ਵਿਚ ਪ੍ਰਾਪਤ ਸ਼ਰਧਾ ਰਾਮ ਫ਼ਿਲੌਰੀ ਦਾ ਰਚਨਾ ਪੰਜਾਬੀ ਬਾਤਚੀਤ ਵਿਚ ਪੰਜਾਬੀ ਦੇ ਸਰੂਪ ਤੇ ਵਿਹਾਰ ਦੀ ਪਛਾਣ ਜਿਸ ਤਰ੍ਹਾਂ ਕਰਵਾਈ ਗਈ ਹੈ ਉਸ ਨਾਲ ਆਧੁਨਿਕ ਪੰਜਾਬੀ ਵਾਰਤਕ ਦਾ ਸਰੂਪ ਵੀ ਤਿਆਰ ਹੁੰਦਾ ਕਿਹਾ ਜਾ ਸਕਦਾ ਹੈਇਸ ਉਪਰੰਤ ਆਧੁਨਿਕ ਕਾਲ ਵਿਚ ਆ ਕੇ ਪ੍ਰੋ. ਪੂਰਨ ਸਿੰਘ ਦੇ ਪ੍ਰਵੇਸ਼ ਨਾਲ ਆਧੁਨਿਕ ਪੰਜਾਬੀ ਵਾਰਤਕ ਦਾ ਮੁਹਾਂਦਰਾ ਸਪੱਸ਼ਟ ਹੋ ਜਾਂਦਾ ਹੈਲੇਖ ਜਾਂ ਨਿਬੰਧ ਰੂਪ ਵਿਚ ਪ੍ਰਾਪਤ ਪ੍ਰੋਫ਼ੈਸਰ ਪੂਰਨ ਸਿੰਘ ਦੀ ਰਚਨਾ ਦੀ ਜਿਸ ਤਰ੍ਹਾਂ ਵਿਸ਼ਾ ਸਾਮਗਰੀ ਦੇ ਪੱਖੋਂ ਵੰਨ-ਸੁਵੰਨੀ ਸੀ ਉਸ ਨਾਲ ਆਧੁਨਿਕ ਪੰਜਾਬੀ ਵਾਰਤਕ ਦੇ ਭਵਿੱਖ ਦਾ ਸਰੂਪ ਦਾ ਅਹਿਸਾਸ ਹੋ ਗਿਆ ਸੀਪ੍ਰੋਫ਼ੈਸਰ ਪੂਰਨ ਸਿੰਘ ਤੋਂ ਬਾਅਦ ਆਧੁਨਿਕ ਪੰਜਾਬੀ ਵਾਰਤਕ ਵਿਚ ਅਨੇਕਾਂ ਅਜਿਹੇ ਲੇਖਕ ਪ੍ਰਵੇਸ਼ ਕਰਦੇ ਹਨ ਜਿਸ ਨਾਲ ਆਧੁਨਿਕ ਪੰਜਾਬੀ ਵਾਰਤਕ ਨੂੰ ਮੱਧਕਾਲੀ ਪੰਜਾਬੀ ਵਾਰਤਕ ਤੋਂ ਵਿਸ਼ਾ ਸਾਮੱਗਰੀ ਅਤੇ ਰੂਪ ਪੱਖੋਂ ਇਕਦਮ ਨਿਖੇੜਿਆ ਜਾ ਸਕਦਾ ਹੈਜਿੱਥੇ ਮੱਧਕਾਲੀ ਪੰਜਾਬੀ ਵਾਰਤਕ ਵਿਚ ਜਨਮ-ਸਾਖੀ, ਸਾਖੀ, ਪਰਮਾਰਥ, ਗੋਸ਼ਟ, ਟੀਕੇ, ਬਚਨ/ਸੁਖਨ ਆਦਿ ਰੂਪ ਪ੍ਰਾਪਤ ਹੁੰਦੇ ਹਨ ਉਥੇ ਆਧੁਨਿਕ ਪੰਜਾਬੀ ਵਾਰਤਕ ਵਿਚ ਲੇਖ, ਨਿਬੰਧ, ਸਫ਼ਰਨਾਮਾ, ਰੇਖਾ-ਚਿੱਤਰ, ਜੀਵਨੀ, ਸਵੈ-ਜੀਵਨੀ, ਡਾਇਰੀ ਆਦਿ ਰੂਪ ਪ੍ਰਾਪਤ ਹੋਣ ਲੱਗਦੇ ਹਨਇਨ੍ਹਾਂ ਵਿਚ ਪ੍ਰਾਪਤ ਵਿਸ਼ਾ ਸਾਮੱਗਰੀ ਨਾ ਸਿਰਫ਼ ਗਿਆਨ ਭਰਪੂਰ ਹੀ ਹੈ ਬਲਕਿ ਭਾਵ-ਭਰਪੂਰ ਵੀ ਕਹੀ ਜਾ ਸਕਦੀ ਹੈਇਉਂ ਆਧੁਨਿਕ ਪੰਜਾਬੀ ਵਾਰਤਕ ਦਾ ਸਰੂਪ ਬਹੁਰੰਗੀ ਕਿਹਾ ਜਾ ਸਕਦਾ ਹੈ

