‘ਰੌਸ਼ਨੀ ਦੀ ਭਾਲ’ ਸ਼ਮਸ਼ੇਰ ਸਿੰਘ ਸੰਧੂ ਦਾ ਚੌਥਾ ਗ਼ਜ਼ਲ ਸੰਗ੍ਰਹਿ ਹੈ। ਇਸ ਤੋਂ
ਪਹਿਲਾਂ ਉਹ ਤਿੰਨ ਕਾਵਿ ਪੁਸਤਕਾਂ (‘ਗਾ ਜ਼ਿੰਦਗੀ ਦੇ ਗੀਤ ਤੂੰ’ ਗ਼ਜ਼ਲ ਸੰਗ੍ਰਹਿ,
‘ਜੋਤ ਸਾਹਸ ਦੀ ਜਗਾ’ ਕਾਵਿ ਸੰਗ੍ਰਹਿ ਅਤੇ ‘ਬਣ ਸ਼ੁਆ ਤੂੰ’ ਗ਼ਜ਼ਲ ਸੰਗ੍ਰਹਿ)
ਪੰਜਾਬੀ ਪਾਠਕਾਂ ਦੇ ਸਨਮੁੱਖ ਕਰ ਚੁਕਾ ਹੈ। ਪੰਜਾਬੀ ਪਾਠਕਾਂ ਅਤੇ ਸਰੋਤਾ ਵਰਗ ਨੇ
ਉਸ ਨੂੰ ਭਰਪੂਰ ਹੁੰਗਾਰਾ ਭਰਿਆ। ਰੌਸ਼ਨੀ ਦੀ ਭਾਲ ਗ਼ਜ਼ਲ ਸੰਗ੍ਰਹਿ ਵਿੱਚ ਉਸਨੇ 88
ਗ਼ਜ਼ਲਾਂ ਸ਼ਾਮਲ ਕੀਤੀਆਂ ਹਨ। ਇਨ੍ਹਾਂ ਗ਼ਜ਼ਲਾਂ ਵਿੱਚ ਜ਼ਿੰਦਗੀ ਦੇ ਹਰ ਰੰਗ ਦੇ
ਦਰਸ਼ਨ ਹੁੰਦੇ ਹਨ ਅਤੇ ਹਰ ਮਾਨਵੀ ਸਰੋਕਾਰ ਨਾਲ ਕਾਵਿਕ ਸੰਵਾਦ ਰਚਾਉਣ ਦਾ ਯਤਨ ਕੀਤਾ
ਗਿਆ ਹੈ।
ਗ਼ਜ਼ਲ ਕਾਵਿ
ਰੂਪ ਕਰੜੇ ਵਿਧਾਨ ਵਾਲੀ ਸ਼ੁਧ ਕਾਵਿ ਸਿਨਫ ਹੈ। ਫਾਰਸੀ ਤੋਂ ਉਰਦੂ ਰਾਹੀਂ ਪੰਜਾਬੀ
ਵਿੱਚ ਆਈ ਅਜੋਕੀ ਪੰਜਾਬੀ ਗ਼ਜ਼ਲ ਦਾ ਆਪਣਾ ਇਕ ਨਵੇਕਲਾ ਅਸਤਿਤਵ ਹੈ। ਵੱਖੋ ਵੱਖ
ਵਿਧਾਵਾਂ ਨਿਰੰਤਰ ਆਪਸ ਵਿੱਚ ਆਦਾਨ ਪ੍ਰਦਾਨ ਕਰਦੀਆਂ ਰਹਿੰਦੀਆਂ ਹਨ। ਕੋਈ ਵੀ ਵਿਧਾ
ਪਹਿਲਾਂ ਮਿਥੇ ਤੇ ਬੱਝਵੇਂ ਰਚਨਾਤਮਕ ਦਾਇਰਿਆਂ ਉੱਪਰ ਬਹੁਤੀ ਦੇਰ ਟਿਕ ਨਹੀਂ ਸਕਦੀ
ਅਤੇ ਨਾ ਹੀ ਕੋਈ ਵਿਧਾ ਆਪਣੇ ਰਚਨਾਤਮਕ ਦਾਇਰੇ ਬੰਦ ਕਰਦੀ ਹੈ। ਹਰੇਕ ਵਿਧਾ ਦੀ ਹੋਂਦ
