![]() |
ਚਹੁੰ ਕੁੰਟੀਂ
ਗੁਟਰਗੂੰ--ਮੇਰੀਆਂ ਨਜ਼ਰਾਂ ਵਿਚ ਰੀਵੀਊਕਾਰ: ਡਾ: ਪ੍ਰੀਤਮ ਸਿੰਘ ਕੈਂਬੋ |
![]() ਡਾ: ਪ੍ਰੀਤਮ ਸਿੰਘ ਕੈਂਬੋ |
ਕਾਵਿ ਦੇ ਸੰਦਰਭ ਵਿੱਚ ਭਿੰਨ ਭਿੰਨ ਸਿਧਾਂਤ ਪਰਚਾਰੇ ਗਏ ਹਨ। ਕਲਾ ਵਾਦੀ ਸਿਧਾਂਤ ਅਨੁਸਾਰ ਕਾਵਿ ਦਾ ਪ੍ਰਯੋਜਨ ਪਾਠਕ ਦੇ ਹਿਰਦੇ ਵਿਚ ਮਨੋਰੰਜਨ ਤੇ ਸੁਹਜ ਪੈਦਾ ਕਰਨਾ ਹੁੰਦਾ ਹੈ। ਭਾਵ ਕਲਾਵਾਦੀ ਸਿਧਾਂਤਕਾਰ ਕਵਿਤਾ ਨੂੰ ਸੌਂਦਰਯ ਦਾ ਮਾਧਿਅਮ ਮੰਨਦੇ ਹਨ। ਪ੍ਰੰਤੂ ਕਵੀ ਇਕ ਸਮਾਜਕ ਜੀਵ ਹੈ। ਉਹ ਸਮਾਜ ਵਿਚ ਵਿਚਰਦਾ ਪ੍ਰਭਾਵ ਕਬੂਲਦਾ ਤੇ ਆਪਣਾ ਪ੍ਰਭਾਵ ਛੱਡਦਾ ਹੈ। ਇਸ ਲਈ ਕਵਿਤਾ ਨਿੱਜਵਾਦੀ ਭਾਵਾਂ ਤਕ ਹੀ ਸੀਮਤ ਨਹੀਂ ਹੋ ਸਕਦੀ। ਕਵੀ ਭਾਵੇਂ ਜਿੱਥੇ ਕਿਤੇ ਵੀ ਰਹਿੰਦਾ ਹੋਵੇ, ਉੱਥੋਂ ਦੇ ਸਮਾਜਕ ਚੌਗਿਰਦੇ ਦਾ ਅਸਰ ਕਬੂਲਦਾ ਹੈ। ਉਸ ਚੌਗਿਰਦੇ ਦੇ ਚੰਗੇ ਪ੍ਰਭਾਵਾਂ ਨੂੰ ਕਬੂਲਦਾ ਤੇ ਮਾੜਿਆਂ ਨੂੰ ਨਕਾਰਦਾ ਹੈ। ਕਵੀ ਦਾ ਹਿਰਦਾ ਤਾਂ ਸਗੋਂ ਵਿਸ਼ਾਲ ਦਿਸਹੱਦਿਆਂ ਵਾਲਾ ਹੁੰਦਾ ਹੈ ਅਤੇ ਉਹ ਆਪਣੀ ਦ੍ਰਿਸ਼ਟੀ ਅਨੁਸਾਰ ਸਮੁੱਚੇ ਵਿਸ਼ਵ ਤੇ ਮਨੁੱਖਤਾ ਨੂੰ ਆਪਣੇ ਕਲੇਵਰ ਵਿਚ ਲੈਂਦਾ ਹੈ।
ਬੀ. ਐਸ. ਬੀਰ ਦੀ ਨਵੀਨ ਰਚਨਾ 'ਚਹੁੰ ਕੁੰਟੀ ਗੁਟਰਗੂੰ' ਵੀ ਅਜਿਹੀ ਕਲਾ-ਕ੍ਰਿਤ ਹੈ ਜੋ ਵਿਸ਼ਵ ਦੇ ਹਰ ਕੋਨੇ ਵਿਚ ਸਵਸਥ ਆਸਥਾ ਪੈਦਾ ਕਰਨੀ ਲੋਚਦੀ ਹੈ। 'ਗੁਟਰਗੂੰ' ਰਚਨਾ ਆਸ਼ਾਮਈ ਜੀਵਨ ਕਿਰਨ ਦੀ ਲਖਾਇਕ ਹੈ। ਕਵੀ ਚਾਹੁੰਦਾ ਹੈ ਕਿ ਆਸ਼ਾ ਦੀ ਇਹ ਕਿਰਨ ਸਾਰੇ ਜੀਵਨ ਵਿਚ ਪਸਰ ਜਾਵੇ। ਕਵੀ ਲਿਖਦਾ ਹੈ:ਗੂਟਰਗੂੰ
