'ਚਿਰੜ-ਘੁੱਗ'
ਰਸਾਲੇ ਵਾਲਿਆਂ ਨੂੰ ਕੁਝ ਕੁ
'ਅਸਾਮੀਆਂ'
ਦੀ ਸਖ਼ਤ ਜ਼ਰੂਰਤ ਸੀ।
ਰਸਾਲਾ ਕੱਢਣ ਦਾ ਪੁੱਠਾ ਪੰਗਾ ਤਾਂ ਲੈ ਬੈਠੇ ਸਨ,
ਪਰ ਚੱਲਦਾ ਕਿਵੇਂ?
ਪੈਸੇ ਬਿਨਾਂ ਤਾਂ ਕੋਈ ਪੂਛ ਵਾਲੇ ਬਾਬੇ ਹਨੂੰਮਾਨ ਜੀ ਨੂੰ ਮੱਥਾ ਨਹੀਂ ਟੇਕਦਾ! ਫਿਰ
ਰਸਾਲੇ ਦੀ ਆਰਥਿਕ ਮੱਦਦ ਕੌਣ ਕਰਦਾ?
ਕਮੰਡਲੇ ਬੋਕ ਦੇ ਸਿੰਗਾਂ ਨੂੰ ਹੱਥ ਤਾਂ ਲਾ ਲਿਆ ਸੀ,
ਪਰ ਕਲਿਆਣ ਕਿਹੜਾ ਮਾਈ ਦਾ ਲਾਲ ਕਰਵਾਉਂਦਾ?
ਜੇਬ 'ਚੋਂ
ਪੈਸੇ ਲਾਉਣ ਵਾਲਾ ਕਾਲਾ ਮੰਤਰ ਕੌਣ ਪੜ੍ਹਦਾ?
ਰਸਾਲੇ ਦੇ ਮੁੱਖ ਸੰਪਾਦਕ ਜਨਾਬ ਘੇਸਲਮਾਰ ਜੀ ਅਤੇ ਸਹਾਇਕ ਸੰਪਾਦਕ ਸ੍ਰੀ ਕੰਡੇ-ਕੱਢ
ਜੀ ਨੇ ਬਥੇਰੇ ਲੋਕਾਂ ਦੇ ਇੰਟਰਵਿਊ ਛਾਪੇ,
ਇਸ਼ਤਿਹਾਰ ਲਾਏ,
ਪਰ ਪੈਸੇ ਦੇਣ ਵੇਲੇ ਹਰ ਕੋਈ,
ਤੋਕੜ ਮੱਝ ਵਾਂਗ ਲੱਤ ਮਾਰ ਕੇ ਹੀ ਬਾਲਟੀ ਭੰਨਦਾ ਰਿਹਾ।
ਇਕ ਉਦਮੀਂ ਪੱਤਰਕਾਰ ਤੇਜ਼ ਪਟੋਲ੍ਹੇ ਵਾਲੇ ਨੇ ਇਕ ਇੰਗਲੈਂਡ ਤੋਂ ਪੈਨਸ਼ਨ ਲੈ ਕੇ ਆਏ
ਭੱਦਰ-ਪੁਰਸ਼ ਨੂੰ ਲੱਭਿਆ।
ਜਿਸ ਭੱਦਰ-ਪੁਰਸ਼ ਦਾ ਨਾਂ ਬਿੰਡਾ ਰਾਮ ਸੀ।
ਉਹ ਬਿੰਡੇ ਵਾਂਗ ਹੀ ਟਿਆਂਕਦਾ ਸੀ।
ਸ੍ਰੀ ਬਿੰਡਾ ਰਾਮ ਜੀ ਨੂੰ ਹਰ ਥਾਂ ਬਦੋਬਦੀ ਰਿੰਡ-ਪ੍ਰਧਾਨ ਬਣਨ ਦੀ ਬੁਰੀ ਬਿਮਾਰੀ
ਸੀ।
ਸ੍ਰੀ ਬਿੰਡਾ ਰਾਮ ਜੀ ਦੇ ਮੋਟੇ ਸ਼ੀਸਿ਼ਆਂ ਵਾਲੀ ਐਨਕ ਲੁਆਈ ਹੋਈ ਸੀ ਅਤੇ ਸੁੱਖ ਨਾਲ
ਕੰਨੋਂ ਵੀ ਰੱਬ ਆਸਰੇ,
ਲੰਗੇ ਡੰਗ ਹੀ ਸੁਣਦਾ ਸੀ।
ਇੰਡੀਆ ਆ ਕੇ ਸੁਣਨ ਵਾਲੀ ਮਸ਼ੀਨ ਤਾਂ ਜਵਾਬ ਦੇ ਗਈ,
ਇੱਥੇ ਆ ਕੇ ਤਾਂ ਵੱਡੇ-ਵੱਡੇ ਜਵਾਬ ਦੇ ਜਾਂਦੇ ਹਨ,
ਮਸ਼ੀਨ ਕਿਹੜੇ ਬਾਗ ਦੀ ਮੂਲੀ ਸੀ?