          ਆਧੁਨਿਕ ਪੰਜਾਬੀ ਵਾਰਤਕ ਵਿਚ ਪ੍ਰੋਫ਼ੈਸਰ ਪੂਰਨ ਸਿੰਘ ਦਾ ਵਿਸ਼ੇਸ਼ ਯੋਗਦਾਨ ਹੈਪ੍ਰੋਫ਼ੈਸਰ ਪੂਰਨ ਸਿੰਘ ਨੇ ਬੇਸ਼ੱਕ ਕੁਝ ਗਿਣਤੀ ਦੇ ਹੀ ਲੇਖ/ਨਿਬੰਧ ਲਿਖੇ ਹਨ ਪਰ ਵਿਸ਼ੇ ਪੱਖ ਤੋਂ ਇਨ੍ਹਾਂ ਦੀ ਬਹੁਪੱਖਤਾ ਤੇ ਕਲਾ ਪ੍ਰੋੜ੍ਹਤਾ ਅਜਿਹੀ ਹੈ ਕਿ ਕੋਈ ਵੀ ਪਾਠਕ ਇਸ ਤੋਂ ਪ੍ਰਭਾਵਿਤ ਹੋਏ ਬਗੈਰ ਨਹੀਂ ਰਹਿ ਸਕਦਾਇਨ੍ਹਾਂ ਲੇਖਾਂ ਵਿਚ ਸਾਹਿਤ, ਕਾਵਿ-ਕਲਾ, ਕੋਮਲ ਹੁਨਰ, ਸੁਹਜ ਨੈਤਿਕਤਾ, ਮਾਨਵੀ ਵਿਹਾਰ, ਵਤਨ-ਪ੍ਰਸਤੀ, ਧਰਮ, ਰਾਜਨੀਤੀ ਅਤੇ ਅਧਿਆਤਮਕਤਾ ਆਦਿ ਵਿਸ਼ਆਂ ਨੂੰ ਲਿਆ ਗਿਆ ਹੈਇਨ੍ਹਾਂ ਲੇਖਾਂ ਨੂੰ ਪੜ੍ਹਣ ਉਪਰੰਤ ਪਾਠਕ ਸਹਿਜੇ ਹੀ ਪ੍ਰੋਫ਼ੈਸਰ ਪੂਰਨ ਸਿੰਘ ਦੀ ਮੌਲਿਕ ਸੋਚ ਅਤੇ ਸੁਹਜ ਦਾ ਕਾਇਲ ਹੋ ਜਾਂਦਾ ਹੈਪ੍ਰੋਫ਼ੈਸਰ ਪੂਰਨ ਸਿੰਘ ਦੀ ਵਾਰਤਕ ਦੇ ਸਬੰਧ ਵਿਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਪ੍ਰੋਫ਼ੈਸਰ ਪੂਰਨ ਸਿੰਘ ਵਿਸ਼ਾਲ ਅਤੇ ਮੌਲਿਕ ਅਨੁਭਵ ਵਾਲਾ ਲੇਖਕ ਹੈਉਸ ਵਿਚ ਸੁੰਨ ਹੋਈਆਂ ਸੰਵੇਦਨਾਵਾਂ ਨੂੰ ਜਗਾਉਣ ਦੀ ਸ਼ਕਤੀ ਹੈਪ੍ਰੋਫ਼ੈਸਰ ਪੂਰਨ ਸਿੰਘ ਪਾਠਕ ਨੂੰ ਅਨੁਭਵ ਦੀ ਪਛਾਣ ਜਾਂ ਗਿਆਨ ਨਹੀਂ ਦਿੰਦਾ ਬਲਕਿ ਉਹ ਤਾਂ ਪਾਠਕ ਨੂੰ ਅਨੁਭਵ ਦੀ ਗਹਿਰਾਈ ਵਿਚ ਲੈ ਜਾਂਦਾ ਹੈਡੂੰਘੇ ਅਨੁਭਵ ਨਾਲ ਓਤਪੋਤ ਉਸ ਦੇ ਵਿਚਾਰ ਨਿੱਖਰੇ-ਨਿੱਖਰੇ ਤੇ ਅਲੌਕਿਕ ਵਾਤਾਵਰਣ ਨੂੰ ਉਸਾਰਦੇ ਹਨਪ੍ਰੋਫ਼ੈਸਰ ਪੂਰਨ ਸਿੰਘ ਦਾ ਜੀਵਨ ਪ੍ਰਤਿ ਦ੍ਰਿਸ਼ਟੀਕੋਣ ਬਹੁਤ ਵਿਸ਼ਾਲ ਹੈਧਰਮ ਮਾਨਵਤਾ ਨੈਤਿਕਤਾ ਅਤੇ ਵਿਗਿਆਨ ਉਸ ਦੇ ਪ੍ਰੇਰਣਾ-ਸ੍ਰੋਤ ਹਨਇਸ ਲਈ ਉਹ ਬੇਸ਼ੱਕ ਕਿਸੇ ਵੀ ਵਿਸ਼ੇ ਉਪਰ ਲਿਖ ਰਿਹਾ ਹੋਵੇ ਇਨ੍ਹਾਂ ਪੱਖਾਂ ਉੱਪਰ ਉਹ ਸਹਿਜੇ ਹੀ ਆਪਣੀ ਰਚਨਾ ਵਿਚ ਉਸਾਰ ਜਾਂਦਾ ਹੈਸਪੱਸ਼ਟ ਸ਼ਬਦਾਂ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਇਕ ਹੀ ਨੁਕਤੇ ਤੇ ਟਿੱਕ ਕੇ ਕਿਸੇ ਵਸਤੂ ਨੂੰ ਸਮਝਣਾ ਪ੍ਰੋਫ਼ੈਸਰ ਪੂਰਨ ਸਿੰਘ ਦਾ ਸੁਭਾਅ ਨਹੀਂ ਇਸ ਲਈ ਉਹ ਵੱਖ-ਵੱਖ ਕੋਣਾਂ ਤੋਂ ਆਪਣੇ ਵਿਚਾਰਾਂ ਨੂੰ ਉਸਾਰਦਾ ਹੈਪਿਆਰ ਵਰਗੇ ਕੋਮਲਭਾਵੀ ਵਿਸ਼ੇ ਉਪਰ ਚਰਚਾ ਕਰਦਿਆਂ ਦਾਰਸ਼ਨਿਕ ਤੇ ਰਹੱਸਵਾਦੀ ਹੋ ਜਾਣਾ ਉਸ ਦੀ ਵਿਸ਼ੇਸ਼ ਪ੍ਰਾਪਤੀ ਹੈਪਰ ਕੁਝ ਵੀ ਕਿਹਾ ਜਾਵੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪ੍ਰੋਫ਼ੈਸਰ ਪੂਰਨ ਸਿੰਘ ਆਪਣੀ ਰਚਨਾ ਵਿਚ ਜ਼ਜ਼ਬਾਤ ਦਾ ਪੱਲਾ ਕਦੇ ਨਹੀਂ ਛੱਡਦਾਵਿਚਾਰਾਂ ਨੂੰ ਭਾਵਾਂ ਦੀ ਪੁੱਠ ਦੇ ਕੇ ਰਮਣੀਕ ਬਣਾਉਣਾ ਕੇਵਲ ਪ੍ਰੋਫ਼ੈਸਰ ਪੂਰਨ ਸਿੰਘ ਦੀ ਕਲਾਤਮਕ ਸ਼ਾਨ ਦਾ ਮਹੱਤਵਪੂਰਨ ਪੱਖ ਹਨਭਾਵ ਉਸ ਦੇ ਵਿਚਾਰਾਂ ਵਿਚੋਂ ਸਹਿਜ ਸੁਭਾਵਕ ਉੱਭਰਦੇ ਹਨਇਉਂ ਪ੍ਰੋਫ਼ੈਸਰ ਪੂਰਨ ਸਿੰਘ ਸੂਖ਼ਮਭਾਵੀ ਤਾਂ ਹੈ ਹੀ ਸੁਹਜਭਾਵੀ ਵੀ ਹੈਮੌਲਿਕ ਵਿਸ਼ਿਆਂ ਉੱਪਰ ਵਿਚਾਰ ਪੇਸ਼ ਕਰਨੇ ਅਤੇ ਉਹ ਵੀ ਕੋਮਲਭਾਵੀ ਰੂਪ ਵਿਚ, ਇਹ ਪ੍ਰੋਫ਼ੈਸਰ ਪੂਰਨ ਸਿੰਘ ਦੀ ਵਾਰਤਕ ਦੀ ਵਿਸ਼ੇਸ਼ ਪ੍ਰਾਪਤੀ ਹੈਪ੍ਰੋਫ਼ੈਸਰ ਪੂਰਨ ਸਿੰਘ ਦੀਆਂ ਵਾਰਤਕ ਰਚਨਾ ਨੂੰ ਪੜ੍ਹਣ ਉਪਰੰਤ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਉਸ ਨੂੰ ਰੱਬ ਵਿਚ ਦ੍ਰਿੜ੍ਹ ਵਿਸ਼ਵਾਸ ਸੀਉਸ ਨੇ 'ਮਜ਼ਹਬਨਿਬੰਧ ਵਿਚ ਧਰਮ ਬਾਰੇ ਜੋ ਆਪਣਾ ਵਿਸ਼ਵਾਸ ਅਤੇ ਸੰਕਲਪ ਸਪੱਸ਼ਟ ਕੀਤਾ ਹੈ ਉਹ ਬੜਾ ਮਹੱਤਵਪੂਰਨ ਹੈਉਸ ਦੁਆਰਾ ਧਰਮ ਅਧਿਆਤਮਕਤਾ ਤੇ ਮਾਨਵਤਾ ਤੋਂ ਵੱਖਰਾ ਨਹੀਂ ਹੋ ਸਕਦਾ ਹੈਉਹ ਕਹਿੰਦਾ ਹੈ ਕਿ ਧਰਮ ਸਰਬ ਲੋਕਾਈ ਨੂੰ ਏਕੇ ਵਿਚ ਪਰੋ ਕੇ ਰੱਖਣ ਵਾਲਾ ਹੈਇਸੇ ਤਰ੍ਹਾਂ ਪ੍ਰੋਫ਼ੈਸਰ ਪੂਰਨ ਸਿੰਘ ਦੀ ਵਾਰਤਕ ਵਿਚ ਅਨੇਕ ਵਾਰ ਮਾਨਵੀ ਸਭਿਆਚਾਰ ਦੇ ਵਿਰੋਧੀ ਭਾਵਾਂ ਵਾਲੇ ਵਿਚਾਰਾਂ ਦਾ ਆਭਾਸ ਹੁੰਦਾ ਹੈਅਜਿਹੀ ਭਾਵਨਾ ਉਸ ਦੇ ਕਾਵਿ ਅਨੁਭਵ ਵਿਚੋਂ ਵੀ ਪਛਾਣੀ ਜਾ ਸਕਦੀ ਹੈਪਰ ਇਸ ਵਿਚਾਰ ਨੂੰ ਗੰਭੀਰਤਾ ਨੂੰ ਦੇਖਿਆਂ ਇਹ ਗੱਲ ਸਮਝ ਵਿਚ ਆਉਂਦੀ ਹੈ ਕਿ ਪ੍ਰੋਫ਼ੈਸਰ ਪੂਰਨ ਸਿੰਘ ਬਣਾਵਟੀ ਵਿਹਾਰ ਤੇ ਬਨਾਵਟੀਪਣ ਦਾ ਵਿਰੋਧੀ ਹੈਉਹ ਸ਼ੁੱਧ ਆਪੇ ਦਾ ਮੁਦੱਈ ਹੈਇਉਂ ਇਹ ਗੱਲ ਸਮਝਣ ਵਾਲੀ ਹੈ ਕਿ ਪ੍ਰੋਫ਼ੈਸਰ ਪੂਰਨ ਸਿੰਘ ਪ੍ਰਕਿਰਤੀਵਾਦੀ ਨਹੀਂ ਬਲਕਿ ਪ੍ਰਕਿਰਤੀਮੁੱਖ ਹੈਵਰਤਮਾਨ ਯੁੱਗ ਵਿਚ ਵੀ ਭਾਸ਼ਾ, ਧਰਮ, ਆਂਚਲਿਕਤਾ ਅਜਿਹੇ ਮਸਲੇ ਹਨ ਜਿਨ੍ਹਾਂ ਨਾਲ ਮਨੁੱਖ ਵਿਸ਼ਵ ਭਰ ਵਿਚ ਵਿਵਾਦ ਸਿਰਜੀ ਬੈਠਾ ਹੈਪ੍ਰੋਫ਼ੈਸਰ ਪੂਰਨ ਸਿੰਘ ਅਜਿਹੀਆਂ ਤੰਗ ਦਿਲੀਆਂ ਤੋਂ ਉਪਰ ਉੱਠਿਆ ਵਿਅਕਤੀ ਸੀਉਹ ਬੇਸ਼ੱਕ ਪੰਜਾਬੀ ਭਾਸ਼ਾ ਨਾਲ ਅੰਤਾਂ ਦਾ ਮੋਹ ਰੱਖਦਾ ਸੀ ਪਰ ਉਹ ਦੂਸਰੀਆਂ ਹੋਰ ਭਾਸ਼ਾਵਾਂ ਦਾ ਵੀ ਪੂਰਨ ਸਨਮਾਨ ਕਰਦਾ ਹੈਉਸ ਦੀ ਵਾਰਤਕ ਵਿਚੋਂ ਇਹ ਵਿਚਾਰ ਬਾਰ-ਬਾਰ ਪ੍ਰਾਪਤ ਹੁੰਦਾ ਹੈ

          ਪ੍ਰੋਫ਼ੈਸਰ ਪੂਰਨ ਸਿੰਘ ਦੀ ਵਾਰਤਕ ਦਾ ਇਕ ਮਹੱਤਵਪੂਰਨ ਪਹਿਲੂ ਇਹ ਹੈ ਕਿ ਉਹ ਆਪਣੀ ਵਾਰਤਕ ਰਚਨਾ ਵਿਚ ਇਕ ਸਿਰਜਕ ਆਲੋਚਕ ਵਾਂਗ ਆਪਣੇ ਵਿਚਾਰ ਸਾਹਿਤ ਬਾਰੇ ਪ੍ਰਗਟਾਉਂਦਾ ਹੈਖੁਲ੍ਹੇ ਲੇਖ ਪੁਸਤਕ ਦੇ ਮੁੱਖ ਬੰਦ ਵਿਚ ਕਾਵਿ ਸਬੰਧੀ ਜੋ ਵਿਚਾਰ ਪੇਸ਼ ਕੀਤੇ ਹਨ ਉਹ ਬਹੁਤ ਹੀ ਮਹੱਤਵਪੂਰਨ ਹਨਪੂਰਨ ਸਿੰਘ ਕਾਵਿ ਨੂੰ ਛੰਦਾ-ਬੰਦੀ ਕੋਣ ਤੋਂ ਮੁਕਤ ਰੱਖਣ ਦਾ ਵਿਚਾਰ ਪੇਸ਼ ਕਰਦਾ ਹੈਕਿਉਂਕਿ ਉਹ ਸਮਝਦਾ ਹੈ ਕਿ ਪਿਆਰ ਵਿਚ ਮੋਏ ਬੰਦਿਆਂ ਦੇ ਸ਼ਬਦ ਕਵਿਤਾ ਹੁੰਦੇ ਹਨਭਾਵ ਇਹ ਹੈ ਕਿ ਪਿਆਰ ਵਿਚ ਭਿੱਜ ਕੇ ਸਿੱਧੇ ਜਾਂ ਪੁੱਠੇ ਅੱਖਰ ਜੇਕਰ ਰੱਖ ਦਿੱਤੇ ਜਾਣ ਤਾਂ ਉਹ ਕਵਿਤਾ ਬਣ ਜਾਂਦੀ ਹੈਕਵਿਤਾ ਨੂੰ ਉਹ ਦੈਵੀ ਸੁਭਾਅ ਵਾਲੀ ਕਿਰਤ ਮੰਨਦਾ ਹੈ

