ਮੱਖ ਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ/ਸਿਹਤ/ਵਿਗਿਆਨ

ਲਿਖਾਰੀ

ਮਨੁਖੀ ਸੈਕਸ:
ਸ਼ਰਮਾਉਣ ਦੀ ਨਹੀਂ ਸਮਝਣ ਦੀ ਲੋੜ ਹੈ

ਲੇਖਕ : ਡਾ: ਹਰਚੰਦ ਸਿੰਘ ਸਰਹਿੰਦੀ
 

ਅਸੀਂ ਆਪਣੇ ਜੀਵਨ ਦਾ ਆਰੰਭਕ ਸਫ਼ਰ, ਨਰ ਤੇ ਮਦੀਨ ਜਣਨ ਅੰਗਾਂ ਰਾਹੀਂ ਤੈਅ ਕਰਕੇ, 280 ਦਿਨ ਬਚੇਦਾਨੀ ਵਿਚ ਇੰਤਜ਼ਾਰ ਕਰਨ ਉਪਰੰਤ, ਇਸ ਜਹਾਨ ਵਿਚ ਆਏ ਹਾਂ, ਪਰ ਇਸ ਚਮਤਕਾਰੀ ਸਫ਼ਰ ਬਾਰੇ ਜਾਣਕਾਰੀ ਹਾਸਲ ਕਰਨ ਲਈ ਅਸੀਂ ਬਹੁਤੇ ਉਤਸੁਕ ਨਹੀਂ ਹਾਂ। ਅਜੀਬ ਗਲ ਹੈ ਕਿ ਸਾਡੇ ਵਿਚੋਂ ਬਹੁਤੇ ਇਹ ਜਾਣਨ ਲਈ ਤਾਂ ਬੇਚੈਨ ਹਨ ਕਿ ਧਰਤੀ ਤੋਂ 238,000 ਮੀਲ ਦੀ ਵਿਥ’ਤੇ, ਚੰਨ ਦੀ ਸਤਹ ਉਤੇ ਕੀ ਵਾਪਰ ਰਿਹਾ ਹੈ ਪਰ ਇਹ ਜਾਣਨ ਦੇ ਚਾਹਵਾਨ ਨਹੀਂ ਕਿ ਸਾਡੀ ਆਪਣੀ ਧੁੰਨੀ ਦੇ 6 ਇੰਚ ਥਲੇ ਕੀ ਕੁਝ ਹੋ ਰਿਹਾ ਹੈ, ਭਾਵ ਜਣਨ ਅੰਗਾਂ ਦੀਆਂ ਹੈਰਾਨੀਜਨਕ ਕਿਰਿਆਵਾਂ ਨੂੰ ਸਮਝਣ ਦਾ ਯਤਨ ਨਹੀਂ ਕਰਦੇ। ਨਰ ਤੇ ਮਦੀਨ ਜਣਨ ਅੰਗ ਕੁਦਰਤ ਦੀ ਰਚਨਾਤਮਿਕ ਕਲ੍ਹਾ ਦਾ ਅਦਭੁਤ ਨਮੂਨਾ ਪੇਸ਼ ਕਰਦੇ ਹਨ, ਪਰ ਅਸੀਂ, ਪਤਾ ਨਹੀਂ ਕਿਉਂ, ਇਸ ਅਜੂਬੇ ਨੂੰ ਲਗਾਤਾਰ ਅਣਗੌਲਿਆ ਕਰੀ ਜਾ ਰਹੇ ਹਾਂ, ਜਿਵੇਂ ਪਿਤਾ-ਪੁਰਖੀ ਲੀਹ ਹੀ ਬਣ ਚੁਕੀ ਹੋਵੇ।

ਜੀਵਨ ਦੀਆਂ ਚਾਰ ਮੁਖ ਲੋੜਾਂ ਹਨ। ਸਭ ਤੋਂ ਪਹਿਲਾਂ ਹਵਾ, ਫੇਰ ਪਾਣੀ, ਇਸ ਤੋਂ ਬਾਅਦ ਖੁ਼ਰਾਕ ਅਤੇ ਅੰਤਮ ਤੌਰ’ ਤੇ ਸੈਕਸ। ਜੀਵਨ ਦੀਆਂ ਇਹ ਜ਼ਰੂਰੀ ਲੋੜਾਂ ਇਸੇ ਤਰਤੀਬ ਵਿਚ ਲੋੜੀਂਦੀਆਂ ਹਨ। ਪਹਿਲੀਆਂ ਤਿੰਨ ਲੋੜਾਂ, ਜੀਵਨ ਦੀ ਜੋਤ ਨੂੰ ਜਗਦੀ ਰਖਣ ਲਈ ਜ਼ਰੂਰੀ ਹਨ, ਪਰ ਚੌਥੀ, ਭਾਵ ਸੈਕਸ ਤੋਂ ਬਿਨਾਂ ਮਨੁਖ ਮਰਦਾ ਤਾਂ ਨਹੀਂ ਪਰ ਉਸ ਦੀ ਜਿ਼ੰਦਗੀ ਅਧੂਰੀ ਜ਼ਰੂਰ ਰਹਿ ਜਾਂਦੀ ਹੈ - ਉਹ ਜਿ਼ੰਦਗੀ ਦੇ ਇਕ ਮਿਠੇ ਫ਼ਲ ਤੋਂ ਵਾਂਝਾ ਰਹਿ ਜਾਂਦਾ ਹੈ, ਜਿਸ ਦਾ ਪਛਤਾਵਾ ਉਸ ਨੂੰ ਘੁਣ ਵਾਂਗ ਲਗਾ ਰਹਿੰਦਾ ਹੈ। ਮਾਨਸਿਕ ਤੇ ਸਰੀਰਕ ਭੁਖ ਦੀ ਤ੍ਰਿਪਤੀ ਨਾ ਹੋਣ ਕਾਰਨ ਉਹ ਹਰ ਵੇਲੇ ਬੇਚੈਨ ਰਹਿੰਦਾ ਹੈ- ਉਸਨੂੰ ਅਚਵੀ ਜਿਹੀ ਲਗੀ ਰਹਿੰਦੀ ਹੈ। ਇਸ ਲਈ ਸੈਕਸ ਨੂੰ ਮਨੁਖ ਦੀ ਇਕ ਕਮਜ਼ੋਰੀ ਕਹਿਣਾ ਠੀਕ ਸੋਚਣੀ ਦਾ ਪ੍ਰਤੀਕ ਨਹੀਂ। ਇਹ ਗਲ ਵਖਰੀ ਹੈ ਕਿ ਸੈਕਸ ਦਾ ਅਤਿ ਸ਼ਕਤੀਸ਼ਾਲੀ ਜਜ਼ਬਾ, ਆਮ ਕਰ ਕੇ, ਮਨੁਖ ਦੀ ਇਕ ਕਮਜ਼ੋਰੀ ਹੋ ਨਿਬੜਦਾ ਹੈ। ਸੈਕਸ, ਕੁਦਰਤ ਵਲੋਂ ਪ੍ਰਵਾਨਤ ਇਕ ਸਚਾਈ ਹੈ। ਇਸ ਨੂੰ ਇਸੇ ਸਚਾਈ ਦੀ ਰੌਸ਼ਨੀ ਵਿਚ ਦੇਖਣ, ਸਮਝਣ ਤੇ ਹੰਢਾਉਣ ਦੀ ਲੋੜ ਹੈ।