ਗੁਟਰਗੂੰ-ਊਣਾ ਜੀਵਨ
ਚੁੱਪ ਦਾ ਫਨੀਅਰ
ਬਣ ਜਾਏ
ਬਿਨ ਡੰਗ ਦੇ ਡਸਦਾ ਜਾਏ।
ਗੁਟਰਗੂੰ ਰਿਸ਼ਤੇ ਭਰਮਾਵੇ
ਗੁਟਰਗੂੰ
ਰਿਸ਼ਤੇ ਬਣਾਏ ਗੁਟਰਗੂੰ
ਜਦ ਅਸਤਿ ਕਮਾਏ
ਰਿਸ਼ਤਾ ਨੌਟੰਕੀ ਬਣ ਜਾਏ।ਪਹਿਲੀ ਕਵਿਤਾ 'ਗਲੋੜੀਆਂ' ਸਿਰਲੇਖ ਨਾਲ ਉਪਲਬਧ ਕੀਤੀ ਗਈ ਹੈ। ਇਸ ਵਿਚ ਕਵੀ ਨੇ 'ਮਾਂ' ਦੇ ਸੰਬੋਧਨੀ ਲਹਿਜੇ ਵਿਚ ਸਮਾਜਕ ਚਿੱਤਰ ਦੀਆਂ ਝਾਕੀਆਂ ਪੇਸ਼ ਕੀਤੀਆਂ ਹਨ। ਕਵੀ ਦੇ ਅਨੁਸਾਰ ਮਾਂ ਇਕ ਪਵਿੱਤਰ ਮਾਨਵ ਹੈ। ਮਾਂ ਦਾ ਹਿਰਦਾ ਧਰਤੀ ਵਾਂਗ ਵਿਸ਼ਾਲ ਹੁੰਦਾ ਹੈ। ਧਰਤੀ ਆਪਣੇ ਉੱਤੇ ਲੱਖਾਂ ਦੁੱਖ ਸਹਿੰਦੀ ਹੈ ਪ੍ਰੰਤੂ ਫਿਰ ਵੀ ਪ੍ਰਾਣੀਆਂ ਨੂੰ ਪਾਲਦੀ ਹੈ। ਮਾਂ ਵੀ ਧਰਤੀ ਵਾਂਗ ਵਿਸ਼ਾਲ ਹਿਰਦੇ ਦੀ ਲਖਾਇਕ ਹੈ। ਮਾਂ ਠੰਡੀ ਠਾਰ ਵੀ ਹੈ ਅਤੇ ਮਾਂ ਗਰਮ ਜਵਾਲਾ ਵੀ। ਉਹ ਬਹਾਦਰ ਵੀ ਹੈ ਅਤੇ ਉਸ ਦੇ ਹਿਰਦੇ ਵਿਚ ਕਰੁਣਾ ਵੀ ਹੈ। ਉਹ ਸਹਿਣਸ਼ੀਲਤਾ ਦੀ ਪੁਜਾਰਨ ਵੀ ਹੈ। ਮਾਂ ਧਰਮੀ ਵੀ ਹੈ। ਉਹ ਚੰਗੇ ਬੁਰੇ ਦਾ ਵਿਤਰੇਕ ਵੀ ਕਰਦੀ ਹੈ। ਮਾਂ ਦਾ ਸੰਕਲਪ ਇਕ ਪਵਿੱਤਰ ਸੰਕਲਪ ਹੈ। ਲੇਖਕ ਇਸ ਪਵਿੱਤਰ ਜਜ਼ਬੇ ਨੂੰ ਸਾਹਮਣੇ ਰੱਖ ਕੇ ਹੀ ਮਾਂ ਦੇ ਸੰਬੋਧਨੀ ਲੋਹਿਜੇ ਰਾਹੀਂ ਆਪਣੀ ਗੱਲ ਕਹਿੰਦਾ ਹੈ। ਕਵੀ ਦੀ ਦ੍ਰਿਸ਼ਟੀ ਜਿੱਥੇ ਧਾਰਮਕ, ਸਮਾਜਕ ਤੇ ਆਰਥਕ ਸ਼ੋਸ਼ਣਾਂ ਵੱਲ ਉੱਠਦੀ ਹੈ, ਉੱਥੇ ਪ੍ਰਕਿਰਤੀ ਉੱਤੇ ਹੋ ਰਹੇ ਘਾਣ ਵੱਲ ਵੀ ਸੇਧਿਤ ਹੁੰਦੀ ਹੈ। ਇਸਦੇ ਨਾਲ ਨਾਲ ਕਵੀ ਦਾ ਹਿਰਦਾ ਲੋਕ ਸਭਿਆਚਾਰ ਦੇ ਪਤਨ ਵਲ ਜਾਣ ਕਰਕੇ ਵੈਰਾਗ ਦੇ ਵਿਚ ਵੀ ਡੁੱਬ ਜਾਂਦਾ ਹੈ। ਉਸ ਦਾ ਹਿਰਦਾ ਦ੍ਰਵਿਆ ਜਾਂਦਾ ਹੈ। ਪ੍ਰਕਿਰਤੀ ਦੀ ਸੁੰਦਰਤਾ ਜਿੱਥੇ ਮਨੁੱਖੀ ਹਿਰਦਿਆਂ ਨੂੰ ਤਾਜ਼ਗੀ ਬਖਸ਼ਦੀ ਹੈ ਉੱਥੇ ਪ੍ਰਕਿਰਤੀ ਮਾਨਵਤਾ ਨੂੰ ਬੇਅੰਤ ਸੁੱਖ ਵੀ ਪ੍ਰਦਾਨ ਕਰਦੀ ਹੈ। ਪ੍ਰੰਤੂ ਮਨੁੱਖ ਆਪਣੇ ਸਵਾਰਥੀ ਕਾਰਿਆਂ ਨਾਲ ਪ੍ਰਕਿਰਤੀ ਦੀ ਛੇੜ ਛਾੜ ਕਰਕੇ ਸਮੁੱਚੀ ਮਾਨੁੱਖਤਾ ਨੂੰ ਹਾਨੀ ਪਹੁੰਚਾ ਰਿਹਾ ਹੈ। ਲੇਖਕ ਸਮਾਜਕ ਊਣਾਂ ਨੂੰ ਵੀ ਸਾਹਮਣੇ ਰਖ ਰਿਹਾ ਹੈ ਜੋ ਸਾਮਿਅਕ ਪਰਿਸਥਿਤੀਆਂ ਦੀ ਪੈਦਾਵਾਰ ਹਨ।
ਧਾਰਮਿਕਤਾ ਦੇ ਖੇਤਰ ਵਿਚ ਪਖੰਡਵਾਦ ਵੱਧ ਰਿਹਾ ਹੈ। ਗੁਰੂ ਡੰਮ ਲੇਖਕ ਨੂੰ ਦੁੱਖੀ ਕਰ ਰਿਹਾ ਹੈ। ਕਵੀ ਇਸਨੂੰ ਤ੍ਰਿਸਕਾਰਦਾ ਹੈ:(ੳ) ਉਠ ਨੀ ਮਾਏ ਸੁਜਾਖੀਏ
ਸੰਭਲ ਸੰਭਲ ਕੇ ਚਲ
ਗੁਰੂ ਵੇਸਾਂ ਵਿਚ
ਬਿਸ਼ੀਅਰ ਰਹੇ ਨੇ ਪਲ।
(ਅ) ਉਠ ਨੀ ਮਾਏ ਵਣਜਾਰਨੇ
ਕੇਹਾ ਵਣਜ ਕਰੇਨ
ਜ਼ਹਿਰਾਂ ਭਰੇ ਪੈਕ ਨੂੰ
