ਮੱਖ ਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ/ਸਿਹਤ/ਵਿਗਿਆਨ

ਲਿਖਾਰੀ

ਡਰਗਜ਼ ਦੀ ਵਰਤੋਂ ਵਰਦਾਨ ਕਿ ਸਰਾਪ?
-ਡਾ: ਗੁਰਦਿਆਲ ਸਿੰਘ ਰਾਏ-

 

ਮੁੱਢ ਕਦੀਮ ਤੋਂ ਅੱਜ ਤੱਕ 'ਡਰੱਗ਼ਜ਼' ਦੀ ਵਰਤੋਂ ਵਿਸ਼ੇਸ਼ ਕਰਕੇ ਮਨੁੱਖ ਦੇ ਭਲੇ ਲਈ ਹੀ ਕੀਤੀ ਗਈ ਹੈ ਪਰ ਅਸਲ ਵਿੱਚ ਜਦੋਂ ਤੋਂ ਡਰੱਗਜ਼ ਦੀ ਦੁਰਵਰਤੋਂ ਨਸ਼ਾ ਪਰਾਪਤ ਕਰਨ ਲਈ ਆਰੰਭ ਹੋਈ ਹੈ, ਉਸ ਸਮੇਂ ਤੋਂ ਹੀ ਸਿਹਤ ਦੇ ਰਾਖੇ ਕੁੱਝ ਜ਼ਿਆਦਾ ਚਿੰਤਤ ਹੁੰਦਿਆਂ ਇਹ ਸੋਚਣ ਲਈ ਮਜ਼ਬੂਰ ਹੋਏ ਹਨ ਕਿ 'ਡਰੱਗ਼ਜ਼ ਦੀ ਵਰਤੋਂ ਵਰਦਾਨ ਹੈ ਕਿ ਸਰਾਪ'। ਕੁੱਝ ਲੋੜੀਂਦੇ ਤੱਥਾਂ ਦਾ ਜ਼ਿਕਰ ਕਰਦਿਆਂ, ਹੱਥਲੀ ਵਿਚਾਰ ਇਸੇ ਗੁੱਥੀ ਦੇ ਸੁਲਝਾ ਦਾ ਇੱਕ ਯਤਨ ਮਾਤਰ ਹੈ।
'ਡਰੱਗ' ਇਕ ਬਹੁ-ਅਰਥਾ ਸ਼ਬਦ ਹੈ ਪਰ ਮੁੱਖ ਰੂਪ ਵਿਚ 'ਡਰੱਗ' ਦਾ ਅਰਥ ਦਵਾਈ, ਦਵਾਈਆਂ ਬਣਾਉਣ ਵਿਚ ਵਰਤਿਆ ਜਾਣ ਵਾਲਾ ਪਦਾਰਥ, ਨੀਂਦ ਲਿਆਉਣ ਵਾਲੀ ਦਵਾਈ ਜਾਂ ਬੇਹੋਸ਼ ਕਰਨ ਵਾਲੀ ਦਵਾਈ ਲਿਆ ਜਾਂਦਾ ਹੈ। 'ਡਰੱਗ' ਸ਼ਬਦ ਅਜਿਹੀਆਂ ਗੋਲੀਆਂ ਜਾਂ ਘੋਲ ਲਈ ਵੀ ਵਰਤਿਆ ਜਾਂਦਾ ਹੈ ਜਿਸ ਰਾਹੀਂ ਦਰਦ ਘਟਾਈ ਜਾ ਸਕੇ ਜਾਂ ਨੀਂਦ ਲਿਆਈ ਜਾ ਸਕੇ। ਚੇਤਨਹੀਨਤਾ ਪੈਦਾ ਕਰਨ ਵਾਲੇ ਪਦਾਰਥ ੳਨੳੲਸਟਹੲਟਚਿ (ਐਨਸਿਥੈਟਿਕ) ਵੀ 'ਡਰੱਗ' ਹੀ ਕਹਿਲਾਉਂਦੇ ਹਨ ਜਿਹਨਾਂ ਦੀ ਵਰਤੋਂ ਆਪਰੇਸ਼ਨ ਆਦਿ ਕਰਨ ਲਈ ਕੀਤੀ ਜਾਂਦੀ ਹੈ।
ਮੈਡੀਕਲ ਵਿਗਿਆਨ ਨੇ ਡਰੱਗ਼ਜ਼ ਦੇ ਲਾਭਦਾਇਕ ਅਤੇ ਖਤਰਨਾਕ ਪਹਿਲੂਆਂ ਨੂੰ ਵਿਚਾਰਦਿਆਂ ਕਾਫੀ ਖੋਜ-ਪੜਤਾਲ ਕੀਤੀ ਹੈ। ਡਰੱਗ਼ਜ਼ ਦੀ ਵਰਤੋਂ---ਸ਼ਾਇਦ ਦੁਰਵਰਤੋਂ ਕਹਿਣਾ ਜ਼ਿਆਦਾ ਠੀਕ ਰਹੇਗਾ---ਉਪਰੰਤ ਮਿਲਦੇ ਪ੍ਰਭਾਵਾਂ ਦੇ ਆਧਾਰ ਤੇ ਡਾ: ਨਾਰਮਨ ਇਮਲਾਹ ਨੇ 'ਪ੍ਰਚਲਤ ਡਰੱਗ਼ਜ਼ ਦੇ ਪ੍ਰਯੋਗ' ਕਾਰਨ ਇਹਨਾਂ ਦੀ ਵੰਡ ਕੁੱਝ ਇਸਤਰ੍ਹਾਂ ਕੀਤੀ ਹੈ:
(1) ਨਾਰਕੋਟਿਕਜ਼,
(2) ਸਟਿਮੂਲੈਂਟਸ,
(3) ਸੀਡੇਟਿਵਜ਼,
(4) ਐਨਕਸਿਊਲੈਟਿਕਜ਼,
(5) ਪਰਸੈਪਚੂਏਲ ਡਿਸਟੌਰਟਰਜ਼,
(6) ਟਰੈਂਕੂਲਾਈਜ਼ਰ
(7) ਐਂਟੀ ਡਿਪਰੈਸੰਟ,
ਅਤੇ (8) ਅਲਕੋਹਲ।
ਪਹਿਲੇ ਕਿਸਮ ਦੀ ਡਰੱਗ਼ਜ਼ ਨਾਰਕੌਟਿਕਜ਼ ਹੈ। ਨਾਰਕੌਟਿਕਜ਼ ਅਜਿਹੀ ਡਰੱਗ਼ਜ਼ ਨੂੰ ਕਹਿੰਦੇ ਹਨ ਜਿਸਦੀ ਸਹਾਇਤਾ ਨਾਲ ਦਿਮਾਗ ਦੀ ਕਾਰਜ ਪ੍ਰਣਾਲੀ ਰੋਕੀ ਜਾਂਦੀ ਹੈ ਅਤੇ ਕੇਂਦਰੀ ਨਰਵਸ ਸਿਸਟਮ ਨੂੰ ਸ਼ਾਂਤ ਕੀਤਾ ਜਾਂਦਾ ਹੈ। ਇਸ ਨਾਲ ਦਰਦ ਨੂੰ ਦਬਾਇਆ ਜਾਂਦਾ ਹੈ। ਕਾਨੂੰਨੀ ਤੌਰ ਤੇ ਕੋਕੀਨ ਨੂੰ ਨਾਰਕੋਟਿਕਜ਼ ਮਿਥਿਆ ਗਿਆ ਹੈ।
ਡਾਕਟਰੀ ਪਰਯੋਗ ਲਈ ਡਰੱਗ਼ਜ਼ ਦੀ ਆਮ ਵਰਤੋਂ ਕੀਤੀ ਜਾਂਦੀ ਹੈ। ਨਾਰਕੋਟਿਕਜ਼ ਵਿੱਚ ਅਫੀਮ, ਮੌਰਫਾਈਨ, ਹੈਰੋਇਨ ਅਤੇ ਕੋਡੀਨ ਆਉਂਦੀ ਹੈ। ਕੱਚੀ ਅਫੀਮ, ਪੋਸਤ ਭਾਵ ਪੌਪੀ ਤੋਂ ਬਣਦੀ ਹੈ। ਮੌਰਫੀਨ, ਅਫੀਮ ਦੀ ਅਲਕਲਾਈਡ ਹੈ। ਹੈਰੋਇਨ, ਮੌਰਫਿਨ ਤੋਂ ਪਰਾਪਤ ਕੀਤੀ ਜਾਂਦੀ ਹੈ। ਹੈਰੋਇਨ ਨਾਲ ਦਿਮਾਗ ਨੂੰ ਚੰਗਾ ਹੋਣ ਦਾ ਝੌਲਾ ਪੈਂਦਾ ਹੈ ਅਤੇ ਸਹਿਣ ਸ਼ਕਤੀ ਤੇਜ਼ੀ ਨਾਲ ਵੱਧਦੀ ਹੈ। ਕੋਡੀਨ (ਦਰਦ ਦੀ ਦਵਾ) ਵੀ ਮੌਰਫਿਨ ਤੋਂ ਹੀ ਬਣਦੀ ਹੈ। ਲੈਬਾਰਟਰੀ ਵਿੱਚ ਗ਼ੈਰ-ਕੁਦਰਤੀ ਢੰਗ (ਸਿਨਥੈਟਿਕ ਤੌਰ ਤੇ) ਨਾਲ ਤਿਆਰ ਕੀਤੀ ਜਾਣ ਵਾਲੀ ਨਾਰਕੌਟਿਕਜ਼ ਵਿੱਚ ਪੈਥੀਡਾਈਨ ਅਤੇ ਮੈਥਾਡੋਨ ਪ੍ਰਸਿੱਧ ਹਨ। ਹੈਰੋਇਨ ਅਤੇ ਮੌਰਫਿਨ ਦੇ ਅਮਲੀਆਂ ਦੇ ਸੁਧਾਰ ਲਈ ਮੈਥਾਡੋਨ ਦਾ ਪ੍ਰਯੋਗ ਕੀਤਾ ਜਾਂਦਾ ਹੈ।