ਪਰ ਅਜ ਦੀ ਸਥਿਤੀ ਵਿਚ ਸੈਕਸ ਨੂੰ ਇਕ ਅਛੂਤ ਵਿਸ਼ਾ ਸਮਝਿਆ ਜਾਂਦਾ ਹੈ। ਸੈਕਸ ਬਾਰੇ ਗਲ ਕਰਦਿਆਂ ਹੀ ਸ਼ਰਮ ਤੇ ਉਲਝਣ ਕਾਰਨ ਚਿਹਰਾ ਲਾਲ ਹੋ ਜਾਂਦਾ ਹੈ। ਇਸ ਬਾਰੇ ਵਿਚਾਰ ਪ੍ਰਗਟ ਕਰਨ ਨੂੰ ਅਸਿਭਅਕ ਮੰਨਿਆ ਜਾਂਦਾ ਹੈ। ਇਸ ਸਬੰਧੀ ਉਸਾਰੂ ਰਵਈਆ ਅਪਨਾਉਣ ਦੀ ਲੋੜ ਹੈ - ਕੁਦਰਤ ਦੀ ਇਛਾ ਨੂੰ ਹਾਂ ਪੱਖੀ ਹੁੰਗਾਰਾ ਦੇਣ ਦੀ ਲੋੜ ਹੈ। ਸੈਕਸ ਦੀ ਖਿਚ ਸਦਕਾ ਹੀ ਮਨੁਖੀ ਨਰ ਤੇ ਮਦੀਨ ਪਿਆਰ ਦੇ ਬੰਧਨ ਵਿਚ ਬੰਨ੍ਹੇ ਹੋਏ ਹਨ ਅਤੇ ਸ੍ਰਿਸ਼ਟੀ ਉਤੇ ਚਹਿਲ-ਪਹਿਲ ਦਾ ਮਾਹੌਲ ਕਾਇਮ ਹੈ। ਤਾਹੀਉਂ ਕੁਦਰਤ, ਸੰਤਾਨ ਉਤਪਤੀ ਦੇ ਇਸ ਅਸਰਦਾਰ ਸਵੈ-ਚਾਲਕ 'ਹਥਿਆਰ' ਨੂੰ ਖ਼ੂਬ ਮਾਂਜ-ਸੰਵਾਰ ਕੇ ਲੰਬੇ ਸਮੇਂ ਤਕ ਕੰਮ ਕਰਨ ਵਾਲੀ ਹਾਲਤ ਵਿਚ ਰਖਦੀ ਹੈ।

ਜਿਥੇ ਵਿਗਿਆਨਕ ਲੀਹਾਂ ’ਤੇ ਸੈਕਸ ਬਾਰੇ ਗਲ ਕਰਨੀ ਹੋਵੇ, ਉਥੇ ਵਿਸ਼ਵ ਪ੍ਰਸਿਧ ਮਨੋਵਿਗਿਆਨੀ ਅਤੇ ਮਨੋਵਿਸ਼ਲੇਸ਼ਣ ਦੇ ਜਨਮ-ਦਾਤਾ ਸਿਗਮੰਡ ਫਰਾਇਡ ਦਾ ਜਿ਼ਕਰ ਹੋਣਾ ਅਤਿ ਜ਼ਰੂਰੀ ਹੈ, ਕਿਉਂਕਿ ਸੈਕਸ ਦੇ ਖੇਤਰ ਵਿਚ ਉਸ ਦੀ ਕਹੀ ਗਲ 'ਚੂਨੇ ’ਚ ਇਟ’ ਅਤੇ ਸਰਵ-ਪ੍ਰਵਾਨਤ ਹੈ। ਉਸ ਨੇ ਸਿਧ ਕੀਤਾ ਹੈ ਕਿ ਸੈਕਸ ਰੁਚੀ ਬਾਲ ਅਵਸਥਾ ਤੋਂ ਹੀ ਉਤਪੰਨ ਹੋ ਜਾਂਦੀ ਹੈ। ਸੰਨ 1905 ਈ: ਵਿਚ ਉਸਦੀ ਪੁਸਤਕ, 'ਬਾਲਾਂ ਵਿਚ ਸੈਕਸ ਰੁਚੀ' ਦੇ ਪ੍ਰਕਾਸ਼ਨ ਨੇ ਵਿਗਿਆਨਕ ਹਲਕਿਆਂ ਵਿਚ ਹਲਚਲ ਮਚਾ ਦਿਤੀ ਸੀ। ਸੈਕਸ ਦੇ ਮਾਹਿਰਾਂ ਨੇ ਉਸਦੇ ਨਵੇਂ ਸਿਧਾਂਤਾਂ ਨੂੰ 'ਦੰਦਾਂ ਵਿਚ ਜੀਭ ਲੈ ਕੇ' ਪੜ੍ਹਿਆ। ਉਸ ਦੇ ਵਿਚਾਰਾਂ ਦੀ ਬਹੁਤ ਵਿਰੋਧਤਾ ਹੋਈ। ਉਸ ਨੂੰ ਪਾਗਲ ਕਹਿ ਕੇ ਬੇਇਜ਼ਤ ਕੀਤਾ ਗਿਆ, ਪਰ ਅਜ ਦੁਨੀਆਂ, ਸੈਕਸ ਸਬੰਧੀ ਉਸ ਦੇ ਸਿਧਾਂਤਾਂ ਨੂੰ ਪੂਜਦੀ ਹੈ। ਮੌਜੂਦਾ ਸਥਿਤੀ ਵਿਚ, ਫਰਾਇਡ ਨੂੰ 20ਵੀਂ ਸਦੀ ਦਾ ਮਹਾਨ ਮਨੋਵਿਗਿਆਨੀ ਤੇ ਚਿੰਤਕ ਮੰਨਿਆ ਜਾਂਦਾ ਹੈ। (ਪਰ ਹੈਰਾਨੀ ਦੀ ਗਲ ਹੈ ਕਿ ਸੋਵੀਅਤ ਯੂਨੀਅਨ ਦੇ ਪ੍ਰਕਾਸ਼ਨ ਅਧਿਕਾਰੀ ਫਰਾਇਡ ਦੀਆਂ ਰਚਨਾਵਾਂ ਨੂੰ ਸੋਵੀਅਤ ਲੋਕਾਂ ਦੀ ਨਜ਼ਰ ਕਰਨ ਤੋਂ ਝਿਜਕ ਰਹੇ ਹਨ -ਰੂਸ ਵਿਚ ਹੁਣੇ ਜਿਹੇ ਪ੍ਰਕਾਸ਼ਤ ਹੋਈ 'ਲਿੰਗ ਮਨੋਵਿਗਿਆਨ ਤੇ ਲੇਖ' ਨਾਂ ਦੀ ਫਰਾਇਡ ਦੀ ਪੁਸਤਕ ਦੇ ਸਰਕੁਲੇਸ਼ਨ ਉਪਰ ਪਾਬੰਦੀ ਲਗਾ ਦਿਤੀ ਗਈ ਹੈ।

ਸਿਗਮੰਡ ਫਰਾਇਡ ਨੇ ਬਚਿਆਂ ਵਿਚ ਸੈਕਸ ਰੁਚੀਆਂ ਬਾਰੇ ਜੋ ਕੁਝ ਲਿਖਿਆ ਤੇ ਸਿੱਧ ਕੀਤਾ ਹੈ, ਉਸ ਸਾਰੇ ਨੂੰ ਮੇਰੇ ਪਾਠਕ ਹਾਲੇ ਜਿਉਂ ਦਾ ਤਿਉਂ ਹਜ਼ਮ ਨਹੀਂ ਕਰ ਸਕਣਗੇ। ਇਸ ਲਈ ਇਥੇ ਮਲਵੀਂ ਜਿਹੀ ਜ਼ੁਬਾਨ ਵਿਚ ਸਹਿੰਦੀ-ਸਹਿੰਦੀ ਗਲ ਕਰਨੀ ਹੀ ਉਚਿਤ ਰਹੇਗੀ, ਪਰ ਤਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਤੋਂ ਸਖ਼ਤੀ ਨਾਲ ਗੁਰੇਜ਼ ਕੀਤਾ ਜਾਵੇਗਾ।

ਬਚਿਆਂ ਵਿਚ 6 ਮਹੀਨਿਆਂ ਦੀ ਉਮਰ ਤੋਂ ਹੀ ਜਣਨ ਅੰਗਾਂ ਨਾਲ ਜਾਣ ਬੁਝ ਕੇ 'ਖੇਡਣ' ਦੀ ਰੁਚੀ ਦੇਖੀ ਜਾ ਸਕਦੀ ਹੈ। ਆਮ ਤੌਰ ਤੇ ਦੋ-ਤਿੰਨ ਸਾਲ ਦੀ ਉਮਰ ਤਕ ਬਾਹਰੀ ਜਣਨ ਅੰਗਾਂ ਨਾਲ 'ਖੇਡਣ' ਦਾ ਇਕ ਖ਼ਾਸ ਪੈਟਰਨ (ਤੌਰ-ਤਰੀਕਾ) ਹੋਂਦ ਵਿਚ ਆ ਜਾਂਦਾ ਹੈ। ਇਸ ਤੋਂ ਅਗੇ, ਜਵਾਨੀ ਦੇ ਪਹੁਫੁਟਾਲੇ ਤੱਕ ਇਸ ਵਿਵਹਾਰ ਵਿਚ ਕੋਈ ਖ਼ਾਸ ਤਬਦੀਲੀ ਨਹੀਂ ਦੇਖੀ ਜਾ ਸਕਦੀ।