ਪਰ ਹੁਣ ਬਿੰਡਾ ਜੀ ਨੇ ਕੱਪੜੇ ਸਿਉਣ ਵਾਲੀ ਮਸ਼ੀਨ ਦੀ,
ਤੇਲ ਦੇਣ ਵਾਲੀ ਕੁੱਪੀ ਦੇ ਹੇਠਲੇ ਪਾਸੇ ਮੋਰੀਆਂ ਕਰ ਕੇ,
ਮੂੰਹ ਵਾਲੇ ਪਾਸੇ ਪਲਾਸਟਿਕ ਦੀ ਲੰਮੀ ਨਾਲੀ ਫਿੱਟ ਕੀਤੀ ਹੋਈ ਸੀ।
ਨਾਲੀ ਦਾ ਸਿਰਾ ਉਹ ਪੱਗ ਹੇਠਾਂ ਦੀ ਕੰਨ ਵਿਚ ਤੁੰਨ ਲੈਂਦਾ ਅਤੇ ਕੁੱਪੀ ਦਾ ਹੇਠਲਾ
ਪਾਸਾ ਮਾਈਕਰੋਫ਼ੋਨ ਦਾ ਕੰਮ ਦਿੰਦਾ।
ਸ੍ਰੀ ਬਿੰਡਾ ਜੀ ਜੁਆਨੀ ਤੋਂ ਲੈ ਕੇ ਹੁਣ ਤੱਕ ਅੱਖੜ ਸੁਭਾਅ ਦੇ ਹੀ ਰਹੇ।
ਇਕ ਵਾਰ ਜਦੋਂ ਉਹਨਾ ਦੇ ਗ੍ਰਹਿ ਵਿਖੇ ਪੋਤਰਾ ਸਾਹਿਬ ਜੀ ਨੇ ਜਨਮ ਲਿਆ ਤਾਂ ਸਾਰਾ
ਪ੍ਰੀਵਾਰ ਇੰਗਲੈਂਡ ਤੋਂ ਪੋਤਰਾ ਜੀ ਦੀ
'ਛਟੀ'
ਮਨਾਉਣ ਇੰਡੀਆ ਆ ਗਏ।
ਆਖੰਡ ਪਾਠ ਪ੍ਰਕਾਸ਼ ਕਰਵਾਇਆ।
ਸਾਰੇ ਪਿੰਡ ਨੂੰ ਰੋਟੀ ਵਰਜੀ।
ਖੁਸਰਿਆਂ ਨੂੰ ਵੀ ਭਿਣਕ ਪੈ ਗਈ।
ਫਿਰ ਉਹ ਕਿਉਂ ਪਿੱਛੇ ਰਹਿੰਦੇ?
ਫਿਰ ਵੀ 'ਬਾਹਰਲੀ
ਅਸਾਮੀਂ'
ਸੀ! ਜਿੱਥੇ ਸਾਰੇ ਮਹਿਕਮੇਂ
'ਬਾਹਰਲਿਆਂ'
ਨੂੰ 'ਵੱਢਦੇ'
ਹਨ,
ਉਥੇ ਖੁਸਰੇ ਵਿਚਾਰੇ ਕਿਉਂ ਪਿੱਛੇ ਰਹਿਣ?