ਦੂਜੇ ਕਿਸਮ ਦੀ ਡਰੱਗ਼ਜ਼ ਉਤੇਜਨਾ ਦੇਣ ਵਾਲੀ ਭਾਵ 'ਸਟਿਮੂਲੈਂਟਸ' ਹੈ।ਇਹ ਦਿਮਾਗ ਅਤੇ ਨਰਵਸ ਸਿਸਟਮ ਨੂੰ ਸਿੱਧੀ ਉਤੇਜਨਾ ਦੇਣ ਵਾਲੀਆਂ ਡਰਗ਼ਜ਼ ਹਨ। ਇਹਨਾਂ ਨੂੰ 'ਪੈਪ-ਪਿਲਜ਼' ਵੀ ਕਿਹਾ ਜਾਂਦਾ ਹੈ। ਇਹਨਾਂ ਦਾ ਪ੍ਰਭਾਵ ਟੌਨਿਕ ਵਾਲਾ ਹੁੰਦਾ ਹੈ ਅਤੇ ਇਹ ਜਾਗ੍ਰਿਤ ਅਵਸਥਾ ਅਤੇ ਚੁਸਤੀ ਪੈਦਾ ਕਰਦੀਆਂ ਹਨ।ਐਂਫੀਟੇਮਾਈਨਜ਼ 1930 ਵਿੱਚ ਖੋਜੀ ਗਈ। ਮਿਥਾਈਲ ਐਂਫੀਟੇਮਾਈਨ ਇੰਜੈਕਸ਼ਨ (ਸੂਈਆਂ) ਦੇਣ ਲਈ ਵਰਤਿਆ ਜਾਣ ਵਾਲਾ ਤਰਲ ਪਦਾਰਥ ਹੈ। ਡਿਨਮੈਟਰਾਜੀਨ, ਐਂਫੀਟੇਮਾਈਨਜ਼ ਵਰਗਾ ਹੀ ਪ੍ਰਭਾਵ ਰੱਖਦਾ ਹੈ ਪਰ ਬਰਤਾਨੀਆ ਵਿੱਚ ਇਸਦੀ ਵਰਤੋਂ ਭੁੱਖ ਰੋਕਣ ਅਤੇ ਭਾਰ ਘਟਾਉਣ ਲਈ ਕੀਤੀ ਜਾਂਦੀ ਹੈ।
'ਕੋਕੇਨ' ਤੇ 'ਖਟ' ਵੀ ਇਸ ਹੀ ਕੈਟਾਗਰੀ ਵਿੱਚ ਆਉਂਦੀਆਂ ਹਨ। ਕੋਕੇਨ 1885 ਵਿੱਚ ਲੱਭੀ ਗਈ। ਇਹ ਕੋਕਾ ਦੇ ਪੱਤਿਆਂ ਤੋਂ ਪਰਾਪਤ ਕੀਤੀ ਜਾਂਦੀ ਹੈ। ਇੱਥੇ ਸ਼ਾਇਦ ਇਹ ਦੱਸਣਾ ਵੀ ਕੁਥਾਂਹ ਨਾ ਹੋਵੇ ਕਿ 'ਪੈਰੂ'ਦੇ ਰਹਿਣ ਵਾਲੇ ਨਸ਼ਾ ਪਰਾਪਤ ਕਰਨ ਲਈ ਕੋਕਾ ਪੌਦੇ ਦੇ ਹਰੇ ਪੱਤੇ ਚੱਬਿਆ ਕਰਦੇ ਸਨ ਅਤੇ ਅੱਜ ਵੀ ਕਰਦੇ ਹਨ। ਇਸਦੇ ਨਾਲ ਹੀ ਉਹ ਆਪਣੇ ਮੁਰਦਿਆਂ ਨੂੰ ਦਫਨਾਉਣ ਸਮੇਂ ਉਹਨਾਂ ਦੇ ਨਾਲ ਹੀ ਕੋਕਾ ਦੇ ਪੱਤੇ ਵੀ ਦੱਬਿਆ ਕਰਦੇ ਸਨ। ਅੱਜਕਲ ਕੋਕਾ ਦੇ ਪੱਤਿਆਂ ਤੋਂ ਇਕ ਤਰ੍ਹਾਂ ਦਾ ਚਿੱਟਾ ਪਾਊਡਰ ਬਣਾ ਕੇ ਵਰਤਿਆ ਜਾਂਦਾ ਹੈ। ਇਸ ਪਾਊਡਰ ਦਾ ਸੁਆਦ ਭਾਵੇਂ ਕੌੜਾ ਹੁੰਦਾ ਹੈ ਪਰ ਇਸ ਦੇ ਪ੍ਰਭਾਵ ਨਾਲ ਮਨੁੱਖ ਦੀ ਉਤੇਜਨਾ ਵਿੱਚ ਵਾਧਾ ਹੁੰਦਾ ਹੈ ਅਤੇ ਮਨੁੱਖ ਆਪਣੇ ਆਪ ਨੂੰ ਪਹਿਲਾਂ ਨਾਲੋਂ ਵੱਧ ਤਾਕਤਵਰ ਅਨੁਭਵ ਕਰਦਾ ਹੈ। ਮਨੁੱਖ ਨਿਰਭੈਤਾ ਨਾਲ ਬਹੁਤਾ ਬੋਲਣਾ ਆਰੰਭ ਦਿੰਦਾ ਹੈ। ਇੰਝ ਹੀ ਕੋਕੇਨ ਨਾਲ ਮਿਲਦੀ ਜੁੱਲਦੀ ਇੱਕ ਹੋਰ ਬੂਟੀ 'ਕਾਥਾ ਐਡੂਲਿਸ' ਦੀ ਵਰਤੋਂ ਅਫਰੀਕਾ ਅਤੇ ਅਰੇਬੀਆ ਵਿੱਚ ਵੀ ਕੀਤੀ ਜਾਂਦੀ ਹੈ। ਕੋਕੇਨ ਵਾਂਗ ਹੀ, ਇਸ ਪੌਦੇ ਦੇ ਪੱਤੇ ਚਬਾਏ ਜਾਂਦੇ ਹਨ। ਇਸਦਾ ਪ੍ਰਭਾਵ ਵੀ ਸਰੀਰਕ ਤਾਕਤ ਵਿੱਚ ਵਾਧੇ ਵਜੋਂ, ਚੌਕੰਨਤਾ, ਭੁੱਖ ਅਤੇ ਥਕੇਵੇਂ ਤੋਂ ਮੁਕਤੀ ਵਰਗੀ ਭਾਵਨਾ ਵਾਲਾ ਹੀ ਹੁੰਦਾ ਹੈ।
ਤੀਜੀ ਕਿਸਮ ਦੀਆ ਡਰੱਗ਼ਜ਼ ਨੀਂਦ ਜਾਂ ਬੇਹੋਸ਼ੀ ਲਈ ਦੇਣ ਵਾਲੀਆਂ ਹੁੰਦੀਆਂ ਹਨ। ਪਹਿਲੀ 'ਬਾਰਬੀਟੀਊਰੇਟਸ' 1903 ਵਿੱਚ ਲੈਬੌਰਟਰੀ ਵਿੱਚ ਤਿਆਰ ਕੀਤੀ ਗਈ। ਹੁਣ ਤੱਕ 2000 ਤੋਂ ਵੀ ਵੱਧ ਕਿਸਮਾਂ ਦੀਆਂ 'ਬਾਰਬੀਟੀਊਰੇਟਸ' ਤਿਆਰ ਕੀਤੀਆਂ ਜਾ ਚੁੱਕੀਆਂ ਹਨ। ਡਾਕਟਰੀ ਵਰਤੋਂ ਵਿੱਚ ਅਜ ਵੀ ਇਹਨਾਂ ਵਿੱਚੋਂ ਤੀਹ ਦੇ ਕਰੀਬ ਆ ਰਹੀਆਂ ਹਨ।
ਚੌਥੀ ਕਿਸਮ ਦੀਆਂ ਡਰੱਗ਼ਜ਼ ਸਾਧਾਰਨ ਸ਼ਾਂਤੀ ਦੇਣ ਲਈ (ਭਾਵ ਮਾਈਨਰ ਟਰੈਂਕੂਲਾਈਜ਼ਰ) ਹਨ। ਲਿਬਰੀਅਮ, ਵੇਲੀਅਮ ਤੇ ਸੈਰੇਨਿਡ-ਡੀ ਇਸ ਹੀ ਸ਼੍ਰੇਣੀ ਦੀਆਂ ਹਨ। ਮੈਪਰੋਬੇਮੇਟ ਨੂੰ ਚਿੰਤਾ ਰੋਗ ਲਈ ਵਰਤਿਆ ਜਾਂਦਾ ਹੈ।