ਇਸ ਗੱਲ ਉੱਪਰ ਨਿਰਭਰ ਕਰਦੀ ਹੈ ਕਿ ਉਹ, ਦੂਸਰੀਆਂ ਵਿਧਾਵਾਂ ਨਾਲ ਅੰਤਰ-ਕਿਰਿਆ ਕਰਦੀ
ਹੋਈ, ਕਿਵੇਂ ਆਪਣੇ ਆਪ ਨੂੰ ਨਿਖਾਰਦੀ ਹੈ ਅਤੇ ਆਪਣੇ ਰਚਨਾਤਮਕ ਦਾਇਰਿਆਂ ਨੂੰ ਵਸੀਹ
ਕਰਦੀ ਰਹਿੰਦੀ ਹੈ। ਪਰ ਅਜਿਹਾ ਕਰਦਿਆਂ ਹਰ ਵਿਧਾ ਆਪਣੀ ਪਰੰਪਰਾ ਨਾਲ ਵੀ ਜੁੜੀ
ਰਹਿੰਦੀ ਹੈ ਅਤੇ ਸਮਕਾਲੀ ਸਮਾਜ ਦੀ ਮਾਨਸਿਕਤਾ ਨੂੰ ਵੀ ਆਪਣਾ ਆਧਾਰ ਬਣਾਉਂਦੀ ਹੈ।
ਅੱਜ ਜੇਕਰ ਪੰਜਾਬੀ ਗ਼ਜ਼ਲ ਪੰਜਾਬੀ ਦਾ ਸਭ ਤੋਂ ਮਕਬੂਲ ਅਤੇ ਸਮਰੱਥ ਕਾਵਿ-ਰੂਪ
ਮੰਨੀਂ ਜਾਂਦੀ ਹੈ ਤਾਂ ਇਸ ਦਾ ਵੱਡਾ ਕਾਰਣ ਇਹ ਹੈ ਕਿ ਪੰਜਾਬੀ ਗ਼ਜ਼ਲ ਨੇ ਹਮੇਸ਼ਾ
ਆਪਣੇ ਰਚਨਾਤਮਕ ਦਾਇਰਿਆਂ ਨੂੰ ਵਸੀਹ ਕਰਨ ਦਾ ਉੱਦਮ ਜਾਰੀ ਰੱਖਿਆ ਅਤੇ ਹਰੇਕ ਮਾਨਵੀ
ਸਰੋਕਾਰ ਨੂੰ ਆਪਣੀ ਸਮਰਥਾ ਅਨੁਸਾਰ ਚਿਤਰਣ ਅਤੇ ਸਿਰਜਣ ਦਾ ਯਤਨ ਜਾਰੀ ਰੱਖਿਆ ਹੈ।
ਇਹੋ ਕਾਰਣ ਹੈ ਕਿ ਇਹ ਮਹਾਂ ਕਾਵਿ ਜਾਂ ਕਿੱਸਾ ਕਾਵਿ ਵਾਂਗ ਬੀਤੇ ਸਮੇਂ ਦੀ ਸ਼ੈ
ਬਣਕੇ ਨਹੀਂ ਰਹਿ ਗਈ ਬਲਕਿ ਸਮੇਂ ਦੀਆਂ ਤਬਦੀਲੀਆਂ ਨਾਲ ਨਜਿੱਠਦੀ ਹੋਈ ਆਪਣਾ ਨਵੇਕਲਾ
ਅਸਤਿਤਵ ਕਾਇਮ ਰੱਖ ਰਹੀ ਹੈ।
ਸ਼ਮਸ਼ੇਰ ਸਿੰਘ
ਸੰਧੂ ਨੇ ਆਪਣੇ ਇਸ ਗ਼ਜ਼ਲ ਸੰਗ੍ਰਹਿ ਵਿੱਚ ਵਿਭਿੰਨ ਕਾਵਿ ਬਹਿਰਾਂ ਦੀ ਵਰਤੋਂ
ਕਰਦਿਆਂ ਅਜੋਕੇ ਮਾਨਵੀ ਸਰੋਕਾਰਾਂ ਨੁੰ ਕਾਵਿਕ ਮੁਹਾਵਰੇ ਰਾਹੀਂ ਸਿਰਜਣ ਅਤੇ
ਵਿਆਖਿਆਉਣ ਦਾ ਸਫਲ ਯਤਨ ਕੀਤਾ ਹੈ ਜੋ ਸੰਧੂ ਦੀ ਤੀਖਣ ਦਰਿਸ਼ਟੀ ਤੇ ਮਾਨਵਵਾਦੀ ਸੋਚ
ਦਾ ਲਖਾਇਕ ਹੈ। ਇਸ ਵਿੱਚ ਸਥਿਤੀਆਂ, ਮਾਨਵ, ਮਨੁੱਖੀ ਰਿਸ਼ਤਿਆਂ ਅਤੇ ਮਾਨਵੀ ਮੁੱਲਾਂ
ਦੀ ਸੁਚੱਜੀ ਪੇਸ਼ਕਾਰੀ ਤਾਂ ਹੈ ਹੀ ਇਹਨਾਂ ਦੇ ਆਰ ਪਾਰ ਦੇਖਕੇ ਇਹਨਾਂ ਨਾਲ ਗੰਭੀਰ
ਸੰਵਾਦ ਰਚਾਉਣ ਦਾ ਯਤਨ ਵੀ ਕੀਤਾ ਗਿਆ ਹੈ।
ਸੰਧੂ ਦੇ ਇਸ
ਗ਼ਜ਼ਲ ਸੰਗ੍ਰਹਿ ਵਿੱਚਲੀਆਂ ਗ਼ਜ਼ਲਾਂ ਵਿੱਚੋਂ ਥਾਂ ਪਰਥਾਂ ਜੰਗ ਵਿਰੋਧੀ ਮਾਨਵਵਾਦੀ
ਦਰਿਸ਼ਟੀਕੋਣ ਉਜਾਗਰ ਹੁੰਦਾ ਹੈ।
ਜੰਗਾਂ ਦਾ
ਇਹ ਕੁਲਹਿਣਾ ਵਧਦਾ ਹੀ ਦੌਰ ਜਾਵੇ
ਕੋਈ ਤੇ ਵਕਤ ਆਵੇ ਇਸ ਨੂੰ ਜੋ ਠੱਲ੍ਹ ਪਾਵੇ।
ਬਾਰੂਦ ਦੇ ਵਪਾਰੀ ਹਰ ਥਾਂ ਤੇ ਮੌਤ ਬੀਜਣ
ਕਿਰਦਾਰ ਸਾਰਿਆਂ ਦਾ ਝੂਠੇ ਮਕਾਰ ਵਰਗਾ।
ਜੰਗਾਂ ਨੇ ਹਰ ਸਮੇਂ ਹੀ ਲੱਖਾਂ ਨੇ ਲੋਕ ਮਾਰੇ
ਲੋਚੇ ਇਹ ਧਰਤ ਮੇਰੀ ਅਮਨਾਂ ਦਾ ਹੁਣ ਸਵੇਰਾ।
ਅਜੋਕੀ ਵਿਸ਼ਵ
ਸਿਆਸਤ ਦੇ ਇਕ ਧਰੁਵੀ ਹੋਣ ਕਾਰਣ, ਤੀਸਰੀ ਦੁਨੀਆਂ ਦੀ ਆਜ਼ਾਦੀ, ਨਿਰਪੱਖ ਨਿਆਂਪੂਰਵਕ
ਆਜ਼ਾਦ ਫੈਸਲੇ ਲੈ ਸਕਣਾ ਆਦਿ ਸੰਦੇਹ ਦੇ ਵਿਸ਼ੇ ਹਨ। ਇਸ ਅਸਾਂਵੀਂ ਸਥਿਤੀ ਵਿੱਚ
ਪੈਦਾ ਹੋਈ ਰਾਜਨੀਤਕ ਹੈਂਕੜ ਨੂੰ ਸੰਧੂ ਦਾ ਕਵੀ ਮਨ ਇਓਂ ਪੇਸ਼ ਕਰਦਾ ਹੈ:
ਵਹਿਸ਼ੀਆਂ
ਦੀ ਕਾਰ ਕਰਕੇ ਫਿਰ ਮਸੀਹਾ ਬਣ ਬਹੇ
ਭਾਸ਼ਨਾਂ ਦੀ ਮਰ੍ਹਮ ਲਾਵੇ ਵਾਂਗ ਢੀਠਾਂ ਮੁਸਕਰਾ।
ਕਰ ਰਿਹਾ ਇਹ ਠਾਣੇਦਾਰੀ ਹਰ ਕਿਸੇ ਹੀ ਦੇਸ਼ ਤੇ
ਤੋੜਣਾ ਲਾਜ਼ਮ ਬੜਾ ਹੈ ਜ਼ੁਲਮ ਦੀ ਜ਼ੰਜੀਰ ਦਾ।
ਸਥਿਤੀਆਂ ਨੂੰ
ਸਮਝਣ ਜਾਂ ਪੇਸ਼ ਕਰਨ ਨਾਲ ਹੀ ਆਦਮੀਂ ਮਾਨਵਵਾਦੀ ਨਹੀਂ ਬਣ ਜਾਂਦਾ, ਅਸਲ ਗੱਲ ਹੈ
ਮਾਨਵਵਿਰੋਧੀ ਵਰਤਾਰੇ ਨੂੰ ਬਦਲਣ ਲਈ ਲੋਕ ਮਨ ਤਿਆਰ ਕਰਨਾ। ਸੰਧੂ ਇਸ ਮਾਨਵਵਿਰੋਧੀ
ਵਰਤਾਰੇ ਨੂੰ ਬਦਲਣ ਲਈ ਇਹ ਹੱਲ ਪੇਸ਼ ਕਰਦਾ ਹੈ:
ਹੈ
ਜ਼ਰੂਰੀ ਦੇਸ਼ ਸਾਰੇ ਸਮਝ ਜਾਵਣ ਬਾਤ ਇਹ
ਵਰਤਨਾ ਹੈ ਬਹੁ ਜ਼ਰੂਰੀ ਏਕਤਾ ਅਕਸੀਰ ਦਾ।
ਜੋ ਵੀ ਜਬਰ ਦੇ
ਖਿ਼ਲਾਫ ਖੜ੍ਹਦਾ ਹੈ, ਮਾਨਵੀ ਹਿੱਤਾਂ ਦੀ ਗੱਲ ਕਰਦਾ ਹੈ, ਮਾਨਵੀ ਹਿੱਤਾਂ ਲਈ
ਕੁਰਬਾਨੀ ਕਰਦਾ ਹੈ, ਮਨੁੱਖ ਦੀ ਆਜ਼ਾਦੀ ਲਈ ਸੰਘਰਸ਼ ਕਰਦਾ ਹੈ, ਉਹ ਸੰਧੂ ਦਾ ਨਾਇਕ
ਹੈ। ਇਸੇ ਲਈ ਸਿੱਖ ਗੁਰੂਆਂ ਅਤੇ ਸਿੱਖ ਸੰਘਰਸ਼ ਵਿੱਚ ਕੁਰਬਾਨ ਹੋਣ ਵਾਲੇ ਯੋਧਿਆਂ,
ਸੂਰਬੀਰਾਂ ਦੇ ਨਾਇਕਤਵ ਨੂੰ ਉਭਾਰਦਿਆਂ ਉਹ ਲਿਖਦਾ ਹੈ:
ਲਾ ਝੜੀ
ਕੁਰਬਾਨੀਆਂ ਦੀ ਲਿਖ ਗਏ ਇਤਹਾਸ ਜੋ
ਜ਼ਾਤ ਮਾਨਵ ਦੇ ਲਈ ਸੀ ਇਕ ਸੁਨੇਹਾਂ ਪਿਆਰ ਦਾ।
ਸਿਰ ਉਠਾਕੇ ਜੀਣ ਲੀ ਨੇ ਲਾਜ਼ਮੀਂ ਕੁਰਬਾਨੀਆਂ
ਸਿਦਕ ਸੰਧੂ ਇਸ ਤਰ੍ਹਾਂ ਹੈ ਰੂਪ ਚੰਡੀ ਧਾਰਦਾ।
ਅਜੋਕੀ ਭਾਰਤੀ
ਗੰਧਲੀ ਸਿਆਸਤ, ਭਰਿਸ਼ਟ ਲੀਡਰਾਂ ਦੇ ਸਵਾਰਥੀ ਰਵੱਈਏ ਅਤੇ ਅੰਦਰ ਖਾਤੇ ਜਨ-ਸਧਾਰਨ
ਵਿਰੋਧੀ ਡੂੰਘੀ ਆਪਸੀ ਸਾਜਿ਼ਸ਼ ਭਰੀ ਸਾਂਝ ਨੇ ਜਨ-ਸਧਾਰਨ ਨੂੰ ਬੇਬਸੀ ਅਤੇ ਨਿਰਾਸ਼ਾ