ਉਹ ਵੀ ਰੰਬੀਆਂ ਲੈ ਕੇ
'ਹਲਾਲ'
ਕਰਨ ਲਈ ਆ ਖੜ੍ਹੇ ਹੋਏ।
ਰੱਪੜ ਇਹ ਖੜ੍ਹਾ ਹੋਇਆ ਕਿ ਦੋ ਖੁਸਰਾ-ਦਲ ਆ ਖੜ੍ਹੇ ਹੋਏ! ਇਕ ਜਗਰਾਂਵਾਂ ਤੋਂ ਅਤੇ
ਇਕ ਮੋਗੇ ਤੋਂ!! ਸ੍ਰੀ ਬਿੰਡਾ ਮੱਲ ਜੀ ਦੋ ਪਾਰਟੀਆਂ ਵੱਲ,
ਵਾੜ ਵਿਚ ਫ਼ਸੇ ਬਿੱਲੇ ਵਾਂਗ,
ਘੁੱਟਾਂਬਾਟੀ ਝਾਕ ਰਹੇ ਸਨ।
ਖੁਸਰਿਆਂ ਦੀ ਤਕਰਾਰ ਸ਼ੁਰੂ ਹੋ ਗਈ।
ਇਕ ਪਾਰਟੀ ਇਸ ਪਿੰਡ ਨੂੰ ਆਪਣਾ ਇਲਾਕਾ ਗਰਦਾਨ ਰਹੀ ਸੀ,
ਜਦ ਕਿ ਦੂਜੀ ਆਪਣਾ ਇਲਾਕਾ ਹੋਣ ਦਾ ਦਾਅਵਾ ਕਰ ਰਹੀ ਸੀ।
ਸ੍ਰੀ ਬਿੰਡਾ ਜੀ ਨੇ ਆ ਦੇਖਿਆ,
ਨਾ ਤਾਅ ਦੇਖਿਆ,
ਰੈਂਗੜਾ ਲੈ ਕੇ ਇਕ ਖੁਸਰਾ-ਮੁਖੀ ਦੇ ਸਿਰ ਵਿਚ ਮਧਾਣੀ-ਚੀਰਾ ਪਾ ਦਿੱਤਾ ਤੇ ਬੋਲੇ,
"ਸਾਨੂੰ
ਮੇਰੇ ਸਾਲੇ ਖੁਸਰਿਆਂ ਨੇ ਈ ਵੰਡ ਲਿਆ?"
ਖੁਸਰੇ ਨੱਚਣ ਦੀ ਥਾਂ ਸ੍ਰੀ ਬਿੰਡਾ ਜੀ ਦਾ ਸਿਆਪਾ ਕਰਕੇ ਮੁੜ ਗਏ।
ਸਾਰੇ ਖੁਸਰਿਆਂ ਨੇ ਸ੍ਰੀ ਬਿੰਡਾ ਜੀ ਨੂੰ ਆਪਣਾ ਨੰਗੇਜ਼ ਦਿਖਾਇਆ ਸੀ।
ਸ੍ਰੀ ਬਿੰਡਾ ਜੀ ਫਿਰ ਪਿੱਟ ਉਠੇ,
"ਢਕ
ਲਓ ਆਬਦੀਆਂ ਮੂੰਗਰੀਆਂ ਜੀਆਂ-ਨਹੀਂ ਤਾਂ ਮੂਤਣ ਵੱਲੋਂ ਵੀ ਜਾਂਵੋਂਗੇ! ਵਗਜੋ
ਪਰ੍ਹੇ-ਕੁਛ ਨਾ ਆਖੋ! ਮੈਥੋਂ ਫਿਰ ਇਕ ਅੱਧੇ ਦੇ ਪੁੜਪੜੀ
'ਚ
ਵੱਜੂ-ਫੇਰ ਨਾ ਕਿਹੋ ਕਿਸੇ ਦੀ ਜਾਹ ਜਾਂਦੀ ਕਰਤੀ-ਚਿੱਬ ਪੈਜੂ ਮੈਥੋਂ ਕਿਸੇ ਦੇ ਖੋਪੜ
'ਚ-ਸਾਲੇ
ਲੱਗਪੇ ਸੀਂਢ ਸਿੱਟਣ ਐਥੇ--!" ਬਿੰਡਾ ਜੀ ਨੇ ਕੁੱਤੇ ਵਾਂਗ ਪੈਰਾਂ ਹੇਠੋਂ ਮਿੱਟੀ
ਕੱਢੀ,
ਖੌਰੂ ਪੱਟਿਆ!