ਪੰਜਵੀਂ ਕਿਸਮ ਦੀ ਡਰਗ਼ਜ਼ ਸੋਚ ਨੂੰ ਮਰੋੜਨ-ਤੋੜਨ ਵਾਲੀ ਸ਼ਕਤੀ ਰੱਖਦੀ ਹੈ। ਸੂਝ ਉਤੇ ਇਸਦਾ ਪ੍ਰਭਾਵ ਇੰਝ ਪੈਂਦਾ ਹੈ ਕਿ ਮਨੁੱਖ 'ਮੂਡੀ' ਬਣ ਕੇ ਸੁਪਨਈ ਸੰਸਾਰ ਵਿੱਚ ਪੁੱਜਦਿਆਂ ਵੱਖ ਵੱਖ ਕਿਸਮ ਦੀਆਂ ਸੋਝੀਆਂ, ਵਰਤਾਰਿਆਂ ਅਤੇ ਪਰਛਾਵਿਆਂ ਦਾ ਅਨੁੱਭਵ ਕਰਦਾ ਹੈ। ਐਲਐਸਡੀ,ਮੈਸਕੇਲਾਈਨ,ਸਾਈਲੋਸੋਬਿਨ,ਕੇਨੇਬਿਸ (ਭੰਗ), ਆਦਿ ਇਸ ਹੀ ਸ਼੍ਰੇਣੀ ਦੀਆਂ ਡਰੱਗ਼ਜ਼ ਹਨ।ਕੈਨੇਬਿਸ (ਭੰਗ) ਸਭ ਤੋਂ ਜ਼ਿਆਦਾ ਦੁਰਵਰਤੋਂ ਵਿੱਚ ਆ ਰਹੀ ਹੈ। ਬਰਤਾਨੀਆ ਵਿੱਚ ਹੁਣ ਇਸਦੀ ਸਾਧਾਰਨ ਜਿਹੀ ਵਰਤੋਂ ਨੂੰ ਅੱਖੋਂ ਉਹਲੇ ਕਰਨ ਦੀ ਸਿਫਾਰਸ਼ ਕਰਦਿਆਂ ਪੁਲਸ ਨੂੰ ਛੋਟ ਦਿੱਤੀ ਗਈ ਹੈ ਕਿ ਉਹ ਕੈਨੇਬਿਸ ਨੂੰ ਦੂਜੀਆਂ ਡਰਗ਼ਜ਼ ਦੇ ਮੁਕਾਬਲੇ ਭਾਵੇਂ ਨਿਗੁਣਾ ਜਿਹਾ ਅਪਰਾਧ ਸਮਝਣ। ਕੈਨੇਬਿਸ ਨੂੰ ਹੀ ਹੈਸ਼ਹਿਸ਼, ਮਾਰਿਓਆਨਾ, ਇੰਡੀਅਨ ਹੈਂਪ, ਭੰਗ, ਗਾਂਜਾ, ਡਾਗਾ ਤੇ ਕਿਡ ਵੀ ਕਹਿੰਦੇ ਹਨ। ਇਸਦੇ ਸਲੈਂਗ ਭਾਵ ਵਿਗੜੇ ਹੋਏ ਨਾਂ 'ਰੀਫਰ', 'ਟੀ' ਅਤੇ ਬਰਤਾਨੀਆ ਵਿੱਚ 'ਪੌਟ' ਵੀ ਹੈ।
ਕੈਨੇਬਿਸ ਨੂੰ ਸਿਗਰਟ ਵਾਂਗ ਪੀਤਾ ਜਾ ਸਕਦਾ ਹੈ। ਉਂਝ ਤਰਲ ਬਣਾ ਕੇ ਵੀ ਪੀਣ ਲਈ ਵਰਤਿਆ ਜਾਂਦਾ ਹੈ। ਹੋਰ ਤਾਂ ਹੋਰ ਸਰੀਰ ਤੇ ਵੀ ਮਲਿਆ ਜਾਂਦਾ ਹੈ। ਪੰਜਾਬ ਅਤੇ ਭਾਰਤ ਦੇ ਹੋਰ ਕਈ ਸੂਬਿਆਂ ਵਿੱਚ ਭੰਗ ਘੋਟ ਕੇ ਪੀਤੀ ਜਾਂਦੀ ਹੈ ਜਾਂ ਇਸਦੇ ਪਕੌੜੇ ਬਣਾ ਕੇ ਖਾਧੇ ਜਾਂਦੇ ਹਨ।
ਗਾਂਜੇ ਦੀ ਵਰਤੋਂ ਕਰਨ ਵਾਲਾ ਇੰਝ ਅਨੁਭੱਵ ਕਰਦਾ ਹੈ ਜਿਵੇਂ ਕਿ ਉਸਨੇ ਕੋਈ ਖੋਜ ਕਰ ਲਈ ਹੋਵੇ ਪਰ ਉਹ ਆਪਣੀ ਲੱਭਤ ਨੂੰ ਕੋਈ ਠੋਸ ਰੂਪ ਨਹੀਂ ਦੇ ਪਾਉਂਦਾ। ਉਹ ਇਕ ਤਰ੍ਹਾਂ ਨਾਲ ਆਪੂੰ ਧੋਖਾ ਖਾਂਦਿਆਂ ਸੁਪਨਿਆਂ ਦਾ ਆਨੰਦ ਪਰਾਪਤ ਕਰਦਾ ਹੈ।
ਛੇਵੀਂ ਸ਼੍ਰੇਣੀ 'ਟਰੈਂਕੂਲਾਈਜ਼ਰਜ਼' ਦੀ ਹੈ। ਫੈਨੋਥਿਆਜ਼ਾਈਂਨਜ਼, ਬਿਊਟਰੋਡਿਨੋਨਜ਼ ਅਤੇ ਰਾਉਲਫੀਆ ਇਸ ਕਿਸਮ ਦੀਆਂ ਡਰੱਗ਼ਜ਼ ਹਨ।
ਸਤਵੀਂ ਕਿਸਮ 'ਐਂਟੀਡਿਪਰੈਸਿੰਟ' ਦੀ ਹੈ। ਇਸ ਦੀ ਆਮ ਜਿਹੀ, ਡਾਕਟਰੀ ਦੇਖਭਾਲ ਅਧੀਨ, ਲੋੜੀਂਦੀ ਵਰਤੋਂ ਕਰਨ ਵਾਲਾ, ਇਸ ਉਤੇ ਸਦ-ਨਿਰਭਰ ਰਹਿਣ ਦਾ ਆਦੀ ਨਹੀਂ ਬਣਦਾ। ਉਦਾਸੀ/ਚਿੰਤਾ ਇੱਕ ਆਮ ਬਿਮਾਰੀ ਹੈ ਅਤੇ ਇਸਦਾ ਇਲਾਜ ਇਹਨਾਂ ਡਰਗ਼ਜ਼ ਨਾਲ ਕੀਤਾ ਜਾਂਦਾ ਹੈ।
ਅੱਠਵੀਂ ਕਿਸਮ ਦੀ ਡਰਗ਼ਜ਼ 'ਅਲਕੋਹਲ' ਹੈ। ਕੀ ਪੱਛਮ ਅਤੇ ਕੀ ਪੂਰਬ, ਸੰਸਾਰ ਦੇ ਲਗਪਗ ਸਾਰੇ ਹੀ ਦੇਸ਼ ਅਤੇ ਉਹਨਾਂ ਦੇ ਵਾਸੀ 'ਸ਼ਰਾਬ' ਨੂੰ ਇੱਕ ਸਭਿਅਕ ਲੋੜ ਵਜੋਂ ਪਰਵਾਨ ਕਰਦੇ ਨਜ਼ਰ ਆਉਂਦੇ ਹਨ। ਪਹਿਲੀਆਂ ਦਰਸਾਈਆਂ ਸਾਰੀਆਂ ਹੀ ਡਰੱਗ਼ਜ਼ ਵਿੱਚੋਂ 'ਅਲਕੋਹਲ' ਇਸ ਕਾਰਨ ਵੱਖਰੀ ਹੈ ਕਿ ਨਾ ਤਾਂ ਇਹ ਗ਼ੈਰ-ਕਾਨੂੰਨੀ ਹੀ ਅਤੇ ਨਾ ਹੀ ਇਸ ਉਤੇ ਕੋਈ ਮੈਡੀਕਲ ਕੰਟਰੋਲ ਹੀ ਹੈ। ਹਾਂ ਕਹਿਣ ਨੂੰ ਭਾਵੇਂ ਕੁਝ ਇੱਕ ਮੁਸਲਮ ਦੇਸ਼ਾਂ ਵਿੱਚ 'ਅਲਕੋਹਲ' ਭਾਵ 'ਸ਼ਰਾਬ' ਦੀ ਮਨਾਹੀ ਹੈ। 'ਅਲਕੋਹਲ' ਦਾ ਸਮੁੱਚਾ ਅੰਤਿਮ ਪ੍ਰਭਾਵ ਉਦਾਸੀ ਵਾਲਾ ਹੈ। ਉਂਝ ਭਾਵੇਂ ਪੀਣ ਵਾਲੇ ਆਪਣੀ ਉਦਾਸੀ ਦੂਰ ਕਰਨ ਲਈ ਹੀ ਪੀਂਦੇ ਕਹੇ ਜਾਂਦੇ ਹਨ। ਥੋੜੀ ਮਾਤਰਾ ਵਿੱਚ ਪੀਤੀ ਹੋਈ ਸ਼ਰਾਬ ਉਤਸਾਹਤ ਵੀ ਕਰ ਸਕਦੀ ਹੈ। ਇਸ ਵਿੱਚ 'ਨਾਰਕੋਟਿਕਜ਼' ਵਾਲੀਆਂ ਖੂਬੀਆਂ ਹਨ।
