ਰੀਵੀਊ/ਆਲੋਚਨਾ/ਪਠਨ/ਜਾਣ-ਪਹਿਚਾਣ

ਹਰਜਿੰਦਰ ਕੰਗ ਦੇ ਗ਼ਜ਼ਲ 'ਸੰਗ੍ਰਹਿ ਚੁੱਪ ਦੇ ਟੁਕੜੇ' ਉਤੇ ਇੱਕ ਝਾਤ

-ਕਰਮ ਸਿੰਘ ਮਾਨ-

 

ਹਰਜਿੰਦਰ ਕੰਗ ਦਾ ਪਹਿਲਾ ਗਜ਼ਲ ਸੰਗ੍ਰਹਿ ‘ਸਵਾਂਤੀ ਬੂੰਦ’1992 ਈਸਵੀ ਵਿੱਚ ਤੇ ਦੂਜਾ ਗਜ਼ਲ ਸੰਗ੍ਰਹਿ ‘ਠੀਕਰੀ ਪਹਿਰਾ’1993 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਸੀ ਤੇ ਹੁਣ ਤੀਜਾ ਕਾਵਿ ਸੰਗ੍ਰਹਿ ‘ਚੁੱਪ ਦੇ ਟੁਕੜੇ’ 2006 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਹੈ।ਇਸ ਵਿੱਚ ਉਸਦੀਆ ਗਜਲਾਂ, ਕਵਿਤਾਵਾਂ ਤੇ ਉਹ ਗੀਤ ਹਨ ਜੋ ਪਹਿਲਾਂ ਹੀ ਦੁਨੀਆਂ ਭਰ ਦੇ ਪੰਜਾਬੀ, ਹਿੰਦੀ ਤੇ ਉਰਦੂ ਬੋਲਣ ਵਾਲੇ ਲੋਕਾਂ ਦੀ ਜਬਾਨ ਤੇ ਚੜ੍ਹ ਗਏ ਹਨ। ਦੂਜੇ ਗਜ਼ਲ ਸੰਗ੍ਰਹਿ ‘ਠੀਕਰੀ ਪਹਿਰਾ’ ਨਾਲ ਈ ਉਹ ਪੂਰੀ ਤਰ੍ਹਾ ਸਥਾਪਤ ਹੋ ਚੱਕਿਆ ਸੀ ਉਸਦੀ ਸਾਧਨਾ ਤੇ ਚੇਤਨਾ ਰੰਗ ਲਿਆਈ ਸੀ। ਇਸ ਗਜਲ ਸੰਗ੍ਰਹਿ ਵਿੱਚ ਆਰਥਿਕ, ਸਮਾਜਿਕ, ਰਾਜਨੀਤਕ ਵਾਤਾਵਰਣ ਦੇ ਹੱਥੋਂ ਦੁੱਖ ਭੋਗਦੇ ਮਨੁਖ ਦੀ ਵੇਦਨਾ ਜਜ਼ਬੇ ਦੀ ਸ਼ਿੱਦਤ, ਕੋਮਲ ਇਹਸਾਸ ਤੇ ਸ਼ਬਦ ਦੀ ਅਸੀਮਤਾ ਬਹੁਤ ਹੀ ਕਲਾਤਮਿਕਤਾ ਤੇ ਪੁਖ਼ਤਗੀ ਨਾਲ ਪੇਸ਼ ਹੋਈ ਹੈ। ਇਸ ਤੀਸਰੇ ਕਾਵਿ ਸੰਗ੍ਰਹਿ ‘ਚੁੱਪ ਦੇ ਟੁਕੜੇ’ ਵਿੱਚ ਉਹੀ ਮਾਨਸਿਕ ਸੰਤਾਪ ਤੇ ਵੇਦਨਾ ‘ਧਾਹ ਵਰਗੇ ਹਉਕਿਆ’ ਰਾਹੀ, ਸੁਗੰਧ ਸਮੀਰ ਦੇ ਮਹਿਕ ਭਰੇ ਸ਼ੱਤ ਬੁੱਲੇ ਰਾਹੀਂ, ਅਨਹਦ ਨਾਦ ਵਰਗੇ ਸੰਗੀਤ ਰਾਹੀਂ, ਬਲਦਾਂ ਦੇ ਗਲ ਪਈਆ ਟੱਲੀਆਂ ਦੀ ਟੁਣਕਾਰ ਰਾਹੀਂ ਅਤੇ ਫੁੱਲਾਂ ਅਤੇ ਰੰਗਾਂ ਦੀ ਮਹਿਕ ਸਾਹਾਂ ਵਿੱਚ ਘੁਲਕੇ ਸ਼ਬਦਾਂ ਦੀ ਅਸੀਮ ਸ਼ਕਤੀ ਰਾਹੀਂ ਕਿਤਾਬ ਦੇ ਪੰਨਿਆਂ ਤੇ ਬਰਾਜਮਾਨ ਹੋਈ ਹੈ।

ਮੇਰੇ ਰੰਗਾਂ ਮੋਨ ਤਰੰਗਾਂ ਮੇਰੀ ਧੁੱਪ ਦੇ ਟੁਕੜੇ
ਇਹ ਕਵਿਤਾਵਾਂ ਨੇ ਸਫ਼ਿਆ ਤੇ ਮੇਰੀ ਚੁੱਪ ਦੇ ਟੁਕੜੇ

ਹਰਜਿੰਦਰ ਕੰਗ ਦੀ ਕਵਿਤਾ ਦੇ ਥੀਮ ਨੂੰ ਸਮਝਣ ਲਈ ਸਬਦ ‘ਮੌਨ’ ਅਤੇ‘ ਤਰੰਗ ਦੇ ਅਰਥਾਂ ਤੇ ਭਾਵ ਅਰਥਾਂ ਨੂੰ ਸਮਝਣਾ ਬੜੀ ਜਰੂਰੀ ਹੈ ਕਿਉਂਕਿ ਇੰਨ੍ਹਾਂ ਅਰਥਾਂ ਵਿੱਚ ਹੀ ਉਸਦੀ ਧੁੱਪ (ਚੇਤਨਤਾ) ਜੀਵਨ ਦਰਸ਼ਨ ਹੈ। ਜੋ ਬਾਹਰੀ ਸਥੂਲ ਵਸਤਾਂ ਨੂੰ ਉਹ ਵੇਖਦਾ, ਨਿਹਾਰਦਾ ਹੈ ਉਹੀ ਰੰਗ ਅਤੇ ਸੁਗੰਧ ਉਸਦੀ ਸਾਹ ਪਰਣਾਲੀ ਵਿੱਚ ਘੁਲ ਕੇ ਉਸਦੀ ਗਜ਼ਲ, ਗੀਤ ਅਤੇ ਕਵਿਤਾ ਵਿੱਚ ਮੁੜ ਬਾਹਰ ਆ ਜਾਂਦੀ ਹੈ।

ਮੌਨ ਤੋਂ ਭਾਵ ਖ਼ਮੋਸ਼ੀ ਹੈ।ਇਹ ਖ਼ਮੋਸੀ ਪਲ ਭਰ ਦੀ ਛਿਨ-ਭਿੰਗਰ ਵੀ ਹੈ ਅਤੇ ਲਿਵਤਾਰ ਅਖੰਡ ਚੁੱਪ। ਤਰੰਗ ਤੋਂ ਭਾਵ ਲਹਿਰ, ਮਨ ਦੀ ਮੌਜ; ਸੰਕਲਪ ਦੀ ਲਹਿਰ, ਜਿਸ ਗ੍ਰੰਥ ਨੂੰ ਸਰੋਵਰ ਅਥਵਾ ਸਮੁੰਦਰ ਰੂਪ ਵਿੱਚ ਕਲਪਦਾ ਹੈ ਉਸਦੇ ਅਧਿਆਏ ਤਰੰਗ ਕਹਾਉਂਦੇ ਹਨ;  ਰਾਗ ਦੇ ਸੁਰਾਂ ਦੀ ਲਹਿਰ-ਤਾਨ; ਗੁਰਜ਼ ਅਤੇ ਤਲਵਾਰ ਦੇ ਪਰਸਪਰ ਭਿੜਨ ਤੋਂ ਹੋਇਆ ਖੜਕਾਰ। ਮੌਨ ਅਤੇ ਤਰੰਗ ਦੇ ਸਾਰੇ ਅਰਥ ਇਸ ਪੁਸਤਕ ਵਿੱਚ ਪਏ ਹਨ।ਗਰਜ਼ ਅਤੇ ਤਲਵਾਰ ਦਾ ਭੇੜ ਉਸਦੇ ਅੰਦਰ ਪੁਰਾਣੀਆਂ ਤੇ ਨਵੀਆਂ ਕਦਰਾਂ ਕੀਮਤਾਂ ਦਾ ਭੇੜ ਹੈ।ਇਸ ਭੇੜ ਕਾਰਨ ਉਸਦੇ ਅੰਦਰ ਟੁੱਟ ਭੱਜ ਹੁੰਦੀ ਹੈ ਅਤੇ ਸ਼ੋਰ ਪੈਦਾ ਹੁੰਦਾ ਹੈ ਪਰ ਇਹ ਸ਼ੋਰ ਬਾਹਰਲੇ ਕੰਨ ਤੱਕ ਨਹੀਂ ਪੁਜਦਾ।