ਖੁਸਰੇ ਤੁਰ ਗਏ।
ਸ੍ਰੀ ਬਿੰਡਾ ਜੀ ਵਾੜ ਦਾ ਝਾਫ਼ਾ ਬਣੇ ਖੜ੍ਹੇ ਸਨ।
---ਅੱਜ
ਉਹਨਾ ਨੂੰ ਸਰਦਾਰ ਤੇਜ਼ ਪਟੋਲ੍ਹੇ ਵਾਲਾ ਬੜੇ ਆਦਰ-ਸਤਿਕਾਰ ਨਾਲ ਲੈ ਕੇ ਆਇਆ ਸੀ।
ਸ੍ਰੀ ਬਿੰਡਾ ਜੀ ਨੂੰ ਸਟੇਜ਼ ਤੇ ਬੋਲਣ ਦਾ ਬੜਾ ਹੀ ਭੈੜਾ
'ਹਲਕ'
ਉਠਦਾ ਸੀ।
ਹੀਂਗਣਾ ਛੁੱਟਦਾ ਸੀ।
ਸਰਦਾਰ ਪਟੋਲ੍ਹੇ ਵਾਲਾ ਜੀ ਉਹਨਾ ਨੂੰ ਸਟੇਜ਼
'ਤੇ
ਬੁਲਾਉਣ ਅਰਥਾਤ 'ਸਟੇਜ਼-ਸੈਕਟਰੀ'
ਵਜੋਂ ਸੇਵਾ ਨਿਭਾਉਣ ਦੀ ਮਿੱਠੀ ਉਂਗਲ ਚਟਾਈ ਸੀ ਅਤੇ ਸ੍ਰੀ ਬਿੰਡਾ ਜੀ ਨੇ ਰਸਾਲੇ ਲਈ
ਵੱਧ ਤੋਂ ਵੱਧ ਆਰਥਿਕ ਮੱਦਦ ਦੇਣ ਦਾ ਵਾਅਦਾ ਕੀਤਾ ਸੀ।
'ਚਿਰੜ-ਘੁੱਗ'
ਰਸਾਲੇ ਵਾਲਿਆਂ ਨੇ ਸਪੈਸ਼ਲ ਇਕ ਸਮਾਗਮ ਰੱਖਿਆ ਸੀ,
ਜਿੱਥੇ ਸ੍ਰੀ ਬਿੰਡਾ ਜੀ ਦਾ ਸਟੇਜੀ ਝੱਸ ਪੂਰਾ ਹੋ ਸਕੇ।
ਅਸਲ ਮਕਸਦ ਤਾਂ ਆਰਥਿਕ ਲਾਹਾ ਲੈਣ ਦਾ ਸੀ।
ਸ੍ਰੀ ਚਿਮਨੀ ਪ੍ਰਕਾਸ਼ ਜੀ ਨੇ ਇਕ ਭਾਸ਼ਨ ਅਤੇ ਪਹੁੰਚਣ ਵਾਲੇ ਸਾਹਿਤਕਾਰਾਂ ਬਾਰੇ
ਲੋੜੀਂਦੀ ਜਾਣਕਾਰੀ ਲਿਖ ਕੇ ਬਿੰਡਾ ਜੀ ਦੇ ਹੱਥ ਥਮ੍ਹਾ ਦਿੱਤੀ।
ਸ੍ਰੀ ਬਿੰਡਾ ਜੀ ਨੇ ਰੱਸੇ ਜਿੱਡੀ ਟਾਈ ਲਾ ਲਈ,
ਐਨਕ ਦੇ ਮੋਟੇ-ਮੋਟੇ ਸ਼ੀਸ਼ੇ ਸਾਫ ਕੀਤੇ ਅਤੇ ਕੰਨ ਨੂੰ ਲਾਉਣ ਵਾਲੀ ਕੁੱਪੀ ਅਤੇ
ਨਾਲੀ ਝੋਲੇ ਵਿਚ ਪਾ ਲਈ।
-"ਅਗਰ
ਮੈਥੋਂ ਕੁਛ ਸਾਫ਼ ਨਾ ਪੜ੍ਹਿਆ ਜਾਵੇ ਤਾਂ ਪਰਦੇ ਪਿੱਛੋਂ ਕੁੱਪੀ ਵਿਚ ਦੀ ਬੋਲ
ਦੇਇਓ!" ਸ੍ਰੀ ਬਿੰਡਾ ਜੀ ਨੇ ਤੂਫਾਨ ਸਿੰਘ
'ਨ੍ਹੇਰੀ'
ਨੂੰ ਆਖਿਆ।