ਹੋਰ ਵੀ ਬਹੁਤ ਸਾਰੀਆਂ ਨਵੀਆਂ ਡਰੱਗ਼ਜ਼ ਵਰਤੋਂ ਵਿੱਚ ਹਨ। ਇਹ ਸੰਖੇਪ ਜਿਹਾ ਵੇਰਵਾ ਦੇਣ ਦਾ ਮੰਤਵ ਇਹੋ ਹੀ ਹੈ ਕਿ ਇਹਨਾਂ 'ਡਰੱਗ਼ਜ਼' ਦੀ ਡਾਕਟਰੀ ਅਹਿਮੀਅਤ ਨੂੰ ਸਮਝਿਆ ਜਾ ਸਕੇ। ਆਮ ਅਤੇ ਗੰਭੀਰ ਬਿਮਾਰੀ ਸਮੇਂ, ਸਰੀਰ ਦੀ ਚੀਰ-ਫਾੜ ਕਰਨ ਅਤੇ ਭਿਆਨਕ ਬਿਮਾਰੀਆਂ ਦੇ ਨਤੀਜੇ ਵਜੋਂ ਸਰੀਰ ਦੀ ਅਸਹਿ ਪੀੜਾ ਦੂਰ ਕਰਨ ਲਈ, ਇਹ ਸਾਰੇ ਡਰੱਗ਼ਜ਼, ਮਨੁੱਖ ਨੂੰ ਪੀੜ ਮੁੱਕਤ ਕਰਨ ਵਿੱਚ ਸਹਾਈ ਹੋ ਸਕਦੇ ਹਨ। ਪਰ ਜੇਕਰ ਮਨੁੱਖ ਪਹਿਲਾਂ ਹੀ ਇਹਨਾਂ 'ਡਰਗ਼ਜ਼' ਦਾ ਆਦੀ ਹੋਵੇ ਤਾਂ ਫਿਰ ਉਸਦੀ ਲੋੜੀਂਦੀ ਡਾਕਟਰੀ ਸਹਾਇਤਾ ਵਿੱਚ ਵਿਘਨ ਪੈਣ ਦੀ ਸੰਭਾਵਨਾ ਹੈ। ਇਸੇ ਹੀ ਕਾਰਨ ਹੀ ਆਮ ਕਰਕੇ 'ਡਰੱਗ਼ਜ਼' ਨੂੰ ਕਿਸੇ ਵਿਸ਼ੇਸ਼ ਪ੍ਰਬੰਧ ਹੇਠ ਕਰਨ ਲਈ ਸੰਸਾਰ ਪੱਧਰ ਤੇ ਸਮੇਂ ਸਮੇਂ ਸਿਰ ਯਤਨ ਹੁੰਦੇ ਰਹੇ ਹਨ ਅਤੇ ਅੱਜ ਵੀ ਹੋ ਰਹੇ ਹਨ।
ਡਰਗ਼ਜ਼ ਦੀ ਦੁਰਵਰਤੋਂ ਅਤੇ ਕੰਟਰੋਲ ਲਈ ਯਤਨ:
ਮਨੁੱਖ ਦੀ ਨਿੱਜੀ ਸੋਚ ਉਤੇ ਹੀ ਨਿਰਭਰ ਹੈ ਕਿ ਉਹ ਡਰੱਗ਼ਜ਼ ਨੂੰ ਮਨੁੱਖ ਦੀ ਹੋਂਦ ਲਈ ਕਿਵੇਂ ਅਤੇ ਕਿੰਨਾ ਕੁ ਲਾਹੇਵੰਦ ਸਮਝਦਾ ਹੈ। ਗੱਲ ਤਾਂ ਸੰਦਰਭ ਦੀ ਹੈ। ਜੇਕਰ ਮੈਡੀਕਲ ਸਾਇੰਸ ਦੇ ਘੇਰੇ ਅੰਦਰ ਰਹਿੰਦਿਆਂ ਮਨੁੱਖ ਦੀਆਂ ਖਤਰਨਾਕ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਡਰੱਗ਼ਜ਼ ਦੀ ਗੱਲ ਕਰਦੇ ਹਾਂ ਤਾਂ ਨਿਰਸੰਦੇਹ ਇਹ ਲਾਹੇਵੰਦੀਆਂ ਹਨ। ਪਰ ਜਦੋਂ ਡਰੱਗ਼ਜ਼ ਦੀ ਵਰਤੋਂ ਨਸ਼ੇ ਲਈ ਕੀਤੀ ਜਾਵੇ ਤਾਂ ਇਹ ਹਾਨੀਕਾਰਕ ਹੁੰਦੀਆਂ ਹਨ।'ਡਰੱਗ਼ਜ਼' ਦੀ ਦੁਰਵਰਤੋਂ ਹੋਣ ਕਾਰਨ ਹੀ ਡਰੱਗ਼ਜ਼ ਉਤੇ ਕੰਟਰੋਲ ਕਰਨ ਲਈ ਵੀ ਚਿਰਾਂ ਤੋਂ ਯਤਨ ਹੁੰਦੇ ਆ ਰਹੇ ਹਨ।
'ਡਰੱਗ਼ਜ਼ ਇਨ ਮਾਡਰਨ ਸੁਸਾਇਟੀ' ਦਾ ਕਰਤਾ ਡਾਕਟਰ ਨਾਰਮਨ ਇਮਲਾਹ ਇੱਕ ਬਹੁਤ ਹੀ ਪਤੇ ਦੀ ਗੱਲ ਕਹਿੰਦਾ ਹੈ: 'ਅੱਜ ਦੇ ਯੁੱਗ ਵਿੱਚ ਦਿਮਾਗੀ ਤੌਰ ਤੇ ਬਿਮਾਰ ਲੋਕਾਂ ਦੀ ਆਰੋਗਤਾ ਲਈ ਡਰੱਗ਼ਜ਼ ਨੇ ਬਹੁਤ ਵੱਡਾ ਹਿੱਸਾ ਪਾਇਆ ਪਰ ਇਸਦੇ ਨਾਲ ਹੀ ਸਦੀਆਂ ਤੋਂ ਹੀ ਡਰੱਗ਼ਜ਼ ਦੀ ਦੁਰਵਰਤੋਂ ਨੇ ਸੰਸਾਰ ਭਰ ਦੇ ਲੋਕਾਂ ਵਿੱਚ ਦੁੱਖ ਵੀ ਵਧਾਏ ਹਨ।'
ਡਰੱਗ਼ਜ਼ ਉਤੇ ਇੱਕ ਹੋਰ ਅਥਾਰਟੀ ਪ੍ਰੋਫੈਸਰ ਕੈਂਪਸ ਕਹਿੰਦਾ ਹੈ: 'ਡਰੱਗ਼ਜ਼ ਰੋਗੀਆਂ ਨੂੰ ਆਰੋਗੀ ਅਤੇ ਆਰੋਗੀਆਂ ਨੂੰ ਰੋਗੀ ਬਣਾਂਉਂਦਾ ਹੈ।' ਦਰਅਸਲ ਇਹ ਗੱਲ ਵੀ ਸਹੀ ਹੀ ਹੈ ਕਿ ਡਰੱਗ਼ਜ਼ ਅਤੇ ਜ਼ੁਰਮ ਵਿਚਕਾਰ 'ਦਾਮਨ-ਚੋਲੀ' ਦਾ ਸਾਥ ਹੈ। ਇਹ 'ਦਾਮਨ-ਚੋਲੀ' ਦਾ ਸਾਥ ਸੰਸਾਰ ਦੇ ਲਗਪਗ ਸਾਰਿਆਂ ਹੀ ਦੇਸ਼ਾਂ ਦੇ ਸਮਾਜਾਂ ਨੇ ਘੱਟ ਜਾਂ ਵੱਧ ਦਿੱਤਾ ਹੈ ਅਤੇ ਸ਼ਾਇਦ ਅਗ੍ਹਾਂ ਨੂੰ ਵੀ ਉਨਾਂ ਚਿਰ ਦਿੰਦੇ ਹੀ ਰਹਿਣ ਜਦ ਤੱਕ ਕਿ ਉਹ ਪੂਰੀ ਤਰ੍ਹਾਂ ਜਾਗਿਰਤ ਨਹੀਂ ਹੋ ਜਾਂਦੇ।
ਡਰੱਗਜ਼ ਦੀ ਪੁਰਾਤਨ ਵਰਤੋਂ:
ਜੀਸਸ ਕ੍ਰਾਈਸਟ ਦੀ ਆਮਦ ਤੋਂ ਪੰਜ ਹਜ਼ਾਰ ਸਾਲ ਪਹਿਲਾਂ ਵੀ ਅਫ਼ੀਮ ਦੀ ਵਰਤੋਂ 'ਸਮੇਰੀਟਨਜ਼' ਨੇ ਕੀਤੀ। ਪੰਜਵੀਂ ਸਦੀ ਵਿੱਚ ਹਿਰੌਡਿਟਸ ਨੇ ਮਿਸਰ ਵਿਚ ਅਫ਼ੀਮ ਦੀ ਵਰਤੋਂ ਕੀਤੀ।