ਗਜ਼ਲਾਂ ਵਿੱਚ ਮੌਨ ਚੁੱਪ ਝਰਨੇ ਵਾਂਗ ਝਰਦੀ,ਚਸ਼ਮੇ ਵਾਂਗ ਫੁਟਦੀ ਅਤੇ ਫ਼ੁਹਾਰੇ ਦੀ ਫੁਹਾਰ ਬਣ ਕੇ ਬਾਹਰ ਆਉਂਦੀ ਹੈ। ਇੰਨ੍ਹਾ ਵਿੱਚੋਂ ਕੋਈ ਸ਼ੋਰ-ਸਰਾਬਾ ਨਹੀਂ ਨਿੱਕਲਦਾ। ਇਹ ਚੁੱਪ ਬਾਣੀ ਦੇ ਅਲਾਪ ਅਤੇ ਪੰਛੀਆਂ ਦੀ ਚਹਿਕ ਵਰਗੀ ਹੈ। ਇਹ ਚੰਨ ਦੀਆਂ ਰਿਸ਼ਮਾ ਵਾਂਗ ਤਨ ਤੇ ਮਨ ਨੂੰ ਠਾਰਦੀ ਹੈ।ਰਿਸ਼ਮਾਂ, ਜਿਨ੍ਹਾ ਦੀ ਖਿੱਚ ਨਾਲ ਸਮੁੰਦਰ ਦੇ ਮਨ ਵਿੱਚ ਪਿਆਰ ਠਾਠਾਂ ਮਾਰਦਾ ਹੈ ਤੇ ਇਸ ਖਿੱਚ ਨਾਲ ਸਮੁੰਦਰ ਵਿੱਚ ਜਵਾਰ ਆ ਜਾਂਦੀ ਹੈ। ਇਸ ਦੀ ਤਸੀਰ ਚੜਚੇ ਸੂਰਜ ਦੀ ਕਿਰਨ ਵਰਗੀ ਵੀ ਹੈ ਜੋ ਪਾਣੀ ਦੇ ਮਾਧਿਅਮ ਵਿੱਚ ਦੀ ਗੁਜਰਦੀ ਸਤਰੰਗੀ ਪੀਂਘ ਦੇ ਰੰਗਾਂ ਵਿੱਚ ਵਟ ਜਾਂਦੀ ਹੈ। ਇਹ ਰਿਸ਼ਮਾਂ ਤੇ ਕਿਰਨਾਂ ਦੀਆਂ ਦੀ ਮਹੀਨ ਤੰਦਾ ਦੀ ਤਸੀਰ ਉਸਦੀਆਂ ਕਵਿਤਾਵਾਂ ਵਿੱਚ ਹੈ। ਇਹ ਲੋਅ ਜੀਵਨ ਦੇ ਬਿਖੜੇ ਰਾਹਾਂ ਤੇ ਤੁਰਦੇ ਮਨੁੱਖ ਲਈ ਪ੍ਰਕਾਸ਼ ਦਿੰਦੀ ਹੈ। ਉਸਦੀ ਚੁੱਪ ਉਸਦੇ ਆਪੇ ਦਾ ਪ੍ਰਕਾਸ਼ ਹੇ ਜਿਹੜੀ ਉਸਦੀਆਂ ਗਜਲਾਂ ਵਿੱਚ ਸਮਾਈ ਪਈ ਹੈ।

*ਥੱਕੇ ਟੁੱਟੇ ਦੀ ਕਰਦੀ ਹੈ ਕਵਿਤਾ ਗੰਢ ਤੁਪ ਮੇਰੀ।
ਸ਼ਬਦਾਂ ਵਿੱਚੋਂ ਧੀਮੀ ਧੀਮੀ ਬੋਲੇਗੀ ਚੁੱਪ ਮੇਰੀ।
ਆਥਣ ਨੂੰ ਡੁੱਬ ਜਾਣਾ ਹੈ ਓੜਕ ਸੂਰਜ ਮੇਰਾ
ਐਪਰ ਦਿਲਾਂ ਵਿੱਚ ਰਹੂ ਚਮਕਦੀ ਦੇਰ ਤਕ ਧੁੱਪ ਮੇਰੀ।

• ਕਾਲੀ ਰਾਤ ਕਸਾਈਆਂ ਵਰਗੀ
ਮੇਰੀ ਚੁੱਪ ਦੁਹਾਈਆਂ ਵਰਗੀ

*ਬੱਸ ਇੱਕ ਟੁਕੜਾ ਈ ਧੁੱਪ ਦਾ ਮੇਰੀ ਹੈ ਲੋੜ ਸਾਰੀ
ਕੀ ਕਰਨੀ ਹੈ ਮੈ ਧੁੱਪ ਦੇ ਰੰਗਾਂ ਦੀ ਜਾਣਕਾਰੀ

ਜ਼ਿੰਦਗੀ ਦੇ ਸਫਰ ਵਿੱਚ ਥੱਕੇ ਟੁੱਟੇ ਮੁਸਾਫ਼ਰ ਅਰਾਮ ਕਰਨ ਲਈ ਰੱਖ ਥੱਲੇ ਬੈਠ ਜਾਂਦੇ ਹਨ।ਹਰ ਇੱਕ ਮੁਸਾਫਰ ਇਸ ਰੁੱਖ ਨੂੰ ਆਪੋ ਅਪਣੇ ਨਜਰੀਏ ਅਨੁਸਾਰ ਵੇਖਦਾ ਹੈ।ਕੋਈ ਇਸਦੇ ਹਰੇ ਭਰੇ ਪੱਤਿਆਂ ਨੂੰ ਅਤੇ ਉਸ ਉੱਤੇ ਬੇਠੇ ਪੰਛੀਆਂ ਨੂੰ ਵੇਖ ਕੇ ਅਸ਼ ਅਸ਼ ਕਰ ਉਠਦਾ ਹੈ।ਕਈ ਹੋਰ ਸ਼ਿਕਾਰੀ ਦੀ ਜੋ ਉਸ ਉੱਤੇ ਬੈਠੇ ਪੰਛੀਆਂ ਨੂੰ ਫੁੰਡਣ ਵਾਰੇ ਸੋਚਦਾ ਹੈ।ਕੋਈ ਵਪਾਰੀ ਦੀ ਜੋ ਰੁੱਖ ਨੂੰ ਕੱਟ ਕੇ ਇਸਦੀ ਲੱਕੜੀ ਦੀ ਕੀਮਤ ਦਾ ਅਨੁਮਾਨ ਲਾਉਂਦਾ ਹੈ।ਹਰਜਿੰਦਰ ਕੰਗ ਜ਼ਿੰਦਗੀ ਦੇ ਸਫਰ ਵਿੱਚ ਇਸ ਰੁੱਖ ਨੂੰ ਕਲਾਕਾਰ ਦੀ ਦਰਿਸ਼ਟੀ ਨਾਲ ਵੇਖਦਾ ਹੈ।ਉਹ ਇਸ ਰੁੱਖ ਦੇ ਰੰਗਾਂ ਅਤੇ ਤਰੰਗਾਂ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ। ਇੱਕ ਵਿਰਕਤ ਵਾਂਗ ਇਸਦੇ ਝੜਦੇ ਪੱਤੇ ਉਸਨੂੰ ਪਤਝੜ ਦਾ ਸੁਨੇਹਾ ਦਿੰਦੇ ਜ਼ਿੰਦਗੀ ਦੀ ਨਾਸ਼ਵਾਨਤਾ ਦਾ ਇਹਸਾਸ ਦਿੰਦੇ ਹਨ।ਧੂਣੀ ਵਿੱਚ ਧੁਖਦੇ ਉਹੀ ਸੁੱਕੇ ਪੱਤੇ ਨਿੱਘ ਤੇ ਪਰਕਾਸ਼ ਦਿੰਦੇ ਹਨ।ਉਸਨੂੰ ਇੰਜ ਲਗਦਾ ਹੇ ਜਿਵੇ ਰੁੱਖ ਉਸਨੂੰ ਜਿੰਦਗੀ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੰਦਾ ਹੋਵੇ। ਦੂਰੋਂ ਦੂਰੋਂ ਉੱਡ ਕੇ ਆਏ ਪੰਛੀ ਉਸਨੂ ਪਰਵਾਸ ਦਾ ਇਹਸਾਸ ਦਿੰਦੇ ਹਨ। ਉਸਨੂੰ ਅਪਣੀ ਮੰਜ਼ਲ ਦਾ ਇਹਸਾਸ ਹੁੰਦਾ ਹੈ ਕਿ ਉਹ ਵੀ ਕੂੰਜ ਵਾਂਗ ਕਿਸੇ ਹੋਰ ਦੇਸ ਤੋਂ ਉੱਡ ਕੇ ਇੱਥੇ ਆਇਆ ਹੈ।‘ਊਡੇ ਊਡਿ ਆਵੈ ਸੋ ਕੋਸਾਂ ਤਿਸ ਪਾਛੇ ਬੱਚਰੇ ਛਰਿਆ। ਉਹ ਵੀ ਅਪਣੇ ਆਪ ਨੂੰ ਉਹ ਕੂੰਜ ਈ ਤਸੱਵਰ ਕਰਦਾ ਹੈ ਜਿਸਦਾ ਅੱਧ ਪਿੱਛੇ ਅਪਣੇ ਦੇਸ਼ ਵਿੱਚ ਪਿਆ ਹੋਵੇ। ਉਹ ਆਪਣੇ ਆਪ ਨੂੰ ਵੀ ਉਸ ਰੁੱਖ ਵਰਗਾ ਸਮਝਦਾ ਹੈ ਜਿਸਦਾ ਮੁਕੱਦਰ ਤੂੰਬਾ ਤੂਬਾ ਕਰਕੇ ਕੱਟਿਆ ਜਾਣਾ ਹੈ ਜਾਂ ਦਾਵਾਨਲ ਦੀ ਅੱਗ ਨਾਲ ਸੜ ਕੇ ਸੁਆਹ ਹੋ ਜਾਣਾ ਹੇ। ਉਸ ਲਈ ਇਹ ਦੁੱਖ ਅਸਹਿ ਪੀੜ ਬਣਦਾ ਹੈ।ਉਸ ਦੀ ਸੋਚ ਉਸ ਪੰਛੀ ਦੇ ਚਿਤਾ ਤੇ ਬੈਠਣ ਤੋਂ ਕਾਸਦ ਦੇ ਪਿੰਜਰੇ ਦਾ ਮੂੰਹ ਚਿੜਾਉਂਦੇ ਕਿਸੇ ਸਤਰੰਗੀ ਪੀਂਘ ਤੇ ਬੈਠਣ ਤੱਕ ਦਾ ਸਫ਼ਰ ਤਹਿ ਕਰ ਲੈਂਦੀ ਹੈ।ਨਾ ਹੀ ਦਾਵਾਨਲ ਅਤੇ ਨਾਹੀ ਘੁਲਦੇ ਝੱਖੜ ਅਤੇ ਨਾਂ ਹੀ ਕਾਸਦ ਦਾ ਪਿੰਜਰੇ ਵਿੱਚ ਪਾਇਆ ਚੋਗਾ ਉਸਦੇ ਉੱਡਣ ਦੀ ਡੰਝ ਨੂੰ ਠੱਲ ਪਾ ਸਕਦੇ ਹਨ।