          ਪ੍ਰੋਫ਼ੈਸਰ ਪੂਰਨ ਸਿੰਘ ਦੀ ਵਾਰਤਕ ਸ਼ੈਲੀ ਭਾਵੁਕਤਾ ਭਰਪੂਰ ਹੈਪ੍ਰੋਫ਼ੈਸਰ ਪੂਰਨ ਸਿੰਘ ਦੀ ਵਾਰਤਕ ਰਚਨਾ ਪੜ੍ਹਦਿਆਂ ਪਾਠਕ ਕਾਵਿਕ ਅਨੁਭਵ ਦਾ ਅਹਿਸਾਸ ਵੀ ਮਾਣਦਾ ਹੈਕਿਉਂਕਿ ਉਸ ਦੇ ਲੇਖਕਾਂ ਦੀ ਸ਼ੈਲੀ ਕਾਵਿਕ ਹੈਕਿਉਂਕਿ ਉਸ ਦੀ ਵਾਰਤਕ ਵਿਚ ਕਵਿਤਾ ਵਰਗੀ ਉਡਾਰੀ ਹੈਸ਼ੈਲੀ ਚੋਣ ਉਹ ਵਿਸ਼ੇ ਮੁਤਾਬਕ ਹੀ ਕਰਦਾ ਹੈ ਪਰ ਭਾਵਾਂ ਦਾ ਪ੍ਰਬਲ ਵੇਗ ਹੋਣ ਕਾਰਨ ਸ਼ਬਦ ਉਸ ਦੀ ਰਚਨਾ ਵਿਚ ਕਈ ਰੰਗਾਂ ਵਿਚ ਪਛਾਣੇ ਜਾ ਸਕਦੇ ਹਨ'ਵਤਨ ਦਾ ਪਿਆਰਲੇਖ ਵਿਚ ਭਾਵ ਭਰਪੂਰ ਵਿਚਾਰਾਂ ਦੀ ਤੀਖਣਤਾ ਪੜ੍ਹਣਯੋਗ ਹੈਉਸ ਦੀ ਰਚਨਾ ਵਿਚੋਂ ਪ੍ਰਾਪਤ ਅਜਿਹਾ ਵੇਗ ਹੀ ਉਸ ਦੀ ਵਾਰਤਕ ਨੂੰ ਸਮੁੱਚੀ ਪੰਜਾਬੀ ਵਾਰਤਕ ਤੋਂ ਵੱਖਰਿਆਉਂਦਾ ਹੈ

          ਗੁਰਬਖਸ਼ ਸਿੰਘ ਪ੍ਰੀਤਲੜੀ ਆਧੁਨਿਕ ਪੰਜਾਬੀ ਵਾਰਤਕ ਵਿਚ ਇਕ ਅਜਿਹਾ ਲੇਖਕ ਹੈ ਜਿਸ ਨੇ ਆਪਣੀ ਪਛਾਣ ਬਤੌਰ ਵਾਰਤਕ ਲੇਖਕ ਵੱਜੋਂ ਹੀ ਬਣਾਈ ਹੈਇਹ ਨਹੀਂ ਕਿ ਗੁਰਬਖਸ਼ ਸਿੰਘ ਨੇ ਹੋਰ ਦੂਸਰੇ ਸਾਹਿਤ ਰੂਪਾਂ ਵਿਚ ਰਚਨਾ ਨਹੀਂ ਕੀਤੀ ਬਲਕਿ ਵਾਰਤਕ ਵਿਚ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਵੱਡੀ ਮਾਤਰਾ ਵਿਚ ਰਚਨਾ ਮਿਲਦੀ ਹੈਗਿਣਾਤਮਕ ਅਤੇ ਗੁਣਾਤਮਕ ਦੋਹਾਂ ਪੱਖਾਂ ਤੋਂ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਆਧੁਨਿਕ ਪੰਜਾਬੀ ਵਾਰਤਕ ਵਿਚ ਦੇਣ ਨਾ ਸਿਰਫ਼ ਪਾਠਕ ਦਾ ਧਿਆਨ ਖਿੱਚਦੀ ਹੈ ਬਲਕਿ ਆਲੋਚਕ ਨੂੰ ਵੀ ਪ੍ਰਭਾਵਿਤ ਕਰਦੀ ਹੈਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਉਸ ਨੇ ਆਪਣੀ ਵਿਚਾਰਧਾਰਾ ਦੁਆਰਾ ਪੰਜਾਬੀ ਜਨ-ਜੀਵਨ ਵਿਚ ਇਕ ਨਵਾਂ ਰੰਗ ਭਰਿਆ ਹੈਗੁਰਬਖਸ਼ ਸਿੰਘ ਪ੍ਰੀਤਲੜੀ ਪੰਜਾਬੀ ਜਨ-ਜੀਵਨ ਦਾ ਪਰਿਚੈ ਕਈ ਸੁਹਜਾਤਮਕ ਸਥਿਤੀਆਂ ਨਾਲ ਕਰਵਾਉਣ ਵਿਚ ਸਫ਼ਲ ਰਿਹਾ ਹੈਉਸ ਦੀ ਵਾਰਤਕ ਰਚਨਾ ਨਾਲ ਸਾਹਿਤ ਸਿਰਜਣਾ ਦੇ ਬੁਨਿਆਦੀ ਸੰਕਲਪ ਵਿਚ ਪਰਿਵਰਤਨ ਆਇਆਪੰਜਾਬੀ ਸਭਿਆਚਾਰ ਦੇ ਬਿੰਬ ਵਿਚ ਪਿਆਰ ਦੀ ਮਹੱਤਤਾ ਨੂੰ ਪੁਨਰ ਸਥਾਪਤ ਕਰਕੇ ਲੇਖਕ ਨੇ ਇਸ ਨੂੰ ਵਿਸ਼ੇਸ਼ ਦ੍ਰਿਸ਼ਟੀ ਤੋਂ ਵਿਚਾਰਿਆ ਹੈਇਥੇ ਲੇਖਕ ਆਪਣਾ ਜੀਵਨ ਰਾਹ ਦਿਖਾਉਂਦਾ ਨਜ਼ਰ ਆਉਂਦਾ ਹੈਇਹੀ ਕਾਰਨ ਹੈ ਕਿ ਗੁਰਬਖਸ਼ ਸਿੰਘ ਪੰਜਾਬੀ ਪਾਠਕਾਂ ਵਿਚ ਵਧੇਰੇ ਹਰਮਨ ਪਿਆਰਾ ਬਣਦਾ ਹੈਕਾਰਨ ਇਹ ਕਿ ਪਾਠਕ ਨੂੰ ਲੇਖਕ ਦੇ ਕਹੇ ਸ਼ਬਦਾਂ ਵਿਚ ਕੁਝ ਪ੍ਰਾਪਤ ਹੁੰਦਾ ਹੈ ਅਤੇ ਉਹ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਕਿ ਜ਼ਿੰਦਗੀ ਜੀਊਣਾ ਵੀ ਇਕ ਕਲਾ ਹੈਲੇਖਕ ਦੀ ਲਿਖਤ ਜਾਂ ਵਿਸ਼ੇਸ਼ ਉਦੇਸ਼ ਨੇ ਆਮ ਵਿਅਕਤੀ ਦੇ ਜੀਵਨ ਨੂੰ ਵਧੇਰੇ ਅਰਥ ਭਰਪੂਰ, ਸੁਖਾਵਾਂ ਅਤੇ ਸੁੰਦਰ ਬਣਾਉਣਾ ਹੈਇਹ ਗੁਰਬਖਸ਼ ਸਿੰਘ ਦੀ ਸਿਰਜਣਾ ਦਾ ਆਧਾਰ ਬਿੰਦੂ ਕਿਹਾ ਜਾ ਸਕਦਾ ਹੈ

          ਪਰ ਜਦੋਂ ਅਸੀਂ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਮੁੱਚੀ ਵਾਰਤਕ ਰਚਨਾ ਨੂੰ ਗੰਭੀਰਤਾ ਨਾਲ ਵਿਚਾਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸ਼ਖ਼ਸੀਅਤ, ਵਿਚਾਰਧਾਰਾ ਅਤੇ ਸਿਰਜਣਾ ਇਕ ਨਿਸ਼ਚਿਤ ਦ੍ਰਿਸ਼ਟੀ ਦਾ ਪ੍ਰਤਿਕ੍ਰਮ ਹੈਉਸ ਦੀਆਂ ਵਾਰਤਕ ਰਚਨਾਵਾਂ ਦਾ ਗਹਿਨ ਅਧਿਐਨ ਇਹ ਪਤਾ ਦਿੰਦਾ ਹੈ ਕਿ ਉਸ ਨੇ ਹਰ ਵਿਸ਼ੇ, ਸਥਿਤੀ, ਵਿਅਕਤੀ ਨੂੰ ਨਿਰਧਾਰਤ ਰੂਪ-ਰੇਖਾ ਵਿਚ ਹੀ ਰੱਖ ਕੇ ਹੀ ਪਰਖਿਆ ਹੈਇਸ ਲਈ ਉਸ ਦੀ ਸਮੁੱਚੀ ਕਲਾ ਉਲਾਰਪੱਖੀ ਕਹੀ ਜਾ ਸਕਦੀ ਹੈਇਸ ਨੂੰ ਉਸ ਦੀ ਸ਼ਖਸੀ-ਕਮਜ਼ੋਰੀ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਕਿਸੇ ਨੁਕਤੇ ਦੀ ਪੁਣ-ਛਾਣ ਸੰਪੂਰਨ ਰੂਪ ਵਿਚ ਕਰਨ ਤੋਂ ਅਸਮਰੱਥ ਸੀਇਹ ਗੱਲ ਵਿਸ਼ੇਸ਼ ਮਹੱਤਵ ਯੋਗ ਹੈ ਕਿ ਜ਼ਿੰਦਗੀ ਕੇਵਲ ਹੁਲਾਸ ਜਾਂ ਖੇੜਾ ਨਹੀਂ, ਮਨੁੱਖੀ ਜੀਵਨ ਵਿਚ ਸੁਪਨੇ ਆਪਣਾ ਮਹੱਤਵ ਰੱਖਦੇ ਹਨ ਪਰ ਭਾਰਤੀਆਂ ਦਾ ਜੀਵਨ ਇਕ ਕੌੜੀ ਹਕੀਕਤ ਹੈ ਅਤੇ ਸੰਘਰਸ਼ ਇਸ ਦੀ ਬੁਨਿਆਦੀ ਕੀਮਤ ਹੈ ਪਰ ਲੇਖਕ ਲਈ ਜ਼ਿੰਦਗੀ ਕਵਿਤਾ ਵਰਗਾ ਰਸ ਅਤੇ ਸੁਹਜ ਰੱਖਦੀ ਹੈ, ਉਸ ਲਈ ਹਰ ਵਿਅਕਤੀ ਦੀ ਪਛਾਣ ਉਸਦੀਆਂ ਬੁਲ੍ਹੀਆਂ ਦਾ ਹਾਸਾ ਹੈ, ਇਹ ਹਾਸਾ ਲੇਖਕ ਲਈ ਜੀਵਨ ਕੀਮਤ ਹੈ ਅਤੇ ਅੰਤ ਇਸ ਜੀਵਨ-ਜਾਚ ਨੂੰ ਉਹ ਆਪਣੇ ਪਾਠਾਂ ਵਿਚ ਵੰਡਣ ਲਈ ਮਸਤ ਹੈਪਰ ਇਸ ਦਾ ਜੋ ਦੂਸਰਾ ਪਾਸਾ ਹੈ ਲੇਖਕ ਉਸ ਨੂੰ ਕਿਤੇ ਅਣਗੌਲਿਆ ਕਰ ਦਿੰਦਾ ਹੈਭਾਵ ਇਹ ਕਿ ਜ਼ਿੰਦਗੀ ਬਹੁਰੰਗੀ ਹੈ, ਦੁੱਖ-ਸੁੱਖ ਇਸ ਦੇ ਬੁਨਿਆਦੀ ਆਧਾਰ ਹਨ, ਸੰਘਰਸ਼ ਇਸ ਦੀ ਰੂਹ ਹੈਪਰ ਗੁਰਬਖਸ਼ ਸਿੰਘ ਪ੍ਰੀਤਲੜੀ ਇਸ ਸਬੰਧੀ ਚੁੱਪ ਧਾਰੀ ਰੱਖਦਾ ਹੈਇਉਂ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਵਾਰਤਕ ਰਚਨਾ ਵਿਚ ਜੋ ਫ਼ਲਸਫ਼ਾ ਪ੍ਰਾਪਤ ਹੁੰਦਾ ਹੈ ਉਸ ਵਿਚ ਇਹ ਕਮੀ ਅੱਖਰਦੀ ਹੈ ਕਿ ਉਹ ਆਪਣੇ ਆਦਰਸ਼ਵਾਦੀ ਵਿਚਾਰਧਾਰਾ ਕਰਕੇ ਜ਼ਿੰਦਗੀ ਦੀ ਹਕੀਕਤ ਨੂੰ ਸਹੀ ਰੂਪ ਵਿਚ ਪਛਾਣ ਨਹੀਂ ਸਕਦਾਉਹ ਸੁਪਨਸਾਜ਼ ਤਾਂ ਹੈ ਪਰ ਇਨ੍ਹਾਂ ਦਾ ਰੂਪ ਸਾਕਾਰ ਨਹੀਂ ਕਰ ਸਕਦਾ