ਬਚੇ ਨੂੰ ਇਸ ਹਰਕਤ ਦੁਆਰਾ ਸੁਖ ਦਾ ਅਨੁਭਵ ਹੁੰਦਾ ਹੈ। ਇਹ ਰੁਚੀ ਦੋਵੇਂ ਲਿੰਗਾਂ ਵਿਚ ਮੌਜੂਦ ਹੁੰਦੀ ਹੈ। (ਉਂਝ ਵੀ ਮਨੁਖੀ ਸੈਕਸ ਦੇ ਮਾਮਲੇ ਵਿਚ ਕੋਈ ਗਲ ਇਕ ਪਾਸੜ ਨਹੀਂ ਹੁੰਦੀ। ਇਹ ਗਲ ਵਖਰੀ ਹੈ ਕਿ ਸਰੀਰਕ ਤੇ ਮਾਨਸਿਕ ਕਾਰਨਾਂ ਕਰਕੇ ਮਨੁਖੀ ਨਰ, ਆਮ ਤੌਰ ’ਤੇ ਚੁਸਤ ਅਤੇ ਮਦੀਨ ਦਬੂ ਭੂਮਿਕਾ ਨਿਭਾਉਂਦੀ ਹੈ।) ਪਰ ਯਾਦ ਰਖਿਆ ਜਾਵੇ, ਬਚਿਆਂ ਦੀ ਇਸ ਭੋਲੀ-ਭਾਲੀ ਹਰਕਤ (ਸੈਕਸ ਰੁਚੀ) ਨੂੰ ਬਾਲਗ਼ਾਂ ਦੀਆਂ ਸੈਕਸ ਸਰਗਰਮੀਆਂ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ। ਮੁਕਦੀ ਗਲ, ਬਚਿਆਂ ਵਿਚ ਲਿੰਗੀ ਭਾਵਨਾਵਾਂ ਮੌਜੂਦ ਹੁੰਦੀਆਂ ਹਨ ਪਰ ਉਹੋ ਜਿਹੀਆਂ ਨਹੀਂ ਜਿਹੋ ਜਿਹੀਆਂ ਬਾਲਗਾਂ ਵਿਚ ਹੁੰਦੀਆਂ ਹਨ। ਬਚਿਆਂ ਵਿਚ ਇਹ ਕੇਵਲ ਇਕ ਸੁਖਦਾਇਕ ਇੰਦਰੀ ਗਿਆਨ ਹੈ ਅਤੇ ਇਸ ਤੋਂ ਵਧ ਹੋਰ ਕੁਝ ਵੀ ਨਹੀਂ। ਮੌਜੂਦਾ ਦੌਰ ਵਿਚ, ਉਘਾ ਅਮਰੀਕਨ ਮਨੋਵਿਗਿਆਨੀ ਤੇ ਸੈਕਸ ਮਾਹਿਰ ਡਾ: ਡੇਵਿਡ ਰਿਯੂਬਿਨ ਉਪਰੋਕਤ ਵਿਚਾਰਾਂ ਦੀ 'ਪੈਰ ਗਡ ਕੇ' ਪੁਸ਼ਟੀ ਕਰਦਾ ਹੈ।

ਬਚਪਨ ਤੇ ਜਵਾਨੀ ਦੇ ਵਿਚਕਾਰਲੇ ਪੜਾਅ (ਕਿਸ਼ੋਰ ਅਵਸਥਾ) ਦੌਰਾਨ ਇਸ ਤੋਂ ਇਲਾਵਾ ਹੋਰ ਕੋਈ ਖ਼ਾਸ ਸੈਕਸ ਸਰਗਰਮੀ ਨਹੀਂ ਦੇਖੀ ਜਾ ਸਕਦੀ, ਬਸ਼ਰਤਿ ਕਿ ਸਮਾਜ ਦੇ ਗ਼ਲਤ ਤੇ ਘਟੀਆ ਅਨਸਰਾਂ ਵਲੋਂ ਕਿਸ਼ੋਰ ਜਾਂ ਕਿਸ਼ੋਰੀਆਂ ਨੂੰ ਕੁਰਾਹੇ ਨਾ ਪਾਇਆ ਜਾਵੇ। ਇਸ ਸਮੇਂ ਬਚੇ ਨੂੰ ਸੈਕਸ ਸਬੰਧੀ ਸਹੀ ਤੇ ਵਿਗਿਆਨਕ ਲੀਹਾਂ ’ਤੇ ਜਾਣਕਾਰੀ ਤੇ ਸੇਧ ਦੇਣ ਦੀ ਲੋੜ ਹੁੰਦੀ ਹੈ। ਯਾਦ ਰਖਿਆ ਜਾਵੇ। ਇਸ ਪਹਾੜ ਵਰਗੀ ਸਚਾਈ ਨੂੰ ਅਣਗੌਲਿਆ ਕਰਨਾ 'ਕਬੂਤਰ ਦਾ ਬਿਲੀ ਨੂੰ ਵੇਖ ਕੇ ਅਖਾਂ ਮੀਟਣ' ਦੇ ਬਰਾਬਰ ਹੈ।

ਕਿਸ਼ੋਰ ਅਵਸਥਾ ਪਾਰ ਕਰਦਿਆਂ ਹੀ ਬਚਾ, ਜਵਾਨੀ ਦੀ ਰਾਂਗਲੀ ਦਹਿਲੀਜ਼ ’ਤੇ ਪੈਰ ਧਰਦਾ ਹੈ ਅਤੇ ਜਿ਼ੰਦਗੀ ਦੇ ਇਕ ਮਹਤਵਪੂਰਨ ਤੇ ਹੁਸੀਨ-ਤਰੀਨ ਪੜਾਅ ਵਿਚ ਦਾਖ਼ਲ ਹੁੰਦਾ ਹੈ। ਜਵਾਨੀ ਦੀ ਪਹਿਲੀ ਸੁਨਹਿਰੀ ਕਿਰਨ ਦੇ ਨਾਲ ਹੀ ਮੁੰਡਿਆਂ ਤੇ ਕੁੜੀਆਂ ਵਿਚ ਸਰੀਰਕ ਤੇ ਮਾਨਸਿਕ ਤਬਦੀਲੀਆਂ ਨਜ਼ਰ ਆਉਣ ਲਗ ਜਾਂਦੀਆਂ ਹਨ, ਜੋ ਚੜ੍ਹਦੇ ਸੂਰਜ ਵਾਂਗ ਜਵਾਨੀ ਦਾ ਅਗਾਜ਼ ਹੁੰਦੀਆਂ ਹਨ। ਸੈਕਸ ਹਾਰਮੋਨਜ਼ ਦਾ ਉਤਪਾਦਨ ਸ਼ੁਰੂ ਹੋ ਜਾਂਦਾ ਹੈ, ਜਿਸ ਦੇ ਜਾਦੂਮਈ ਅਸਰ ਹੇਠ ਡੂੰਘੀ ਨੀਂਦਰ ਸੁਤੇ, ਨਰ ਤੇ ਮਦੀਨ ਜਨਣ ਅੰਗ ਅੱਖ ਖੋਲ੍ਹਦੇ ਹਨ ਅਤੇ ਦੂਸਰੇ ਲਿੰਗ ਚਿੰਨ੍ਹ ਅੰਗੜਾਈਆਂ ਲੈਣ ਲਗਦੇ ਹਨ। ਮਨੁਖੀ ਨਰ ਵਿਚ 14-15 ਸਾਲ ਅਤੇ ਮਦੀਨ ਵਿਚ 10-14 ਸਾਲ ਦੀ ਉਮਰ ਵਿਚ ਜਵਾਨੀ ਦੇ ਮੁਢਲੇ ਚਿੰਨ੍ਹ ਉਘੜਨੇ ਸ਼ੁਰੂ ਹੋ ਜਾਂਦੇ ਹਨ। ਕੁੜੀਆਂ ਵਿਚ ਜਵਾਨੀ ਹੜ੍ਹ ਵਾਂਗ ਆਉਂਦੀ ਹੈ। ਪੰਜਾਬੀ ਕੁੜੀ, ਕਿਸੇ ਵੇਲੇ 12-13 ਸਾਲਾਂ ਦੀ ਹੀ ਜਲਵਾਗਰ ਹੋ ਜਾਂਦੀ ਸੀ। ਪ੍ਰਸਿਧ ਕਿਸਾਕਾਰ ਮੀਆਂ ਫ਼ਜ਼ਲ ਸ਼ਾਹ, ਆਪਣੀ ਰਚਨਾਂ 'ਸੋਹਣੀ ਮਹੀਂਵਾਲ' ਵਿਚ ਸੋਹਣੀ ਨੂੰ ਬਾਰ੍ਹਵੇਂ ਵਰ੍ਹੇ ਵਿਚ ਹੀ ਚੌਧਵੀਂ ਦੇ ਚੰਦ ਵਰਗੀ ਭਰ ਜੋਬਨ ਮੁਟਿਆਰ ਦਸਦਾ ਹੈ। ਇਸ ਦੇ ਉਲਟ, ਮੁੰਡਿਆਂ ਵਿਚ ਜਵਾਨੀ, ਥੋੜ੍ਹੀ ਪਛੜ ਕੇ ਮਸਤ ਚਾਲ ਆਉਂਦੀ ਹੈ।

