ਸਵੈ-ਕਥਨ

 

ਸੁੰਨਾਂ ਲੱਗੂ ਤੇਰਾ ਚੰਡੀਗੜ੍ਹ ਬਾਈ..!

-ਸ਼ਿਵਚਰਨ ਜੱਗੀ ਕੁੱਸਾ-

 


ਅਜੇ ਆਪਣੇ ਨਵੇਂ ਲਿਖੇ ਜਾ ਰਹੇ ਨਾਵਲ ਦੇ ਨਵੇਂ ਕਾਂਡ ਦੀ ਸੋਧ ਹੀ ਕਰ ਕੇ ਹਟਿਆ ਸੀ,ਤਾਂ ਹਰ ਰੋਜ ਵਾਂਗ ਇੰਟਰਨੈੱਟ 'ਤੇ ਮੋਟੀਆਂ-ਮੋਟੀਆਂ ਖ਼ਬਰਾਂ ਪੜ੍ਹਨ ਲੱਗ ਪਿਆ। ਮੁੱਖ ਖ਼ਬਰਾਂ ਦੀ ਸੂਚੀ ਪੜ੍ਹਦੇ-ਪੜ੍ਹਦੇ ਇਕ ਖ਼ਬਰ 'ਤੇ ਮੇਰਾ ਧਿਆਨ ਖੜ੍ਹੇ ਦਾ ਖੜ੍ਹਾ ਹੀ ਰਹਿ ਗਿਆ। ਹੈਰਾਨਗੀ ਹੋਈ ਅਤੇ ਦਿਮਾਗ ਵਿਚ ਵਰਮੇਂ ਚੱਲਣ ਲੱਗ ਪਏ! ਖ਼ਬਰ ਸੀ, "ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਦਲਬੀਰ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ...।" ਮੈਂ ਪੰਜਾਬੀ ਟ੍ਰਿਬਿਊਨ ਨਾਲ਼ ਸਬੰਧਿਤ ਦੋ ਦਲਬੀਰ ਸਿੰਘਾਂ ਨੂੰ ਜਾਣਦਾ ਹਾਂ। ਇਕ ਬਜ਼ੁਰਗ ਪੱਤਰਕਾਰ ਸ.ਦਲਬੀਰ ਸਿੰਘ,ਗੰਨਾਂ ਪਿੰਡ ਅਤੇ ਇਕ ਦਲਬੀਰ ਸਿੰਘ 30-ਏ ਸੈਕਟਰ, ਚੰਡੀਗੜ੍ਹ ਵਾਲ਼ਾ..! ਜਦ ਖ਼ਬਰ ਬੜੇ ਗਹੁ ਨਾਲ਼ ਪੜ੍ਹੀ,ਤਾਂ ਮਨ ਹੋਰ ਉਦਾਸ ਅਤੇ ਨਿਰਾਸ਼ ਹੋ ਗਿਆ ਕਿ ਇਹ ਤਾਂ ਉਹੀ ਦਲਬੀਰ ਸਿੰਘ ਹੈ,ਜਿਸ ਨੂੰ ਮੈਂ 'ਬਾਈ ਜੀ'ਆਖ ਕੇ ਬੁਲਾਇਆ ਕਰਦਾ ਸੀ। ਚਾਹੇ ਬਾਈ ਦਲਬੀਰ ਸਿੰਘ ਮੈਥੋਂ 16-17 ਸਾਲ ਵੱਡਾ ਸੀ। ਪਰ ਸਾਡੀ ਯਾਰੀ ਹਮੇਸ਼ਾ ਹਾਣਦਿਆਂ ਵਾਂਗ ਹੀ ਰਹੀ!