ਅੰਮ੍ਰਿਤ ਆਖ ਵਚੇਨ।ਧਰਮ ਦੇ ਪਰਦੇ ਹੇਠ ਆਮ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ। ਅਖੌਤੀ ਧਾਰਮਕ ਲੋਕ ਭਿੰਨ ਭਿੰਨ ਭੇਸ ਬਣਾ ਕੇ ਲੋਕਾਂ ਨੂੰ ਠੱਗ ਰਹੇ ਹਨ। ਲੋਕਾਂ ਨੂੰ ਭਰਮ ਜਾਲ ਵਿਚ ਫਸਾ ਕੇ ਮਾਨਵੀ ਕਦਰਾਂ-ਕੀਮਤਾਂ ਨੂੰ ਗੰਧਾਲ ਰਹੇ ਹਨ। ਲੋਕ ਵੀ ਸਿਦਕ ਛਡ ਬੈਠੇ ਹਨ। ਮਾਨਵੀ ਕਦਰਾਂ-ਕੀਮਤਾਂ ਖੁੱਸ ਰਹੀਆਂ ਹਨ। ਹੱਕ-ਸੱਚ ਖਤਮ ਹੋ ਰਿਹਾ ਹੈ। ਮੂਲ ਕਦਰਾਂ ਅਲੋਪ ਹੋ ਰਹੀਆਂ ਹਨ। ਸ਼ਰਮ-ਧਰਮ ਉੱਡ ਰਹੇ ਹਨ। ਕਵੀ ਨੇ ਆਪਣੀ ਸੰਬੋਧਨੀ ਸੁਰ ਵਿਚ ਧਾਰਮਕ ਚਰਿੱਤਰ ਤੋਂ ਲੈ ਕੇ ਲੋਕਾਂ ਦੀ ਮਾਨਸਿਕਤਾ ਵਿਚ ਪਏ ਛੇਕਾਂ ਨੂੰ ਉਜਿਆਰ ਕੀਤਾ ਹੈ। ਸਮਾਜਕ ਗਿਰਾਵਟ ਦੇ ਅਨੇਕਾਂ ਹੀ ਚਿੱਤਰ ਲੇਖਕ ਨੇ ਖ੍ਹਿਚੇ ਹਨ। ਕਿਤੇ ਉਹ ਧੀਆਂ ਦਾ ਵਿਉਪਾਰ ਕਰਨ ਵਾਲਿਆਂ ਨੂੰ ਫਿਟਕਾਰ ਰਿਹਾ ਹੈ ਅਤੇ ਕਿਤੇ ਉਹ ਅਣਜੰਮੀਆਂ ਧੀਆਂ ਨੂੰ ਪਾਰ ਬੁਲਾਉਣ ਜਿਹੇ ਮਾੜਿਆਂ ਕਰਮਾਂ ਨੂੰ ਧਿਰਕਾਰ ਰਿਹਾ ਹੈ। ਸਮਾਜਕ ਨਿਘਾਰ ਦਾ ਵਰਨਣ ਕਰਦਿਆਂ ਉਸ ਦੀ ਕਲਮ ਪੀੜ-ਭਕੁੰਨੀ ਬਣ ਜਾਂਦੀ ਹੈ:
ਉੱਠ ਨੀ ਮਾਏ ਲੱਜ-ਰਖੀਏ
ਕੇਹੀ ਬੀਨ ਰਹੇ ਵਜਾ
ਪੱਤ ਲੁੱਟਦੇ ਪੱਤਾਂ ਵਾਲੜੇ
ਹੁਣ ਜ਼ਰਾ ਨਾ ਸ਼ਰਮ ਹਯਾ।ਅਜਿਹੀ ਹਾਲਤ ਕਿੰਨੀ ਤਰਸਯੋਗ, ਕਿੰਨੀ ਨਿੰਦਣਯੋਗ ਤੇ ਕਿੰਨੀ ਘਿਨਾਉਣੀ ਹੈ! ਇਹ ਸਾਰਾ ਸਮਾਜਕ ਬਿਰਤਾਂਤ ਬੀਰ ਦੇ ਇਸ ਸੰਗ੍ਰਹਿ ਵਿਚ ਅੰਕਿਤ ਹੈ। ਬੀਰ ਸਮਾਜਕ ਤੇ ਆਰਥਕ ਮਸਲਿਆਂ ਵਲ ਇੰਨਾ ਕੇਂਦਰਿਤ ਹੋ ਜਾਂਦਾ ਹੈ ਕਿ ਉਹ ਹਰ ਨਿੱਕੀ ਨਿੱਕੀ ਗੱਲ ਤੇ ਉਂਗਲ ਧਰਦਾ ਹੈ। ਕੁੜੀਆਂ ਦੇ ਮਾਰਨ ਦੀ ਗੱਲ ਹੋਵੇ, ਪੱਤਾਂ ਲੁੱਟਣ ਦੀ ਗੱਲ ਹੋਵੇ, ਬੱਚਿਆਂ ਦੀ ਮੰਦਹਾਲੀ ਦੀ ਗੱਲ ਹੋਵੇ, ਕੁਚੱਜੜੇ ਇਸ਼ਕਾਂ ਦੀ ਗੱਲ ਹੋਵੇ, ਕਿਰਤ ਤੇ ਜ਼ੁਲਮੀ ਕਾਰਿਆਂ ਦੀ ਗੱਲ ਹੋਵੇ, ਕਾਣੀ ਵੰਡ ਦੀ ਗੱਲ ਹੋਵੇ, ਬੀਰ ਦੀ ਕਲਮ ਇਕ ਵੰਗਾਰ ਪਾਉਂਦੀ ਹੈ। ਉਹ ਕੇਵਲ ਵੰਗਾਰ ਹੀ ਨਹੀ ਦਿੰਦਾ ਸਗੋਂ ਉਹ ਆਪਣੇ ਕਾਵਿਕ-ਹਿਰਦੇ 'ਚੋਂ ਉੱਠੇ ਸੱਚੇ-ਸੁੱਚੇ ਵਲਵਲਿਆਂ ਤੇ ਹੱਕ ਸੱਚ ਦੀ ਵਕਾਲਤ ਕਰਦਾ ਹੋਇਆ ਮਾਨਵੀ ਪੈਗ਼ਾਮ ਦਿੰਦਾ ਹੈ।
ਬੀਰ ਧਾਰਮਕ, ਸਮਾਜਕ, ਰਾਜਨੀਤਕ ਤੇ ਆਰਥਿਕ ਸਥਿਤੀਆਂ ਦੇ ਕਰਮਾਂ ਤੋਂ ਇਲਾਵਾ ਪੰਜਾਬੀ ਸਭਿਆਚਾਰ ਵਿਚ ਪੈ ਰਹੇ ਵਿਗਾੜਾਂ ਬਾਰੇ ਵੀ ਬੋਲਦਾ ਹੈ। ਸਾਡੀਆਂ ਕਦਰਾਂ-ਕੀਮਤਾਂ ਖੁਰ ਰਹੀਆਂ ਹਨ। ਇਹਨਾਂ ਦੇ ਖੁਰਨ ਨਾਲ ਸਾਡਾ ਮਾਨਸਕ ਝੁਕਾਅ ਵੀ ਸਸਤੇ ਸਭਿਆਚਾਰ ਵਲ ਉਲਾਰ ਹੋਗਿਆ ਹੈ। ਲੋਕ ਸਭਿਆਚਾਰ ਦੇ ਸਾਦੇ, ਸਾਫ ਦਿਲ ਨੂੰ ਧੂਹ ਪਾਉਣ ਵਾਲੋੇ ਮਨੋਰੰਜਨ ਸਾਧਨ ਅਲੋਪ ਹੋ ਰਹੇ ਹਨ। ਸਭਿਆਚਾਰ ਵਿਚ ਨਵਾਂਪਨ ਵਾਪਰਦਾ ਰਹਿੰਦਾ ਹੈ ਪ੍ਰੰਤੂ ਸਭਿਆਚਾਰ ਦੇ ਉਹ ਮਨੋਰੰਜਨ ਸਾਧਨ ਜਿਨ੍ਹਾਂ ਵਿਚ ਰੂਹ ਨੂੰ ਪਕੜਨ ਦੀ ਸਿ਼ੱਦਤ ਮੌਜੂਦ ਹੁੰਦੀ ਹੈ, ਉਹ ਉਹਲੇ ਨਹੀਂ ਹੋਣੇ ਚਾਹੀਦੇ। ਲੇਖਕ ਨੂੰ ਇਸ ਲਈ ਦੁੱਖ ਹੈ ਕਿਉਂਕਿ ਸਭਿਆਚਾਰਕ ਵਾਤਾਵਰਣ ਵਿਚ ਬੇਸੁਰਾ ਤਾਲ ਵੱਜ ਰਿਹਾ ਹੈ:ਉੱਠ ਨੀ ਮਾਏ ਬੇਸੁਰੀ ਏ