          ਇਸ ਦੇ ਬਾਵਜੂਦ ਗੁਰਬਖਸ਼ ਸਿੰਘ ਪ੍ਰੀਤਲੜੀ ਆਧੁਨਿਕ ਪੰਜਾਬੀ ਵਾਰਤਕ ਵਿਚ ਹਰਮਨ ਪਿਅਰਾ ਲੇਖਕ ਰਿਹਾ ਹੈਇਸ ਦਾ ਮੂਲ ਕਾਰਨ ਇਹ ਹੈ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਜ਼ਿੰਦਗੀ ਦੇ ਹਰ ਪੱਖ ਉੱਪਰ ਆਪਣੇ ਵਿਚਾਰ ਪੇਸ਼ ਕੀਤੇ ਹਨਆਪਣੀ ਵਾਰਤਕ ਰਚਨਾ ਵਿਚ ਗੁਰਬਖਸ਼ ਸਿੰਘ ਪ੍ਰੀਤਲੜੀ ਅਜਿਹੇ ਭਾਵ ਪੇਸ਼ ਕਰਦਾ ਸੀ ਕਿ ਪਾਠਕ ਉਸ ਦੀ ਰਚਨਾ ਨੂੰ ਮੁਕੰਮਲ ਤੌਰ ਤੇ ਪੜ੍ਹੇ ਬਗੈਰ ਉੱਠਦਾ ਨਹੀਂਧਰਮ, ਰਾਜਨੀਤੀ, ਸਾਹਿਤ, ਕਲਾ, ਪਿਆਰ, ਆਰਥਿਕਤਾ, ਜ਼ਿੰਦਗੀ ਆਦਿ ਅਨੇਕਾਂ ਵਿਸ਼ਿਆਂ ਸਬੰਧੀ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਵਿਚਾਰ ਪੇਸ਼ ਕੀਤੇ ਹਨਇੀ ਨਹੀਂ ਉਸ ਨੇ ਦੇਸ਼ ਦੀ ਗਰੀਬੀ, ਗ਼ੁਲਾਮੀ, ਅਗਿਆਨ, ਵਹਿਮਪ੍ਰਸਤੀ, ਜਾਤ-ਪਾਤ, ਛੂਤ-ਛਾਤ, ਫਿਰਕਾਪ੍ਰਸਤੀ, ਧਾਰਮਿਕ ਪਾਖੰਡ ਤੇ ਮਾਨਵੀ ਲਿੰਗ ਖੁਲ੍ਹ ਦੇ ਖਿਲਾਫ਼ ਖੁਲ੍ਹ ਕੇ ਲਿਖਿਆਆਪਣੀ ਅਜਿਹੀ ਲਿਖਤ ਕਰਕੇ ਉਹ ਉਸ ਸਮੇਂ ਦੇ ਪੰਜਾਬੀ ਪਾਠਕ ਦਾ ਸਭ ਤੋਂ ਵੱਧ ਹਰਮਨ ਪਿਆਰਾ ਲੇਖਕ ਰਿਹਾਦਰਅਸਲ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪਣੀ ਰਚਨਾ ਵਿਚ ਜਿਸ ਆਧੁਨਿਕ ਚੇਤਨਾ ਤੇ ਸੰਵੇਦਨਾ ਨੂੰ ਉਸਾਰਿਆ ਸੀ ਉਸ ਨਾਲ ਉਹ ਪੰਜਾਬੀ ਸਮਾਜ ਤੇ ਸਭਿਆਚਾਰ ਨੂੰ ਨਵ-ਜਾਗ੍ਰਿਤੀ ਦਾ ਸੰਦੇਸ਼ ਦੇਣਾ ਚਾਹੁੰਦਾ ਹੈਅੰਤ ਆਪਣੇ ਸਮੇਂ ਵਿਚ ਉਹ ਆਪਣੇ ਇਸ ਉਦੇਸ਼ ਵਿਚ ਕਾਮਯਾਬ ਵੀ ਰਿਹਾ ਹੈ ਬੇਸ਼ੱਕ ਬਾਅਦ ਵਿਚ ਇਸ ਸਬੰਧੀ ਕਈ ਪ੍ਰਕਾਰ ਦਾ ਵਾਦ-ਵਿਵਾਦ ਵੀ ਖੜ੍ਹਾ ਹੁੰਦਾ ਹੈ

          ਪ੍ਰੋਫ਼ੈਸਰ ਪੂਰਨ ਸਿੰਘ ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਤੋਂ ਬਾਅਦ ਆਧੁਨਿਕ ਪੰਜਾਬੀ ਵਾਰਤਕ ਵਿਚ ਬਲਰਾਜ ਸਾਹਨੀ ਵਿਸ਼ੇਸ਼ ਮਹੱਤਵ ਵਾਲਾ ਵਾਰਤਕ ਲੇਖਕ ਹੈਬਲਰਾਜ ਸਾਹਨੀ ਦੀ ਆਧੁਨਿਕ ਪੰਜਾਬੀ ਵਾਰਤਕ ਵਿਚ ਪ੍ਰਮੁੱਖ ਪਛਾਣ ਉਸ ਦੀ ਵਾਰਤਕ ਰਚਨਾ ਵਿਖ ਵਿਸ਼ਾ-ਸਾਮੱਗਰੀ ਦੀ ਵਿਲੱਖਣਤਾ ਅਤੇ ਰੂਪ ਦਾ ਨਿਵੇਕਲਾਪਨ ਕਹੀ ਜਾ ਸਕਦੀ ਹੈਬਲਰਾਜ ਸਾਹਨੀ ਦੇ ਦੋ ਸਫ਼ਰਨਾਮੇ ਅਤੇ ਛੇ ਲੇਖ ਸੰਗ੍ਰਹਿ ਤੇ ਇਕ ਸਵੈ-ਜੀਵਨੀ ਪੰਜਾਬੀ ਭਾਸ਼ਾ ਵਿਚ ਪ੍ਰਾਪਤ ਹੁੰਦੇ ਹਨਇਹ ਕਹਿਣਾ ਕਠਿਨ ਹੈ ਕਿ ਬਲਰਾਜ ਸਾਹਨੀ ਆਪਣੀਆਂ ਸਫ਼ਰਨਾਮਾ ਰਚਨਾਵਾਂ ਕਾਰਨ ਪੰਜਾਬੀ ਸਾਹਿਤ ਵਧੇਰੇ ਚਰਚਾ ਵਿਚ ਰਿਹਾ ਹੈ ਜਾਂ ਲੇਖ-ਸੰਗ੍ਰਹਾਂ ਕਰਕੇ ਉਸ ਨੂੰ ਵਧੇਰੇ ਮਾਨਤਾ ਮਿਲੀ ਹੈਜੇਕਰ ਇਸ ਵਿਚਾਰ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ ਤਾਂ ਅਸੀਂ ਦੇਖਦੇ ਹਾਂ ਕਿ ਇਨ੍ਹਾਂ ਦੋਹਾਂ ਵਿਚ ਹੀ ਬਲਰਾਜ ਸਾਹਨੀ ਦੀ ਆਪਣੀ ਨਿਵੇਕਲੀ ਛਾਪ ਪਛਾਣੀ ਜਾ ਸਕਦੀ ਹੈਇਸ ਵਿਚ ਕੋਈ ਸੰਦੇਹ ਨਹੀਂ ਕਿ ਬਲਰਾਜ ਸਾਹਨੀ ਦੁਆਰਾ ਰਚਿਤ ਸਫ਼ਰਨਾਮਿਆਂ ਵਿਚ ਵਿਚਾਰ ਨੂੰ ਜਿਸ ਤਰ੍ਹਾਂ ਉਸਾਰਿਆ ਗਿਆ ਹੈ ਉਸ ਨਾਲ ਉਹ ਹੋਰ ਵੀ ਰੌਚਕ ਬਣ ਗਏ ਹਨ