ਦੇ ਅੰਧਕਾਰ ਵਿੱਚ ਧੱਕ ਦਿੱਤਾ ਹੈ। ਜਨ-ਸਧਾਰਨ ਦੀ ਬੇਬਸੀ ਨੂੰ ਸੰਧੂ ਇਸ ਤਰ੍ਹਾਂ
ਜ਼ੁਬਾਨ ਦੇਂਦਾ ਹੈ:
ਟੋਲੇ
ਠਗਾਂ ਦੇ ਹਰ ਥਾਂ ਫਿਰਦੇ ਨੇ ਦਨਦਨਾਂਦੇ
ਚੋਣਾਂ ‘ਚ ਸਮਝ ਅਪਣਾ ਕਿਸ ਨੂੰ ਕੋ ਵੋਟ ਪਾਏ।
ਕੀਤਾ ਹਲਾਲ ਫੜਕੇ ਲੋਕਾਂ ਨੂੰ ਲੀਡਰਾਂ ਨੇ
ਲੋਕਾਂ ਦਾ ਰਾਜ ਕੈਸਾ ਜਨਤਾ ਪਿਆ ਜੋ ਖਾਏ।
ਲੌਣੇ ਕੀ ਰੰਗ ਇਹਨਾਂ, ਸਾਰੇ ਹੀ ਜਾਣਦੇ
ਪਰ ਇਹ ਗ਼ਰੀਬ ਜਨਤਾ ਦੱਸੋ ਕਿਧਰ ਨੂੰ ਜਾਏ।
ਪਰਵਾਸੀਆਂ ਨੂੰ
ਆਪਣੀ ਮਿੱਟੀ, ਦੇਸ ਅਤੇ ਲੋਕ ਬਹੁਤ ਯਾਦ ਆਉਂਦੇ ਹਨ। ਕਈ ਵਾਰ ਜਦੋਂ ਅਸੀਂ ਕਠੋਰ
ਯਥਾਰਥਕ ਸਥਿਤੀਆਂ ਦਾ ਸਾਹਮਣਾ ਨਹੀਂ ਕਰ ਸਕਦੇ ਤਾਂ ਬੇਬਸੀ ਵਿੱਚ ਇਹ ਮੋਹ, ਯਾਦ,
ਉਦਰੇਂਵੇਂ ਜਾਂ ਭੋਂ-ਹੇਰਵੇ ਵਿੱਚ ਤਬਦੀਲ ਹੋ ਭਾਵਕ-ਪਾਠ ਸਿਰਜਨਾ ਦਾ ਆਧਾਰ ਬਣਦੀ
ਹੈ।
ਮੁੜਕੇ
ਜਦੋਂ ਮੈਂ ਸੋਚਾਂ ਜਾਵਾਂ ਮੈਂ ਦੇਸ ਅਪਣੇ
ਸਾਂਝਾਂ ਦਾ ਮੁੱਕ ਜਾਣਾ ਆਕੇ ਤੇ ਦਿਲ ਤਪਾਵੇ।
ਸਭ ਓਪਰੇ ਨੇ ਹੋਏ ਘਰਬਾਰ ਤੇ ਸਿਆਣੂ
ਏਹੀ ਪਤਾ ਨਾ ਲੱਗੇ ਕਿੱਧਰ ਨੂੰ ਕੋਈ ਜਾਵੇ।
ਵਰਤਮਾਨ ਵਿੱਚ
ਸੁਫਨਿਆਂ ਦੇ ਖੰਡਤ ਹੋ ਜਾਣ ਨਾਲ ਬੇਸ਼ਕ ਆਦਮੀਂ ਯਥਾਰਥ ਬਾਰੇ ਪ੍ਰਪੱਕ ਸੋਝੀ ਦਾ
ਧਾਰਨੀ ਹੋ ਜਾਂਦਾ ਹੈ ਪਰ ਕਈ ਵਾਰ ਆਦਮੀਂ ਦੇ ਨਿਰਾਸ ਹੋਕੇ ਅਤੀਤ ਮੁਖੀ ਹੋਣ ਦੀ
ਸੰਭਾਵਨਾ ਵੀ ਬਣ ਜਾਂਦੀ ਹੈ। ਦਰਅਸਲ ਇਸ ਗੱਲ ਦਾ ਸਬੰਧ ਹਰ ਵਿਅਕਤੀ ਦੀ ਨਵੇਕਲੀ