*ਦਰਦ ਟੁੱਟੇ ਚੂੜਿਆਂ ਦਾ ਜਦ ਨਾਂ ਹੋ ਸਕਿਆ ਬਿਆਨ
ਇੱਕ ਪਰਿੰਦਾ ਉੱਡ ਕੇ ਬਲਦੀ ਚਿਤਾ ਤੇ ਬਹਿ ਗਿਆਂ।
*ਪਿੰਜਰੇ ਦਾ ਮੂੰਹ ਹਵਾ ਵਿੱਚ ਅੱਡਿਆ ਹੀ ਰਹਿ ਗਿਆ।
ਸਤਰੰਗੀ ਪੀਂਘ ਤੇ ਚਿੜੀਆਂ ਦਾ ਚੰਬਾ ਬਹਿ ਗਿਆ।

*ਫਿਰ ਕਰੂੰਬਲ ਫੁੱਟ ਪਈ ਝੱਖੜ ਦੇ ਝੰਬੇ ਬਿਰਖ਼’ਤੇ
ਵਹਿਮ ਸੀ ਝੱਖੜ ਨੂੰ ਉਹ ਸਭ ਕੁਝ ਉਡਾ ਕੇ ਲੈ ਗਿਆ।

*ਰੰਗ ਮੇਰਾ ਵੀ ਵਗੇ ਰੰਗਾਂ ਦੇ ਇਸ ਦਰਿਆ ਦੇ ਵਿੱਚ
ਰੰਗ ਦੀ ਤੌਹੀਨ ਹੈ ਮੈਨੂ ਜੇੰ ਕਹਿਣਾ ਪੈ ਗਿਆ।

ਹਰਜਿੰਦਰ ਦੋ ਕਿਸਮ ਦਾ ਪਰਵਾਸ ਭੋਗਦਾ ਹੈ। ਇੱਕ ਪਰਦੇਸ ਹੈ ਦੇਸ਼ ਤੋਂ ਬਿਦੇਸ਼ ਜਾਣ ਦਾ। ਅਪਣੇ ਘਰ, ਅਪਣੇ ਦੇਸ਼, ਬੋਲੀ ਰਹਿਤਲ ਤੇ ਸਭਿਆਚਾਰ ਤੋਂ ਦੂਰ ਜਾਣ ਦਾ। ਉਨ੍ਹਾ ਪਰਵਾਸੀ ਕੂੰਜਾਂ ਵਰਗਾ ਜਿਨ੍ਹਾਂ ਦੇ ਬੱਚੇ ਪਹਾੜਾ ਵਿੱਚ ਹਨ ਪਰ ਘਰ ਮੁੜਨ ਲਈ ਪਰਵਾਜ਼ ਸਦਾ ਉਨ੍ਹਾਂ ਦੇ ਖ਼ੰਭਾਂ ਵਿੱਚ ਤੜਪਦੀ ਰਹਿੰਦੀ ਹੈ। (ਊਡੇ ਊਡਿ ਆਵੈ ਸੈ ਕੋਸਾਂ ਤਿਸੁ ਪਾਛੈ ਬਚਰੇ ਛਰਿਆ)। ਇਸ ਕਰਕੇ ਉਸਨੂੰ ਅਪਣੇ ਅਸਤਿਤਵ ਦਾ ਅੱਧਾ ਹਿੱਸਾ ਪਿੱਛੇ ਰਹਿ ਗਿਆ ਲਗਦਾ ਹੈ। ਰੋਜ਼ੀ ਰੋਟੀ ਦੀ ਭਾਲ ਵਿੱਚ ਮਨੁੱਖ ਪਰਵਾਸ ਧਾਰਨ ਕਰਦਾ ਹੈ ਤੇ ਪਰਵਾਸ ਵਿੱਚ ਆਕੇ ਉਸਨੂੰ ਆਪਣੇ ਖੁਰਨ ਦਾ ਅਹਿਸਾਸ ਹੁੰਦਾ ਹੈ।

*ਜਦ ਬੰਦੇ ਨੂੰ ਘਰ ਛੱਡ ਕੇ ਪਰਦੇਸੀ ਹੋਣਾ ਪੈ ਜਾਂਦਾ ਹੈ।
ਦਿਲ ਦਾ ਇੱਕ ਟੁਕੜਾ ਸੀਨੇ ਵਿਚ ਇਕ ਵਤਨਾਂ ਵਿਚ ਰਹਿ ਜਾਂਦਾ ਹੈ।

*ਰੁਜ਼ਗਾਰ ਦੇ ਪਿੱਛੇ ਪਿੱਛੇ ਬੰਦਾ ਤੁਰਦਾ ਆਵੇ ਭੁਰਦਾ ਆਵੇ
ਮਾਂ,ਮਹਿਬੂਬਾ ਦੇਸ਼, ਯਰਾਨੇ ਕੀ ਕੀ ਛੱਡਣਾ ਪੈ ਜਾਂਦਾ ਹੈ।

*ਇੱਕ ਪੈਰ ਹੈ ਦੇਸ’ਚ, ਇੱਕ ਪਰਦੇਸ’ਚ ਅਪਣਾ ਹਾਲ ਕੀ ਦਸੀਏ
ਇੱਕ ਜੁਗਨੂੰ ਜਿਉਂ ਨੇਰ੍ਹੇ ਦੇ ਵਿੱਚ ਜਗਦਾ ਬੁਝਦਾ ਰਹਿ ਜਾਂਦਾ ਹੈ।

*ਮੈਂ ਉਹ ਪੰਛੀ ਜੋ ਬੋਟਾਂ ਦੀ ਚੋਗ ਦੀ ਖਾਤਰ ਧੋਖਾ ਖਾ ਕੇ
ਬਿਰਖ਼ ਦੇ ਉੱਤੇ ਬਹਿੰਦਾ ਬਹਿੰਦਾ ਜਾਲ’ਚ ਫਸ ਕੇ ਰਹਿ ਜਾਂਦਾ ਹੈ।

ਉਸਨੂੰ ਅਪਣਾ ਪਿੰਡ,ਅਪਣੇ ਲੋਕ ਤੇ ਪੰਜਾਬੀ ਰਹਿਤਲ ਯਾਦ ਆਉਂਦੀ ਹੈ ਭਾਵੇ ਹੁਣ ਇਹ ਸਮੇ ਨਾਲ ਇਹ ਯਾਦਾਂ ਧੁੰਦਲੀਆ ਹੁੰਦੀਆਂ ਜਾਂਦੀਆ ਹਨ ਪਰ ਅਵਚੇਤਨ ਵਿੱਚ ਇੰਨ੍ਹਾਂ ਦੀ ਜਕੜ ਢਿੱਲੀ ਨੀ ਹੁੰਦੀ। ਬਹੁਤਾ ਦੁੱਖ ਉਸਨੂੰ ਪੰਜਾਬ ਵਿੱਚੋਂ ਹੀ ਪੰਜਾਬ ਦੇ ਗੰਮ ਹੋਣ ਦਾ ਹੈ। ਉਹ ਮਹਿਸੂਸ ਕਰਦਾ ਹੈ ਕਿ ਪੰਜਾਬ ਵਿੱਚ ਹੁਣ ਪੰਜਾਬ ਵਰਗਾ ਕੁਝ ਨਹੀਂ ਰਿਹਾ-ਨਾਹੀਂ ਬੋਲੀ ਨਾਂਹੀ ਬਾਣਾ, ਨਾਂ ਹੀ ਉਹ ਸਡੌਲ ਜੁੱਸਾ। ਨਾਂ ਹੀ ਪੰਜਾਬ ਦੀ ਰੀੜ ਈ ਹੱਡੀ ਕਿਸਾਨੀ ਜੀਵਨ ਜਾਚ। ਕਿਸੇ ਵੇਲੇ ਖੇਤੀ ਜੀਵਨ ਜਾਚ ਹੁੰਦੀ ਸੀ ਪਰ ਹੁਣ ਉਹ ਮੰਡੀ ਦੀ ਇੱਕ ਵਸ ਬਣ ਕੇ ਰਹਿ ਗਈ ਹੈ। ਗਰੀਬੀ ਦੀ ਜਕੜ ਵਿੱਚ ਧਸਿਆ ਕਿਰਸਾਨ ਹਰ ਸਾਲ ਖੁਦਕਸ਼ੀਆ ਕਰ ਰਿਹਾ ਹੈ। ਇਸੇ ਕਰਕੇ ਹੁਣ ਉਹ ਗੁੰਮਿਆ ਪੰਜਾਬ ਪੱਛਮ ਦੇ ਹਰ ਸ਼ਹਿਰ ਚੋਂ ਭਾਲਦਾ ਹੈ।ਉਹ ਅਪਣੇ ਪੰਜਾਬ ਦੇ ਪਿੰਡਾ ਤੇ ਲੋਕਾਂ ਦਾ ਜੀਵਨ ਲਈ ਅਰਦਾਸਾ ਕਰਦਾ ਹੈ।

ਹੌਲੀ ਹੌਲੀ ਗੁੰਮ ਨਾਂ ਜਾਵੇ ਪੱਗ ਵਾਲਾ ਪੰਜਾਬ ਕਿੱਤੇ
ਕਰ ਅਰਦਾਸਾਂ ਰਹੇ ਫੈਲਦੀ ਪੌਣ’ਚ ਗੂੰਜ ਜੈਕਾਰੇ ਦੀ।