          ਮੇਰਾ ਰੂਸੀ ਸਫ਼ਰਨਾਮਾ ਰਚਨਾ ਵਿਚ ਬਲਰਾਜ ਸਾਹਨੀ ਰੂਸ ਦੇ ਸਭਿਆਚਾਰ ਨੂੰ ਜਿਸ ਵਿਧੀ ਵਿਚ ਉਸਾਰਦਾ ਹੈ ਉਸ ਨਾਲ ਪਾਠਕ ਭਾਵੁਕ ਤੌਰ ਤੇ ਲਿਖਤ ਨਾਲ ਜੁੜ ਜਾਂਦਾ ਹੈਇਸ ਤਰ੍ਹਾਂ ਮੇਰਾ ਪਾਕਿਸਤਾਨੀ ਸਫ਼ਰਨਾਮਾ ਰਚਨਾ ਵਿਚ ਪਾਕਿਸਤਾਨ ਵਿਚ ਆਪਣੀ ਮਨੋ-ਸਥਿਤੀ ਨੂੰ ਉਸਾਰਦਾ ਹੋਇਆ ਪਾਠਕ ਨੂੰ ਵੀ ਉਸੇ ਹੀ ਭਾਵੁਕ ਸਥਿਤੀ ਵਿਚ ਲੈ ਜਾਂਦਾ ਹੈ ਜਿਸ ਵਿਚ ਖੁਦ ਲੇਖਕ ਹੁੰਦਾ ਹੈਗੈਰ ਜਜ਼ਬਾਤੀ ਡਾਇਰੀ ਬਲਰਾਜ ਸਾਹਨੀ ਦੀ ਅਜਿਹੀ ਰਚਨਾ ਹੈ ਜਿਸ ਵਿਚ ਲੇਖਕ ਨੇ ਆਪਣੇ ਉਨ੍ਹਾਂ ਜ਼ਜ਼ਬਾਤਾਂ ਨੂੰ ਪੇਸ਼ ਕੀਤਾ ਹੈ ਜੋ ਆਮ ਤੌਰ ਤੇ ਲੇਖਕ ਕਿਸੇ ਨਾਲ ਸਾਂਝਾ ਕਰਨ ਤੋਂ ਝਿਝਕਦਾ ਹੈਆਪਣੇ ਇਨ੍ਹਾਂ ਜ਼ਜ਼ਬਾਤਾਂ ਨੂੰ ਲੇਖਕ ਬੜੇ ਹੀ ਤਰਕ ਨਾਲ ਪੇਸ਼ ਕਰਦਾ ਹੈ ਪਰ ਭਾਵੁਕਤਾ ਇਸ ਵਿਚੋਂ ਫਿਰ ਵੀ ਨਜ਼ਰ ਆ ਜਾਂਦੀ ਹੈਇਹੀ ਉਹ ਗੁਣ ਹੈ ਜੋ ਬਲਰਾਜ ਸਾਹਨੀ ਦੀ ਵਾਰਤਕ ਨੂੰ ਆਧੁਨਿਕ ਪੰਜਾਬੀ ਵਾਰਤਕ ਵਿਚ ਵਿਸ਼ੇਸ਼ ਸਥਾਨ ਦਿਵਾਉਂਦੀ ਹੈਮੇਰੀ ਫਿਲਮੀ ਆਤਮਕਥਾ ਰਚਨਾ ਵਿਚ ਬਲਰਾਜ ਸਾਹਨੀ ਸੰਵੇਦਨਸ਼ੀਲ ਭਾਵੁਕ ਅਤੇ ਸੁਹਿਰਦ ਮਨੁੱਖ ਦੇ ਰੂਪ ਵਿਚ ਨਜ਼ਰ ਆਉਂਦਾ ਹੈਇਸ ਪੱਖ ਨੂੰ ਉਸ ਦੀਆਂ ਹੋਰ ਦੂਸਰੀਆਂ ਵਿਚੋਂ ਵੀ ਪਛਾਣਿਆ ਜਾ ਸਕਦਾ ਹੈਪਰ ਸਵੈ-ਜੀਵਨੀ ਮੇਰੀ ਫਿਲਮੀ ਆਤਮਕਥਾ ਵਿਚ ਲੇਖਕ ਨੇ ਜਿਸ ਤਰ੍ਹਾਂ ਆਪਣੇ ਜੀਵਨ ਵੇਰਵੇ ਨੂੰ ਪੇਸ਼ ਕੀਤਾ ਹੈ ਉਸ ਨਾਲ ਉਸ ਦੀ ਅਸਲ ਮਨੋ-ਸਥਿਤੀ ਦਾ ਪਤਾ ਚੱਲਦਾ ਹੈਕਾਮਯਾਬ ਫ਼ਿਲਮੀ ਅਦਾਕਾਰ ਬਣਨ ਲਈ ਲੇਖਕ ਬਲਰਾਜ ਸਾਹਨੀ ਨੇ ਜੋ ਸੰਘਰਸ਼ ਕੀਤਾ ਉਹ ਬਹੁਤ ਹੀ ਰੋਂਗਟੇ ਖੜ੍ਹੇ ਕਰਨ ਵਾਲਾ ਸੀਮੇਰੀ ਫਿਲਮੀ ਆਤਮਕਥਾ ਵਿਚ ਬਲਰਾਜ ਸਾਹਨੀ ਨੇ ਨਾ ਸਿਰਫ਼ ਆਪਣੇ ਨਿੱਜੀ ਜੀਵਨ ਨੂੰ ਹੀ ਪੇਸ਼ ਕੀਤਾ ਬਲਕਿ ਆਪਣੇ ਨਿੱਜੀ ਤਜ਼ਰਬਿਆਂ ਨਾਲ ਨਵੀਂ ਪੀੜ੍ਹੀ ਨੂੰ ਵੀ ਚੇਤਾਨਵੀ ਦਿੱਤੀ ਹੈ ਕਿ ਫ਼ਿਲਮੀ ਦੁਨੀਆਂ ਵਿਚ ਸਿਰਫ਼ ਰੰਗ ਰੂਪ ਨਾਲ ਹੀ ਕੁਝ ਨਹੀਂ ਬਣਦਾ ਬਲਕਿ ਅਦਾਕਾਰੀ ਨਾਲ ਹੀ ਸਫ਼ਲਤਾ ਹਾਸਲ ਹੋ ਸਕਦੀ ਹੈ

          ਪ੍ਰਗਤੀਵਾਦੀ ਵਿਚਾਰਧਾਰਾ ਨਾਲ ਭਰਿਆ ਬਲਰਾਜ ਸਾਹਨੀ ਆਪਣੀ ਲਿਖਣ ਵਿਚੋਂ ਵੀ ਅਜਿਹੇ ਹੀ ਭਾਵ ਪੇਸ਼ ਕਰਦਾ ਹੈ ਜਿਸ ਨੂੰ ਪੜ੍ਹ ਕੇ ਪਾਠਕ ਪ੍ਰੇਰਣਾ ਗ੍ਰਹਿਣ ਕਰਦਾ ਦੇਖਿਆ ਜਾ ਸਕਦਾ ਹੈਮਜ਼ਦੂਰ ਅਤੇ ਕਾਮਿਆਂ ਨਾਲ ਮੋਹ ਕਰਨ ਵਾਲਾ ਇਹ ਲੇਖਕ ਆਪਣੀ ਮਾਂ ਬੋਲੀ ਪੰਜਾਬੀ ਨਾਲ ਏਨਾ ਮੋਹ ਕਰਦਾ ਸੀ ਕਿ ਆਪਣੀ ਉਮਰ ਦੇ ਪਿਛਲੇ ਸਮੇਂ ਵਿਚ ਵਧੇਰੇ ਸਮੇਂ ਪੰਜਾਬੀ ਸਾਹਿਤ ਦੀ ਸੇਵਾ ਕਰਨ ਵਿਚ ਲਾਉਂਦਾ ਹੈਬਲਰਾਜ ਸਾਹਨੀ ਦੀ ਵਾਰਤਕ ਵਿਚ ਵਿਸ਼ਿਆਂ ਦੀ ਨਵੀਨਤਾ ਹੈ ਅਤੇ ਭਾਸ਼ਾ ਸ਼ੈਲੀ ਵਿਚ ਨਿਵੇਕਲਾਪਨ ਹੈਉਸ ਦੀ ਭਾਸ਼ਾ ਸ਼ੈਲੀ ਵਿਚ ਤਰਕ ਅਤੇ ਭਾਵੁਕਤਾ ਨਾਲੋਂ-ਨਾਲ ਪਏ ਹੋਏ ਨਜ਼ਰ ਆਉਂਦੇ ਹਨਦਰਅਸਲ ਬਲਰਾਜ ਸਾਹਨੀ ਬਹੁਤ ਹੀ ਜ਼ਜ਼ਬਾਤੀ ਤੇ ਸੰਵੇਦਨਸ਼ੀਲ ਇਨਸਾਨ ਸੀਆਪਣੇ ਵਿਚਾਰਾਂ ਵਿਚ ਸਪੱਸ਼ਟ ਏਨਾ ਕਿ ਮਨ ਦੀ ਹਰ ਗੱਲ ਬੜੇ ਹੀ ਸਰਲ ਅੰਦਾਜ਼ ਵਿਚ ਕਹਿ ਸਕਦਾ ਸੀਬਲਰਾਜ ਸਾਹਨੀ ਨੇ ਇਹ ਕਈ ਵਾਰ ਮੰਨਿਆ ਕਿਹਾ ਹੈ ਕਿ ਉਸ ਨੂੰ ਫ਼ਿਲਮੀ ਪੇਸ਼ਾ ਮਜ਼ਬੂਰੀ ਵਿਚ ਅਪਣਾਉਣਾ ਪਿਆ ਕਿਉਂਕਿ ਸਾਹਿਤਕਾਰੀ ਨਾਲ ਢਿੱਡ ਨਹੀਂ ਭਰਿਆ ਜਾ ਸਕਦਾਬਲਰਾਜ ਸਾਹਨੀ ਦੇ ਇਹ ਵਿਚਾਰ ਉਸ ਵਿਅਕਤੀ ਦੀ ਮਾਨਸਿਕਤਾ ਨੂੰ ਵੀ ਵਿਅਕਤ ਕਰਦੇ ਹਨ ਜੋ ਆਪਣੇ ਸ਼ੌਕ ਨੂੰ ਪੇਸ਼ੇ ਵਜੋਂ ਨਹੀਂ ਅਪਣਾ ਸਕਦੇ ਅਤੇ ਨਾਲ ਹੀ ਇਹ ਵਿਚਾਰ ਸਾਹਿਤਕਾਰਾਂ ਦੀ ਸਮਾਜ ਵਿਚ ਹੁੰਦੀ ਬੇਕਦਰੀ ਨੂੰ ਵੀ ਬਿਆਨ ਕਰਦੇ ਹਨਸਪੱਸ਼ਟ ਹੈ ਕਿ ਬਲਰਾਜ ਸਾਹਨੀ ਆਪਣੇ ਵਿਚਾਰ ਅਤੇ ਵਿਚਾਰਧਾਰਾ ਸਬੰਧੀ ਆਪਣੀਆਂ ਰਚਨਾਵਾਂ ਵਿਚ ਬੜਾ ਸਪੱਸ਼ਟ ਸੀਇਹੀ ਕਾਰਨ ਹੈ ਕਿ ਉਹ ਆਧੁਨਿਕ ਪੰਜਾਬੀ ਵਾਰਤਕ ਵਿਚ ਪ੍ਰਵੇਸ਼ ਕਰਦਿਆਂ ਹੀ ਆਪਣਾ ਨਿਵੇਕਲਾ ਸਥਾਨ ਬਣਾਉਣ ਵਿਚ ਕਾਮਯਾਬ ਹੁੰਦਾ ਹੈ