ਸੁਣਨ ਵਾਲੀ ਕੁੱਪੀ ਨਾਲ ਅੱਜ ਤਿੰਨ ਫੁੱਟ ਲੰਮੀ ਨਾਲੀ ਸਪੈਸ਼ਲ ਤੌਰ
'ਤੇ
ਲਾਈ ਗਈ ਸੀ।
-"ਤੁਸੀਂ
ਫਿਕਰ ਨਾ ਕਰੋ ਬਿੰਡਾ ਜੀ! ਮੈਂ ਨਾਲ ਦੀ ਨਾਲ ਕੁਰੈਕਸ਼ਨ ਕਰ-ਕਰ ਦੱਸੀ ਜਾਵਾਂਗਾ-ਪਰ
ਆਪਣਾ ਕੰਨ ਮੇਰੇ 'ਚ
ਹੀ ਰੱਖਿਓ-ਹੋਰ ਨਾ ਕੋਹਲੂ ਗੇੜੇ ਪਏ ਰਿਹੋ!" ਨ੍ਹੇਰੀ ਜੀ ਨੇ ਪੂਰੀ ਹਿੱਕ ਥਾਪੜ
ਦਿੱਤੀ।
-"ਥੋਡੀ
ਅਸੀਂ ਐਸੀ ਠੁੱਕ ਬੰਨ੍ਹਾਂਗੇ ਕਿ ਸਰੋਤੇ ਅੱਛ-ਅੱਛ ਕਰ ਉਠਣਗੇ!" ਜਰਦੇ ਵਾਲੇ ਤੇਲੂ
ਰਾਮ ਨੇ ਵੀ ਚੁੱਲ੍ਹੇ ਦੀ ਅੱਗ ਅਗਾਂਹ ਕਰ ਦਿੱਤੀ।
ਉਸ ਨੇ ਸਰੋਤਿਆਂ ਨੂੰ ਕਮਲੇ ਜਿਹੇ ਕਰਨ ਖਾਤਰ
'ਰੂੜੀ-ਮਾਰਕਾ'
ਦੇ ਦੋ-ਦੋ ਪੈੱਗ ਲੁਆ ਦਿੱਤੇ ਸਨ।
ਜਿਹੋ ਜਿਹੀ ਨੰਦੋ ਬਾਹਮਣੀ,
ਓਹੋ ਜਿਹਾ ਘੁੱਦੂ ਜੇਠ!
ਸ੍ਰੀ ਬਿੰਡਾ ਜੀ ਸਟੇਜ਼
'ਤੇ
ਆਏ।
ਨਾਲੀ ਵਾਲਾ ਸਿਰਾ ਉਹਨਾ ਨੇ ਪੱਗ ਹੇਠੋਂ ਦੀ ਕੰਨ ਵਿਚ ਫਸਾਇਆ ਹੋਇਆ ਸੀ ਅਤੇ ਦੂਜੇ
ਸਿਰੇ,
ਪਰਦੇ ਪਿੱਛੇ,
ਹੱਥ ਵਿਚ ਕੁੱਪੀ ਫੜੀ
'ਨ੍ਹੇਰੀ'
ਪੂਰੀ ਤਿਆਰੀ ਨਾਲ ਮੋਰਚਾ ਮੱਲੀ ਬੈਠਾ ਸੀ।
-"ਪਿਆਰੇ
ਭੈਣੋਂ ਅਤੇ ਮਾਈਓ-ਭਾਈਓ ਤੇ ਭਰਜਾਈਓ--!" ਸ੍ਰੀ ਬਿੰਡਾ ਜੀ ਨੇ ਲੰਮੀ ਸਾਰੀ ਲਿਸਟ
ਪੜ੍ਹ ਕੇ ਬੋਲਣਾ ਸ਼ੁਰੂ ਕੀਤਾ।
'ਭਰਜਾਈਓ'
ਦੇ ਨਾਂ 'ਤੇ
ਪ੍ਰਬੰਧਕਾਂ ਨੇ ਕਸੀਸ ਵੱਟ ਲਈ।
ਪਰ ਚੁੱਪ ਕਰ ਗਏ।
-"ਥੋਨੂੰ
ਪਤਾ ਈ ਐ ਕਿ ਕੰਨ ਤਾਂ ਮੇਰੇ ਪਹਿਲਾਂ ਹੀ ਜਵਾਬ ਦੇਈ ਬੈਠੇ ਐ ਤੇ ਹੁਣ ਅੱਖਾਂ
ਸਹੁਰੀਆਂ ਵੀ ਪੈਨਸ਼ਨ ਲੈਣ ਲਈ ਅੜੀਆਂ ਬੈਠੀਐਂ!"
