|
ਪੰਜਾਬ ਅਤੇ ਪ੍ਰਵਾਸ ਤਰਾਸਦੀ ਦੀ ਸੱਚੀ ਮੂਰਤ ਨਾਵਲ
"ਤਰਕਸ਼ ਟੰਗਿਆ ਜੰਡ" |
![]() ਗੁਰਦੀਸ਼ ਪਾਲ ਕੌਰ ਬਾਜਵਾ |
ਮਾਲਵੇ ਦਾ ਜੰਮਪਲ 'ਸ਼ਿਵਚਰਨ ਜੱਗੀ ਕੁੱਸਾ' ਅੱਜ ਦੇ ਦੌਰ ਦਾ ਇੱਕ ਜਾਣਿਆ-ਪਹਿਚਾਣਿਆ ਹਸਤਾਖ਼ਰ ਹੈ। ਉਸ ਦੀ ਪਹਿਚਾਣ ਬਾਰੇ ਮੈਂ ਆਪਣੀ ਨਿਗੂਣੀ ਕਲਮ ਨਾਲ ਕੁਝ ਹੋਰ ਜਿ਼ਕਰ ਕਰਾਂ, ਇਸ ਦਾ ਉਹ ਮੁਥਾਜ਼ ਨਹੀਂ ਹੈ। ਇਸ ਪੰਜਾਬੀ ਮਾਂ-ਬੋਲੀ ਦੇ ਸਪੁੱਤਰ ਨੇ ਆਪਣੀ ਪਛਾਣ ਆਪ ਸਿਰਜੀ ਹੈ। ਵਕਤ ਦੀਆਂ ਤੇਜ਼ ਹਨ੍ਹੇਰੀਆਂ ਦੇ ਥਪੇੜਿਆਂ ਨੂੰ ਸਹਿੰਦਾ ਹੋਇਆ, ਉਹ ਅੱਜ ਕੁੰਦਨ ਵਾਂਗ ਹੋਰ ਵੀ ਨਿੱਖਰ ਗਿਆ ਹੈ। ਨਿੰਦਰ ਘੁਗਿਆਣਵੀ ਦੇ ਕਥਨ ਵਾਂਗ ਅਭਿਆਸ, ਪ੍ਰਸਿੱਧੀ, ਮਿਹਨਤ ਅਤੇ ਕੁਦਰਤ, ਚਾਰੇ ਉਸ ਦੇ ਨਾਲ ਹਨ!
ਪੰਜਾਬੀ ਸਾਹਿਤ ਦੀ ਝੋਲੀ ਅਨੇਕਾਂ ਦੁਰਲੱਭ ਲਿਖਤਾਂ ਪਾਉਣ ਤੋਂ ਬਾਅਦ, ਇੱਕ ਹੋਰ ਨਵੀਂ ਲਿਖਤ, ਵੱਡ-ਅਕਾਰੀ ਨਾਵਲ "ਤਰਕਸ਼ ਟੰਗਿਆ ਜੰਡ" ਲੈ ਕੇ ਆਪਣੇ ਪਾਠਕਾਂ ਦੇ ਰੂ-ਬ-ਰੂ ਹੋਇਆ ਹੈ। ਮੇਰੇ ਵਰਗੀ ਆਮ ਪਾਠਕਾ ਨੂੰ ਲੇਖਕ ਨੇ, ਇਸ ਨਾਵਲ 'ਤੇ ਦੋ ਵਿਚਾਰ ਸਾਂਝੇ ਕਰਨ ਲਈ ਕਿਹਾ, ਮਾਣ ਬਖ਼ਸਿ਼ਆ ਹੈ।