ਪੂਰੀ ਖ਼ਬਰ ਪੜ੍ਹ ਕੇ ਦਿਲ ਦੁੱਖਾਂ ਦੇ ਸਾਗਰ ਦੀ ਮੰਝਧਾਰ ਵਿਚ ਜਾ ਡਿੱਗਿਆ। ਜ਼ਿੰਦਗੀ ਵਿਚ ਕਦੇ ਸੋਚਿਆ ਹੀ ਨਹੀਂ ਸੀ ਕਿ ਬਾਈ ਦਲਬੀਰ ਸਿੰਘ ਇੰਜ ਅਚਨਚੇਤ ਤੁਰ ਜਾਵੇਗਾ ਅਤੇ ਉਸ ਦੀ ਅਚਾਨਕ ਮੌਤ ਦੀ ਖ਼ਬਰ ਕੱਛ 'ਚੋਂ ਮੂੰਗਲ਼ੇ ਵਾਂਗ ਵੱਜੇਗੀ..! ਅੱਗੇ ਤਾਂ ਕਈ ਪੱਤਰਕਾਰ ਮਿੱਤਰ ਮੈਨੂੰ ਅਜਿਹੀਆਂ ਖ਼ਬਰਾਂ ਤੁਰੰਤ ਈ-ਮੇਲ ਵੀ ਕਰ ਦਿੰਦੇ ਸਨ। ਪਰ ਅੱਜ ਤਾਂ ਚਾਣਚੱਕ ਹੀ ਖ਼ਬਰ ਮੱਥੇ ਆ ਵੱਜੀ ਅਤੇ ਉਹ ਵੀ ਮੇਰੇ ਬਾਈ ਦਲਬੀਰ ਸਿੰਘ ਦੀ ਖ਼ਬਰ!

ਮੈਨੂੰ ਚੰਗੀ ਤਰ੍ਹਾਂ ਹੀ ਤਾਂ ਯਾਦ ਹੈ ਕਿ ਅਜੇ ਉਦੋਂ ਮੈਂ ਆਸਟਰੀਆ ਹੀ ਵਸਦਾ ਸੀ। ਨੌਕਰੀ ਦੇ ਮਸਲੇ 'ਚ ਇੰਗਲੈਂਡ ਤਾਂ ਪਿਛਲੇ ਸਾਲ ਆ ਕੇ ਹੀ ਵਸਿਆ ਹਾਂ। ਬਾਈ ਦਲਬੀਰ ਸਿੰਘ ਦੀ ਚਿੱਠੀ ਆਈ। ਬੜੀ ਹੀ ਸੰਖੇਪ ਚਿੱਠੀ..!ਜਿਸ ਦੀਆਂ ਲਾਈਨਾਂ ਕੁਝ ਇੰਜ ਸਨ, "ਪਿਆਰੇ ਜੱਗੀ, ਤੇਰਾ ਨਾਵਲ "ਪੁਰਜਾ ਪੁਰਜਾ ਕਟਿ ਮਰੈ" ਪੜ੍ਹਿਆ। ਚਾਹੇ ਮੈਂ ਤੇਰੇ ਸਾਰੇ ਖਿ਼ਆਲਾਂ ਨਾਲ਼ ਸਹਿਮਤ ਨਹੀਂ,ਪਰ ਤੇਰੀ ਨਾਵਲ਼ ਦੀ ਬੁਣਤ ਅਤੇ ਪੰਜਾਬੀ ਸ਼ੈਲੀ ਤੋਂ ਮੈਂ ਬੇਹੱਦ ਪ੍ਰਭਾਵਿਤ ਹਾਂ..!" ਉਸ ਬਾਈ ਦੀ ਇਹ ਸੰਖੇਪ ਚਿੱਠੀ ਮੈਨੂੰ ਕਿਸੇ ਪੁਰਸਕਾਰ ਨਾਲੋਂ ਘੱਟ ਨਹੀਂ ਲੱਗੀ ਸੀ। ਫਿਰ ਉਸ ਨੇ ਮੇਰੇ ਨਾਵਲ 'ਤਵੀ ਤੋਂ ਤਲਵਾਰ ਤੱਕ' ਅਤੇ 'ਬਾਰ੍ਹੀਂ ਕੋਹੀਂ ਬਲ਼ਦਾ ਦੀਵਾ' ਵੀ ਪੜ੍ਹੇ! ਉਸ ਉਪਰੰਤ ਉਸ ਨੇ ਮੇਰੇ ਕੁਝ ਹੋਰ ਨਾਵਲ ਪੜ੍ਹਨ ਤੋਂ ਬਾਅਦ ਮੇਰੀ ਤੁਲਨਾਂ ਇਕ ਦੋ ਵਿਦੇਸ਼ੀ ਕ੍ਰਾਂਤੀਕਾਰੀ ਨਾਵਲਕਾਰਾਂ ਨਾਲ਼ ਕੀਤੀ। ਉਹ ਮੈਨੂੰ ਹਮੇਸ਼ਾ ਵੱਡੇ ਅਤੇ ਸਕੇ ਭਰਾਵਾਂ ਵਾਂਗ ਮੱਤਾਂ ਹੀ ਦਿੰਦਾ ਰਿਹਾ। ਸਾਡੀ ਦੋਵਾਂ ਦੀ ਵਿਚਾਰਧਾਰਾ ਵੱਖਰੀ ਹੀ ਰਹੀ ਅਤੇ ਹੁਣ ਤੱਕ ਨਹੀਂ ਸੀ ਮਿਲ਼ੀ!