ਮਾਨਸਿਕ ਬਣਤਰ ਨਾਲ ਹੈ। ਪਰਵਾਸੀਆਂ ਦੀ ਇਸ ਮੋਹ-ਭਾਵੀ, ਅਤੀਤ-ਮੁਖੀ ਬਿਰਤੀ ਨੂੰ
ਸੰਧੂ ਤਬਦੀਲ ਕਰਨਾ ਲੋੜਦਾ ਹੈ। ਉਹ ਕਹਿੰਦਾ ਹੈ:
ਢੋਲੇ
ਅਤੀਤ ਦੇ ਹੀ ਰਹਿੰਦੇ ਅਸੀਂ ਹਾਂ ਗੌਂਦੇ
ਏਥੇ ਨਾ ਸਾਂਝ ਪਾਈਏ ਜਿੱਥੇ ਹੈ ਸਾਡਾ ਵਾਸਾ।
ਜਨ-ਸਾਧਾਰਨ ਦਾ
ਇਥੇ ਕੈਨੇਡਾ ਪ੍ਰਤੀ ਇਸ ਤਰ੍ਹਾਂ ਦਾ ਬੇਲਾਗ ਰਵੱਈਆ ਕਈ ਸੰਸਾਰਕ ਅਤੇ ਮਾਨਸਿਕ
ਮੁਸ਼ਕਲਾਂ ਦਾ ਆਧਾਰ ਹੈ। ਪਰ ਸਥਿਤੀ ਦਾ ਵਿਅੰਗ ਇਹ ਹੈ ਕਿ ਸੰਧੂ ਬੇਸ਼ਕ ਜਨ-ਸਾਧਾਰਨ
ਨੂੰ ਇੱਥੋਂ ਦੀ ਵਿਵਸਥਾ ਨਾਲ ਸਾਂਝ ਪਾਉਣ ਦੀ ਗੱਲ ਕਹਿੰਦਾ ਹੈ, ਪ੍ਰੇਰਦਾ ਹੈ ਪਰ ਆਪ
ਇਸ ਸਾਰੀ ਵਿਵਸਥਾ ਨਾਲ ਉਤਨਾ ਗੰਭੀਰ ਸੰਵਾਦ ਨਹੀਂ ਰਚਾਉਂਦਾ ਜਿਤਨੀ ਉਸ ਦੀ ਸਮਰਥਾ
ਤੇ ਸਾਡੀ ਆਸ ਹੈ।
‘ਰੌਸ਼ਨੀ ਦੀ
ਭਾਲ’ ਗ਼ਜ਼ਲ ਸੰਗ੍ਰਹਿ ਵਿੱਚ ਮਹਿਬੂਬ ਦੇ ਵਛੋੜੇ ਦੀ ਚੀਸ, ਮਿਲਣ ਦੀ ਬਹਿਬਲਤਾ
ਪਰਤੱਖ ਰੂਪਮਾਨ ਹੋਈ ਹੈ:
ਦਿਲ ਦੀ
ਇਹ ਧਰਤ ਬੰਜਰ ਰੌੜਾਂ ਦੇ ਵਾਂਗ ਵਿਹੜਾ
ਹਿਜਰਾਂ ਦੀ ਔੜ ਲੱਗੀ ਉੱਗੇਗਾ ਖ਼ਾਬ ਕਿਹੜਾ।
ਮਾਹੀ ਤੋਂ ਬਾਝ ਦਿਲ ਦੀ ਧਰਤੀ ਉਦਾਸ ਸਾਰੀ
ਦਿਲ ਦੀ ਇ’ ਹੀਰ ਜਾਪੇ ਜਿਵ ਲੈ ਗਿਆ ਏ ਖੇੜਾ।
ਆਸਾਂ ਦੇ ਬੀਜ ਬੀਜੇ ਪੂੰਗਰ ਸਕੇ ਨਾ ਹਾਲੀ
ਸਾਵਣ ਤੂੰ ਬਣੇ ਆ ਜਾ ਜਾਨੀ ਤੂੰ ਮਾਰ ਗੇੜਾ।
ਪਰ ਮਹੱਤਵ
ਪੂਰਨ ਗੱਲ ਇਹ ਹੈ ਕਿ ਵਸਲ ਦੀ ਪੀਢੀ ਪਰਪੱਕ ਆਸ, ਜੋ ਅੱਗੇ ਜਾਕੇ ਮਨੁੱਖ ਦੀ ਜ਼ਿੰਦਗੀ