ਮੇਰੀ ਨਜ਼ਰ ਵਿਚ "ਤਰਕਸ਼ ਟੰਗਿਆ ਜੰਡ" ਸਾਡਾ ਪ੍ਰਵਾਸੀ ਪੰਜਾਬੀਆਂ ਦਾ ਸੱਚਾ ਇਤਿਹਾਸ ਹੈ। ਜੇਕਰ ਇਸ ਇਤਿਹਾਸ ਨੂੰ ਵਾਰ-ਵਾਰ ਵਾਪਰਨ ਤੋਂ ਨਾ ਰੋਕਿਆ ਗਿਆ, ਤਾਂ ਆਉਣ ਵਾਲੀ ਪੰਜਾਬੀ ਪਨੀਰੀ ਦਾ ਇਹ ਸਦਾ ਦਾ ਡੋਬੂ ਭਵਿੱਖ ਰਹੇਗਾ। ਇਸ ਨਾਵਲ ਵਿਚ ਲੇਖਕ ਨੇ ਪੰਜਾਬੀਆਂ ਦੇ ਪ੍ਰਵਾਸੀਕਰਨ ਦੀ ਧੁਰ ਅੰਦਰਲੀ ਜੜ੍ਹ ਨੂੰ ਫੜਿਆ ਹੈ। ਕਿਸਾਨ ਦੀ ਦੁਰਗਤੀ ਨੂੰ ਹੰਝੂ ਕੇਰ ਕੇ ਚਿਤਰਦੀ ਲੇਖਕ ਦੀ ਕਲਮ ਕਈ ਵਾਰ ਆਪ ਹਟਕੋਰੇ ਲੈਂਦੀ ਅਤੇ ਕਈ ਵਾਰ ਵਿਦਰੋਹੀ ਬੋਲ ਬੋਲਦੀ ਹੈ। ਲੇਖਕ ਬਿਆਨਦਾ ਹੈ ਕਿ 58 ਵਰ੍ਹੇ ਪਹਿਲਾਂ ਉੱਭਰਿਆ ਨਾਅਰਾ "ਜੈ ਜਵਾਨ - ਜੈ ਕਿਸਾਨ" ਅੱਜ ਕਿਵੇਂ ਅਰਥੋਂ ਬੇਅਰਥ ਹੋਇਆ ਪਿਆ ਹੈ। ਨਾ ਜਵਾਨ ਦੀ 'ਜੈ' ਹੋ ਰਹੀ ਹੈ ਅਤੇ ਨੇ ਹੀ ਕਿਸਾਨ ਖ਼ੁਸ਼ ਹੈ।
ਨਾਵਲ ਆਪਣੇ ਅੰਦਰ ਪੰਜਾਬ ਦੀਆਂ ਸਮੂਹਿਕ ਸਮੱਸਿਆਵਾਂ ਨੂੰ ਸਮੋਈ ਬੈਠਾ ਹੈ। ਜੇਕਰ ਪੰਜਾਬ ਦੇ ਕਿਸਾਨ ਦੀ ਦੁਰਗ਼ਤੀ ਦੀ ਗੱਲ ਹੈ ਤਾਂ ਨੌਜਵਾਨ ਦੇ ਨਸ਼ੇ ਦੀ ਗੱਲ ਹੈ। ਬੇਰੁਜ਼ਗਾਰੀ ਦੀ ਚਿੰਤਾ ਹੈ ਤਾਂ ਵਧਦੇ ਹੋਏ ਭਈਆਵਾਦ ਦਾ ਪੂਰਾ ਦੁੱਖ ਹੈ। ਲੇਖਕ ਸੀਰੀ ਨਾਲ ਭਈਆਂ ਦੀ ਤੁਲਨਾ ਕਰਦਾ ਆਪਣੇ ਕਿਸਾਨ ਪਾਤਰ ਦੇ ਮੂੰਹੋਂ ਅਖਵਾਉਂਦਾ ਹੈ, "ਪਿੰਡ ਦਾ ਸੀਰੀ ਹੋਊ ਤਾਂ ਧੀ ਭੈਣ ਦੀ ਸ਼ਰਮ ਤਾਂ ਕਰੂ-ਪਰ ਗਧੇ ਦੀ ਗਾਂ ਕੀ ਲੱਗਦੀ ਐ? ਪੰਜਾਬੀਆਂ ਦੀਆਂ ਧੀਆਂ ਭੈਣਾਂ ਇਹਨਾਂ ਬਿਹਾਰੀਆਂ ਦੀਆਂ ਦੱਸ ਕੀ ਲੱਗਦੀਐਂ...?"