ਇਕ ਵਾਰ ਮੈਂ ਪੰਜਾਬੀ ਟ੍ਰਿਬਿਊਨ ਦੇ ਮੁੱਖ ਸੰਪਾਦਕ,ਮਰਹੂਮ ਬਾਈ ਹਰਭਜਨ ਹਲਵਾਰਵੀ ਨੂੰ ਭੇਂਟ ਕੀਤੀ ਹੋਈ ਸ਼ਰਧਾਂਜਲੀ ਵਿਚ ਲਿਖ ਬੈਠਾ ਕਿ ਹਰਭਜਨ ਹਲਵਾਰਵੀ ਦੇ ਤੁਰ ਜਾਣ ਤੋਂ ਬਾਅਦ ਮੈਨੂੰ ਅੱਜ ਇੰਜ ਮਹਿਸੂਸ ਹੋ ਰਿਹਾ ਹੈ ਕਿ ਅੱਜ ਤੋਂ ਬਾਅਦ ਚੰਡੀਗੜ੍ਹ ਦੀਆਂ ਸੜਕਾਂ 'ਤੇ ਮੈਂ 'ਅਨਾਥਾਂ'ਵਾਂਗ ਤੁਰਿਆ ਕਰਾਂਗਾ। ਉਸ ਤੋਂ ਤੁਰੰਤ ਬਾਅਦ ਦਲਬੀਰ ਸਿੰਘ ਦੀ ਇਕ ਸਿ਼ਕਵੇ ਭਰੀ ਜਾਂ ਕਹੋ ਭਾਵੁਕ ਚਿੱਠੀ ਮੈਨੂੰ ਮਿਲ਼ੀ। ਜਿਸ ਵਿਚ ਲਿਖਿਆ ਸੀ,ਜੱਗੀ ਤੂੰ ਚੰਡੀਗੜ੍ਹ ਦੀਆਂ ਸੜਕਾਂ 'ਤੇ ਅਨਾਥਾਂ ਵਾਂਗ ਨਹੀਂ ਫਿਰੇਂਗਾ..! ਦੇਖ,ਤੇਰਾ ਬਾਈ ਦਲਬੀਰ ਸਿੰਘ ਅਜੇ ਚੰਡੀਗੜ੍ਹ ਵਿਚ ਜਿਉਂਦਾ ਜਾਗਦਾ ਬੈਠਾ ਹੈ! ਉਸ ਤੋਂ ਬਾਅਦ ਸਾਡੀ ਯਾਰੀ ਹੋਰ ਵੀ ਪ੍ਰਪੱਕ ਹੋ ਗਈ। ਜਦ ਕਦੇ ਮੈਂ ਉਸ ਨੂੰ ਫ਼ੋਨ ਕਰਨਾ ਤਾਂ ਉਸ ਨੇ ਮੇਰੀ "ਸਾਸਰੀਕਾਲ ਜੀ ਬਾਈ ਜੀ" ਸੁਣ ਕੇ, ਅਵਾਜ਼ ਪਹਿਚਾਣ ਕੇ ਹੀ ਹੱਸ ਪੈਣਾਂ। ਜਦੋਂ ਉਸ ਨੇ "ਹਾਂ ਜੱਗੀ" ਕਹਿਣਾਂ ਤਾਂ ਮੈਂ ਹੈਰਾਨ ਹੋਏ ਨੇ ਪੁੱਛਣਾਂ,"ਬਾਈ ਜੀ,ਤੁਹਾਨੂੰ ਦਿਨ ਭਰ ਵਿਚ ਸੈਂਕੜੇ ਫ਼ੋਨ ਆਉਂਦੇ ਹੋਣਗੇ,ਤੇ ਤੁਸੀਂ ਮੇਰੀ ਅਵਾਜ਼..?" ਉਸ ਨੇ ਮੇਰੀ ਗੱਲ ਕੱਟ ਕੇ ਹੀ ਆਖਣਾਂ,"ਐਹੋ ਜਿਹੀ ਧੜੱਲੇਦਾਰ ਅਵਾਜ਼ ਪੁਰਜਾ ਪੁਰਜਾ ਕਟਿ ਮਰੈ ਵਾਲ਼ੇ ਜੱਗੀ ਕੁੱਸਾ ਤੋਂ ਬਿਨਾਂ ਹੋਰ ਕਿਸ ਦੀ ਹੋ ਸਕਦੀ ਹੈ?" ਇਹੀ ਗੱਲ ਮੈਨੂੰ ਪੰਜਾਬੀ ਟ੍ਰਿਬਿਊਨ ਦਾ ਮੁੱਖ ਸੰਪਾਦਕ, ਸਵਰਗਵਾਸੀ ਬਾਈ ਹਰਭਜਨ ਹਲਵਾਰਵੀ ਵੀ ਇਕ ਵਾਰ ਕਹਿ ਚੁੱਕਿਆ ਸੀ।

ਜਿਵੇਂ ਮੈਂ ਉੱਪਰ ਲਿਖ ਆਇਆ ਹਾਂ ਕਿ ਬਾਈ ਦਲਬੀਰ ਸਿੰਘ ਦੇ ਅਤੇ ਮੇਰੇ ਵਿਚਾਰ ਅੱਜ ਤੱਕ ਕਦੇ ਵੀ ਨਹੀਂ ਮਿਲ਼ੇ। ਸਾਡੀ ਵਿਚਾਰਧਾਰਕ ਸੋਚ ਦਾ ਪਾੜਾ ਉੱਤਰ-ਦੱਖਣ ਦਿਸ਼ਾਵਾਂ ਵਾਂਗ ਰਿਹਾ। ਪਰ ਸਾਡੀ ਯਾਰੀ ਵਿਚ ਨਾ ਤਾਂ ਕਦੇ ਖੜੋਤ ਆਈ ਅਤੇ ਨਾ ਹੀ ਅਸੀਂ ਵਿਚਾਰ ਵਿਰੋਧੀ ਹੋਣ ਕਰਕੇ ਕਦੇ ਗੁੱਸੇ ਹੋਏ! ਉਸ ਦੀ ਸੋਚ ਦਾ ਸਿਧਾਂਤ ਹਮੇਸ਼ਾ ਹੀ ਤਰਕਵਾਦੀ ਰਿਹਾ ਹੈ ਅਤੇ ਮੇਰਾ ਧਰਮ ਪ੍ਰਤੀ ਉਲਾਰ! ਉਸ ਨੇ ਆਪਣੀ ਸੋਚ ਹਮੇਸ਼ਾ ਕਰਮ ਨਾਲ਼ ਜੋੜ ਕੇ ਰੱਖੀ,ਜਦ ਕਿ ਮੈਂ ਉਸ ਨੂੰ ਧਰਮ ਨਾਲ਼ ਜੋੜ ਕੇ ਵੀ ਵੇਖਦਾ ਰਿਹਾ ਹਾਂ। ਉਹ ਧਰਮ ਪੱਖੋਂ ਹਮੇਸ਼ਾ ਮੈਨੂੰ ਅਣਭਿੱਜ ਹੀ ਲੱਗਿਆ, ਜਦ ਕਿ ਮੇਰਾ ਸਟੈਂਡ ਸਦਾ ਧਰਮ ਪੱਖੀ ਹੀ ਰਿਹਾ ਹੈ। ਆਪਣੇ ਲੋਕਾਂ ਲਈ ਕੁਰਬਾਨੀ ਕਰਨ ਵਾਲ਼ਾ ਹਰ ਬੰਦਾ ਮੈਨੂੰ ਸ਼ਹੀਦ ਹੀ ਜਾਪਿਆ ਹੈ,ਚਾਹੇ ਉਹ ਕਿਸੇ ਵੀ ਧਰਮ ਅਤੇ ਦੇਸ਼ ਨਾਲ਼ ਸਬੰਧਿਤ ਰਿਹਾ ਹੋਵੇ! ਉਸ ਦੀ ਵੱਖਰੀ ਸੋਚ ਸੀ ਅਤੇ ਮੇਰੀ ਵੱਖਰੀ..। ਮੈਂ ਉਸ ਦੀ ਸਿਧਾਂਤਕ ਦਲੀਲ ਦਾ ਕਾਇਲ ਰਿਹਾ ਹਾਂ ਅਤੇ ਉਹ ਮੇਰੀ ਪੇਂਡੂ ਸ਼ੈਲੀ ਅਤੇ ਨਾਵਲਾਂ ਦਾ ਪ੍ਰਸ਼ੰਸਕ! ਉਸ ਦਾ ਹਮੇਸ਼ਾ ਹੀ ਗਿ਼ਲਾ ਰਿਹਾ ਹੈ ਕਿ ਮੈਂ ਉਸ ਨੂੰ ਚੰਡੀਗੜ੍ਹ ਮਿਲਣ ਨਹੀਂ ਆਉਂਦਾ। ਇਹ ਗਿ਼ਲਾ ਸਿਰਫ਼ ਇਕੱਲੇ ਬਾਈ ਦਲਬੀਰ ਦਾ ਹੀ ਨਹੀਂ,ਹੋਰ ਵੀ ਸੰਪਾਦਕ ਮਿੱਤਰਾਂ ਅਤੇ ਪੱਤਰਕਾਰਾਂ ਦਾ ਵੀ ਸੀ ਅਤੇ ਅਜੇ ਵੀ ਹੈ! ਕੀ ਕਰਦਾ..? ਜਦ ਪਿੰਡ ਜਾਂਦਾ ਹਾਂ ਤਾਂ ਸਿਰਫ਼ ਸਮਾਂ ਹੀ ਇਤਨਾ ਕੁ ਹੁੰਦਾ ਹੈ ਕਿ ਘਰ ਵੱਲੋਂ ਹੀ ਵਿਹਲ ਨਹੀਂ ਮਿਲ਼ਦੀ। ਜਦੋਂ ਵੀ ਮੈਂ ਪਿੰਡੋਂ ਉਸ ਨੂੰ ਫ਼ੋਨ ਕਰਨਾ, ਉਸ ਦਾ ਸਭ ਤੋਂ ਪਹਿਲਾ ਸੁਆਲ ਇਹ ਹੁੰਦਾ ਸੀ; ਕੀ ਗੱਲ..? ਚੰਡੀਗੜ੍ਹ ਨ੍ਹੀ ਆਉਣਾ..? ਮੈਂ ਰਵਾਇਤੀ ਜਿਹਾ ਟਾਲ਼ਾ ਮਾਰ ਦੇਣਾ, "ਬਾਈ ਜੀ ਥੋਨੂੰ ਟਾਈਮ ਦਾ ਪਤਾ ਹੀ ਹੈ ਬਈ ਬਾਹਰਲਿਆਂ ਕੋਲ਼ ਕਿੰਨਾਂ ਕੁ ਸਮਾਂ ਹੁੰਦੈ..!" ਇਕ ਵਾਰ ਤਾਂ ਉਸ ਨੇ ਅੱਕੇ ਹੋਏ ਨੇ ਐਥੋਂ ਤੱਕ ਆਖ ਦਿੱਤਾ ਕਿ ਲੈ ਬਈ ਜੱਗੀ ਅੱਜ ਤੋਂ ਬਾਅਦ ਮੈਂ ਤੈਨੂੰ ਚੰਡੀਗੜ੍ਹ ਆਉਣ ਵਾਸਤੇ ਨਹੀਂ ਕਹਿਣਾਂ..!

