“ਕੀ ਗੱਲ ਅੱਜ ਨੀਊ ਯਾਰਕ ਦਾ
ਹੇਜ਼ ਆ ਗਿਆ?” ਘਰ ਵਾਲੀ ਨੇ ਨਿਹੋਰਾ ਮਾਰਿਆ
“ਨਹੀਂ ਮੈਨੂੰ ਓਥੋਂ ਕਵਿਤਾ
ਪੜ੍ਹਨ ਦਾ ਸੱਦਾ ਆਇਆ”, ਮੈਂ ਹੁੱਬ ਕੇ ਆਖਿਆ। ਦਰ ਅਸਲ ਮੈਂ ਓਥੇ ਜਾਣਾ ਪਸੰਦ ਨਹੀਂ
ਕਰਦਾ। ਓਸ ਸ਼ਹਿਰ ਵਿਚ ਕਾਰ ਚਲਾਉਣੀ ਦੁੱਭਰ ਹੈ। ਸਾਡੇ ਘਰ ਤੋਂ ਟੋਰਾਂਟੋ ਵੀ ਉਤਨੀ
ਹੀ ਦੂਰ ਹੈ। ਜਦੋਂ ਦਾ ਮੇਰੇ ‘ਤੇ ਲਿਖਣ ਦਾ ਭੂਤ ਸਵਾਰ ਹੋਇਆ ਹੈ ਮੈਂ ਟੋਰਾਂਟੋ
ਲਿਖਾਰੀ ਸਭਾ ਵਿਚ ਹੀ ਜਿਆਦਾ ਜਾਂਦਾ ਹਾਂ। ਓਥੇ ਜਾਣਾ ਤਾਂ ਸੌਖਾ ਹੈ ਪਰ, ਓਥੇ ਵੀ
ਮੈਨੂੰ ਟਿੱਚ ਕਰਕੇ ਜਾਣਦੇ ਹਨ। ਕਈ ਵਾਰ ਤਾਂ ਮੂੰਹ ਲਮਕਾ ਕੇ ਹੀ ਵਾਪਸ ਆ ਜਾਈਦਾ
ਹੈ। ਪਰ, ਨੀਊ ਯਾਰਕ ਤਾਂ ਅੱਜ ਸਕੱਤਰ ਸਾਹਿਬ ਨੇ ਮੈਨੂੰ ਖੁਦ ਸੱਦਿਆ ਸੀ, ਮੈਂ ਨਾਂਹ
ਕਿਵੇਂ ਕਰ ਦਿੰਦਾ? ਨਾਲੇ ਕਵੀ ਦਰਵਾਰ ਵੀ ਗੁਰਦੁਆਰੇ ਹੋ ਰਿਹਾ ਸੀ।
ਅਸੀਂ ਗੁਰਦੁਆਰੇ ਘੰਟਾ ਪਹਿਲਾਂ
ਹੀ ਚਲੇ ਗਏ। ਮੱਥਾ ਟੇਕਿਆ, ਥੋੜਾ ਲੰਗਰ ਛਕਿਆ ‘ਤੇ ਮਹਾਰਾਜ ਦੀ ਹਜੂਰੀ ਵਿਚ ਜਾ
ਬੈਠੇ। ਇੰਡੀਆ ਤੋਂ ਆਇਆ ਇੱਕ ਭਾਈ ਕਥਾ ਕਰ ਰਿਹਾ ਸੀ। ਲੋਕੀ ਆਉਂਦੇ, ਦਮੜੇ ਚੜ੍ਹਾ,
ਮੱਥਾ ਟੇਕ ਕੇ ਸੰਗਤ ਵਿਚ ਸ਼ਮਲ ਹੋ ਜਾਂਦੇ। ਅਮਰੀਕਾ ਕਨੇਡਾ ਵਿਚ ਇਹ ਆਮ ਰਿਵਾਜ ਹੈ
ਕਿ ਕੋਈ ਕੋਈ ਬੰਦਾ ਇਕ-ਅੱਧ ਦਮੜਾ ਰਾਗੀ, ਢਾਡੀ ਦੇ ਲਾਗੇ ਮਲਕੜੇ ਜਹੇ ਰੱਖ ਜਾਂਦੇ
ਹਨ। ਕੁਝ ਆਦਰ-ਮਾਣ ਵੀ ਹੋ ਜਾਂਦਾ ਹੈ, ਬੁਲਾਰੇ ਦੀ ਬਿਰਤੀ ਵੀ ਇਕਾਗਰ ਰਹਿੰਦੀ ਹੈ
ਇਸ ਤਰ੍ਹਾਂ। ਕਥਾ ਵਾਲੇ ਭਾਈ ਦੇ ਨਾਲ ਵੀ ਇਵੇਂ ਹੀ ਹੋ ਰਿਹਾ ਸੀ। ਭਾਈ ਨੇ ਕਥਾ ਖਤਮ