ਭਈਆਂ ਨੇ ਅੱਜ ਪੰਜਾਬ ਨੂੰ 'ਕੋਬਰਾ' ਵਾਂਗ ਵਲੇਂਵਾਂ ਮਾਰ ਲਿਆ ਹੈ। ਇਹ ਖੇਤਾਂ 'ਚੋਂ ਹੁੰਦਾ ਹੋਇਆ, ਕਿਸਾਨਾਂ ਦੇ ਘਰਾਂ ਅਤੇ ਇੱਜ਼ਤਾਂ 'ਤੇ ਡਾਕੇ ਮਾਰਨ ਲੱਗ ਪਿਆ ਹੈ। ਦੂਜੇ ਪਾਸੇ ਪੰਜਾਬ ਦੇ ਨੌਜਵਾਨ ਨੂੰ ਨਸ਼ਾ ਭੋਰਾ-ਭੋਰਾ ਕਰਕੇ 'ਚੱਟ' ਚੱਲਿਆ ਹੈ। ਨਸ਼ੇ ਵੱਲ ਨੂੰ ਉਲਾਰ ਕੁੜੀਆਂ ਦੀ ਗੱਲ ਕਰਦਿਆਂ ਲੇਖਕ ਐਸਾ ਵਿਅੰਗ ਕੱਸਦਾ ਹੈ, ਜੋ ਇਕ ਔਰਤ ਹੋਣ ਦੇ ਨਾਤੇ, ਮੇਰੇ ਸੀਨੇ ਦੇ ਆਰ-ਪਾਰ ਉੱਤਰ ਜਾਂਦਾ ਹੈ, "ਡਬਲਰੋਟੀ 'ਤੇ ਆਇਓਡੈਕਸ ਲਾ ਕੇ ਜਾਂ ਜੁੱਤੀਆਂ ਦੀ ਪਾਲਿਸ਼ ਖਾਂਦੀਆਂ ਕੁੜੀਆਂ ਕਿੱਥੋਂ ਬੰਦੇ ਬਹਾਦਰ ਜਾਂ ਹਰੀ ਸਿੰਘ ਨਲੂਏ ਜੰਮ ਦੇਣਗੀਆਂ?"
ਨਾਵਲ ਆਪਣੇ ਅਸਲੀ ਵਿਸ਼ੇ ਵੱਲ ਉਦੋਂ ਮੁੜਦਾ ਹੈ, ਜਦੋਂ ਮੁੱਖ ਪਾਤਰ ਬਿੱਲੇ (ਹਰਮਨਪ੍ਰੀਤ ਸਿੰਘ) ਦਾ ਕਿਸਾਨ ਪਿਤਾ ਬਲਿਹਾਰ ਸਿੰਘ ਆਪਣੀ ਫ਼ਸਲ ਦੀ ਦਿਨ-ਦਿਹਾੜੇ ਹੁੰਦੀ ਲੁੱਟ-ਖਸੁੱਟ ਅਤੇ ਸਿਰ ਕਰਜ਼ੇ ਦੀ ਵਧਦੀ ਪੰਡ ਨੂੰ ਚੁੱਕਣ ਤੋਂ ਡਰਦਾ ਹੋਇਆ, ਖ਼ੁਦਕਸ਼ੀ ਕਰਕੇ ਇਸ ਫ਼ਾਨੀ ਜਹਾਨ ਤੋਂ ਕੂਚ ਕਰ ਜਾਂਦਾ ਹੈ। ਮਜ਼ਬੂਰ ਕਿਸਾਨ ਦਾ ਮਜ਼ਬੂਰ ਪੁੱਤਰ ਹਰਮਨਪ੍ਰੀਤ ਆਪਣੀ ਅਤੇ ਘਰ ਦੀ ਭੁੱਖ ਮਿਟਾਉਣ ਲਈ ਸੱਤਾਂ ਸਮੁੰਦਰਾਂ ਦੀ ਹਿੱਕ ਚੀਰਨ ਦੀ ਠਾਣ ਲੈਂਦਾ ਹੈ। ਉਹ ਆਪ ਮੁਹਾਰੇ ਹੀ ਸੋਚਦਾ ਹੈ, "ਜਿੱਥੇ ਬੰਦੇ ਦਾ ਕੋਈ ਭਵਿੱਖ ਨਹੀਂ-ਮੈਂ ਉਸ ਦੇਸ਼ ਵਿਚ ਰਹਿਣਾ ਹੀ ਨਹੀਂ!"