ਆਓ ਸੈਕਸ ਨਾਲ ਸਬੰਧਤ ਅੰਗਾਂ ਦੀ ਕਾਰਜ-ਵਿਧੀ ਤੇ ਇਕ ਸਿਲਸਿਲੇਵਾਰ ਢੰਗ ਨਾਲ ਵਿਚਾਰ ਕਰੀਏ :

ਨਰ ਜਣਨ ਅੰਗ ਅਤੇ ਉਨ੍ਹਾਂ ਦੀਆਂ ਕਿਰਿਆਵਾਂ :

ਮਨੁਖ ਦੇ ਨਰ-ਜਣਨ ਅੰਗਾਂ ਵਿਚ ਟੈਸਟਿਸ ਦਾ ਮੁਖ ਸਥਾਨ ਹੈ। ਇਹ ਦੋ ਗਲੈਂਡ ਹਨ, ਜੋ ਚਮੜੀ ਦੀ ਇਕ ਥੈਲੀ ਵਿਚ ਬੜੀ ਕਾਰੀਗਰੀ ਨਾਲ ਸਾਂਭੇ ਹੁੰਦੇ ਹਨ। ਇਹ ਥੈਲੀ, ਸਰਦੀ ਵਿਚ ਸੁੰਗੜ ਜਾਂਦੀ ਹੈ ਅਤੇ ਗਰਮੀ ਵਿਚ ਲਟਕ ਜਾਂਦੀ ਹੈ। ਇਸ ਤਰ੍ਹਾਂ ਦਾ ਕੁਦਰਤੀ ਪ੍ਰਬੰਧ ਟੈਸਟਿਸ ਨੂੰ ਅਤਿ ਦੀ ਸਰਦੀ ਤੇ ਗਰਮੀ ਤੋਂ ਰਾਹਤ ਦਿੰਦਾ ਹੈ। ਸ਼ੁਕਰਾਣੂਆਂ ਦੇ ਉਤਪਾਦਨ ਅਤੇ ਫਿਰ ਉ੍ਹਨਾਂ ਨੂੰ ਤੰਦਰੁਸਤ ਹਾਲਤ ਵਿਚ ਸੁਰਖਿਅਤ ਕਰਨ ਲਈ ਉਚਿਤ ਤਾਪਮਾਨ ਤੇ ਅਨੁਕੂਲ ਵਾਤਾਵਰਣ ਦੀ ਲੋੜ ਹੁੰਦੀ ਹੈ।
ਟੈਸਟਿਸ ਵਿਚ ਨਰ ਲਿੰਗ ਹਾਰਮੋਨ-ਟੈਸਟੌਸਟੀਰਾਨ ਉਤਪੰਨ ਹੁੰਦਾ ਹੈ। ਇਸ ਹਾਰਮੋਨ ਦਾ ਉਤਪਾਦਨ ਐਡਰੀਨਲ ਗਲੈਂਡਜ਼ ਵਿਚ ਵੀ ਹੁੰਦਾ ਹੈ, ਪਰ ਬਹੁਤ ਥੌੜੀ ਮਾਤਰਾ ਵਿਚ । ਇਹ ਹਾਰਮੋਨ, ਕਿਸ਼ੋਰ ਅਵਸਥਾਂ ਨੂੰ ਜਵਾਨੀ ਦਾ 'ਜਾਗ' ਲਗਾਉਣ ਦਾ ਕੰਮ ਕਰਦਾ ਹੈ। ਇਸ ਦੇ ਅਸਰ ਦੇ ਦੂਸਰੇ ਲਿੰਗ ਚਿੰਨ੍ਹ ਉਘੜਨੇ ਸ਼ੁਰੂ ਹੋ ਜਾਂਦੇ ਹਨ, ਜਿਵੇਂ ਆਵਾਜ਼ ਦਾ ਬਦਲਣਾ (ਪਟਣਾ) , ਮੁੱਛ ਫੁੱਟਣਾ, ਜਣਨ ਅੰਗਾਂ ਦੇ ਆਕਾਰ ਵਿਚ ਵਾਧਾ, ਸਰੀਰ ਦੇ ਕਈ ਥਾਵਾਂ ਤੇ ਵਾਲ ਉਗਣੇ, ਵਿਰੋਧੀ ਲਿੰਗ ਵੱਲ ਖਿੱਚ ਤੇ ਦਿਲਚਸਪੀ ਦਾ ਰੁਝਾਨ, ਆਪਣੀ ਦਿੱਖ ਨੂੰ ਸੁੰਦਰ ਬਣਾਉਣ ਦੇ ਉਪਰਾਲੇ ਆਦਿ। ਤਾਹੀਓਂ ਟੀਨਏਜ ਮੁੰਡੇ, ਕਈ ਵੇਰ, ਚੰਗੀ-ਭਲੀ ਬੰਨ੍ਹੀ ਹੋਈ ਪਗ ਨੂੰ ਢਾਹ ਕੇ ਮੁੜ ਬੰਨ੍ਹਦੇ ਹਨ ਜਾਂ ਫਿਰ ਆਪਣੇ ਵਾਲਾਂ ਨੂੰ ਮੁੜਮੁੜ ਸੰਵਾਰਦੇ ਹਨ। ਉਂਝ ਇਹ ਇਕ ਤੰਦਰੁਸਤ ਰੁਝਾਨ ਹੈ। ਮਾਪਿਆਂ ਨੂੰ ਇਸ ਸਬੰਧ ਵਿਚ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਅਤੇ ਨਾ ਹੀ ਬਹੁਤ ਟੋਕ-ਟੁਕਾਈ ਕਰਨੀ ਚਾਹੀਦੀ ਹੈ। ਵਾਰ-ਵਾਰ ਸ਼ੀਸ਼ਾ ਦੇਖਣ ਦੀ ਖੂਬਸੂਰਤ 'ਮਰਜ਼' ਦੇ ਲਛਣ ਵੀ ਇਸੇ ਉਮਰੇ ਦਿਖਾਈ ਦਿੰਦੇ ਹਨ। ਲਿੰਗ ਹਾਰਮੋਨ ਦੇ ਅਸਰ ਹੇਠ ਆਮ ਸਰੀਰਕ ਵਿਕਾਸ ਦੀ ਗਤੀ ਵਿਚ ਇਕਦਮ ਤੇਜੀ਼ ਆ ਜਾਂਦੀ ਹੈ।