ਕੇਹਾ ਵਜ ਰਿਹਾ ਹੈ ਤਾਲ
ਅਲਗੋਜੇ਼ ਤੇ ਤੂੰਬੀਆਂ ਦੇਸੋਂ ਦਿੱਤੇ ਗਏ ਨਿਕਾਲ।ਇਸੇ ਹੀ ਸੰਦਰਭ ਵਿਚ ਪੰਜਾਬੀ ਭਾਸ਼ਾ ਪ੍ਰਤੀ ਕਵੀ ਦਾ ਹਿਰਦਾ ਦੁਖੀ ਹੋ ਰਿਹਾ ਹੈ। ਬੱਚੇ ਪੰਜਾਬੀ ਭਾਸ਼ਾ ਨੂੰ ਹੀ ਭੁੱਲਦੇ ਜਾ ਰਹੇ ਹਨ:
ਉੱਠ ਨੀ ਮਾਏ ਪੰਜਾਬੀਏ
ਤੇਰੇ ਬੱਚੜੇ ਗੁਲ ਖਿਲਾਣ
ਮਾਖਿਉਂ ਭਰੇ ਬੋਲ ਤੇਰੇ
ਹੁਣ ਬੋਲਣੋਂ ਪਏ ਸ਼ਰਮਾਣ।ਗੱਲ ਕੀ ਲੇਖਕ ਦੀ ਦਿੱਬ-ਦ੍ਰਿਸ਼ਟੀ ਸਮਾਜ ਦੇ ਹਰ ਕੋਨੇ ਵਿਚ ਪਈਆਂ ਅਸੰਗਤੀਆਂ ਵੱਲ ਪੈਂਦੀ ਹੈ। ਮਾਨੋ ਉਹ ਅਸੰਗਤੀਆਂ ਦੀ ਇਕ ਲੰਮੀ ਚੌੜੀ ਫ਼ਹਿਰਿਸਤ ਬਣਾ ਰਿਹਾ ਹੋਵੇ। ਪ੍ਰੰਤੂ ਸਭ ਕਾਸੇ ਦੇ ਬਾਵਜ਼ੂਦ ਲੇਖਕ ਆਸ਼ਾਵਾਦੀ ਹੈ ਅਤੇ ਸੁਹਿਰਦਤਾ ਨਾਲ ਲੋਚਦਾ ਹੈ ਕਿ ਇਸ ਸਮਾਜ ਵਿਚ ਪਸਰੇ ਕੂੜ-ਕੁਸੱਤ ਨੇ ਇਕ ਦਿਨ ਫਨਾਹ ਹੋ ਜਾਣਾ ਹੈ। ਕੂੜ ਭਾਵੇਂ ਕੁਝ ਸਮੇਂ ਲਈ ਫਲਦਾ ਹੈ ਪ੍ਰੰਤੂ ਨਿਸਤਾਰਾ ਅਖੀਰ ਸੱਚ ਦਾ ਹੀ ਹੋਣਾ ਹੈ। ਹੇਠਲੇ ਕਾਵਿ-ਬੋਲਾਂ ਵਿਚੋਂ ਕਵੀ ਦੀ ਸਕਾਰਾਤਮਕ ਸੋਚ ਪ੍ਰਗਟ ਹੁੰਦੀ ਹੈ:
(ੳ) ਉੱਠ ਨੀ ਮਾਏ ਤਖ਼ਤਾਂ ਵਾਲੀਏ
ਤਖ਼ਤਾਂ ਵਾਲਿਆਂ ਨੂੰ ਦਰਸਾ
ਚੰਗੇਜ਼ ਸਿਕੰਦਰ ਲੱਦ ਗਏ
ਭੂਪੇ-ਭੂਮੀਆਂ ਵੀ ਹੋਣਾ ਫਨ੍ਹਾ।
(ਅ) ਸੁਣ ਨੀ ਧੀਏ ਦਲੇਰਨੇ
ਦੁੱਧ-ਪਾਣੀ ਦੇ ਨਿਤਾਰ
ਜ਼ਾਲਮ ਜ਼ੁਲਮ ਨੇ ਮੰਨਣੀ