ਲੇਖਕ ਇੱਕ ਪਾਸੇ ਤਾਂ ਮਗਰਮੱਛਾਂ ਵਾਂਗ ਮੂੰਹ ਅੱਡੀ ਖੜ੍ਹੇ ਏਜੰਟਾਂ ਦੀ ਗੱਲ ਕਰਦਾ ਹੈ ਅਤੇ ਦੂਜੇ ਪਾਸੇ ਜ਼ਾਲਮ ਦਿੱਲੀ ਵਿਚ ਗੰਦਗੀ ਭਰਿਆ ਅਯਾਸ਼ੀ ਦਾ ਜੀਵਨ ਕਿੰਨ੍ਹਾਂ ਗਰੀਬਾਂ ਦੇ, ਲਹੂ ਦੇ ਸਹਾਰੇ ਵਿਗਸਦਾ ਹੈ? ਪੜ੍ਹ ਕੇ ਹੀ ਪਤਾ ਲੱਗਦਾ ਹੈ।
ਹਰਮਨਪ੍ਰੀਤ ਮਾਂ, ਭੈਣਾਂ ਅਤੇ ਸਾਹਿਬਾਂ ਵਰਗੀ ਪ੍ਰੀਤ ਨੂੰ ਠੁਕਰਾ ਕੇ ਮਾਸਕੋ ਦੇ ਜੰਗਲ ਚੁਣ ਲੈਂਦਾ ਹੈ।
ਜੰਗਲ ਵਿਚ ਇੱਕ ਖੁੱਡੇਨੁਮਾਂ ਮਕਾਨ ਵਿਚ 250-300 ਨੌਜਵਾਨਾਂ ਦੀ ਮੁਰਦਾ ਸ਼ਕਲ ਵੇਖ ਕੇ ਹਰਮਨਪ੍ਰੀਤ ਨੂੰ ਦੇਖੇ ਅਮੀਰ ਜੀਵਨ ਜਿਉਣ ਦੇ ਸੁਪਨੇ ਰੇਤ ਵਾਂਗ ਕਿਰਦੇ ਨਜ਼ਰ ਆਉਂਦੇ ਹਨ। ਕਾਲਾ ਹਬਸ਼ੀ, ਰੂਸੀ ਈਵਾਨ ਮੁੰਡਿਆਂ ਨਾਲ ਜੋ ਸਲੂਕ ਕਰਦਾ ਹੈ, ਪੜ੍ਹ ਕੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਮਨ ਵਿਚ ਉਹਨਾਂ ਨਿਕਰਮੀਆਂ ਮਾਵਾਂ ਦਾ ਖਿ਼ਆਲ ਆਉਂਦਾ ਹੈ, ਜਿੰਨ੍ਹਾਂ ਨੇ ਪੀੜਾਂ ਸਹਿ-ਸਹਿ ਕੇ ਸੋਨੇ-ਹੀਰੇ ਵਰਗੇ ਪੁੱਤਰਾਂ ਨੂੰ ਜੰਮ-ਪਾਲ ਕੇ ਬਿਗਾਨੇ ਮੁਲਕ ਦੇ ਜੰਗਲਾਂ ਵਿਚ, ਭੰਗ ਦੇ ਭਾੜੇ ਜ਼ਿੰਦਗੀਆਂ ਗੁਆਉਣ ਲਈ ਹੱਥੀਂ ਤੋਰ ਦਿੱਤਾ।