ਟੈਸਟਿਸ ਦਾ ਦੂਸਰਾ ਕੰਮ ਹੈ, ਸ਼ੁਕਰਾਣੂ ਤਿਆਰ ਕਰਨਾ, ਜੋ ਉਤਪਤੀ ਦਾ ਆਧਾਰ ਬਣਦੇ ਹਨ। ਸ਼ੁਕਰਾਣੂ, ਇਕ ਗੁਛੇਦਾਰ ਨਲੀ (ਐਪੀਡਾਈਡਮਿਸ) ਵਿਚ ਇਕਠੇ ਹੁੰਦੇ ਹਨ। ਇਥੋਂ ਇਕ ਨਲੀ ਸ਼ੁਕਰਵਾਹਿਕਾ ਸ਼ੁਕਰਾਣੂਆਂ ਨੂੰ ਮੂਤਰ-ਵਹਿਣੀ ਤਕ ਲਿਆਉਣ ਦਾ ਕੰਮ ਕਰਦੀ ਹੈ। ਨਰ-ਜਣਨ ਅੰਗਾਂ ਨਾਲ ਸੰਬਧਤ ਪ੍ਰੋਸਟੇਟ ਤੇ ਕਾਉੂਪਰ ਗਰੰਥੀਆਂ ਦਾ ਸਤਰਾਵ, ਸ਼ੁਕਰਾਣੂਆਂ ਨਾਲ ਮਿਲ ਕੇ ਵੀਰਜ ਦਾ ਰੂਪ ਧਾਰਨ ਕਰਦਾ ਹੈ। ਸਿ਼ਸਨ, ਮਾਦਾ ਜਣਨ ਅੰਗ ਵਿਚ ਸ਼ੁਕਰਾਣੂ ਪਹੁੰਚਣ ਦਾ ਕੰਮ ਕਰਦਾ ਹੈ। ਸਰੀਰਕ ਸਥੰਧਾਂ ਦੌਰਾਨ ਮਸਾਨੇ ਦਾ 'ਫਾਟਕ' ਕਸ ਕੇ ਬੰਦ ਹੋ ਜਾਂਦਾ ਹੈੇ, ਤਾਂ ਕਿ ਇਤਫ਼ਾਕ ਨਾਲ ਪਿਸ਼ਾਬ ਖ਼ਾਰਜ ਨਾ ਹੋ ਸਕੇ। ਇਥੇ, ਨਰ-ਜਣਨ ਅੰਗਾਂ ਸੰਬਧੀ ਇੱਕ ਦਿਲਚਸਪ ਗਲ ਦਾ ਜਿ਼ਕਰ ਕਰਨਾ ਬੇਅਰਥ ਨਹੀਂ ਹੋਵੇਗਾ। ਮਰਦਾਂ ਵਿਚ ਸੈਕਸ ਦੀ ਗੁੰਝਲਦਾਰ ਕਿਰਿਆ ਅਤੇ ਪਿਸ਼ਾਬ ਖ਼ਾਰਜ ਕਰਨ ਦੀ ਸਾਧਾਰਨ ਕਿਰਿਆ ਲਈ ਇਕੋ ਅੰਗ ਦੀ ਵਿਉਂਤ, ਕੁਦਰਤ ਦੀ ਰਚਨਾਤਮਿਕ ਕਲਾ ਦਾ ਅਦਭੁਤ ਨਮੂਨਾ ਪੇਸ਼ ਕਰਦੀ ਹੈ। ਇਹ ਹੋਰ ਵੀ ਅਚੰਭੇ ਦੀ ਗਲ ਹੈ ਕਿ ਮਰਦ ਦੇ ਇਕ ਵੇਰ ਦੇ ਵੀਰਜਪਾਤ, ਜਿਸ ਦੀ ਮਿਕਦਾਰ 5-7 ਮਿਲੀ ਲਿਟਰ ਹੁੰਦੀ ਹੈ, ਵਿਚ ਔਸਤਨ ਲਗਭਗ 500,000,000 ਸ਼ੁਕਰਾਣੂ ਤੈਰਦੇ ਹਨ। ਲਿੰਗੀ ਸਰਗਰਮੀਆਂ ਦਾ ਮੁਖ ਕੇਂਦਰ, ਦਿਮਾਗ਼ ਵਿਚ ਇੱਕ ਖ਼ਾਸ ਥਾਂ 'ਤੇ ਸਥਿਤ ਹੁੰਦਾ ਹੈ, ਪਰ ਰੀੜ੍ਹ ਦੀ ਹਡੀ ਵਿਚਲੀ ਮੁੱਖ ਨਸ ਵਿਚ ਸਥਿਤ ਉਪ-ਕੇਂਦਰ, ਮਰਦਾਂ ਵਿਚ ਵਿਸ਼ੇਸ਼ ਮਹਤਵ ਰਖਦਾ ਹੈ ਇਸ ਦੇ ਹਾਂ ਪਖੀ ਹੁੰਗਾਰੇ ਤੋਂ ਬਿਨ੍ਹਾਂ 'ਪਤਾ ਵੀ ਨਹੀਂ ਹਿਲ ਸਕਦਾ'।

ਸੁਪਨਦੋਸ਼

ਉਂਝ ਇਹ ਇੱਕ ਵਖਰਾ ਵਿਸ਼ਾ ਹੈ, ਪਰ ਇਸ ਸਬੰਧ ਵਿਚ, ਇੱਥੇ, 'ਦੋ ਤੋਪੇ ਭਰਨ'ੇ ਜ਼ਰੂਰੀ ਹਨ। ਹਾਵਰਡ ਫਾਸਟ ਦਾ ਕਥਨ ਹੈ: "ਕਈ ਸੁਪਨੇ ਕੇਵਲ ਸਾਡੀਆਂ ਗੁੰਝਲਾਂ ਦੇ ਪ੍ਰਛਾਵੇਂ ਹੀ ਹੁੰਦੇ ਹਨ, ਜਿਹੜੀਆਂ ਜਾਗਦਿਆਂ ਸਾਡੇ ਸਾਹਮਣੇ ਹੁੰਦੀਆਂ ਹਨ।’’ ਗੁਰਬਖ਼ਸ਼ ਸਿੰਘ ਪ੍ਰੀਤਲੜੀ ਵੀ ਕੁਝ ਇਸੇ ਤਰ੍ਹਾਂ ਕਹਿੰਦਾ ਹੈ, "ਕਈ ਸੁਪਨੇ ਸਾਡੀਆਂ ਅਪੂਰਨ ਖ਼ਾਹਿਸ਼ਾਂ ਦੀ ਤੜਫਣੀ ਤੋਂ ਸਾਨੂੰ ਬਚਾਉਣ ਲਈ ਆਉਂਦੇ ਹਨ ਜਾਂ ਸਾਡੇ ਡਰਾਂ, ਚਿੰਤਾਵਾਂ ਦਾ ਚਿਤਰ ਹੁੰਦੇ ਹਨ।’’ ਇਸ ਤਰ੍ਹਾਂ ਸੈਕਸ ਦੇ ਮਾਮਲੇ ਵਿਚ, ਮਨੁਖ ਦਾ ਅਚੇਤ ਮਨ ਨੀਂਦ ਦੀ ਹਾਲਤ ਵਿਚ ਰੰਗੀਨ (ਕਈ ਵੇਰ ਊਟ ਪਟਾਂਗ) ਸੁਪਨੇ ਚਿੱਤਰ ਕੇ ਇਸ ਸੰਬਧ ਵਿਚ ਸੁਚੇਤ ਮਨ ਦੀ ਇੱਛਾ ਦੀ ਪੂਰਤੀ ਕਰਦਾ ਹੈ। ਸੈਕਸ ਸੰਬਧੀ ਅਨਹੋਣੀਆਂ ਗਲਾਂ ਨੁੰ ਸਾਕਾਰ ਕਰਦਾ ਹੈ। ਤੰਦਰੁਸਤ ਹਾਲਤ ਵਿਚ ਜਣਨ ਅੰਗ ਲਗਾਤਾਰ ਆਪਣਾ ਕੰਮ ਜਾਰੀ ਰਖਦੇ ਹਨ। ਇਸ ਲਈ ਕਦੇ ਕਦਾਈਂ ਨੀਂਦ ਦੀ ਹਾਲਤ ਵਿਚ ਵੀਰਜਪਾਤ ਹੋ ਜਾਣਾ ਇਕ ਕੁਦਰਤੀ ਵਰਤਾਰਾ ਹੈ। ਆਮ ਹਾਲਤ ਵਿਚ ਇਸ ਨੂੰ ਰੋਗ ਨਹੀਂ ਕਿਹਾ ਜਾ ਸਕਦਾ। (ਹਾਂ, ਅਸਾਧਾਰਨ ਹਾਲਤ ਵਿਚ ਕਿਸੇ ਮਾਹਿਰ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ।) ਪੁੰਗਰ ਰਹੀਆਂ ਜਵਾਨੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਇਸ ਸਬੰਧ ਵਿਚ ਬਹੁਤਾ ਭੈਅ-ਭੀਤ ਹੋਣ ਦੀ ਲੋੜ ਨਹੀਂ ਅਤੇ ਨਾ ਹੀ ਨੀਮ-ਹਕੀਮਾਂ ਤੇ ਡਾਕਟਰਾਂ ਦੇ ਗੁੰਮਰਾਹਕੁਨ ਪ੍ਰਾਪੇਗੰਡਾ ਦਾ ਸਿ਼ਕਾਰ ਹੋ ਕੇ ਪੈਸੇ ਦੀ ਬਰਬਾਦੀ ਕਰਨੀ ਚਾਹੀਦੀ ਹੈ। ਟੀਨਏਜ ਬੱਚਿਆਂ ਵਿਚ ਇਸ ਸੰਬਧੀ ਗੁਨਾਹ ਤੇ ਡਰ ਦੀ ਭਾਵਨਾ ਮਾਨਸਿਕ ਉਲਝਣਾਂ ਨੂੰ ਜਨਮ ਦੇ ਸਕਦੀ ਹੈ।