ਸਰੋਤੇ ਡੱਡੂਆਂ ਵਾਂਗ
'ਗੜੈਂ-ਗੜੈਂ'
ਕਰਕੇ ਹੱਸੇ।
-"ਖ਼ੈਰ!
ਸਾਰਿਆਂ ਤੋਂ ਪਹਿਲਾਂ ਮੈਂ ਸ੍ਰੀ ਰਾਸ਼ਟਰੀ-ਫੰਡਰ ਜੀ ਨੂੰ ਬੇਨਤੀ ਕਰਾਂਗਾ-।"
-"ਰਾਸ਼ਟਰੀ-ਫੰਡਰ
ਨਹੀਂ ਜੀ-!" ਨ੍ਹੇਰੀ ਨੇ ਤੁਰੰਤ ਐਕਸ਼ਨ ਲਿਆ,
"ਸ਼ਾਸਤਰੀ
ਚੰਦਰ ਜੀ ਕਹੋ-ਸ਼ਾਸਤਰੀ ਚੰਦਰ!"
ਪਿੱਛੋਂ ਸੁਚੇਤ ਹੋਏ ਬੈਠੇ ਨ੍ਹੇਰੀ ਨੇ ਫੌਰਨ ਗਲਤੀ ਸੁਧਾਰਨ ਲਈ ਬੇਨਤੀ ਕੀਤੀ।
-"ਮਾਫ਼
ਕਰਨਾ! ਸ਼ਾਸਤਰੀ ਚੰਦਰ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਪ੍ਰਧਾਨਗੀ ਮੰਚ
'ਤੇ
ਆਉਣ!"
ਸ਼ਾਸਤਰੀ ਚੰਦਰ ਜੀ ਮੰਚ
'ਤੇ
ਆ ਕੇ ਬੈਠ ਗਏ ਅਤੇ ਬਿੰਡਾ ਜੀ ਨੇ ਤੁਆਰਫ਼ ਕਰਵਾਉਣਾ ਸੁਰੂ ਕੀਤਾ,
"ਸ਼ਾਸਤਰੀ
ਜੀ ਕਾਮ-ਰੂਪ ਵਿਚ ਰਿਵਿਊ ਕਰਨ ਵਿਚ ਬੜੇ ਨਿਪੁੰਸਕ ਹਨ!"
ਨ੍ਹੇਰੀ ਨੇ ਫਿਰ ਸੁਧਾਰ ਕੀਤਾ,
"ਮਹਾਰਾਜ!
ਸ਼ਾਸਤਰੀ ਜੀ ਕਾਵਿ-ਰੂਪ ਵਿਚ ਰਿਵਿਊ ਕਰਨ ਵਿਚ ਬੜੇ ਨਿਪੁੰਨ ਹਨ!"
-"ਸ਼ਾਸਤਰੀ
ਜੀ-ਕਾਵਿ ਰੂਪ ਵਿਚ ਰਿਵਿਊ ਕਰਨ ਵਿਚ ਬੜੇ ਹੀ ਨਿਪੁੰਨ ਹਨ!" ਬਿੰਡਾ ਜੀ ਫੁਰਤੀ ਨਾਲ
ਸੰਭਲ ਗਏ।
ਉਹ ਨ੍ਹੇਰੀ ਦੇ ਮਗਰੇ ਹੀ ਬੋਲੇ ਸਨ।
-"ਮਾਫ
ਕਰਨਾ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਮੇਰੀਆਂ ਅੱਖਾਂ ਤੇ ਕੰਨਾਂ ਦੇ ਨਾਲ-ਨਾਲ
ਮੇਰੀ ਜੁਬਾਨ ਦਾ ਵੀ ਘੋਰੜੂ ਵੱਜਣ ਲੱਗ ਪਿਐ!"