          ਨਰਿੰਦਰ ਕਪੂਰ ਨਵੀਂ ਪੰਜਾਬੀ ਵਾਰਤਕ ਵਿਚ ਇਕ ਮਹੱਤਵਪੂਰਨ ਨਾਮ ਹੈਉਸ ਦੀ ਪਹਿਲੀ ਪੁਸਤਕ ਵਿਅਖਿਆ ਵਿਸ਼ਲੇਸ਼ਣ 1982 ਵਿਚ ਪ੍ਰਾਪਤ ਹੁੰਦੀ ਹੈ ਅਤੇ ਹੁਣ ਤੱਕ ਦੀ ਉਸਦੀ ਆਪਣੀ ਵਾਰਤਕ ਪੁਸਤਕ ਡੂੰਘੀਆਂ ਸ਼ਿਖਰਾਂ 2006 ਵਿਚ ਪ੍ਰਕਾਸ਼ਿਤ ਹੋਈ ਦੇਖੀ ਜਾ ਸਕਦੀ ਹੈਇਉਂ ਹੁਣ ਤੱਕ ਉਸ ਦੀਆਂ ਸੱਤ ਵਾਰਤਕ ਸੰਗ੍ਰਹਿ ਪ੍ਰਾਪਤ ਹੁੰਦੇ ਹਨਉਹ ਅਜਿਹਾ ਵਾਰਤਕ ਲੇਖਕ ਹੈ ਜੋ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਨਿਰੰਤਰ ਅਖ਼ਬਾਰਾਂ, ਪੱਤਰ, ਪੱਤ੍ਰਿਕਾਵਾਂ ਵਿਚ ਛਪ ਰਿਹਾ ਹੈਉਸ ਦਾ ਪਾਠਕ ਦਾ ਦਾਇਰਾ ਖਾਸਾ ਵਸੀਹ ਹੈ ਅਤੇ ਉਸ ਦੀ ਰਚਨਾ ਦੀ ਉਡੀਕ ਬੇਸਬਰੀ ਨਾਲ ਕਰਦਾ ਹੈਉਸ ਨੇ ਨਾ ਸਿਰਫ਼ ਪੰਜਾਬੀ ਪਾਠਕ ਨੂੰ ਹੀ ਪ੍ਰਭਾਵਿਤ ਕੀਤਾ ਬਲਕਿ ਵਿਦਵਾਨਾਂ ਨੇ ਵੀ ਨਰਿੰਦਰ ਕਪੂਰ ਦੀ ਵਾਰਤਕ ਵਿਚ ਜ਼ਜ਼ਬਾਤ ਅਤੇ ਤਰਕ ਦੇ ਵਿਲੱਖਣ ਸੰਯੋਗ ਨੂੰ ਪਛਾਣਿਆ ਹੈ

          ਨਰਿੰਦਰ ਕਪੂਰ ਨੇ ਜ਼ਿੰਦਗੀ ਦੇ ਹਰ ਪੱਖ ਸਬੰਧੀ ਆਪਣੇ ਵਿਚਾਰ ਪ੍ਰਗਟਾਏ ਹਨਉਹ ਮਾਨਵ ਜੀਵਨ ਦੇ ਦਰਪੇਸ਼ ਚੁਣੌਤੀਆਂ ਨੂੰ ਬੜੇ ਹੀ ਸਾਰਥਕ ਅੰਦਾਜ਼ ਵਿਚ ਆਪਣੀਆਂ ਰਚਨਾਵਾਂ ਵਿਚ ਹੱਲ ਕਰਦਾ ਹੋਇਆ ਦੇਖਿਆ ਜਾ ਸਕਦਾ ਹੈਪਰਿਵਾਰ, ਸਮਾਜ, ਦੇਸ਼, ਵਿਸ਼ਵ, ਦੁੱਖ, ਸੁੱਖ, ਰਾਜਨੀਤੀ, ਧਰਮ, ਪਿਆਰ, ਨਫ਼ਰਤ, ਭੁੱਖ, ਰਿਸ਼ਵਤਖੋਰੀ ਆਦਿ ਵਿਸ਼ਿਆਂ ਉਪਰ ਨਰਿੰਦਰ ਕਪੂਰ ਜਿਸ ਵਿਗਿਆਨਕ ਢੰਗ ਨਾਲ ਵਿਚਾਰ ਪੇਸ਼ ਕਰਦਾ ਹੈ ਉਸ ਨੂੰ ਪੜ੍ਹ ਕੇ ਪਾਠਕ ਇਕ ਮਾਨਸਿਕ ਸੰਤੁਸ਼ਟੀ ਹੀ ਨਹੀਂ ਮਹਿਸੂਸ ਕਰਦਾ ਬਲਕਿ ਭਰਿਆ-ਭਰਿਆ ਵੀ ਮਹਿਸੂਸ ਕਰਦਾ ਹੈਉਸ ਦੀਆਂ ਵਾਰਤਕ ਰਚਨਾਵਾਂ ਵਿਚੋਂ ਅਥਾਹ ਗਿਆਨ ਵੀ ਭਰਿਆ ਦੇਖਿਆ ਜਾ ਸਕਦਾ ਹੈਪਰ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਦੇ ਬਾਵਜੂਦ ਵੀ ਪਾਠਕ ਉਸ ਨੂੰ ਬੜੇ ਸਹਿਜ ਨਾਲ ਪੜ੍ਹ ਜਾਂਦਾ ਹੈਇਸ ਦਾ ਇਕ ਕਾਰਨ ਇਹ ਹੈ ਕਿ ਕਪੂਰ ਆਪਣੇ ਵਿਚਾਰ ਬਹੁਤ ਸਰਲ ਅੰਦਾਜ਼ ਵਿਚ ਸਿਰਜਦਾ ਹੈਦਰਅਸਲ ਨਰਿੰਦਰ ਕਪੂਰ ਜਿਸ ਵੀ ਵਿਚਾਰ ਨੂੰ ਆਪਣੀ ਰਚਨਾ ਵਿਚ ਉਸਾਰਨਾ ਚਾਹੁੰਦਾ ਹੈ ਉਸ ਦੇ ਮਨੋਵਿਗਿਆਨਕ ਪਹਿਲੂ ਨੂੰ ਅੱਖੋਂ ਓਹਲੇ ਨਹੀਂ ਕਰਦਾਇਸ ਮਨੋਵਿਗਿਆਨਕ ਪਰਿਪੇਖ ਨੂੰ ਉਸਾਰਨ ਕਰਕੇ ਹੀ ਉਸ ਦੀ ਰਚਨਾ ਵਿਚ ਰੌਚਕਤਾ ਪੈਦਾ ਹੋ ਜਾਂਦੀ ਹੈ

          ਨਰਿੰਦਰ ਕਪੂਰ ਦੀ ਵਾਰਤਕ ਰਚਨਾ ਪੜ੍ਹਦੇ ਸਮੇਂ ਪਾਠਕ ਉਸ ਦੁਆਰਾ ਪੇਸ਼ ਵਿਚਾਰਾਂ ਤੋਂ ਏਨਾ ਪ੍ਰਭਾਵਿਤ ਹੁੰਦਾ ਹੈ ਕਿ ਉਹ ਆਪਣੇ ਰੋਜ਼ਾਨਾ ਜੀਵਨ ਵਿਚ ਜਦੋਂ ਕਦੀ ਕੋਈ ਉਦਾਹਰਣ ਦੇਣਾ ਚਾਹੁੰਦਾ ਹੈ ਤਾਂ ਉਹ ਨਰਿੰਦਰ ਕਪੂਰ ਦੁਆਰਾ ਪੇਸ਼ ਵਿਚਾਰਾਂ ਨੂੰ ਪੇਸ਼ ਕਰਦਾ ਹੈਦਰਅਸਲ ਕਪੂਰ ਦੀ ਵਾਰਤਕ ਵਿਚ ਲਿਖਿਆ ਹਰ ਵਾਕ ਜ਼ਿੰਦਗੀ ਦੇ ਕਿਸੇ ਪੱਖ ਦੀ ਇਕ ਸੰਪੂਰਨ ਪਰਿਭਾਸ਼ਾ ਬਣ ਜਾਂਦਾ ਹੈਨਰਿੰਦਰ ਕਪੂਰ ਦੀ ਵਾਰਤਕ ਵਿਚ ਦਾਰਸ਼ਨਿਕਤਾ ਪਰਿਪੇਖ ਵਿਸ਼ੇਸ਼ ਤੌਰ ਤੇ ਪਛਾਣੀ ਜਾ ਸਕਦੀ ਹੈਕਿਸੇ ਵੀ ਭਾਸ਼ਾ ਵਿਚ ਪ੍ਰਾਪਤ ਸਾਹਿਤ ਦੇ ਕਿਸੇ ਰੂਪ ਵਿਚ ਦਾਰਸ਼ਨਿਕਤਾ ਵਾਲਾ ਤੱਤ ਉਸ ਭਾਸ਼ਾ ਦੇ ਰੂਪ ਦੀ ਅਮੀਰੀ ਦੀ ਸੂਚਨਾ ਹੁੰਦਾ ਹੈਨਰਿੰਦਰ ਕਪੂਰ ਦੀ ਵਾਰਤਕ ਨਾਲ ਪੰਜਾਬੀ ਵਾਰਤਕ ਵਿਚ ਇਹ ਅਮੀਰੀ ਪੈਦਾ ਹੁੰਦੀ ਹੈਇਉਂ ਆਧੁਨਿਕ ਪੰਜਾਬੀ ਵਾਰਤਕ ਦੇ ਆਰੰਭ ਵਿਚ ਜਦੋਂ ਪ੍ਰੋਫ਼ੈਸਰ ਪੂਰਨ ਸਿੰਘ ਵਰਗਾ ਵਾਰਤਕਕਾਰ ਪ੍ਰਵੇਸ਼ ਕਰਦਾ ਹੈ ਤਾਂ ਪੰਜਾਬੀ ਵਾਰਤਕ ਵਿਚ ਭਾਵੁਕ ਤੇ ਸੰਵੇਦਨਸ਼ੀਲ ਤੱਤ ਵੱਡੀ ਮਾਤਰਾ ਵਿਚ ਪ੍ਰਾਪਤ ਹੁੰਦਾ ਹੈ ਪਰ ਨਰਿੰਦਰ ਕਪੂਰ ਦੇ ਹੱਥਾਂ ਵਿਚ ਆ ਕੇ ਪੰਜਾਬੀ ਵਾਰਤਕ ਜੀਵਨ ਦਰਸ਼ਨ ਨੂੰ ਪਛਾਣਨ ਦੇ ਯੋਗ ਹੁੰਦੀ ਹੈਇਉਂ ਆਧੁਨਿਕ ਪੰਜਾਬੀ ਵਾਰਤਕ ਵਿਕਾਸ ਦੇ ਨਵੇਂ ਦਿਸਹੱਦਿਆਂ ਵਿਚ ਪ੍ਰਵੇਸ਼ ਕਰਦੀ ਦੇਖੀ ਜਾ ਸਕਦੀ ਹੈ

     

ਹਵਾਲੇ:

ਅਬਨਾਸ਼ ਕੌਰ (ਡਾ.)        :         ਲਾਲ ਸਿੰਘ ਕਮਲਾ ਅਕਾਲੀ : ਜੀਵਨ ਤੇ ਰਚਨਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1985.

ਅਜਮੇਰ ਸਿੰਘ     :         ਪੰਜਾਬੀ ਸਾਹਿਤ ਦਾ ਆਲੋਚਨਾਤਮਕ ਅਧਿਐਨ (1801-1850), ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, ਪਹਿਲੀ ਵਾਰ, 1983.

ਸ. ਸੋਜ਼  :         ਗੱਦ ਅਧਿਐਨ, ਜੋਧ ਸਿੰਘ-ਕਰਮਜੀਤ ਸਿੰਘ, ਪਟਿਆਲਾ, 1976.

ਸਤਿਆਰਥੀ, ਦੇਵਿੰਦਰ      :         ਮੇਰੇ ਸਫ਼ਰ ਦੀਆਂ ਯਾਦਾਂ, ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ, 2001.

ਸਤਿੰਦਰ ਸਿੰਘ     :         ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, 2006.           