ਮਦੀਨ ਜਣਨ ਅੰਗ ਅਤੇ ਉਨ੍ਹਾਂ ਦੀਆਂ ਕਿਰਿਆਵਾਂ :

ਮਨੁਖੀ ਮਾਦਾਵਾਂ ( ਔਰਤਾਂ ) ਵਿਚ ਅੰਡਕੋਸ਼ (ਓਵਰੀ) ਦਾ ਇੱਕ ਜੋੜਾ ਹੁੰਦਾ ਹੈ ਪਿਉਂਦੀ ਬੇਰ ਜਿਡਾ, ਮਨੁਖੀ ਸਿਰਜਣਾ ਦਾ ਇਹ ਸੋਮਾ, ਇਕ ਸਜੇ ਤੇ ਦੂਜਾ ਖਬੇ ਪਾਸੇ, ਪੇਡੂ ਵਾਲੀ ਥਾਂ ’ਤੇ ਸਥਿਤ ਹੁੰਦਾ ਹੈ। ਅੰਡਕੋਸ਼ਾਂ ਵਿਚ ਅੰਡੇ( ਗਰਭਬੀਜ) ਤਿਆਰ ਹੁੰਦੇ ਹਨ ਅਤੇ ਇਕ ਕੈਮੀਕਲ ਦਾ ਰਸਾਉ ਹੁੰਦਾ ਹੈ, ਜਿਸ ਨੂੰ ਮਦੀਨ ਲਿੰਗ ਹਾਰਮੋਨ ਈਸਟਰੋਜਨ ਦਾ ਨਾਂ ਦਿਤਾ ਜਾਂਦਾ ਹੈ। ਇਹ ਹਾਰਮੋਨ ਔਰਤ ਦੀ ਸਮੁਚੀ ਜਿ਼ੰਦਗੀ ਦਾ ਧੁਰਾ ਹੈ। (ਜੇਕਰ ਔਰਤ ਵਿਚੋਂ ਇਸ ਹਾਰਮੋਨ ਨੂੰ ਮਨਫ਼ੀ ਕਰ ਦਿਤਾ ਜਾਵੇ ਤਾਂ ਜੋ ਬਾਕੀ ਬਚੇਗਾ ਉਹ ਔਰਤ ਨਹੀਂ ਹੋਵੇਗੀ)। ਇਸ ਜਾਦੂਮਈ ਹਾਰਮੋਨ ਦੇ ਇਸ਼ਾਰੇ ਤੇ ਬਚੀਆਂ ਸ਼ਰਮਾਉਣ ਲਗ ਜਾਂਦੀਆਂ ਹਨ, ਪਰ ਅੰਦਰੋਂ ਵਿਰੋਧੀ ਲਿੰਗ ਵਲ ਖਿਚੀਆਂ ਮਹਿਸੂਸ ਕਰਦੀਆਂ ਹਨ। (ਉਂਝ ਵੀ ਆਮ ਕਰਕੇ ਮਨੁਖੀ ਮਾਦਾਵਾਂ ਗੁਝੀ ਦਿਲਚਸਪੀ ਲੈਣ ਵਿਚ ਹੀ ਵਿਸ਼ਵਾਸ ਰਖਦੀਆਂ ਹਨ।) ਇਸ ਦੇ ਨਾਲ ਹੀ ਸਰੀਰਕ ਤੇ ਮਾਨਸਿਕ ਵਿਕਾਸ ਵਿਚ ਤੇਜੀ਼ ਨਾਲ ਵਾਧਾ ਹੁੰਦਾ ਹੈ ਅਤੇ ਰੰਗ ਰੂਪ ਵਿਚ ਨਿਖਾਰ ਆਉਂਦਾ ਹੈ। ਵਾਰਵਾਰ ਸ਼ੀਸ਼ਾ ਦੇਖਣ ਦਾ 'ਝਲ' ਅਤੇ ਆਪਣੀ ਦਿਖ ਨੂੰ ਖੂ਼ਬਸ਼ੂਰਤ ਬਣਾਉਣ ਦੇ ਉਪਰਾਲੇ, ਇਸ ਉਮਰੇ ਕੋਈ ਗੁਝੀ ਛਿਪੀ ਗਲ ਨਹੀਂ ਹੁੰਦੀ। ਸੁਰਮਾ/ਕਜਲਾ ਪਾਉਣਾ (ਤੇ ਮਟਕਾਉਣਾ) , ਇਨ੍ਹਾਂ ਹੀ ਉਪਰਾਲਿਆਂ ਦੀ ਲੜੀ ਦਾ ਇਕ ਸੁੰਦਰ ਮਾਣਕਾ ਹੈ। ਇਸ ਰੁਚੀ ਦਾ ਹਰਕਤ ਵਿਚ ਆਉਣਾ ਜਵਾਨੀ ਦੇ ਆਗਾਜ਼ ਦਾ ਸੂਚਕ ਹੈ। ਇਸ ਤਥ ਦੀ ਗਵਾਹੀ ਭਰਦਾ ਇਕ ਲੋਕ ਗੀਤ ਤੁਹਾਡੀ ਨਜ਼ਰ ਹੈ :

ਕਜਲੇ ਦੀ ਆਖੇ ਧਾਰ ਕੁੜੇ।
ਤੂੰ ਹੋ ਗਈ ਮੁਟਿਆਰ ਕੁੜੇ।

ਦੂਸਰੇ ਮਦੀਨ ਜਣਨ ਅੰਗ ਇਸ ਪ੍ਰਕਾਰ ਹਨ :

1) ਫੈਨੋਪੀਅਨ ਨਲਿਕਾਵਾਂ, 2) ਗਰਭਾਸ਼ਯ ਅਤੇ 3) ਯੌਨੀ। ਪਰ ਇਸ ਸਮੇਂ ਇਨ੍ਹਾਂ ਦੇ ਵੇਰਵਿਆਂ ਦੀ ਲੋੜ ਨਹੀਂ । ਇਤਫ਼ਾਕਵੱਸ, ਬੇਸੱ਼ਕ ਛਾਤੀਆਂ ਲਿੰਗੀ ਅੰਗਾਂ ਦੀ ਸੂਚੀ ਵਿਚ ਸ਼ਾਮਲ ਨਹੀਂ ਹਨ ਬਚੇ ਨੂੰ ਖੁ਼ਰਾਕ ਮੁਹਈਆ ਕਰਨ ਦਾ ਇੱਕ ਸਾਧਨ ਹਨ, ਪਰ ਮਨੁੱਖ ਵਿਚ, ਅੱਜ, ਇਨ੍ਹਾਂ ਦੀ ਜ਼ੋਰਦਾਰ ਲਿੰਗੀ ਮਹਤਤਾ ਹੈ। ਇਸ ਗਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਹਰ ਉਮਰ ਦੇ ਮਰਦ ਦੀਆਂ ਨਜ਼ਰਾਂ (ਅਸਾਧਾਰਨ ਕਿਸਮ ਦੇ ਮਰਦਾਂ ਨੂੰ ਛਡ ਕੇ ) ਔਰਤ ਦੇ ਚਿਹਰੇ ਤੋਂ ਹਟਾਇਆ ਹੀ ਉਸ ਦੇ ਉਭਾਰਾਂ’ ਤੇ ਆ ਟਿਕਦੀਆਂ ਹਨ।