ਆਖਰ ਇਕ ਦਿਨ ਹਾਰ।ਅਗਲੀਆਂ ਕਵਿਤਾਵਾਂ ਪੈਂਤੀ, ਸਤਵਾਰਾ ਅਤੇ ਅਲਫਾਬੈਟ ਆਦਿ ਵਿਚ ਜੀਵਨ ਸੱਚ ਨੂੰ ਕਾਵਿਕ ਸੱਚ ਵਿਚ ਇਉਂ ਪੇਸ਼ ਕੀਤਾ ਹੈ ਕਿ ਇਹ ਜੀਵਨ ਲਈ ਔਸ਼ਧੀ ਬਣ ਗਿਆ ਹੈ। ਇਹ ਕਾਵਿ-ਟੋਟਕੇ ਐਸੇ ਹਨ ਜੋ ਅਖਾਉਤਾਂ ਵਾਂਗ ਜੀਵਨ ਦੇ ਹਰ ਖੇਤਰ ਵਿਚ ਸਹੀ ਮਾਰਗ ਦਰਸਾਉਂਦੇ ਹਨ। ਲੇਖਕ ਇਨ੍ਹਾਂ ਕਵਿਤਾਵਾਂ ਵਿਚ ਆਪਣੇ ਜੀਵਨ ਅਨੁਭੱਵ ਰਾਹੀਂ ਸਮਾਜ ਦੀ ਬਣ ਰਹੀ ਸਾਮਿਅਕ ਤਸਵੀਰ ਪ੍ਰਤੀ ਦ੍ਰਿਸ਼ਟੀ ਸੁੱਟਦਾ ਹੋਇਆ ਸਾਰੰਸ਼ ਕੱਢਦਾ ਹੈ:
(ੳ) ਧੀਏ, ਨੀ ਅਸੀਂ, ਆਪਾ ਭੁੱਲੇ ਬਿੱਠ ’ਤੇ ਡੁਲ੍ਹੇ
ਬੁੱਲਾ, ਬਾਹੂ, ਹਾਸ਼ਮ, ਵਾਰਸ ਦੇ ਵਾਰਸ ਭੁੱਲੇ
ਭਿੰਨੀ ਰੈਨੜੀਏ ਦੇ ਤਾਰੇ, ਵੇਲਾ ਅੰਮ੍ਰਿਤ ਭੁੱਲੇ
ਡੁੱਬਦੇ ਸੂਰਜ ਦੇਸੀਂ, ਆਪਣਾ ਚੜ੍ਹਦਾ ਭੁੱਲੇ
ਮਾਂ-ਬੋਲੀ ਸੰਗ ਅਸਾਂ ਰੱਜ ਕੇ ਧ੍ਰੋਹ ਕਮਾਇਆ।
---------ਮਨ ਚਾਉ ਘਨੇਰੇ ਨੂੰ ਕਿਸ ਆ ਗ੍ਰਹਿਣਾਇਆ।
ਬੀਰ ਦਾ ਇਹ ਕਾਵਿ-ਸੰਗ੍ਰਹਿ ਸਮਾਜਕ ਜੀਵਨ ਦੀ ਚਿੱਤਰਸ਼ਾਲਾ ਹੈ। ਉਨ੍ਹਾਂ ਦਾ ਲਿਖਣ ਢੰਗ ਸੁੰਦਰ ਹੈ, ਸਹਿਜ ਵੀ ਪਰ ਵੰਗਾਰਾਤਮਕ ਵੀ ਹੈ। ਉਨ੍ਹਾਂ ਦਾ ਲਹਿਜਾ ਸੰਬੋਧਾਤਮਕਿ ਹੈ ਤੇ ਉਹ ਪਾਠਕਾਂ ਨੂੰ ਸਮਾਜ ਵਿਚ ਪੈ ਰਹੇ ਵਿਗਾੜਾਂ ਪ੍ਰਤੀ ਚੇਤੰਨ ਵੀ ਕਰਵਾਉਂਦਾ ਹੈ ਤੇ ਉਹ ਵਹਿਣ ਨੂੰ ਸਹੀ ਦਿਸ਼ਾ ਨਿਰਧਾਰਿਤ ਕਰਨ ਵਿਚ ਸੁਲਗਨ ਹੈ।
*****(16 ਨਵੰਬਰ 2007) ਯੂਨੀਕੋਡ
e-mail:
ਲਿਖਾਰੀ
? likhari: Punjabi Likhari Forum-2001-2007