ਗੱਲ ਕੇਵਲ ਪੁੱਤਰਾਂ ਦੀ ਦੁਰਗਤੀ ਦੀ ਹੁੰਦੀ ਤਾਂ "ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ" ਕਹਿ ਕੇ ਸਰ ਜਾਣੀ ਸੀ। ਪਰ ਜਦ ਮਨਜੀਤ ਵਰਗੀ, ਪੰਜਾਬ ਦੀ ਗ਼ੈਰਤਮੰਦ ਜੱਟੀ ਆਪਣੀ 'ਹੋਣੀ' ਨਾਲ ਜੂਝਦੀ ਹੈ ਤਾਂ ਲੇਖਕ ਅਤੇ ਪਾਠਕ ਆਪ ਮੁਹਾਰੇ ਕੁਰਲਾ ਉਠਦਾ ਹੈ। ਦਿਲ ਕਰਦਾ ਹੈ ਸਮਾਜ ਦੇ ਉਹਨਾਂ ਠੇਕੇਦਾਰਾਂ ਨੂੰ ਧੌਣੋ ਫੜਨ ਨੂੰ, ਜੋ ਪੰਜਾਬ ਨੂੰ ਦੋ ਤਰ੍ਹਾਂ ਬੰਜਰ ਕਰ ਰਹੇ ਹਨ। ਇੱਕ ਪਾਸੇ ਪੰਜਾਬ ਦੀ ਮਾਂ-ਮਿੱਟੀ ਦੀ ਕੁੱਖ ਬੰਜਰ ਹੋ ਰਹੀ ਹੈ ਅਤੇ ਦੂਜੇ ਪਾਸੇ ਪੰਜਾਬਣ ਮਾਂ ਆਪਣੇ ਗੁਆਚੇ ਧੀਆਂ-ਪੁੱਤਰਾਂ ਦੇ ਦਰਦ ਕਾਰਨ ਆਪਣੀ ਸੱਖਣੀ ਕੁੱਖ ਨੂੰ ਮੁੱਕੀਆਂ ਮਾਰਦੀ ਹੋਈ, ਔਲਾਦ ਲਈ ਤੜਪ ਰਹੀ ਹੈ। ਲੇਖਕ ਬੜੀ ਹੀ ਸ਼ਿੱਦਤ ਨਾਲ ਇਹ ਅਵਾਜ਼ ਉਠਾਉਂਦਾ ਹੈ, "ਰੁਕਣਾ ਚਾਹੀਦਾ ਹੈ ਪੰਜਾਬ ਦਾ ਇਹ ਦੂਹਰਾ ਘਾਣ!"
ਲੇਖਕ ਪੰਜਾਬ ਦਾ ਮਾਣ ਅਤੇ ਇੱਜ਼ਤ ਔਰਤ, ਜੰਗਲਾਂ ਦੇ ਰਾਹਾਂ ਵਿਚ ਭਟਕਦੀ ਮਾਸੂਮ ਮਨਜੀਤ ਬਾਰੇ ਲਹੂ-ਭਿੱਜੀ ਕਲਮ ਨਾਲ ਲਿਖਦਾ ਹੈ, "ਭਾਰਤ ਦੇਸ਼ ਦੀ ਅਣਖ਼ੀ ਪੰਜਾਬਣ ਇੱਕ ਰੰਡੀ ਤੋਂ ਵੀ ਭੈੜੀ ਬਣੀ ਬੈਠੀ ਸੀ-ਅੱਜ ਉਸ ਦੀ ਹਾਲਤ ਧੰਦਾ ਕਰਦੀ ਕਿਸੇ ਵੇਸਵਾ ਨਾਲੋਂ ਵੀ ਬੁਰੀ ਸੀ...।"
ਦੁੱਖਾਂ, ਭੁੱਖਾਂ, ਠੰਢਾਂ ਨਾਲ ਜੂਝਦਾ ਹੋਇਆ ਪੰਜਾਬੀਆਂ ਦਾ ਕਾਫ਼ਲਾ ਯੂਰਪ ਪਹੁੰਚ ਕੇ ਨਵੀਂ ਸੱਚਾਈ ਦਾ ਸਾਹਮਣਾ ਕਰਦਾ ਹੈ। ਦੇਖਦਾ ਹੈ ਯੂਰਪ ਦਾ ਇਤਿਹਾਸ!
"ਪੈਸੇ ਬਿਨਾਂ ਇੱਥੇ ਮਾਂ ਪੁੱਤ ਨੂੰ ਨਹੀ ਪਛਾਣਦੀ...। ਯੂਰਪ ਦਾ ਇੱਕ ਅਜ਼ੀਬ, ਹੈਰਾਨੀਜਨਕ ਅਤੇ ਆਪਣਾ ਇਤਿਹਾਸ ਹੈ। ਆਪਹੁਦਰਾ ਇਤਿਹਾਸ। ਮਤਲਬਖ਼ੋਰ ਇਤਿਹਾਸ। ਬੰਦੇ ਨੂੰ ਮਾਨਸਿਕ ਤੌਰ 'ਤੇ ਖ਼ਤਮ ਕਰਕੇ ਆਪਣੇ ਅਨੁਸਾਰ ਵਰਤਣ ਵਾਲਾ ਅਕ੍ਰਿਤਘਣ ਇਤਿਹਾਸ!”
ਲੇਖਕ ਨੇ ਹਰ ਸੱਚਾਈ ਨੂੰ ਨੰਗਾ ਕਰਨ ਦੀ ਪੂਰੀ ਵਾਹ ਲਾਈ ਹੈ। ਕਿਤੇ-ਕਿਤੇ ਬਹੁਤ ਦਰਦਨਾਕ, ਹਿਰਦੇਵੇਧਕ ਸੱਚਾਈ, ਕਿਤੇ-ਕਿਤੇ ਕਾਮ ਦੇ ਕੀੜੇ, ਉਸ ਮਰਦ ਦੀ ਗੱਲ ਹੈ, ਜੋ ਮਜ਼ਬੂਰ ਅਬਲਾ ਨੂੰ ਕਾਮ ਦਾ ਯੰਤਰ ਸਮਝਦਾ ਹੈ। ਭਾਵੇਂ ਸ਼ਬਦਾਂ ਵਿਚ ਕਿਤੇ ਲੱਚਰਤਾ ਹੈ, ਪਰ ਪੂਰਾ ਸੱਚ ਬੁੱਕਲ ਖੋਲ੍ਹਣ 'ਤੇ ਹੀ ਨੰਗਾ ਹੁੰਦਾ ਹੈ।
ਜਿੱਥੇ ਨਾਵਲ ਨੌਜਵਾਨਾਂ ਲਈ ਸੱਚਾਈ ਦੀਆਂ ਪਰਤਾਂ ਖੋਹਲ, ਉਹਨਾਂ ਨੂੰ ਬਾਹਰ ਦੌੜਨ ਤੋਂ ਰੋਕਣ ਲਈ ਸੱਚ ਦੱਸਦਾ ਹੈ, ਉਥੇ ਸਮਾਜ਼ ਦੇ ਮੱਥੇ ਵਿਚ ਰੀਂਘਦੇ ਉਹਨਾਂ ਸਾਰੇ ਕੀੜਿਆਂ ਨੂੰ ਮਾਰਨ ਦੀ ਗੱਲ ਉਠਾਉਂਦਾ ਹੈ, ਜੋ ਲੋਕਾਂ ਨੂੰ ਗ਼ਲਤ ਰਾਹ 'ਤੇ ਤੁਰਨ ਲਈ ਉਕਸਾਉਂਦੇ ਹਨ।
ਕੁਲ ਮਿਲਾ ਕੇ ਪੰਜਾਬੀਆਂ ਲਈ ਇਹ ਨਾਵਲ ਪੜ੍ਹਨਯੋਗ, ਸਮਝਣਯੋਗ ਅਤੇ ਸਾਂਭਣਯੋਗ ਰਚਨਾ ਹੈ।
***
(20 ਮਾਰਚ 2007) ਯੂਨੀਕੋਡ
e-mail:
ਲਿਖਾਰੀ
© likhari: Punjabi Likhari Forum-2001-2007