*ਆਵੇ ਵਤਨਾਂ ਦੀ ਯਾਦ ਜਦੋਂ ਹੰਝੂ ਵਗ ਪੈਣ
ਰਹਾਂ ਹੰਝੂਆਂ ‘ਚੋਂ ਰਾਵੀ ਤੇ ਝਨਾਬ ਭਾਲਦਾ।

ਦਿਲ ਹੋ ਗਿਆ ਸ਼ੁਦਾਈ ਇਹਨੂੰ ਕਿੰਜ ਸਮਝਾਵਾਂ
ਹਰ ਸ਼ਹਿਰ’ਚੋਂ ਰਹਿੰਦਾ ਏ ਪੰਜਾਬ ਭਾਲਦਾ।

ਇੱਕ ਸੰਵੇਦਨਸ਼ੀਲ ਸ਼ਾਇਰ ਹੋਣ ਦੇ ਨਾਤੇ ਉਸਨੂੰ ਪਰਵਾਸੀ ਜੀਵਨ ਦੀਆਂ ਸਮੱਸਿਆਵਾਂ ਵਾਰੇ ਵਧੇਰੇ ਚਿੰਤਾ ਤੇ ਗ਼ਮ ਹੈ।ਸਭ ਤੋਂ ਵੱਡੀ ਦਿੰਤਾ ਹੈ ਬੱਚਿਆ ਦਾ ਸਾਡੀ ਮਾਂ ਬੋਲੀ ਪੰਜਾਬੀ ਤੇ ਪੰਜਾਬੀ ਸੱਭਿਆਚਾਰ ਤੋਂ ਮਨਫ਼ੀ ਹੋਣਾ।ਉਸਨੂੰ ਦੁੱਖ ਹੈ ਮਾਂ ਬੋਲੀ ਪੰਜਾਬੀ,ਪੰਜਾਬੀ ਸਭਿਆਚਾਰ ਤੋੰ ਦੂਰ ਜਾਣ ਦਾ।ਉਹ ਇਸ ਸੱਚ ਨੂੰ ਬਹੁਤ ਹੀ ਸਿੱਦਤ ਨਾਲ ਬਿਆਨ ਕਰਦਾ ਹੈ ਕਿ ਮਾਂ ਬੋਲੀ ਪੜ੍ਹਨ ਨਾਲ ਹੀ ਸਾਡੀ ਪਹਿਚਾਣ,ਸਾਡਾ ਸੱਭਿਆਚਾਰ ਤੇ ਧਰਮ ਬਚ ਸਕਦਾ ਹੈ।ਪੰਜਾਬੀ ਪੜ੍ਹ ਕੇ ਹੀ ਅਸੀ ਗੁਰੂਆਂ ਦੀ ਅਲਾਹੀ ਬਾਣੀ,ਸੰਤਾਂ,ਭਗਤਾਂ ,ਪੀਰਾਂ,ਫਕੀਰਾਂ ਅਤੇ ਸੂਫੀ ਸਾਹਿਤ ਪੜ੍ਹ ਸਕਦੇ ਹਾਂ। ਉਸਦੇ ਇਹ ਸ਼ਿਅਰ ਕਿੰਨੇ ਜ਼ਿਕਰ ਯੋਗ ਹਨ।

*ਬੋਲੀ ਕੌਮ ਦਾ ਸੁਹਾਗ ਸੰਧੂਰ ਹੁੰਦੀ ਏ
ਬੋਲੀ ਰਗਾਂ ਵਿਚ ਦੌੜਦਾ ਸਰੂਰ ਹੁੰਦੀ ਏ
ਬੋਲੀ ਲੋਰੀਆਂ ਤੇ ਸ਼ਗਨਾ ਦੇ ਗੀਤ ਜਮਦੀ
ਬੋਲੀ ਦਿਲਾਂ ਦੇ ਚਿਰਾਗਾਂ ਵਾਲਾ ਨੂਰ ਹੁੰਦੀ ਏ

*ਕਿਤੇ ਭੁੱਲ ਈ ਨਾ ਜਾਇਓ ਬੋਲੀ,ਮਾਂ ਅਪਣੀ।,
ਫੇਰ ਨੇਰ੍ਹਿਆਂ ਚੋਂ ਲੱਭਣੀ ਨੀਂ ਛਾਂ ਆਪਣੀ।
ਬੋਲੀ ਬੱਚਿਆਂ ਨੂੰ ਆਪਣੀ ਸਿਖਾਉਣੀ ਏ ਜਰੂਰੀ
‘ਕੰਗ’ ਜੱਗ ਤੇ ਪਛਾਣ ਰਹਿਣੀ ਤਾਂ ਆਪਣੀ।

“ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ॥
ਕਿਸੁ ਪਹਿ ਖੋਲਉ ਗੰਠੜੀ ਦੁੱਖੀ ਭਰ ਆਇਆ॥” ਸੂਹੀ ਮਹੱਲਾ ਪੰਜਵਾ।

ਦੂਜਾ ਪਰਵਾਸ ‘ਮਨ ਪਰਵਾਸੀ ਜੇ ਥੀਐ’ ਦਾ ਹੈ। ਨਦੀ ਦੇ ਸ਼ਹੁ ਸਾਗਰ ਵੱਲ ਧਾਣ ਦੀ ਮੰਜ਼ਲ। ਗੁਰਮਤ ਤੇ ਸੂਫੀਆਨਾ ਅੰਦਾਜ਼।ਉਹ ਬਿਰਹਾ ਨੂੰ ਸੁਲਤਾਨ ਮੰਨਦਾ, ਅਪਣੇ ਮਨ ਵਿੱਚ ਬਿਰਹਾ ਦੀ ਤਪਸ਼ ਹੰਡਾਉਦਾ ਵਿਰਾਗਮਈ ਹੋਇਆ ਵਸਲ ਲਈ ਤਾਂਘਦਾ ਹੈ ਪਰ ਉਹ ਇਸ ਵਸਲ ਦੀ ਅਵਸਥਾ ਨੂੰ ਅਪਣੀ ਮੰਜ਼ਲ ਦਾ ਅੰਤ ਨਹੀਂ ਸਮਝਦਾ ਕਿਉਂਕਿ ਇਸ ਅਵਸਥਾ ਤੇ ਪੁੱਜ ਕੇ ਵੀ ਉਸਨੂੰ ਵਿਛੜਨ ਦਾ ਡਰ ਰਹਿੰਦਾ ਹੈ। ਉਸ ਦਾ ਮਕਾਮ ਤਾਂ ਉਹ ਅਵਸਥਾ ਦੀ ਤਲਾਸ਼ ਹੈ ਜਿੱਥੇ ‘ਮੈਂ’ ਅਤੇ ‘ਤੂੰ’ ਦਾ ਭੇਦ ਖਤਮ ਹੋ ਜਾਂਦਾ ਹੈ। ਇੱਕ ਦੂਜੇ ਵਿੱਚ ਇਕਮਕਤਾ ਦੀ ਗੁਰਮਤ ਦੀ ਫਲਾਸਫੀ ਹੈ-‘ਜੋਤੀ ਜੋਤਿ ਮਿਲੀ ਜਲ ਦਾ ਜਲ ਹੂੰਆ ਰਾਮ’।

*ਜ਼ਿੰਦਗੀ ਰਸਤਾ ਹੀ ਰਸਤਾ ਦੂਰ ਤੀਕਰ
ਆ ਰਹੇ ਨੇ ਕੁਝ ਮੁਸਾਫਰ ਜਾ ਰਹੇ ਨੇਂ
ਉਹ ਮਿਲਣਾ ਵੀ ਕੀ ਮਿਲਣਾ ਜਿਸ ਮਿਲਣੇ ਵਿੱਚ
ਰਲਿਆ ਹੋਇਅ ਵਿਛੜਨ ਦਾ ਡਰ ਹੋਵ ਨਾਂ।
*ਮਿਲਕੇ ਰੋ ਪਏ ਮਿਲਣ’ਚ ਵੀ ਸੀ
ਕੋਈ ਚੀਜ ਜੁਦਾਈਆਂ ਵਰਗੀ।
*ਖ਼ੁਦਾ ਤੇ ਯਾਰ ਦੇ ਵਿਚ ਹੁਣ ਕੋਈ ਅੰਤਰ ਨਹੀ ਦਿਸਦਾ
ਖ਼ੁਦਾ ਨੂੰ ਯਾਰ ਆਖਾਂ ਜਾਂ ਖ਼ੁਦਾ ਤੈਨੂੰ ਬਣਾ ਦੇਵਾਂ
* ਜਿਸ ਦੇ ਵਸਲ ਦੀ ਝਲਕ ਅਨੋਖੀ,
ਉਸਦਾ ਹਿਜਰ ਵੀ ਮਾਣ ਲਿਆ ਹੈ।
*ਜ਼ਿੰਦਗੀ ਰਸਤਾ ਹੀ ਰਸਤਾ ਦੂਰ ਤੀਕਰ
ਆ ਰਹੇ ਨੇ ਕੁਝ ਮੁਸਾਫਰ ਜਾ ਰਹੇ ਨੇ।

ਵੇਖੋ ਗੁਰਬਾਣੀ(ਸ਼ੇਖ ਹਿਯਾਤੀ ਯੱਗ ਨਾ ਕੋਈ ਥਿਰ ਰਿਹਾ ਜਿਤ ਆਸਣ ਹਮ ਬੈਠੇ ਕੇਤੇ ਬੈਠ ਗਿਆ॥

*ਉਹ ਮਿਲਣਾ ਵੀ ਕੀ ਮਿਲਣਾ ਜਿਸ ਮਿਲਣੇ ਵਿੱਚ
ਰਲਿਆ ਹੋਇਆ ਵਿਛੜਨ ਦਾ ਡਰ ਹੋਵੇ ਨਾਂ।
*ਖ਼ੁਦਾ ਤੇ ਯਾਰ ਦੇ ਵਿੱਚ ਹੁਣ ਕੋਈ ਅੰਤਰ ਨਹੀਂ ਦਿਸਦਾ
ਖ਼ੁਦਾ ਨੂੰ ਯਾਰ ਆਖਾਂ ਜਾਂ ਖ਼ੁਦਾ ਤੈਨੂੰ ਬਣਾ ਦੇਵਾਂ
*ਜਿਸਦੇ ਵਸਲ ਦੀ ਝਲਕ ਅਨੋਖੀ
ਉਸਦਾ ਹਿਜਰ ਵੀ ਮਾਣ ਲਿਆ ਹੈ।

ਅੱਜ ਦੇ ਮਨੁੱਖ ਦੀ ਤਰਾਸਦੀ ਹੈ ਕਿ ਉਸਨੂੰ ਅਪਣੇ ਬਾਹਰਲੇ ਭੌਤਿਕ ਵਾਤਾਵਰਣ ਦੇ ਨਾਲ ਕਦਮ ਮਲਾ ਕੇ ਚਲਣਾ ਪੈਂਦਾ ਹੈ। ਵਿਗਿਆਨ ਦੀਆਂ ਕਾਂਢਾਂ ਨਾਲ ਸਾਰਾ ਸੰਸਾਰ ਮਨੁੱਖ ਦੀ ਮੂਠੀ ਵਿੱਚ ਆ ਗਿਆ ਹੈ ਤੇ ਸਾਰਾ ਸੰਸਾਰ ਇੱਕ ਮੰਡੀ ਬਣਨ ਜਾ ਰਿਹਾ ਹੈ ਜਿਸ ਨਾਲ ਮਨੁਖ ਵੀ ਮੰਡੀ ਦੀ ਇੱਕ ਵਸਤੂ ਬਣ ਕੇ ਰਿਹ ਗਿਆ ਹੈ।ਉਸਦੀ ਜ਼ਿੰਦਗੀ ਵਿੱਚ ਕਾਹਲ ਹੈ ਤੇ ਉਹ ਹਰ ਸਮ ਹੀ, ਸਮੇ ਦੀ ਚਰਖੜੀ ਤੇ ਚੜਿਆ ਰਹਿੰਦਾ ਹੈ। ਉਸਦੇ ਜੀਵਨ ਵਿੱਚੋਂ ਸਹਿਜ ਤੇ ਸੁਹਜ ਖਤਮ ਹੁੰਦਾ ਜਾ ਰਿਹਾ ਹੈ।ਉਸਦੇ ਜੀਵਨ ਵਿੱਚ ਸੁੰਞ ਤੇ ਨਿਰਾਸਤਾ ਹੈ। ਜੀਵਨ ਉਸ ਲਈ ਕਸਾਈਆਂ ਵਰਗੀ ਚੁੱਪ ਬਣ ਗਿਆ ਹੈ। ਇਸ ਸਭ ਕਾਸੇ ਦਾ ਬਿਆਨ ਹਰਜ਼ਿੰਦਰ ਅਪਣੀ ਕਵਿਤਾ ਵਿੱਚ ਬਾਖ਼ੂਬੀ ਕਰਦਾ ਹੈ।

*ਹਰ ਚਿਹਰੇ ਤੇ ਖ਼ੌਫ਼ ਦਾ ਸਾਇਆ
ਮੌਸਮ ਫੇਰ ਖਰਾਬ ਆ ਗਿਆਂ।
*ਹਰ ਬੰਦਾ ਹੀ ਇੱਕ ਮਸ਼ੀਨੀ ਪੁਰਜੇ ਵਾਂਗੂੰ ਭਾਸੇ
ਗੂੰਗੀ ਪੀੜ ਹੰਡਾਉਂਦੇ ਲੋਕੀ ਖ਼ੂਸ਼ੀਉਂ ਸੱਖਣੇ ਹਾਸੇ
*ਭਟਕਦੀ ਰਾਤ ਰਹਿੰਦੀ ਹੈ ਮੇਰੇ ਸੀਨੇ’ਚ ਸਾਰਾ ਦਿਨ
ਧਮਕ ਖ਼ਾਂਬਾਂ ਦੀ ਪੈਂਦੀ ਹੈ ਮੇਰੇ ਸੀਨੇ’ਚ ਸਾਰਾ ਦਿਨ।

*ਇੱਕ ਚਿਤਾ ਇਨਸਾਨ ਦੇ ਅੰਦਰ ਬਲੇ
ਇੱਕ ਬਲਦੀ ਹੈ ਵਿੱਚ ਸ਼ਮਸ਼ਾਨ ਵੀ।

ਦਾਵਾਨਲ ਜਿਸ ਨਾਲ ਜ਼ੰਗਲਾਂ ਦੇ ਜ਼ੰਗਲ ਸੜ ਕੇ ਮੱਚ ਰਹੇ ਹਨ ਵਾਸਤਵ ਵਿੱਚ ਇਹ ਮਨੁਖ ਦੇ ਅੰਦਰ ਮੱਚ ਰਹੀ ਅੱਗ ਦਾ ਹੀ ਪ੍ਰਤੀ ਕਰਮ ਹੈ।ਮਨੁੱਖ ਤ੍ਰਿਸ਼ਨਾਵਾਂ ,ਲਾਲਸਾਵਾਂ ਤੇ ਈਰਖਾ ਈ ਸੜਦੀ ਅੱਗ ਨਾਲ ਸੜਕੇ ਬੁੱਝ ਗਿਆ ਹੇ।ਉਹ ਅਪਣਾ ਮਾਨਸਿਕ ਤਵਾਜ਼ਨ ਗੁਆ ਬੈਠਾ ਹੈ।ਉਸਨੂੰ ਚੈਨ ਉਦੋਂ ਈ ਮਿਲਦੀ ਹੈ ਜਦੋ ਉਹ ਬਾਹਰ ਅੱਗ ਦੇ ਭਾਬੜ ਮਚਦੇ ਵੇਖਦਾ ਹੈ।ਉਸਨੂੰ ਦੂਜੇ ਘਰ ਮਚਦੀ ਅੱਗ ਬਸੰਤਰ ਲਗਦੀ ਹੈ।ਉਹ ਅਪਣੇ ਅੰਦਰਲੀ ਬੁਝੀ ਅੱਗ ਨੂੰ ਜਲਾਉਣ ਲਈ ਬਾਹਰੋੰ ਹੋਰ ਅੱਗ ਭਾਲਦਾ ਹੈ ਤਾਂ ਕਿ ਉਹ ਮੁੜ ਬਸੰਤਰ ਦੇ ਭਾਂਬੜ ਬਾਲ ਕੇ ਕਿਲਕਾਰੀਆ ਮਾਰ ਕੇ ਹੱਸੇ।

*ਉਮਰ ਭਰ ਬਲਦਾ ਰਿਹੈ ਅੰਦਰ ਹੀ ਅੰਦਰ ਆਦਮੀ
ਬੁਝ ਗਿਆ ਹੈ ਅੰਦਰੋਂ ਹੁਣ ਅੱਗ ਤੇ ਪਾਇਉ ਤੁਸੀਂ।

ਇਸ ਸ਼ਿਅਰ ਵਿੱਚ ਅੱਜ ਦੇ ਮਨੁੱਖ ਦੀ ਤਰਾਸਦੀ ਨੂੰ ਬਹੁਤ ਹੀ ਕਟਾਖ਼ਸ਼ ਨਾਲ ਬਿਆਨ ਕੀਤਾ ਹੈ। ਹਰਜਿੰਦਰ ਅਪਣੇ ਮਨ ਦੀ ਅਸਹਿ ਪੀੜ ਨੂੰ ਅੱਥਰੂਆਂ ਦੇ ਹਵਾਲੇ ਕਰਦਾ ਹੈ। ਹੰਝੂ ਜਾਂ ਅੱਥਰੂ ਹੀ ਕਸਾਈਆਂ ਵਾਂਗ ਕੋਹੰਦੀ ਕਾਲੀ ਰਾਤ ਦੀ ਚੁੱਪ ਪੀੜ ਨੂੰ ਜ਼ੁਬਾਨ ਦਿੰਦੇ ਹਨ। ਜਿਹੜਾ ਦੁੱਖ ਦਰਦ ਸ਼ਬਦਾਂ ਦੀ ਪਕੜ ਵਿੱਚ ਨਹੀਂ ਆਉੰਦਾ ਉਸਨੂੰ ਅੱਥਰੂ ਹੀ ਪਰਗਟ ਕਰਦੇ ਹਨ।

*ਕੁਝ ਦੁਖਾਂ ਤੇ ਦਰਦਾਂ ਨੂੰ ਬੱਸ ਹੰਝੂ ਦੇਣ ਜ਼ੁਬਾਨ
ਸ਼ਬਦਾਂ ਕੋਲੋਂ ਕਦ ਹੁੰਦੇ ਨੇ ਸਾਰੇ ਦੁੱਖ ਬਿਆਨ

ਹੰਝੂ ਉਸਦੇ ਸਮੁੱਚੇ ਅਸਤਿਤਵ-ਵੇਦਨਾ ਸੰਵੇਦਨਾ- ਨੂੰ ਬਿਆਂਨ ਕਰਦੇ ਹਨ।ਇਸ ਕਰਕੇ ਅੱਥਰੂ ਜਾਂ ਹੰਝੂ ਉਸ ਦੀਆਂ ਗਜ਼ਲਾਂ ਵਿੱਚ ਵੱਖੋ ਵੱਖਰੇ ਖਿਆਲ ਨੂੰ ਪਰਗਟ ਕਰਦਾ ਚਿਹਨਤ ਹੋਇਆ ਹੈ। ਕਿਤੇ ਹੰਝੂ ਉਸਦੀ ਅੰਦਰੂਨੀ ਪੀੜ ਦਾ ਬੈਰੋਮੀਟਰ ਬਣ ਕੇ ਅੱਖ ਵਿੱਚ ਫਾਂਸੀ ਤੇ ਲਟਕ ਜਾਂਦਾ ਹੈ।ਕਿਤੇ ਗ਼ਮ ਕਸ਼ੀਦ ਹੋ ਕੇ ਅੱਖ ਵਿੱਚ ਆ ਚਮਕਦਾ ਹੈ। ਕਿਤੇ ਗ਼ਮੀ ਹੰਝੂਆਂ ਵਿੱਚ ਘੁਲ ਕੇ ਉਸਦੇ ਮਨ ਦਾ ਭਾਰ ਹੌਲਾ ਕਰਦੀ ਹੈ।ਕਿਤੇ ਹੰਝੂ ਟੁੱਟੇ ਸੁਪਨੇ ਦਾ ਤਾਰਾ ਬਣਦਾ ਹੈ। ਕਿਤੇ ਖਾਰੇ ਹੰਝੂਆਂ ਨੂੰ ਅੰਮ੍ਰਿਤ ਸਮਝ ਕੇ ਗਮ ਪੀਣ ਦੀ ਗੱਲ ਕੀਤੀ ਹੈ।ਕਿਤੇ ਕੋਈ ਬਗਾਨਾ ਹੰਝੂ ਉਸਦੇ ਦਿਲ ਦੀ ਸਿੱਪੀ ਵਿੱਚ ਬੰਦ ਹੋ ਕੇ ਉਸਦੇ ਆਪੇ ਨੂੰ ਲਹੁ-ਲੁਹਾਣ ਕਰਦਾ ਹੈ। ਕਿਤੇ ਗ਼ਮ ਦਾ ਭਾਰ ਹੰਝੂ ਵੀ ਨਹੀਂ ਝੱਲਦੇ ,ਅੱਖ ਵਿੱਚ ਆ ਸੁਕਦੇ ਹਨ।ਕਿਤੇ ਕਿਸੇ ਦੇ ਡਿਗਦੇ ਹੰਝੂ ਨਾਲ ਅਰਥੀ ਭਾਰੀ ਲਗਦੀ ਹੈ।ਕਿਤੇ ਪਥਰਾਇ ਹੰਝੂਆਂ ਦੀ ਚਮਕ ਜ਼ਖ ਹੋਏ ਮਨ ਵਿੱਚ ਕਿਸੇ ਆਸ ਦੇ ਪਲਮਣ ਦਾ ਸੰਦੇਸ਼ ਦਿੰਦੀ ਹੈ। ਹੰਝੂਆਂ ਦਾ ਸੁਪਨੇ ਰਾਹੀਂ ਬਹਿਣਾ,ਗ਼ਮ ਦੇ ਭਰੇ ਸਾਗਰ-ਕਟੋਰੇ ਮਨ ਵਿੱਚੋਂ ਹੰਝੂਆਂ ਦਾ ਛਲਕਣਾ, ਕਿਤੇ ਹੰਝੂਆ ਦਾ ਡੈੰਦੇ ਤਖਤਿਆਂ ਵਿੱਚੋਂ ਰਿਸਦੇ ਪਾਣੀ ਵਾਂਗ ਰਿਸਣਾ, ਕਿਤੇ ਹੰਝੂਆਂ ਦੀ ਨਦੀ ਵਿੱਚ ਡੁੱਬਣਾ, ਕਿਤੇ ਹੌਕਿਆ ਨੁੰ ਹਿਕੜੀ ਵਿੱਚ ਡੂੰਘਾਂ ਦੱਬਣਾ ਹੈ। ਕਿਤੇ ਹੋਰ ਹੰਝੂ ਜ਼ਿੰਦਗੀ ਦੀ ਨਾਸ਼ਵਾਨਤਾ ਦਾ ਚਿੰਨ੍ਹ ਬਣਦਾ ਹੈ।ਕਿੰਨ੍ਹਾ ਹੀ ਹੋਰ ਹੰਝੂ ਦਾ ਪਸਾਰ ਹੈ।