ਦੇ ਚੰਗੇਰੇ ਭਵਿੱਖ ਦੀ ਉਮੀਦ ਵਿੱਚ ਰੂਪਾਂਤਰਿਤ ਹੋ ਜਾਂਦੀ ਹੈ, ਉਹ ਵੀ ਝਲਕਦੀ ਹੈ:
ਸਹਿਕਾਂ
ਮੈਂ ਸਾਥ ਉਸ ਨੂੰ ਸਾਂਝਾਂ ਦਾ ਜੋ ਭਿਆਲੀ
ਜੀਵਣ ਨੂੰ ਰੰਗ ਬਖ਼ਸ਼ੇ ਸਾਂਝਾਂ ਨੂੰ ਭਾਗ ਲਾਵੇ।
ਜੀਵਣ ਦੇ ਰੰਗ ਮਾਣੇ ਰੀਝਾਂ ਜਵਾਨ ਹੋਈਆਂ
ਆਏ ਉਹ ਰੰਗ ਸਾਰੇ ਸੀ ਜੋ ਕਿਆਸ ਤੈਨੂੰ।
ਹੱਸੀਂ ਤੇ ਮੁਸਕਰਾਵੀਂ ਪੂਰਾ ਆਨੰਦ ਮਾਣੀ
ਜੀਵਣ ਤੋਂ ਜੇ ਤੂੰ ਚਾਹੇਂ ਦੇਵੇ ਵਿਗਾਸ ਤੈਨੂੰ।
ਖ਼ਾਬੋ ਖਿ਼ਆਲ ਤੇਰੇ ਵਸਦੇ ਨੇ ਦਿਲ ‘ਚ ਮੇਰੇ
ਦੇਵਣ ਜੋ ਸੇਧ ਮੈਨੂੰ ਉਹਨਾਂ ‘ਚ ਮੈਂ ਵਿਚਰਦਾਂ।
ਰਾਤਾਂ ਦੀ ਰਾਤ ਰਾਣੀ ਖਿੜਦੀ ਜਿਵੇਂ ਹੈ ਰਾਤੀਂ
ਮਹਿਕਾਂ ‘ਚ ਨ੍ਹਾਕੇ ਰਾਤੀਂ ਭਵਜਲ ਮੈਂ ਰੋਜ਼ ਤਰਦਾਂ।
ਸਮੁੱਚੇ ਰੂਪ
ਵਿੱਚ ‘ਰੌਸ਼ਨੀ ਦੀ ਭਾਲ’ ਗ਼ਜ਼ਲ ਸੰਗ੍ਰਹਿ ਵਿਭਿੰਨ ਮਾਨਵੀ ਸਰੋਕਾਰਾਂ ਨੂੰ ਸਰਲ ਤੇ
ਸਰੋਦੀ ਕਾਵਿ ਮੁਹਾਵਰੇ ਵਿੱਚ ਪੇਸ਼ ਕਰਦਾ ਹੈ ਇਸ ਨਾਲ ਪੰਜਾਬੀ ਗ਼ਜ਼ਲ ਨੂੰ ਗਤੀ ਅਤੇ
ਵਿਸਥਾਰ ਪ੍ਰਾਪਤ ਹੋਇਆ ਹੈ ਇਸ ਲਈ ਮੈਂ ਇਸ ਨੂੰ ਖ਼ੁਸ਼ਆਮਦੀਦ ਆਖਦਾ ਹਾਂ।
ਜ਼ਖ਼ਮ ਦਿਲ ਤੇ ਖਾਣੇ ਤੇ ਨਗ਼ਮੇਂ ਸੁਣਾਨੇ
ਨਹੀਂ ਕੰਮ ਸੌਖਾ ਇਹ ਗ਼ਜ਼ਲਾਂ ਦਾ ਕਹਿਣਾ।
ਤੂੰ ਬੰਸੀ ਬਣੀ ਤੇ ਸੁਣਾਵੀਂ ਤੂੰ ਨਗ਼ਮੇਂ
ਕਦੇ ਰਾਸ ਆਵੇ ਨਾ ਬਾਂਸਾਂ ਦਾ ਖਹਿਣਾ।
*****
(25
ਮਾਰਚ 2007) ਯੂਨੀਕੋਡ