ਜਵਾਨ ਹੋਣ ਦਾ ਸਭ ਤੋਂ ਮਹਤਵਪੂਰਨ ਚਿੰਨ੍ਹ ਮਾਸਿਕ ਧਰਮ ਚਕਰ ਦਾ ਸ਼ੁਰੂ ਹੋਣਾ ਹੈ। ਹਰ ਮਹੀਨੇ, ਬਚਾ ਪੈਦਾ ਕਰਨ ਯੋਗ ਤੰਦਰੁਸ਼ਤ ਔਰਤ ਦੀ ਗਰਭਾਸ਼ਯ ( ਬਚੇਦਾਨੀ) ਨੁੰ ਖੂਨ ਦੀ ਸਪਲਾਈ ਵਧ ਜਾਂਦੀ ਹੈ। ਕੁਦਰਤ, ਅਜਿਹਾ ਨਿਸ਼ੇਚਿਤ ਹੋਏ ਅੰਡੇ ਨੂੰ ਸਾਂਭਣ ਦੇ ਪ੍ਰੁਬੰਧ ਵਜੋਂ ਕਰਦੀ ਹੈ। ਪਰ ਜਦੋਂ ਅੰਡਾ ਨਿਸ਼ੇਚਿਤ ਨਾ ਹੋ ਸਕੇ ਤਾਂ ਅਜਿਹਾ ਪ੍ਰਬੰਧ ਬੇਲੋੜਾ ਬਣ ਕੇ ਰਹਿ ਜਾਂਦਾ ਹੈ। ਗਰਭਾਸ਼ਯ ਦੀ ਦੀਵਾਰ ਦੀ ਉਪਰਲੀ ਝਿੱਲੀ ਟੁੱਟਣ ਕਾਰਨ ਭੰਡਾਰ ਹੋਇਆ ਲਹੂ ਵਗਣ ਲਗਦਾ ਹੈ। ਇਸ ਨੂੰ 'ਮਾਯੂਸ ਹੋਈ ਬਚੇਦਾਨੀ ਦਾ ਰੋਣਾ' ਕਿਹਾ ਜਾ ਸਕਦਾ ਹੈ। ਗਰਭ ਠਹਿਰਨ ਦੀ ਸੂਰਤ ਵਿਚ ਮਾਸਿਕ ਧਰਮ ਬੰਦ ਹੋ ਜਾਂਦਾ ਹੈ।

ਜਵਾਨ ਹੋ ਰਹੇ ਬੱਚਿਆਂ ਦੇ ਮਾਪਿਆਂ ਲਈ ਸੁਨੇਹਾ :

ਜਵਾਨੀ ’ਚ ਪੈਰ ਧਰਦੇ ਬੱਚੇ ਨਾਦਾਨ ਹੋਣ ਕਾਰਨ ਭਟਕ ਸਕਦੇ ਹਨ ਜਾਂ ਗੁਮਰਾਹ ਕੀਤੇ ਜਾ ਸਕਦੇ ਹਨ। ਇਸ ਲਈ ਮਾਪਿਆ ਵਲੋਂ ਉਨ੍ਹਾਂ ਦੀ ਸੰਗਤ ’ਤੇ ਤਿਖੀ ਨਜ਼ਰ ਰਖਣੀ ਚਾਹੀਦੀ ਹੈ, ਪਰ ਬੱਚੇ ਨੂੰ ਮਹਿਸ਼ੂਸ ਨਾ ਹੋਵੇ ਕਿ ਉਸ ਨੁੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਹੈ। ਹਰ ਗਲ ਬਚੇ ਨੂੰ ਭਰੋਸੇ ਵਿਚ ਲੈ ਕੇ ਕਰਨੀ ਚਾਹੀਦੀ ਹੈ।

ਮਾਪਿਆ ਲਈ ਇਹ ਗੱਲ ਵਿਸ਼ੇਸ਼ ਤੌਰ ’ਤੇ ਨੋਟ ਕਰਨ ਵਾਲੀ ਹੈ ਕਿ ਇਸ ਉਮਰੇ ਬੱਚਿਆਂ ਦੇ ਸੁਭਾਅ ਵਿਚ ਤਬਦੀਲੀ ਆਉਣੀ ਸੁ਼ਭਾਵਿਕ ਹੈ, ਕਿਉਂਕਿ ਹੁਣ ਉਨ੍ਹਾਂ ਦੀ ਆਜ਼ਾਦ ਹਸਤੀ ਉਭਰ ਕੇ ਸਾਹਮਣੇ ਆਉਣ ਲਗਦੀ ਹੈ। ਬਹੁਤ ਹੀ ਆਗਿਅਕਾਰੀ ਬਚਿਆਂ ਵਲੋਂ ਵੀ ਮਾਂ ਪਿਓ ਦੀ ਗਲ ਨੂੰ ਟੋਕਣਾ, ਇਕ ਕੁਦਰਤੀ ਰੁਝਾਨ ਹੈ। ਇਸ ਲਈ ਮਾਪਿਆਂ ਨੂੰ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਕੁਦਰਤ ਦੇ ਕਾਨੂੰਨਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਕਾਰਲਾਇਨ ਦਾ ਕਥਨ ਹੈ 'ਕੁਦਰਤ ਕੋਈ ਝੂਠ ਕਬੂਲ ਨਹੀਂ ਕਰਦੀ।' ਇਸ ਲਈ ਇਸ ਸਥਿਤੀ ਵਿਚ ਮਾਪਿਆਂ ਨੂੰ ਬੜੇ ਧੀਰਜ ਤੇ ਠਰੰ੍ਹਮੇ ਤੋਂ ਕੰਮ ਲੈਣਾ ਚਾਹੀਦਾ ਹੈ। ਕੁਦਰਤ ਵਲੋਂ ਪ੍ਰਵਾਨਤ ਹਰਕਤਾਂ ਤੇ ਰੁਝਾਨਾਂ ਨੂੰ, ਸਮਾਜਿਕ ਬੰਧਨਾਂ ਦੀ ਹਦ ਅੰਦਰ ਰਹਿੰਦਿਆਂ ਮਾਨਤਾ ਦੇਣੀ ਹੀ ਬਣਦੀ ਹੈ।
*********************
ਜੀਵਨਬਿਉਰਾ ਡਾ: ਹਰਚੰਦ ਸਿੰਘ ਸਰਹਿੰਦੀ
1. ਪੂਰਾ ਨਾਂ (ਤਖਲਸ ਸਮੇਤ) : ਡਾ: ਹਰਚੰਦ ਸਿੰਘ ਸਰਹਿੰਦੀ
2. ਜਨਮ ਮਿਤੀ : 24 ਅਪ੍ਰੈਲ 1937 (24.4.1937)
3. ਜਨਮ ਅਸਥਾਨ : ਪਿੰਡ ਰੀਠਖੇੜੀ, ਜਿ਼ਲਾ ਪਟਿਆਲਾ
4. ਕੁਲ ਪਰੰਪਰਾ : ਮੇਰੇ ਖਾਨਦਾਨ ’ਚੋਂ ਕੋਈ ਵੀ ਉਚ ਪਾਏ ਦਾ ਸਾਹਿਤਕਾਰ ਨਹੀਂ ਹੋਇਆ ਹੈ।
5. ਮਾਤਾ ਦਾ ਨਾਂ : ਸਰਦਾਰਨੀ ਚੰਦ ਕੌਰ
6. ਪਿਤਾ ਦਾ ਨਾਂ : ਸਰਦਾਰ ਹਰਦਿਆਲ ਸਿੰਘ
7. ਪਤਨੀ ਦਾ ਨਾਂ : ਸਰਦਾਰਨੀ ਜਗਦੇਵ ਕੌਰ
8. ਸਿਖਿਆ ਵਿਸਥਾਰ ਸਹਿਤ, ਭਾਵ : ਡਿਗਰੀ ਯੂਨੀਵਰਸਿਟੀ ਸਾਲ
ਯੂਨੀਵਰਸਿਟੀ, ਸਾਲ ਆਦਿ 1) ਬੀ.ਐਸਸੀ. ਪੰਜਾਬ ਯੂਨੀਵਰਸਿਟੀ 1956 (ਨ।ਛਫ।)