*ਮੈਂ ਹਾਂ ਅੱਖ ਦੀ ਸੂਲੀ ਲਟਕੇ ਹੰਝੂ ਵਾਂਗਰ ਯਾਰ
ਮਿੱਟੀ ਵਿੱਚ ਮਿਲ ਜਾਣਾ ਹੈ ਇਹ ਪਲ ਛਿੰਨ ਦਾ ਮਹਿਮਾਨ।
* ਸਾਹ ਹੌਕੇ ਦੀ ਜੂਨ ਹਢਾਉਂਦੇ ਮਰ ਜਾਂਦੇ ਨੇ ਜੰਗਲ ਗਾਹੁੰਦੇ
ਰਾਤ ਸੀ ਖ਼ਾਬਾਂ ਦਾ ਇਕ ਜੰਗਲ ਦਿਨ ਜੰਗਲ ਤਨਹਾਈ ਦਾ।

*ਅੰਮ੍ਰਿਤ ਵਾਂਗੂੰ ਬੂੰਦ ਬੂੰਦ ਪੀਤੀ ਹਰ ਹੰਝੂ ਖ਼ਾਰੇ ਦੀ
ਸੁਪਨੇ ਵਿੱਚ ਪਰਕਰਮਾ ਕੀਤੀ ਪਿੰਡ ਦੇ ਗੁਰਦੁਆਰੇ ਦੀ।

ਇਸ ਸਭ ਤੋਂ ਉੱਪਰ ਹੈ ਅੱਥਰੂ ਦਾ ਪੁਣਨਾ-ਛਾਨਣਾ। ਇੰਨ੍ਹਾ ਬਰੀਕ ਅਹਿਸਾਸ। ਹੰਝੂ ਦਾ ਪੁਣਨਾ ਛਾਨਣਾ ਹੀ ਆਪਣੇ ਆਪੇ ਦੀ ਸੋਝੀ ਹੈ। ਇਸ ਪੁਣਨ-ਛਾਨਣ ਨਾਲ ਹੀ ਦੁੱਖ-ਦਰਦ ਦਾਰੂ ਬਣ ਜਾਂਦਾ ਹੇ। ਸੰਖੀਆਂ ਭਸਮ ਕਰਕੇ ਔਸ਼ਧੀ ਬਣਨ ਵਾਂਗ। ਧਾਤਾਂ ਦੇ ਕੁਸ਼ਤੇ ਬਣਨ ਵਾਂਗ।

*ਗਹਿਰਾ ਭੇਦ ਸੀ ਜਾਣ ਲਿਆ ਹੈ
ਬਸ ਖ਼ੁਦ ਨੂੰ ਪਹਿਚਾਣ ਲਿਆ ਹੈ।
*ਇਸ ਵਿੱਚ ਹੀ ਨੇ ਸੋਨਾ ਚਾਂਦੀ
ਮੈਂ ਮਿੱਟੀ ਨੂੰ ਛਾਣ ਲਿਆ ਹੈ।
ਅੱਥਰੂ ਮੇਰੇ ਦਰਦ ਹੈ ਤੇਰਾ
ਹਰ ਅੱਥਰੂ ਪੁਣ ਛਾਣ ਲਿਆ ਹੈ।

ਹੁਣ ਉਸ ਲਈ ਦੁੱਖ-ਦਰਦ ਦੁੱਖ ਨਹੀਂ ਰਹਿੰਦਾ ਦਾਰੂ ਬਣ ਜਾਂਦਾ ਹੈ।ਹੁਣ ਇਹ ਦੁੱਖ ਮਰਜ਼ ਨਹੀਂ ਰਹਿੰਦਾ ਜਿਹੜਾ ਕਿਸੇ ਤਬੀਬ ਜਾਂ ਹਕੀਮ ਦੀ ਪਕੜ ਵਿੱਚ ਆਵੇ। ਹੁਣ ਇਹ ਪਿਆਰੇ ਦੀ ਯਾਦ ਵਿੱਚ ਕਲੇਜੇ ਪੈਣ ਵਾਲੀ ਕਰਕ ਹੈ। ਇਸ ਕਿਰਕ ਵਾਰੇ ਬਾਰ ਮਲਾਰ ਵਾਰੇ ਗੁਰੂ ਨਾਨਕ ਦੇਵ ਜੀ ਦਸਦੇ ਹਨ।

ਵੈਦ ਬੁਲਾਇਆ ਵੈਦਗੀ ਮੇਰੀ ਪਕੜਿ ਢੰਡੋਲੇ ਬਾਂਹ॥
ਭੋਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹਿ॥

ਉਪਰਲੇ ਸਾਰੇ ਵਿਚਾਰ ਹਰਜਿੰਦਰ ਵਿੱਚ ਵੀ ਵੇਖੋ।

*ਕਾਲੀ ਰਾਤ ਕਸਾਈਆਂ ਵਰਗੀ
ਮੇਰੀ ਚੁੱਪ ਦੁਹਾਈਆਂ ਵਰਗੀ
*ਹੁਣ ਨਾ ਕੋਈ ਵੈਦ ਬੁਲਾਇਉ
ਹੋ ਗਈ ਪੀੜ ਦਵਾਈਆਂ ਵਰਗੀ।

ਉਸਦੀਆਂ ਇਹ ਕਵਿਤਾਵਾਂ ਉਸਦਾ ਦੁੱਖ ਹਰਦੀਆਂ ਹਨ।ਤਨਹਾਈ ਵਿੱਚ ਉਸਦਾ ਦਿਲਰਾਜ ਸਾਥੀ ਬਣਦੀਆਂ ਹਨ।ਜ਼ਿੰਦਗੀ ਦੇ ਓਝੜ ਰਾਹਾਂ ਤੇ ਤੁਰਦੇ ਦਾ ਰਾਹ ਰੁਸਨਾਉਂਦੀਆ ਹਨ।ਅਤਿ ਦੀ ਉਪਰਾਮਤਾ ਦੀ ਅਵਸਥਾ ਵਿੱਚ ਵੀ ਉਸਨੂੰ ਮਾਨਸਿਕ ਤਣਾਉ ਵਿੱਚ ਗਰੱਸਣ ਨਹੀਂ ਦਿੰਦੀਆਂ।

ਹਰਜਿੰਦਰ ਕੰਗ ਦੀਆਂ ਗਜ਼ਲਾਂ ਵਿੱਚ ਪਿਆਰ ਜਾਂ ਮੁਹੱਬਤ ਗੰਗਾ ਦੇ ਜਲ ਵਾਂਗ ਪਵਿੱਤਰ ਹੈ।ਇਸਦਾ ਮਜਾਜ਼ ਸੂਫੀਆਨਾ ਹੈ।ਇਹ ਫੁਲ੍ਹ ਦੀ ਖ਼ੁਸ਼ਬੂ ਹੈ ਜੋ ਰੂਹ ਨੂੰ ਸਰਸ਼ਾਰ ਕਰਦੀ ਹੈ।ਇਸ ਵਿੱਚ ਧੂੰਏ ਦੇ ਧੁਖਣ ਵਰਗਾ ਸੇਕ ਹੈ।ਬਿਰਹਾ ਇਸ ਦੇ ਮਨ ਦਾ ਸੁਲਤਾਨ ਹੈ।ਉਸਦੀ ਮੰਜ਼ਲ ਵਸਲ ਤੋ ਅੱਗੇ ਇੱਕ ਦੂਜੇ ਵਿੱਚ ਸਮਾਉਾਣ ਦੀ ਹੈ।ਪਿਆਂਰ ਇੱਕ ਪਵਿੱਤਰ ਜਜ਼ਬਾ ਹੈ।ਖ਼ੁਸ਼ਬੂ ਵਰਗਾ।ਖ਼ੁਸ਼ਬੂ ਡੱਕੀ ਨਹੀਂ ਜਾ ਸਕਦੀ ਤੇ ਨਾਂ ਹੀ ਕੋਈ ਬੰਦਸ਼ ਇਸ ਨੂੰ ਰੋਕ ਸਕਦੀ ਹੈ।