ਇਕ ਵਾਰ ਮੈਂ ਚੰਡੀਗੜ੍ਹ ਜਾਣਾ ਸੀ। ਕੋਈ ਜ਼ਰੂਰੀ ਦਫ਼ਤਰੀ ਕੰਮ ਸੀ। ਦਲਬੀਰ ਸਿੰਘ ਨੂੰ ਫ਼ੋਨ ਕੀਤਾ। ਸੋਚਿਆ ਚੰਡੀਗੜ੍ਹ ਤਾਂ ਜਾਣਾ ਹੀ ਹੈ,ਇਸ ਵਾਰ ਬਹਾਨੇ ਨਾਲ਼ ਬਾਈ ਦਾ ਉਲਾਂਭਾ ਵੀ ਲਹਿ ਜਾਵੇਗਾ!ਪਰ ਉਹ ਥੋੜ੍ਹਾ ਮਸ਼ਰੂਫ਼ ਸੀ। ਸ਼ਾਇਦ ਉਸ ਦੇ ਕਿਸੇ ਕਿਰਾਏਦਾਰ ਨਾਲ਼ ਉਸ ਦਾ ਕੋਈ ਝਗੜਾ ਚੱਲ ਰਿਹਾ ਸੀ। ਉਸ ਵਾਰ ਵੀ ਬਾਈ ਨੂੰ ਮਿਲ਼ ਨਾ ਸਕਿਆ। ਇਹ ਮੇਰੀ ਨਹੀਂ,ਉਸ ਦੀ ਮਜਬੂਰੀ ਸੀ। ਮੇਰੀ ਲੱਤ ਉਸ ਦੇ ਉੱਪਰ ਦੀ ਹੋ ਗਈ,ਕਿ ਮੈਂ ਤਾਂ ਮਿਲਣ ਆਇਆ ਸੀ,ਪਰ ਤੁਸੀਂ ਨਹੀਂ ਵਿਹਲੇ ਸੀ,ਮੇਰਾ ਕੀ ਕਸੂਰ..? ਫਿਰ ਸਾਡੀ ਕਾਫ਼ੀ ਦੇਰ ਗੱਲ ਨਾ ਹੋ ਸਕੀ। ਫਿਰ ਉਸ ਦਾ ਅਚਾਨਕ ਉਦੋਂ ਫ਼ੋਨ ਆਇਆ,ਜਦੋਂ ਮਾਰਚ 2006 ਨੂੰ ਮੇਰੇ ਮਾਤਾ ਜੀ ਦਾ ਦਿਹਾਂਤ ਹੋਇਆ। ਉਸ ਨੂੰ ਅਖ਼ਬਾਰਾਂ ਵਿਚੋਂ ਪਤਾ ਲੱਗਿਆ ਸੀ। ਕੁਝ ਸਮਾਂ ਅਸੀਂ ਰਵਾਇਤੀ ਜਿਹੀਆਂ ਗੱਲਾਂ ਕਰਦੇ ਰਹੇ। ਉਸ ਤੋਂ ਬਾਅਦ ਕਦੀ ਕਦੀ ਉਸ ਦੀ ਈ-ਮੇਲ ਆ ਜਾਂਦੀ। ਮੈਂ ਰਚਨਾ ਭੇਜ ਦਿੰਦਾ। ਜਿੰਨਾਂ ਕੁ ਮੈਨੂੰ ਪਤਾ ਹੈ ਕਿ ਬਾਈ ਦਲਬੀਰ ਨੇ 1982 ਵਿਚ ਪੰਜਾਬੀ ਟ੍ਰਿਬਿਊਨ ਦੀ ਸਹਾਇਕ ਸੰਪਾਦਕੀ ਸੰਭਾਲ਼ੀ ਸੀ। ਉਸ ਤੋਂ ਬਾਅਦ ਪੰਜਾਬ ਦੇ ਕਾਲ਼ੇ ਦਿਨਾਂ ਦਾ ਦੌਰ ਸ਼ੁਰੂ ਹੁੰਦਾ ਹੈ। ਪਤਾ ਨਹੀਂ ਕਿਉਂ ਅਤੇ ਕਿਸ ਤੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲਦੀਆਂ ਰਹੀਆਂ? ਜਦੋਂ ਉਸ ਨੂੰ ਫ਼ੋਨ ਕਰਨਾ ਤਾਂ ਉਸ ਨੇ ਘੋਰ ਉਦਾਸ ਅਵਾਜ਼ ਵਿਚ ਕਹਿਣਾਂ,ਜੱਗੀ ਪੰਜਾਬ ਦੇ ਹਾਲਾਤ ਹੀ ਐਨੇ ਮਾੜੇ ਨੇ, ਇਹ ਨਹੀਂ ਪਤਾ ਕਿ ਕਿਸ ਦੀ, ਕਦੋਂ 'ਵਾਰੀ'ਆ ਜਾਵੇ? ਉਸ ਸਮੇਂ ਦੇ ਹਾਲਾਤਾਂ ਕਰਕੇ ਸਿਰਫ਼ ਬਾਈ ਦਲਬੀਰ ਹੀ ਨਹੀਂ,ਪੰਜਾਬ ਦਾ ਹਰ ਮਾਨੁੱਖ ਇਹੀ ਸੋਚਦਾ ਸੀ। ਇਹ ਪੰਜਾਬ ਦੀ ਮਨੁੱਖਤਾ ਦਾ ਦੁਖਾਂਤ ਸੀ!

ਅਖੀਰ ਵਿਚ ਬੰਦਾ ਇੱਥੇ ਆ ਕੇ ਹਥਿਆਰ ਸੁੱਟ ਦਿੰਦਾ ਹੈ ਕਿ ਮੌਤ ਦੇ ਬਘਿਆੜ੍ਹ ਪੰਜੇ ਤੋਂ ਕੋਈ ਨਹੀਂ ਬਚ ਸਕਿਆ ਅਤੇ ਨਾ ਹੀ ਕਿਸੇ ਨੇ ਬਚਣਾ ਹੈ!ਮੌਤ ਬਾਰੇ ਤਾਂ ਪਵਿੱਤਰ ਗੁਰਬਾਣੀਂ ਵੀ ਫ਼ੁਰਮਾਨ ਕਰਦੀ ਹੈ:ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ।। ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ।। ਪਰ ਇਹ ਨਹੀਂ ਸੀ ਖਿ਼ਆਲ ਕੀਤਾ ਕਿ ਅਖ਼ਬਾਰਾਂ ਵਿਚ ਖ਼ਬਰਾਂ ਲਾਉਂਦਾ ਲਾਉਂਦਾ ਬਾਈ ਦਲਬੀਰ ਇਕ ਨਾ ਇਕ ਦਿਨ ਆਪ ਹੀ ਅਖ਼ਬਾਰੀ ਖ਼ਬਰ ਬਣ ਜਾਵੇਗਾ। ਉਸ ਦਾ 'ਜਗਤ ਤਮਾਸ਼ਾ'ਅੱਜ ਤੱਕ ਕਈ ਅਖ਼ਬਾਰਾਂ ਅਤੇ ਵੈੱਬ-ਸਾਈਟਾਂ 'ਤੇ ਛਪਦਾ ਰਿਹਾ ਹੈ! ਜਿਸ ਵਿਚ ਉਸ ਨੇ ਲੀਡਰਾਂ ਤੋਂ ਲੈ ਕੇ ਸਾਧਾਂ ਸੰਤਾਂ ਤੱਕ ਦੇ ਬੜੀ ਬੇਬਾਕੀ ਅਤੇ ਨਿੱਡਰਤਾ ਨਾਲ਼ ਪਰਖਚੇ ਉਡਾਏ ਸਨ। ਉਸ ਨਿਰਪੱਖ ਅਤੇ ਬੇਖ਼ੌਫ਼ ਪੱਤਰਕਾਰ ਅੱਗੇ ਮੇਰਾ ਸਿਰ ਸਦਾ ਝੁਕਦਾ ਰਹੇਗਾ। ਉਸ ਯਾਰਾਂ ਦੇ ਯਾਰ ਅਤੇ ਵੱਡੇ ਬਾਈ ਦਲਬੀਰ ਸਿੰਘ ਦੀਆਂ ਨਿਧੜਕ ਕਿਰਤਾਂ ਕਰਕੇ ਉਸ ਨੂੰ ਸਿੱਜਦਾ ਕਰਦਾ ਹਾਂ ਅਤੇ ਸਿੱਜਦਾ ਕਰਦਾ ਰਹਾਂਗਾ। ਪਰ ਮੈਨੂੰ ਅਜੇ ਵੀ ਮਹਿਸੂਸ ਹੋ ਰਿਹਾ ਹੈ ਕਿ ਦਲਬੀਰ ਸਿੰਘ ਕਦੇ ਨਾ ਕਦੇ ਮੈਨੂੰ ਜ਼ਰੂਰ ਪੱਤਰ ਲਿਖੇਗਾ..! ਪਰ ਇਹ ਮੇਰੇ ਮਨ ਦੇ ਭਰਮ ਤੋਂ ਇਲਾਵਾ ਹੋਰ ਕੁਝ ਵੀ ਨਹੀਂ..! ਕਿਉਂਕਿ ਸਭ ਨੂੰ ਪਤਾ ਹੈ ਕਿ ਮਾਤ ਲੋਕ ਛੱਡ ਕੇ ਗਿਆ ਪ੍ਰਾਣੀ ਕਦੇ ਨਹੀਂ ਪਰਤਦਾ..! ਪਰ ਐ ਬਾਈ ਦਲਬੀਰ ਸਿਆਂ..! ਤੇਰੇ ਬਿਨਾਂ ਸਾਨੂੰ ਸੁੰਨਾਂ ਲੱਗੂ ਤੇਰਾ ਚੰਡੀਗੜ੍ਹ..! 'ਜਗਤ ਤਮਾਸ਼ਾ'ਲਿਖਦਾ ਲਿਖਦਾ,ਪੰਜਾਬ ਦੇ ਹਾਲੋਂ ਬੇਹਾਲ ਹੋਏ ਹਾਲਾਤਾਂ 'ਤੇ ਹੰਝੂ ਕੇਰਦਾ ਕੇਰਦਾ, ਕੀ ਪਤਾ ਸੀ ਕਿ ਇਕ ਦਿਨ ਤੂੰ ਆਪ ਖ਼ੁਦ ਹੀ ਹੰਝੂ ਬਣ ਜਾਵੇਂਗਾ..? ਖ਼ੈਰ ਪਿਆਰੇ ਬਾਈ, ਤੇਰਾ ਨਿੱਕਾ ਵੀਰ ਤੈਨੂੰ ਸ਼ਰਧਾਂਜਲੀ ਅਰਪਨ ਕਰਦਾ ਹੋਇਆ ਅਕਾਲ ਪੁਰਖ਼ ਅੱਗੇ ਅਰਜੋਈ ਕਰਦਾ ਹੈ ਕਿ ਪ੍ਰਮਾਤਮਾ ਤੈਨੂੰ ਆਪਣੇ ਚਰਨਾ ਵਿਚ ਨਿਵਾਸ ਬਖ਼ਸ਼ੇ..! ਅਲਵਿਦਾ ਮੇਰੇ ਪਿਆਰੇ ਪਿਆਰੇ ਬਾਈ..! ਮੇਰੀ 'ਅਲਵਿਦਾ' ਕਬੂਲ ਕਰੀਂ..!!
*****

(30 ਜੁਲਾਈ 2007)

 

e-mail:
ਲਿਖਾਰੀ


© likhari: Punjabi Likhari Forum-2001-2007