ਕੀਤੀ ‘ਤੇ ਮੇਰੇ ਲਾਗ ਹੀ ਆ ਬੈਠਿਆ। ਕਵੀ ਦਰਵਾਰ ਦੀ ਵਾਰੀ ਆ ਗਈ।
ਸਕੱਤਰ ਬੀਬੀ ਰਾਣੀ ਨੇ ਮੈਂਨੂੰ
ਕਵਿਤਾ ਪੜ੍ਹਨ ਲਈ ਸਭ ਤੋਂ ਪਹਿਲਾਂ ਸੱਦ ਲਿਆ। ਮੈਂ ਗੁਰੁ ਅਰਜਨ ਦੇਵ ਜੀ ਮਹਾਰਾਜ
ਨੂੰ ਸ਼ਰਧਾਂਜਲੀ ਪੜ੍ਹਨ ਲੱਗ ਪਿਆ। ਓਹੀ ਗੱਲ ਹੋਈ, ਪੈਸੇ ਆਉਣੇ ਸ਼ੁਰੂ ਹੋ ਗਏ।
ਮੈਂਨੂੰ ਲੱਗਿਆ ਜਿਵੇਂ ਮੇਰੀ ਸ਼ਰਧਾਂਜਲੀ ਦੀ ਰਫਤਾਰ ਕੁਝ ਹੌਲੀ ਹੋ ਗਈ ਹੋਵੇ। “ਮਨ
ਲੋਚੇ ਬੁਰਿਆਈਆਂ” ਵਾਲਾ ਸ਼ਬਦ ਮੇਰੇ ਮਨ ਵਿਚ ਗੂੰਜ ੳੱਠਿਆ। ਸਾਵਧਾਨ ਹੋ ਕੇ ਮੈਂ
ਅਪਣੀ ਕਵਿਤਾ ਖਤਮ ਕੀਤੀ, ਕੁਝ ਹੋਰ ਲੋਕਾਂ ਨੇ ਵੀ ਪੈਸੇ ਰੱਖ ਦਿੱਤੇ। ਮੈਂ ਮੁੜ
ਸੰਗਤ ਵਿਚ ਜਾ ਬੈਠਿਆ।
ਹੁਣ ਮੇਰੀ ਨਜ਼ਰ ਪੈਸਿਆਂ ਦੀ
ਢੇਰੀ ਤੇ ਵੱਸ ਗਈ ਤਾਂ ਮੈਨੂੰ ਮਾਲੂਮ ਹੋ ਗਿਆ ਕਿ ਮੇਰੇ ਪੈਸੇ ਵੀ ਭਾਈ ਜੀ ਦੀ ਢੇਰੀ
‘ਤੇ ਜਾ ਡਿੱਗੇ ਸਨ। ਉਸ ਦੇ ਹਿੱਸੇ ਦੀ ਰਕਮ ਅਜ ਉੱਥੇ ਹੀ ਪਈ ਰਹੀ ਸੀ, ਆਮ ਤੌਰ ‘ਤੇ
ਇੱਦਾਂ ਨਹੀਂ ਹੁੰਦਾ। ਮੇਰੇ ਬਾਅਦ ਕਵਿਤਾ ਪੜ੍ਹਨ ਵਾਲੇ ਕਵੀ ਦੇ ਪੈਸੇ ਵੀ ਉਸੇ ਢੇਰੀ
ਵਿਚ ਜਮ੍ਹਾਂ ਹੋ ਰਹੇ ਸਨ। ਜਿਵੇਂ ਪੈਸੇ ਨੂੰ ਪੈਸਾ ਖਿੱਚ ਰਿਹਾ ਹੋਵੇ, ਚੁੰਬਕ
ਵਾਂਗ।
ਮੇਰੇ ਲਾਗ ਬੈਠਾ ਭਾਈ ਮੇਰੇ
ਨਾਲ ਅੱਖ ਨਹੀਂ ਸੀ ਮਿਲਾ ਰਿਹਾ, ਪਰ ਮੇਰੀ ਘਰ ਵਾਲੀ ਮੇਰੇ ਵੱਲ ਬਿਟ-ਬਿਟ ਝਾਕ ਰਹੀ
ਸੀ, ਜਿਵੇਂ ਉਹਨੇ ਮੇਰੇ ਦਿਲ ਦੀ ਗੱਲ ਨੂੰ ਪੜ੍ਹ ਲਿਆ ਹੋਵੇ। ਅਤੇ ਮੈਂ ਓਹਦੇ ਮਨ ਦੀ
ਗੱਲ ਨੂੰ। ਅਸੀਂ ਮੱਥਾ ਟੇਕਿਆ ‘ਤੇ ਘਰ ਨੂੰ ਰਵਾਨਾ ਹੋ ਗਏ। ਰੱਬ ਜਾਣੇ ਕਿੰਨੀ ਦੇਰ
ਪੈਸੇ ਨੂੰ ਪੈਸਾ ਖਿਚ੍ਹਦਾ ਰਿਹਾ।
(13 ਅਕਤੂਬਰ 2006)