2) ਬੀ.ਵੀ.ਐਸਸੀ. ਪੰਜਾਬ ਯੂਨੀਵਰਸਿਟੀ 1961
ਐਡ.ਏ.ਐਚ.
9) ਕਿਤਾ : ਪੈਨਸ਼ਨਰ ਬਤੌਰ ਵੈਟਨਰੀ ਅਸਿਸਟੈਂਟ ਸਰਜਨ (ਗਜ਼ਟਿਡ) ਖੇਤੀਬਾੜੀ ਅਤੇ ਬਿਜਨੈਸ
10) ਪੁਰਸਕਾਰ ਇਨਾਮ-ਸਨਮਾਨ : 1) ਸਾਲ 199091 ਦੌਰਾਨ ਭਾਸ਼ਾ ਵਿਭਾਗ, ਪੰਜਾਬ ਵਲੋਂ ਰਾਜ ਪਧਰ’ਤੇ ਕਰਵਾਏ ਗਏ ਲੇਖ ਮੁਕਾਬਲੇ ਵਿਚ ਮੇਰੇ ਲੇਖ ੋਮੌਤ ਤੋਂ ਪਰਤੇ ਮਨੁਖ ਦੀ ਕਹਾਣੀ’ ਨੂੰ ਪਹਿਲੇ ਦਰਜੇ ਤੇ ਐਲਾਨਿਆ ਗਿਆ ਸੀ।
2) ਭਾਸ਼ਾ ਵਿਭਾਗ, ਪੰਜਾਬ ਵਲੋਂ ਸਾਲ 1994 ਲਈ ਐਮ.ਐਸ.ਰੰਧਾਵਾ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ, ਮੇਰੀ ਪੁਸਤਕ ੋਤੁਹਾਡੀ ਸਿਹਤ’ ਨੂੰ ਸਾਲ 1994 ਲਈ ਗਿਆਨ ਸਾਹਿਤ ਦੀ ਸਰਵੋਤਮ ਪੁਸਤਕ ਵਜੋਂ ਦਿਤਾ ਗਿਆ ਹੈ।
3) ਅੰਤਰਰਾਸ਼ਟਰੀ ਸਾਹਿਤਕ ਤੇ ਸਭਿਆਚਾਰਕ ਸੰਸਥਾ ੋਪੰਜਾਬੀ ਸਥ, ਨਾਂਬੜਾਜਲੰਧਰ (ਪੰਜਾਬ) ਵਲੋਂ ੋਡਾ: ਹਰਗੋਬਿੰਦ ਖੁਰਾਣਾ ਪੁਰਸਕਾਰ1997’ ਨਾਲ ਸਨਮਾਨਿਤ।
4) ਸਾਲ 199495 ਦੌਰਾਨ ਭਾਸ਼ਾ ਵਿਭਾਗ, ਪੰਜਾਬ ਵਲੋਂ ਅਦਬੀ ਸਫ਼ਰ ਦੀ ਦਾਸਤਾਨ ਦੀ ਲੜੀ ਅਧੀਨ ਕਰਵਾਏ ਗਏ ਰੂਬਰੂ ਪ੍ਰੋਗਰਾਮ ਸਮੇਂ ਮਿਤੀ 24 ਸਤੰਬਰ,1994 ਨੂੰ ਸਰਹਿੰਦ ਵਿਖੇ ਸਨਮਾਨਿਤ ਕੀਤਾ ਗਿਆ।
11. ਪ੍ਰਕਾਸ਼ਨਾਵਾਂ (ਪ੍ਰਕਾਸ਼ਨ ਸਾਲ ਸਹਿਤ) : ਪੰਜਾਬੀ ਵਿਚ ਰਚੀਆਂ ਮੌਲਿਕ ਪੁਸਤਕਾਂ :
(ਸਾਹਿਤ ਵਿਧੀਨਿਬੰਧ)
ਪੁਸਤਕ ਦਾ ਨਾਂ ਸਾਲ ਪ੍ਰਕਾਸ਼ਕ
1) ਅਸੀਂ ਕਿਉਂ ਸੌਂਦੇ ਹਾਂ ? 1991 ਗਿਆਨ ਵਿਗਿਆਨ ਪੁਸਤਕ ਮਾਲਾ,
ਸਰਹਿੰਦ
2) ਸਾਡਾ ਸਰੀਰ ਅਤੇ ਇਹਦੀ 1991 ਉਹੀ
ਸੰਭਾਲ
3) ਜੀਵਜੰਤੂਆਂ ਦੀ ਅਨੋਖੀ 1991 ਉਹੀ
ਦੁਨੀਆਂ
4) ਜੀਵ ਜੰਤੂਆਂ ਦੇ ਅਨੋਖੇ 1991 ਉਹੀ
ਸੁਰਖਿਆ ਪ੍ਰਬੰਧ
5) ਪੰਛੀਆਂ ਦੀ ਅਨੋਖੀ ਦੁਨੀਆਂ 1991 ਉਹੀ
6) ਸਪਾਂ ਤੇ ਮਗਰਮਛਾਂ ਦੀ ਅਨੋਖੀ 1991 ਉਹੀ
ਦੁਨੀਆਂ
7) ਤੁਹਾਡੀ ਸਿਹਤ 1994 ਉਹੀ
8) ਜੋੜਾ ਕਿਸੇ ਪਾਸੇਜੋੜਾ ਕਿਸੇ 1995 ਲੋਕ ਗੀਤ ਪ੍ਰਕਾਸ਼ਤ,
ਪਾਸੇ ( ਸਰਹਿੰਦ ਤੇ ਚਮਕੌਰ ਸਰਹਿੰਦ।
ਸਾਹਿਬ ਦੇ ਖ਼ੂਨੀ ਸਾਕਿਆਂ
ਦੀ ਦਾਸਤਾਨ)
9) ਮਨੁਖੀ ਸੈਕਸ 1995 ਉਹੀ
10) ਸਿਹਤ ਗਿਆਨ ਤੇ 1998 ਉਹੀ
ਮਨੋਵਿਗਿਆਨ
ਉਪਰੋਕਤ ਪ੍ਰਕਾਸ਼ਨਾਵਾਂ ਤੋਂ ਇਲਾਵਾ :
1. ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਗੁਰੂ ਨਾਨਕ ਦੇਵ ਸੂਨੀਵਰਸਿਟੀ, ਅੰਮ੍ਰਿਤਸਰ ਦੇ ਬੀ.ਏ./ਬੀ.ਐਸ.ਸੀ. ਭਾਗ ਪਹਿਲਾ ਦੀ ਇਕ ਪੰਜਾਬੀ ਪਾਠ ਪੁਸਤਕ ,'ਗਿਆਨ ਸਰੋਵਰ’ ਵਿਚ ਮੇਰਾ ਇਕ ਲੇਖ "ਕੀ ਖਾਈਏ ਤੇ ਕਿੰਨਾ ਖਾਈਏ ’’ ਦਰਜ ਹੈ।
2. ਪੰਜਾਬ ਸਕੂਲ ਸਿਖਿਆ ਬੋਰਡ ਦੀ ਸਤਵੀਂ ਸ਼਼੍ਰੇਣੀ ਦੀ ਪਾਠ ਪੁਸਤਕ ( ਪਹਿਲੀ ਭਾਸ਼ਾ ) ਵਿਚ ਮੇਰਾ ਇਕ ਲੇਖ, " ਪਰਵਾਸੀ ਪੰਛੀ ’’ ਦਰਜ ਹੈ।

12. ਮੁਕੰਮਲ ਪਤਾ : ਡਾ: ਹਰਚੰਦ ਸਿੰਘ ਸਰਹਿੰਦੀ,
ਮਕਾਨ ਨੰ: 223,
ਵਾਰਡ ਨੰ: 11,
ਸਰਹਿੰਦ 140 406
ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ।
ਫ਼ੋਨ ਨੰ : ਘਰ 01763 22541
ਦਫ਼ਤਰ 01763-22041

(ਚਾਤ੍ਰਿਕ ਯੂਨੀਕੋਡ 'ਚ ਕੀਤਾ ੫ ਸਤੰਬਰ ੨੦੦੭ ਨੂੰ)

 


ilKfrI
Likhari


© likhari: Punjabi Likhari Forum-2001-2007