*ਕਿਤੇ ਵੀ ਮਹਿਕ ਸਕਦੇ ਨੇ ਨਹੀਂ ਕੋਈ ਦੇਸ਼ ਫੁੱਲਾਂ ਦਾ
ਅਸਾਡੇ ਲਈ ਮੁਹੱਬਤ ਦੀ ਮਹਿਕ ਸੰਦੇਸ਼ ਫੁੱਲਾਂ ਦਾ।
*ਤੇਰਾ ਹੱਸ ਕੇ ਬੁਲਾਉਣਾ ਲੱਗਾ ਸੀ ਇੰਜ ਮੈਨੂੰ
ਫੁੱਲਾਂ ਚੋਂ ਮੁਸਕਰਾ ਕੇ ਖ਼ੁਸ਼ਬੂ ਨੇ ਹਾਕ ਮਾਰੀ।
*ਖ਼ੁਦਾ ਤੇ ਯਾਰ ਦੇ ਵਿੱਚ ਹੁਣ ਕੋਈ ਅੰਤਰ ਨਹੀਂ ਦਿਸਦਾ
ਖ਼ੁਦ ਨੂੰ ਯਾਰ ਆਖ਼ਾਂ ਜਾਂ ਖ਼ੁਦਾ ਤੈਨੂੰ ਬਣਾ ਦੇਵਾਂ

ਕੰਗ ਰਿਸ਼ਤਿਆਂ ਦੀ ਤਾਮੀਰ,ਤਾਸੀਰ ਤੇ ਇੰਨ੍ਹਾ ਈ ਪਚੀਦਗੀ ਨੂੰ ਚੰਗੀ ਤਰ੍ਹਾ ਸਮਝਦਾ ਹੈ।ਉਹ ਇਸ ਸੱਚ ਦੀ ਹਾਮੀ ਭਰਦਾ ਹੈ ਕਿ ਸਭ ਤੋਂ ਉੱਤਮ ਰਿਸ਼ਤਾ ਮਾਂ ਦਾ ਹੁੰਦਾ ਹੈ। ਮਾਂ ਰੱਬ ਦਾ ਦੂਜਾ ਰੂਪ ਹੁੰਦੀ ਹੈ।ਬਾਕੀ ਪਵਿੱਤਰ ਰਿਸ਼ਤਿਆਂ ਵਿੱਚ ਧੀ ਦਾ ਰਿਸ਼ਤਾ ਹੈ।ਜਿੱਥੇ ਮਾਂ ਦਾ ਰਿਸ਼ਤਾ ਅੰਦਰਾਂ ਦਾ ਰਿਸ਼ਤਾ ਹੈ ਉੱਥੇ ਪਿਉ ਦੀ ਸ਼ਤਰ-ਸ਼ਾਇਆ ਦੀ ਵੀ ਬਹੁਤ ਮਹੱਤਤਾ ਹੈ। ਬਾਕੀ ਸਭ ਰਿਸ਼ਤਿਆਂ ਦੀ ਬੁਨਿਆਦ ਹੱਥਾਂ ਵਿੱਚੋਂ ਕਿਹਦੀ ਰੇਤ ਵਰਗੀ ਹੁੰਦੀ ਹੈ ਜਿਸ ਨੂੰ ਕੰਗ ਕੰਘੀ’ਚੋਂ ਕਿਰਦੇ ਵਾਲਾਂ ਨਾਲ ਤੁਲਨਾ ਕਰਦਾ ਹੈ। ਅੱਜ ਦੇ ਮਕੈਨੀਕਲ ਤੇ ਸਰਮਾਇਦਾਰੀ ਯੁੱਗ ਵਿੱਚ ਰਿਸ਼ਤਿਆ ਦੀ ਬੁਨਿਆਦ ਹੀ ਹਿੱਲ ਗਈ ਹੈ।

*ਜਿਉਂਦੀ ਸੀ ਤਾਂ ਸਿਰਫ ਉਹ ਮਾਂ ਸੀ ਮਰ ਕੇ ਮੇਰਾ ਰੱਬ ਹੋ ਗਈ
ਪਤਾ ਨਹੀਂ ਦਿਲ ਦੀ ਕਬਰ ਦੇ ਅੰਦਰ ਕਿੰਨੀਂ ਡੂੰਘੀ ਦੱਬ ਹੋ ਗਈ।

*ਰੱਬ ਬਹਾਨੇ ਮਰ ਮੁੱਕ ਗਈਆ ਆਪੋ ਅਪਣੀਆਂ ਮਾਵਾਂ ਲੱਭਦੇ
ਲੋਕੀ ਰੋਣ ਗੁਆਚੀ ਰੂਹ ਦਾ ਮਿੱਟੀ‘ਚੋਂ ਸਿਰਨਾਵਾਂ ਲੱਭਦੇ।

*ਦੁਨੀਆਂ ਰਿਸ਼ਤਿਆ ਦਾ ਇਕ ਤਾਣਾ ਹਰ ਰਿਸ਼ਤੇ ਦੀ ਤੰਦ ਨੇ ਧੀਆਂ
ਹਰ ਵਿਹੜਾ ਫੁਲਕਾਰੀ ਵਰਗਾ ਹਰ ਫੁੱਲ ਵਿਚ ਸੁਗੰਧ ਨੇ ਧੀਆਂ।

*ਕੁਝ ਰਿਸ਼ਤੇ ਤਾਂ ਰੱਖੀਏ ਹਰਦਮ ਘੁੱਟ ਘੁੱਟ ਲਾ ਕੇ ਸੀਨੇ ਨਾਲ
ਕੁਝ ਰਿਸ਼ਤੇ ਕਿਰ ਜਾਂਦੇ ਜੀਕਣ ਕੰਘੀ ਕਰਦਿਆਂ ਕਿਰਦੇ ਵਾਲ।

*ਦੂਰ ਕਿਤੇ ਮਾਵਾਂ ਦੀਆਂ ਛਾਵਾਂ ਸੱਜਣ ਸਾਹਾਂ ਵਰਗੇ
ਲੱਭਦੇ ਫਿਰੀਏ ਬਾਪ ਦੀ ਬੁੱਕਲ ਦਿਲ ਦਰਿਆਵਾਂ ਵਰਗੇ

ਵਧਦੀ ਮੰਹਿਗਾਈ ਤੇ ਕਿਸਾਨ ਦੀ ਮੰਡੀ ਵਿੱਚ ਲੁੱਟ-ਖ਼ਸੁਟ ਕਾਰਨ ਕਿਸਾਨ ਨਿੱਘਰਦਾ ਜਾ ਰਿਹਾ ਹੈ।ਬਹੁ ਕੌਮੀ ਸਰਮਾਏਦਾਰ ਕੰਪਨੀਆਂ ਦੇ ਮੰਡੀ ਵਿੱਚ ਦਾਖਲ ਕਾਰਨ ਪੰਜਾਬ ਦੀ ਰੀੜ ਦੀ ਹੱਡੀ ਕਿਸਾਨੀ ਦਾ ਢਾਚਾ ਟੁੱਟ ਰਿਹਾ ਹੈ।ਮਜਬੂਰ ਹੋਇਆ ਕਿਸਾਨ ਖੁਦ ਕਸ਼ੀਆਂ ਕਰ ਰਿਹਾ ਹੈ।ਦਿਨ ਬਦਿਨ ਲੋਕ ਗਰੀਬੀ ਦੀ ਰੇਖਾ ਥੱਲੇ ਜਾ ਰਹੇ ਹਨ।

*ਕਰਜ਼ਾ ਲੈ ਕੇ ਮਰ ਜਾਂਦਾ ਹੈ ਪੁਸ਼ਤਾਂ ਗਿਰਵੀ ਕਰ ਜਾਂਦਾ ਹੈ
ਨਿੱਤ ਮਜ਼ਬੂਰ ਕਿਸਾਨ ਤੇ ਡਿਗਦੀ ਹੈ ਬਿਜਲੀ ਸ਼ਾਹੂਕਾਰੇ ਦੀ।

*ਕੁਝ ਕੂੜੈ’ਚੋਂ ਰੋਟੀ ਲੱਭਣ ਸੌਣ ਪੁਲਾਂ ਦੇ ਥੱਲੇ
ਕੁਝ ਦੇ ਹੇਠ ਗਰੀਬੀ ਵਾਲੀ ਰੇਖਾ ਦਾ ਸਾਹ ਚੱਲੇ
*ਜਿਨਸ ਆਪਣੀ ਵੇਚ ਕੇ ਮੰਡੀ’ਚੋਂ ਖਾਲੀ ਆ ਗਿਆਂ
ਖ਼ੁਦ ਹੀ ਨਾਂ ਵਿਕਜਾਂ ਕਿਤੇ ਜੇ ਹੁਣ ਗਿਆ ਬਾਜ਼ਾਰ ਤੱਕ

ਉਹ ਲੋਕਾਂ ਦੇ ਦਰਦ ਨੂੰ ਨਿਰਾ ਮਹਿਸੂਸ ਹੀ ਨਹੀਂ ਕਰਦਾ ਸਗੋਂ ਹੱਕ ,ਸੱਚ ਤੇ ਇਨਸਾਫ ਲਈ ਚੱਲ ਰਹੇ ਘੌਲ ਵਿੱਚ ਆਪਣਾ ਹਿੱਸਾ ਪਾਉਣ ਦੀ ਗੱਲ ਵੀ ਕਰਦਾ ਹੈ। ਉਸਦੀ ਸੋਚ ਇਸ ਗੱਲ ਤੇ ਵੀ ਕੇਂਦਰਤ ਹੁੰਦੀ ਹੈ ਕਿ ਪਾਪੀ ਦੇ ਮਾਰਨ ਲਈ ਪਾਪ ਹੀ ਮਹਾਂ-ਬਲੀ ਹੈ। ਇੱਕ ਮਾਰਕਸਵਾਦੀ ਦੀ ਦ੍ਰਸ਼ਿਟੀ ਅਨੁਸਾਰ ਉਸ ਦੀ ਇਹ ਸੋਚ ਵੀ ਹੈ ਕਿ ਪੁਰਾਣਾ ਸਿਸਟਮ ਅਪਣੇ ਅੰਦਰ ਦੀਆਂ ਤਰੁੱਟੀਆਂ ਕਾਰਨ ਆਪ ਹੀ ਡਿੱਗ ਪਵੇਗਾ। ਉਸ ਨੂੰ ਪੂਰਾ ਯਕੀਨ ਹੈ ਕਿ ਇਸ ਪਾਸੇ ਬਹਾਇਆ ਖ਼ੂਨ ਦਾ ਇੱਕ ਇੱਕ ਕਤਰਾ ਕਿਸੇ ਦਿਨ ਲਿਆਵੇਗਾ।