ਅਫ਼ੀਮ ਅਤੇ ਹੈਸ਼ਹਿਸ਼ ਦੀ ਵਰਤੋਂ ਸਬੰਧੀ ਜ਼ਿਕਰ ਮਿਥਿਆ ਕਹਾਣੀਆਂ ਵਿੱਚ ਵੀ ਮਿਲਦਾ ਹੈ। ਇਹ ਦਾਅਵਾ ਵੀ ਕੀਤਾ ਜਾਂਦਾ ਹੈ ਕਿ ਇਹ ਹੀ ਉਹ ਡਰੱਗ ਹੈ ਜਿਸ ਦੀ ਵਰਤੋਂ 'ਹੈਲਨ ਆਫ਼ ਟਰੌਏ' ਵਿੱਚ ਕੀਤੀ ਗਈ। ਅਸਹਿ ਪੀੜ ਨੂੰ ਸਹਿਣਯੋਗ ਬਣਾਉਣ ਲਈ ਇਸਦੀ ਵਰਤੋਂ ਸ਼ਰਾਬ ਵਿੱਚ ਮਿਲਾਕੇ ਕੀਤੀ ਗਈ। ਸਿੱਟੇ ਵਜੋਂ ਇਸਦਾ ਅਸਰ ਕੁੱਝ ਅਜਿਹਾ ਹੁੰਦਾ ਸੀ ਕਿ ਇਸਦੀ ਵਰਤੋਂ ਕਰਨ ਵਾਲਾ ਮਨੁੱਖ ਦਰਦ ਦੀ ਅਸਹਿ ਤੇ ਅਕਹਿ ਪੀੜ ਵੀ ਦਲੇਰੀ ਨਾਲ ਜਰ ਲੈਂਦਾ ਸੀ। ਜੇਕਰ ਉਸਦੇ ਆਪਣੇ ਪੁੱਤਰ ਜਾਂ ਭਰਾ ਨੂੰ ਹੀ ਉਸਦੇ ਆਪਣੇ ਸਾਹਮਣੇ ਵੱਢ ਕੇ ਟੋਟੇ ਟੋਟੇ ਕਰ ਦਿਤਾ ਜਾ ਰਿਹਾ ਹੋਵੇ ਤਦ ਵੀ ਦੁੱਖ ਕਾਰਨ ਉਸਦੀਆਂ ਗੱਲ੍ਹਾਂ ਤੇ ਇੱਕ ਵੀ ਹੰਝ ਨਾ ਡਿਗਦੀ।
ਗ੍ਰੀਕ ਤੇ ਰੋਮਨ ਵੈਦਾਂ ਨੇ ਵੀ ਡਰੱਗ਼ਜ਼ ਦੀ ਵਰਤੋਂ 'ਆਮ' ਕੀਤੀ। 'ਹਿਪੋਕ੍ਰੇਟਸ' ਨੇ ਪੌਪੀ ਦੇ ਜੂਸ ਦੀ ਵਰਤੋਂ ਪਿਸ਼ਾਬ ਨਾਲ ਸਬੰਧਤ ਬਿਮਾਰੀਆਂ ਲਈ ਕੀਤੀ। ਵਰਜਿਲ ਨੇ ਨੀਂਦ ਲਿਆਉਣ ਲਈ 'ਅਫ਼ੀਮ' ਤੇ ਹੈਸ਼ਹਿਸ਼' ਦੇ ਪ੍ਰਯੋਗ ਸਬੰਧੀ ਜ਼ਿਕਰ ਕੀਤਾ। ਅਰਬੀ ਵਿਉਪਾਰੀ ਅਠਵੀਂ ਸਦੀ ਵਿੱਚ ਅਫ਼ੀਮ ਨੂੰ ਚੀਨ ਲੈ ਕੇ ਗਏ।
ਇੱਕ ਚੀਨੀ ਸਰਜਨ 'ਹੌ ਟੂ' ਨੇ (115-205 ਈਸਵੀ ਵਿੱਚ) ਆਪਰੇਸ਼ਨ ਕਰਨ ਲਈ 'ਮਾ ਡੂ ਸ਼ੌਨ' ਨਾਂ ਦੇ ਡਰੱਗ ਦੀ ਵਰਤੋਂ ਕੀਤੀ। ਦਰਅਸਲ ਇਹ ਡਰੱਗ 'ਕੈਨੇਬਿਸ' ਸੀ। ਕੈਨੇਬਿਸ, ਸੰਘਣੀ ਕੀਤੀ ਹੋਈ ਭੰਗ ਹੀ ਹੈ।
'ਕੋਕੀਨ' ਦਾ ਜ਼ਿਕਰ ਪਹਿਲਾਂ ਵੀ ਕੀਤਾ ਹੈ। ਕੋਕੀਨ, ਕੋਕਾ ਦੇ ਪੱਤਿਆਂ ਤੋਂ ਪਰਾਪਤ ਕੀਤੀ ਜਾਂਦੀ ਹੈ ਪਰ ਇਸ ਸੰਦਰਭ ਵਿੱਚ ਕੁੱਝ ਹੋਰ ਕਹਿਣਾ ਵੀ ਬਣਦਾ ਹੈ। ਪੈਰੂ ਦੇ ਇੰਡੀਅਨਜ਼ (ਭਾਰਤੀ ਨਹੀਂ) ਵਲੋਂ ਮੰਨੀ ਜਾਣ ਵਾਲੀ ਇੱਕ ਦੇਵੀ 'ਇਨਕਾਸ' ਵਲੋਂ ਇਹ ਕੋਕਾ ਦੇ ਪੱਤੇ, ਇੱਕ ਤੋਹਫੇ ਭਾਵ ਭੇਂਟ ਵਜੋਂ ਦਿੱਤੇ ਗਏ ਦੱਸੇ ਜਾਂਦੇ ਹਨ। ਈਸਟ ਅਫ਼ਰੀਕਾ ਦੇ ਸੋਮਾਲੀ ਲੋਕਾਂ ਵਿੱਚ ਕੋਕੀਨ ਨਾਲ ਹੀ ਮਿਲਦੇ-ਜੁਲਦੇ ਇੱਕ ਪੌਦੇ ਦੇ ਪੱਤਿਆਂ ਨੂੰ ਚੱਬਣ ਦਾ ਅਸਰ ਕੋਕੀਨ ਦੇ ਪੱਤਿਆਂ ਵਰਗਾ ਹੀ ਹੈ। ਇਸ ਪੌਦੇ ਨੂੰ 'ਖੱਟ' ਕਹਿੰਦੇ ਹਨ। 'ਖੱਟ' ਵਿੱਚ 'ਐਂਡੀਟੀਮਾਈਨ' ਵਿੱਚਲੇ ਰਸਾਇਣ ਵਾਂਗੁਰ ਹੀ ਇੱਕ ਪਦਾਰਥ ਹੁੰਦਾ ਹੈ।
ਮੈਕਸੀਕੋ ਦੇ ਲੋਕੀਂ 'ਕੈਕਟਸ ਪੇਅਟਲ' (ਥੋਹਰਾਂ) ਤੋਂ ਇੱਕ ਕਿਸਮ ਦਾ ਨਸ਼ਾ ਪਰਾਪਤ ਕਰਦੇ ਹਨ। ਯੂਰਪ ਵਿੱਚ ਇਸਦੀ ਆਮਦ ਪੰਦਰ੍ਹਵੀਂ ਸਦੀ ਵਿੱਚ ਹੋਈ ਅਤੇ 1918 ਵਿੱਚ, ਇਸ ਵਿੱਚੋਂ 'ਮੈਸਕੇਲੀਨ' ਨਾਂ ਦੀ ਡਰੱਗ ਪਰਾਪਤ ਕੀਤੀ ਗਈ।
ਭਾਰਤੀ ਬੂਟੀ 'ਰਾਊਲਫੀਆ ਸਰਪੈਟੀਆ' ਦਾ ਦਿਮਾਗੀ ਬਿਮਾਰੀ ਜਾਂ ਪਾਗਲਪਨ ਉਤੇ ਵਿਸ਼ੇਸ਼ ਅਸਰ ਹੁੰਦਾ ਹੈ। ਭਾਰਤ ਵਿੱਚ ਦਿਮਾਗ ਦੇ 'ਕਮਲ' ਨੂੰ ਸ਼ਾਂਤ ਕਰਨ ਲਈ ਇਸ ਬੂਟੀ ਦੇ ਪੱਤਿਆਂ ਦੀ ਵਰਤੋਂ ਕਈ ਸਦੀਆਂ ਤੱਕ ਹੁੰਦੀ ਰਹੀ। ਭਾਰਤ ਦੇ ਰਿਸ਼ੀਆਂ-ਮੁੰਨੀਆਂ ਅਤੇ ਜੋਗੀਆਂ ਨੇ ਵੀ ਇਸਦੀ ਵਰਤੋਂ ਕੀਤੀ। ਡਾਕਟਰ ਨਾਰਮਨ ਨੇ ਇੱਕ ਟਿੱਪਣੀ ਕਰਦਿਆਂ ਆਖਿਆ ਹੈ ਕਿ ਮਹਾਤਮਾ ਗਾਂਧੀ ਨੇ ਆਪਣੇ ਮਰਨ-ਵਰਤਾਂ ਸਮੇਂ ਇਸ ਹੀ ਬੂਟੀ ਦੀ ਵਰਤੋਂ ਕਰਕੇ ਨਾਮਣਾ ਖੱਟਿਆ। ਇੰਗਲੈਂਡ ਵਿੱਚ ਇਹ ਬੂਟੀ 1952 ਵਿੱਚ ਲਿਆਂਦੀ ਗਈ ਅਤੇ ਬਰਤਾਨੀਆ ਵਿੱਚ ਵੀ ਇਸਦੀ ਵਰਤੋਂ ਅੱਜ ਦਿਮਾਗ ਦੇ ਰੋਗਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ।
ਸਹਿਜੇ ਹੀ ਸਮਝ ਆ ਜਾਂਦੀ ਹੈ ਕਿ ਮੁੱਢ ਕਦੀਮ ਤੋਂ ਹੀ ਡਰੱਗ਼ਜ਼ ਦੀ ਵਰਤੋਂ ਕਿਸੇ ਨਾ ਕਿਸੇ ਰੂਪ ਵਿੱਚ ਮਨੁੱਖ ਦੇ ਭਲੇ ਲਈ ਹੀ ਕੀਤੀ ਗਈ ਹੈ ਭਾਵੇਂ ਕਿ ਕਿਤੇ ਕਿਤੇ ਇਸਦੀ ਵਰਤੋਂ ਨਸ਼ੇ ਲਈ ਵੀ ਹੁੰਦੀ ਰਹੀ ਹੈ। ਪਰ ਮੈਡੀਕਲ ਸਾਇੰਸ ਦੀ ਚਿੰਤਾ ਡਰਗ਼ਜ਼ ਦੀ ਆਮ ਦੁਰਵਰਤੋਂ ਕਾਰਨ ਜ਼ਿਆਦਾ ਵੱਧੀ ਹੈ ਅਤੇ ਸਮੇਂ ਸਮੇਂ ਸਿਰ ਦੁਰਵਰਤੋਂ ਰੋਕਣ ਲਈ ਯਤਨ ਹੁੰਦੇ ਰਹੇ ਹਨ।
ਡਰੱਗ਼ਜ਼ ਕੰਟਰੋਲ ਲਈ ਹੁੰਦੇ ਯਤਨ:
ਆਏ ਦਿਨ ਸਮਾਚਾਰ ਪੱਤਰ ਅਜਿਹੀਆਂ ਖਬਰਾਂ ਨਾਲ ਭਰੇ ਹੋਏ ਮਿਲਦੇ ਹਨ ਕਿ ਡੱਰਗ ਸਮਗਲਰ ਫੜੇ ਗਏ, ਡਰੱਗ ਵੇਚਣ ਵਾਲੇ ਜਾਂ ਡਰੱਗ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਸਜਾਵਾਂ ਮਿਲੀਆਂ। ਅਮਰੀਕਾ ਵਲੋਂ ਅਫਗ਼ਾਨਿਸਤਾਨ ਉਤੇ ਹਮਲੇ ਸਬੰਧੀ ਇਹ ਮੱਦ ਵੀ ਸੁਨਣ ਵਿੱਚ ਆਈ ਹੈ ਕਿ 'ਅਫਗ਼ਾਨਿਸਤਾਨ' ਅਫੀਮ ਦੀ ਕਾਸ਼ਤ ਅਤੇ ਸਮਗਲਿੰਗ ਬੰਦ ਕਰੇ। ਹਾਲਾਂ ਪਿੱਛੇ ਜਿਹੇ ਹੀ ਇੱਕ ਫਿਲਮ ਐਕਟਰ ਤਸਵੀਰ ਦੇ ਫਰੇਮ ਰਾਹੀਂ ਡਰੱਗ ਦੀ ਸਮਗਲਿੰਗ ਕਰਨ ਤੇ ਸਜ਼ਾ ਖਾ ਗਿਆ।
ਹੁਣ ਇੱਕ ਸਰਸਰੀ ਝਾਤ ਉਹਨਾਂ ਯਤਨਾਂ ਉਤੇ ਪਾਉਣੀ ਬਣਦੀ ਹੈ ਜਿਹਨਾਂ ਸਦਕਾ 'ਡਰੱਗ਼ਜ਼' ਉਤੇ ਕੁੱਝ ਪ੍ਰਤੀਬੰਧ ਲਗਾਉਣ ਦੇ ਉਪਰਾਲੇ ਹੋਏ। ਸੰਸਾਰ ਪੱਧਰ ਤੇ ਡਰੱਗ਼ਜ਼ ਉਤੇ ਕਿਸੇ ਕਿਸਮ ਦਾ ਪ੍ਰਤੀਬੰਧ (ਕੰਟਰੋਲ) ਲਾਗੂ ਕਰਨ ਸਬੰਧੀ ਪਹਿਲਾ ਯਤਨ 1912 ਵਿੱਚ 'ਹੇਗ ਕਨਵੈਨਸ਼ਨ' ਦੇ ਰੂਪ ਵਿੱਚ ਹੋਇਆ। ਇਸ ਦਾ ਮੁੱਖ ਮਕਸਦ ਸੀ ਕਿ ਅੰਤਰ-ਰਾਸ਼ਟਰੀ ਤੌਰ ਤੇ 'ਨਾਰਕੋਟਿਕਜ਼' ਦੇ ਆਦਾਨ-ਪ੍ਰਦਾਨ ਉਤੇ ਰੋਕ ਲਗਾਈ ਜਾ ਸਕੇ। ਇਸ ਕਨਵੈਨਸ਼ਨ ਦੀਆਂ ਮਦਾਂ ਇੰਨੀਆਂ ਖੁਲ੍ਹੀਆਂ ਅਤੇ ਅ-ਸਪਸ਼ਟ ਸਨ ਕਿ ਦਸਖਤ ਕਰਨ ਵਾਲਿਆਂ ਉਤੇ ਕਿਸੇ ਕਿਸਮ ਦੀ ਬੱਝ੍ਹਵੀਂ ਸ਼ਰਤ ਨਹੀਂ ਸੀ ਕਿ ਉਹ ਕਿਵੇਂ 'ਨਾਰਕੋਟਿਕਜ਼' ਉਤੇ ਕੰਟਰੋਲ ਕਰਨਗੇ। ਹਾਂ, ਆਮ ਕਿਸਮ ਦੀਆਂ ਕੁੱਝ ਗੱਲਾਂ ਪਰਵਾਨ ਕੀਤੀਆਂ ਗਈਆਂ ਜਿਵੇਂ ਕਿ 'ਹਰ ਦੇਸ਼ ਆਪਣੀ ਵਿੱਤ ਅਨੁਸਾਰ ਕੋਸ਼ਿਸ਼ ਕਰੇਗਾ।' ਬਸ, ਆਰੰਭ ਚੰਗਾ ਸੀ।
ਜਦੋਂ 1914 ਵਿੱਚ ਪਹਿਲੀ ਸੰਸਾਰ ਜੰਗ ਆਰੰਭ ਹੋਈ ਤਾਂ ਛੇ ਦੇਸ਼ 'ਹੇਗ ਕਨਵੈਨਸ਼ਨ' ਦੀਆਂ ਮਦਾਂ ਸਬੰਧੀ ਇੱਕ-ਮੁੱਠ ਹੋਏ। 1920 ਵਿੱਚ 'ਲੀਗ ਆਫ ਨੇਸ਼ਨ' ਦੀ ਪਹਿਲੀ ਬੈਠਕ ਵਿੱਚ ਅਫ਼ੀਮ ਦੀ ਗ਼ੈਰ-ਕਾਨੂੰਨੀ ਵਰਤੋਂ ਸਬੰਧੀ 'ਓਪੀਅਮ ਐਡਵਾਇਜ਼ਰੀ ਕਮੇਟੀ' ਨੀਅਤ ਕੀਤੀ ਗਈ। 1925 ਵਿੱਚ ਅੱਠਾਂ ਮੈਂਬਰ ਦੇਸ਼ਾਂ ਉਤੇ ਨਿਰਭਰ ਪੱਕੇ ਤੌਰ ਉਤੇ ਇੱਕ ਕੰਟਰੋਲ਼ ਬੋਰਡ ਦੀ ਸਥਾਪਨਾ ਕੀਤੀ ਗਈ। 1931 ਵਿੱਚ ਹੋਈ 'ਲਿਮੀਟੇਸ਼ਨ ਕਨਵੈਨਸ਼ਨ' ਦੀ ਮੰਗ ਸੀ ਕਿ ਸਾਰੀਆਂ ਸਬੰਧਤ ਸਰਕਾਰਾਂ 'ਨਾਰਕੋਟਿਕਜ਼ ਡਰੱਗ਼ਜ਼' ਦੀ ਉਪੱਜ ਨੂੰ ਹੱਦ ਅੰਦਰ ਰੱਖਣਗੀਆਂ। 1936 ਵਿੱਚ ਹੋਈ ਚੌਥੀ ਕਨਵੈਨਸ਼ਨ ਨੇ ਗ਼ੈਰ-ਕਾਨੂੰਨੀ ਡਰੱਗ਼ਜ਼ ਦੇ ਆਦਾਨ ਪ੍ਰਦਾਨ ਨੂੰ ਅੰਤਰ-ਰਾਸ਼ਟਰੀ ਢੰਗ ਦਾ ਜ਼ੁਰਮ ਕਰਾਰ ਦਿੱਤਾ। ਦੂਜੀ ਵੱਡੀ ਜੰਗ ਤੋਂ ਬਾਅਦ ਇਸਦੀ ਰੋਕ-ਥਾਮ ਦੀ ਸਾਰੀ ਜ਼ਿਮੇਵਾਰੀ ਨੂੰ ਯੂਨਾਈਟਡ ਨੇਸ਼ਨ ਦੀ 'ਵਰਲੱਡ ਹੈਲਥ ਆਰਗੇਨਾਈਜੇਸ਼ਨ' ਦੇ ਹੱਥ ਦੇ ਦਿੱਤਾ ਗਿਆ।