ਸਾਹਨੀ, ਬਲਰਾਜ  :         ਮੇਰਾ ਪਾਕਿਸਤਾਨੀ ਸਫ਼ਰਨਾਮਾ, ਨਵਯੁੱਗ ਪਬਲਿਸ਼ਰਜ਼, ਦਿੱਲੀ, 1974.        

- ਉਹੀ -         :         ਸਿਨੇਮਾ ਤੇ ਸਟੇਜ, ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ, 1990.

- ਉਹੀ -         :         ਯਾਦਾਂ ਦਾ ਝਰੋਖਾ (ਸੰਪਾ. ਨਰਜੀਤ ਸਿੰਘ ਖਹਿਰਾ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1974.

- ਉਹੀ -         :         ਕੀ ਇਹ ਸੱਚ ਹੈ, ਬਾਪੂ ? ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1974.

- ਉਹੀ -         :         ਇਤਿਹਾਸ ਦੀ ਪੈੜ (ਸੰਪਾ. ਨਰਜੀਤ ਸਿੰਘ ਖਹਿਰਾ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1974.

- ਉਹੀ -         :         ਗਪੌੜ ਸੰਖ, ਬਲਰਾਜ ਸਾਹਨੀ ਘਰੇਲੂ ਪੁਸਤਕਮਾਲਾ, ਅੰਮ੍ਰਿਤਸਰ, 1974.

- ਉਹੀ -         :         ਗ਼ੈਰ ਜ਼ਜ਼ਬਾਤੀ ਡਾਇਰੀ, ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ, ਸੰਸਕਰਣ 1996.

- ਉਹੀ -         :         ਮੇਰੀ ਫ਼ਿਲਮੀ ਆਤਮਕਥਾ, ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ, ਸੰਸਕਰਣ 1997.

- ਉਹੀ -         :         ਮੇਰਾ ਰੂਸੀ ਸਫ਼ਰਨਾਮਾ, ਆਰਸੀ ਪਬਲਿਸ਼ਰਜ਼, ਦਿੱਲੀ, ਦੂਜੀ ਵਾਰ, 1978.

- ਉਹੀ -         :         ਇਕ ਸਫ਼ਰ ਇਕ ਦਾਸਤਾਨ, ਨਿਊ ਏਜ ਬੁੱਕ ਸੈਂਟਰ, ਅੰਮ੍ਰਿਤਸਰ, 1978.

- ਉਹੀ -         :         ਕਾਮੇ, ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ, ਸੰਸਕਰਣ 1992.

- ਉਹੀ -         :         ਯਾਦਾਂ ਦੀ ਕੰਨੀ, ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ, 1992.

ਸਾਹਨੀ, ਭੀਸ਼ਮ   :         ਮੇਰਾ ਵੀਰ ਬਲਰਾਜ (ਅਨੁ. ਸ਼ੀਲਾ ਸਾਹਨੀ), ਨੈਸ਼ਨਲ ਅਨੁਵਾਦਕ ਬੁੱਕ ਟਰੱਸਟ, ਮਿਤੀਹੀਣ

ਸਿੰਗਲ, ਓਮ ਪ੍ਰਕਾਸ਼        :         ਸਾਹਿਤ ਦੇ ਨਵੇਂ ਰੂਪ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ, ਦਿੱਲੀ, 1983.

ਸਿੰਗਲ, ਧਰਮਪਾਲ (ਡਾ.)   :         ਪੰਜਾਬੀ ਜੀਵਨੀ : ਸਰੂਪ ਸਿਧਾਂਤ ਤੇ ਵਿਕਾਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1987.

- ਉਹੀ -         :         ਵਾਰਤਕ ਸ਼ੈਲੀ, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1975.

ਸੀਤਲ, ਜੀਤ ਸਿੰਘ         :         ਆਧੁਨਿਕ ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ, ਪੈਪਸੂ ਬੁੱਕ ਡਿਪੋ, ਪਟਿਆਲਾ, 1979.

- ਉਹੀ -         :         ਪੰਜਾਬੀ ਨਿਬੰਧਾਵਲੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪਹਿਲੀ ਵਾਰ, ਮਈ 1969.

- ਉਹੀ -         :         ਵਾਰਤਕ ਅਤੇ ਵਾਰਤਕ ਸ਼ੈਲੀ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, ਚੰਡੀਗੜ੍ਹ, ਮਿਤੀਹੀਣ

ਸੰਤੋਖ ਕੌਰ        :         ਬਲਰਾਜ ਸਾਹਨੀ ਸਫ਼ਰਨਾਮਾਕਾਰ : ਆਲੋਚਨਾਤਮਕ ਅਧਿਐਨ, ਪੈਪਸੂ ਬੁਕ ਡਿਪੋ, ਪਟਿਆਲਾ, ਮਿਤੀਹੀਣ

ਸਿੱਧੂ, ਗੁਰਪ੍ਰੀਤ ਸਿੰਘ       :         ਬਲਰਾਜ ਸਾਹਨੀ ਦੀ ਪੰਜਾਬੀ ਵਾਰਤਕ : ਆਲੋਚਨਾਤਮਕ ਅਧਿਐਨ, ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ, 2003.

ਸਵਰਨ ਸਿੰਘ (ਸੰਪਾ.)      :         ਗੁਰਬਖਸ਼ ਸਿੰਘ : ਪ੍ਰੀਤ ਸੰਸਾਰ, ਪੰਜਾਬੀ ਅਕਾਦਮੀ ਦਿੱਲੀ, 1991.

ਹਰਚਰਨ ਸਿੰਘ    :         ਪੰਜਾਬੀ ਵਾਰਤਕ ਦਾ ਜਨਮ ਤੇ ਵਿਕਾਸ, ਪੈਪਸੂ ਬੁੱਕ ਡਿਪੋ, ਪਟਿਆਲਾ, 1972.

ਹਰਿਭਜਨ ਸਿੰਘ   :         ਅਧਿਐਨ ਤੇ ਅਧਿਆਪਨ, ਨਵਚੇਤਨ ਪਬਲਿਸ਼ਰਜ਼, ਅੰਮ੍ਰਿਤਸਰ, 1970.

ਕਸੇਲ, ਕਿਰਪਾਲ ਸਿੰਘ      :         ਪੂਰਨ ਸਿੰਘ ਦੀ ਸਾਹਿਤਕ ਪ੍ਰਤਿਭਾ, ਲਾਹੌਰ ਆਰਟ ਪ੍ਰੈਸ, ਕਾਲਜ ਰੋਡ, ਲੁਧਿਆਣਾ, 1981.

ਕਸੇਲ, ਕਿਰਪਾਲ ਸਿੰਘ      :         ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ, ਲਾਹੌਰ

ਗੋਬਿੰਦ ਸਿੰਘ ਲਾਂਬਾ ਤੇ ਪਰਮਿੰਦਰ ਸਿੰਘ        ਬੁੱਕ ਸ਼ਾਪ, ਲੁਧਿਆਣਾ, ਛੇਵਾਂ ਸੰਸਕਰਣ, 1991.

ਕੱਕੜ, ਅਜੀਤ ਸਿੰਘ (ਸੰਪਾ.)        :         ਗੁਰਬਖਸ਼ ਸਿੰਘ ਪ੍ਰੀਤਲੜੀ, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1996.

ਕੁਲਵੰਤ ਸਿੰਘ     :         ਪੰਜਾਬੀ ਵਾਰਤਕ : ਸੰਚਾਰ ਅਤੇ ਵਿਉਹਾਰ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1995.

ਕੇਸਰ, ਮਨਮੋਹਨ  :         ਗੱਦ ਪਰਿਭਾਸ਼ਾ ਤੇ ਪ੍ਰਕ੍ਰਿਤੀ, ਪੈਪਸੂ ਬੁੱਕ ਡਿਪੋ, ਪਟਿਆਲਾ, 1982.

- ਉਹੀ -         :         ਵਾਰਤਕ ਅਤੇ ਵਾਰਤਕਕਾਰ, ਪੈਪਸੂ ਬੁੱਕ ਡਿਪੋ, ਪਟਿਆਲਾ, 1976.

ਕਪੂਰ, ਨਰਿੰਦਰ ਸਿੰਘ (ਡਾ.)          :         ਵਿਆਖਿਆ ਵਿਸ਼ਲੇਸ਼ਣ, ਲੋਕਗੀਤ ਪ੍ਰਕਾਸ਼ਨ, ਸਰਹਿੰਦ, 1972.

- ਉਹੀ -         :         ਤਰਕਵੇਦ, ਲੋਕਗੀਤ ਪ੍ਰਕਾਸ਼ਨ, ਸਰਹਿੰਦ, 1975.

- ਉਹੀ -         :         ਘਾਟ ਘਾਟ ਦਾ ਪਾਣੀ, ਲੋਕਗੀਤ ਪ੍ਰਕਾਸ਼ਨ, ਸਰਹਿੰਦ, 1977.

- ਉਹੀ -         :         ਸੱਚੋ ਸੱਚ, ਲੋਕਗੀਤ ਪ੍ਰਕਾਸ਼ਨ, ਸਰਹਿੰਦ, 1990.

- ਉਹੀ -         :         ਬੂਹੇ ਬਾਰੀਆਂ, ਲੋਕਗੀਤ ਪ੍ਰਕਾਸ਼ਨ, ਸਰਹਿੰਦ, 1995.

- ਉਹੀ -         :         ਆਹਮੋ ਸਾਹਮਣੇ, ਲੋਕਗੀਤ ਪ੍ਰਕਾਸ਼ਨ, ਸਰਹਿੰਦ, 1995.

- ਉਹੀ -         :         ਸੁਖਨ ਸੁਨੇਹੇ, ਲੋਕਗੀਤ ਪ੍ਰਕਾਸ਼ਨ, ਸਰਹਿੰਦ, 1995.

- ਉਹੀ -         :         ਡੂੰਘੀਆਂ ਸ਼ਿਖਰਾਂ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2006.

- ਉਹੀ - (ਸੰਪਾ.) :         ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਮੇਰੇ ਝਰੋਖੇ ਚੋਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2000.

ਕਰਨਜੀਤ ਸਿੰਘ   :         ਪੁਰਾਤਨ ਪੰਜਾਬੀ ਵਾਰਤਕ ਦਾ ਇਤਿਹਾਸ, ਪੰਜਾਬੀ ਅਕਾਦਮੀ ਦਿੱਲੀ, 2006.

ਗਰੇਵਾਲ, ਜਗਦੇਵ ਸਿੰਘ    :         ਪੰਜਾਬੀ ਵਿਚ ਜੀਵਨੀ ਸਾਹਿਤ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1983.

ਗਿੱਲ, ਮਹਿੰਦਰ ਕੌਰ (ਸੰਪਾ.)         :  ਪੰਜਾਬੀ ਵਾਰਤਕ : ਸੈਮੀਨਾਰ, ਪੰਜਾਬੀ ਅਕਾਦਮੀ, ਦਿੱਲੀ, 1986.

ਗੁਰਚਰਨ ਸਿੰਘ (ਸੰਪਾ.)    :         ਗੁਰਬਖਸ਼ ਸਿੰਘ ਪ੍ਰੀਤਲੜੀ : ਜੀਵਨ ਤੇ ਰਚਨਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1985.

ਘੁੰਮਣ, ਕਪੂਰ ਸਿੰਘ (ਸੰਪਾ.)          :         ਬਲਰਾਜ ਸਾਹਨੀ, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1970.

- ਉਹੀ -         :         ਗੁਰਬਖਸ਼ ਸਿੰਘ ਪ੍ਰੀਤਲੜੀ : ਜੀਵਨ ਤੇ ਰਚਨਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਮਿਤੀਹੀਣ

ਜੀਵਨ ਸਿੰਘ (ਸੰਪਾ.)       :         ਪ੍ਰਸਿੱਧ ਵਾਰਤਕਕਾਰ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1981.

ਜੱਗੀ, ਰਤਨ ਸਿੰਘ (ਡਾ.)   :         ਪੁਰਾਤਨ ਪੰਜਾਬੀ ਵਾਰਤਕ : ਵਿਕਾਸ ਤੇ ਵਿਸ਼ਲੇਸ਼ਣ, ਪੰਜਾਬੀ ਯੂਨੀਵਰਸਿਟੀ, ਚੰਡੀਗੜ੍ਹ, 1984.

- ਉਹੀ -         :         ਸਾਹਿਤ ਦੇ ਰੂਪ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1991.

ਤਾਲਿਬ, ਗੁਰਚਰਨ ਸਿੰਘ    :         ਆਧੁਨਿਕ ਵਾਰਤਕ ਲਿਖਾਰੀ, ਸਿੱਖ ਪਬਲਿਸ਼ਿੰਗ ਹਾਊਸ, ਅੰਮ੍ਰਿਤਸਰ, ਮਿਤੀਹੀਣ

ਤੇਜਾ ਸਿੰਘ (ਪ੍ਰਿੰ.)  :         ਆਰਸੀ, ਲੋਕ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, ਮਿਤੀਹੀਣ

- ਉਹੀ -         :         ਸਾਹਿਤ ਦਰਸ਼ਨ, ਪ੍ਰਕਾਸ਼ ਪੁਸਤਕਮਾਲਾ, ਪਟਿਆਲਾ, 1951.

ਦਿਲ, ਬਲਬੀਰ ਸਿੰਘ       :         ਪੰਜਾਬੀ ਨਿਬੰਧ : ਸਰੂਪ ਸਿਧਾਂਤ ਤੇ ਵਿਕਾਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1991.

ਦੀਵਾਨ ਸਿੰਘ, ਬਿਕਰਮ ਸਿੰਘ ਘੁੰਮਣ (ਸੰਪਾ.), ਤੇਜਾ ਸਿੰਘ ਦੀ ਵਾਰਤਕ ਕਲਾ, ਨਿਊ ਬੁੱਕ ਕੰਪਨੀ, ਜਲੰਧਰ, 1973.

ਦੁਲੇ, ਨਰਿੰਦਰ     :         ਪੰਜਾਬੀ ਵਿਚ ਜੀਵਨੀ ਸਾਹਿਤ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1950.

ਨਰੇਸ਼ (ਸੰਪਾ.)     :         ਬਲਰਾਜ ਸਾਹਨੀ : ਜੀਵਨ ਤੇ ਕਲਾ, ਬਲਰਾਜ ਸਾਹਨੀ ਯਾਦਗਾਰੀ ਸਭਾ, ਚੰਡੀਗੜ੍ਹ, 1974.

ਪ੍ਰੀਤਲੜੀ, ਗੁਰਬਖਸ਼ ਸਿੰਘ :         ਮੇਰੀ ਜੀਵਨ ਕਹਾਣੀ (ਭਾਗ ਪਹਿਲਾ), ਪ੍ਰੀਤਨਗਰ ਸ਼ਾਪ, ਪ੍ਰੀਤਨਗਰ, 1959.

- ਉਹੀ -         :         ਮੰਜ਼ਿਲ ਦਿਸ ਪਈ, ਪ੍ਰੀਤਨਗਰ ਸ਼ਾਪ, ਪ੍ਰੀਤਨਗਰ, 1964.

- ਉਹੀ -         :         ਮੇਰੀ ਜੀਵਨ ਕਹਾਣੀ (ਭਾਗ ਤੀਜਾ), ਪ੍ਰੀਤਨਗਰ ਸ਼ਾਪ, ਪ੍ਰੀਤਨਗਰ, 1978.

- ਉਹੀ -         :         ਸਾਵੀ ਪੱਧਰੀ ਜ਼ਿੰਦਗੀ, ਨਵਯੁੱਗ ਪਬਲਿਸ਼ਰਜ਼, ਦਿੱਲੀ, 1970.

- ਉਹੀ -         :         ਪਰਮ ਮਨੁੱਖ, ਨਵਯੁੱਗ ਪਬਲਿਸ਼ਰਜ਼, ਦਿੱਲੀ, 1970.

- ਉਹੀ -         :         ਸਵੈ-ਪੂਰਨਤਾ ਦੀ ਲਗਨ, ਨਵਯੁੱਗ ਪਬਲਿਸ਼ਰਜ਼, ਦਿੱਲੀ, 1972.

- ਉਹੀ -         :         ਸਾਡੇ ਵਾਰਸ, ਨਵਯੁੱਗ ਪਬਲਿਸ਼ਰਜ਼, ਦਿੱਲੀ, 1972.

- ਉਹੀ -         :         ਨਵਾਂ ਸਿਵਾਲਾ, ਨਵਯੁੱਗ ਪਬਲਿਸ਼ਰਜ਼, ਦਿੱਲੀ, 1973.

- ਉਹੀ -         :         ਜ਼ਿੰਦਗੀ ਦੀ ਰਾਸ, ਨਵਯੁੱਗ ਪਬਲਿਸ਼ਰਜ਼, ਦਿੱਲੀ, 1977.

- ਉਹੀ -         :         ਬੰਦੀ ਛੋੜ ਗੁਰੂ ਨਾਨਕ, ਨਵਯੁੱਗ ਪਬਲਿਸ਼ਰਜ਼, ਦਿੱਲੀ, 1980.

- ਉਹੀ -         :         ਜ਼ਿੰਦਗੀ ਦੀ ਡਾਟ, ਨਵਯੁੱਗ ਪਬਲਿਸ਼ਰਜ਼, ਦਿੱਲੀ, 1980.

ਪੂਰਨ ਸਿੰਘ        :         ਖੁਲ੍ਹੇ ਲੇਖ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1985.

ਬੇਦੀ, ਤਰਲੋਚਨ ਸਿੰਘ      : ਪੰਜਾਬੀ ਵਾਰਤਕ ਦਾ ਆਲੋਚਨਾਤਮਕ ਅਧਿਐਨ, ਅਮਰਜੀਤ ਕੌਰ, ਦਿੱਲੀ, 1972.

ਭਸੀਨ, ਰਜਿੰਦਰ ਸਿੰਘ      : ਬਲਰਾਜ ਸਾਹਨੀ : ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1993.

ਰਛਪਾਲ ਕੌਰ (ਡਾ.)         : ਪੰਜਾਬੀ ਸਫ਼ਰਨਾਮਾ : ਸਰੂਪ ਸਿਧਾਂਤ ਤੇ ਵਿਕਾਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1997.

- ਉਹੀ -         :         ਪੰਜਾਬੀ ਸਫ਼ਰਨਾਮਾ : ਸਰੂਪ ਤੇ ਸੰਭਾਵਨਾ, ਵਿਰਜੇਸ਼ ਪ੍ਰਕਾਸ਼ਨ, ਨਾਭਾ, 1991.

ਰਜਿੰਦਰ ਸਿੰਘ (ਸੰਪਾ.)      :         ਯਾਤਰੀ ਤੇ ਸਫ਼ਰਨਾਮੇ, ਨੈਸ਼ਨਲ ਬੁੱਕ ਟਰੱਸਟ, ਦਿੱਲੀ, 1980.

ਰੰਧਾਵਾ, ਮਹਿੰਦਰ ਸਿੰਘ (ਸੰਪਾ.)      :  ਗੁਰਬਖਸ਼ ਸਿੰਘ ਅਭਿਨੰਦਨ ਗ੍ਰੰਥ, ਨਵਯੁਗ ਪਬਲਿਸ਼ਰਜ਼, ਦਿੱਲੀ, 1971.

- ਉਹੀ  - (ਸੰਪਾ.)         :         ਪ੍ਰੋ. ਪੂਰਨ ਸਿੰਘ ਦੀ ਵਾਰਤਕ, ਸਾਹਿਤ ਅਕਾਦਮੀ, ਦਿੱਲੀ, 1975.

ਲਾਂਬਾ, ਗੋਬਿੰਦ ਸਿੰਘ         :         ਪੰਜਾਬੀ ਵਾਰਤਕ ਅਤੇ ਵਾਰਤਕਕਾਰ, ਅਮਰਜੀਤ ਸਾਹਿਤ ਪ੍ਰਕਾਸ਼ਨ, ਪਟਿਆਲਾ, 1980.

ਵਿਦਿਆਰਥੀ, ਦਵਿੰਦਰ ਸਿੰਘ         :         ਪੰਜਾਬੀ ਵਿਚ ਖੋਜ ਸੰਭਾਵਨਾਵਾਂ ਅਤੇ ਸੇਧ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1979.

ਅਣਪ੍ਰਕਾਸ਼ਿਤ ਖੋਜ-ਪ੍ਰਬੰਧ :

ਸਤਿੰਦਰ ਕੌਰ      : ਉਨ੍ਹੀਵੀਂ ਸਦੀ ਵਿਚ ਪੰਜਾਬੀ ਵਾਰਤਕ : ਇਕ ਆਲੋਚਨਾਤਮਕ ਅਧਿਐਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1989.

ਜਸਵੀਰ ਕੌਰ : ਪੂਰਵ ਸੁਤੰਤਰਤਾ ਕਾਲੀਨ ਪੰਜਾਬੀ ਸਫ਼ਰਨਾਮਿਆਂ ਦਾ ਆਲੋਚਨਾਤਮਕ ਅਧਿਐਨ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, 1988.

ਮਹਿੰਦਰ ਸਿੰਘ (ਡਾ.): ਪੰਜਾਬੀ ਸਫ਼ਰਨਾਮਾ, ਬਦਲਦੇ ਪਰਿਪੇਖ, ਪੀ-ਐੱਚ.ਡੀ. ਸ਼ੋਧ-ਪ੍ਰਬੰਧ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ

ਰਛਪਾਲ ਕੌਰ (ਡਾ.): ਪੰਜਾਬੀ ਸਫ਼ਰਨਾਮਾ ਸਾਹਿਤ ਦਾ ਆਲੋਚਨਾਤਮਕ ਅਧਿਐਨ, ਪੀ-ਐੱਚ.ਡੀ. ਸ਼ੋਧ-ਪ੍ਰਬੰਧ, ਪੰਜਾਬੀ ਯੂਨੀ., ਪਟਿਆਲਾ, 1984

 (25 ਨਵੰਬਰ 2007)

 

e-mail:
ਲਿਖਾਰੀ


© likhari: Punjabi Likhari Forum-2001-2007