ਦਾਰੂ ਨਾਲ ਕਮਲੇ ਹੋਏ ਸਰੋਤੇ ਕੁਝ ਕੁ ਹੱਸੇ।
-"ਹੁਣ
ਮੈਂ ਬੀਬੀ ਭੂਤ-ਮਧਾਣੀ ਜੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਇੱਥੇ ਆਉਣ।"
-"ਬੀਬੀ
ਭੂਤ-ਮਧਾਣੀ ਨਹੀਂ ਬਿੰਡਾ ਜੀ! ਬੀਬੀ ਰੂਪਮ-ਰਾਣੀ!!"
-"ਹਾਂ
ਸੱਚ! ਬੀਬੀ ਰੂਪਮ-ਰਾਣੀ ਜੀ।"
ਰੂਪਮ ਰਾਣੀ ਵੀ ਸਟੇਜ਼
'ਤੇ
ਪੁੱਜ ਗਈ।
ਬਿੰਡਾ ਜੀ ਬੋਲੀ ਜਾ ਰਹੇ ਸਨ।
ਨ੍ਹੇਰੀ ਪਿੱਛੋਂ 'ਕੱਲੀ-'ਕੱਲੀ
ਗਲਤੀ ਦੀ ਸੁਧਾਈ ਕਰੀ ਜਾ ਰਿਹਾ ਸੀ।
-"ਮਰਜਾਂ
ਕੁਛ ਖਾ ਕੇ-ਕਿਮੇਂ ਨਿੱਖਰੀ ਤਿੱਖਰੀ ਫਿਰਦੀ ਐ-ਨਿਰੀ
'ਹੇਲਾਂ-ਬਾਹਮਣੀ'
ਲੱਗਦੀ ਐ।"
-"ਹੇਲਾਂ
ਬਾਹਮਣੀ ਨਹੀਂ ਜੀ-ਹੇਮਾਂ ਮਾਲਿਨੀ!"
-"ਸੱਚ!
ਹੇਮਾਂ ਮਾਲਿਣੀ! ਪਿਛਲੇ ਸਾਲ ਇਹਨਾਂ ਨੂੰ ਸਿਆਪਾ ਪੁਰਸਕਾਰ ਮਿਲਿਐ।"
-"ਸਿਆਪਾ
ਪੁਰਸਕਾਰ ਨਹੀ ਜੀ-ਇਆਪਾ ਪੁਰਸਕਾਰ!"
-"ਸੱਚ!
ਇਆਪਾ ਪੁਰਸਕਾਰ!! ਪੁਰਸਕਾਰਾਂ ਦੇ ਕਿਹੜਾ ਨਾਂ ਆਉਂਦੇ ਐ?
ਅੱਗੇ ਨਹਿਰੂ,
ਗਾਂਧੀ ਆਦਿ ਪੁਰਸਕਾਰ ਹੁੰਦੇ ਸੀ-ਅੱਜ ਕੱਲ੍ਹ ਤਾਂ ਇਆਪਾ-ਸਿਆਪਾ ਸਭ ਇੱਕੋ ਜਿਹੇ ਹੋਏ
ਪਏ ਐ!"
ਸਰੋਤੇ ਪੀ ਰਹੇ ਸਨ,
ਸੁਣ ਰਹੇ ਸਨ।
ਬਿੰਡਾ ਜੀ ਬੋਲੀ ਜਾ ਰਹੇ ਸਨ ਅਤੇ ਨ੍ਹੇਰੀ ਗਲਤੀਆਂ ਕੱਢੀ ਜਾ ਰਿਹਾ ਸੀ।
-"ਸੋ--
ਹੁਣ ਵਾਰੀ ਹੈ ਭਾਈ ਗੰਨਾਂ ਜੀ ਦੀ-।"
-"ਭਾਈ
ਗੰਨਾਂ ਨਹੀਂ ਜੀ! ਭਾਈ ਮੰਨਾਂ ਜੀ ਦੀ!!"
-"ਸੱਚ!
ਭਾਈ ਮੰਨਾਂ ਜੀ ਦੀ! ਪਰ ਇਹੇ ਮੰਨਣ ਚਾਹੇ ਨਾਂ ਮੰਨਣ-ਪਰ ਐਤਕੀਂ ਇਹਨਾਂ ਨੂੰ ਸਰਕਾਰ
ਵੱਲੋਂ 'ਪੱਦ-ਮਿਸਰੀ'
ਅਵਾਰਡ ਦਿੱਤਾ ਜਾ ਰਿਹੈ!"
-"ਪੱਦ-ਮਿਸਰੀ
ਅਵਾਰਡ ਨਹੀ ਜੀ! ਪਦਮ-ਸ੍ਰੀ!! ਪਦਮ-ਸ੍ਰੀ!!!"