ਇਸ ਉਪਰੰਤ 1961 ਵਿੱਚ ਇੱਕ ਇੱਕਹਿਰੀ ਕਨਵੈਨਸ਼ਨ ਉਤੇ ਨੀਊਯਾਰਕ ਵਿੱਚ ਦਸਖਤ ਕੀਤੇ ਗਏ। ਇਸਦੀ ਵਰਤੋਂ 1964 ਵਿੱਚ ਆਰੰਭ ਹੋਈ। 'ਪੱਕੇ ਕੰਟਰੋਲ ਬੋਰਡ' ਦੀ ਥਾਂ ਹੁਣ 'ਅੰਤਰ-ਰਾਸ਼ਟਰੀ ਨਾਰਕੋਟਿਕਜ਼ ਬੋਰਡ' ਦੀ ਸਥਾਪਨਾ ਕੀਤੀ ਗਈ। ਇਸ ਕਨਵੈਨਸ਼ਨ ਵਿੱਚ ਇੱਕ ਬੜਾ ਹੀ ਅਹਿਮ ਫੈਸਲਾ ਲਿਆ ਗਿਆ ਕਿ ਗ਼ੈਰ-ਡਾਕਟਰੀ ਵਰਤੋਂ ਤੋਂ ਬਿਨਾਂ ਨਾਰਕੋਟਿਕਜ਼ ਦੀ ਵਰਤੋਂ ਉਤੇ ਸੰਪੂਰਨ ਰੋਕ ਲਾਗੂ ਹੋਵੇ। ਅਫ਼ੀਮ, ਕੋਕਾ ਦੇ ਪੱਤੇ ਅਤੇ ਕੈਨੇਬਿਸ ਦੀ ਗ਼ੈਰ-ਮੈਡੀਕਲ ਵਰਤੋਂ ਕਾਨੂੰਨੀ ਤੌਰ ਉਤੇ ਬੰਦ ਕੀਤੀ ਗਈ। ਇਸ ਨਾਲ ਹੀ ਸੰਸਾਰ ਦੀਆਂ ਵਿਗਿਆਨਕ ਅਤੇ ਡਾਕਟਰੀ ਲੋੜਾਂ ਨੂੰ ਮੁੱਖ ਰੱਖਦਿਆਂ ਕਿੰਨੀ 'ਨਾਰਕੋਟਿਕਜ਼' ਦੀ ਉਪੱਜ ਕੀਤੀ ਜਾਵੇ ਇਸ ਸਬੰਧੀ ਕੋਟਾ ਸਿਸਟਮ ਲਾਗੂ ਕੀਤਾ ਗਿਆ। ਹੈਰੋਇਨ ਅਤੇ ਕੈਨੇਬਿਸ ਨਾਲ ਬਣਦੇ ਹੋਰ ਪਦਾਰਥਾਂ ਉਤੇ ਵੀ ਰੋਕ ਲਗਾਈ ਗਈ। ਪਰ ਬਦਕਿਸਮਤੀ ਨਾਲ ਬਰਤਾਨੀਆ ਇੱਕ ਅਜਿਹਾ ਦੇਸ਼ ਹੈ ਜਿਹੜਾ 'ਵਰਲਡ ਹੈਲਥ ਆਰਗੇਨਾਈਜੇਸ਼ਨ' ਦੀਆਂ ਹੈਰੋਇਨ ਸਬੰਧੀ ਸਿਡਾਰਸ਼ਾਂ ਨੂੰ ਪੂਰੀ ਤਰ੍ਹਾਂ ਮੰਨਣ ਤੋਂ ਇੰਨਕਾਰੀ ਹੈ। ਬਰਤਾਨੀਆ, ਕੈਨੇਬਿਸ ਦੀ ਉਪੱਜ ਨੂੰ ਵੀ ਸਿੱਧੇ-ਅਸਿੱਧੇ ਢੰਗ ਨਾਲ ਵਧਾਵਾ ਹੀ ਦਿੰਦਾ ਆ ਰਿਹਾ ਲੱਗਦਾ ਹੈ।
ਬਰਤਾਨਵੀ ਸਰਕਾਰ ਡਰੱਗ਼ਜ਼ ਦੇ ਆਦਾਨ-ਪ੍ਰਦਾਨ ਸਬੰਧੀ ਕੁੱਝ ਖਤਰਨਾਕ ਢੰਗ ਦੀ ਹਮਦਰਦੀ ਭਰਿਆ ਵਤੀਰਾ ਅਪਨਾ ਚੁੱਕੀ ਹੈ। ਡਾਕਟਰੀ ਦੇਖ-ਭਾਲ ਅਧੀਨ, ਡਰੱਗ਼ਜ਼ ਦੀ ਵਰਤੋਂ ਕਰਨ ਦੇ ਆਦੀਆਂ ਨੂੰ ਡਰੱਗ਼ਜ਼ ਦਿੱਤੀਆਂ ਜਾਂਦੀਆਂ ਹਨ। ਬਰਤਾਨਵੀ 'ਗ੍ਰਹਿ ਮੰਤ੍ਰਾਲੇ' ਪਾਸ ਡਰੱਗ਼ਜ਼ ਖਾਣ ਵਾਲੇ ਅਮਲੀਆਂ ਦਾ ਇੱਕ ਰਜਿਸਟਰ ਹੈ। 1968 ਤੱਕ ਇਸ ਰਜਿਸਟਰ ਵਿੱਚ ਅਮਲੀਆਂ ਲਈ ਆਪਣੇ ਨਾਮ ਰਜਿਸਟਰ ਕਰਵਾਉਣੇ ਕੋਈ ਜ਼ਰੂਰੀ ਨਹੀਂ ਸਨ। 1968 ਦੇ 'ਡੇਂਜਰੱਸ ਡਰੱਗ਼ਜ਼ ਐਕਟ' ਦੇ ਬਣ ਜਾਣ ਉਪਰੰਤ ਹੈਰੋਇਨ' ਸਬੰਧੀ ਵੀ ਨਰਮੀ ਵਰਤੀ ਗਈ। ਹੁਣ ਡਰੱਗ਼ਜ਼ ਦੇਣ ਲਈ ਕੁਝ ਲਾਇਸੈਂਸ ਸ਼ੁਦਾ ਡਾਕਟਰਾਂ ਨੂੰ ਵਿਸ਼ੇਸ਼ ਮੈਡੀਕਲ ਕੇਂਦਰਾਂ ਵਿੱਚ ਅਧਿਕਾਰ ਦਿੱਤੇ ਗਏ ਹਨ। ਇਹ ਅੰਤਰ-ਰਾਸ਼ਟਰੀ ਕਾਨੂੰਨਾਂ ਦੀ ਸਰਾਸਰ ਉਲੰਘਣਾ ਹੀ ਹੈ।
ਇੱਥੇ ਸ਼ਾਇਦ ਇਹ ਦਸਣਾ ਵੀ ਕੁਥਾਹ ਨਹੀਂ ਹੋਵੇਗਾ ਕਿ 1962 ਵਿੱਚ ਬਰਤਾਨੀਆ ਨੇ 36 ਕਿਲੋਗਰਾਮ ਹੈਰੋਇਨ ਦੀ ਉਪਜ ਕੀਤੀ ਅਤੇ 40 ਕਿਲੋਗਰਾਮ ਦੀ ਖਪਤ ਕੀਤੀ। ਚਾਰ ਕਿਲੋਗਰਾਮ ਹੈਰੋਇਨ ਬਰਤਾਨੀਆ ਵਿੱਚ ਕਿਸੇ ਹੋਰ ਰਸਤੇ ਦਾਖਲ ਹੋਈ। 1964 ਵਿੱਚ 55 ਕਿਲੋ ਦੀ ਉਪਜ ਹੋਈ ਅਤੇ 50 ਕਿਲੋ ਦੀ ਖਪਤ। 1959-1964 ਤੱਕ ਬਰਤਾਨੀਆ ਨੇ ਫਰਾਂਸ, ਬੈਲਜ਼ੀਅਮ, ਹੌਲੈਂਡ ਅਤੇ ਪੁਰਤਗਾਲ ਦੀ ਸਾਂਝੀ ਖੱਪਤ ਨਾਲੋਂ ਚਾਰ ਗੁਣਾਂ ਵੱਧ ਡਰੱਗ਼ਜ਼ ਦੀ ਖਪਤ ਕੀਤੀ।
ਬਰਤਾਨੀਆਂ ਵਿੱਚ ਕੁੱਝ ਡਾਕਟਰਾਂ ਨੇ ਤਾਂ ਸਾਰੀਆਂ ਹੱਦਾਂ ਬੰਨੇ ਹੀ ਉਲੰਘ ਦਿੱਤੇ। 1962 ਵਿੱਚ ਇੱਕ ਡਾਕਟਰ ਨੇ ਹੈਰੋਇਨ ਦੀਆਂ 6000,000 ਗੋਲੀਆਂ ਭਾਵ 6 ਕਿਲੋਗਰਾਮ ਦੇ ਦਵਾਨਾਮੇ ਦਿੱਤੇ। ਇੱਕ ਹੋਰ ਮੌਕੇ ਉਤੇ ਇੱਕ ਡਾਕਟਰ ਨੇ ਇੱਕ ਅਮਲੀ ਨੂੰ 900 ਗੋਲੀਆਂ ਦੀ ਇੱਕ ਪਰਚੀ ਦਿੱਤੀ ਅਤੇ ਫਿਰ ਤਿੰਨ ਦਿਨਾਂ ਬਾਅਦ ਮੁੜ ਉਸੇ ਅਮਲੀ ਨੂੰ 600 ਗੋਲੀਆਂ ਦੀ ਇੱਕ ਹੋਰ ਪਰਚੀ ਦਿੱਤੀ। ਦੋ ਹੋਰ ਡਾਕਟਰਾਂ ਨੇ ਇੱਕੋ ਸਮੇਂ ਹੀ 1000-1000 ਗੋਲੀਆਂ ਦੀ ਇੱਕ ਇੱਕ ਪਰਚੀ ਦਿੱਤੀ। ਅੱਜ ਵੀ ਇਹ ਕ੍ਰਮ ਜਾਰੀ ਹੈ।