• ਅਪਣੀ ਮਿੱਟੀ ਹੇਠ ਨਾ ਦੱਬ ਗੁਨਾਹਾਂ ਨੂੰ।
ਜ਼ਹਿਰ ਚੜ੍ਹੇਗੀ ਤੇਰੇ ਅਪਣੇ ਸਾਹਾਂ ਨੂੰ।
*ਮਿੱਟੀ ਹੇਠ ਦਬਾ ਚੱਲਿਆਂ ਪਰ ਯਾਦ ਰਹੇ
ਉੱਗ ਪਵਾਂਗੇ ਰੁੱਖਾਂ ਵਾਂਗ ਉਤਾਹਾਂ ਨੂੰ।
*ਗੋਲੀ ਜੋ ਮੇਰੀ ਹਿੱਕ’ਚ ਲੱਗ ਕੇ ਮਰ ਗਈ ਏ ।
ਮੇਰੇ ਸੱਚ ਨੂੰ ਜੀਣ ਜੋਗਾ ਕਰ ਗਈ ਏ।
*ਕਾਫ਼ਲੇ ਕਿਰਣਾਂ ਦੇ ਫਿਰ ਇਕ ਦਿਨ ਲੜਨਗੇ
ਨੇਰ੍ਹੇ ਦੀ ਜੂਹ’ਚ ਲੱਖਾਂ ਸੂਰਜ ਆ ਵੜਨਗੇ
ਇੱਕ ਦਿਨ ਚਾਨਣ ਦੇ ਭਿੱਤ ਖੋਲ੍ਹਣਗੇ ਲੋਕ
ਮੇਰੇ ਬਾਅਦ ਬਾਕੀ ਦਾ ਸੱਚ ਬੋਲਣਗੇ ਲੋਕ
*ਡਰਾਵੇ ਮੌਤ ਦੇ, ਦੇ ਕੇ ਉਨ੍ਹਾ ਨੂੰ ਕੀ ਕਰੋਂਗੇ
ਜਿੰਨਾਂ ਲਈ ਜ਼ਿੰਦਗੀ ਤੇ ਮੌਤ ਇੱਕੋ ਬਾਤ ਹੈ ਅੱਜ ਕੱਲ੍ਹ।
*ਹੈ ਗਹਿਰੀ ਚੁੱਪ ਨ੍ਹੇਰਾ ਘੁੱਪ ਜੁਗਨੂੰ ਜਗਮਗਾਉਂਦੇ
ਸਮਾਂ ਹੈ ਪਲਟਣੇ ਵਾਲਾ ਸਮਝ ਸੰਕੇਤ ਮੇਰੇ।

ਕੰਗ ਇਸ ਚਲ ਰਹੇ ਘੋਲ ਵਿੱਚ ਆਪਣਾ ਹਿੱਸਾ ਪਾਉਣ ਦਾ ਸੰਕਲਪ ਵੀ ਕਰਦਾ ਹੈ।

*ਛੱਡ ਦਿਆਂ ਹੁਣ ਚਾਨਣ ਘਰ ਦੇ ਨਾਂ ਕਰਨਾ
ਕੋਈ ਦੀਪ ਚੁਰਾਹੇ ਵਿੱਚ ਵੀ ਧਰ ਜਾਵਾਂ।

ਹਰਜਿਦਰ ਕੰਗ ਦੀਆ ਗਜ਼ਲਾਂ,ਗੀਤ ਤੇ ਕਵਿਤਾਵਾਂ ਮਾਨਵਵਾਦੀ ਹਨ।ਇਨ੍ਹਾਂ ਵਿੱਚ ਪੁਰਾਣੇ ਭਾਰਤੀ ਸੱਭਿਆਚਾਰ ਦਾ ਦਰਸ਼ਨ ਰੂਪਮਾਨ ਹੋਇਆ ਹੈ।ਉਸਦੀ ਅੰਦਾਜ਼ ਸੂਫੀਆਨਾ ਹੈ।ਉਸਦਾ ਇਹ ਸਾਰਾ ਚਿੰਤਨ ਬਹੁਤ ਹੀ ਡੂੰਘਾ ਹੈ ਜੋ ਬਰੀਕ ਤੇ ਸੂਖਮ ਖਿਆਂਲਾਂ ਰਾਹੀ ਪਰਗਟ ਹੋਇਆ ਹੈ।ਸਾਰਾ ਕੁਝ ਮਨੁੱਖ ਦੇ ਮਨ ਵਿੱਚੋਂ,ਉਸਦੀ ਆਤਮਾ ਵਿੱਚੋਂ ਖੂਸ਼ਬੂ ਵਾਂਗ ਪਰਗਟ ਹੋਇਆ ਹੈ।ਇੰਨ੍ਹਾਂ ਸੂਖਮ ਖ਼ਿਆਂਲਾਂ ਨੂੰ ਕਵਿਤਾ ਦੀ ਸੂਖ਼ਮ ਭਾਸ਼ਾ ਵਿੱਚ ਹੀ ਬਿਆਨ ਕੀਤਾ ਜਾ ਸਕਦਾ ਹੈ।ਵਾਰਤਿਕ ਵਿੱਚ ਇਸਦਾ ਵਰਨਣ ਇਉਂ ਲਗਦਾ ਹੈ ਜਿਵੇਂ ਫੁੱਲ ਵਿੱਚੋਂ ਖ਼ੁਸ਼ਬੂ ਕੱਢ ਲਈ ਜਾਵੇ।

ਕੰਗ ਦੀਆਂ ਕਵਿਤਾਵਾਂ ਗਜ਼ਲਾਂ ਵਰਗੀਆਂ ਹਨ ਤੇ ਗਜ਼ਲਾਂ ਲਵਿਤਾਵਾਂ ਵਰਗੀਆਂ।ਉਸਦੀਆਂ ਗਜ਼ਲਾਂ ਦੀ ਵਿਲਖਣਤਾ ਇਸ ਗੱਲ ਵਿੱਚ ਵੀ ਹੈ ਗਜ਼ਲ ਜਿਹੜੇ ਰਸ ਅਤੇ ਰਉ ਵਿੱਚ ਤੁਰਦੀ ਹੈ ਉਸੇ ਵਿੱਚ ਹੀ ਖਤਮ ਹੁੰਦੀ ਹੈ।ਪਾਠਕ ਨੂੰ ਇਹ ਪਤਾ ਨਹੀਂ ਲਗਦਾ ਕਿ ਉਹ ਗਜ਼ਲ ਪੜ੍ਹ ਰਿਹਾ ਹੈ ਕਿ ਕਵਿਤਾ।ਉਸਦੀ ਗਜ਼ਲ ਬੱਝਵਾਂ ਪਰਭਾਵ ਛਡਦੀ ਹੈ।ਹਰੰਿਜੰਦਰ ਦੀ ਗਜ਼ਲ ਸੁਹਣੀ ਸਰਾਹੀ ਵਿੱਚ ਵਧੀਆ ਪਹਿਲੇ ਤੋੜ ਦੀ ਸ਼ਰਾਬ ਹੈ।ਹਰਜਿੰਦਰ ਵਾਰੇ ਉਸਦੀ ਦੂਜੀ ਕਿਤਾਬ’ਠੀਕਰੀ ਪਹਿਰਾ,ਵਾਰੇ ਤੇਜਵੰਤ ਗਿੱਲ ਦੇ ਇਹ ਸ਼ਬਦ ਵਰਨਣ ਕਰਨ ਯੋਗ ਹਨ।“ਉਸਦੀ ਗਜ਼ਲਗੋਈ ਸ਼ੌਕ ਤੋਂ ਅੱਗੇ ਸਾਧਨਾ ਅਤੇ ਚੇਤਨਾ ਨਾਲ ਪਰਗਟਾਈ ਹੈ।ਇਸ ਕਿਤਾਬ ਵਿੱਚ ਉਹੀ ਸਾਧਨਾ ਅਤੇ ਚਿੰਤਨ ਹੋਰ ਵੀ ਡੂੰਘੀ ਅਤੇ ਪਰਪੱਕ ਹੈ।ਇਸ ਕਿਤਾਬ ਰਾਹੀਂ ਉਹ ਸੱਚ ਮੁੱਚ ਹੀ ਅਪਣੇ ਰੰਗਾਂ ਦਾ ਪਰਚਮ ਛਡਦਾ ਪਰਤੀਤ ਹੁੰਦਾ ਹੈ।ਮੈਂ ਉਸ ਦੇ ਵਿਸ਼ਵਾਸ ਨਾਲ ਸਹਿਮਤ ਹਾਂ ਕਿ ਉਸਦੀ ਇਹ ਕਵਿਤਾ ਸਦਾ ਜ਼ਿੰਦਾ ਰਹੇਗੀ।

“ਥੱਕੇ ਟੁੱਟੇ ਦੀ ਕਰਦੀ ਹੈ ਕਵਿਤਾ ਗੰਢ ਤੁਪ ਮੇਰੀ।
ਸ਼ਬਦਾਂ ਵਿੱਚੋ ਧੀਮੀ ਧੀਮੀ ਬੋਲੇਗੀ ਚੁੱਪ ਮੇਰੀ।
ਇੱਕ ਆਥਣ ਨੂੰ ਡੁੱਬ ਜਾਣਾ ਹੈ ਓੜਕੰ ਸੂਰਜ ਮੇਰਾ
ਐਪਰ ਦਿਲਾਂ’ਚ ਰਹੂ ਚਮਕਦੀ ਦੇਰ ਤੱਕ ਧੁੱਪ ਮੇਰੀ।

(10 ਅਪਰੈਲ 2007) ਯੂਨੀਕੋਡ

e-mail: Likhari


© likhari: Punjabi Likhari Forum-2001-2007