-"ਸੱਚ,
ਪਦਮ-ਸ੍ਰੀ! ਪਦਮ-ਸ੍ਰੀ!! ਦੇਖੋ ਜੀ
'ਸਿਰੀ'
ਨਾਲ ਜ਼ਰੂਰ ਲੱਗਣੀ ਚਾਹੀਦੀ ਐ-ਚਾਹੇ ਸੱਪ ਦੀ ਈ ਕਿਉਂ ਨਾਂ ਹੋਵੇ!"
-"ਖ਼ੈਰ!
ਹੁਣ ਵਾਰੀ ਐ ਸੁਰਗਵਾਸੀ-।"
-"ਸੁਰਗਵਾਸੀ
ਨਹੀਂ ਮਹਾਰਜ! ਸਰਵ ਸ੍ਰੀ!"
-"ਸੱਚ!
ਸਰਵ ਸ਼੍ਰੀ ਰੋਣੂ ਪ੍ਰਸਾਦ ਜੀ-।"
-"ਰੋਣੂ
ਪ੍ਰਸਾਦ ਨਹੀ ਬਿੰਡਾ ਜੀ! ਰੈਣੂ ਪ੍ਰਸਾਦ!!"
-"ਰੈਣੂ
ਪ੍ਰਸਾਦ ਜੀ-ਸੱਚ!"
-"ਰੈਣੂ
ਪ੍ਰਸਾਦ ਜੀ ਦੇ ਚਿਹਰੇ
'ਤੇ
ਵੀ ਰਾਤ ਈ ਪਈ ਲੱਗਦੀ ਐ-ਲੱਗਦੇ ਵੀ ਕਾਰਤੂਸ ਦੇ ਰੈਣੇਂ ਅਰਗੇ ਈ ਐ-ਇਕ ਇਹਨਾਂ ਦਾ
ਇਲਾਕਾ ਐਹੋ ਜਿਐ-ਉਥੇ ਕਮੇਟੀ ਨੇ ਮੈਨੂੰ ਸੱਦਿਆ-ਜਦੋਂ ਮੈਂ ਜਾ ਕੇ ਫ਼ਤਹਿ ਬੁਲਾਈ
ਤਾਂ ਮੈਨੂੰ ਕਮੇਟੀ ਆਲੇ ਕਹਿੰਦੇ,
ਅਖੇ: ਆਜੋ ਬਿੰਡਾ ਜੀ! ਅਸੀਂ ਤਾਂ ਕਦੋਂ ਦਾ ਥੋਡਾ
'ਸਸਕਾਰ'
ਕਰਨ ਲਈ ਖੜ੍ਹੇ ਆਂ-'ਸਤਿਕਾਰ'
ਨੂੰ ਪਤੰਦਰ 'ਸਸਕਾਰ'
ਈ ਦੱਸਦੇ ਐ-ਮੈਂ ਕਿਹਾ ਮੇਰਾ ਸਸਕਾਰ ਤਾਂ ਅੱਜ ਐਥੇ ਈ ਕਰ ਦੇਣਗੇ!"
ਸਾਰੇ ਹੱਸ ਪਏ।
-"ਸੋ
ਮੈਂ ਤੁਹਾਡਾ ਬਹੁਤਾ ਸਮਾਂ ਨਹੀਂ ਬਰਬਾਦ ਕਰਦਾ-ਸਾਰੇ ਸੱਜਣ ਸਟੇਜ਼
'ਤੇ
ਪਹੁੰਚ ਗਏ ਹਨ-ਮੇਰੀ ਐਨੀ ਕੁ ਹੀ ਹਾਜ਼ਰੀ ਪ੍ਰਵਾਨ ਕਰਨੀ-ਧੰਨਵਾਦ!" ਬਿੰਡਾ ਜੀ ਬੈਠ
ਗਏ।
ਪ੍ਰਬੰਧਕਾਂ ਨੇ ਸ਼ੁਕਰ ਕੀਤਾ।
ਨ੍ਹੇਰੀ ਨੇ ਮੁੜ੍ਹਕਾ ਪੂੰਝਿਆ ਅਤੇ ਕਾਰਵਾਈ ਅੱਗੇ ਸੁਰੂ ਹੋ ਗਈ।
(23 December 2006)