ਕਾਨੂੰਨੀ ਰੋਕਾਂ ਜਿੰਨੀਆਂ ਮਰਜ਼ੀ ਲੱਗੀ ਜਾਣ ਪਰ ਅਮਲੀਆਂ ਨੇ ਅਮਲ ਨਹੀਂ ਛੱਡਣਾ ਅਤੇ ਡਰੱਗ਼ਜ਼ ਦੀ ਉਪਜ ਜਾਂ ਸਮਗਲਿੰਗ ਕਰਨੀ ਜਾਂ ਗ਼ੈਰ-ਕਾਨੂੰਨੀ ਢੰਗ ਨਾਲ ਵੇਚਣਾ ਉਸ ਸਮੇਂ ਤੱਕ ਬੰਦ ਨਹੀਂ ਕਰਨਾ ਜਦੋਂ ਤੱਕ ਲੋਕੀਂ 'ਡਰਗ਼ਜ਼' ਦੀ ਮਹੱਤਤਾ ਨੂੰ ਸਮਝਦਿਆਂ ਇਸਦੇ ਖਤਰਨਾਕ ਨਤੀਜਿਆਂ ਤੋਂ ਭਲੀ-ਭਾਂਤਿ ਜਾਣੂੰ ਨਾ ਹੋ ਜਾਣ।
ਬਰਤਾਨੀਆ ਤੋਂ ਬਿਨਾਂ ਹੋਰ ਦੇਸ਼ਾਂ ਵਿੱਚ ਵੀ ਡਰਗ਼ਜ਼ ਸਬੰਧੀ ਸਖ਼ਤ ਕਾਨੂੰਨ ਬਣੇ ਹੋਏ ਹਨ। ਕਈ ਮੁਸਲਮ ਦੇਸ਼ਾਂ ਵਿੱਚ ਤਾਂ ਸਰੀਰ ਦੇ ਅੰਗ ਤੱਕ ਕੱਟੇ ਜਾਣ ਦੀਆਂ ਸਜ਼ਾਵਾਂ ਹਨ। ਅਮਰੀਕਾ ਵਿੱਚ ਸੰਸਾਰ ਦੇ ਹਰ ਕੋਣੇ ਤੋਂ ਡਰੱਗ਼ਜ਼ ਦੀ ਸਮਗਲਿੰਗ ਹੁੰਦੀ ਹੈ। ਡਰੱਗ਼ਜ਼ ਦੀ ਸਮਗਲਿੰਗ ਬੜੀ ਉਚੱੀ ਪੱਧਰ ਤੇ ਹੁੰਦੀ ਹੈ ਅਤੇ ਇਸ ਦਾ ਪ੍ਰਬੰਧ ਅੰਤਰ-ਰਾਸ਼ਟਰੀ ਅਪਰਾਧੀਆਂ ਦੀਆਂ ਸਿੰਡੀਕੇਟਾਂ ਵਲੋਂ ਬੜੀ ਚੌਕਸੀ ਨਾਲ ਕੀਤਾ ਜਾਂਦਾ ਹੈ। ਸਭ ਤੋਂ ਲਾਹੇਵੰਦ ਅਫ਼ੀਮ ਦਾ ਵਿਉਪਾਰ ਹੈ। ਮਿਡਲ ਈਸਟ ਅਤੇ ਪੂਰਬੀ ਦੇਸ਼ਾਂ ਵਿੱਚ ਇਸਦੀ ਉਪਜ ਹੁੰਦੀ ਹੈ ਅਤੇ ਫਿਰ ਕੱਚੀ ਅਫ਼ੀਮ ਨਾਲ ਲੱਗਦੇ ਬਾਹਰਲੇ ਦੇਸ਼ਾਂ ਵਿੱਚ ਪੁੱਜਦੀ ਹੈ ਜਿੱਥੇ ਇਸਨੂੰ ਖੁਰਦਰੀ ਮੌਰਫੀਨ ਵਿੱਚ ਬਦਲਿਆ ਜਾਂਦਾ ਹੈ। ਇਸ ਤਰ੍ਹਾਂ ਅਫ਼ੀਮ ਤੋਂ ਇਸਦਾ ਭਾਰ ਦਸ ਗੁਣਾ ਘੱਟ ਜਾਂਦਾ ਹੈ।ਮੌਰਫੀਨ ਤੋਂ ਹੈਰੋਇਨ ਵਿੱਚ ਤਬਦੀਲੀ ਬਹੁਤ ਹੀ ਕਾਰਾਗਰੀ ਦਾ ਕੰਮ ਹੈ। ਇਸ ਲਈ ਮੌਰਫੀਨ ਨੂੰ ਕਿਸੇ ਹੋਰ ਦੇਸ਼ ਵਿੱਚ ਭੇਜਿਆ ਜਾਂਦਾ ਹੈ ਜਿੱਥੇ ਗੁੱਪਤ ਲੈਬਾਰਟਰੀਆਂ ਵਿੱਚ ਮੌਰਫੀਨ ਨੂੰ ਹੈਰੋਇਨ ਵਿੱਚ ਬਦਲਿਆ ਜਾਂਦਾ ਹੈ। ਉਦਾਹਰਨ ਵਜੋਂ ਇੱਕ ਕਿਆਸ ਹੈ ਕਿ ਸ਼ਾਇਦ ਅਫਗਾਨਿਸਤਾਨ ਜਾਂ ਟਰਕੀ ਤੋਂ ਪਰਾਪਤ ਕੱਚੀ ਅਫੀਮ ਸ਼ਾਇਦ ਲੈਬਨਾਨ ਸਮਗਲ ਕੀਤੀ ਜਾਂਦੀ ਹੋਵੇ ਜਿੱਥੇ ਇਸਨੂੰ ਖੁਰਦਰੀ ਮੌਰਫੀਨ ਵਿੱਚ ਬਦਲ ਕੇ ਮਾਰਸੇਲਜ਼ ਦੀਆਂ ਗੁੱਪਤ ਲੈਬਾਰਟਰੀਆਂ ਵਿੱਚ ਹੈਰੋਇਨ ਵਿੱਚ ਤਬਦੀਲ ਕਰਕੇ ਅਮਰੀਕਾ ਪਹੁੰਚਾਇਆ ਜਾਂਦਾ ਹੋਵੇ।
ਦਰ-ਅਸਲ ਡਰੱਗ਼ਜ਼ ਦੀ ਲੜੀਵਾਰ ਸਮਗਲਿੰਗ ਨੂੰ ਤੋੜਨਾ ਕੋਈ ਸਹਿਜ ਜਾਂ ਸਾਦਾ ਕੰਮ ਨਹੀਂ। ਸੁਆਦ ਰਹਿਤ, ਰੰਗ ਰਹਿਤ, ਸੁਗੰਧ ਰਹਿਤ ਐਲਐਸਡੀ ਦੀ ਤਾਂ ਇੱਕ ਬੂੰਦ ਹੀ ਬਹੁਤ ਪ੍ਰਭਾਵਸ਼ਾਲੀ ਹੈ। ਸਮਗਲਿੰਗ ਕਰਨ ਵਾਲੇ ਤਾਂ ਇਸਨੂੰ ਲਫਾਫੇ ਤੇ ਲੱਗੇ ਡਾਕ-ਟਿਕਟ ਹੇਠਾਂ ਲੱਗੀ ਹੋਈ ਗੂੰਦ ਵਿੱਚ ਹੀ ਸਮਗਲ ਕਰ ਦਿੰਦੇ ਹਨ। ਪੁਲਸ ਹੱਥ ਅਜਿਹੇ ਬੇਗਿਣਤ ਖੱਤ ਆਏ ਹਨ ਜਿਹਨਾਂ ਵਿੱਚ ਲੁਕਾਈ ਹੋਈ ਡਰੱਗ਼ਜ਼ ਮਿਲੀ।
ਡਰੱਗ਼ਜ਼ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਇਸਦੀ ਵਰਤੋਂ ਕਰਨ ਵਾਲਿਆਂ ਨੂੰ ਇਸਦੇ ਖਤਰਨਾਕ ਸਿੱਟਿਆਂ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਇਆ ਜਾਵੇ। ਇਸਦੇ ਨਾਲ ਹੀ ਨਾ ਕੇਵਲ ਅੰਤਰ-ਰਾਸ਼ਟਰੀ ਪੱਧਰ ਤੇ ਹੀ ਸਗੋਂ ਸੰਸਾਰ ਦੇ ਹਰ ਦੇਸ਼ ਦੇ ਹਰ ਇੱਕ ਨਾਗਰਕ ਦੀ ਪੱਧਰ ਤੇ ਵੀ ਡਰੱਗ਼ਜ਼ ਦੀ ਦੁਰਵਰਤੋਂ ਦੀ ਰੋਕਥਾਮ ਲਈ ਸਾਰਥਕ ਅਤੇ ਤਕੜੇ ਯਤਨ ਕਰਨ ਦੀ ਬੇਹੱਦ ਲੋੜ ਹੈ।(ਯੂਨੀਕੋਡ ਚਾਤ੍ਰਿਕ)

e-mail: Likhari


© likhari: Punjabi Likhari Forum-2001-2007